ਸੰਨ 1964 ਦੇ ਸਿਆਲ਼ ਦੇ ਕਿਸੇ ਖਿੜੇ ਹੋਏ ਦਿਨ ਕਪੂਰਥਲ਼ੇ ਦਾ ਬੰਗਾਲੀ ਡੀ ਸੀ, ਡੀ. ਕੇ. ਦਾਸ ਸਾਡੇ ਪਿੰਡ ਚਾਚੋਕੀ ਸਰਕਾਰੀ ਦੌਰਾ ਕਰਨ ਆਇਆ। ਉਹਨੇ ਸਰਪੰਚ ਗਿਆਨੀ ਅਮਰ ਸਿੰਘ ਨੂੰ ਪੁੱਛਿਆ: ਤੁਹਾਡੇ ਪਿੰਡ ਹੋਰ ਕੀ ਦੇਖਣ ਵਾਲ਼ਾ ਹੈ? ਗਿਆਨੀ ਜੀ ਨੇ ਦੱਸਿਆ: ਸਾਡੇ ਪਿੰਡ ਦੇ ਆਰਟਿਸਟ ਸੋਹਣ ਕਾਦਰੀ ਦਾ ਸਟੂਡੀਓ।
ਗਿਆਨੀ ਜੀ ਡੀ ਸੀ ਨੂੰ ਮੇਰੇ ਘਰ ਲੈ ਆਏ। ਮੈਂ ਦਿੱਲੀ ਨੁਮਾਇਸ਼ ਲਾ ਕੇ ਹਾਲੇ ਮੁੜਿਆ ਹੀ ਸੀ ਅਤੇ ਤਸਵੀਰਾਂ ਵੀ ਹਾਲੇ ਖੁੱਲ੍ਹੀਆਂ ਹੀ ਪਈਆਂ ਸੀ। ਡੀ ਸੀ ਨੇ ਤਸਵੀਰਾਂ ਬੜੇ ਧਿਆਨ ਨਾਲ਼ ਦੇਖ ਕੇ ਆਖਿਆ: ਤੁਸੀਂ ਅਪਣੇ ਜ਼ਿਲ੍ਹੇ ਕਪੂਰਥਲ਼ੇ ਚ ਨੁਮਾਇਸ਼ ਲਾਓ। ਮੈਂ ਅੱਗੋਂ ਹਾਂ-ਹੂੰ ਕਰ ਦਿੱਤੀ।
ਫੇਰ ਡੀ ਸੀ ਨੇ ਪੁਰਜ਼ੋਰ ਸੁਝਾਅ ਦਿੱਤਾ: ਮੇਰੇ ਪਾਸ ਆਰਟ ਤੇ ਕਲਚਰ ਵਾਸਤੇ ਫ਼ੰਡਜ਼ ਹਨ, ਜੋ ਇਸ ਨੁਮਾਇਸ਼ ‘ਤੇ ਲਾਏ ਜਾ ਸਕਦੇ ਹਨ। ਮੈਂ ਫੇਰ ਹਾਂ-ਹੂੰ ਕਰ ਦਿੱਤੀ।
ਸੱਠਾਂ ਦਾ ਦਹਾਕਾ ਅਜੋਕੀ ਕਲਚਰਲ ਤ੍ਵਾਰੀਖ਼ ਚ ਬਹੁਤ ਅਹਿਮੀਅਤ ਰਖਦਾ ਹੈ। ਤਕਰੀਬਨ ਸਾਰੇ ਪੱਛਮੀ ਮੁਲਕਾਂ ਵਿਚ ਖ਼ਾਸ ਕਿLਸਮ ਦੀ ਅੰਤਰਰਾਸ਼ਟਰੀ ਪੱਧਰ ਦੀ ਲਹਿਰ ਚਲ ਰਹੀ ਸੀ। ਕੈਲੇਫ਼ੋਰਨੀਆ ਖ਼ਾਸ ਕਰਕੇ ਸਾਨ ਫ਼ਰਾਂਸਿਸਕੋ ਵਿਚ ਹਿੱਪੀ ਅਤੇ ਫ਼ਲਾਵਰ ਪਾਵਰ ਨੇ ਪ੍ਰਬਲ ਹਿਲਜੁਲ ਪੈਦਾ ਕੀਤੀ ਹੋਈ ਸੀ। ਫ਼੍ਰੀ ਸੈੱਕਸ, ਡਰੱਗਜ਼ ਅਤੇ ਰੌਕ-ਨ-ਰੋਲ ਵਰਗੇ ਨਿਤ ਨਵੇਂ ਤਜਰਬੇ ਹੋ ਰਹੇ ਸਨ। ਨੀਊਯੌਰਕ ਵਿਚ ਐਲਨ ਗਿਨਜ਼ਬਰਗ ਤੇ ਹੋਰ ਕਵੀਆਂ ਨੇ ਬੀਟਨਿਕ ਲਹਿਰ ਚਲਾਈ ਹੋਈ ਸੀ। ਲੰਡਨ ਚ ਬੀਟਲਜ਼ ਮਹਾਰਿਸ਼ੀ ਮਹੇਸ਼ ਯੋਗੀ ਦੇ ਚੇਲੇ ਬਣੇ ਬੈਠੇ ਸਨ। ਇੰਜ ਸਮੁੱਚੇ ਕਲਚਰ, ਖ਼ਾਸ ਕਰਕੇ, ਸੰਗੀਤ ਦੇ ਦਾਇਰੇ ਵਿਚ ਯੋਗ ਤੇ ਅਧਿਆਤਮ ਦਾ ਮੇਲ਼ਜੋਲ਼ ਹੋ ਗਿਆ। ਪੈਰਿਸ ਵਿਚ ਵਜੂਦੀਅਤ ਦੀ ਵਿਚਾਰਧਾਰਾ ਦੀ ਚਰਚਾ ਆਮ ਸੀ। ਆਸਟਰੀਆ ਅਤੇ ਸਵਿਟਜ਼ਰਲੈਂਡ ਵਿਚ ਮਨ ਦੀਆਂ ਪਰਤਾਂ ਦੀ ਖੋਜ ਤੇਜ਼ ਹੋ ਗਈ ਸੀ। ਕਲਾ ਵਿਚ ਡਾਡਾਵਾਦ ਅਤੇ ਐਬਸਰਡ ਥੀਏਟਰ ਦਾ ਬੋਲਬਾਲਾ ਹੋ ਗਿਆ। ਦੂਸਰੀ ਆਲਮੀ ਜੰਗ ਦੀ ਗਰਦ ਝਾੜਦਿਆਂ ਨਵੀਂ ਪੀੜ੍ਹੀ ਨੇ ਸਿਆਸੀ ਤੇ ਕਲਚਰਲ ਜ਼ਾਵੀਏ ਉਲ਼ਟਾ-ਪੁਲ਼ਟਾ ਛੱਡੇ। ਨਵੀਂ-ਨਵੇਲੀ ਐਵੋਲੀਊਸ਼ਨਰੀ ਰੈਵੋਲੀਉਸ਼ਨਰੀ ਚੇਤਨਾ ਦਾ ਆਗ਼ਾਜ਼ ਹੋ ਗਿਆ। ਗਲੋਬਲ ਪਿੰਡ ਬੱਝਣਾ ਸ਼ੁਰੂ ਹੋ ਗਿਆ। ਇਸ ਸਾਰੇ ਪਿਛੋਕੜ ਵਿਚ ਪਿੰਡ ਚਾਚੋਕੀ ਵਿਚ ਪੰਜਾਬੀ ਆਰਟਿਸਟਾਂ ਦਾ ਲੂਜ਼ ਗਰੁੱਪ ਬਣਿਆ ਸੀ। ਇਹ ਦੁਨੀਆ ਦੀਆਂ ਸਾਰੀਆਂ ਪ੍ਰਯੋਗਸ਼ੀਲ ਲਹਿਰਾਂ ਦਾ ਹਾਮੀ ਸੀ। ਸਾਨੂੰ ਪਤਾ ਸੀ ਕਿ ਦੁਨੀਆ ਚ ਕੀ-ਕੁਝ ਹੋ ਰਿਹਾ ਹੈ। ਸਾਡਾ ਵੱਡਾ ਮਕਸਦ ਸੀ ਪੰਜਾਬੀ ਦੀਆਂ ਰੂੜ੍ਹੀਵਾਦੀ ਰਵਾਇਤੀ ਲੀਹਾਂ ਨੂੰ ਉਲੰਘਣਾ; ਖ਼ਾਸ ਕਰਕੇ ਪੁਰਾਣੀ ਚਿਤ੍ਰਕਾਰੀ ਦੇ ਢਾਂਚੇ ਨੂੰ ਨਵੀਂ ਜ਼ਿੰਦਗੀ ਬਖ਼ਸ਼ਣੀ।
ਜਿੱਦਣ ਡੀ ਸੀ ਮੇਰੇ ਘਰ ਆਇਆ, ਓਦਣ ਹੀ ਤਕਾਲ਼ਾਂ ਨੂੰ ਹਰਦੇਵ ਸਿੰਘ ਮੇਰੇ ਕੋਲ਼ ਆਇਆ। ਉਹ ਅਕਸਰ ਮੇਰੇ ਕੋਲ਼ ਆ ਕੇ ਰਹਿੰਦਾ ਹੁੰਦਾ ਸੀ। ਮੈਂ ਹਰਦੇਵ ਨੂੰ ਡੀ ਸੀ ਦਾ ਦੱਸਿਆ। ਇਹਨੇ ਗੱਲ ਫੜ ਲਈ ਅਤੇ ਅਗਲੇ ਹੀ ਦਿਨ ਡੀ ਸੀ ਨੂੰ ਕਪੂਰਥਲ਼ੇ ਜਾ ਟੱਕਰਿਆ। ਡੀ ਸੀ ਅਤੇ ਉਹਦੇ ਪੀ. ਏ. ਪ੍ਰੀਤਮ ਸਿੰਘ (ਪੀ ਸੀ ਐੱਸ) ਨੇ ਹਰਦੇਵ ਨੂੰ ਸੁਝਾਅ ਦਿੱਤਾ ਕਿ ਆਰਟਿਸਟਾਂ ਦੀ ਸਭਾ ਬਣਾ ਲਓ; ਫੇਰ ਪੈਸੇ ਮਿਲ਼ ਜਾਣਗੇ। ਓਸੇ ਰਾਤ ਹਰਦੇਵ ਚਾਚੋਕੀ ਮੇਰੇ ਕੋਲ਼ ਆ ਕੇ ਪੌ੍ਰਜੈਕਟ ਦੀਆਂ ਸਬੀਲਾਂ ਘੜਨ ਲਗ ਪਿਆ। ਮੈਂ ਬਾਹਲ਼ਾ ਗਰੁੱਪਬਾਜ਼ੀ ਦੇ ਹੱਕ ਚ ਨਹੀਂ ਸੀ। ਮੈਂ ਨਾਂ “ਲੂਜ਼ ਗਰੁੱਪ” ਸੋਚਿਆ। ਨਾ ਇਹਦਾ ਕੋਈ ਸੰਵਿਧਾਨ ਬਣਾਇਆ; ਪ੍ਰਧਾਨ ਸਕੱਤਰ ਖ਼ਜ਼ਾਨਚੀ ਮੀਤ-ਖ਼ਜ਼ਾਨਚੀ ਤਾਂ ਕੀ ਬਣਾਉਣੇ ਸੀ! ਫ਼ੈਸਲਾ ਇਹ ਹੋਇਆ ਕਿ ਮੈਨੀਫ਼ੈਸਟੋ ਲਿਖੇ ਹਰਦੇਵ ਤੇ ਬ੍ਰੋਸ਼ਰ ਡੀਜ਼ਾਈਨ ਕਰੂੰਗਾ ਮੈਂ।
ਮੁਲਕ ਰਾਜ ਆਨੰਦ ਓਦੋਂ ਚੰਡੀਗੜ੍ਹ ਪੰਜਾਬੀ ਯੂਨੀਵਰਸਟੀ ਦੀ ਟੈਗੋਰ ਚੇਅਰ ਦਾ ਪ੍ਰੋਫ਼ੈਸਰ ਹੁੰਦਾ ਸੀ। ਅਸੀਂ ਇਹਦੇ ਕੋਲ਼ ਜਾਂਦੇ, ਗੱਲਾਂ ਕਰਦੇ ਅਤੇ ਨਵੇਂ ਤੋਂ ਨਵੇਂ ਮਨਸੂਬੇ ਬਣਾਉਂਦੇ। ਮੁਲਕ ਰਾਜ ਦੀ ਲੂਜ਼ ਗਰੁੱਪ ਨੂੰ ਪੂਰੀ ਹੱਲਾਸ਼ੇਰੀ ਸੀ।
ਏਸੇ ਤਰ੍ਹਾਂ ਦਿੱਲੀ ਵਿਚ ਸਵਾਮੀਨਾਥਨ ਤੇ ਹੋਰ ਕਲਾਕਾਰਾਂ ਨੇ ਰਲ਼ ਕੇ ਓਕਤਾਵੀਓ ਪਾਜ਼ ਦੀ ਛਤਰਛਾਇਆ ਹੇਠ ’ਕੱਠ ਬੰਨ੍ਹਿਆ ਸੀ। ਉਸ ਗਰੁੱਪ ਦੇ ਸਾਰੇ ਕਲਾਕਾਰ ਹਰਦੇਵ ਦੇ ਜਾਣੂ ਸੀ। ਲੂਜ਼ ਗਰੁੱਪ ਦਾ ਮੈਨੀਫ਼ੈਸਟੋ ਓਸ ਗਰੁੱਪ ਦੇ ਮੈਨੀਫ਼ੈਸਟੋ ਨਾਲ਼ ਮਿਲ਼ਦਾ-ਜੁਲ਼ਦਾ ਹੈ। ਸਾਡੇ ਵਾਲ਼ਾ ਹਰਦੇਵ ਨੇ ਅੰਗਰੇਜ਼ੀ ਚ ਲਿਖਿਆ, ਜਿਹਦਾ ਪੰਜਾਬੀ ਉਲਥਾ ਸ.ਸ. ਮੀਸ਼ੇ ਨੇ ਕੀਤਾ; ਮੈਂ ਇਹਦੀ ਕਲਮਕਾਰੀ ਕੀਤੀ। ਇਹਦੇ ਵਿਚ ਇਨ੍ਹਾਂ ਕਲਾਕਾਰਾਂ ਦੀ ਸਿਆਣ ਕਰਵਾਈ ਗਈ ਸੀ: ਹਰਦੇਵ ਸਿੰਘ, ਸੋਹਣ ਕਾਦਰੀ, ਅਦਿਤੑਯ ਪ੍ਰਕਾਸ਼, ਕੇਵਲ ਸੋਨੀ, ਸ਼ਿਵ ਸਿੰਘ, ਸੁਮੰਤ ਸ਼ਾਹ, ਸੁਰਜੀਤ ਕੌਰ ਬੇਦੀ, ਨਸੀਬ ਕੌਰ ਅਤੇ ਮਨਜੀਤ ਕੌਰ ਬਾਜਵਾ।
ਮੈਂ ਅਨੋਖੀ ਗੱਲ ਸੋਚੀ ਕਿ ਪੰਜਾਬੀ ਲੇਖਣੀ ਵਿਚ ਗਰੁਬਾਣੀ ਤੋਂ ਇਲਾਵਾ ਹੋਰ ਕਿਤੇ ਪੂਰਣ-ਵਿਸਰਾਮ ਚਿੰਨ੍ਹ ਵਾਸਤੇ ਰਹਾਓ ਨਹੀਂ ਲਿਖਿਆ ਗਿਆ। ਖ਼ੁਸ਼ਨਵੀਸੀ ਕਰਦੇ ਨੇ ਮੈਂ ਲਿਖਤ ਵਿਚ ਰਹਾਓ ਵਰਤਿਆ। ਇਸ ਨਾਲ਼ ਰੂਪਰੇਖਾ ਦੀ ਸਾਰੀ ਤਾਸੀਰ ਹੀ ਬਦਲ ਗਈ। ਇਸ ਕਰਕੇ ਕਈਆਂ ਨੇ ਸਾਡੇ ਗਰੁੱਪ ਦੀ ਛੇੜ ‘ਰਹਾਓ ਗੁਰੱਪ’ ਜਾਂ ‘ਰਹਾਓ ਕਲਾਕਾਰ’ ਪਾ ਦਿੱਤੀ। (ਕਈ ਸਾਲਾਂ ਬਾਅਦ ਸਤੀ ਕੁਮਾਰ ਦੀ ਕਿਤਾਬ ਦਾ ਨਾਂ ਰਹਾਉ ਵੀ ਮੈਂ ਹੀ ਰੱਖਿਆ ਸੀ।)
ਲੂਜ਼ ਗਰੁੱਪ ਦਾ ਅੱਡਾ
ਗਰੁੱਪ ਜੰਮਿਆ ਤਾਂ ਚਾਚੋਕੀ ਸੀ; ਪਰਵਾਨ ਇਹ ਚੜ੍ਹਿਆ ਜਲੰਧਰ ਦੇ ਕੌਫ਼ੀ ਹਾਉਸ ਵਿਚ। ਜਗਜੀਤ ਸਿੰਘ ਛਾਬੜਾ ਤੇ ਮੈਂ ਫਗਵਾੜੇ ਕਾਲਜ ਵਿਚ ਪੜ੍ਹਾਉਂਦੇ ਸੀ। ਅਸੀਂ ਦੋਹਵਾਂ ਰਲ਼ ਕੇ ‘ਸੰਕੇਤ’ ਪਰਚੇ ਦਾ ਢਾਂਚਾ ਤਿਆਰ ਕੀਤਾ। ਇਸ ਵਿਚ ਅੰਮ੍ਰਿਤਾ, ਮੋਹਨ ਸਿੰਘ ਸ਼ਿਵ ਕੁਮਾਰ ਤੋਂ ਅਗਾਂਹਾਂ ਦਾ ਸਾਹਿਤ ਛਾਪਿਆ ਜਾਂਦਾ ਸੀ। ਸਤੀ ਕੁਮਾਰ ਤੇ ਮੀਸ਼ਾ ਖ਼ੂਬ ਛਪਦੇ ਸੀ। ਮੈਂ ਆਰਟ ਵਾਲ਼ਾ ਪਾਸਾ ਦੇਖਦਾ ਸੀ ਅਤੇ ਮੀਸ਼ਾ ਪ੍ਰਮੁੱਖ ਸਲਾਹਕਾਰ ਸੀ। ਜਲੰਧਰ ਕਿਸੇ ਕਾਲਜ ਚ ਪੜ੍ਹਾਉਂਦਾ ਵਿਜਯ ਰੰਚਨ ਸਾਡਾ ਸਾਥੀ ਸੀ। ਇਹਨੇ ਧਰਮਯੁਗ ਵਿਚ ਲੂਜ਼ ਗਰੁੱਪ ਬਾਰੇ ਲੰਮਾ ਲੇਖ ਲਿਖਿਆ ਅਤੇ ਸੁਰਜਣ ਜ਼ੀਰਵੀ ਨੇ ਨਵੇਂ ਜ਼ਮਾਨੇ ਵਿਚ ਸਾਨੂੰ “ਰਹਾਓ ਕਲਾਕਾਰਾਂ” ਨੂੰ ਟਿੱਚਰਾਂ ਕੀਤੀਆਂ ਸਨ। ਸਾਡੇ ਗਰੁੱਪ ਦੀ ਚਰਚਾ ਹੋਰਨਾਂ ਅਖ਼ਬਾਰਾਂ ਵਿਚ ਵੀ ਹੋਈ।
ਰਵਿੰਦਰ ਰਵੀ ਜਗਤਪੁਰੋਂ ਆ ਜਾਂਦਾ; ਸ਼ਿਵ ਸਿੰਘ ਕਪੂਰਥਲ਼ਿਓਂ ਅਤੇ ਲ’ ਕੌਰਬੂਜ਼ੀਏਰ ਦਾ ਸਹਾਇਕ ਅਤੇ ਲੁਧਿਆਣੇ ਯੂਨੀਵਰਸਟੀ ਦਾ ਵੱਡਾ ਆਰਕੀਟੈਕਟ ਅਦਿਤੑਯ ਪ੍ਰਕਾਸ਼ ਵੀ ਕੌਫ਼ੀ ਹਾਉਸ ਆ ਬੈਠਦਾ। ਜਸਬੀਰ ਆਹਲੂਵਾਲੀਏ ਨੇ ਪ੍ਰਯੋਗਸ਼ੀਲ ਲਹਿਰ ਕੌਫ਼ੀ ਹਾਉਸ ਵਿਚ ਸਾਡੇ ਨਾਲ਼ ਬੈਠਕਾਂ ਕਰ-ਕਰ ਚਲਾਈ। ਰਮੇਸ਼ ਕੁੰਤਲ ਮੇਘ, ਮ੍ਰਿਤਯੂਬੋਧ, ਧੰਨਰਾਜ, ਰਮੇਸ਼ ਕਪਿਲਾ, ਸੁਰੇਸ਼ ਸੂਦ, ਸੁਦਰਸ਼ਨ ਫ਼ਾਕਿਰ, ਜਸਵੰਤ ਸਿੰਘ ਨੇਕੀ, ਨਰਿੰਦਰ ਜੋਸ਼ੀ, ਸੁਮੰਤ ਸ਼ਾਹ, ਜਗਤਾਰ ਪਪੀਹਾ, ਅਜਾਇਬ ਕਮਲ, ਸੁਰਜੀਤ ਹਾਂਸ, ਸ਼ਿਵ ਕੁਮਾਰ, ਪਿਆਰਾ ਸਿੰਘ ਭੋਗਲ, ਸੁਖਪਾਲਵੀਰ ਸਿੰਘ ਹਸਰਤ, ਮਹਿਰਮਯਾਰ ਵਗ਼ੈਰਾ ਬਿਨਾਂ ਕਿਸੇ ਏਜੰਡੇ ਦੇ ਕੌਫ਼ੀ ਹਾਉਸ ਵਿਚ ਰਲ਼ ਬੈਠਦੇ ਅਤੇ ਗੋਸ਼ਟਾਂ ਕਰਦੇ। ਹੋਰ ਕਈ ਸਾਥੋਂ ਅਗਾਂਹ ਦੀ ਪੀੜ੍ਹੀ ਦੇ ਉਭਰਦੇ ਬੁੱਧੀਜੀਵੀ ਸਾਡੇ ਨਾਲ਼ ਸਹਿਮਤ ਹੁੰਦੇ। ਇੰਜ ਸੱਠਾਂ ਦੇ ਦਹਾਕੇ ਵਿਚ ਕੌਮਾਂਤਰੀ ਅਦਬ ਤੇ ਹੁਨਰ ਦਾ ਅਸਰ ਜਲੰਧਰ ਦੇ ਕੌਫ਼ੀ ਹਾਉਸ ਵਿਚ ਹੋ ਰਿਹਾ ਸੀ। ਅਸੀਂ ਸਮੁੱਚੀ ਪੰਜਾਬੀ ਸਭਿਅਤਾ ‘ਤੇ ਟਿਪਣੀਆਂ ਕਰਦੇ ਨਵੀਂਆਂ ਤਰੰਗਾਂ ਦੇ ਚਾਲਕ ਸੀ।
ਸੰਨ 1994 ਵਿਚ ਟਰੋਂਟੋ ਵਿਚ ਨਵਤੇਜ ਭਾਰਤੀ ਮਿਲ਼ਿਆ, ਤਾਂ ਕਹਿਣ ਲੱਗਾ: ਲੂਜ਼ ਗਰੁੱਪ ਅਪਣੇ ਵੇਲੇ ਤੋਂ ਬੜੀ ਅਗਾਂਹ ਦੀ ਗੱਲ ਸੀ।
ਇਸ ਤਰ੍ਹਾਂ ਦੀਆਂ ਹੋਰ ਵੀ ਕਈ ਪ੍ਰਤੀਧੁਨੀਆਂ ਕਈ ਥਾਵੀਂ ਸੁਣੀਆਂ। ਲੂਜ਼ ਗਰੁੱਪ ਅਪਣੇ ਪਦਚਾਪਾਂ ਦੀ ਪ੍ਰਤੀਧ੍ਵਨੀ ਕਈ ਸਚੇਤ ਕੰਨਾਂ ਵਿਚ ਛਡ ਗਿਆ। ਹਾਲਾਂ ਕਿ ਇਹ ਕੋਈ ਪ੍ਰਧਾਨਗੀਆਂ-ਸਕੱਤਰੀਆਂ ਵਾਲ਼ਾ ਗਰੁੱਪ ਨਹੀਂ ਸੀ। ਹੋਰ ਵੀ ਕਈ ਗਰੁੱਪ ਬਣੇ ਅਤੇ ਸਮੇਂ ਦੀ ਗਰਦ ਵਿਚ ਗੁਆਚ ਗਏ। ਪਰ ਸਾਡਾ ਲੂਜ਼ ਗਰੁੱਪ ਸਮੇਂ ਦੀ ਜਕੜ ਤੋਂ ਆਜ਼ਾਦ ਸੀ। ਇਹ ਪ੍ਰਚਲਿਤ ਦ੍ਰਿਸ਼ਟੀਕੋਣਾਂ ਨੂੰ ਬਦਲ ਕੇ ਦੇਖਣ ਦਾ ਉਪਰਾਲ਼ਾ ਸੀ, ਜੋ ਕਿ ਹਮੇਸ਼ਾ ਹੀ ਇਨਸਾਨ ਦੇ ਧੁਰ ਅੰਦਰ ਗਤੀਮਾਨ ਰਹਿੰਦਾ ਹੈ ਅਤੇ ਰਹੇਗਾ।