ਇਕ
ਰੋਜ਼ ਰਾਤ
ਸੁੱਤੇ ਪਏ ਬੱਚਿਆਂ ਦੀ ਨੀਂਦ ਵਿਚ
ਆ ਵੜਦੇ ਨੇ ਘੋੜੇ
ਘੋੜੇ ਕੁਚਲ ਰਹੇ ਨੇ
ਬੱਚਿਆਂ ਨੂੰ
ਮੈਂ ਚਾਹੁੰਦਾਂ
ਕਿ ਬੱਚਿਆਂ ਦੀ ਨੀਂਦ ਵਿਚ ਜਾਵਾਂ
ਤੇ ਬਚਾਅ ਲਵਾਂ ਇਨ੍ਹਾਂ ਨੂੰ
ਘੋੜਿਆਂ ਦੇ ਸੁੰਮਾਂ ਤੋਂ
ਦੋ
ਕੋਈ ਲੜਕੀ
ਜੰਗਲ ’ਚ
ਸੁੱਕੇ ਪੱਤਿਆਂ ’ਚ
ਛੁਪਾ ਰਹੀ ਹੈ ਸੁਪਨਾ
ਜੋ ਕਈ ਰਾਤਾਂ ਤੋਂ
ਉਹ ਦੇਖਦੀ ਆ ਰਹੀ
ਉਹ ਚਾਹੁੰਦੀ ਤਾਂ ਸੀ
ਅਪਣੇ ਘਰ ’ਚ
ਕਿਸੇ ਨੁੱਕਰ ਚ ਸਾਂਭ ਕੇ ਰੱਖਣਾ
ਪਰ ਬਾਪ ਦੀਆਂ
ਸ਼ਰਾਬੀ ਅੱਖਾਂ ਦੇ ਖ਼ੌਫ਼ ਤੋਂ ਸਹਿਮ ਗਈ
ਹੁਣ ਉਹ ਕਈ ਰਾਤਾਂ ਤੋਂ
ਸੌਂ ਨਹੀਂ ਰਹੀ
ਏਸ ਡਰ ਨਾਲ਼
ਕਿ ਕੋਈ ਸੁਪਨੇ ਨੂੰ ਜੰਗਲ ’ਚੋਂ
ਚੁਰਾ ਨਾ ਲਵੇ
ਤਿੰਨ
ਡਰਾਇੰਗ ਰੂਮ ਦੇ ਪਰਦਿਆਂ ਪਿੱਛੇ
ਛੁਪ ਕੇ ਖੜ੍ਹੀ ਹਵਾ ਨੂੰ
ਮੈਂ ਢੂੰਡਦਾ ਹਾਂ
ਉਹਦੀ ਅਦ੍ਰਿਸ਼ ਦੇਹ ਨੂੰ
ਛੋਹਣ ਦੀ ਕੋਸ਼ਿਸ਼ ਕਰਦਾਂ
ਦਰਅਸਲ
ਉਹ ਮੇਰੀ ਮਾਂ ਹੈ
ਜੋ ਬੀਤੇ ਦਿਨਾਂ ਚ ਬੀਤ ਗਈ
ਚਾਰ
ਮੈਂ ਹੁਣ
ਕਿਸੇ ਬਜ਼ੁਰਗ ਔਰਤ ਨੂੰ ਦੂਰੋਂ ਦੇਖਦਾਂ
ਤਾਂ ਇੰਜ ਲਗਦੈ
ਕਿ ਮੇਰੀ ਮਾਂ ਤੁਰੀ ਆ ਰਹੀ ਹੈ
ਪਰ, ਜਦੋਂ
ਮੇਰੇ ਕੋਲ ਸੀ
ਵਰਿ੍ਹਆਂ ਤੋਂ ਕੋਲ
ਤਾਂ ਮੈਂ ੳਹਨੂੰ
ਦੇਖ ਨਹੀਂ ਸਾਂ ਸਕਿਆ