ਕਾਮਰੇਡ ਰੁਲ਼ਦੂ
ਜਦ ਪਾਰਟੀ ਚ ਆਇਆ
ਤਾਂ ਮਿੱਤਰਾਂ ਆਖਿਆ
ਜ਼ਿੰਦਗੀ ਦੀ ਵੀ ਕੋਈ ਦਲੀਲ ਹੁੰਦੀ ਹੈ ਆਖ਼ਿਰ
ਇਸ ਤਰ੍ਹਾਂ ਕਿਵੇਂ ਜਿਉਂ ਸਕਦਾ ਹੈ ਕੋਈ
ਕਿਸੇ ਆਦਰਸ਼ ਖ਼ਾਤਿਰ
ਕਾਮਰੇਡ ਰੁਲ਼ਦੂ ਨੇ
ਪਾਰਟੀ ਚ ਪੈਂਤੀ ਸਾਲ ਕੰਮ ਕੀਤਾ
ਉਮਰ ਦੇ ਸੱਠਵੇਂ ਵਰ੍ਹੇ
ਜਦ ਕੰਮ ਛੱਡਿਆ
ਤਾਂ ਮਿੱਤਰਾਂ ਆਖਿਆ
ਜ਼ਿੰਦਗੀ ਦੀ ਵੀ ਕੋਈ ਦਲੀਲ ਹੁੰਦੀ ਹੈ ਆਖ਼ਿਰ
ਇਸ ਤਰ੍ਹਾਂ ਕਿਵੇਂ ਜਿਉਂ ਸਕਦਾ ਹੈ ਕੋਈ|
ਕਿਸੇ ਆਦਰਸ਼ ਖ਼ਾਤਿਰ
ਕਾਮਰੇਡ ਰੁਲ਼ਦੂ
ਪਾਰਟੀ ਚ ਪੈਂਤੀ ਸਾਲ ਕੰਮ ਕਰਕੇ
ਉਮਰ ਦੇ ਇਕਾਹਟਵੇਂ ਵਰ੍ਹੇ ਜਦ ਮਰਿਆ
ਤਾਂ ਮਿੱਤਰਾਂ ਆਖਿਆ
ਕਿਸੇ ਆਦਰਸ਼ ਖ਼ਾਤਿਰ
ਇਸ ਤਰ੍ਹਾਂ ਕਿਵੇਂ ਜਿਉਂ ਸਕਦਾ ਹੈ ਕੋਈ
ਜ਼ਿੰਦਗੀ ਦੀ ਵੀ ਕੋਈ ਦਲੀਲ ਹੁੰਦੀ ਹੈ ਆਖ਼ਿਰ