ਤੂੰ ਕਿਹਾ-
“ਹਮ ਲੜੇਂਗੇ।’’
ਤੇਰੇ ਬੋਲ ਜਿਉਂ ਗਗਨ ਦਮਾਮਾ ਬਾਜਿਓ।
ਅੰਦਰੋਂ ਆਵਾਜ਼ ਆਈ :
“ਅੰਬ ਜੂਝਨ ਕਾ ਚਾਓ।’’
ਇਕ ਅਗੰਮੀ ਚਾਓ ਵਿਚ ਜੂਝਦਾ ਰਿਹਾ।
ਜਦੋਂ ਵੀ “ਬਲੁ ਛੁਟਕਿਓ ਬੰਧਨ ਪਰੇ” ਦੀ ਹਾਲਤ ਆਉਂਦੀ।
ਤੇਰੇ ਬੋਲ ਯਾਦ ਆਉਂਦੇ : “ਹਮ ਲੜੇਂਗੇ।’’
ਜੂਝਣ ਦਾ ਚਾਓ ਹੋਰ ਪ੍ਰਚੰਡ ਹੋ ਜਾਂਦਾ।
ਹਰ ਯੁਗ ਵਿਚ “ਉਹ” ਸਮਝਦੇ ਹਨ :
ਸੂਰਜ ਨੂੰ ਗ੍ਰਹਿਣ ਲਗਾ ਸਕਦੇ ਹਨ
ਕਿਰਣਾਂ ਨੂੰ ਕਾਲ਼ਾ ਕਰ ਸਕਦੇ ਹਨ
ਚਾਂਦਨੀ ਨੂੰ ਮੈਲ਼ਾ ਕਰ ਸਕਦੇ ਹਨ।
ਭੁੱਲ ਜਾਂਦੇ ਹਨ ਕਿ
ਪਾਣੀ ਅੰਦਰ ਲੀਕ ਦਾ ਨਾਉਂ ਰਹਿੰਦਾ ਹੈ ਨਾ ਥਾਉਂ।
ਕਾਗ਼ਜ਼ ਦੇ ਰਾਵਣ ਸੀਤਾ-ਹਰਨ ਲਈ
ਚਹੁੰ ਦਿਸ਼ਾਈਂ ਲੋਹ-ਘੋੜੇ ਦੌੜਾਉਂਦੇ ਰਹੇ
ਪਰ ਰਾਮ-ਕਾਰ ਨੂੰ ਉਲੰਘ ਨਾ ਸਕੇ,
ਤੇਰੇ ਬੋਲ ਹੀ ਤਾਂ ਰਾਮ-ਕਾਰ ਸਨ
ਜੋ ਮੇਰੇ ਅੰਗ ਸੰਗ॥