ਸਮਕਾਲ – ਬਾਵਾ ਬਲਵੰਤ
ਟ੍ਰਾਟਸਕੀ ਕੌਣ ਸੀ?
ਰੂਸ ਦੇ ਯੂਕਰੇਨ ਸੂਬੇ ਵਿਚ ਯਹੂਦੀਆਂ ਦੇ ਘਰ ਜਨਮੇ ਲੇਵ ਡੇਵਿਡੋਵਿਚ ਬਰੌਨਸ਼ਟਾਈਨ ਉਰਫ਼ ਟ੍ਰਾਟਸਕੀ ਦੀ ਸਿਆਣ ਬਾਵਾ ਬਲਵੰਤ ਨੇ ਅਪਣੀ ਕਵਿਤਾ ਟ੍ਰਾਟਸਕੀ (ਜਵਾਲਾਮੁਖੀ, 1943) ਦੇ ਸ਼ੁਰੂ ਵਿਚ ਇੰਜ ਕਰਵਾਈ ਸੀ:
ਟ੍ਰਾਟਸਕੀ ਰੂਸ ਦਾ ਜ਼ਬਰਦਸਤ ਜੁਗ-ਪਲਟਾਊ ਲੀਡਰ ਸੀ। ਅਪਣੇ ਸਮੇਂ ਲੇਨਿਨ ਦਾ ਸੱਜਾ ਹੱਥ ਮੰਨਿਆ ਜਾਂਦਾ ਰਿਹਾ ਹੈ। ਇਹ ਲਾਲ ਫ਼ੌਜਾਂ ਦਾ ਸਭ ਤੋਂ ਵੱਡਾ ਸਰਦਾਰ ਰਿਹਾ ਸੀ। ਸਿਧਾਤਾਂ ਨਾਲ਼ੋਂ ਬਹੁਤਾ ਅਮਲ ‘ਤੇ ਭਰੋਸਾ ਰਖਦਾ ਸੀ। ਬੜਾ ਧੜੱਲੇਦਾਰ ਇਨਕਲਾਬੀ ਲਿਖਾਰੀ ਸੀ। ਇਸਦਾ ਜੀਵਨ ਬੜੇ ਕਸ਼ਮਕਸ਼ ਵਿਚ ਬੀਤਿਆ। ਖ਼ਿਆਲਾਂ ਦੀ ਮੁਖ਼ਾਲਫ਼ਤ ਹੋਣ ਕਰਕੇ ਇਸਨੂੰ ਰੂਸੋਂ ਬਾਹਰ ਕੱਢਿਆ ਗਿਆ, ਪਰ ਕਿਸੇ ਵੀ ਹਕੂਮਤ ਨੇ ਇਸ ਨੂੰ ਤੇ ਇਸ ਦੇ ਖ਼ਿਆਲਾਂ ਨੂੰ ਨਾ ਝੱਲਿਆ। ਇਸਦੇ ਜੀਵਨ ‘ਤੇ ਵਿਰੋਧੀਆਂ ਨੇ ਕਈ ਹਮਲੇ ਕੀਤੇ। ਇਸਦਾ ਇਕ ਪੁੱਤਰ ਰੂਸ ਤੇ ਦੂਜਾ ਫ਼ਰਾਂਸ ਵਿਚ ਮੌਤ ਦੇ ਘਾਟ ਉਤਾਰਿਆ ਗਿਆ। ਇਸ ਦੀ ਹੋਣਹਾਰ ਤੇ ਬਹੁਤ ਅਹਿਸਾਸ ਵਾਲ਼ੀ ਧੀ ਰੋਜ਼ ਦੀਆਂ ਤੰਗੀਆਂ ਤੋਂ ਅੱਕ ਕੇ ਖ਼ੁਦਕੁਸ਼ੀ ਕਰ ਗਈ। ਪਰ ਇਹ ਸੂਰਬੀਰ ਦੁਨੀਆ ਦੀ ਬਿਹਤਰੀ ਦਾ ਸੰਗ੍ਰਾਮ ਇਕੱਲਾ ਤੇ ਨਿਹੱਥਾ ਲੜਦਾ ਰਿਹਾ। ਅੰਤਲਾ ਹਮਲਾ ਮੈਕਸੀਕੋ ਵਿਚ ਹੋਇਆ, ਜਿਸ ਤੋਂ ਇਹ ਬਚ ਨਾ ਸਕਿਆ।
ਤੇਰੇ ਦਿਨ ਉਜਾਗਰ, ਤੇਰੀ ਰਾਤ ਜਾਗੀ,
ਤੂੰ ਬਾਗ਼ੀ, ਤੇਰੇ ਪੈਰ ਦੇ ਚਿੰਨ੍ਹ ਬਾਗ਼ੀ।
ਤੂੰ ਉਸ ਨਾਮ ਤੋਂ ਬਿਨ ਮਸਾਲੇ ਤੋਂ ਬਣਿਆ,
ਉਹ ਜਿਸ ਨੇ ਖ਼ੁਦਾ ਨੂੰ ਤੇ ਸ਼ਕਤੀ ਨੂੰ ਜਣਿਆ।
ਤੂੰ ਤੀਖਣ ਜਵਾਲਾ ਦੀ ਬੇਦਾਰ ਰੂਹ ਹੈਂ,
ਅਗਮ ਨਾਚ ਹੈਂ ਤੂੰ ਸ਼ੁਰੂ ਤੋਂ ਸ਼ੁਰੂ ਹੈਂ।
ਤੂੰ ਦੈਵੀ ਅਗਨ-ਯੋਗ ਦਾ ਤੇਜ਼ ਧਾਰਾ,
ਤੂੰ ਹਠ ਯੋਗ ਦਾ ਇਕ ਚਮਕਦਾ ਸਿਤਾਰਾ।
ਤੂਫ਼ਾਨਾਂ ਦਾ ਮੰਬਾ, ਭੁਚਾਲਾਂ ਦਾ ਸੋਤਾ,
ਤੂੰ ਸੋਮਾ ਲਹੂ ਦਾ, ਬਿਜਲੀਆਂ ਦਾ ਦਰਿਆ।
ਤੂੰ ਬਦਲੀ ਦਾ ਜੌਹਰ, ਨਵੇਂ ਯੁਗ ਦਾ ਬਾਨੀ।
ਲਿਖਣ ਤੇਰੀ ਚੰਦਾਂ ਦੇ ਅੱਖਰ ਕਹਾਣੀ।
ਮਹਾਬੀਰ, ਰੁਸਤਮ ਤੇਰੇ ਸਾਹਮਣੇ ਕੀ
ਸਿਕੰਦਰ ਤੇ ਨੈਪੋਲੀਅਨ ਵੀ ਨੇ ਮਿੱਟੀ।
ਤੂੰ ਜਿੱਤਾਂ ਨੂੰ ਵੀ ਹੇਚ ਬੇਕਾਰ ਜਾਣੇ,
ਕਰਨਗੇ ਕਦੋਂ ਤੈਨੂੰ ਪੈਦਾ ਜ਼ਮਾਨੇ?
ਜ਼ਮਾਨੇ ਨੂੰ ਕੰਬਾ ਗਈ ਇਕ ਵਾਰੀ
ਤੇਰੇ ਦਿਲ ਦੀ ਤਾਕਤ, ਤੇਰੀ ਬੇਕਰਾਰੀ।
ਕੀ ਹੱਥ ਆਇਆ ਮਿੱਟੀ ਨੂੰ ਬਰਬਾਦ ਕਰਕੇ?
ਗਿਆ ਬਲਕਿ ਉਹ ਤੈਨੂੰ ਆਜ਼ਾਦ ਕਰਕੇ।
ਮਿਲ਼ੀ ਰਾਖ ਮਿੱਟੀ ਚ ਬੇਸ਼ੱਕ ਹੈ ਤੇਰੀ,
ਤੇਰੇ ਸ਼ੌਕ ਦੀ ਆਏਗੀ ਪਰ ਹਨੇਰੀ।
ਖ਼ਿਆਲਾਂ ਨੂੰ ਤੇਰੇ ਮਿਟਾਏਗਾ ਕਿਹੜਾ?
ਤੇਰੇ ਸੁਪਨਿਆਂ ਨੂੰ ਉਡਾਏਗਾ ਕਿਹੜਾ?
ਖ਼ਿਆਲਾਂ ਦੀ ਬਿਜਲੀ ਦਿਲਾਂ ਵਿਚ ਰਹੇਗੀ,
ਜੋ ਦੁਨੀਆ ਨੂੰ ਸੰਦੇਸ਼-ਜੀਵਨ ਦਏਗੀ।
ਤੇਰੀ ਕਦਰ ਮਾਨਵ ਦੀ ਸਰਜੀਵ ਰੂਹ ਨੂੰ,
ਤੇਰੀ ਕਦਰ ਹੈ ਜ਼ਿੰਦਗੀ ਦੇ ਲਹੂ ਨੂੰ।
ਤੂੰ ਅਗਨੀ ਤੋਂ ਹੋਇਆ ਹੈਂ ਪ੍ਰਚੰਡ ਜਵਾਲਾ,
ਤੂੰ ਜ਼ਿੰਦਾ ਰਿਹਾ ਮੌਤ ਦਾ ਪੀ ਕੇ ਪਿਆਲਾ।
ਅਵਾਰਾ ਰਿਹਾ ਤੂੰ, ਰਿਹਾ ਦਰ-ਬ-ਦਰ ਤੂੰ,
ਬਣਾਈ ਨਾ ਕੁੱਲੀ ਵਸਾਏ ਨਗਰ ਤੂੰ।
ਕਿਤੇ ਮਰ ਗਏ ਕਿਉਂ ਤਾਰੀਖ਼ਾਂ ਦੇ ਜਾਣੂ?
ਕਿਸੇ ਨੇ ਵੀ ਅਪਣਾ ਸਮਝਿਆ ਨਾ ਤੈਨੂੰ।
ਕੜਕੀਆਂ ਨੇ ਪਿੰਜਰ ਤੋਂ ਤੇਰੇ ਬਿਜਲੀਆਂ,
ਕਈ ਵਾਰ ਅੱਗਾਂ ਵੀ ਤੇਰੇ ‘ਤੇ ਵਰ੍ਹੀਆਂ।
ਤੇਰੀ ਜੀਭ ਨੂੰ ਲਾਏ ਤਾਲ਼ੇ ਹਜ਼ਾਰਾਂ,
ਤੇਰੀ ਕLਲਮ ‘ਤੇ ਆਈਆਂ ਛੁਰੀਆਂ ਕਟਾਰਾਂ।
ਕਦੀ ਪਰ ਕLਦਮ ਨਾ ਤੇਰਾ ਥਰਥਰਾਇਆ,
ਦੁੱਖਾਂ ਨੇ ਸਤਾਇਆ, ਸੁੱਖਾਂ ਨੇ ਸਤਾਇਆ।
ਕੋਈ ਹੁੰਦਾ ਗ਼ੈਰਤ, ਸ਼ਰਮ, ਆਨ ਵਾਲਾ,
ਨਾ ਦਿੰਦਾ ਤੇਰੇ ਪੈਰ ਵਿਚ ਪੈਣ ਛਾਲਾ।
ਇਹ ਨੀਯਤ ਜ਼ਮਾਨੇ ਦੀ ਕੀ ਕੋਈ ਨਾਪੇ?
ਕਿ ਪੁੱਤਰ ਹੀ ਕਹਿੰਦੇ ਨੇ ਮਰ ਜਾਣ ਮਾਪੇ।
ਇਹ ਜ਼ਾਲਮ ਹਵਸ ਦਾ ਤਕਾਜ਼ਾ ਨਿਕਲਿਆ,
ਇਹ ਇਨਸਾਨੀਅਤ ਦਾ ਜਨਾਜ਼ਾ ਨਿਕਲਿਆ।
ਤੂੰ ਬੇਦਾਰ ਜੀਵਨ, ਤੂੰ ਪੂਰਨ ਆਜ਼ਾਦੀ,
ਤੂੰ ਖ਼ੁੱਦ-ਦਾਰ, ਤੂੰ ਬੇਧੜਕ ਆਸ਼ਾਵਾਦੀ।
ਤੂੰ ਜੰਗਾਂ ਦੀ ਇਕ ਮੌਤ ਹੈਂ ਮੌਤ ਖਾ ਕੇ,
ਤੂੰ ਹੋ ਕਾਸ਼ ਪੈਦਾ ਮੇਰੇ ਦੇਸ ਆ ਕੇ।
ਤੂੰ ਹੀ ਹੋਣ ਵਾਲ਼ਾ ਏਂ ਮਹਿਦੀ ਪੈਗ਼ੰਬਰ,
ਤੇਰੀ ਪੈਰਵਾਈ ਨੂੰ ਝੁਕਿਆ ਹੈ ਅੰਬਰ।
ਤੂੰ ਸਭ ਨੂੰ ਉਠਾਇਆ, ਤੂੰ ਸਭ ਨੂੰ ਜਗਾਇਆ,
ਨਹੀਂ ਦੋਸ਼ ਤੇਰਾ, ਜੇ ਦੁਨੀਆ ਨਾ ਜਾਗੀ।
ਤੂੰ ਬਾਗ਼ੀ, ਤੇਰੇ ਪੈਰ ਦੇ ਚਿੰਨ੍ਹ ਬਾਗ਼ੀ।
ਟ੍ਰਾਟਸਕੀ ਦੇ ਵੈਰੀ ਕੌਣ ਸਨ? ਬਾਵੇ ਬਲਵੰਤ ਨੇ ਦੱਸਿਆ ਨਹੀਂ ਕਿ ਇਹਨੂੰ ਰੂਸੋਂ ਬਾਹਰ ਕਿਹਨੇ ਕੱਢਿਆ ਸੀ;ਇਹਨੂੰ ਕਤਲ ਕਿਹਨੇ ਕਰਵਾਇਆ ਸੀ?
ਉਹ ਸਤਾਲਿਨ ਹੀ ਸੀ, ਹੋਰ ਕੌਣ? ਬਾਵੇ ਨੇ ਇਹਦਾ ਨਾਂ ਇਸ ਲਈ ਨਹੀਂ ਲਿਖਿਆ ਹੋਣਾ ਕਿ ਸਤਾਲਿਨ ਹਾਲੇ ਤਕ ਵੀ ਪੰਜਾਬੀ ਕਮਿਉਨਿਸਟਾਂ ਦਾ ਰੱਬ ਹੈ। ਕੀ ਏਨਾ ਹੀ ਬਹੁਤ ਨਹੀਂ ਕਿ ਕਿਸੇ ਪੰਜਾਬੀ ਪੰਜਾਬੀ ਕਵੀ ਨੇ ਸੋਵੀਅਤ ਇਨਕਲਾਬ ਦੇ ਵੱਡੇ ਦਾਨਿਸ਼ਵਰ ਆਗੂ ਬਾਰੇ ਕਵਿਤਾ ਲਿਖੀ ਸੀ; ਉਹ ਵੀ ਸੰਨ 1943 ਵਿਚ, ਜਦ ਦੂਜੀ ਆਲਮੀ ਜੰਗ ਮਘੀ ਹੋਈ ਸੀ। ਕਿਸੇ ਹੋਰ ਭਾਰਤੀ ਬੋਲੀ ਵਿਚ ਸ਼ਾਇਦ ਹੀ ਕਿਸੇ ਨੇ ਟ੍ਰਾਟਸਕੀ ਦੀ ਵਡਿਆਈ ਵਾਲ਼ੀ ਕਵਿਤਾ ਲਿਖੀ ਹੋਵੇ।
ਪੰਜਾਬੀ ਵਿਚ ਹੋਰ ਵੀ ਕਿਸੇ ਨੇ ਟ੍ਰਾਟਸਕੀਲਈ ਹਾੱਹ ਦਾ ਨਾਅਰਾ ਮਾਰਿਆ?
ਬਾਵੇ ਤੋਂ ਮਗਰੋਂ ਪਾਸ਼ ਅਪਣੀ ਕਵਿਤਾ ਕਾਮਰੇਡ ਨਾਲ਼ ਗੱਲਬਾਤ (ਸਾਡੇ ਸਮਿਆਂ ਵਿਚ, ਲਹੌਰ ਬੁਕ ਸ਼ਾਪ, 1976) ਵਿਚ ਟ੍ਰਾਟਸਕੀ ਦਾ ਨਿਗਮਾ ਪਾਉਂਦਾ ਹੈ ਤੇ ਜਾਂ ਭਗਵਾਨ ਜੋਸ਼ ਅਪਣੀ ਕਿਤਾਬ ਪੰਜਾਬ ਵਿਚ ਕਮਿਉਨਿਸਟ ਲਹਿਰ (ਨਵਯੁਗ, 1981) ਵਿਚ ਇਹਦਾ ਬਣਦਾ-ਸਰਦਾ ਜ਼ਿਕਰ ਕਰਦਾ ਹੈ। ਪਾਸ਼ ਨੇ ਰਾਜਨੀਤੀ ਤੋਂ ਕੋਰੇ ਅਪਣੇ ਕਿਸੇ ਦੋਸਤ ਨੂੰ 19 ਜੁਲਾਈ 1974 ਦੀ ਚਿੱਠੀ ਵਿਚ ਲਿਖਿਆ ਸੀ: ਅੱਜ ਕਲ੍ਹ ਮੈਂ ਟ੍ਰਾਟਸਕੀ ਪੜ੍ਹ ਰਿਹਾ ਹਾਂ। ਉਹਦੀ ਸਵੈਜੀਵਨੀ ਵਲੈਤੋਂ ਮੰਗਵਾਈ ਹੈ ਤੇ 1905 ਦੇ ਅਸਫਲ ਇਨਕਲਾਬ ਬਾਰੇ ਉਹਦੇ ਲੇਖਾਂ ਦੀ ਕਿਤਾਬ ਮੈਨੂੰ ਭਗਵਾਨ ਤੋਂ ਮਿਲ ਗਈ ਸੀ। ਮੈਂ ਇਨ੍ਹਾਂ ਦੋਹਾਂ ਕਿਤਾਬਾਂ ਵਿੱਚੋਂ ਢੇਰ ਸਾਰਾ ਸਿੱਖਿਆ ਹੈ। ਛੇਤੀ ਹੀ ਮੈਂ ਉਹਦੀਆਂ ਬਾਕੀ ਕਿਤਾਬਾਂ ਵੀ ਹਾਸਲ ਕਰ ਲਵਾਂਗਾ। ਯਾਰ, ਬੜੀ ਅਸਾਧਾਰਣ ਕਿਸਮ ਦੀ ਅਤੇ ਖੌਰੂ-ਪਾਊ ਰੂਹ ਹੈ ਉਸਦੀ।
ਟ੍ਰਾਟਸਕੀ ਤੇ ਸਤਾਲਿਨ ਦੀ ਅਲਸੇਟ ਕੀ ਸੀ?
ਕਿੱਸਾ ਬੜਾ ਲੰਮਾ ਹੈ, ਪਰ ਥੋਹੜੇ ਸ਼ਬਦਾਂ ਵਿਚ – ਟ੍ਰਾਟਸਕੀ ਦਾ ‘ਪਰਮਾਨੈਂਟ’ ਇਨਕਲਾਬ ਦਾ ਸਿਧਾਂਤ ਸੀ ਕਿ ਰੂਸ ਵਿਚ ਸਮਾਜਵਾਦ ਕਾਇਮ ਨਹੀਂ ਹੋ ਸਕਦਾ, ਕਿਉਂਕਿ ਕਿਸਾਨ ਨਹੀਂ ਚਾਹੁੰਦੇ। ਇਹ ਤਾਂ ਹੀ ਕਾਇਮ ਹੋ ਸਕਦਾ ਹੈ, ਜੇ ਪੱਛਮੀ ਮੁਲਕਾਂ ਦੇ ਮਜ਼ਦੂਰ ਬਗ਼ਾਵਤ ਕਰ ਦੇਣ।
ਸਤਾਲਿਨ ਕਹਿੰਦਾ ਸੀ ਕਿ ਸਮਾਜਵਾਦ ਕਾਇਮ ਕਰਨ ਤੋਂ ਪਹਿਲਾਂ ਪੱਛਮੀ ਮੁਲਕਾਂ ਦੇ ਮਜ਼ਦੂਰਾਂ ਦੀ ਬਗ਼ਾਵਤ ਦੀ ਉਡੀਕ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਇਸ ਵਾਸਤੇ ਤਿਆਰ ਹੀ ਨਹੀਂ। ਰੂਸ ਵਿਚ ਕਿਸਾਨਾਂ ਨੂੰ ਵਰਤ ਕੇ ਹੀ ਸਮਾਜਵਾਦ ਕਾਇਮ ਹੋ ਸਕਦਾ ਹੈ।
ਅਪਣੇ-ਅਪਣੇ ਥਾਂ ਦੋਹਵੇਂ ਸਹੀ ਸੀ। ਟ੍ਰਾਟਸਕੀ ਦਾ ਇਹ ਵਹਿਮ ਸੀ ਕਿ ਹਰ ਮਜ਼ਦੂਰ ਕਮਿਉਨਿਸਟ ਹੁੰਦਾ ਹੈ ਅਤੇ ਇਨਕਲਾਬ ਲਿਆਉਣ ਨੂੰ ਕਾਹਲ਼ਾ ਹੈ।
ਸਤਾਲਿਨ ਡੰਡੇ ਦੇ ਜ਼ੋਰ ਰੂਸੀ ਕਿਸਾਨਾਂ ਨੂੰ ਕਮਿਉਨਿਸਟ ਬਣਾਉਣ ਲਗ ਪਿਆ। ਇਹਨੇ ਅਪਣੇ ਵਿਰੋਧੀਆਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ। ਸਿਰਫ਼ ਸੰਨ 1938 ਦੇ ਸਾਲ ਸਾਢੇ ਤਿੰਨ ਲੱਖ ਲੋਕ ਮੌਤ ਦੇ ਘਾਟ ਉਤਾਰ ਦਿੱਤੇ। ਟ੍ਰਾਟਸਕੀ ਦੇ ਹਿਮਾਇਤੀਆਂ ਨੂੰ ਫੜਨ ਦਾ ਪੁਲਸ ਦਾ ਕੋਟਾ ਲੱਗਾ ਹੋਇਆ ਸੀ। ਸੰਨ 1917 ਵਿਚ ਰੂਸੀ ਕਮਿਉਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਕੁਲ 22 ਮੈਂਬਰ ਸਨ। ਲੇਨਿਨ ਦੀ ਮੌਤ ਬਾਅਦ ਸਤਾਲਿਨ ਨੇ ਸਾਰੇ ਇਕ-ਇਕ ਕਰਕੇ ਮਰਵਾ ਦਿੱਤੇ ਸਨ। ਬਾਕੀ ਦੀ ਕਹਾਣੀ ਬਾਵੇ ਬਲਵੰਤ ਨੇ ਪਹਿਲਾਂ ਹੀ ਦਸ ਦਿੱਤੀ ਹੈ। ਸੂਝਵਾਨ ਪਾਠਕ ਰੂਸੀ ਇਤਿਹਾਸਕਾਰ ਰੌਏ ਮੈਦੀਯੇਵ ਦੀ ਲਿਖੀ ਨਿਰਪੱਖ ਕਿਤਾਬ ਲੈੱਟ ਹਿਸਟਰੀ ਜੱਜ (1976) ਵਿਚ ਸਾਰੀ ਵਾਰਤਾ ਪੜ੍ਹ ਸਕਦੇ ਹਨ। ਇਹਦਾ ਅੰਦਾਜ਼ਾ ਹੈ ਕਿ ਸਤਾਲਿਨ ਦੇ ਵੇਲੇ ਚਾਰ ਕਰੋੜ ਨਿਦੋਸੇ ਲੋਕ ਮਾਰੇ ਗਏ ਸੀ। ਸਤਾਲਿਨਸ਼ਾਹੀ ਦਾ ਪਾਜ ਉਘਾੜਨ ਵਾਲ਼ੀ ਖ਼ਰੂਸ਼ਚੋਫ਼ ਦੀ ਸੰਨ 1956 ਦੀ ਤਕਰੀਰ ਦਾ ਇਕ ਸ਼ਬਦ ਵੀ ਪੰਜਾਬੀ ਕਮਿਉਨਿਸਟਾਂ ਨੇ ਅੱਜ ਤਕ ਨਹੀਂ ਪੜ੍ਹਿਆ ਹੋਣਾ।ਟ੍ਰਾਟਸਕੀ ਨੇ 20 ਅਗਸਤ 1940 ਨੂੰ ਸਤਾਲਿਨ ਦੇ ਘੱਲੇ ਕਿਸੇ ਬੰਦੇ ਦੇ ਹੱਥੋਂ ਕਤਲ ਹੋਣ ਤੋਂ ਦਸ ਦਿਨ ਪਹਿਲਾਂ ਲਿਖਿਆ ਸੀ:
“ਜਦ ਛੱਤ ਢਹਿ ਗਈ ਹੋਵੇ ਅਤੇ ਬੂਹੇ-ਬਾਰੀਆਂ ਦਾ ਕੁਝ ਵੀ ਵੀ ਨਾ ਬਚਿਆ ਹੋਵੇ, ਤਾਂ ਉਸ ਘਰ ਚ ਟਿਕੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਅੱਜ ਸਾਡੇ ਸਾਰੇ ਨਛੱਤਰ ‘ਤੇ ਝੱਖੜ-ਝਾਂਜਾ ਝੁੱਲਿਆ ਹੋਇਆ ਹੈ। ਚੰਗੇ ਅਖ਼ਲਾਕ ਦੇ ਸਾਰੇ ਪੁਰਾਣੇ ਅਸੂਲਾਂ ਦਾ ਵੇਲਾ ਵਿਹਾ ਗਿਆ ਹੈ।…ਨੀਰੋ ਵੀ ਅਪਣੇ ਵੇਲੇ ਦੀ ਪੈਦਾਵਾਰ ਸੀ। ਪਰ ਇਹਦੇ ਖ਼ਾਤਮੇ ਮਗਰੋਂ ਲੋਕਾਂ ਨੇ ਇਹਦੇ ਬੁੱਤ ਭੰਨ ਦਿੱਤੇ ਅਤੇ ਹਰ ਸ਼ੈਅ ਤੋਂ ਇਹਦਾ ਨਾਂ ਮੇਸ ਦਿੱਤਾ। ਤਵਾਰੀਖ਼ ਦਾ ਇੰਤਕਾਮ ਸਭ ਤੋਂ ਵਧ ਤਾਕਤਵਰ ਜੈਨਰਲ ਸੈਕ੍ਰਟੇਰੀ ਦੇ ਇੰਤਕਾਮ ਨਾਲ਼ੋਂ ਵੀ ਖ਼ਤਰਨਾਕ ਹੁੰਦਾ ਹੈ।”
ਸੁਣਿਆ ਏ, ਟ੍ਰਾਟਸਕੀ ਆਪ ਆਹਲਾ ਦਰਜੇ ਦਾ ਲਿਖਾਰੀ ਸੀ?
ਸੋਵੀਅਤ ਯੂਨੀਅਨ ਦਾ ਪਹਿਲਾ ਵਿਦੇਸ ਮੰਤਰੀ ਤੇ ਲਾਲ ਫ਼ੌਜ ਦਾ ਬਾਨੀ ਟ੍ਰਾਟਸਕੀ ਲਿਖਾਰੀ ਤੋਂ ਇਲਾਵਾ ਬੁਲਾਰਾ ਵੀ ਬੜਾ ਵੱਡਾ ਸੀ। ਰੂਸੀ ਆਲੋਚਕ ਅਤੇ ਕਲਚਰ ਵਜ਼ੀਰ ਲੂਨਾਚਾਰਸਕੀ ਨੇ ਲਿਖਿਆ ਹੈ ਕਿ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਬੁਲਾਰਾ ਟ੍ਰਾਟਸਕੀ ਹੈ। ਟ੍ਰਾਟਸਕੀ ਦੀ ਸਾਹਿਤ ਅਤੇ ਕਲਾ ਕਿਤਾਬ ਵਿਚ ਤੋਲਸਤੋਇ, ਗੋਰਕੀ, ਮਾਯਕੋਵਸਕੀ, ਯੇਸੀਨਿਨ ਅਤੇ ਫ਼ਰਾਂਸੀਸੀ ਲੇਖਕਾਂ ਬਾਰੇ ਲੇਖ ਹਨ। ਟੀ ਐੱਸ ਈਲਿਅਟ ਵਰਗੇ ਇਨਕਲਾਬ ਦੇ ਵਿਰੋਧੀ ਕਵੀ ਵੀ ਇਹਦੇ ਵਿਚਾਰਾਂ ਦੇ ਕਦਰਦਾਨ ਸਨ। ਫ਼ਰਾਂਸੀਸੀ ਅੱਤਯਥਾਰਥਵਾਦੀ ਕਵੀ ਆਂਦ੍ਰੇ ਬ੍ਰੈਤੋਂ ਨਾਲ਼ ਮਿਲ਼ ਕੇ ਇਹਨੇ ਹੁਨਰ ਤੇ ਇਨਕਲਾਬ ਦਾ ਮੈਨੀਫ਼ੈਸਟੋ ਲਿਖਿਆ ਸੀ ਕਿ “ਕੋਈ ਇਨਕਲਾਬੀ ਪਾਰਟੀ ਤਾਕਤ ਜਿੱਤਣ ਤੋਂ ਪਹਿਲਾਂ ਜਾਂ ਪਿੱਛੋਂ ਕਲਾ ਦੀ ‘ਅਗਵਾਈ’ ਕਰਨੀ ਜੋਗੀ ਨਹੀਂ ਹੁੰਦੀ ਤੇ ਨਾ ਹੀ ਇਹ ਕੰਮ ਅਪਣੇ ਸਿਰ ਲੈਣ ਲਈ ਰਜ਼ਾਮੰਦ ਹੁੰਦੀ ਹੈ। ਐਸਾ ਦਾਅਵਾ ਕਿਸੇ ਕਿਰਤੀਆਂ ਦੇ ਇਨਕਲਾਬ ਦੀ ਵੈਰਨ ਅਗਿਆਨੀ, ਨਿਰਲੱਜ ਅਤੇ ਤਾਕਤ ਦੇ ਨਸ਼ੇ ਨਾਲ਼ ਚੂਰ ਨੌਕਰਸ਼ਾਹੀ ਦੇ ਦਿਮਾਗ਼ ਚ ਹੀ ਵੜ ਸਕਦਾ ਹੈ।” ਟ੍ਰਾਟਸਕੀ ਲਿਖਾਰੀਆਂ ਕਲਾਕਾਰਾਂ ਨੂੰ ਉਨ੍ਹਾਂ ਦੀ ਆਜ਼ਾਦ ਹਸਤੀ ਖ਼ਾਤਿਰ ਕਮਿਉਨਿਸਟ ਪਾਰਟੀ ਵਿਚ ਰਲ਼ਾਉਣ ਦੇ ਹੱਕ ਵਿਚ ਨਹੀਂ ਸੀ। ਇਹਨੇ ਅਪਣੀ ਆਤਮ ਕਥਾ ਵਿਚ ਲਿਖਿਆ ਸੀ: ਇਨਸਾਨ ਨੇ ਜੋ ਦੋ ਬਹੁਤ ਕਰੀਬੀ ਸ਼ੈਆਂ ਬਣਾਈਆਂ ਹਨ, ਉਹ ਹਨ ਕਲਮ ਤੇ ਕਿਤਾਬ। ਚੰਗੀ ਲਿਖੀ ਕਿਤਾਬ, ਜਿਹਦੇ ਵਿਚ ਬੰਦਾ ਨਵੇਂ ਖ਼ਿਆਲ ਲਭ ਸਕੇ; ਅਤੇ ਚੰਗੀ ਕLਲਮ, ਜਿਹਦੇ ਨਾਲ਼ ਬੰਦਾ ਅਪਣੇ ਖ਼ਿਆਲ ਦੂਜਿਆਂ ਤਕ ਪਹੁੰਚਾ ਸਕੇ। ਦਸ ਦਿਨ ਜਿਨ੍ਹਾਂ ਦੁਨੀਆ ਹਿਲਾ ਦਿੱਤੀ ਦੇ ਲੇਖਕ ਅਮਰੀਕੀ ਜੌਨ੍ਹ ਰੀਡ ਨੇ ਆਖਿਆ ਸੀ ਕਿ ਜੀਸਸ ਤੋਂ ਬਾਅਦ ਸਭ ਤੋਂ ਵੱਡਾ ਯਹੂਦੀ ਟ੍ਰਾਟਸਕੀ ਹੋਇਆ ਹੈ।