ਤ੍ਰੇਲ਼ੇ ਘਾਹ ’ਤੇ ਤੁਰਿਆ ਜਾ ਰਿਹਾ ਕੋਈ
ਪੈੜਾਂ ਛੱਡਦਾ
ਕੂਕਾਂ ਮਾਰਦੀ ਲੰਘ ਰਹੀ ਸਵੇਰ ਵਾਲ਼ੀ ਗੱਡੀ
ਆਖ਼ਰੀ ਮੇਲ਼ ਮਿਲ਼ ਚੁੱਕੇ ਮੁਸਾਫ਼ਿਰ
ਪਰਤ ਰਹੇ ਵਿਦਾ ਕਰਨ ਆਏ ਖ਼ਾਲੀ ਹੱਥ
ਦੇਖ ਰਿਹਾ ਗੱਡੀ ਦੀ ਖਿੜਕੀ ਵਿੱਚੋਂ ਬੱਚਾ
ਪਿਛਾਹ ਨੂੰ ਦੌੜਦਾ ਬਾਬਾ ਰੁੱਖ
ਉਡ ਰਹੀ ਸਿਵਿਆਂ ’ਚੋ ਸੁਆਹ
ਉਗ ਰਿਹਾ ਘਾਹ
ਉੱਚੀ-ਉੱਚੀ ਕਿਹਾ ਵਾਹਿਗੁਰੂ
ਜਿਵੇਂ ਉਡਣ ਤੋਂ ਪਹਿਲਾਂ ਜ਼ੋਰ ਲਾਉਂਦਾ ਜਹਾਜ਼
ਮਾਂ ਦੇ ਸੰਘ ’ਚ ਸੁੰਗੜੇ ਬੋਲ
ਸਹਮਿਆ ਖੜ੍ਹਾ ਬਾਪ
ਭੈਣ ਦਾ ਮੁੜ ਆਉਣ ਦਾ ਤਰਲਾ
ਉਡੀਕੀ ਜਾਂਦਾ ਖੁੱਲ੍ਹਾ ਘਰ ਦਾ ਬੂਹਾ
ਏਹ ਰੁੱਤ ਬੱਦਲ਼ਾਂ ਦੀ ਛਾਂ
ਏਹ ਰੁੱਤ ਸਭ ’ਤੇ ਆਉਂਦੀ ਹੈ
ਜਦੋਂ ਜੱਟ ਪੁੱਤ ਨੂੰ ਹਲ਼ ਵਾਹੁਣਾ ਸਿਖਾਉਂਦਾ
ਤਰਖਾਣ ਮੰਜਿਆਂ ਦੇ ਪਾਵਿਆਂ ਚ ਸੱਲ ਪਾੳਂੁਦਾ
ਤੇ ਘੁਮਾਰ ਮਿੱਟੀ ਚੱਕ ਚੜ੍ਹਾੳਂੁਦਾ
ਏਸ ਰੁੱਤੇ ਸੋਚਦੇ ਨੇ ਸਾਰੇ ਹਰਾ ਹਰਾ
ਏਸ ਰੁੱਤੇ ਬੱਚੇ ਰੰਗਾਂ ਦੀ ਪੀਂਘ ਪਾਉਂਦੇ ਨੇ
ਕੀਟ ਪਤੰਗੇ ਮਿੱਟੀ ’ਚੋਂ ਨਿਕਲ਼ ਆਉਂਦੇ ਨੇ
ਏਹ ਰੁੱਤ ਔਰਤ ਦੇ ਹੱਥਾਂ ਚ ਗਿੱਲੀ ਸਾਬਣ ਬਣ ਸਰਕਦੀ ਹੈ
ਦਿਲ ਦੀ ਧੜਕਣ ਟੀਨ ਦੀ ਛੱਤ ’ਤੇ ਮੀਂਹ ਦੀ ਬੂੰਦ
ਬਣ ਬਣ ਟਪਕਦੀ ਹੈ
ਏਹ ਰੁੱਤ ਥਲ ਦੀ ਅੱਖ ਚ ਵਸੀ ਮ੍ਰਿਗਤ੍ਰਿਸ਼ਨਾ
ਦਾ ਨਾਂ ਏ
ਏਥੇ ਦੇਹਧਾਰੀਆਂ ਲਈ ਘੜੀ-ਪਲ ਹੀ ਰੁਕਣ
ਦੀ ਥਾਂ ਏ
ਨਾ ਕੋਈ ਪੁੱਤ ਪੂਰਨ ਏ ਨਾ ਕੋਈ ਲੂਣਾਂ ਮਾਂ ਏ
ਸਭ ਜੱਗ ਬੱਦਲਾਂ ਦੀ ਛਾਂ ਏ
ਏਥੇ ਅਸੀਂ-ਤੁਸੀਂ ਵੀ ਭਰੇ-ਭਰਾਏ
ਬਰਸ ਜਾਵਣ ਲਈ ਆਏ ਹਾਂ
ਏਹ ਰੁੱਤ ਸਭ ਦੀ ਹਰਾ-ਹਰਾ ਸੋਚਦਿਆਂ
ਬਾਬੇ ਸੱਪ ਦੀ ਆਖ਼ਰੀ ਕੁੰਜ ਵਾਂਙ ਲਹਿ ਜਾਂਦੀ ਹੈ
ਸ਼ਮਸ਼ੇਰ ਭੁੱਲਰ (ਜਨਮ 1970) ਦਾ ਪਹਿਲਾਂ ਨਾਂ 'ਸ਼ਮਸ਼ੇਰ ਢਪਾਲ਼ੀ' ਹੁੰਦਾ ਸੀ। ਸੰਨ 1999 ਵਿਚ ਕੈਨੇਡਾ ਗਮਨ