ਚਾਰ ਮੁਰੱਬਿਆਂ ਦਾ ਮਾਲਕ ਗੁਰਦਿੱਤ ਸਿੰਘ ਕਿਸੇ ਵੇਲੇ ਪਿੰਡ ਦੀ ਮੁੱਛ ਸਮਝਿਆ ਜਾਂਦਾ ਸੀ। ਵੀਹ ਕੋਹਾਂ ਤੀਕਰ ਉਹਦੀਆਂ ਘੋੜੀਆਂ ਤੇ ਜੋੜੀਆਂ ਦੀਆਂ ਗੱਲਾਂ ਹਰ ਮੇਲੇ ਮੁਸਾਇਬੇ ਵਿਚ ਚੱਲਦੀਆਂ। ਚਿੱਟੀ ਖੁੰਭ ਵਰਗੀ ਸ਼ਮਲੇ ਵਾਲੀ ਪੱਗ, ਹੇਠਾਂ ਚੀਤੇ ਵਰਗੀ ਸ਼ੋਲ੍ਹੀ ਘੋੜੀ, ਮੋਢੇ ’ਤੇ ਨਾਗ ਵਰਗੀ ਦੁਨਾਲੀ ਪਾ ਕੇ ਜਦੋਂ ਉਹ ਬਾਹਰੇ ਵਿਚ ਜਾਂਦਾ, ਉਹਦਾ ਸ਼ਤੀਰ ਵਰਗਾ ਸਰੀਰ ਵੇਖ ਕੇ ਘੜੀ ਦੀ ਘੜੀ ਆਡਾਂ ਵਿਚ ਵਗਦਾ ਪਾਣੀ ਵੀ ਵੇਖਣ ਲਈ ਖਲੋ ਜਾਂਦਾ। ਆਪਣੇ ਪਿਉ ਦੇ ਚਾਰ ਵਿਆਹਾਂ ਵਿਚੋਂ ਪਿਛਲੀ ਵਹੁਟੀ ਦੀ ਇਕੋ ਇਕ ਪੇਟ-ਘਰੋੜੀ ਦੀ ਉਹ ਪਿਆਰੀ ਉਲਾਦ ਸੀ। ਨਸ਼ਈ ਪਿਉ ਨੇ ਪੁੱਤਰ ਦੀ ਅੱਖ ਅਸਮਾਨੀ ਬਿਜਲੀ ਵਾਂਗ ਲਿਸ਼ਕਦੀ ਰੱਖਣ ਲਈ ਫੀਮ ਦੀ ਚਾਸ਼ਨੀ ਦੇਣੀ ਸ਼ੁਰੂ ਕਰ ਦਿੱਤੀ। ਸ਼ੌਂਕ ਵਿਚ ਲੱਗੇ ਐਬ ਨੇ ਗੁਰਦਿੱਤੇ ਨੂੰ ਟੀਸੀ ਤੋਂ ਟੁੱਟੇ ਟਾਹਣ ਵਾਂਗ ਸਾਹ ਸੱਤ ਹੀਣ ਕਰ ਦਿੱਤਾ। ਉਹਨੂੰ ਕਦੇ-ਕਦੇ ਆਪਣੇ ਬਚਪਨ ਦਾ ਧੁੰਦਲਾ ਜਿਹਾ ਖ਼ਿਆਲ ਆਉਂਦਾ ਜਦੋਂ ਪਿੰਡ ਦੀਆਂ ਨੂੰਹਾਂ ਹਰ ਲੋਹੜੀ ’ਤੇ ਗੋਦੀ ਚੁੱਕ ਕੇ ਗਿੱਧੇ ਵਿਚ ਨੱਚਦੀਆਂ ਇਹ ਬੋਲੀ ਪਾਉਂਦੀਆਂ :
ਸੱਸ ਮੇਰੀ ਨੇ ਮੁੰਡਾ ਜੰਮਿਆ,
ਨਾਂ ਰੱਖਿਆ ਗੁਰਦਿੱਤਾ।
ਪੰਜੀਰੀ ਗੁੜ ਖਾਵਾਂਗੇ,
ਵਾਹਿਗੁਰੂ ਨੇ ਦਿੱਤਾ।
ਪੰਜੀਰੀ ਗੁੜ ਖਾਵਾਂਗੇ…
ਤਾਂ ਉਹਦੀ ਮਾਂ ਨੇ ਤਿਲਾਂ ਨਾਲ ਭਰੇ ਚਾਂਦੀ ਦੇ ਥਾਲ ਵਿਚ ਗਿਆਰਾਂ ਰੁਪਏ ਰੱਖ ਕੇ ਕੁੜੀਆਂ ਦੇ ਸਿਰਾਂ ਤੋਂ ਵਾਰਨੇ ਤਾਂ ਜਾਪਣਾ ਕਿ ਅਸਮਾਨ ਆਪ ਥੱਲੇ ਉਤਰ ਕੇ ਧਰਦੀ ਦਾ ਸਿਰ ਪਲੋਸ ਰਿਹਾ ਹੋਵੇ।
ਜਦੋਂ ਮੁਲਕ ਦਾ ਲੱਕ ਵੱਢਿਆ ਗਿਆ, ਗੁਰਦਿੱਤੇ ਦੇ ਬੇਬੇ ਬਾਪੂ ਵੀ ਇਸ ਝੱਖੜ ਵਿਚ ਮਾਰ ਧਾੜ ਦੇ ਗੜਿਆਂ ਨਾਲ ਪੱਕੀ ਕਣਕ ਦੇ ਸਿੱਟਿਆਂ ਵਾਂਗ ਝੜ ਕੇ ਡਿੱਗ ਪਏ। ਲਾਡਾਂ ਦੇ ਨਵਾਰੀ ਪਲੰਘ ’ਤੇ ਪਲਿਆ ਗੁਰਦਿੱਤਾ ਕਿਸੇ ਅਲਾਣੀ ਮੁੰਜ ਦੀ ਮੰਜੀ ਦਾ ਟੁੱਟਾ ਵਾਣ ਬਣ ਗਿਆ। ਭੱਜੀਆਂ ਬਾਹਾਂ ਤੇ ਲਹੂ ਲੁਹਾਨ ਹੋਈਆਂ ਸਾਂਝਾਂ ਦੇ ਕਾਫ਼ਲੇ ਨਾਲ ਉਹ ਸੋਕੜੇ ਨਾਲ ਮਰੀਆਂ ਲੱਤਾਂ ਘਸੀਟਦਾ ਬੇਗਾਨਿਆਂ ਜਿਹੇ ਆਪਣੇ ਮੁਲਕ ਵਿਚ ਅਪੜ ਗਿਆ। ਕਦੇ-ਕਦੇ ਉਹਨੂੰ ਲੱਗਦਾ ਜਿਵੇਂ ਚਾਮਚੜਿਕਾਂ ਉਹਦੇ ਸਾਰੇ ਜਿਸਮ ਨੂੰ ਚੰਬੜੀਆਂ ਹੋਣ। ਬਾਜ ਦੀਆਂ ਅੱਖਾਂ ਵਾਲਾ ਗੁਰਦਿੱਤ ਸਿੰਘ ਹੁਣ ਉੱਲੂ ਦੀ ਅੱਖ ਵਰਗਾ ਦਿੱਤੂ ਅਮਲੀ ਬਣ ਗਿਆ। ਨਾ ਕੋਈ ਸਿਰ ਲਕੋਣ ਨੂੰ ਥਾਂ, ਨਾ ਭੁੱਖੀਆਂ ਆਂਦਰਾਂ ਲਈ ਟੁੱਕਰ, ਨਾ ਸਾੜਸਤੀ ਦੀ ਅੱਗ ਨਾਲ ਖਿੰਘਰ ਹੋਏ ਸਰੀਰ ਨੂੰ ਢੱਕਣ ਲਈ ਦੋ ਗਿੱਠ ਲੀਰਾਂ, ਉੱਤੋਂ ਅਮਲ, ਪਾਣੀ ਵਲੋਂ ਰੋਜਿਆਂ ਵਰਗੀ ਹਾਲਤ ਵਾਲੇ ਸਾਹ ਤੋੜਵੇਂ ਦਿਨ, ਉਹਦੀ ਹਾਲਤ ਮੜ੍ਹੀਆਂ ਵਿਚ ਪਏ ਅੱਧਬਲੇ ਚੋਅ ਵਰਗੀ ਹੋ ਗਈ।
ਪਹੁੰਚ ਵਾਲਿਆਂ ਤਹਿਸੀਲਦਾਰਾਂ ਪਟਵਾਰੀਆਂ ਦਾ ਢਿੱਡ ਭਰਕੇ ਚੰਗੀ ਭੋਇੰ ਅਲਾਟ ਕਰਵਾ ਲਈ। ਦਿੱਤੂ ਨੂੰ ਮੜ੍ਹੀਆਂ ਵਾਲੇ ਰੋਹੀ ਬੀਆਬਾਨ ਕੋਲ ਕੱਲਰੀ ਪੈਲੀ ਮਿਲੀ। ਉਹਨੇ ਕਿਹੜਾ ਹਿਸਾਰੀ ਬਲਦ ਜੋੜ ਕੇ ਹੱਲ ਵਾਹੁਣਾ ਸੀ। ਖਾਲੀ ਪਈ ਜ਼ਮੀਨ ਉਹਦੀਆਂ ਬੇਹਿਸ ਰੀਝਾਂ ਵਾਂਗ ਤੱਪੜ ਬਣ ਗਈ। ਉਹ ਜਿਹੜੇ ਭਾਅ ਵਿਕਦੀ ਹਰ ਸਾਲ ਦੋ ਤਿੰਨ ਕਿੱਲੇ ਵੇਚ ਕੇ ਆਪਣਾ ਨਸ਼ਾ ਪਾਣੀ ਪੂਰਾ ਕਰ ਲੈਂਦਾ। ਹੋਰ ਉਹਨੂੰ ਕਾਸੇ ਦੀ ਨਾ ਚਾਹ ਸੀ ਨਾ ਲਾਲਸਾ। ਇਕ ਪੌਣਾ ਢੱਠਾ ਖੋਲੇ ਵਰਗਾ ਉਹਦੇ ਸੁਪਨਿਆਂ ਵਾਂਗ ਧੁਆਂਖਿਆ ਘਰ ਹਿੱਸੇ ਆਇਆ। ਉਹਨੇ ਸਾਰਾ ਦਿਨ ਡੋਡੇ ਪੀ ਕੇ ਅੱਧ ਪੁੱਟੀ ਕਿੱਕਰ ਵਾਂਗ ਪਿਆ ਰਹਿਣਾ। ਕੋਲ ਉਹਦੇ ਇਕੋ ਇਕ ਕਰੀਬੀ ਸਾਂਝ ਵਾਲੇ ਡੱਬੂ ਨੇ ਲੱਤਾਂ ਵਿਚ ਸਿਰ ਦੇਈ ਲੇਟੇ ਰਹਿਣਾ। ਕਦੀ ਦਿੱਤੂ ਨੇ ਦੋ-ਦੋ ਦਿਨ ਬਿਨ੍ਹਾਂ ਕੁਝ ਖਾਧੇ ਪੀਤੇ ਲੰਮੀ ਤਾਣ ਕੇ ਅੱਧ-ਮੋਇਆ ਵਾਂਗ ਢੱਠੇ ਰਹਿਣਾ। ਪਰ ਡੱਬੂ ਦੀ ਕੀ ਮਜਾਲ ਕਿ ਕਿਸੇ ਹੋਰ ਦੇ ਦਰ ’ਤੇ ਜਾ ਕੇ ਟੁੱਕਰ ਖਾ ਆਵੇ।
ਦਿੱਤੂ ਕੋਲ ਜਦੋਂ ਵੇਚੀ ਪੈਲੀ ਦੇ ਚਾਰ ਛਿੱਲੜ ਆਉਂਦੇ, ਦਿੱਤੂ ਬੱਕਰੇ ਦਾ ਮੀਟ ਲਿਆਉਂਦਾ। ਡੱਬੂ ਨੂੰ ਉਹ ਰਜਾ ਕੇ ਖੁਆਉਂਦਾ। ਉਹਨੂੰ ਵਧੀਆ ਸਾਬਣ ਨਾਲ ਨਹਾਉਂਦਾ, ਉਹਦੇ ਕੰਘੀ ਨਾਲ ਵਾਲ਼ ਵਾਹੁੰਦਾ, ਉਹਦਾ ਮੂੰਹ ਆਪਣੇ ਮੂੰਹ ਨਾਲ ਲਾ ਕੇ ਕਿੰਨਾ-ਕਿੰਨਾ ਚਿਰ ਲਾਡ ਮਲਾਰ ਕਰਦਾ ਰਹਿੰਦਾ। ਜਦੋਂ ਪੈਸੇ ਮੁੱਕ ਜਾਂਦੇ ਡੱਬੂ ਸਮਝ ਜਾਂਦਾ ਕਿ ਭੁੱਖਮਰੀ ਦੇ ਦਿਨ ਆ ਗਏ ਨੇ। ਫਿਰ ਡੱਬੂ ਪਰਾਲੀ ਵਿਚ ਲੁਕਾਈਆਂ ਹੱਡੀਆਂ ਨੂੰ ਚੱਬ ਕੇ ਗੁਜ਼ਾਰਾ ਕਰ ਲੈਂਦਾ। ਉਹ ਦਿੱਤੂ ਵੱਲ ਡੁਬਦੇ ਸੂਰਜ ਵਰਗੀਆਂ, ਉਦਾਸ ਅੱਖਾਂ ਨਾਲ ਵੇਖਦਾ ਰਹਿੰਦਾ।
ਡੱਬੂ ਨੂੰ ਭੌਂਕਣ ਦੀ ਉੱਕਾ ਆਦਤ ਨਹੀਂ ਸੀ। ਪਿੰਡ ਦੇ ਲੋਕ ਆਖਦੇ ਸਨ ਇਹਦੇ ਭੌਂਕਣ ਵਾਲਾ ਖਾਨਾ, ਰੱਬ ਨੇ ਲਾਇਆ ਹੀ ਨਹੀਂ। ਜਿੱਦਣ ਦਿੱਤੂ ਕਿਤੇ ਨਸ਼ੇ ਦੇ ਲੋਰ ਵਿਚ ਜ਼ਿਆਦਾ ਦੇਰ ਨਾਲ ਲੜਖੜਾਂਦਾ ਆਉਂਦਾ, ਉਸ ਦਿਨ ਡੱਬੂ ਉਹਨੂੰ ਗੁੱਸੇ ਵਿਚ ਦੋ ਤਿੰਨ ਵਾਰੀ ਭੌਂਕਦਾ ਜਿਵੇਂ ਸਮਝਾਉਂਦਾ ਹੋਵੇ ਕਿ ਘਰ ਵੇਲੇ ਨਾਲ ਆਉਣਾ ਚਾਹੀਦਾ ਏ। ਦਿੱਤੂ ਨੇ ਕਦੇ ਘਰ ਨੂੰ ਜਿੰਦਰਾ ਨਹੀਂ ਸੀ ਮਾਰਿਆ। ਉੱਥੇ ਕਿਹੜਾ ਵਹੁਟੀ ਦੀਆਂ ਟੂੰਬਾਂ ਪਈਆਂ ਸਨ। ਡੱਬੂ ਆਪਣੇ ਘਰ ਦੇ ਫਾਟਕ ਤੋਂ ਬਾਹਰ ਕਦੇ ਗਿਆ ਹੀ ਨਹੀਂ ਸੀ। ਦਿੱਤੂ ਵਾਹ ਲਗਦਿਆਂ ਕਿਧਰੇ ਬਾਹਰ ਰਾਤ ਨਹੀਂ ਸੀ ਕੱਟਦਾ। ਉਹਨੂੰ ਫ਼ਿਕਰ ਰਹਿੰਦਾ ਕਿ ਉਹਦੀ ਉਡੀਕ ਵਿਚ ਡੱਬੂ ਨੇ ਸਾਰੀ ਰਾਤ ਫਾਟਕ ਕੋਲ ਖੜ੍ਹੇ ਰਹਿਣੈ।
ਦਿੱਤੂ ਅਮਲੀ ਸਾਰੇ ਪਿੰਡ ਦੇ ਹਾਸੇ ਮਖੌਲ ਦਾ ਖਰਾਸ ਸੀ, ਜਿਥੋਂ ਜਿਹਦਾ ਜੀ ਚਾਹੇ ਆਪਣੇ ਜੋਗੀ ਖੁਸ਼ੀਆਂ ਦੀ ਆਟੇ ਦੀ ਪਰਾਤ ਭਰ ਕੇ ਲੈ ਜਾਂਦਾ। ਵਿਆਹ ‘ਤੇ ਆਏ ਨਾਨਕਾ ਮੇਲ ਨੇ ਉਹਦੀ ਲੰਮੇ ਪਈ ਦੀ ਮੰਜੀ ਉਲਟਾ ਦੇਣੀ। ਉਹਦੇ ਚੁੱਲ੍ਹੇ ਨੂੰ ਢਾਅ ਦੇਣਾ। ਛੜਿਆਂ ਨੇ ਉਹਦਾ ਮੀਟ ਵਾਲਾ ਪਤੀਲਾ ਖਿਸਕਾ ਲੈਣਾ, ਪਰ ਦਿੱਤੂ ਨੇ ਮੁਸਕੜੀਏ ਹੱਸਦੇ ਰਹਿਣਾ। ਉਹ ਗੁਰਦੁਆਰੇ ਦੇ ਸਾਂਝੇ ਭਾਂਡਿਆਂ ਵਾਂਗ ਸਭ ਦੇ ਸੁੱਖ ਦੁੱਖ ਵਿਚ ਕੰਮ ਆਉਂਦਾ, ਸਭਨਾਂ ਦਾ ਸਾਂਝਾ, ਪਰ ਇਕ ਦਾ ਵੀ ਨਾ ਆਪਣਾ। ਉਹ ਪਿੰਡ ਦੇ ਦੁੱਖ ਸੁੱਖ ਦਾ ਸਿਰਨਾਵਾਂ ਸੀ। ਕਈ ਵਾਰੀ ਉਹਦੀ ਹਾਲਤ ਵੇਖ ਕੇ ਪਿੰਡ ਦੇ ਲੋਕ ਬੁੱਕਲਾਂ ’ਚ ਮੂੰਹ ਦੇ ਕੇ ਰੋਂਦੇ। ਸਭ ਜਾਣਦੇ ਸਨ ਕਿ ਦੁੱਖਾਂ ਦੇ ਕੁਹਾੜੇ ਨਾਲ ਛਾਂਗਿਆ ਉਹ ਅਜਿਹਾ ਰੁੱਖ ਏ ਜਿਹੜਾ ਜਦੋਂ ਬਲੇਗਾ ਉਹਦੇ ਚੰਗਿਆੜਿਆਂ ਦਾ ਸੇਕ ਸਭ ਦੀਆਂ ਖੁਸ਼ੀਆਂ ਵਲੂੰਧਰ ਸੁੱਟੇਗਾ। ਕਦੇ-ਕਦੇ ਉਹ ਪਿੰਡ ਦਾ ਕੌਲਾਂ ਵਾਲਾ ਟੋਭਾ ਲੱਗਦਾ, ਜਿਦ੍ਹੇ ਢਿੱਡ ’ਚੋਂ ਸੁਆਣੀਆਂ ਮਿੱਟੀ ਕੱਢ ਕੇ ਆਪਣੇ ਚੌਂਕੇ ਚੁੱਲ੍ਹੇ ਲਿੱਪਦੀਆਂ, ਜੇਠ ਹਾੜ੍ਹ ਦੀਆਂ ਤਪਦੀਆਂ ਦੁਪਹਿਰਾਂ ’ਚ ਪਾਲੀ ਆਪਣੀਆਂ ਮੱਝਾਂ ਨੁਹਾਉਂਦੇ, ਸਾਰੇ ਲੋਕ ਮਨ ਤਨ ਦੀ ਮੈਲ ਧੋਂਦੇ, ਪਰ ਰਾਤ ਭਰ ਦਾ ਠੌਂਕਾ ਲਾ ਕੇ ਸਵੇਰੇ ਫਿਰ ਨਿਤਰਿਆ ਹੁੰਦਾ।
ਅਮਲੀ ਤੇ ਜੰਗਲ-ਪਾਣੀ ਦਾ ਡਾਢਾ ਵੈਰ ਹੁੰਦਾ ਏ। ਰਾਤੀ ਕੁਵੇਲੇ ਖੂਹ ਵਲੋਂ ਜਦੋਂ ਮੈਂ ਬਲਦਾਂ ਦੀ ਜੋਗ ਪਿੱਛੇ ਪੱਠਿਆਂ ਦੀ ਪੰਡ ਚੁੱਕੀ ਘਰ ਨੂੰ ਮੁੜਨਾ, ਉਹਨੇ ਪਹੇ ਦੀਆਂ ਝਾੜੀਆਂ ਪਿੱਛੇ ਆਪਣਾ ਮੋਰਚਾ ਲਾਈ ਬੈਠਾ ਹੋਣਾ। ਪੈਰਾਂ ਦੀ ਬਿੜਕ ਸੁਣ ਕੇ ਉਹਨੇ ਪੈਰਾਂ ਭਾਰ ਬੈਠੇ ਨੇ ਹੀ ਪੁੱਛਣਾ ”ਕਿ੍ਹਦਾ ਛੋਹਰ ਏ ਲੱਗਿਆ ਜਾਂਦਿਆ।’’ ਮੈਂ ਜਦੋਂ ਬਾਪੂ ਦਾ ਨਾਂ ਲੈਣਾ ਉਹਨੇ ਹਈ ਕਰਕੇ ਉੱਠ ਖਲੋਣਾ ”ਇਸ ਥਾਣੇਦਾਰ ਨਾਲ ਤਾਂ ਫਿਰ ਸਿੱਝ ਲਾਂਗੇ ਪਹਿਲਾਂ ਭਤੀਜ ਨੂੰ ਥਾਪੀ ਦੇਈਏ, ਅਸ਼ਕੇ ਵਈ ਜਿਉਣ ਜੋਗਿਆ ਮੱਲਾ, ਉਲਾਦ ਹੋਵੇ ਤੇਰੇ ਵਰਗੀ ਜਿਹੜੀ ਪਿਉ ਦੇ ਹੱਡਾਂ ਨੂੰ ਖੁਰਨ ਨਾ ਦੇਵੇ। ਕਬੀਲਦਾਰੀ ਦੀ ਪੰਡ ਜੇ ਮੁੰਡਾ ਚਾ ਲਵੇ ਤਾਂ ਫਿਰ ਪਿਉ ਦੀ ਕੰਗਰੋੜ ਨਹੀਂ ਟੁੱਟਦੀ’’ ਵਾਹ ਵਈ ਵਾਹ ਕਰਦਿਆਂ ਉਹਨੇ ਫਿਰ ਉਸੇ ਥਾਂ ਸਮਾਧੀ ਜਾ ਲਾਉਣੀ।
ਉਹਦਾ ਇਕ ਹੋਰ ਜੋੜੀਦਾਰ ਸ਼ੀਂਬਾ ਅਮਲੀ ਸੀ। ਜਦੋਂ ਕਦੇ ਸਾਰੇ ਪਿੰਡ ਦੇ ਚੰਗੇ ਖਾਂਦੇ ਪੀਂਦੇ ਘਰਾਂ ਦੀ ਗੱਲ ਟੁਰਨੀ, ਤਾਂ ਦਿੱਤੂ ਨੇ ਸਹਿਜ ਭਾਅ ਹੀ ਕਹਿਣਾ ”ਉਹਨਾਂ ਕੋਲ ਸੁਆਹ ਏ ਸੱਤਾਂ ਚੁੱਲਿਆਂ ਦੀ, ਇਹ ਸਾਰੇ ਤੇ ਅੰਨ ਦੇ ਕੀੜੇ ਨੇ, ਖਾ ਲਿਆ, ਪੀ ਲਿਆ ਸਵੇਰੇ ਉੱਠ ਕੇ ਛੱਪੜ ਗੰਦੇ ਕਰ ਆਏ। ਡੰਗਰਾਂ ਤੇ ਜਣਿਆਂ ਵਿਚ ਕੋਈ ਫ਼ਰਕ ਹੀ ਨਹੀਂ। ਅਸਲ ਵੱਸਦਾ ਰੱਸਦਾ ਘਰ ਏ ਸ਼ੀਂਬੇ ਅਮਲੀ ਦਾ। ਜਿ੍ਹਦੇ ਦਰ ’ਤੇ ਗਿਆਂ ਬਹਿਸ਼ਤ ਦਾ ਮੇਵਾ ਮੂੰਹ ਵਿਚ ਪੈਂਦਾ ਏ, ਉਹਦਾ ਕਾਹਦਾ ਜਿਉਣਾ ਜਿਹੜਾ ਚਾਰ ਘੜੀਆਂ ਹਿਰਨਾਂ ਦੇ ਸਿੰਗਾਂ ’ਤੇ ਟਪੂਸੀਆਂ ਨਾ ਮਾਰੇ, ਜਿਹੜਾ ਨਸ਼ੇ ਦੀ ਕਦਰ ਨਹੀਂ ਕਰਦਾ ਉਹਨੂੰ ਕੀ ਪਤੈ, ਹਵਾ ਨੂੰ ਗੰਢ ਦੇ ਕੇ ਪੱਲੇ ਕਿਵੇਂ ਬੰਨ੍ਹੀਦਾ ਏ।’’
ਠੇਕੇ ਵਾਲਿਆਂ ਦੀ ਚੁਗਲੀ ’ਤੇ ਪੁਲਿਸ ਨੇ ਪਿੰਡ ਛਾਪਾ ਮਾਰਿਆ, ਦਿੱਤੂ ਤੇ ਸ਼ੀਂਬਾ ਚਲਦੀ ਭੱਠੀ ਸਮੇਤ ਪੁਲਿਸ ਦੇ ਕਾਬੂ ਆ ਗਏ। ਉਹਨਾਂ ਦੀ ਸੰਗਰੂਰ ਪੇਸ਼ੀ ਸੀ। ਪਿੰਡੋਂ ਦੋ ਕੋਹਾਂ ਦੀ ਵਾਟ ’ਤੇ ਅੱਡੇ ਤੋਂ ਬੱਸ ਫੜਨੀ ਸੀ। ਮਾਵਾ ਛੱਕ ਕੇ ਉਹ ਦੋਵੇਂ ਸਾਈਕਲ ’ਤੇ ਚੜ੍ਹ ਬੈਠੇ। ਦਿੱਤੂ ਨੇ ਸ਼ੀਂਬੇ ਨੂੰ ਸਾਈਕਲ ਭਜਾਈ ਲਿਜਾਣ ਲਈ ਆਖਿਆ। ਪੀਨਕ ਲੱਗ ਜਾਣ ਕਰਕੇ ਦਿੱਤੂ ਪਿੱਛੋਂ ਸਾਈਕਲ ਤੋਂ ਖਾਲ ਵਿਚ ਡਿੱਗ ਪਿਆ। ਸ਼ੀਂਬਾ ਆਪਣੇ ਰੌਂਅ ਵਿਚ ਪੈਡਲ ਮਾਰਦਾ ਅੱਡੇ ’ਤੇ ਪਹੁੰਚ ਗਿਆ। ਜਦੋਂ ਉਹਨੇ ਪਿਛਾਂਹ ਵੇਖਿਆ, ਦਿੱਤੂ ਨਜ਼ਰ ਹੀ ਨਾ ਆਇਆ। ਮੁੜ ਕੇ ਪਿਛਾਂਹ ਆ ਕੇ ਵੇਖਿਆ ਦਿੱਤੂ ਖਾਲ ਵਿਚ ਪਿਆ ਬੋਲੀ ਜਾਵੇ ”ਮਾਰ ਹੰਭਲਾ ਰਾਂਝਿਆ ਕਿਤੇ ਹੀਰ ਦੀ ਡੋਲੀ ਪਹਿਲਾਂ ਨਾ ਲੰਘ ਜਾਏ।’’ ਸ਼ੀਂਬਾ ਹੱਸ ਕੇ ਆਖਣ ਲੱਗਾ ਤੂੰ ਏਥੇ ਟੋਏ ਵਿਚ ਵੱਟਣਾ ਮਲੀ ਜਾਨੈਂ, ਹੀਰ ਤੇ ਤੇਰੀ ਕਦੋਂ ਦੀ ਲੰਘ ਗਈ ਏ।’’
ਜਿੱਦਣ ਉਹਨਾਂ ਦੇ ਮੁਕੱਦਮੇ ਦੀ ਬਹਿਸ ਹੋਣੀ ਸੀ। ਦਿੱਤੂ ਵਕੀਲ ਦੀ ਥਾਵੇਂ ਆਪੇ ਹੀ ਬੋਲ ਪਿਆ, ”ਏਸ ਇਨਸਾਫ਼ ਦੀ ਕੁਰਸੀ ਅੱਗੇ ਮੇਰੀ ਇਕ ਫਰਿਆਦ ਏ ਜੀਉਣ ਜੋਗਿਆ। ਐਸ ਵੇਲੇ ਧਰਮ-ਰਾਜ ਵੀ ਤੇਰੀਆਂ ਖੜਾਵਾਂ ਦੀ ਧੂੜ ਏ। ਮੇਰੀਆਂ ਗੱਲਾਂ ਲੱਗਣਗੀਆਂ ਤੇ ਚੰਗਿਆੜਿਆਂ ਵਾਂਗ, ਪਰ ਇਹਨਾਂ ਦੇ ਨਿੱਘ ਦੇ ਸਹਾਰੇ ਹੀ ਬੰਦੇ ਦੀ ਸ਼ਾਹ ਰਗ ਚੱਲਦੀ ਏ। ਲੈ ਸੁਣ ਸਾਡੀ ਰੱਬ ਦੇ ਸ਼ਰੀਕਾਂ ਦੀ ਕਹਾਣੀ ਜ਼ਰਾ। ਹਵਾ ਪਿਆਜੀ ਹੋਣ ਲਈ ਭਾਂਡਾ ਤਾਅ ਲਈਦਾ ਏ। ਠੇਕੇ ਵਾਲੇ ਤੇ ਮੱਝਾਂ ਦੇ ਦੁੱਧ ਲਾਹੁਣ ਵਾਲੇ ਟੀਕੇ ਪਾ ਕੇ ਮੌਤ ਵੇਚਦੇ ਨੇ। ਇਹੋ ਜਿਹੀ ਕੁਲੱਛਣੀ ਪੀਕੇ ਬੰਦੇ ਦੀ ਉਂਝ ਮੂਤਰੀ ਚੜ੍ਹ ਜਾਂਦੀ ਏ। ਉੱਤੋਂ ਕਬਜ਼ ਨਾਲ ਢਿੱਡ ਭੱਠੇ ਦੀ ਖਿੰਘਰ ਇੱਟ ਵਰਗਾ ਸਖ਼ਤ ਹੋ ਜਾਂਦਾ ਏ। ਅਸੀਂ ਕਿਹੜਾ ਵਪਾਰ ਕਰਨਾ ਏਂ। ਹੁਕਮ ਕਰੋ ਦੋ ਢੋਲੀਆਂ ਤੁਹਾਡੇ ਕੋਲ ਅਪੜਾ ਦਿਆਂਗੇ। ਨਾਲੇ ਸਾਡਾ ਵੀ ਜ਼ਰਾ ਪਾਣੀ ਛੱਕ ਕੇ ਵੇਖਿਉ ਜੇ ਪਹਿਲੇ ਘੁੱਟ ਨਾਲ ਹੀ ਅਸਮਾਨ ਦੇ ਤਾਰੇ ਟੁੱਟ ਕੇ ਪੈਰਾਂ ਵਿਚ ਨਾ ਆ ਡਿੱਗਣ। ਚੰਦਰਮਾ ਇੰਝ ਲੱਗੇਗਾ ਜਿਵੇਂ ਸੰਧੂਰ ਪਏ ਗੁੜ ਦੀ ਵੱਡੀ ਭੇਲੀ ਹੋਵੇ। ਨਾਲੇ ਆਏ ਗਏ ਦੀ ਰੂਹ ਕਪਾਹ ਦੇ ਟੀਂਡਿਆਂ ਵਾਂਗ ਖਿੜ ਜਾਂਦੀ ਏ। ਰਾਤ ਮਾਈਏਂ ਪਈ ਕੁੜੀ ਦੇ ਧਿਆਨ ਵਾਂਗ ਅਡੋਲ ਗੁਜ਼ਰ ਜਾਂਦੀ ਏ। ਨਸ਼ੇ ਵਿਚ ਰਲਾਵਟ ਕਰਨ ਵਾਲੇ ਤਾਂ ਆਪਣੀ ਧੀ ਨਾਲ ਬਦਫੈਲੀ ਕਰਨ ਵਾਲਿਆਂ ਤੋਂ ਵੀ ਗਏ ਗੁਜ਼ਰੇ ਹੁੰਦੇ ਨੇ। ਇਹੋ ਜਿਹੇ ਦੀ ਕਪਟੀ ਦੇਹ ਨੂੰ ਤਾਂ ਫੂਕਦਿਆਂ ਲੱਕੜੀਆਂ ਨੂੰ ਵੀ ਸ਼ਰਮ ਆ ਜਾਂਦੀ ਏ। ਤੁਸੀਂ ਆਪ ਦੱਸੋ ਉਬਾਸੀਆਂ ਤੇ ਹੱਡ ਭੰਨਣੀ ਸੁਸਤੀ ਨਾਲ ਲੰਮੇ ਪਏ ਲਹੂ ਨੂੰ ਜੇ ਦੋ ਛਿੱਟਾਂ ਨਾਲ ਤੁਰਨ ਦੀ ਹਿੰਮਤ ਹੋ ਜਾਵੇ ਤਾਂ ਸਰਕਾਰ ਦਾ ਕਿਹੜਾ ਲਾਲ ਕਿਲ੍ਹਾ ਢਹਿੰਦਾ ਏ। ਜਿਉਣ ਦਾ ਸਾਰਿਆਂ ਨੂੰ ਹੱਕ ਏ ਆਪੋ ਆਪਣੇ ਹਿਸਾਬ ਨਾਲ। ਸਭ ਦੀ ਬੇੜੀ ਤਰਨ ਦਿਉ। ਤੁਸੀਂ ਕਿਉਂ ਵੱਟੇ ਬਣ ਕੇ ਪਾਪਾਂ ਦੇ ਭਾਗੀ ਬਣਦੇ ਉ।’’ ਜੱਜ ਉਹਦੇ ਬੋਲਾਂ ਨਾਲ ਕੀਲਿਆ ਗਿਆ, ਉਹਨੇ ਦਿੱਤੂ ਹੁਰਾਂ ਨੂੰ ਸਾਫ਼ ਬਰੀ ਕਰ ਦਿੱਤਾ।
ਦਿੱਤੂ ਸਿਰੋਂ ਪੈਰੋਂ ਕਾਇਮ ਹੋਇਆ ਦਰਵਾਜ਼ੇ ਖਲੋਤਾ ਸੀ। ਜ਼ੈਲਦਾਰਾਂ ਦੀ ਧੀ ਦਾ ਵਿਆਹ ਸੀ। ਉਹ ਪੱਕੇ ਸਿੰਘ ਸਭੀਏ ਸਨ। ਜੰਝ ਕੁਝ ਅਗੇਤੀ ਹੀ ਅਪੜ ਗਈ। ਉਹਨਾਂ ਦਿੱਤੂ ਨੂੰ ਘਰ ਵਾਲਿਆਂ ਨੂੰ ਸੱਦ ਕੇ ਲਿਆਉਣ ਲਈ ਆਖਿਆ। ਦਿੱਤੂ ਅਧੀਨ ਜਿਹਾ ਹੋ ਕੇ ਬੋਲਿਆ। ”ਹਾਲੀ ਉਹ ਕਿੱਥੋਂ ਆ ਜਾਣਗੇ, ਸਾਰੇ ਪਿੰਡੋਂ ਆਟਾ ਕੱਠਾ ਕਰਕੇ ਉਹਨਾਂ ਤੁਹਾਡੇ ਰੋਟੀ ਟੁੱਕ ਦਾ ਆਹਰ ਪਾਹਰ ਕਰਨਾ ਏ। ਤੁਸੀਂ ਕਿਹੜੇ ਕੰਗਾਲਾਂ ਨਾਲ ਮੱਥਾ ਲਾ ਲਿਆ। ਦਿਲ ਖਲਿਆਰਣ ਲਈ ਨਾਗਣੀ ਦਾ ਪ੍ਰਸ਼ਾਦ ਲੈਣਾ ਜੇ ਤਾਂ ਜੀ ਸਦਕੇ, ਕਿਤੇ ਨਿਰਨੇ ਕਾਲਜੇ ਫੋਕਾ ਪਾਣੀ ਪੀ ਕੇ ਐਵੇਂ ਨਾ ਫੁੜਕ ਜਾਇਉ।’’
ਅਮਲੀਆਂ ਨੂੰ ਮਿੱਠਾ ਖਾਣ ਦੀ ਚੇਟਕ ਜਿੰਦ ਨਾਲੋਂ ਵੀ ਪਿਆਰੀ ਹੁੰਦੀ ਏ। ਦਿੱਤੂ ਨੂੰ ਹੱਟੀ ’ਤੇ ਗੁੜ ਲੈਣ ਗਏ ਨੂੰ ਪਤਾ ਲੱਗਿਆ ਕਿ ਦੇਸੂ ਬਾਣੀਆਂ, ਸੌਦਾ ਪਤਰ ਲੈਣ ਸਵੇਰ ਦਾ ਭਵਾਨੀਗੜ੍ਹ ਗਿਆ ਏ। ਮੂੰਹ ਹਨੇਰੇ ਦਿੱਤੂ ਉਸੇ ਪਾਸੇ ਵੱਲ ਤੁਰ ਪਿਆ ਜਿਧਰੋਂ ਦੇਸੂ ਆਉਣਾ ਸੀ। ਰਾਹ ਵਿਚ ਬੋੜਾ ਖੂਹ ਸੀ ਜਿਹੜਾ ਮਿੱਟੀ ਨਾਲ ਪੂਰਿਆ ਨਹੀਂ ਸੀ। ਦੇਸੂ ਨੂੰ ਕੁਝ-ਕੁਝ ਅੰਧਰਾਤਾ ਸੀ। ਕੁਦਰਤੀ ਤੁਰੇ ਆਉਂਦਿਆਂ ਖੋਤੀ ਤਾਂ ਅੱਗੇ ਲੰਘ ਗਈ, ਦੇਸੂ ਦਾ ਪੈਰ ਅੜਕਣ ਕਰਕੇ ਉਹ ਖੂਹ ਵਿਚ ਜਾ ਡਿੱਗਿਆ। ਉਹਦੀ ਹਾਲ ਪਾਹਰਿਆ ਜਦੋਂ ਦਿੱਤੂ ਨੇ ਸੁਣੀ ਤਾਂ ਭੱਜ ਕੇ ਜਾ ਕੇ ਡਿੱਗੇ ਪਏ ਵੱਲ ਅਠਿਆਨੀ ਸੁੱਟ ਕੇ ਬੁਲਿਆ ”ਪਹਿਲਾਂ ਗੁੜ ਦੀ ਢੇਲੀ ਫੜਾ, ਨਸ਼ਾ ਖਿੜੇ, ਫਿਰ ਤੈਨੂੰ ਕੱਢਣ ਦਾ ਵੀ ਕੋਈ ਬੰਨ੍ਹ ਸ਼ੁੱਭ ਕਰਦੇ ਆਂ।
ਦਿੱਤੂ ਅਫ਼ੀਮ ਲੈਣ ਲਈ ਕਦੀ-ਕਦੀ ਪਟਿਆਲੇ ਵੀ ਜਾਂਦਾ ਰਹਿੰਦਾ। ਅਫ਼ੀਮ ਦਾ ਧੰਦਾ ਕਰਨ ਵਾਲਿਆਂ ਨੇ ਨਾਲ-ਨਾਲ ਮੱਝਾਂ ਦਾ ਵਪਾਰ ਰੱਖਿਆ ਸੀ, ਪੁਲਿਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ। ਅਸਲ ਬੰਦਾ ਘਰ ਨਹੀਂ ਸੀ। ਦਿੱਤੂ ਬਾਹਰ ਖੁੱਲ੍ਹੇ ਵੇਹੜੇ ਵਿਚ ਡੱਠੀ ਮੰਜੀ ’ਤੇ ਲੰਮਾ ਪੈ ਗਿਆ। ਸ਼ਹਿਰ ਵਿਚ ਕਿਸੇ ਜਲੂਸ ਦੀ ਗੜਬੜ ਕਰਕੇ ਕਰਫਿਊ ਲੱਗ ਗਿਆ। ਉਧਰੋਂ ਦੀ ਥਾਣੇਦਾਰ ਲੰਘਿਆ। ਉਹਨੇ ਦਿੱਤੂ ਨੂੰ ਹੁੱਝ ਮਾਰ ਕੇ ਉਠਾਉਂਦਿਆਂ, ਕਿਹਾ ”ਤੈਨੂੰ ਨਹੀਂ ਪਤਾ ਸ਼ਹਿਰ ਵਿਚ ਕਰਫਿਊ ਲੱਗ ਗਿਐ, ਤੂੰ ਚੌਧਰੀ ਬਣਿਆ ਬਾਹਰ ਲੰਮਾ ਪਿਐਂ। ਦਿੱਤੂ ਨਿੰਮੋਝੂਣਾ ਜਿਹਾ ਹੋ ਕੇ ਆਖਣ ਲੱਗਾ ”ਸਰਦਾਰ ਜੀ ਕਰਫ਼ੂ ਕੀ ਹੁੰਦਾ?’’ ਚੱਲ ਜਰਾ ਕੁਤਵਾਲੀ, ਚੱਲ ਤੈਨੂੰ ਪਤਾ ਲੱਗ ਜਾਏਗਾ ਕਿ ਕਰਫ਼ੂ ਕੀ ਹੁੰਦੈ।’’ ਦਿੱਤੂ ਨੇ ਅੰਦਰ ਮੰਜੀ ਛੱਡਣ ਦੇ ਬਹਾਨੇ ਮੱਝਾਂ ਵਾਲੇ ਕੋਠੇ ਵਿਚ ਵੜ ਕੇ ਅੰਦਰੋਂ ਕੁੰਡਾ ਮਾਰ ਲਿਆ। ਥਾਣੇਦਾਰ ਨੇ ਉੱਚੀ ਵਾਜ ਮਾਰ ਕੇ ਕਿਹਾ, ”ਬਾਹਰ ‘ਤੇ ਆ ਉਏ ਛੇਤੀ।’’ ਅੰਦਰੋਂ ਦਿੱਤੂ ਉੱਚੀ ਕੂਕਿਆ। ”ਸਰਕਾਰ ਬਾਹਰ ਕਿਵੇਂ ਆਵਾਂ ਬਾਹਰ ਕਰਫ਼ੂ ਲੱਗਿਐ’’ ਥਾਣੇਦਾਰ ਸ਼ਰਮਿੰਦਾ ਹੋਇਆ ਬੁੜ-ਬੁੜ ਕਰਦਾ ਅਗਾਂਹ ਲੰਘ ਗਿਆ।
ਦਿੱਤੂ ਦਾ ਯਾਰ ਸ਼ੀਂਬਾ ਅਮਲੀ ਕਿਤੇ ਭੁਲ ਭੁਲੇਖੇ ਭਲੇ ਵੇਲਿਆਂ ਵਿਚ ਵਿਆਹਿਆ ਗਿਆ ਸੀ। ਇਕ ਵਾਰ ਘਰ ਵਾਲੀ ਦੀ ਬਹੁਤ ਜ਼ਿੱਦ ਕਰਕੇ ਨਾਭੇ ਉਹਨੂੰ ਸਿਨਮਾ ਵਿਖਾਉਣ ਲਈ ਚਲਾ ਗਿਆ। ਚਾਹ ਵਾਲੀ ਦੁਕਾਨ ’ਤੇ ਬਿਠਾ ਕੇ ਆਪ ਟਿਕਟ ਦਾ ਪਤਾ ਲੈਣ ਤੁਰ ਗਿਆ। ਟਿਕਟ ਲੈਣ ਦੇ ਚੱਕਰ ਵਿਚ ਪੰਜ ਸੱਤ ਧੱਕੇ ਖਾ ਕੇ ਸ਼ੀਂਬੇ ਦਾ ਝੱਗਾ ਪਾਟ ਗਿਆ। ਦੋ ਵਾਰੀ ਪੱਗ ਲਹਿ ਗਈ। ਉਧਰੋਂ ਪੁਲਿਸ ਨੇ ਦੋ ਚਾਰ ਡੰਡੇ ਟਿਕਾ ਦਿੱਤੇ। ਉਹਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗ ਪਏ। ਅਮਲੀ ਭੁਲੱਕੜ ਤਾਂ ਹੁੰਦੇ ਈ ਨੇ। ਉਹਨੇ ਸਾਈਕਲ ਚੁੱਕਿਆ ਸਿੱਧਾ ਪਿੰਡ ਆ ਕੇ ਕੋਠੇ ਨੂੰ ਅੰਦਰੋਂ ਕੁੰਡਾ ਮਾਰ ਕੇ ਸੌਂ ਗਿਆ। ਉਹਨੂੰ ਇਹ ਯਾਦ ਹੀ ਨਾ ਰਿਹਾ ਕਿ ਘਰ ਵਾਲੀ ਨੂੰ ਨਾਲ ਲੈ ਕੇ ਗਿਆ ਸੀ। ਘਰ ਵਾਲੀ ਵਿਚਾਰੀ ਸਾਰੇ ਪੁੱਛਦੀ ਫਿਰੇ ਕਿਸੇ ਨੇ ਉਹਦਾ ਘਰ ਵਾਲਾ ਕਿਤੇ ਵੇਖਿਆ ਏ, ਪਰ ਘਰ ਵਾਲਾ ਉਹਦਾ ਕਹਿੜਾ ਦਾਰਾ ਸਿੰਘ ਸੀ ਜਿਹਨੂੰ ਸਾਰੇ ਜਾਣਦੇ ਹੋਣ। ਅਖੀਰ ਥੱਕ ਟੁੱਟ ਕੇ ਉਹ ਕਿਸੇ ਰੇੜ੍ਹੇ ’ਤੇ ਬਹਿ ਕੇ ਚੋਖੇ ਹਨੇਰੇ ਗਏ ਘਰ ਮੁੜੀ। ਅੰਦਰੋਂ ਕੁੰਡਾ ਲੱਗਿਆ ਵੇਖ ਕੇ ਉਹਨੇ ਗੁੱਸੇ ਵਿਚ ਦਰਵਾਜ਼ਾ ਖੜਕਾਇਆ। ਸ਼ੀਂਬਾ ਅਭੜਵਾਹੇ ਉਠਦਾ ਬੋਲਿਆ, ”ਕਿਹੜਾ ਨੀਂਦ ਖਰਾਬ ਕਰਦੈ, ਮਲੰਘ ਆ ਜਾਂਦੇ ਨੇ ਨੀਂਦ ਵਿਚ ਖਲਲ ਪਾਉਣ।’’ ਜਦੋਂ ਅੱਗੋਂ ਤੱਤੀਆਂ ਤੱਤੀਆਂ ਗਾਲ਼ਾਂ ਸੁਣੀਆਂ, ਕੁੰਡਾ ਖੋਲਦਾ ਸਿੱਖਿਆ ਦੇਣ ਵਾਲਿਆਂ ਵਾਂਗ ਬੋਲਿਆ ”ਮੈਨੂੰ ਨਹੀਂ ਇਹੋ ਜਿਹੀਆਂ ਅਵਾਰਾਗਰਦੀਆਂ ਪਸੰਦ, ਐਵੇਂ ਬਿੱਲੀਆਂ ਵਾਂਗੂ ਸੱਤ ਘਰ ਘੁੰਮ ਕੇ ਘਰ ਵੜਨੀਂ ਏਂ। ਇਹ ਸਾਊਆਂ ਸ਼ਰੀਫ਼ਾਂ ਦਾ ਘਰ ਏ, ਏਨਾ ਕੁਵੇਲੇ ਜੇ ਫਿਰ ਕਦੀ ਆਈ ਤਾਂ ਮੈਂ ਨਹੀਂ ਕੁੰਡਾ ਖੋਹਲਣਾ’’ ਮੁੜ ਕੇ ਘਰ ਵਾਲੀ ਨੇ ਸਾਰੀ ਉਮਰ ਕਿਧਰੇ ਨਾਲ ਨਾ ਜਾਣ ਦੀ ਸਹੁੰ ਪਾ ਲਈ।
ਦਿੱਤੂ ਦਾ ਜੀਉਣੇ ਬੱਕਰੀਆਂ ਵਾਲੇ ਨਾਲ ਵੀ ਮੁਲਾਹਜ਼ਾ ਸੀ। ਕਦੇ-ਕਦੇ ਉਹ ਬੀੜ ਵਿਚ ਉਹਦੇ ਨਾਲ ਚਲਾ ਜਾਂਦਾ। ਉੱਥੇ ਲੰਮੀ ਹੇਕ ਵਿਚ ਢੋਲੇ ਗਾਉਂਦਾ ਗਾਉਂਦਾ, ਫਿਰ ਵਿਰਲਾਪ ਕਰਨ ਲੱਗ ਪੈਂਦਾ। ਉਹਦੇ ਲਈ ਰੱਬ ਲੋਕਾਂ ਦਾ ਲਹੂ ਪੀਣ ਵਾਲੀਆਂ ਜੋਕਾਂ ਦਾ ਕੁੜਮ ਸੀ ਤੇ ਪਾਖੰਡੀ ਸਾਧ ਉਹਦੇ ਪੁੱਤਰ ਉਜਾੜ ’ਚ ਉੱਗੇ ਡੰਡਾ ਥੋਹਰ ਵਾਂਗ ਜਿਨ੍ਹਾਂ ਦੀ ਨਾ ਹਿਰਨਾਂ ਦੇ ਬੈਠਣ ਲਈ ਥਾਂ, ਨਾ ਖਰਗੋਸ਼ਾਂ ਦੇ ਲੁਕਣ ਲਈ ਥਾਂ, ਨਾ ਲੇਲਿਆਂ ਦੇ ਖਾਣ ਲਈ ਹਰੇ ਕਚੂਰ ਪੱਤੇ। ਕਦੇ-ਕਦੇ ਉਹ ਧਾਹਾਂ ਮਾਰ ਕੇ ਰੋਣ ਲੱਗ ਪੈਂਦਾ। ਫਿਰ ਹੌਕੇ ਭਰਦਾ ਕਹਿੰਦਾ, ”ਰੱਬ ਦੇ ਮਰੇ ਤੋਂ ਮੈਂ ਉਹਦੀ ਮਕਾਣੇ ਆਇਆ ਵਾਂ, ਜਿੱਦਣ ਭੋਗ ਪੈ ਗਿਆ ਆਪਾਂ ਉਦਣ ਹੀ ਏਥੋਂ ਚਲੇ ਜਾਣਾ ਏ। ਫਿਰ ਉਹ ਹੌਲਾ-ਹੌਲਾ ਫੁੱਲ ਹੋ ਕੇ ਊਂਘਣ ਲੱਗ ਪੈਂਦਾ। ਉਹਦੇ ਹੱਥ ਬੱਕਰੀਆਂ ਚੱਟਦੀਆਂ ਰਹਿੰਦੀਆਂ। ਮੇਮਣੇ ਉਹਦੀ ਗੋਦੀ ਵਿਚ ਲਾਡਲੇ ਪੁੱਤਰਾਂ ਵਾਂਗ ਅੱਖੀਆਂ ਮੀਟੀ ਪਏ ਰਹਿੰਦੇ। ਪਿੰਡ ਨੂੰ ਮੁੜਦਿਆਂ ਨਸ਼ੇ ਦੀ ਲੋਰ ਵਿਚ ਉਹ ਮੱਝਾਂ, ਗਾਵਾਂ, ਕੁੜੀਆਂ, ਬੁੱਢੀਆਂ ਸਭ ਦੇ ਸਿਰ ਪਲੋਸ ਜਾਂਦਾ।
ਉਹ ਅਵਾਰਾ ਸੂਈਆਂ ਕੁੱਤੀਆਂ ਨੂੰ ਰੋਟੀਆਂ ਪਕਾ-ਪਕਾ ਕੇ ਖੁਆਉਂਦਾ ਰਹਿੰਦਾ। ਉਹਨਾਂ ਦੇ ਕਤੂਰਿਆਂ ਲਈ ਪਰਾਲੀ ਦੇ ਘੋਰਨੇ ਬਣਾਉਂਦਾ, ਜੇ ਕਦੀ ਕੋਈ ਬਾਲ, ਕਤੂਰਿਆਂ ਨੂੰ ਮਾਰਦਾ, ਉਹ ਆਪ ਅੰਝਾਣਿਆਂ ਵਾਂਗ ਉਹਨਾਂ ਦੇ ਘਰੀਂ ਉਲਾਂਭਾ ਦੇਣ ਜਾਂਦਾ। ਬੁੱਢੇ ਬਲਦਾਂ ਦੀਆਂ ਜ਼ਖ਼ਮੀ ਹੋਈਆਂ ਲੱਤਾਂ ’ਤੇ ਪੱਟੀਆਂ ਬੰਨ੍ਹਦਾ, ਉਹਨਾਂ ਨੂੰ ਗਰਮ ਪਾਣੀ ਨਾਲ ਧੋਂਦਾ ਰਹਿੰਦਾ, ਲੋਕਾਂ ਦੇ ਟੱਕ ਤੋਂ ਪੱਠੇ ਵੱਢ ਕੇ ਉਹਨਾਂ ਅੱਗੇ ਸੁੱਟਦਾ ਹੋਇਆ ਕਰਿਝਦਾ ”ਸਾਰੀ ਉਮਰ ਲਹੂ ਪੀ ਕੇ ਹੁਣ ਆਪਣੇ ਪਿਉਆਂ ਨੂੰ ਮੁੱਠ ਪੱਠੇ ਵੀ ਨਹੀਂ ਪਾਉਂਦੇ। ਸਾਰੀ ਉਮਰ ਦੀ ਕਮਾਈ ਖਾ ਕੇ ਮਗਰੋਂ ਗਲੋਂ ਰੱਸਾ ਲਾਹ ਦਿੰਦੇ ਨੇ, ਹਾਲੇ ਕਹਿੰਦੇ ਨੇ ਰੱਬ ਸਭ ਕੁਝ ਸੁਣਦਾ ਵੇਖਦਾ ਏ। ਮੈਂ ਆਹਨਾ ਰੱਬ ਤੇ ਓਦਨ ਹੀ ਅੰਨ੍ਹਾ ਬੋਲਾ ਹੋ ਗਿਆ ਸੀ ਜਿੱਦਣ ਉਹਨੇ ਕੁੱਤੇ ਵਾਲਾ ਆਟਾ ਬੰਦੇ ਨੂੰ ਦੇ ਦਿੱਤਾ ਸੀ। ਬੰਦੇ ਜਿੰਨਾ ਲਾਲਚੀ, ਖ਼ੁਦਗਰਜ਼ ਤੇ ਮੱਕਾਰ ਕੋਈ ਜਾਨਵਰ ਹੈ ਈ ਨਹੀਂ। ਐਵੇਂ ਆਪਣੀਆਂ ਸਿਫ਼ਤਾਂ ਆਪ ਕਰਕੇ ਫੁੱਲਿਆ ਫਿਰਦੈ।’’
ਦਿੱਤੂ ਨੇ ਬੇਦਰਦੀ ਨਾਲ ਪੈਲੀ ਨੂੰ ਹੂੰਝਾ ਫੇਰਿਆ। ਜੇ ਕਿਸੇ ਨੇ ਡੱਕਣਾ ਕਿ ਕਿਉਂ ਜੱਦੀ ਜਾਇਦਾਦ ਫੂਕਦੈਂ, ਉਹਨੇ ਸੁਭੈਕੀ ਕਹਿਣਾ, ”ਮੈਂ ਕਿਹੜਾ ਖਾਰੇ ਚੜ੍ਹਣਾ ਜਾਂ ਵਰੀ ਦੇ ਸੂਟ ਖਰੀਦਨੇ ਨੇ। ਖੌਰੇ ਚਾਰ ਦਿਨ ਸੂਰਜ ਵੇਖਣਾ ਏ ਕਿ ਨਹੀਂ, ਮੇਰੇ ਮਰੇ ਤੋਂ ਕਿਹੜਾ ਨੂੰਹਾਂ ਨੇ ਆ ਕੇ ਪੈਰੀਂ ਹੱਥ ਲਾਉਣੈ। ਮੈਨੂੰ ਤੇ ਲੱਗਦੈ ਮੇਰੀ ਦੇਹ ਨੂੰ ਵੀ ਸਰਕਾਰ ਨੂੰ ਈ ਫੂਕਣਾ ਪੈਣਾ। ਔਂਤਰੇ ਨਿਪਤਰੇ ਬੰਦਿਆਂ ਦੇ ਪੇਕੇ ਸਹੁਰੇ ਸਰਕਾਰਾਂ ਈ ਹੁੰਦੀਆਂ ਨੇ। ਤੁਸੀਂ ਕਿਉਂ ਫ਼ਿਕਰ ਕਰਦੇ ਓ। ਨਾਲੇ ਜਿ੍ਹਦੀ ਮਿੱਟੀ ਵਿਕੇ, ਉਹਦੇ ਜਿਹਾ ਕਰਮਾਂ ਵਾਲਾ ਕੌਣ ਏ।’’
ਪਿੰਡ ਦੀ ਬਜ਼ੁਰਗ ਮਾਂ ਅਤਰੀ ਦੀ ਨਜ਼ਰ ਦਿੱਤੂ ਦੀ ਜ਼ਮੀਨ ਵਾਂਗ ਕਦੋਂ ਦੀ ਗਾਇਬ ਹੋ ਚੁੱਕੀ ਸੀ। ਉਹਦਾ ਕੋਈ ਪੁੱਤਰ ਪੋਤਰਾ ਨਹੀਂ ਸੀ। ਉਹਨੇ ਦਿੱਤੂ ਨੂੰ ਤਰਲਾ ਮਾਰਿਆ ਕਿ ਮਰਨ ਤੋਂ ਪਹਿਲਾਂ ਉਹਨੂੰ ਅੰਬਰਸਰ ਦਾ ਇਸ਼ਨਾਨ ਕਰਾ ਦੇਵੇ, ਤੇ ਫਿਰ ਉਹ ਚੈਨ ਨਾਲ ਮਰ ਸਕੇਗੀ। ਦਿੱਤੂ ਅਗਲੇ ਦਿਨ ਉਹਦੀ ਡੰਗੋਰੀ ਫੜ ਕੇ ਸਿਰ ’ਤੇ ਗਠੜੀ ਚੁੱਕ ਕੇ ਦਰਸ਼ਣਾਂ ਲਈ ਲੈ ਤੁਰਿਆ। ਰਾਤੀਂ ਉਹ ਗੁਰਦੁਆਰੇ ਅਪੜੇ। ਸਵੇਰੇ ਉਹਨਾਂ ਇਸ਼ਨਾਨ ਕਰਕੇ ਸਵਾ ਪੰਜ ਰੁਪਿਆਂ ਦਾ ਪ੍ਰਸ਼ਾਦ ਕਰਾਉਣਾ ਸੀ। ਅੱਧੀ ਰਾਤੀਂ ਫੌਜ ਅੰਦਰ ਆਣ ਵੜੀ। ਦਿੱਤੂ ਨੇ ਸੋਚਿਆ ਕਿਧਰੇ ਦੂਜੇ ਮੁਲਕ ਨਾਲ ਜੰਗ ਲੱਗ ਗਈ ਹੋਣੀ ਏ। ਇਹ ਪਹਿਲਾਂ ਮੱਥਾ ਟੇਕ ਕੇ ਅਰਦਾਸ ਕਰਨ ਆਏ ਹੋਣਗੇ। ਉਹਨੂੰ ਪਹਿਲੀ ਵਾਰ ਰੱਬ ਦੀ ਵਡੱਤਣ ਦਾ ਖ਼ਿਆਲ ਆਇਆ। ਹਰਿਮੰਦਰ ਦੀ ਸੁਨਹਿਰੀ ਲਿਸ਼ਕੋਰ ਉਹਦੇ ਧੁਰ ਅੰਦਰ ਚਾਨਣ ਕਰ ਗਈ। ਪਰ ਇਹ ਕੀ? ਕੁਝ ਪਲਾਂ ਵਿਚ ਹੀ ਫੌਜ ਨੇ ਸ਼ਰਧਾਲੂਆਂ ਨੂੰ ਦਾਣਿਆਂ ਵਾਂਗ ਭੁੰਨ ਦਿੱਤਾ। ਬਾਕੀ ਬਚਦਿਆਂ ਨੂੰ ਇਕ ਵੱੜੇ ਕਮਰੇ ਵਿਚ ਤੂੜੀ ਵਾਂਗ ਤੂੜ ਦਿੱਤਾ। ਉਤੋਂ ਲੋਹੜੇ ਦੀ ਗਰਮੀ, ਤੋਪਾਂ ਦੇ ਮੂੰਹ ਵਿਚੋਂ ਨਿਕਲਦੀ ਅੱਗ, ਮਾਂ ਅਤਰੀ ਮੁੜ-ਮੁੜ ਦਿੱਤੂ ਨੂੰ ਕਹੇ, ”ਦਿੱਤੂ ਆਪਾਂ ਹਰਿਮੰਦਰ ਸਾਹਿਬ ਵਿਚ ਨਹੀਂ ਹਾਂ, ਮੈਨੂੰ ਲੱਗਦੈ ਤੂੰ ਫ਼ੀਮ ਦੇ ਲੋਰ ਵਿਚ ਕਿਤੇ ਬਾਡਰ ਨੇੜੇ ਲੈ ਗਿਐਂ। ਏਥੇ ਤੇ ਮੀਂਹ ਵਾਂਗ ਗੋਲੀ ਪਈ ਵਰ੍ਹਦੀ ਏ।’’ ਦਿੱਤੂ ਨੇ ਮਾਂ ਅਤਰੀ ਦੀ ਖੱਬੀ ਬਾਂਹ ਘੁੱਟ ਕੇ ਫੜੀ ਸੀ। ਦੋ ਦਿਨ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸਦੇ ਇਕ ਦੂਜੇ ਦੇ ਮੁੜ੍ਹਕੇ ਨੂੰ ਚੱਟ ਕੇ ਉਹ ਜ਼ਿੰਦਗੀ ਦੀ ਮੁੱਠੀ ਵਿਚੋਂ ਕੱਕੀ ਰੇਤ ਵਾਂਗ ਕਿਰਦੇ ਗਏ। ਜਦੋਂ ਕਮਰੇ ਦਾ ਬੂਹਾ ਖੁੱਲਿ੍ਹਆ ਤਾਂ ਫੌਜੀਆਂ ਨੇ ਵੇਖਿਆ ਕਿ ਇਕ ਹੱਡੀਆਂ ਦਾ ਪਿੰਜਰ, ਇਕ ਬੁੱਢੀ ਮਾਈ ਦੇ ਹੱਥ ਨੂੰ ਘੁੱਟੀ ਉਹਦੇ ਪੈਰਾਂ ਵਿਚ ਪਿਆ ਏ। ਮਾਈ ਦਾ ਸੱਜਾ ਹੱਥ ਉਹਦੇ ਸਿਰ ਦੇ ਅਣਵਾਹੇ ਵਾਲਾਂ ’ਚ ਫਸਿਆ ਸੀ। ਸਸਕਾਰ ਕਰਨ ਤੋਂ ਪਹਿਲਾਂ ਜਦੋਂ ਉਹਨਾਂ ਮਾਈ ਤੇ ਪਿੰਜਰ ਬਣੀ ਲਾਸ਼ ਦੀ ਤਲਾਸ਼ੀ ਲਈ ਤਾਂ ਮਾਈ ਦੇ ਦੁਪੱਟੇ ਦੇ ਲੜੋਂ ਹਰਿਮੰਦਰ ਦੀ ਮਰੋੜੀ ਹੋਈ ਤਸਵੀਰ ਨਿਕਲੀ, ਤੇ ਦਿੱਤੂ ਦੇ ਬੋਝੇ ਵਿਚੋਂ ਇਕ ਗੁੜ ਦੀ ਅੱਧੀ ਖਾਧੀ ਢੇਲੀ ਤੇ ਕਾਂ ਦੀ ਅੱਖ ਜਿੰਨੀ ਅਫ਼ੀਮ। ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਆਏ ਸ਼ਰਧਾਲੂ, ਇਕੱਠਿਆਂ ਹੀ ਪਟਰੋਲ ਪਾ ਕੇ ਸਦਾ ਲਈ ਇਕਮਿੱਕ ਕਰ ਦਿੱਤੇ ਗਏ। ਉਹਨਾਂ ਦੀ ਮੋਈ ਮਿੱਟੀ ਵੀ ਘਰਦਿਆਂ ਨੂੰ ਨਸੀਬ ਨਾ ਹੋਈ। ਏਡੀ ਪੱਕੀ ਪੀਡੀ ਆਪਸੀ ਸਾਂਝ ਆਪਣੀ ਬਹਾਦਰ ਫੌਜ ਨਾਲੋਂ ਵੱਧ ਹੋਰ ਕਿਹੜਾ ਬਣਾ ਸਕਦਾ ਸੀ।
ਜਿੱਦਣ ਮਾਈ ਅਤਰੀ ਤੇ ਦਿੱਤੂ ਅੰਮ੍ਰਿਤਸਰ ਜਾਣ ਲਈ ਤੁਰੇ ਸਨ ਤਾਂ ਪਹਿਲੀ ਵਾਰ ਡੱਬੂ ਨੇ ਨਾਲ ਜਾਣ ਦੀ ਜ਼ਿੱਦ ਕੀਤੀ। ਦਿੱਤੂ ਦੇ ਲੱਖ ਦਬਕਾਉਣ ’ਤੇ ਵੀ ਉਹ ਪੱਕੇ ਦੋ ਕੋਹ ਉਹਨਾਂ ਦੇ ਮਗਰ ਗਿਆ। ਜਦੋਂ ਉਹ ਬੱਸ ਚੜ੍ਹੇ, ਉਹ ਪੂਰੇ ਜ਼ੋਰ ਨਾਲ ਮਗਰ ਭੱਜਿਆ। ਅਖੀਰ ਹੰਭ ਕੇ ਪਿੰਡ ਮੁੜ ਆਇਆ। ਦੋ ਦਿਨ ਚੁੱਪ ਚਾਪ ਲੰਮਾ ਪਿਆ ਰਿਹਾ। ਪਿੰਡ ਦੇ ਹੋਰ ਕੁੱਤੇ ਵੀ ਕਦੀ-ਕਦੀ ਅਜੀਬ ਆਵਾਜ਼ਾਂ ਕੱਢਣ ਲੱਗ ਪਏ। ਪਿੰਡ ਵਾਲਿਆਂ ਦਾ ਇਹਨਾਂ ਭੈੜੀਆਂ ’ਵਾਜਾਂ ਨਾਲ ਤਰਾਹ ਨਿਕਲ ਗਿਆ। ਪਿਛਲੇ ਦੋ ਤਿੰਨ ਦਿਨਾਂ ਤੋਂ ਹਵਾ ’ਚੋਂ ਭੈੜੀਆਂ ਖ਼ਬਰਾਂ ਦੀ ਬਦਬੂ ਨੱਕ ਵਿਚ ਵੜਕੇ ਨਿਕਲਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਟਰੱਕਾਂ ’ਚੋਂ ਉਤਰ ਕੇ ਫਿਰਦੇ ਫੌਜੀ ਉਹਨਾਂ ਨੂੰ ਪਹਿਲੀ ਵਾਰ ਕਿਸੇ ਮੁਰਦਾਰ ’ਤੇ ਫਿਰਦੀਆਂ ਗਿਰਝਾਂ ਵਾਂਗ ਲੱਗੇ। ਉਹ ਕਿਸੇ ਬਹੁਤੀ ਮਾੜੀ ਖ਼ਬਰ ਦੀ ਕੰਨਸੋਅ ਤੋਂ ਡਰਦੇ ਕੰਨਾਂ ਵਿਚ ਉਂਗਲਾਂ ਦੇਣ ਲੱਗ ਪਏ। ਡੱਬੂ ਕਈ ਦਿਨ ਦਿੱਤੂ ਦੀ ਉਡੀਕ ਵਿਚ ਉਹਦੀ ਮੰਜੀ ਦੇ ਕੋਲ ਅਧ ਮੋਇਆ ਲੇਟਿਆ ਰਿਹਾ। ਜਦੋਂ ਜਰਾ ਕੁ ਸੁਰਤ ਆਉਂਦੀ ਉਹਦੇ ਪਾਟੇ ਬਿਸਤਰੇ ਨੂੰ ਸੁੰਘਦਾ ਨਿਢਾਲ ਹੋ ਜਾਂਦਾ। ਅਖ਼ੀਰ ਉਹਦੇ ਚਾਹ ਵਾਲੇ ਚਿੱਬ ਖੜਿਬੇ ਪਤੀਲੇ ਵਿਚ ਸਿਰ ਫਸਾ ਕੇ ਸਦਾ ਲਈ ਸੌਂ ਗਿਆ।
ਦਿੱਤੂ ਦੀ ਗੱਲ ਸੱਚੀ ਨਿਕਲੀ। ਮਾਂ ਅਤਰੀ ਤੇ ਦਿੱਤੂ ਦਾ, ਸਰਕਾਰ ਬਿਨਾਂ ਇਸ ਦੁਨੀਆ ਵਿਚ ਹੋਰ ਕੌਣ ਸੀ। ਤੇ ਸਰਕਾਰ ਨੇ ਸ਼ਾਹੀ ਸਨਮਾਨ ਨਾਲ, ਜਿੱਦਾਂ ਇਹਨਾਂ ਦਾ ਸਸਕਾਰ ਕੀਤਾ, ਉਹ ਹਾਰੀ ਸਾਰੀ ਦੇ ਨਸੀਬਾਂ ਵਿਚ ਨਹੀਂ ਹੁੰਦਾ।