ਪਿੰਡ ਦੀ ਫਿਰਨੀ ਤੋਂ ਅੱਗੇ
ਮੇਰਿਆਂ ਖੇਤਾਂ ’ਚ ਚਿਮਨੀ ਧੌਣ ਅਕੜਾਈ ਖੜ੍ਹੀ
ਉਸ ਦੁਆਲੇ ਦਿਓ ਹੈ ਜੋ ਇਸਪਾਤ ਦਾ
ਦੇਵਤੇ ਰੁੱਖਾਂ ਤੇ ਫਸਲਾਂ ਦੇਵੀਆਂ ਨੂੰ ਚਰ ਗਿਆ
ਪੁਰਖਿਆਂ ਦੀ ਜੂਹ ’ਚ ਟੂਣਾ ਕਰ ਗਿਆ
ਮੌਲਦੇ ਖੇਤਾਂ ’ਚ ਮੇਰੇ ਖ਼ੌਲਦੇ ਸੀਨੇ ’ਚ
ਡੂੰਘਾ ਕਿੱਲ ਗੱਡਿਆ ਹੈ ਤੁਸੀਂ
ਜੋ ਸਿਵੇ ਵਿਚ ਸੜਨ ਮਗਰੋਂ ਵੀ
ਮੇਰੀ ਰੂਹ ਵਿਚ ਰਹੇਗਾ ਰੜਕਦਾ
ਚਾਰ ਦੀਵਾਰੀ ਦੇ ਅੰਦਰ
ਦਿਓ ਦੇ ਪੈਰਾਂ ਹੇਠ ਮੇਰੇ ਖ਼ਾਬ ਸਨ
ਦੁੱਖਾਂ ਸੁੱਖਾਂ ਦੇ ਹਜ਼ਾਰਾਂ ਬਾਬ ਸਨ
ਰਿਜ਼ਕ ਸੀ, ਜੇਹੋ ਜਿਹਾ ਸੀ ਠੀਕ ਸੀ
ਰਿਸ਼ਤਿਆਂ ਵਿਚ ਇਸ ਤਰ੍ਹਾਂ ਨਾ ਲੀਕ ਸੀ
ਪਹਿਰ ਦੇ ਤੜਕੇ ਜਦੋਂ ਹਲ ਜੋੜਦਾ ਸਾਂ
ਪਹਿਲਾਂ ਜੀਆ ਜੰਤ ਦੀ ਸੁੱਖ ਲੋੜਦਾ ਸਾਂ
ਹਲ ਦੇ ਪਿੱਛੇ ਪਿੱਛੇ ਸੀ
ਘੁੱਗੀਆਂ ਗਟ੍ਹਾਰਾਂ ਆਉਂਦੀਆਂ
ਮੇਰੀ ਸੁਰ ਦੇ ਨਾਲ
ਸੁਰ ਆਪਣੀ ਮਿਲਾ ਕੇ ਗਾਉਂਦੀਆਂ
ਪਰ ਤੁਸੀਂ ਕਾਲੀ ਘਟਾ ਦੇ ਵਾਂਗ ਆਏ
ਰੋੜ੍ਹ ਕੇ ਸੰਸਾਰ ਮੇਰਾ ਲੈ ਗਏ
ਬੋਲਦੇ ਰੁੱਖਾਂ ਤੇ ਗੱਲਾਂ ਕਰਦੀਆਂ ਫ਼ਸਲਾਂ ਦੇ ਬਦਲੇ
ਭਰ ਕੇ ਥੈਲਾ ਕਾਗਜ਼ੀ ਬੇਜਾਨ ਟੁਕੜੇ ਦੇ ਗਏ
ਲਹਿਣੇਦਾਰਾਂ ਖੋਹ ਲਿਆ ਅੱਧਾ ਕੁ ਥੈਲਾ
ਬਾਕੀ ਬਚਦੇ ਕਾਗਜ਼ਾਂ ’ਤੇ
ਬੂਰ ਨਾ ਆਇਆ ਨਾ ਲੱਗੀਆਂ ਬੱਲੀਆਂ
ਕਾਗਜ਼ਾਂ ਕਰਕੇ ਦਿਲਾਂ ਵਿਚ ਦੂਰੀਆਂ ਪੈ ਚਲੀਆਂ
ਫੇਰ ਚਿਮਨੀ ’ਚੋਂ ਨਿਕਲਦੇ
ਕਾਲੇ ਧੂੰਏਂ ਨਾਲ ਅੰਨ੍ਹਾ ਹੋ ਗਿਆ ਮੇਰਾ ਖ਼ੁਦਾ
ਮੇਰੇ ਕੀਤੇ ਪੁੰਨ ਝੂਠੇ ਪੈ ਗਏ
ਮੈਂ ਜੋ ਮਿੱਟੀ ਵਿਚ
ਜਗ੍ਹਾ ਦਿੰਦਾ ਸੀ ਦੀਵੇ ਦਾਣਿਆਂ ਦੇ
ਹੁਣ ਬਨਾਉਟੀ ਰੌਸ਼ਨੀ ਦੇ ਨਾਲ ਹਾਂ ਚੁੰਧਿਆ ਗਿਆ
ਹੁਣ ਤਾਂ ਮੇਰੇ ਸੁਪਨਿਆਂ ਵਿਚ
ਪੈਲੀਆਂ ਜਦ ਆਉਂਦੀਆਂ ਨੇ
ਫੁੱਲ ਅੰਗਿਆਰਾਂ ਦੇ ਪੈਂਦੇ ਨੇ ਸਰ੍ਹੋਂ ਨੂੰ
ਟੀਂਡਿਆਂ ਅੰਦਰ ਜਿਵੇਂ ਵਿਸਫੋ਼ਟ ਹੁੰਦੇ
ਬੱਲੀਆਂ ਉੱਤੇ ਕਸੀਰਾਂ ਦੀ ਥਾਂ ਕਿਰਚਾਂ ਲਗਦੀਆਂ
ਮੌਲਦੇ ਖੇਤਾਂ ’ਚ ਮੇਰੇ ਖ਼ੌਲਦੇ ਸੀਨੇ ’ਚ
ਡੂੰਘਾ ਕਿੱਲ ਗੱਡਿਆ ਹੈ ਤੁਸੀਂ
ਜੋ ਸਿਵੇ ਵਿਚ ਸੜਨ ਮਗਰੋਂ ਵੀ
ਮੇਰੀ ਰੂਹ ਵਿਚ ਰਹੇਗਾ ਰੜਕਦਾ