ਘਰ
ਰਾਤ ਦੇ ਅੰਨ੍ਹੇਰੇ ’ਚ
ਗੱਡੀ ਦੇ ਖੜਾਕ ਨਾਲ਼ ਘਰ ਜਾਗਦੈ
ਨੇਰ੍ਹੇ ਤੋਂ ਡਰਦਾ
ਜਦੋਂ ਟਾਹਲੀ ਵਿਚ ਦੀ ਹਵਾ ਗੁਜ਼ਰਦੀ ਹੈ
ਘਰ ਠੰਢੇ ਸਾਹ ਭਰਦੈ
ਚਾਨਣ ਨੂੰ ਉਡੀਕਦਾ
ਸੁਬ੍ਹਾ ਸਵੇਰੇ ਚੁੱਲ੍ਹੇ ‘ਤੇ
ਚਾਹ ਦੀ ਪਤੀਲੀ ਨਹੀਂ ਖੜਕਦੀ
ਜੱਸੀ ਦੀ ਬਾਟੀ ਚ ਚਾਹ ਪੀਣ ਦੀ ਜ਼ਿੱਦ
ਕੌਲੇ ਕੋਲ਼ ਪਈ ਬਾਟੀ ਚ ਸਿਸਕਦੀ ਹੈ
ਬੇਰੀ ਹੇਠ
ਕੰਧ ਨਾਲ਼ ਢੋਅ ਲਾਈ ਊਂਘ ਰਹੀ ਹੈ ਢਾਂਗੀ
ਜਾਣੂ ਹੱਥਾਂ ਦੀ ਛੋਹ ਭਾਲ਼ਦੀ
ਪੈਂਦੇ ਮੀਂਹ ਚ ਜੁਆਕ ਪਿੱਤ ਨਹੀਂ ਮਾਰਦੇ
ਨਾ ਮੰਜੀ ਡਾਹ ਕੋਈ ਸਿਆਲ਼ੀ ਧੁੱਪ ਸੇਕਦੈ
ਦਰਵਾਜੇ ਵਿਚ ਖੜਾ ਗੱਡਾ
ਖੂੰਜੇ ਪਈ ਪਰਾਣੀ ਵੱਲ ਵੇਖਦਾ
ਕਿੱਲੇ ਨਾਲ਼ ਟੰਗੇ ਘੁੰਗਰੂ ਨਿਹਾਰਦਾ
ਬਲ਼ਦਾਂ ਨੂੰ ਉਡੀਕਦੈ
ਛੱਤਾਂ ਤੋਂ ਜਾਲ਼ੇ ਲਟਕ ਰਹੇ ਹਨ
ਕੰਧਾਂ ਤੋਂ ਲਿਓੜ ਝਾਕਦੇ ਹਨ
ਨਾ ਕਿਧਰੇ ਵੀਰ ਦੀ ਪੱਗ ਸੁੱਕਦੀ ਹੈ
ਨਾ ਭੈਣ ਦਾ ਡੋਰੀਆ ਉਡਦਾ
ਰੁਲ਼ ਰਹੇ ਸੁੱਕੇ ਪੱਤਰ ਦੇਖ
ਘਰ ਘਰ ਦੇ ਜੀਆਂ ਨੂੰ ਹਾਕਾਂ ਮਾਰਦੈ
ਦੂਰੋਂ ਹਾਰਨ ਸੁਣ ਘਰ ਕੰਨ ਚੁੱਕਦੈ
ਹੌਲ਼ੀ-ਹੌਲ਼ੀ ਨੇੜੇ ਆਉਂਦੀ ਆਵਾਜ਼ ਨੂੰ ਦੇਖਦਾ
ਪਰਾਹੁਣੀਆਂ
ਕੁੜੀਆਂ ਪਰਾਹੁਣੀਆਂ ਆਈਆਂ ਨੇ
ਘਰ ਵਿੱਚੋਂ ਢੂੰਡਦੀਆਂ ਹਨ
ਪੁਰਾਣੇ ਨਕਸ਼, ਰੋਲ਼-ਘਚੋਲ਼ਾ
ਟੁਣਕਦੀਆਂ ਆਵਾਜ਼ਾਂ
ਪਰਾਹੁਣੀਆਂ ਕੁੜੀਆਂ ਘਰ ਦੇ ਹਰ ਕੋਣੇ ਨੂੰ
ਵੇਖਦੀਆਂ ਹਨ ਅੱਖਾਂ ਤੇ ਹੱਥ ਧਰ-ਧਰ
ਪੋਲੇ ਹੱਥੀਂ ਪਲੋਸਦੀਆਂ ਹਨ
ਰਜਾਈ ਗਦੈਲੇ, ਕੱਢੀਆਂ ਚੱਦਰਾਂ, ਸਿਰਹਾਣੇ
ਬੁੱਢੀ ਮਾਮੀ ਨੂੰ ਮਿਲ਼
ਕੁੜੀਆਂ ਸਾਰੀ ਰਾਤ ਗੱਲਾਂ ਚ ਲੰਘਾਉਂਦੀਆਂ ਹਨ
ਅਪਣੀ ਮੁੱਕ ਚੁੱਕੀ ਮਾਂ ਦੀ ਗੱਲ ਕਰਦੀਆਂ ਹਨ
ਤੁਰ ਗਏ ਮਾਮੇ ਦੀਆਂ ਬਾਤਾਂ ਪਾਉਂਦੀਆਂ ਹਨ
ਪਰਾਹੁਣੀਆਂ ਕੁੜੀਆਂ ਇਕ ਦੂਜੇ ਦੇ ਦੁੱਖ-ਸੁੱਖ ਕਰਦੀਆਂ
ਹੰਝੂ ਕੇਰਦੀਆਂ
ਖਿੜ ਖਿੜ ਹੱਸਦੀਆਂ ਹਨ
ਵਿਆਹ ਵਿਚ ਨੱਚ-ਨੱਚ ਬਉਲ਼ੀਆਂ ਹੋਈਆਂ
ਝੱਗਾ ਚੁੰਨੀ ਲੈ ਖ਼ੁਸ਼ ਹਨ
ਇਕ-ਇਕ ਕਰ ਪਰਾਹੁਣੀਆਂ ਕੁੜੀਆਂ ਤੁਰ ਜਾਣਗੀਆਂ
ਹੱਥ ਹਿਲਾਉਂਦੀਆਂ
ਪਿੱਛੇ ਮੁੜ-ਮੁੜ ਝਾਕਦੀਆਂ
ਹੱਥ ਚ ਫੜੀ ਗੰਢ ਨੂੰ ਸੰਭਾਲ਼ਦੀਆਂ
ਦੁਆਵਾਂ ਦਿੰਦੀਆਂ, ਖ਼ੈਰ ਮੰਗਦੀਆਂ
ਪਰਾਹੁਣੀਆਂ ਕੁੜੀਆਂ
ਕੰਡਾ
ਅਪਣੀ ਧੀ ਦੇ ਪੈਰ ‘ਚੋਂ ਕੰਡਾ ਕੱਢਣ ਲੱਗੀ
ਯਾਦ ਆਇਆ ਵਰਿ੍ਹਆਂ ਪਹਿਲਾਂ
ਜਦੋਂ ਕਿੱਕਰ ਦੀ ਸੂਲ਼ ਮੇਰੇ ਪੈਰ ਚ ਪੁੜ ਗਈ ਸੀ
ਮਾਂ ਸੂਈ ਨਾਲ਼ ਕੰਡਾ ਕੱਢਣ ਲੱਗੀ
ਸੂਈ ਕੰਡੇ ਤੋਂ ਤਿੱਖੀ ਪੀੜ ਵਾਲ਼ੀ ਲੱਗੀ
ਮੇਰਾ ਧਿਆਨ ਹੋਰ ਪਾਸੇ ਲਾਉਣ ਲਈ
ਮਾਂ ਮੈਨੂੰ ਅਪਣੇ
ਬਚਪਣ ਦੀ ਬਾਤ ਸੁਣਾਉਣ ਲੱਗੀ
ਤੇ ਮੈਂ ਉਹਦੇ ਬਚਪਣ ਦੇ ਕੋਮਲ ਮੂੰਹ ਵਲ ਵੇਖਦੀ ਰਹੀ
ਕੰਡਾ ਮੇਰੀ ਤਲ਼ੀ ‘ਤੇ ਰਖ ਉਹ
ਮੁਸਕਰਾਂਦੀ ਅਪਣੇ ਕੰਮ ਜਾ ਲੱਗੀ
ਭੂਆ ਦੀ ਧੀ
ਮੇਰੀ ਭੂਆ ਦੀ ਧੀ
ਇਕ ਹੱਥ ਚ ਗੁਟਕਾ ਫੜੀ
ਹਰ ਵੇਲੇ ਪਾਠ ਕਰਦੀ
ਰੱਬ ਤੋਂ ਮੁਕਤੀ ਮੰਗਦੀ
ਸੰਸਾਰ ਚ ਪੂਰੀ ਰਚੀ ਹੁੰਦੀ ਹੈ
ਪਾਠ ਕਰਦੀ ਨੂੰ ਪੂਰਾ ਪਤਾ ਹੁੰਦੈ
ਕੋਈ ਕੀ ਕਰਦੈ
ਕੀ ਕਹਿੰਦੈ
ਹਰ ਮੂੰਹ ਹਿਲਾਉਂਦੇ ਨੂੰ ਪੁੱਛਦੀ ਹੈ – “ਤੂੰ ਕੀ ਖਾਨੈਂ?”
ਤੇ ਪਾਠ ਦੀ ਲੜੀ ਜਾਰੀ ਰਖਦੀ ਹੈ
“ਭੋਰਾ ਮੈਨੂੰ ਵੀ ਦੇਈਂ”
ਕਹਿ ਗੁਟਕੇ ਨਾਲ਼ ਦਾ ਹੱਥ ਅੱਗੇ ਕਰ ਦਿੰਦੀ ਹੈ
ਪਾਠ ਕਰਦੀ-ਕਰਦੀ ਹੱਥ ਉਤਲੀ ਚੀਜ਼ ਖਾ ਕਹਿੰਦੀ ਹੈ –
“ਵੇ ਛੋਟਿਆ, ਮੇਰਾ ਹੱਥ ਸੁੱਚਾ ਕਰਾਈਂ”
ਇੱਕੋ ਜੂਠਾ ਹੱਥ ਧੋਂਦੀ
ਫਿਰ ਪਾਠ ਕਰਨ ਲਗ ਜਾਂਦੀ ਹੈ
ਮੇਰੀ ਭੂਆ ਦੀ ਧੀ
ਇਕ ਹੱਥ ਚ ਗੁਟਕਾ ਫੜੀ ਹਰ ਵੇਲੇ ਪਾਠ ਕਰਦੀ ਹੈ
ਸੁਰਿੰਦਰ ਕੌਰ ਚਾਹਲ ਨੇ 1962 ਵਿਚ ਪਟਿਆਲ਼ਿਓਂ ਪੰਜਾਬੀ ਦੀ ਐੱਮ.ਏ. ਕੀਤੀ ਸੀ। 1969 ਤੋਂ ਕੈਨੇਡਾ ਨਿਵਾਸ। ਇਨ੍ਹਾਂ ਦੀ ਸ਼ਾਇਰੀ ਕਿਸੇ ਪਰਚੇ ਵਿਚ ਪਹਿਲੀ ਵਾਰ ਛਪੀ ਹੈ।