ਸੰਨ ਸੰਤਾਲ਼ੀ ਦੇ ਉਜਾੜੇ ਦਾ ਹਾਲ
ਸੰਨ ਸੰਤਾਲੀ ਦਾ ਵੱਡਾ ਉਜਾੜਾ ਪੰਜਾਬ ਦਾ ਨਾਸੂਰ ਹੈ। ਵੀਹਵੀਂ ਸਦੀ ਦੇ ਮਗਰਲੇ ਅੱਧ ਦਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖਿਆ ਪੰਜਾਬੀ ਸਾਹਿਤ ਏਸ ਨਾਸੂਰ ਦੀ ਪੀੜ ਨਾਲ਼ ਭਰਿਆ ਪਿਆ ਹੈ। ਹੁਣ ਤਕ ਇਸ ਬਾਰੇ ਛੇ-ਸਤ ਫ਼ਿਲਮਾਂ ਬਣ ਚੁੱਕੀਆਂ ਹਨ। ਤਕਸੀਮ ਬਾਰੇ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ਬੇਲੀ 1952 ਵਿਚ ਮੰਟੋ ਤੇ ਅਹਮਦ ਰਾਹੀ ਨੇ ਰਲ਼ ਕੇ ਬਣਾਈ ਸੀ। ਸੰਤਾਲ਼ੀ ਦੇ ਸਤੀਸ਼ ਗੁਜਰਾਲ ਨੇ ਹੀ ਕੁਝ ਚਿਤ੍ਰ ਬਣਾਏ ਸਨ।
ਇਸ ਵੱਡੇ ਘੱਲੂਘਾਰੇ ਵਿਚ 2 ਲੱਖ ਤੋਂ ਵੀ ਵਧ ਮਾਰੇ ਗਏ ਪੰਜਾਬੀਆਂ ਦੀ ਯਾਦਗਾਰ ਪੰਜਾਬ ਵਿਚ ਕਿਤੇ ਨਹੀਂ ਬਣੀ।
ਲੋਕਾਂ ਦੀਆਂ ਹੱਡਬੀਤੀਆਂ ਸਨਦ ਕਰਨੀਆਂ ਅਜੋਕੀ ਇਤਿਹਾਸਕਾਰੀ (ਓਰਲ ਹਿਸਟਰੀ) ਦਾ ਜ਼ਰੂਰੀ ਅੰਗ ਜਾਣਿਆ ਜਾਂਦਾ ਹੈ। ਪਰ ਇਹ ਕੰਮ ਅੱਜ ਤਕ ਪੱਛਮੀ ਤੇ ਪੂਰਬੀ ਪੰਜਾਬ ਦੀ ਕਿਸੇ ਵੀ ਯੂਨੀਵਰਸਟੀ ਨੇ ਨਹੀਂ ਕੀਤਾ। ਜਵਾਹਰ ਲਾਲ ਯੂਨੀਵਰਸਟੀ ਦੇ ਇਤਿਹਾਸ ਵਿਭਾਗ ਵਿਚ ਪਾਰਟੀਸ਼ਨ ਦਾ ਪਰਚਾ ਸਿਲੇਬਸ ਵਿਚ ਲੱਗਾ ਹੋਇਆ ਹੈ; ਪਰ ਪੰਜਾਬ ਦੀ ਕਿਸੇ ਯੂਨੀਵਰਸਟੀ ਵਿਚ ਨਹੀਂ।
ਸੰਨ 1997 ਵਿਚ ਪੰਜਾਬ ਦੇ ਉਜਾੜੇ ਦੇ 50ਵੇਂ ਵਰ੍ਹੀਣੇ ਵੇਲੇ ਯੂਰਪ ਅਮਰੀਕਾ ਦੀਆਂ ਯੂਨੀਵਰਸਟੀਆਂ ਨੇ ਸੈਮੀਨਾਰ ਕੀਤੇ ਅਤੇ ਦਿੱਲੀ ਦੇ ਪ੍ਰਕਾਸ਼ਕਾਂ ਨੇ ਕਿਤਾਬਾਂ ਛਾਪੀਆਂ। ਇਸ ਦੌਰਾਨ ਓਮ ਪ੍ਰਕਾਸ਼ ਦੀ ਗ਼ੈਰਜਜ਼ਬਾਤੀ ਹੱਡਬੀਤੀ ਪਨਾਹਗੀਰ (ਲਕੀਰ, 1996) ਹੀ ਇੱਕੋ-ਇਕ ਛਪਿਆ ਸਿੱਕੇਬੰਦ ਬਿਰਤਾਂਤ ਹੈ।
ਉਰਵਸ਼ੀ ਬੁਤਾਲੀਆ ਦੀ ਦ’ ਅਦਰ ਸਾਈਡ ਆੱਵ ਸਾਈਲੈਂਸ (ਡੀਊਕ ਯੂਨੀਵਰਸਟੀ ਪ੍ਰੈੱਸ. 2000) ਇਜੇਹੀ ਇਕ ਹੋਰ ਕਿਤਾਬ ਹੈ। ਨਾਟਕ ਗਿਣਤੀ ਦੇ ਹੀ ਲਿਖੇ ਗਏ। ਮੰਟੋ ਦੀ ਕਹਾਣੀ ਟੋਭਾ ਟੇਕ ਸਿੰਘ ਦੇ ਕਈ ਡਰਾਮੇ ਬਣੇ ਹਨ। ਹੁਣ ਸ਼ਸ਼ੀ ਜੋਸ਼ੀ ਦਾ ਲਿਖਿਆ ਪੂਰਾ ਨਾਟਕ ਦ’ ਲਾਸਟ ਦਰਬਾਰ (ਔਕਸਫ਼ਰਡ ਯੂਨੀਵਰਸਟੀ ਪ੍ਰੈੱਸ) ਛਪਿਆ ਹੈ।
ਸਵੀਡਨ ਦੀ ਓਸਲੋ ਯੂਨੀਵਰਸਟੀ ਦੇ ਪੰਜਾਬੀ ਪ੍ਰੋਫ਼ੈਸਰ ਇਸ਼ਤਿਆਕ ਅਹਮਦ ਨੇ ਦਿੱਲੀ ਵਿਚ ਵਸਦੇ ਸੰਤਾਲ਼ੀ ਵਿਚ ਉੱਜੜੇ ਪੰਜਾਬੀਆਂ ਦੀਆਂ ਹੱਡਬੀਤੀਆਂ ਦਰਜ ਕੀਤੀਆਂ ਹਨ। ‘ਰਫ਼ੂਜੀਆਂ’ ਦੇ ਦੋ ਹੋਰ ਵੱਡੇ ਟਿਕਾਣੇ ਪਟਿਆਲ਼ੇ ਅਤੇ ਬੰਬਈ ਵਿਚ ਬਣੇ ਸਨ। ਓਥੇ ਜਾ ਵਸੇ ਪੰਜਾਬੀਆਂ ਦੀ ਵਾਰਤਾ ਕਿਸੇ ਨਹੀਂ ਲਿਖੀ। ਸੰਤਾਲ਼ੀ ਦੀਆਂ ਬਹੁਤ ਘਟ ਤਸਵੀਰਾਂ ਮਿਲ਼ਦੀਆਂ ਹਨ।
ਸੰਨ ਸੰਤਾਲ਼ੀ ਦੀਆਂ ਹੱਡਬੀਤੀਆਂ ਦਾ ਸਰਾਹੁਣਜੋਗ ਕੰਮ ਹੁਣ ਇੰਗਲੈਂਡ ਦੀ ਕਾਵੈਂਟਰੀ ਯੂਨੀਵਰਸਟੀ ਦੇ ਪ੍ਰੋਫ਼ੈਸਰ ਈਅਨ ਟਾਲਬੋਟ ਅਤੇ ਡਾਕਟਰ ਦਰਸ਼ਨ ਸਿੰਘ ਤਤਲੇ ਨੇ ਰਲ਼ ਕੇ ਕੀਤਾ ਹੈ।
ਸੰਪਾਦਕਾਂ ਦਾ ਦੱਸਣਾ ਹੈ ਕਿ ਇਹ ਇਸ ਉੱਦਮ ਵਾਸਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਕੋਲ਼ ਗਏ ਸਨ। ਪਰ ਲਹਿੰਦੇ ਪੰਜਾਬੋਂ ਉੱਜੜ ਕੇ ਆਏ ਪਰਿਵਾਰ ਦੇ ਜੰਮਪਲ਼ ਵਾਈਸ ਚਾਂਸਲਰ ਨੇ ਕੋਈ ਹੁੰਗਾਰਾ ਨਾ ਭਰਿਆ। ਉਹਨੂੰ ਪੰਜਾਬ ਦੇ ਇਸ ਮਹਾਨ ਦੁਖਾਂਤ ਦੇ ਇਤਿਹਾਸ ਨਾਲ਼ੋਂ ਪੰਜਾਬੀ ਪਰਵਾਸੀ (ਹੁਣ ‘ਡੈਸਪੋਰਾ’) ਨਿਮਨ-ਸਾਹਿਤ ਵਿਚ ਵਧੇਰੇ ਰੁਚੀ ਸੀ।
ਸੰਤਾਲ਼ੀ ਵਾਲ਼ੀ ਪੀੜ੍ਹੀ ਕਿਰਦੀ ਜਾ ਰਹੀ ਹੈ ਅਤੇ ਹੋਰ ਕੁਝ ਸਾਲਾਂ ਨੂੰ ਸਾਡੇ ਕੋਲ਼ ਇਸ ਉਜਾੜੇ ਦੇ ਚਸ਼ਮਦੀਦ ਗਵਾਹ ਨਹੀਂ ਰਹਿਣੇ।
ਅੰਗਰੇਜ਼ੀ ਦੀ ਇਸ 234- ਸਫ਼ਿਆਂ ਦੀ ਕਿਤਾਬ ਵਿਚ ਅਮ੍ਰਿਤਸਰ ਦੇ 25 ਔਰਤਾਂ ਤੇ ਮਰਦਾਂ (19 ਸਿੱਖ, 5 ਹਿੰਦੂ, 1 ਈਸਾਈ) ਦੀਆਂ ਗੱਲਾਂ ਇਹ ਸੋਚ ਕੇ ਦਰਜ ਕੀਤੀਆਂ ਗਈਆਂ ਹਨ ਕਿ ਅਮ੍ਰਿਤਸਰ ਓਦੋਂ ਪੰਜਾਬ ਵਿਚ ਹੋਈ ਵੱਢ-ਟੁੱਕ ਦਾ ਧੁਰਾ ਸੀ।
ਪੰਜਾਬੀ ਵਿਚ ਹੋਈਆਂ ਇਹ ਗੱਲਾਂ ਅੰਗਰੇਜ਼ੀ ਤਰਜਮੇ ਵਿਚ ਛਪੀਆਂ ਹੋਣ ਕਰਕੇ ਸ਼ਾਇਦ ਹਰ ਪੰਜਾਬੀ ਪਾਠਕ ਇਨ੍ਹਾਂ ਦੀ ਰੂਹ ਵਿਚ ਪੂਰਾ ਨਾ ਉਤਰ ਸਕੇ।
ਇਨ੍ਹਾਂ ਜਣਿਆਂ ਦੀਆਂ ਗੱਲਾਂ ਕਿਸੇ ਘੜੀ ਹੋਈ ਕਹਾਣੀ-ਨਾਵਲ ਨਾਲ਼ੋਂ ਕਿਤੇ ਵਧ ਦਿਲਚਸਪ ਹਨ। ਅਨੰਤ ਕੌਰ ਸੰਨ 47 ਵਿਚ ਲਹੌਰ ਕਾਲਿਜ ਵਿਚ ਪੜ੍ਹਦੀ ਸੀ। ਅਮ੍ਰਿਤਸਰ ਪੁਜ ਕੇ ਇਹਨੂੰ ਉਧਲ਼ੀਆਂ ਔਰਤਾਂ ਤੇ ਕੁੜੀਆਂ ਦੇ ਮੁੜ-ਵਸੇਬੇ ਦਾ ਕੰਮ ਮਿਲ਼ ਗਿਆ। ਇਹਦੀਆਂ ਗੱਲਾਂ ਪੜ੍ਹਦਿਆਂ ਮੈਨੂੰ ਪੰਜਾਬੀ ਕਹਾਣੀ ਦੇ ਉਸਤਾਦ ਕੁਲਵੰਤ ਸਿੰਘ ਵਿਰਕ ਅਤੇ ਰਾਜਿੰਦਰ ਸਿੰਘ ਬੇਦੀ ਦੀਆਂ ਸ਼ਾਹਕਾਰ ਕਹਾਣੀਆਂ ਦਾ ਖ਼ਿਆਲ ਆਉਂਦਾ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿ-ਚੁੱਕੇ ਸਕੱਤ੍ਰ ਗਿਆਨੀ ਮਹਿੰਦਰ ਸਿੰਘ ਦੇ ਸੰਨ 47 ਦੇ ਮੁੱਢਲੇ ਮਹੀਨਿਆਂ ਦੀਆਂ ਸਿਆਸੀ ਚਾਲਾਂ ਦੇ ਅਤੇ ਕਵੀ ਕਰਤਾਰ ਸਿੰਘ ਬਲੱਗਣ (ਚਲਾਣਾ 1969) ਦੇ ਪੁਤਰ ਚਰਨ ਸਿੰਘ ਦੀਆਂ ਗੱਲਾਂ ਵਿਚ ਕਈ ਪਹਿਲਾਂ ਨਾ-ਜਾਣੇ ਜਾਂਦੇ ਵੇਰਵੇ ਦਰਜ ਹਨ।
ਸਭਨਾਂ ਦੀਆਂ ਗੱਲਾਂ ਚੋਂ ਇਹ ਇੱਕੋ ਸੁਰ ਉੱਭਰਦੀ ਹੈ ਕਿ ਪੰਜਾਬ ਦੀ ਵੰਡ ਨਾਲ਼ ਕਿਸੇ ਦਾ ਕੁਝ ਨਹੀਂ ਸੌਰਿਆ ਕਿ ਇਹ ਨਿਰੀ ਅੰਗਰੇਜ਼ਾਂ ਅਤੇ ਦੇਸੀ ਬੇਈਮਾਨ ਸਿਆਸਤਦਾਨਾਂ ਦੀ ਚਾਲ ਸੀ; ਕਿ ਧਰਮ ਮਾੜਾ ਨਹੀਂ, ਫ਼ਿਰਕਾਪ੍ਰਸਤੀ ਮਾੜੀ ਹੈ।
ਮੈਂ ਸੰਤਾਲੀ ਦੇ ਜਿੰਨੇ ਵੀ ਬਿਰਤਾਂਤ ਪੜ੍ਹੇ ਹਨ, ਉਨ੍ਹਾਂ ਵਿਚ ਕਿਤੇ ਵੀ ਫ਼ਸਾਦਾਂ ਵੇਲੇ ਪੰਜਾਬੀ ਕਮਿਉਨਿਸਟਾਂ ਦੇ ਨਿਭਾਏ ਸ਼ਾਨਦਾਰ ਕੰਮ ਦਾ ਜ਼ਿਕਰ ਨਹੀਂ ਦਿਸਿਆ। ਭਾਵੇਂ ਹਿੰਦ ਕਮਿਉਨਿਸਟ ਪਾਰਟੀ ਦੇ ਗ਼ੈਰ-ਪੰਜਾਬੀ ਲੀਡਰ-ਬੰਦੇ ‘ਪਾਕਿਸਤਾਨ ਦੇ ਪਟਵਾਰੀ’ ਬਣੇ ਹੋਏ ਸੀ; ਪਰ ਪੰਜਾਬੀ ਕਮਿਉਨਿਸਟਾਂ ਨੇ ਦੇਸ ਦੀ ਵੰਡ ਦਾ ਵਿਰੋਧ ਕੀਤਾ ਸੀ (‘ਰੁਸਤਮ’ ਹਰਕਿਸ਼ਨ ਸਿੰਘ ਸੁਰਜੀਤ ਵਰਗਿਆਂ ਨੂੰ ਛੱਡ ਕੇ) ਅਤੇ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਅਮਨ ਕਮੇਟੀਆਂ ਬਣਾ ਕੇ ਹਜ਼ਾਰਾਂ ਲੋਕਾਂ ਦੇ ਜਾਨਮਾਲ ਦੀ ਰਾਖੀ ਕਰਨ ਦਾ ਨਾਨਕਪੰਥੀ ਕਾਰਜ ਨਿਭਾਇਆ ਸੀ।
ਕਿਤਾਬ ਦੇ ਅਖ਼ੀਰ ਵਿਚ ਸੰਨ ਸੰਤਾਲ਼ੀ ਬਾਰੇ ਪੰਜਾਬੀ ਤੇ ਅੰਗਰੇਜ਼ੀ ਵਿਚ ਛਪੀਆਂ ਇਤਿਹਾਸ ਦੀਆਂ ਤੇ ਸਾਹਿਤਕ ਕਿਤਾਬਾਂ ਦੀ ਕਾਰਆਮਦ ਲਿਸਟ ਹੈ।
–ਅ. ਚੰ.