ਕੁੜਿੱਕੀ ਵਿਚ ਫਸੀ ਜਾਨ – ਵਰਿਆਮ ਸਿੰਘ ਸੰਧੂ

Date:

Share post:

ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ-ਦਮ ਕਾਲ਼ੀ-ਬੋਲ਼ੀ ਰਾਤ ਵਾਂਗ ਸਾਰੇ ਪਿੰਡ ’ਤੇ ਪਸਰ ਜਾਵੇਗਾ ਜਾਂ ਇਹ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਵੇਗੀ। ਦੀਵਾਲੀ ਨੇੜੇ ਸੀ, ਪਰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰਕੇ ਪਟਾਕੇ ਚਲਾਉਣ ਦੀ ਮਨਾਹੀ ਸੀ। ਉਂਜ ਲੋਕਾਂ ਇਹੋ ਸਮਝਿਆ ਕਿ ਕਿਸੇ ਨੇ ਨਿੱਕੇ-ਮੋਟੇ ਪਟਾਕੇ ਹੀ ਚਲਾਏ ਹੋਣਗੇ। ਗੋਲ਼ੀ ਦੀ ਆਵਾਜ਼ ਤਾਂ ਲੱਗਦੀ ਨਹੀਂ ਸੀ।
ਪਰ ਇਹ ਗੋਲ਼ੀ ਦੀ ਹੀ ਆਵਾਜ਼ ਸੀ।
ਕਿਸੇ ਨੇ ਚੁਬਾਰੇ ਦੀ ਬਾਰੀ ’ਚੋਂ ਸਿਰ ਬਾਹਰ ਕੱਢ ਕੇ ਵੇਖਿਆ। ਸ਼ਾਮ ਲਾਲ ਕਾਹਲ਼ੀ-ਕਾਹਲ਼ੀ ਦੁਕਾਨ ਬੰਦ ਕਰ ਰਿਹਾ ਸੀ।
“ਕੀ ਗੱਲ ਹੋਈ?” ਚੁਬਾਰੇ ਵਾਲ਼ੇ ਨੇ ਪੁੱਛਿਆ।
ਏਨੇ ਨੂੰ ਬਾਜ਼ਾਰ ਦੀ ਪਰਲੀ ਨੁੱਕਰੋਂ ਭੱਜਾ-ਭੱਜਾ ਆਉਂਦਾ ਕੋਈ ਜਣਾ ਘਬਰਾਹਟ ਵਿਚ ਉੱਚੀ-ਉੱਚੀ ਬੋਲਦਾ ਤੇ ਹੱਥ ਹਿਲਾਉਂਦਾ ਛਿਪਨ ਹੋ ਗਿਆ।
“ਦੁਕਾਨਾਂ ਬੰਦ ਕਰ ਦਿਓ। ਉਨ੍ਹਾਂ ਨੇ ਬੜਿਆਂ ਨੂੰ ਗੋਲ਼ੀਆਂ ਮਾਰੀਆਂ ਨੇ। ਭੱਜ ਜਾਓ ਸਭ। ਲੁਕ ਜੋ ਛੇਤੀ।”
ਸ਼ਾਮ ਲਾਲ ਤੋਂ ਕੰਬਦੇ ਹੱਥਾਂ ਨਾਲ਼ ਛੇਤੀ-ਛੇਤੀ ਦੁਕਾਨ ਦਾ ਤਾਲ਼ਾ ਨਹੀਂ ਸੀ ਲੱਗ ਰਿਹਾ। ਉਹ ਕੰਬਦੀ ਲੜਖੜਾਉਂਦੀ ਜ਼ਬਾਨ ਨਾਲ਼ ਚੁਬਾਰੇ ਵਾਲ਼ੇ ਨੂੰ ਵੀ ਦੱਸ ਰਿਹਾ ਸੀ।
“ਓ ਜੀ, ਮੈਨੂੰ ਵੀ ਮਾਰਨ ਲੱਗੇ ਸਨ। ਮੈਂ ਭੱਜ ਕੇ ਦੁਕਾਨ ਅੰਦਰ ਵੜ ਗਿਆ। ਗੋਲ਼ੀਆਂ ਬੋਰੀਆਂ ’ਚ ਵੱਜੀਆਂ। ਫਿਰ ਉਹ ਕੇਵਲ ਵੱਲ ਹੋਏ। ਪਰ ਉਹ ਐਂ ਨੂੰ ਭੱਜ ਗਿਆ।” ਉਸ ਦੁਕਾਨ ਬੰਦ ਕਰਕੇ ਥੜ੍ਹੇ ਤੋਂ ਉੱਤਰਦਿਆਂ ਖੱਬੇ ਪਾਸੇ ਵੱਲ ਇਸ਼ਾਰਾ ਕਰਕੇ ਉਤਾਂਹ ਵੇਖਿਆ। ਪਰ ਚੁਬਾਰੇ ਦੀ ਬਾਰੀ ਤਾਂ ਕਦੋਂ ਦੀ ਬੰਦ ਹੋ ਚੁੱਕੀ ਸੀ।
ਸਾਹਮਣੇ ਕੇਵਲ ਦੀ ਦੁਕਾਨ ਉੱਤੇ ਦੂਧੀਆ ਰੌਸ਼ਨੀ ਵਿਚ ਉਸ ਦਾ ਮਠਿਆਈ ਵਾਲ਼ਾ ਸ਼ੋ-ਕੇਸ਼ ਚਮਕ ਰਿਹਾ ਸੀ। ਥੜ੍ਹੇ ’ਤੇ ਪਿਆ ਦਹੀਂ ਦਾ ਕੂੰਡਾ, ਜੋ ਵਿਕ ਜਾਣ ਕਰਕੇ ਖ਼ਾਲੀ ਹੋ ਗਿਆ ਸੀ, ਭੱਠੀ ਵੱਲ ਉਲਰਿਆ ਹੋਇਆ ਸੀ ਤੇ ਦੂਜਾ ਪੈਰ ਵੱਜਣ ਕਰਕੇ ਟੇਢਾ ਹੋ ਕੇ ਡੁੱਲ੍ਹਾ ਪਿਆ ਸੀ। ਜਿਸ ਛੋਟੇ ਕੱਪ ਨਾਲ਼ ਉਹ ਕੂੰਡੇ ਵਿਚੋਂ ਦਹੀਂ ਮਿਣ ਕੇ ਪਾਉਂਦਾ ਸੀ, ਉਹ ਬਜ਼ਾਰ ਦੇ ਐਨ ਵਿਚਕਾਰ ਟੁੱਟਾ ਪਿਆ ਹੋਇਆ ਸੀ।
ਇਕ-ਦਮ ਸਾਰੇ ਬਜ਼ਾਰ ਵਿਚ ਦਿਓ ਫਿਰ ਗਿਆ। ਸੰਨ੍ਹਾਟਾ ਛਾ ਗਿਆ ਸੀ। ਸਹਿਮੀ ਹੋਈ ਚੁੱਪ ਕੰਨਾਂ ਵਿਚ ਸ਼ਾਂ-ਸ਼ਾਂ ਕਰ ਰਹੀ ਸੀ। ਸਭ ਅੰਦਰੋ-ਅੰਦਰੀ ਦੜ ਗਏ ਸਨ। ਕੋਈ ਸਿਰ ਘਰ ’ਚੋਂ ਬਾਹਰ ਨਹੀਂ ਸੀ ਹੋ ਰਿਹਾ। ਕਿਧਰੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਸਾਰੇ ਪਿੰਡ ਨੂੰ ਜਿਵੇਂ ਸੱਪ ਸੁੰਘ ਗਿਆ ਸੀ।’


ਉਪਰਲਾ ਦ੍ਰਿਸ਼ ਮੇਰੀ ਕਹਾਣੀ ਭੱਜੀਆਂ ਬਾਹੀਂ ਵਿੱਚੋਂ ਹੈ। ਨਾਵਾਂ ਦੀ ਬਦਲੀ ਤੋਂ ਇਲਾਵਾ ਇਸ ਵਿਚ ਪੇਸ਼ ਵੇਰਵਾ ਅਸਲੀਅਤ ਦੇ ਬਹੁਤ ਨੇੜੇ ਹੈ।
ਇਹ ਛੇ ਅਕਤੂਬਰ 1984 ਦਾ ਦਿਨ ਸੀ।
ਸ਼ਾਮ ਹੋ ਚੱਲੀ ਸੀ। ਮੇਰੇ ਬੱਚੇ ਅਪਣੀ ਭੈਣ ਜੀ ਕੋਲ਼ੋਂ ਟਿਊਸ਼ਨ ਪੜ੍ਹਕੇ ਅਜੇ ਪਰਤੇ ਨਹੀਂ ਸਨ। ਇਨ੍ਹਾਂ ਦਿਨਾਂ ਵਿਚ ਅਨ੍ਹੇਰਾ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਘਰ ਪਹੁੰਚਣਾ ਲਾਜ਼ਮੀ ਸੀ; ਪਰ ਅੱਜ ਤਾਂ ਉਨ੍ਹਾਂ ਨੇ ਦੇਰ ਕਰ ਦਿੱਤੀ ਸੀ। ਮੈਂ ਉਨ੍ਹਾਂ ਨੂੰ ਲੈਣ ਲਈ ਅੱਗਲ਼ਵਾਂਢੀ ਗਿਆ। ਉਹ ਆਰਾਮ ਨਾਲ਼ ਆਪਸ ਵਿਚ ਗੱਲਾਂ ਕਰਦੇ ‘ਟਹਿਲਦੇ’ ਆ ਰਹੇ ਸਨ। ਮੈਂ ਉਨ੍ਹਾਂ ਨੂੰ ਛੇਤੀ ਤੁਰਨ ਲਈ ਕਿਹਾ। ਅਜੇ ਅਸੀਂ ਅਪਣੇ ਘਰ ਪੁੱਜੇ ਹੀ ਸਾਂ ਕਿ ਸਾਡੇ ਘਰ ਦੇ ਸਾਹਮਣਿਓਂ ਗੋਲ਼ੀ ਚੱਲਣ ਦੀ ਆਵਾਜ਼ ਆਈ।
“ਪਤਾ ਨਹੀਂ ਕੌਣ ਪਟਾਕੇ ਚਲਾਉਣ ਡਿਹਾ ਏ?” ਮਨ ਵਿਚ ਖੁਤਖੁਤੀ ਹੋਈ।
ਮੈਂ ਪੈਰੀਂ ਜੁੱਤੀ ਅੜਾ ਕੇ ਪਤਾ ਕਰਨ ਲਈ ਬਾਹਰ ਨਿਕਲਣ ਹੀ ਲੱਗਾ ਸਾਂ ਕਿ ਪਤਨੀ ਨੇ ਵਰਜਿਆ।
“ਸੁਣਦੇ ਨਹੀਂ, ਇਹ ਗੋਲ਼ੀ ਦੀ ਆਵਾਜ਼ ਐ। ਹੁਣ ਆਹ ਵੇਖੋ ਦੂਰੋਂ ਬਾਜ਼ਾਰ ’ਚੋਂ ਅਜੇ ਵੀ ਖੜਾਕ ਆਉਣ ਡਿਹਾ।”
“ਫਿਰ ਵੀ ਵੇਖਾਂ ਤਾਂ ਸਹੀ।”
ਮੈਂ ਉਹਦੇ ਰੋਕਦਿਆਂ ਵੀ ਬਾਹਰਲਾ ਦਰਵਾਜ਼ਾ ਖੋਲ਼੍ਹਕੇ ਬਾਜ਼ਾਰ ਵਿਚ ਆ ਗਿਆ। ਸਾਡਾ ਘਰ ਸਾਡੇ ਪਿੰਡ ਸੁਰ ਸਿੰਘ ਦੇ ਮੇਨ ਬਾਜ਼ਾਰ ਵਿਚ ਸੀ। ਆਸੇ ਪਾਸੇ ਸਭ ਹਿੰਦੂ ਆਬਾਦੀ ਸੀ ਅਤੇ ਵਿਚਕਾਰ ਇੱਕੋ-ਇੱਕ ਸੀ ਸਾਡਾ ‘ਜੱਟਾਂ ਦਾ ਘਰ’। ਸਾਡਾ ਬਾਹਰਲਾ ਵੱਡਾ ਦਰਵਾਜ਼ਾ ਬਾਜ਼ਾਰ ਵਿਚ ਹੀ ਖੁੱਲ੍ਹਦਾ ਸੀ। ਪੰਦਰਾਂ ਕੁ ਫੁੱਟ ਬਾਜ਼ਾਰ ਛੱਡ ਕੇ ਸਾਡੇ ਦਰਵਾਜ਼ੇ ਦੇ ਐਨ ਸਾਹਮਣੇ ਗੁਰਲਾਲ ਚੰਦ ਦੀ ਹਲਵਾਈ ਦੀ ਦੁਕਾਨ ਸੀ। ਉਸਦੇ ਨਾਲ਼ ਹੀ ਸਾਡੇ ਘਰ ਨੂੰ ਸਾਹਮਣੇ ਸੱਜੇ ਹੱਥ ਉਹਦੇ ਭਰਾ ਗੋਪਾਲ ਚੰਦ ਦੀ ਪੰਸਾਰੀ ਦੀ ਦੁਕਾਨ ਸੀ। ਹਾਲਾਤ ਦੇ ਮੱਦੇਨਜ਼ਰ ਦੋਹਾਂ ਭਰਾਵਾਂ ਨੇ ਵੇਲੇ ਸਿਰ ਹੀ ਦੁਕਾਨਾਂ ਬੰਦ ਕਰ ਲਈਆਂ ਸਨ। ਪਰ ਫਿਰ ਵੀ ਅਜੇ ਬਾਜ਼ਾਰ ਵਿਚ ਚਹਿਲ-ਪਹਿਲ ਸੀ ਅਤੇ ਕਈ ਦੁਕਾਨਾਂ ਅਜੇ ਵੀ ਖੁੱਲ੍ਹੀਆਂ ਹੋਈਆਂ ਸਨ। ਗੋਪਾਲ ਚੰਦ ਦੀ ਦੁਕਾਨ ਤੋਂ ਇਕ ਦੁਕਾਨ ਛੱਡ ਕੇ ਉਹਦੇ ਤੀਜੇ ਨੰਬਰ ਦੇ ਘਰੋਂ ਅੱਡ ਹੋਏ ਮੁੰਡੇ ਮੰਗੇ ਦੀ ਪਕੌੜਿਆਂ, ਦਹੀਂ-ਭੱਲਿਆਂ ਅਤੇ ਮਠਿਆਈ ਦੀ ਦੁਕਾਨ ਸੀ। ਇਨ੍ਹਾਂ ਸਾਰੀਆਂ ਦੁਕਾਨਾਂ ਦਾ ਮੂੰਹ ਲਹਿੰਦੇ ਨੂੰ ਸਾਡੇ ਘਰ ਨੂੰ ਸਾਹਮਣਾ ਸੀ; ਜਦ ਕਿ ਸਾਡੇ ਘਰ ਵਾਂਗ ਚੜ੍ਹਦੇ ਪਾਸੇ ਨੂੰ ਮੂੰਹ ਵਾਲ਼ੀਆਂ ਦੋ ਦੁਕਾਨਾਂ ਸਾਡੇ ਘਰ ਦੀਆਂ ਕੰਧਾਂ ਦੇ ਸੱਜੇ-ਖੱਬੇ ਪਾਸੇ ਲੱਗਦੀਆਂ ਸਨ। ਖੱਬੇ ਹੱਥ ਸੀ ਡਾਕਟਰ ਗੁਲਜ਼ਾਰੀ ਲਾਲ ਦੀ ਦੁਕਾਨ। ਉਹਨੂੰ ਸਾਰੇ ਲਾਲ ਡਾਕਟਰ ਹੀ ਆਖਦੇ ਸਨ। ਸਾਡੇ ਘਰ ਦੇ ਸੱਜੇ ਹੱਥ ਸੀ ਵੇਦ ਪ੍ਰਕਾਸ਼ ਦੀ ਪੰਸਾਰੀ ਦੀ ਦੁਕਾਨ।
ਮੈਂ ਜਦੋਂ ਘਰੋਂ ਬਾਹਰ ਨਿਕਲਿਆ, ਤਾਂ ਬਾਜ਼ਾਰ ਵਿਚ ਕੋਈ ਬੰਦਾ ਦਿਖਾਈ ਨਾ ਦਿੱਤਾ। ਵੇਦ ਪ੍ਰਕਾਸ਼ ਕੰਬਦੇ ਹੱਥਾਂ ਨਾਲ਼ ਦੁਕਾਨ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ। ਕਹਾਣੀ ਵਿਚਲਾ ਸ਼ਾਮ ਲਾਲ ਉਹੋ ਹੀ ਹੈ। ਚੁਬਾਰੇ ਚੋਂ ਸਿਰ ਬਾਹਰ ਕੱਢ ਕੇ ਸਵਾਲ ਕੀਤਾ ਸੀ ਗੁਰਲਾਲ ਚੰਦ ਨੇ। ਪਰ ਜਦੋਂ ਪਤਾ ਲੱਗਾ ਕਿ ਗੋਲ਼ੀ ਚੱਲੀ ਹੈ, ਤਾਂ ਉਹਦਾ ਘਰ ਵਿਚ ਦੜ ਜਾਣਾ ਕੁਦਰਤੀ ਹੀ ਸੀ। ਦਰਵਾਜ਼ਾ ਬੰਦ ਕਰਕੇ ਅਪਣੇ ਘਰ ਨੂੰ ਦੌੜਦਿਆਂ ਹੋਇਆਂ ਘਰਕਦੀ ਆਵਾਜ਼ ਵਿਚ ਵੇਦ ਪ੍ਰਕਾਸ਼ ਨੇ ਮੈਨੂੰ ਆਖਿਆ, “ਮਾਸਟਰ ਜੀ ਤੁਸੀਂ ਘਰ ਨੂੰ ਜਾਓ। ਤੁਸੀਂ ਏਥੇ ਕੀ ਕਰਦੇ ਓ? ਉਹ ਮੁੜ ਕੇ ਵੀ ਆ ਸਕਦੇ ਨੇ। ਗੋਲ਼ੀਆਂ ਦਾ ਖੜਾਕ ਨਹੀਂ ਸੁਣਦਾ ਪਿਆ ਤੁਹਾਨੂੰ?”
ਗੱਲ ਤਾਂ ਉਹਦੀ ਠੀਕ ਸੀ। ਉਨ੍ਹਾਂ ਲਈ ਕਿਹੜਾ ਏਥੇ ਟਰੈਫ਼ਿਕ ਦਾ ਵੰਨ-ਵੇ ਕਾਨੂੰਨ ਲਾਗੂ ਹੁੰਦਾ ਸੀ। ਚੜ੍ਹਦੇ ਪਾਸੇ ਜਿਧਰ ਉਹ ਗਏ ਸਨ, ਪੁਲਿਸ ਚੌਕੀ ਹੋਣ ਕਰਕੇ ਉਧਰੋਂ ਮੁੜ ਕੇ ਵਾਪਸ ਆਉਣ ਅਤੇ ਪਿੰਡ ਦੇ ਲਹਿੰਦੇ ਪਾਸੇ ਨਿਕਲਣਾ ਉਨ੍ਹਾਂ ਲਈ ਉਂਜ ਵੀ ਵਧੇਰੇ ਸੁਰੱਖਿਅਤ ਹੋਣਾ ਸੀ। ਪਰ ਮੈਂ ਘਰ ਨਹੀਂ ਗਿਆ। ਕੁਝ ਚਿਰ ਪਹਿਲਾਂ ਰੌਣਕ ਨਾਲ਼ ਭਰੇ ਬਾਜ਼ਾਰ ਵਿਚ ਹੁਣ ਮੈਂ ਇਕੱਲਾ ਖਲੋਤਾ ਸਾਂ। ਬਾਜ਼ਾਰ ਸੁੰਨ-ਉਜਾੜ ਹੋਇਆ ਪਿਆ ਸੀ। ਬੰਦਾ ਨਾ ਬੰਦੇ ਦੀ ਜ਼ਾਤ। ਕਿਸੇ ਦੀ ਆਵਾਜ਼ ਵੀ ਨਹੀਂ ਸੀ ਆ ਰਹੀ। ਸੱਚਮੁੱਚ ਜਿਵੇਂ ਪਿੰਡ ਨੂੰ ਸੱਪ ਸੁੰਘ ਗਿਆ ਸੀ। ਬਾਜ਼ਾਰ ਵਿਚ ਖਲੋਤਿਆਂ ਮੈਂ ਸੋਚਿਆ ਕਿ ਉਹ ਬਾਜ਼ਾਰ ਦੇ ਖੱਬੇ ਪਾਸੇ ਵੱਲੋਂ ਗੋਲ਼ੀਆਂ ਚਲਾਉਂਦੇ ਹੋਏ ਸੱਜੇ ਪਾਸੇ ਨੂੰ ਨਿਕਲੇ ਹਨ; ਬਾਜ਼ਾਰ ਦੇ ਖੱਬੇ ਹੱਥ ਜਾ ਕੇ ਵੇਖਾਂ ਤਾਂ ਸਹੀ।
ਮੈਂ ਖੱਬੇ ਪਾਸੇ ਨਜ਼ਰ ਮਾਰੀ ਤਾਂ ਸਾਡੇ ਘਰ ਤੋਂ ਪੰਜਾਹ ਕੁ ਗਜ਼ ਦੂਰ ਕੋਈ ਜਣਾ ਬਾਜ਼ਾਰ ਵਿਚ ਚੌਫਾਲ ਡਿੱਗਾ ਪਿਆ ਸੀ। ਮੈਂ ਮਦਦ ਕਰਨ ਲਈ ਤੁਰਤ ਉਹਦੇ ਕੋਲ਼ ਪੁੱਜਾ। ਇਹ ਤਾਂ ਗੋਪਾਲ ਚੰਦ ਦਾ ਪੁੱਤਰ ਮੰਗਾ ਸੀ। ਕਹਾਣੀ ਵਿਚ ਇਹਦਾ ਨਾਂ ਕੇਵਲ ਹੈ। ਉਹਨੂੰ ਉਹਦੀ ਦੁਕਾਨ ’ਤੇ ਹੀ ਗੋਲ਼ੀ ਲੱਗ ਗਈ ਜਾਪਦੀ ਸੀ। ਜਾਨ ਬਚਾਉਣ ਲਈ ਦੁਕਾਨ ਤੋਂ ਦੌੜਦਾ ਹੋਇਆ ਇੱਥੇ ਆ ਕੇ ਢਹਿ ਪਿਆ ਸੀ ਵਿਚਾਰਾ। ਖ਼ੁਸ਼ਦਿਲ ਮੰਗਾ ਲਾਸ਼ ਵਿਚ ਬਦਲ ਚੁੱਕਾ ਸੀ। ਮੈਂ ਹੁਣ ਉਸ ਲਈ ਕੁਝ ਨਹੀਂ ਸਾਂ ਕਰ ਸਕਦਾ।
ਉੱਥੇ ਖਲੋ ਕੇ ਮੈਂ ਪਿੱਛੇ ਬਾਜ਼ਾਰ ਵੱਲ ਨਜ਼ਰ ਮਾਰੀ ਤਾਂ ਵੇਖਿਆ ਲਾਲ ਡਾਕਟਰ ਦੀ ਦੁਕਾਨ ਖੁੱਲ੍ਹੀ ਹੋਈ ਸੀ। ਮੈਂ ਕਾਹਲ਼ੀ-ਕਾਹਲ਼ੀ ਦੁਕਾਨ ’ਤੇ ਪੁੱਜਾ। ਵੇਖਿਆ, ਲਾਲ ਬੈਂਚ ’ਤੇ ਲੁੜਕਿਆ ਹੋਇਆ ਸੀ। ਗੋਲ਼ੀ ਉਹਦੇ ਨੱਕ ਚੋਂ ਲੰਘ ਕੇ ਗਲ਼ੇ ਵਿਚ ਅਟਕ ਗਈ ਸੀ। ਉਹ ਅਜੇ ਸਾਹ ਲੈ ਰਿਹਾ ਸੀ। ਸਾਹ ਲੈਂਦਿਆਂ ਘਰੜ-ਘਰੜ ਦੀ ਆਵਾਜ਼ ਆ ਰਹੀ ਸੀ। ਹਿੰਮਤ ਕਰਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਸੀ। ਮੈਂ ਦੌੜ ਕੇ ਘਰ ਅਪਣੀ ਪਤਨੀ ਨੂੰ ਦੱਸਿਆ। ਉਦੋਂ ਪਿੰਡ ਵਿਚ ਦਸ ਪੰਦਰਾਂ ਘਰਾਂ ਵਿਚ ਹੀ ਟੈਲੀਫ਼ੋਨ ਲੱਗੇ ਸਨ। ਮੈਂ ਉਹਨੂੰ ਅਪਣੇ ਘਰੋਂ ਗੁਲਜ਼ਾਰੀ ਲਾਲ ਦੇ ਘਰ ਦੇ ਨੇੜੇ-ਤੇੜੇ ਕਿਸੇ ਨੂੰ ਫ਼ੋਨ ਕਰਨ ਵਾਸਤੇ ਆਖਿਆ। ਘਬਰਾਇਆ ਹੋਇਆ ਮੈਂ ਫਿਰ ਲਾਲ ਡਾਕਟਰ ਕੋਲ਼ ਗਿਆ। ਉਹਦੇ ਹੱਥ ਘੁੱਟੇ ਅਤੇ ਹੌਸਲਾ ਰੱਖਣ ਲਈ ਕਿਹਾ। ਹੁਣ ਘੱਟੋ-ਘੱਟ ਚਾਰ ਬੰਦੇ ਤਾਂ ਚਾਹੀਦੇ ਸਨ ਇਹਨੂੰ ਚੁੱਕ ਕੇ ਲਿਜਾਣ ਲਈ, ਜਿਨ੍ਹਾਂ ਦੇ ਘਰਦੇ ਅਜੇ ਦੁਕਾਨਾਂ ਬੰਦ ਕਰਕੇ ਘਰੀਂ ਨਹੀਂ ਸਨ ਪਹੁੰਚੇ, ਖ਼ਤਰਾ ਟਲ਼ ਗਿਆ ਜਾਣ ਕੇ, ਉਨ੍ਹਾਂ ਵਿਚੋਂ ਕੋਈ-ਕੋਈ ਜਣਾ ਉਨ੍ਹਾਂ ਅਪਣਿਆਂ ਦੀ ਖ਼ੈਰ-ਸੁੱਖ ਪਤਾ ਕਰਨ ਲਈ ਬਾਜ਼ਾਰ ਵਿਚ ਨਿਕਲ਼ ਆਇਆ ਸੀ। ਮੰਗੇ ਦਾ ਭਰਾ ਰਾਮ ਘਬਰਾਇਆ ਹੋਇਆ ਆਇਆ ਅਤੇ ਡਾਕਟਰ ਨੂੰ ਵੇਖ ਕੇ ਮੰਗੇ ਬਾਰੇ ਮੈਥੋਂ ਪੁੱਛਣ ਲੱਗਾ। ਮੈਂ ਬਾਜ਼ਾਰ ਵਿਚ ਪਏ ਮੰਗੇ ਵੱਲ ਇਸ਼ਾਰਾ ਕਰਕੇ ਉਸ ਨੂੰ ਦੁੱਖਦਾਈ ਖ਼ਬਰ ਸੁਣਾਈ। ਉਹ ਰੋਂਦਾ ਹੋਇਆ ਓਧਰ ਦੌੜਿਆ। ਉਹਦੀ ਲੇਰ ਨਿਕਲੀ, “ਹਾਇ! ਉਏ ਸਾਡੇ ਭਰਾ ਨੂੰ ਮਾਰ ਗਏ!”
ਕੋਈ ਪਰਿ੍ਹਓਂ ਦੌੜਦਾ ਅਤੇ ਦੁਹਾਈ ਪਾਉਂਦਾ ਆਇਆ ਅਤੇ ਰਾਮ ਨੂੰ ਕਿਹਾ, “ਤੇਰੇ ਭਾਪੇ ਗੋਪਾਲ ਸ਼ਾਹ ਨੂੰ ਗੋਲ਼ੀਆਂ ਵੱਜੀਆਂ। ਉਹਨੂੰ ਬਚਾ ਲੌ ਭੱਜ ਕੇ, ਜੇ ਬਚਾਇਆ ਜਾਂਦਾ।”
ਮੰਗੇ ਨੂੰ ਭਰੇ ਬਾਜ਼ਾਰ ਵਿਚ ਲਾਵਾਰਿਸ ਛੱਡ ਕੇ ਉਹ ਪਿਓ ਨੂੰ ਲੱਭਣ ਭੱਜਾ। ਗੋਪਾਲ ਚੰਦ ਕਿਸੇ ਹੋਰ ਦੀ ਦੁਕਾਨ ’ਤੇ ਖਲੋਤਾ ‘ਗੱਪ-ਸ਼ੱਪ’ ਮਾਰ ਰਿਹਾ ਉਨ੍ਹਾਂ ਦੇ ਰਾਹ ਵਿਚ ਆ ਗਿਆ ਸੀ।
ਮੈਂ ਕਿਸੇ ਨੂੰ ਅਪਣੇ ਵੱਲ ਆਉਂਦਾ ਵੇਖ ਕੇ ਜ਼ੋਰ ਨਾਲ਼ ਕਿਹਾ, “ਮੇਰੇ ਵੱਲ ਨਾ ਆ। ਡਾਕਟਰ ਦੇ ਘਰ ਜਾਹ ਭੱਜ ਕੇ। ਇਹਨੂੰ ਬਚਾ ਲਈਏ ਕਿਸੇ ਤਰ੍ਹਾਂ।”
ਥੋੜ੍ਹੀ ਦੇਰ ਪਿੱਛੋਂ ਗੁਲਜ਼ਾਰੀ ਲਾਲ ਦਾ ਛੋਟਾ ਭਰਾ ਵਿਜੈ, ਉਸ ਦੀ ਪਤਨੀ ਅਤੇ ਦੋਵੇਂ ਬੱਚੇ ਦੁਕਾਨ ’ਤੇ ਪਹੁੰਚ ਗਏ। ਚੀਕ-ਚਿਹਾੜਾ ਪੈ ਗਿਆ। ਸ਼ੋਰ ਸੁਣ ਕੇ ਮੇਰੀ ਪਤਨੀ ਵੀ ਬਾਹਰ ਆ ਗਈ।
“ਬਚਾਓ ਇਨ੍ਹਾਂ ਨੂੰ। ਛੇਤੀ ਤੋਂ ਛੇਤੀ ਹਸਪਤਾਲ ਲੈ ਕੇ ਜਾਓ। ਭੈਣ ਜੀ ਤੁਸੀਂ ਕੋਈ ਫ਼ਿਕਰ ਨਾ ਕਰੋ। ਕੁਝ ਨਹੀਂ ਹੁੰਦਾ ਭਾ ਜੀ ਨੂੰ। ਚੁੱਪ ਕਰ ਮੇਰੀ ਬੀਬੀ ਧੀ।” ਮੇਰੀ ਪਤਨੀ ਮੈਨੂੰ ਵੀ ਕਹਿ ਰਹੀ ਸੀ ਅਤੇ ਲਾਲ ਸਿੰਘ ਦੀ ਪਤਨੀ ਤੇ ਧੀ ਨੂੰ ਹੌਸਲਾ ਵੀ ਦੇ ਰਹੀ ਸੀ।
ਲਾਲ ਨਾਲ਼ ਸਾਡੀ ਪਰਿਵਾਰਕ ਸਾਂਝ ਸੀ। ਇਹ ਸਾਂਝ ਤਾਂ ਉਂਜ ਸਾਰਿਆਂ ਆਂਢੀਆਂ-ਗੁਆਂਢੀਆਂ ਨਾਲ਼ ਹੀ ਸੀ। ਸਾਡੀ ਅਪਣੀ ਪੱਤੀ ਅਤੇ ਸ਼ਰੀਕੇ ਦੇ ਪਰਿਵਾਰ ਤਾਂ ਸਾਥੋਂ ਦੂਰ ਸਾਡੀ ਪੱਤੀ ਵਿਚ ਵਸਦੇ ਸਨ। ਸਾਡਾ ਰੋਜ਼-ਮੱਰਾ ਦਾ ਭਾਈਚਾਰਾ ਤਾਂ ਇਨ੍ਹਾਂ ਲੋਕਾਂ ਨਾਲ਼ ਹੀ ਸੀ। ਗੁਰਲਾਲ ਚੰਦ, ਗੋਪਾਲ ਚੰਦ, ਵੇਦ ਪ੍ਰਕਾਸ਼ ਤੇ ਲਾਭ ਚੰਦ ਹੁਰੀਂ ਹੀ ਮੇਰੇ ਨੇੜਲੇ ਚਾਚੇ-ਤਾਏ ਸਨ। ਲਾਲ ਨਾਲ਼ ਮੇਰਾ ਬਚਪਨ ਤੋਂ ਯਾਰਾਨਾ ਸੀ। ਉਸ ਦੇ ਪਿਤਾ ਕਰਮ ਚੰਦ ਨੂੰ ਜਦੋਂ ਕਦੀ ਦੁਕਾਨ ’ਤੇ ਮਰੀਜ਼ਾਂ ਵੱਲੋਂ ਵਿਹਲ ਹੁੰਦੀ ਸੀ ਤਾਂ ਉਹਨੇ ਕਈ ਵਾਰ ਸਾਡੇ ਘਰ ਵੜਦਿਆਂ ਦੂਰੋਂ ਹੀ ਏਲਾਨ ਕਰ ਦੇਣਾ, “ਹਰਨਾਮ ਕੁਰੇ! ਓ ਜੋਗਿੰਦਰ ਕੁਰੇ! ਕਿੱਥੇ ਓ? ਕੋਈ ਰੋਟੀ ਪਈ ਆ ਚੰਗੇਰ ਚ ਕਿ ਨਹੀਂ? ਘਰ ਨਹੀਂ ਜਾਇਆ ਗਿਆ। ਮਰੀਜ਼ ਆ ਗਏ ਸੀ; ਟਾਈਮ ਈ ਨਹੀਂ ਮਿਲਿਆ ਘਰ ਜਾਣ ਦਾ। ਲਿਆਓ ਫੜਾਓ ਦੋ ਰੋਟੀਆਂ ਹੈਥੋਂ,” ਉਹ ਮੇਰੀ ਦਾਦੀ ਅਤੇ ਮਾਂ ਨੂੰ ਮੁਖ਼ਾਤਬ ਹੁੰਦਾ।
“ਰੋਟੀਆਂ ਤਾਂ ਹੈਗੀਆਂ; ਪਰ ਅਸੀਂ ਸੱਜਰੀਆਂ ਲਾਹ ਦੇਂਦੀਆਂ, ਜੀ,” ਦਾਦੀ ਜਾਂ ਮਾਂ ’ਚੋਂ ਕੋਈ ਆਖਦੀ। ਉਮਰ ਵਿਚ ਉਹ ਮੇਰੇ ਪਿਓ ਤੋਂ ਅੱਠ-ਦਸ ਸਾਲ ਵੱਡਾ ਸੀ, ਪਰ ‘ਡਾਕਟਰ’ ਹੋਣ ਕਰਕੇ ਉਸ ਤੋਂ ਮੇਰੀ ਮਾਂ ਘੁੰਡ ਨਹੀਂ ਸੀ ਕੱਢਦੀ। ਉਹ ਥਾਲ਼ੀ ਵੀ ਨਾ ਲੈਂਦਾ। ਹਥੇਲੀ ਉੱਤੇ ਹੀ ਦੋ ਫੁਲਕੇ ਰੱਖ ਕੇ ਉਨ੍ਹਾਂ ਉੱਤੇ ਹੀ ਦਾਲ਼-ਸਬਜ਼ੀ ਪੁਆ ਲੈਂਦਾ ਅਤੇ ਸਾਡੇ ਚੌਂਤਰੇ ਦੀ ਛੋਟੀ-ਜਿਹੀ ਕੰਧ ’ਤੇ ਪੈਰ ਰੱਖ ਕੇ ਖੜ੍ਹਾ-ਖਲੋਤਾ ਰੋਟੀ ਖਾ ਲੈਂਦਾ। ਉਹਦੀ ਮੌਤ ਤੋਂ ਪਿੱਛੋਂ ਦੁਕਾਨ ਉਤੇ ਲਾਲ ਬੈਠਣ ਲੱਗਾ। ਉਸ ਕੋਲ਼ ਮੇਰੇ ਬੱਚੇ ਆਪੇ ਹੀ ਚਲੇ ਜਾਂਦੇ। ਬਿਮਾਰੀ ਦੱਸਦੇ ਤੇ ਦਵਾਈ ਲੈ ਕੇ ਆ ਜਾਂਦੇ। ਉਹ ਦਵਾਈ ਦੇ ਪੈਸਿਆਂ ਦਾ ਕੋਈ ਹਿਸਾਬ-ਕਿਤਾਬ ਨਾ ਲਿਖਦਾ। ਕਹਿੰਦਾ, “ਆਪੇ ਚੇਤੇ ਰੱਖੋ। ਇਹ ਤੁਹਾਡਾ ਕੰਮ ਏ।” ਅਸੀਂ ਦਵਾਈ ਲੈ ਕੇ ਆਉਂਦੇ ਤਾਂ ਤੁਰੰਤ ਦਵਾਈ ਦਾ ਵੇਰਵਾ ਕਾਪੀ ’ਤੇ ਲਿਖਦੇ, ਤਾਂ ਕਿ ਬਾਅਦ ਵਿਚ ਕੋਈ ਆਈਟਮ ਭੁਲੇਖੇ ਨਾਲ਼ ਲਿਖਣੋਂ ਰਹਿ ਨਾ ਜਾਵੇ। ਹੋਰਨਾਂ ਦਾ ਹਿਸਾਬ ਕਿਤਾਬ ਉਹ ਲਿਖ ਕੇ ਰੱਖਦਾ ਹੀ ਸੀ, ਪਰ ਸਾਡਾ ਹਿਸਾਬ-ਕਿਤਾਬ ਰੱਖਣ ਲਈ ਤਿਆਰ ਨਹੀਂ ਸੀ। ਇਹ ਉਸ ਦਾ ਸਾਡੇ ਪਰਿਵਾਰ ਨੂੰ ਦੂਜਿਆਂ ਤੋਂ ਵੱਖਰਾ ਨਿਖੇੜ ਕੇ ਸਾਡੇ ਲਈ ਮੋਹ ਅਤੇ ਮਾਣ ਜਤਾਉਣ ਦਾ ਹੀ ਸੰਕੇਤ ਸੀ। ਉਹ ਕਦੀ-ਕਦੀ ਮੇਰੇ ਸੱਜੇ ਗੁੱਟ ਨੂੰ ਹੱਥ ਵਿਚ ਫੜ੍ਹਦਾ ਅਤੇ ਉਲਟਾ ਕਰਕੇ ਮੇਰੇ ਗੁੱਟ ’ਤੇ ਬਣੇ ਇੰਚ ਭਰ ਚੌੜੇ ਨਿਸ਼ਾਨ ਨੂੰ ਵੇਖਦਾ। ਫਿਰ ਹੱਸਦਿਆਂ ਆਖਦਾ, “ਬੜੀਆਂ ਜੁੱਤੀਆਂ ਪਈਆਂ ਸਨ ਉਦੋਂ ਬਾਊ ਜੀ ਤੋਂ।” ਰੰਬਿਆਂ ਨਾਲ਼ ਖੂਹ ਕਿਆਰੀਆਂ ਖੇਡਦਿਆਂ ਬਚਪਨ ਵਿਚ ਉਸ ਤੋਂ ਮੇਰੇ ਗੁੱਟ ’ਤੇ ਰੰਬਾ ਵੱਜ ਗਿਆ ਸੀ, ਜਿਸ ਨਾਲ਼ ਹੋਏ ਬੜੇ ਵੱਡੇ ਜ਼ਖ਼ਮ ਦਾ ਨਿਸ਼ਾਨ ਅਜੇ ਵੀ ਮੇਰੇ ਗੁੱਟ ਉੱਤੇ ਚਮਕਦਾ ਹੈ।
ਮੇਰੇ ਬਚਪਨ ਦਾ ਯਾਰ ਮੇਰੇ ਸਾਹਮਣੇ ਮਰਨਾਊ ਪਿਆ ਸੀ। ਇਸ ਨੂੰ ਬਚਾਉਣਾ ਜ਼ਰੂਰੀ ਸੀ। ਲੋਕਾਂ ਦੇ ਦਰਵਾਜ਼ੇ ਬੰਦ ਸਨ। ਮੰਜਾ ਕੱਢਣ ਕਰਕੇ ਖੋਲਿ੍ਹਆ ਮੇਰੇ ਘਰ ਦਾ ਦਰਵਾਜ਼ਾ ਅਜੇ ਵੀ ਚੌੜ-ਚੁਪੱਟ ਖੁੱਲ੍ਹਾ ਹੋਇਆ ਸੀ। ਮੈਂ ਘਰ ਦਾ ਅਤੇ ਦਿਲ ਦਾ ਦਰਵਾਜ਼ਾ ਬੰਦ ਨਹੀਂ ਸਾਂ ਕਰ ਸਕਦਾ। ਲੋਕਾਂ ਦੇ ਵੱਜੇ ਕੁੰਡੇ ਅਤੇ ਗੁੰਗੀ ਚੁੱਪ ਨੇ ਮੈਨੂੰ ਚੇਤਾ ਕਰਾਇਆ ਕਿ ਮੈਂ ਗੋਲ਼ੀਆਂ ਵੱਜਣ ਵਾਲਿਆਂ ਦਾ ਸਹਾਇਕ ਬਣ ਕੇ ਗੋਲ਼ੀਆਂ ਮਾਰਨ ਵਾਲਿਆਂ ਦੀ ਮਾਰੂ ਨਾਰਾਜ਼ਗੀ ਸਹੇੜ ਰਿਹਾ ਸਾਂ। ਪਰ ਇਹ ਇਹੋ ਜਿਹੀਆਂ ਗਿਣਤੀਆਂ-ਮਿਣਤੀਆਂ ਕਰਨ ਦਾ ਸਮਾਂ ਨਹੀਂ ਸੀ।
“ਛੇਤੀ ਕਰੋ ਜੀ! ਵੇਖਦੇ ਕੀ ਓ!”
ਪਤਨੀ ਨੇ ਕਾਹਲੀ ਨਾਲ਼ ਆਖਿਆ।
ਅਸਾਂ ਬਿਨਾ ਕੋਈ ਹੋਰ ਦੇਰੀ ਕੀਤਿਆਂ ਗੁਲਜ਼ਾਰੀ ਲਾਲ ਨੂੰ ਚੁੱਕ ਕੇ ਮੰਜੇ ’ਤੇ ਪਾਇਆ ਅਤੇ ਪਿੰਡੋਂ ਬਾਹਰਵਾਰ ਚੜ੍ਹਦੇ ਪਾਸੇ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਵੱਲ ਦੌੜ ਪਏ। ਬਾਜ਼ਾਰ ਵਿਚੋਂ ਲੰਘ ਰਹੇ ਸਾਂ, ਤਾਂ ਵੇਖਿਆ, ਕਈ ਜਾਣਿਆਂ ਨੂੰ ਗੋਲ਼ੀਆਂ ਲੱਗੀਆਂ ਸਨ। ਉਨ੍ਹਾਂ ਦੇ ਵਾਲੀ ਵਾਰਸ ਵੀ ਉਨ੍ਹਾਂ ਨੂੰ ਸਾਂਭ ਰਹੇ ਸਨ।
ਕੋਈ ਕਹਿ ਰਿਹਾ ਸੀ, “ਅਜੇ ਹੁਣੇ ਐਂ ਨੂੰ ਜਾਂਦੇ ਮੈਂ ਆਪ ਵੇਖੇ ਨੇ। ਹਾਲੇ ਪਿੰਡੋਂ ਬਾਹਰ ਨਹੀਂ ਗਏ ਹੋਣੇ। ਪੁਲਿਸ ਘੇਰਾ ਪਾਏ ਤਾਂ ਫੜੇ ਜਾ ਸਕਦੇ ਨੇ।” ਬਾਜ਼ਾਰ ਲੰਘ ਕੇ ਅੱਗੇ ਹੋਏ ਤਾਂ ਰਾਹ ਵਿਚ ਖਲੋਤਾ ਪੁਲਿਸ ਚੌਕੀ ਦਾ ਥਾਣੇਦਾਰ ਮੰਜੀ ’ਤੇ ਪਿਆ ਬੰਦਾ ਵੇਖ ਕੇ ਪੁੱਛਣ ਲੱਗਾ, “ਕੌਣ ਏਂ? ਕੀ ਹੋਇਆ?”
ਅਸੀਂ ਦੱਸਿਆ ਤਾਂ ਘਬਰਾਇਆ ਹੋਇਆ ਕਹਿਣ ਲੱਗਾ, “ਮੈਂ ਤਾਂ ਕੁਦਰਤੀ ਐਥੇ ਦੁਕਾਨ ’ਤੇ ਖਲੋਤਾ ਸਾਂ ਕਿ ਉਹ ਦੂਰੋਂ ਗੋਲ਼ੀਆਂ ਚਲਾਉਂਦੇ ਆਉਂਦੇ ਦਿਸੇ। ਮੈਂ ਤਾਂ ਐਧਰ ਓਹਲੇ ’ਚ ਹੋ ਗਿਆ।”
ਇਸੇ ਪੁਲਿਸ ਨੇ ਉਨ੍ਹਾਂ ਨੂੰ ਫੜਨਾ ਸੀ।
ਪ੍ਰਾਇਮਰੀ ਹੈਲਥ ਸੈਂਟਰ ਕੋਲ਼ ਪੁੱਜੇ ਤਾਂ ਸੀ. ਆਰ. ਪੀ. ਵਾਲਿਆਂ ਦਾ ਟੋਲਾ ਲੰਗੜਾਉਂਦੀ ਚਾਲ ਪਿੰਡ ਵੱਲ ਜਾ ਰਿਹਾ ਸੀ। ਇਸ ਚਾਲੇ ਤਾਂ ਇਹਨਾਂ ਨੇ ਉਨ੍ਹਾਂ ਨੂੰ ਹੁਣੇ ਹੀ ਜਾ ਘੇਰਨਾ ਸੀ ਭਲਾ।
ਹੌਲ਼ੀ-ਹੌਲ਼ੀ ਹਸਪਤਾਲ ਵਿਚ ਖਾਸੀ ਭੀੜ ਇਕੱਠੀ ਹੋ ਗਈ ਸੀ। ਇਕ ਬੰਦੇ ਮੰਗੇ ਦੀ ਮੌਤ ਹੋ ਗਈ ਸੀ ਅਤੇ ਹੋਰ ਚੌਦਾਂ ਬੰਦਿਆਂ ਨੂੰ ਗੋਲ਼ੀਆਂ ਲੱਗੀਆਂ ਸਨ। ਹਰੇਕ ਦੇ ਪੰਜ-ਪੰਜ, ਸੱਤ-ਸੱਤ ਵਾਰਸ ਨਾਲ਼ ਆਏ ਸਨ। ਡਾਕਟਰ ਗੁਰਦਿਆਲ ਸਿੰਘ ਗਿੱਲ ਮੇਰਾ ਜਾਣੂ ਸੀ। ਅਸੀਂ ਦੋਵੇਂ ਝਬਾਲ ਵਿਆਹੇ ਹੋਏ ਸਾਂ ਅਤੇ ਸਾਡੇ ਦੋਹਾਂ ਦੇ ਸਾiਲ਼ਆਂ ਦਾ ਆਪਸ ਵਿਚ ਬੜਾ ਸਨੇਹ ਸੀ। ਉਸ ਨੇ ਫ਼ਿਕਰਮੰਦੀ ਨਾਲ਼ ਕਿਹਾ, “ਸੰਧੂ ਸਹਿਬ। ਜੇ ਇਹਨਾਂ ਦੀ ਜਾਨ ਬਚਾਉਣੀ ਏਂ ਤਾਂ ਫ਼ਸਟ-ਏਡ ਦਿਵਾ ਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਅੰਬਰਸਰ ਲੈ ਜਾਓ।”
ਅਪਣਾ ਅਮਲਾ-ਫੈਲਾ ਲੈ ਕੇ ਡਾਕਟਰ ਗਿੱਲ ਮਰ੍ਹਮ-ਪੱਟੀ ਕਰਨ ਵਿਚ ਰੁੱਝ ਗਿਆ। ਵਿਜੈ ਨੂੰ ਲਾਲ ਕੋਲ਼ ਖੜ੍ਹਾ ਕਰਕੇ ਮੈਂ ਦੂਜੇ ਜ਼ਖ਼ਮੀਆਂ ਦਾ ਹਾਲ-ਅਹਵਾਲ ਪਤਾ ਕਰਨ ਲੱਗਾ। ਸਾਰੇ ਮੇਰੇ ਅਪਣੇ ਹੀ ਤਾਂ ਸਨ। ਮੰਗੇ ਅਤੇ ਰਾਮ ਦਾ ਪਿਓ ਗੋਪਾਲ ਚੰਦ ਮੇਰਾ ਸਾਹਮਣਾ ਗੁਆਂਢੀ ਤਾਇਆ ਸੀ। ਅੱਗੇ ਮਦਨ ਮੱਦੋ ਦਾ ਮੁੰਡਾ ਸੀ। ਰਾਮ ਲੁਭਾਇਆ ਕੰਡਕਟਰ ਸੀ। ਚਮਨ ਲਾਲ ਸੀ ਅਤੇ ਹੋਰ ਕਿੰਨੇ ਜਣੇ ਸਨ। ਹਰ ਇਕ ਜਣਾ ਅਪਣੇ ਜ਼ਖ਼ਮੀ ਵਾਸਤੇ ਸਭ ਤੋਂ ਪਹਿਲਾਂ ਮੁੱਢਲੀ ਸਹਾਇਤਾ ਦੇਣ ਦੀ ਮੰਗ ਕਰ ਰਿਹਾ ਸੀ।
ਏਨੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਸਕਣ ਦਾ ਪ੍ਰਾਇਮਰੀ ਹੈਲਥ ਸੈਂਟਰ ਵਿਚ ਕੋਈ ਪ੍ਰਬੰਧ ਨਹੀਂ ਸੀ।
ਲਾਲ ਦਾ ਮੂੰਹ ਅਤੇ ਗਲਾ ਸੁੱਜ ਗਿਆ ਸੀ। ਘੋਰੜੂ ਵੱਜਣ ਲੱਗਾ।
“ਭਾ ਜੀ ਹੁਣ ਕੀ ਕਰੀਏ?” ਲਾਲ ਦਾ ਭਰਾ ਬੇਵੱਸ ਹੋਇਆ ਮੈਨੂੰ ਪੁੱਛਣ ਲੱਗਾ। ਦੂਜੇ ਜਣੇ ਵੀ ਮੇਰੇ ਮੂੰਹ ਵੱਲ ਵੇਖਣ ਲੱਗੇ। ਉਨ੍ਹਾਂ ਨੂੰ ਤਾਂ ਕੋਈ ਸੁੱਝਦੀ-ਔੜ੍ਹਦੀ ਨਹੀਂ ਸੀ। ਅਮ੍ਰਿਤਸਰ ਜਾਣ ਦਾ ਪ੍ਰਬੰਧ ਕਿਵੇਂ ਹੋਵੇ। ਅਚਨਚੇਤ ਮੈਨੂੰ ਖ਼ਿਆਲ ਆਇਆ, “ਆਪਾਂ ਸੀ. ਆਰ. ਪੀ. ਵਾਲਿਆਂ ਨੂੰ ਆਖਦੇ ਆਂ। ਉਨ੍ਹਾਂ ਦੀਆਂ ਗੱਡੀਆਂ ਜਾਂ ਟਰੱਕ ਹੁੰਦੇ ਨੇ। ਆਓ। ਉਨ੍ਹਾਂ ਨਾਲ਼ ਗੱਲ ਕਰੀਏ।”
ਹਸਪਤਾਲ ਦੇ ਨਾਲ਼ ਹੀ ਸੀ. ਆਰ. ਪੀ. ਵਾਲਿਆਂ ਦਾ ਡੇਰਾ ਸੀ। ਮੇਰੇ ਨਾਲ਼ ਹੀ ਹੋਰ ਜ਼ਖ਼ਮੀਆਂ ਦੇ ਵਾਰਸ ਵੀ ਉੱਧਰ ਨੂੰ ਤੁਰ ਪਏ। ਸੀ ਆਰ ਪੀ ਦਾ ਇੰਸਪੈਕਟਰ ਕਹਿੰਦਾ, “ਸਾਡੀਆਂ ਗੱਡੀਆਂ ਵਿਹਲੀਆਂ ਨਹੀਂ। ਅਸੀਂ ਪਿੰਡ ਨੂੰ ਘੇਰਾ ਪਾਉਣ ਲੱਗੇ ਆਂ।”
ਸਾਨੂੰ ਉਹਦੀ ਦਲੀਲ ’ਤੇ ਗ਼ੁੱਸਾ ਆਇਆ। ਕਿੰਨੀ ਥੋਥੀ ਦਲੀਲ ਸੀ। ਅਜੇ ਇਹਨਾਂ ਨੇ ਘੇਰਾ ਪਾਉਣਾ ਸੀ।
“ਦੇਖੋ ਸ੍ਰੀਮਾਨ ਜੀ, ਤੁਹਾਡੇ ਵੱਲੋਂ ਸਹਿਯੋਗ ਨਾ ਦੇਣ ਕਰਕੇ ਜੇ ਸਾਡੇ ਬੰਦਿਆਂ ’ਚੋਂ ਕਿਸੇ ਦੀ ਜਾਨ ਚਲੀ ਗਈ, ਤਾਂ ਉਹਦੇ ਕਤਲ ਦੇ ਤੁਸੀਂ ਜ਼ਿੰਮੇਵਾਰ ਹੋਵੋਗੇ।” ਮੈਂ ਪੂਰੀ ਕਰੜਾਈ ਨਾਲ਼ ਆਖਿਆ ਅਤੇ ਨਾਲ਼ ਦੇ ਸਾਥੀਆਂ ਨੂੰ ਹੱਲਾ-ਸ਼ੇਰੀ ਦਿੱਤੀ। ਉਨ੍ਹਾਂ ਦੇ ਤਾਂ ਬੰਦੇ ਮਰਦੇ ਪਏ ਸਨ। ਉਨ੍ਹਾਂ ਦਾ ਉਬਲਦਾ ਅੰਦਰ ਬਾਹਰ ਆ ਗਿਆ। ਕਿਸੇ ਸਤੇ ਹੋਏ ਨੇ ਇਹ ਵੀ ਕਿਹਾ, “ਜੇ ਤੁਸੀਂ ਘੇਰਾ ਪਾਉਣ ਜੋਗੇ ਹੁੰਦੇ, ਤਾਂ ਇਹ ਕੁਝ ਵਾਪਰਦਾ ਹੀ ਕਿਉਂ?”
“ਵੇਖੋ ਸਾਹਬ ਬਹਾਦਰ। ਸਾਡੀ ਮਦਦ ਕਰੋ, ਨਹੀਂ ਤਾਂ ਤੁਹਾਡਾ ਇਹ ਰਵੱਈਆ ਤੁਹਾਡੇ ਅਫ਼ਸਰਾਂ ਨੂੰ ਦੱਸਾਂਗੇ। ਸਰਕਾਰ ਨੂੰ ਦੱਸਾਂਗੇ। ਦੁਖੀ ਬੰਦੇ ਕੋਲ਼ ਹੋਰ ਚਾਰਾ ਵੀ ਕੀ ਹੈ।” ਮੇਰੇ ਬੋਲਾਂ ਵਿਚ ਤਰਲੇ, ਨਰਮੀ ਅਤੇ ਸਖ਼ਤੀ ਦਾ ਮਿਸ਼ਰਣ ਸੀ।
“ਚਲੋ ਕਰਦੇ ਆਂ ਕੋਈ ਬੰਦੋਬਸਤ।”
ਅਸਲ ਵਿਚ ਉਹ ਲੋਕਾਂ ਦੇ ਰੋਹ ਅੱਗੇ ਢੈਲ਼ਾ ਪੈ ਗਿਆ ਸੀ।
ਸੀ. ਆਰ. ਪੀ. ਦੀਆਂ ਗੱਡੀਆਂ ’ਤੇ ਜ਼ਖ਼ਮੀਆਂ ਨੂੰ ਲੱਦਿਆ ਜਾਣ ਲੱਗਾ। ਲਾਲ ਨਾਲ਼ ਉਸਦਾ ਛੋਟਾ ਭਰਾ ਵਿਜੈ ਅਤੇ ਹੋਰ ਇੱਕ-ਜਣਾ ਗਿਆ। ਗੋਪਾਲ ਚੰਦ ਨਾਲ਼ ਰਾਮ ਅਤੇ ਉਸਦਾ ਫ਼ੌਜੀ ਭਰਾ ਬੈਠ ਗਏ। ਥੋੜ੍ਹੇ ਚਿਰ ਪਿੱਛੋਂ ਗੱਡੀਆਂ ਅਮ੍ਰਿਤਸਰ ਰਵਾਨਾ ਹੋ ਗਈਆਂ। ਇੰਜ ਸਭ ਨਾਲ਼ ਕੁਝ ਲੋੜੀਂਦੇ ਬੰਦੇ ਬੈਠ ਗਏ।



ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ। ਜ਼ਖ਼ਮੀਆਂ ਨਾਲ਼ ਆਏ ਹੋਰ ਬਹੁਤ ਸਾਰੇ ਲੋਕ ਆਪੋ-ਅਪਣੇ ਘਰਾਂ ਨੂੰ ਵਾਪਸ ਮੁੜ ਗਏ। ਮੈਂ ਵੀ ਘਰ ਜਾਣ ਦੀ ਸੋਚੀ। ਲਾਲ ਦਾ ਪਰਿਵਾਰ ਮੇਰੇ ਘਰ ਬੈਠਾ ਸੁੱਖ-ਸਾਂਦ ਦੀ ਉਡੀਕ ਕਰ ਰਿਹਾ ਸੀ। ਮੈਨੂੰ ਜਾ ਕੇ ਉਨ੍ਹਾਂ ਨੂੰ ਝੂਠਾ-ਸੱਚਾ ਹੌਸਲਾ ਦੇਣਾ ਹੋਵੇਗਾ।
ਕਿਸੇ ਕਿਹਾ, ‘ਐੱਸ. ਐੱਸ. ਪੀ. ਮੌਕਾ ਵੇਖਣ ਆ ਰਿਹਾ ਏ।”
ਦੂਜੇ ਆਖਣ ਲੱਗੇ, “ਚਲੋ, ਜਾ ਕੇ ਪੁਲਿਸ ਦੀ ਖ਼ਬਰ ਲਈਏ। ਥਾਣੇਦਾਰ ਤਾਂ ਆਪ ਮੂਤਦਾ ਲੁਕਦਾ ਫਿਰਦਾ ਸੀ। ਇਹਨਾਂ ਸਾਡੀ ਰਾਖੀ ਕੀ ਕਰਨੀ ਏਂ?”
ਮੈਂ ਸੋਚਿਆ: ਪੁਲਿਸ ਨੂੰ ਮਿਲ ਕੇ ਮੈਂ ਹੁਣ ਕੀ ਲੈਣਾ ਸੀ। ਪੁਲਿਸ ਨਾਲ਼ ਲੜ ਕੇ ਹੁਣ ਹੋਣਾ ਵੀ ਕੀ ਸੀ। ਪਹਿਲ ਤਾਂ ਜ਼ਖ਼ਮੀਆਂ ਨੂੰ ਟਿਕਾਣੇ ’ਤੇ ਪਹੁੰਚਾਉਣਾ ਸੀ ਅਤੇ ਉਹ ਕੰਮ ਹੋ ਗਿਆ ਸੀ।
ਦੂਜੇ ਲੋਕਾਂ ਨੇ ਕਮਾਂਡ ਅਪਣੇ ਹੱਥ ਸਾਂਭ ਲਈ ਸੀ। ਉਹ ਅੱਗੇ ਲੱਗ ਕੇ ਪੁਲਿਸ-ਚੌਕੀ ਵੱਲ ਤੁਰ ਪਏ। ਮੈਂ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਪਿਆ। ਉਹ ਸਾਰੇ ਜਣੇ ਗੋਲ਼ੀ ਚਲਾਉਣ ਵਾਲਿਆਂ ਬਾਰੇ ਕਿਆਫ਼ੇ ਲਾ ਰਹੇ ਸਨ।
ਕੌਣ ਹੋ ਸਕਦੇ ਸਨ ਇਹ? ਬਲੂ ਸਟਾਰ ਅਪਰੇਸ਼ਨ ਦੇ ਦਿਨੀਂ ਵੀ ਪਿੰਡ ਦਾ ਭਾਈਚਾਰਾ ਪਹਿਲਾਂ ਵਾਂਗ ਹੀ ਬਣਿਆ ਰਿਹਾ ਸੀ। ਲੱਗੇ ਕਰਫ਼ਿਊ ਵਿਚ ਵੀ ਪਿੰਡ ਦੇ ਦੁਕਾਨਦਾਰ, ਸੀ. ਆਰ. ਪੀ. ਵਾਲਿਆਂ ਦੀ ਅੱਖ ਬਚਾ ਕੇ, ਲੋੜਵੰਦ ਲੋਕਾਂ ਨੂੰ ਪਿਛਲੇ ਦਰਵਾਜ਼ਿਓਂ ਸੌਦਾ-ਪੱਤਾ ਦਿੰਦੇ ਰਹੇ ਸਨ। ਪਿਛਲੇ ਦਿਨਾਂ ਵਿਚ ਦੋਵਾਂ ਭਾਈਚਾਰਿਆਂ ਦਰਮਿਆਨ ਬਾਰੀਕ-ਜਿਹੇ ਵਖਰੇਵੇਂ ਦੇ ਭਾਵ ਪੈਦਾ ਹੋ ਜਾਣ ਦੇ ਬਾਵਜੂਦ ਪਿੰਡ ਵਿਚ ਹਿੰਦੂ-ਸਿੱਖ ਦੇ ਹਵਾਲੇ ਨਾਲ਼ ਦੁਸ਼ਮਣੀ ਕਮਾਉਣ ਦੀ ਕਦੀ ਕੋਈ ਦੱਸ-ਧੁੱਖ ਸੁਣੀ ਨਹੀਂ ਸੀ। ਇਸ ਪਿੰਡ ਵਿਚ ਪਿਛਲੇ ਤੀਹ ਸਾਲਾਂ ਤੋਂ ਪੜ੍ਹਾ ਰਹੇ ਹੰਸ ਰਾਜ ਪ੍ਰਭਾਕਰ ਕਰਫ਼ਿਊ ਦੇ ਇਨ੍ਹਾਂ ਦਿਨਾਂ ਵਿਚ ਵੀ ਹਰੇਕ ਸ਼ਾਮ ਨੂੰ ਪਿੰਡ ਦੀ ਆਮ ਦਿਨਾਂ ਵਾਂਗ ਪਰਿਕਰਮਾ ਕਰਦਾ ਅਤੇ ਜਿੱਥੇ ਵੀ ਕੋਈ ਪੁਰਾਣਾ ਵਿਦਿਆਰਥੀ ਜਲ-ਪਾਣੀ ਦੀ ਸੁਲਾਹ ਮਾਰਦਾ, ਉਸ ਨੂੰ ਬਾਖ਼ੁਸ਼ੀ ਅਪਣੀ ਸੇਵਾ ਕਰਨ ਦਾ ਮਾਣ ਬਖ਼ਸ਼ਦਾ ਰਹਿੰਦਾ ਅਤੇ ਜੇ ਕੋਈ ਹਮਦਰਦ ਉਸ ਨੂੰ ਅਜਿਹੇ ਹਾਲਾਤ ਵਿਚ ਘਰੋਂ ਬਾਹਰ ਨਿਕਲਣ ਤੋਂ ਵਰਜਦਾ ਤਾਂ ਉਹ ਹੱਸ ਕੇ ਆਖਦਾ, “ਕੀ ਕਰਾਂ? ਅੱਜ ਕਿਸੇ ਕੋਲ਼ੋਂ ਪੀਂਦਾਂ, ਤਾਂ ਦੂਸਰਾ ਕੋਈ ਹੋਰ ਅਗਲੇ ਦਿਨ ਲਈ ਪਹਿਲਾਂ ਈ ਬੁੱਕ ਕਰ ਲੈਂਦਾ; ਅਖੇ, ਮਾਸਟਰ ਜੀ ਕੱਲ੍ਹ ਮੇਰੇ ਵੱਲ ਆਇਓ, ਪਹਿਲੇ ਤੋੜ ਦੀ ਪਈ ਏ ਮੇਰੇ ਕੋਲ਼। ਉਂਜ ਵੀ ਪਿੰਡ ਦੇ ਹਰ ਘਰ ਵਿਚ ਮੇਰਾ ਕੋਈ ਨਾ ਕੋਈ ਵਿਦਿਆਰਥੀ ਹੈ। ਕਿਸੇ ਦੀ ਮਾਂ ਸੂਈ ਹੈ, ਜੋ ਮੇਰੇ ਵੱਲ ਕੈਰੀ ਨਜ਼ਰ ਨਾਲ਼ ਝਾਕ ਵੀ ਜਾਏ।”
ਪ੍ਰਭਾਕਰ ਇਕ ਦਿਨ ਮੈਨੂੰ ਕਹਿੰਦਾ, “ਰਾਤੀਂ ਮੈਨੂੰ…ਮਿਲ ਗਿਆ।” ਉਹਨੇ ਪਿੰਡ ਦੇ ਖਾੜਕੂਆਂ ਨਾਲ਼ ਤੁਰੇ ਪੁਰਾਣੇ ਵਿਦਿਆਰਥੀ ਦਾ ਨਾਮ ਲਿਆ, “ਦੋ ਸਟੇਨਾਂ ਵਾਲ਼ੇ ਹੋਰ ਵੀ ਨਾਲ਼ ਸਨ। ਮੇਰੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦਾ, ਮਾਸਟਰ ਜੀ ਐਸ ਵੇਲੇ ਘਰ ਬੈਠਿਆ ਕਰੋ। ਮਾਲ ਅਸਬਾਬ ਅਸੀਂ ਆਖੋ ਤਾਂ ਘਰੇ ਅਪੜਾ ਦਿਆ ਕਰਾਂਗੇ।” ਮੇਰੇ ਪੈਰ ਉੱਖੜਦੇ ਵੇਖ ਕੇ ਕਹਿੰਦਾ, “ਚੱਲੋ। ਤੁਹਾਨੂੰ ਘਰ ਛੱਡ ਆਵਾਂ।” ਮੈਨੂੰ ਮੇਰੇ ਘਰ ਦੇ ਬੂਹੇ ਤਕ ਛੱਡ ਕੇ ਗਏ ਉਹ। ਸਾਡੇ ਇਹ ਮੁੰਡੇ ਸਾਨੂੰ ਮਾਰਨਗੇ? ਸਾਨੂੰ ਤਾਂ ਰੱਤੀ ਭਰ ਵੀ ਡਰ ਨਹੀਂ ਲੱਗਦਾ।”
ਸਾਰੇ ਲੋਕਾਂ ਵਿਚ ਭਾਵੇਂ ਹੰਸ ਰਾਜ ਪ੍ਰਭਾਕਰ ਵਰਗਾ ਸਵੈ-ਵਿਸ਼ਵਾਸ ਨਾ ਵੀ ਹੋਵੇ, ਤਦ ਵੀ ਕਿਸੇ ਇਹ ਨਹੀਂ ਸੀ ਸੋਚਿਆ ਕਿ ਸਾਡੇ ਪਿੰਡ ਇਹੋ ਜਿਹੀ ਵਾਰਦਾਤ ਹੋ ਜਾਵੇਗੀ। ਫਿਰ ਇਹ ਕੌਣ ਸਨ, ਜਿਨ੍ਹਾਂ ਜਾਣ ਬੁਝ ਕੇ ਪਿੰਡ ਦੇ ਸਦਭਾਵੀ ਭਾਈਚਾਰੇ ਨੂੰ ਜ਼ਖ਼ਮੀ ਕੀਤਾ ਸੀ। ਇੱਕ ਨੂੰ ਮਾਰ ਕੇ ਹੋਰ ਕਈਆਂ ਨੂੰ ਮਰਨੇ ਪਾ ਦਿੱਤਾ ਸੀ।
“ਪਿੰਡ ਦਾ ਬੰਦਾ ਹੋਊ ਕੋਈ ਵਿਚ ਜੀ, ਜ਼ਰੂਰ-ਬਰ-ਜ਼ਰੂਰ। ਪਿੰਡ ਦੇ ਬੰਦਿਆਂ ਦੀ ਸੂਹ ਤੇ ਸਾਥ ਤੋਂ ਬਿਨਾਂ ਕੋਈ ਏਨੇ ਹੌਸਲੇ ਨਾਲ਼ ਇਹ ਕੰਮ ਨਹੀਂ ਕਰ ਸਕਦਾ। ਅਗਲਿਆਂ ਨੂੰ ਪਿੰਡ ਦੇ ਸਾਰੇ ਰਾਹਾਂ ਦਾ ਪਤਾ ਸੀ। ਪਰਲੇ ਪਾਸਿਓਂ ਆਏ। ਸਾਰੇ ਬਜ਼ਾਰ ਚ ਗੋਲ਼ੀਆਂ ਚਲਾ ਕੇ ਆਰਾਮ ਨਾਲ਼ ਸਕੂਲ ਕੋਲ਼ੋਂ ਦੀ ਹੋ ਕੇ ਲਹੀਆਂ ਦੀ ਪੱਤੀ ਵੱਲ ਬਾਹਰ ਨਿਕਲ਼ ਗਏ। ਪਿੰਡ ਦੇ ਬੰਦੇ ਜ਼ਰੂਰ ਹੋਣਗੇ ਵਿਚ। ਮੈਂ ਆਪ ਵੇਖਿਆ, ਉਨ੍ਹਾਂ ਨੇ ਪਛਾਣੇ ਜਾਣ ਦੇ ਡਰੋਂ ਮੂੰਹ ਸਿਰ ਵਲ੍ਹੇਟੇ ਹੋਏ ਸਨ। ਪਿੰਡ ਦੇ ਸਨ ਜੀ ਵਿਚ। ਬਿਲਕੁਲ ਪੱਕ ਐ। ਕਿਸੇ ਹੋਰ ਨੂੰ ਮੂੰਹ ਲੁਕਾਉਣ ਦੀ ਭਲਾ ਕੀ ਲੋੜ ਸੀ।”
ਕੋਈ ਮੋਅਤਬਰ ਸੱਜਣ ਪੂਰੇ ਭਰੋਸੇ ਨਾਲ਼ ਕਹਿ ਰਿਹਾ ਸੀ।
“ਕੌਣ ਹੋਵੇਗਾ ਭਲਾ ਪਿੰਡ ਦਾ ਬੰਦਾ ਵਿਚ?” ਅਪਣੀ ਜਗਿਆਸਾ ਸ਼ਾਂਤ ਕਰਨ ਲਈ ਕਿਸੇ ਵੱਲੋਂ ਪੁੱਛਿਆ ਗਿਆ ਇਹ ਵਾਜਬ ਸਵਾਲ ਸੀ।
“ਸਭ ਕੁਝ ਐਥੇ ਸਾਹਮਣੇ ਆ ਜਾਣਾ ਏਂ। ਤੂੰ ਵੇਖੀਂ ਸਹੀ। ਸਬਰ ਰੱਖ ਜ਼ਰਾ। ਅਜੇ ਹੁਣੇ ਦੱਸਣ ਵਾਲੀ ਗੱਲ ਨਹੀਂ,” ਇਹਦਾ ਭਾਵ ਸੀ ਕਿ ਉਸ ਕੋਲ਼ ਕੋਈ ਪੱਕੀ ਸੂਚਨਾ ਸੀ, ਪਰ ਅਜੇ ਹਾਲ ਦੀ ਘੜੀ ਉਹ ਸਾਂਝੀ ਨਹੀਂ ਸੀ ਕਰਨੀ ਚਾਹੁੰਦਾ।
ਮੈਂ ਉਨ੍ਹਾਂ ਦੇ ਨਾਲ਼-ਨਾਲ਼ ਹੀ ਤੁਰ ਰਿਹਾ ਸਾਂ। ਇਹ ਸਵਾਲ ਤਾਂ ਮੇਰੇ ਅੰਦਰ ਵੀ ਚੱਕਰ ਲਾ ਰਹੇ ਸਨ। ਮੇਰੇ ਮਨ ਵਿਚ ਇਕਦਮ ਇਹ ਖ਼ਿਆਲ ਆਇਆ ਇਸ ਭੇਤ ਵਾਲੀ ਗੱਲ ਨੂੰ ਉਹ ਕਿਤੇ ਮੇਰੇ ਹਾਜ਼ਰ ਹੋਣ ਕਰਕੇ ਤਾਂ ਨਹੀਂ ਸੀ ਲੁਕਾ ਰਿਹਾ?
ਅਚਨਚੇਤ ਮੈਨੂੰ ਵੱਖਰੀ ਸੋਚ ਨੇ ਘੇਰ ਲਿਆ। ਅੱਜ ਹੁਣ ਤੀਕ ਕੀਤਾ ਮੇਰਾ ਸਾਰਾ ਉੱਦਮ ਅਤੇ ਉਤਸ਼ਾਹ ਕਿਰਨਾ ਸ਼ੁਰੂ ਹੋ ਗਿਆ। ਮੈਂ ਵੇਖਿਆ, ਏਨੇ ਲੋਕਾਂ ਦੀ ਭੀੜ ਵਿਚ ਪਗੜੀ ਵਾਲ਼ਾ ਤਾਂ ਮੈਂ ਇਕੱਲਾ ਹੀ ਸਾਂ। ਘੜੀ ਪਹਿਲਾਂ ਮੈਂ ਉਨ੍ਹਾਂ ਸਭਨਾਂ ਦਾ ਹਿੱਸਾ ਸਾਂ। ਉਨ੍ਹਾਂ ਦੇ ਗ਼ਮ ਅਤੇ ਪੀੜ ਵਿਚ ਪੂਰੀ ਤਰ੍ਹਾਂ ਸ਼ਰੀਕ। ਉਨ੍ਹਾਂ ਦਾ ਅਪਣਾ ਹੀ ਭਰਾ-ਭਾਈ। ਪਰ ਇਕ ਪਲ ਵਿਚ ਹੀ ਮੈਂ ਉਨ੍ਹਾਂ ਵਿਚ ਅਪਣੇ ਆਪ ਨੂੰ ਓਪਰਾ ਸਮਝਣ ਲੱਗ ਪਿਆ ਸਾਂ। ਇਹ ਵੀ ਸੋਚਣ ਲੱਗਾ ਕਿ ਇਹਨਾਂ ਵਿਚੋਂ ਕੋਈ ਇਹ ਵੀ ਸੋਚਦਾ ਹੋ ਸਕਦਾ ਹੈ ਕਿ ਮੈਂ ਇਕੱਲਾ ਇਨ੍ਹਾਂ ਵਿਚ ਕੀ ਕਰਦਾ ਪਿਆਂ। ਮੇਰੇ ਕੀਤੇ ਤਥਾ-ਕਥਿਤ ਪਰਉਪਕਾਰ ਦਾ ਜੋਸ਼ ਮੱਠਾ ਪੈ ਰਿਹਾ ਸੀ।
ਉਨ੍ਹਾਂ ਨਾਲ਼ ਹੋ ਕੇ ਵੀ ਮੈਂ ਉਸ ਭੀੜ ਦਾ ਹਿੱਸਾ ਨਹੀਂ ਸਾਂ ਰਹਿ ਗਿਆ।
ਪਹਿਰੇ ਉੱਤੇ ਖਲੋਤੇ ਪੁਲਿਸ ਕਰਮਚਾਰੀਆਂ ਨੇ ‘ਸਾਹਬ ਆਉਣ ਵਾਲ਼ੇ ਨੇ ਮੌਕਾ ਵੇਖਣ ਲਈ’ ਆਖ ਕੇ ਸਭ ਨੂੰ ਪੁਲਿਸ-ਚੌਕੀ ਦੇ ਬਾਹਰ ਹੀ ਰੋਕ ਲਿਆ।
ਦਸ ਕੁ ਮਿੰਟ ਬਾਅਦ ਹੀ ਘੂਕਦੀਆਂ ਕਾਰਾਂ ਅਤੇ ਜੀਪਾਂ ਦਾ ਕਾਫ਼ਲਾ ਚੌਕੀ ਅੱਗੇ ਆਣ ਰੁਕਿਆ। ਕਾਰ ਅੰਦਰ ਬੈਠਿਆਂ ਹੀ ਐੱਸ. ਐੱਸ. ਪੀ. ਦੇ ਖਲੋਤੇ ਬੰਦਿਆਂ ਨੂੰ ਹੋਈ ਵਾਰਦਾਤ ਬਾਰੇ ਪੁੱਛਿਆ। ਮੇਰੇ ਵਿਚੋਂ ਅੱਗੇ ਹੋਣ ਦਾ ਉਤਸ਼ਾਹ ਮਰ ਚੁੱਕਾ ਸੀ। ਮੈਂ ਕੋਈ ਸਿੱਧੇ ਤੌਰ ’ਤੇ ਪੀੜਿਤ ਧਿਰ ਨਹੀਂ ਸਾਂ। ਅਸਲੀ ਪੀੜਿਤ ਧਿਰ ਦੇ ਲੋਕ ਇਕ ਦੂਜੇ ਤੋਂ ਪਹਿਲ ਕਰਦੇ ਇੱਕ ਦੂਜੇ ਦੀ ਗੱਲ ਕੱਟਦੇ ਹੋਏ ਆਪੋ-ਅਪਣਾ ਬਿਆਨ ਦੇ ਰਹੇ ਸਨ।
“ਪਿੰਡ ਦੇ ਬੰਦਿਆਂ ਦੀ ਸ਼ਹਿ ਤੋਂ ਬਿਨਾ ਨਹੀਂ ਹੋ ਸਕਦਾ ਜੀ ਇਹ ਕੰਮ,” ਕਿਸੇ ਨੇ ਕਿਹਾ।
“ਤੁਸੀਂ ਦੱਸੋ ਕੌਣ ਐਂ? ਫਿਰ ਮੇਰੀ ਕਾਰਵਾਈ ਵੇਖਿਓ। ਦੱਸੋ, ਦੱਸੋ; ਸਗੋਂ ਕੌਣ ਏਂ? ਬਿਨਾਂ ਕਿਸੇ ਡਰ, ਝਿਜਕ ਤੋਂ ਨਾਂ ਲਓ ਤੁਸੀਂ। ਦੱਸੋ ਤਾਂ ਸਹੀ ਇੱਕ ਵਾਰ,” ਐੱਸ. ਐੱਸ. ਪੀ. ਨੇ ਉੱਚੀ ਤੇ ਤਿੱਖੀ ਆਵਾਜ਼ ਵਿਚ ਆਖਿਆ।
ਭੀੜ ਵਿੱਚੋਂ ਕੋਈ ਨਹੀਂ ਬੋਲਿਆ। ਮੈਨੂੰ ਮਹਿਸੂਸ ਹੋਇਆ; ਦੱਸਣ ਵਾਲ਼ਾ ਜਿਵੇਂ ਮੇਰੇ ਕਰਕੇ ਹੀ ਚੁੱਪ ਰਿਹਾ ਹੋਵੇ।
ਥੋੜ੍ਹੇ ਚਿਰ ਪਿੱਛੋਂ ਸਮੁੱਚੀ ਗਾਰਦ ਮੌਕਾ ਵੇਖਣ ਲਈ ਬਾਜ਼ਾਰ ਵੱਲ ਚੱਲ ਪਈ। ਕਿਸੇ ਨੂੰ ਵੀ ਓਧਰ ਆਉਣ ਤੋਂ ਵਰਜ ਦਿੱਤਾ ਗਿਆ। ਮੇਰਾ ਘਰ ਤਾਂ ਐਨ ਬਜ਼ਾਰ ਦੇ ਵਿਚਕਾਰ ਸੀ ਅਤੇ ਉੱਥੇ ਬਾਜ਼ਾਰ ਵਿਚੋਂ ਲੰਘ ਕੇ ਹੀ ਜਾਇਆ ਜਾ ਸਕਦਾ ਸੀ। ਹੋਰਨਾਂ ਦੇ ਘਰਾਂ ਨੂੰ ਰਾਹ ਹੋਰ ਗਲ਼ੀਆਂ ਵਿੱਚੋਂ ਦੀ ਹੋ ਕੇ ਵੀ ਜਾਂਦੇ ਸਨ। ਉਹ ਸਾਰੇ ਆਪੋ ਅਪਣੇ ਘਰਾਂ ਨੂੰ ਤੁਰ ਗਏ। ਪਿੱਛੇ ਰਹਿ ਗਏ ਮੇਰੇ ਸਮੇਤ ਤਿੰਨ ਜਣੇ। ਅਸੀਂ ਪੁਲਿਸ ਦੀ ਵਾਪਸੀ ਦੀ ਉਡੀਕ ਕਰਨ ਲੱਗੇ।
ਅੱਧੇ ਪੌਣੇ ਘੰਟੇ ਪਿੱਛੋਂ ਪੁਲਿਸ ਪਰਤੀ ਤਾਂ ਅਸੀਂ ਹੌਸਲਾ ਕਰਕੇ ਪਿੰਡ ਵੱਲ ਤੁਰ ਪਏ। ਅਸੀਂ ਤਿੰਨੇ ਡਰੇ ਹੋਏ ਸਾਂ। ਰਾਹ ਵਿਚ ਮੋੜਾਂ, ਚੌਰਾਹਿਆਂ ਉੱਪਰ ਥਾਂ-ਥਾਂ ’ਤੇ ਸਟੇਨਾਂ ਸੰਭਾਲੀ ਸੀ. ਆਰ. ਪੀ. ਵਾਲੇ ਖਲੋਤੇ ਸਨ। ਦੂਜੇ ਦੋਂਹ ਜਣਿਆਂ ਦੇ ਘਰ ਬਾਜ਼ਾਰ ਦੇ ਮੁੱਢ ਵਿਚਲੀਆਂ ਗਲੀਆਂ ਵਿਚ ਸਨ। ਉਹ ਆਪੋ-ਅਪਣੇ ਘਰਾਂ ਨੂੰ ਮੁੜ ਗਏ। ਸਾਹਮਣੇ ਖਲੋਤੇ ਦੋ ਸੀ. ਆਰ. ਪੀ. ਵਾiਲ਼ਆਂ ਨੇ ਮੈਨੂੰ ਉਨ੍ਹਾਂ ਦੋ ਹਿੰਦੂ ਭਰਾਵਾਂ ਨਾਲ਼ ਆਉਂਦੇ ਵੇਖ ਲਿਆ ਸੀ। ਉਨ੍ਹਾਂ ਮੈਨੂੰ ਕੋਈ ਸ਼ੱਕੀ ਬੰਦਾ ਨਾ ਜਾਣ ਕੇ ਅੱਗੇ ਜਾਣ ਦਿੱਤਾ। ਮੈਂ ਹੌਸਲਾ ਕਰਕੇ ਤੁਰਿਆ ਗਿਆ। ਕਿਸੇ ਨੇ ਮੈਨੂੰ ਕੁਝ ਨਾ ਆਖਿਆ। ਜਿਉਂ ਹੀ ਮੈਂ ਅਪਣੇ ਘਰ ਵੱਲ ਮੁੜਦਾ ਬਜ਼ਾਰ ਦਾ ਮੋੜ ਮੁੜਿਆ, ਤਾਂ ਚੀਰਦੀ ਆਵਾਜ਼ ਆਈ:
“ਰੁਕ ਜਾ। ਹੈਂਡਜ਼ ਅੱਪ।” ਮੋੜ ਉੱਤੇ ਖਲੋਤੇ ਸੀ. ਆਰ. ਪੀ. ਵਾiਲ਼ਆਂ ਨੇ ਮੇਰੀ ਹਿੱਕ ਵੱਲ ਸਟੇਨਾਂ ਸਿੱਧੀਆਂ ਕੀਤੀਆਂ ਹੋਈਆਂ ਸਨ।
“ਕੌਨ ਹੋ ਤੁਮ?”
ਜਿਹੜੀ ਗੱਲ ਦਾ ਡਰ ਸੀ, ਉਹੋ ਹੋ ਗਈ ਸੀ। ਮੈਨੂੰ ਪਹਿਲਾਂ ਹੀ ਡਰ ਸੀ ਕਿ ਮੈਨੂੰ ਸਿੱਖ ਸਮਝ ਕੇ ਕਿਤੇ ਸੀ. ਆਰ. ਪੀ. ਵਾਲ਼ੇ ਰਾਹ ਚ ਘੇਰ ਨਾ ਲੈਂਦੇ ਹੋਣ। ਹੁਣੇ ਵਾਪਰੀ ਘਟਨਾ ਕਰਕੇ ਕਿਸੇ ਸਿੱਖ ਨੂੰ ਵੇਖ ਕੇ, ਉਸ ਨੂੰ ਸ਼ੱਕੀ ਅੱਤਵਾਦੀ ਸਮਝ ਕੇ ਉਹ ਗੋਲ਼ੀ ਵੀ ਮਾਰ ਸਕਦੇ ਸਨ। ਮੇਰੀ ਇਸ ਮਾਨਸਿਕਤਾ ਦਾ ਜ਼ਿਕਰ ਮੇਰੀ ਕਹਾਣੀ ਚੌਥੀ ਕੂਟ ਦੇ ਅੰਤ ਉੱਤੇ ਰਾਤ ਸਮੇਂ ਗੱਡੀਓਂ ਉਤਰਨ ਵਾਲ਼ੇ ਅਤੇ ਪੁਲਿਸ ਤੋਂ ਡਰਨ ਵਾਲ਼ੇ ਸਿੱਖ ਕਿਰਦਾਰਾਂ ਦੇ ਭੈਅ ਵਿੱਚੋਂ ਵੀ ਪੜ੍ਹਿਆ ਜਾ ਸਕਦਾ ਹੈ।
ਵੀਹ ਕਰਮਾਂ ਦੀ ਵਿੱਥ ਉੱਤੇ ਅਪਣੇ ਘਰ ਵੱਲ ਤੁਰੰਤ ਇਸ਼ਾਰਾ ਕਰਕੇ ਜਿੰਨੀ ਕਾਹਲੀ ਨਾਲ਼ ਦੱਸਿਆ ਜਾ ਸਕਦਾ ਸੀ, ਮੈਂ ਅਪਣੇ ਇਸ ਵੇਲੇ ਇੱਥੇ ਹੋਣ ਦਾ ਕਾਰਣ ਦੱਸਿਆ। ਉਹ ਮੇਰੇ ਵਿਚਲੀ ਸਦਾਕਤ ਦਾ ਅਨੁਮਾਨ ਲਾ ਹੀ ਰਹੇ ਸਨ ਕਿ ਪਰੇ ਖਲੋਤਾ ਸਿਪਾਹੀ ਸਾਡੇ ਕੋਲ਼ ਆਇਆ ਅਤੇ ਅਪਣੇ ਸਾਥੀਆਂ ਨੂੰ ਕਹਿਣ ਲੱਗਾ, “ਜਾਨੇ ਦੋ।”
ਉਹ ਸਵੇਰ ਵੇਲੇ ਬਾਜ਼ਾਰ ਵਿਚ ਪਹਿਰੇ ’ਤੇ ਖਲੋਤਾ ਮੈਂ ਕਈ ਵਾਰ ਵੇਖਿਆ ਸੀ। ਉਸ ਨੇ ਵੀ ਮੈਨੂੰ ਵੇਖਿਆ ਹੀ ਹੋਵੇਗਾ। ਸਟੇਨਾਂ ਨੀਵੀਆਂ ਹੋ ਗਈਆਂ। ਮੈਂ ਲੰਮਾ ਸਾਹ ਲੈ ਕੇ ਘਰ ਵੱਲ ਵਧਿਆ। ਪਰ੍ਹੇ ਬਾਜ਼ਾਰ ਦੇ ਵਿਚਕਾਰ ਮੰਗੇ ਦੀ ਲਾਵਾਰਿਸ ਲਾਸ਼ ਪਈ ਸੀ। ਥੋੜ੍ਹੀ ਵਿੱਥ ’ਤੇ ਕਾਲ਼ਾ ਕੁੱਤਾ ਉਹਦੇ ਸਿਰਹਾਣੇ ਬੈਠਾ ਸੀ। ਉਸ ਦੇ ਦੋਹੀਂ ਪਾਸੀਂ ਦਸ-ਪੰਦਰਾਂ ਗਜ਼ਾਂ ਦੀ ਵਿੱਥ ਉੱਤੇ ਵਰਦੀ ਵਾਲੇ ਸਟੇਨਧਾਰੀ ਰੱਖਿਅਕ ਉਹਦੀ ਲਾਸ਼ ਦੀ ਰਾਖੀ ਖਲੋਤੇ ਸਨ। ਪਰ ਇਸ ਸੁਰੱਖਿਆ ਦਾ ਉਸ ਨੂੰ ਹੁਣ ਕੋਈ ਆਸਰਾ ਨਹੀਂ ਸੀ।
ਘਰ ਦਾ ਦਰਵਾਜ਼ਾ ਬੰਦ ਕਰਦਿਆਂ ਮੈਂ ਸਾਹਮਣੇ ਗੁਰਲਾਲ ਚੰਦ ਅਤੇ ਗੋਪਾਲ ਚੰਦ ਦੇ ਚੁਬਾਰਿਆਂ ਵੱਲ ਝਾਤ ਮਾਰੀ। ਇਸ ਘਰ ’ਚੋਂ ਮੰਗਾ ਗੁਜ਼ਰ ਗਿਆ ਸੀ ਅਤੇ ਪਰਿਵਾਰ ਦੇ ਮੁਖੀ ਗੋਪਾਲ ਚੰਦ ਨੂੰ ਗੋਲ਼ੀ ਵੱਜੀ ਸੀ। ਘਰ ਵਿੱਚੋਂ ਉੱਚੀ ਰੋਣ ਦੀ ਤਾਂ ਕੀ, ਸਿਸਕਣ ਦੀ ਆਵਾਜ਼ ਵੀ ਨਹੀਂ ਸੀ ਆ ਰਹੀ। ਇਹ ਕੈਸੀ ਦਹਿਸ਼ਤ ਸੀ ਕਿ ਅਪਣਿਆਂ ਦੀ ਮੌਤ ਉੱਤੇ ਖੁੱਲ੍ਹ ਕੇ ਰੋਣ ਦਾ ਹੌਸਲਾ ਵੀ ਗਵਾਚ ਗਿਆ ਸੀ। ਉਨ੍ਹਾਂ ਦੇ ਘਰ ਦੇ ਜੀਆਂ ਵੱਲੋਂ ਬੁੱਲ੍ਹ ਚਿੱਥ ਕੇ ਅੰਦਰੇ- ਅੰਦਰ ਰੋਣ ਦੇ ਦਰਦ ਦਾ ਅਨੁਮਾਨ ਲਾ ਸਕਣ ਮੇਰੇ ਲਈ ਅਸੰਭਵ ਸੀ।
ਤੜਕਾ ਪਹਿਰ ਹੋ ਚੱਲਿਆ ਸੀ। ਬੱਚੇ ਲੇਟੇ ਹੋਏ ਸਨ। ਮੇਰੀ ਪਤਨੀ ਅਤੇ ਲਾਲ ਦੀ ਪਤਨੀ ਸਹਿਮੀਆਂ ਅਤੇ ਜਗਿਆਸੂ ਨਜ਼ਰਾਂ ਨਾਲ਼ ਮੇਰੇ ਵੱਲ ਵੇਖ ਰਹੀਆਂ ਸਨ। ਮੈਂ ਉਨ੍ਹਾਂ ਲਈ ਕੀ ਖ਼ਬਰ ਲੈ ਕੇ ਆਇਆ ਸਾਂ।
ਮੈਂ ਸਭ ਨੂੰ ਅਮ੍ਰਿਤਸਰ ਭੇਜਣ ਦੀ ਗੱਲ ਸੁਣਾ ਕੇ ਲਾਲ ਦੀ ਪਤਨੀ ਨੂੰ ਕਿਹਾ, “ਭੈਣ ਜੀ। ਮੈਨੂੰ ਆਪ ਡਾਕਟਰ ਗਿੱਲ ਨੇ ਕਿਹਾ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ। ਲਾਲ ਨੂੰ ਕੁਝ ਨਹੀਂ ਹੋਣ ਲੱਗਾ। ਤੁਸੀਂ ਹੌਸਲਾ ਰੱਖੋ। ਹੋਰ ਘੜੀ ਨੂੰ ਦਿਨ ਚੜ੍ਹ ਜਾਣਾ ਏਂ ਤੇ ਆਪਾਂ ਆਪ ਹੀ ਪਹੁੰਚ ਜਾਣਾ ਉੱਥੇ, ਉਹਦੇ ਕੋਲ਼। ਤੁਸੀਂ ਅਪਣੇ ਅੱਖੀਂ ਵੇਖ ਲੈਣਾ ਹੈ ਉਸ ਨੂੰ ਠੀਕ-ਠਾਕ ਹੋਇਆ, ਨੌ-ਬਰ-ਨੌ।”
ਬੱਚੇ ਵੀ ਉੱਠ ਕੇ ਬਹਿ ਗਏ ਸਨ। ਮੈਂ ਸਭ ਨੂੰ ਆਪੋ ਅਪਣੀ ਥਾਂ ਲੇਟ ਜਾਣ ਲਈ ਕਹਿ ਕੇ ਮੰਜੇ ’ਤੇ ਪੈ ਗਿਆ। ਪਿਛਲੇ ਕੁਝ ਘੰਟਿਆਂ ਵਿਚ ਵਾਪਰੀ ਹੋਣੀ ਨੇ ਮੇਰੇ ਸਿਰ ਨੂੰ ਸੁੰਨ ਕਰ ਦਿੱਤਾ ਸੀ। ਹੁਣੇ ਹੀ ਮੌਤ ਦੇ ਮੂੰਹੋਂ ਬਚ ਕੇ ਆਇਆ ਹੋਣ ਕਰਕੇ ਮੈਂ ਮੌਤ ਨੂੰ ਅਪਣੇ ਨੇੜੇ-ਤੇੜੇ ਮਹਿਸੂਸ ਕਰਨ ਲੱਗਾ। ਮੈਨੂੰ ਲੱਗਾ; ਗੋਲ਼ੀਆਂ ਚਲਾਉਣ ਵਾਲੇ ਹੁਣੇ ਮੇਰੇ ਘਰ ਦੀਆਂ ਕੰਧਾਂ ਟੱਪ ਕੇ ਦਗੜ-ਦਗੜ ਕਰਦੇ ਮੇਰੇ ਘਰ ਆਣ ਵੜੇ ਹਨ ਅਤੇ ਗੋਲ਼ੀਆਂ ਦਾ ਛਾਣਾ ਮਾਰਨ ਤੋਂ ਪਹਿਲਾਂ ਵਿਅੰਗ ਨਾਲ਼ ਚੰਘਿਆੜੇ ਹਨ ’’ ਤੈਥੋਂ ਕਰਾਉਂਦੇ ਆਂ ਇਨ੍ਹਾਂ ਦੀ ਮਦਦ। ਪੰਥ ਦਿਆ ਗ਼ਦਾਰਾ।”
ਦੂਜੇ ਪਾਸਿਓਂ ਦੂਜੀ ਧਿਰ ਦੀਆਂ ਤਣੀਆਂ ਸਟੇਨਾਂ ਦਾ ਖੜਕਾ ਸੁਣਿਆ, “ਰੁਕ ਜਾ; ਹੈਂਡਜ਼ ਅੱਪ।”
ਮੈਂ ਉਨ੍ਹਾਂ ਵੇਲਿਆਂ ਦੇ ਸਾਰੇ ਪੰਜਾਬੀਆਂ ਵਾਂਗ ਬੇਬੱਸ ਅਤੇ ਬੇਹਿੱਸ ਹੋਇਆ ਪਿਆ ਸਾਂ।
ਮੇਰੇ ਸਾਹਮਣੇ ਕੰਧ ’ਤੇ ਲਟਕੇ ਗੁਰੂ ਨਾਨਕ ਦੇ ਚਿਤਰ ਵਿਚਲਾ ਆਸ਼ੀਰਵਾਦ ਵਿਚ ਉੱਠਿਆ ਹੱਥ ਮੈਨੂੰ ਦਿਲ ਧਰਨ ਲਈ ਕਹਿ ਰਿਹਾ ਸੀ।
ਅਗਲੇ ਦਿਨ ਸਵੇਰੇ ਹੀ ਲਾਲ ਦਾ ਪਰਿਵਾਰ ਚਾਹ-ਪਾਣੀ ਪੀ ਕੇ ਅਪਣੇ ਘਰ ਚਲਾ ਗਿਆ ਤਾਂ ਕਿ ਛੇਤੀ ਤੋਂ ਛੇਤੀ ਤਿਆਰ ਹੋ ਕੇ ਲਾਲ ਦਾ ਪਤਾ ਕਰਨ ਲਈ ਅਮ੍ਰਿਤਸਰ ਜਾਇਆ ਜਾ ਸਕੇ।
ਜਦੋਂ ਅਸੀਂ ਦੋਵੇਂ ਜੀਅ ਜ਼ਖ਼ਮੀਆਂ ਦਾ ਪਤਾ ਕਰਨ ਲਈ ਅਮ੍ਰਿਤਸਰ ਪਹੁੰਚੇ ਤਾਂ ਹਸਪਤਾਲ ਵਿਚ ਮਿਜ਼ਾਜ-ਪੁਰਸੀ ਲਈ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਇਨ੍ਹਾਂ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਸਨ ਅਤੇ ਪਿੰਡ ਦੇ ਸਾਂਝਾਂ ਵਾਲੇ ਹੋਰ ਆਦਮੀ ਵੀ। ਹਿੰਦੂ-ਸਿੱਖ ਸਾਰੇ ਹੀ। ਸਾਰੇ ਜ਼ਖ਼ਮੀ ਇੱਕੋ ਹੀ ਵਾਰਡ ਵਿਚ ਪੱਟੀਆਂ ਵਿਚ ਲਿਪਟੇ ਮੰਜੀਆਂ ਉੱਤੇ ਲੇਟੇ ਹੋਏ ਸਨ। ਉਨ੍ਹਾਂ ਦੇ ਸਿਰਹਾਣੇ ਉਨ੍ਹਾਂ ਦੀ ਸਾਂਭ-ਸੰਭਾਲ਼ ਲਈ ਉਨ੍ਹਾਂ ਦੇ ਵਾਰਿਸ ਬੈਠੇ ਸਨ। ਅਸੀਂ ਹਰੇਕ ਦੇ ਬੈੱਡ ਕੋਲ਼ ਜਾਂਦੇ, ਵਾਪਰ ਚੁੱਕੀ ਹੋਣੀ ’ਤੇ ਅਫ਼ਸੋਸ ਕਰਦੇ ਹੌਸਲਾ ਰੱਖਣ ਲਈ ਕਹਿੰਦੇ।
ਸਾਰੇ ਜਣੇ ਰੋਹ-ਰੰਜ ਅਤੇ ਸਹਿਮ ਦੇ ਪੁਤਲੇ ਬਣੇ ਹੋਏ ਸਨ, ਜਿਹੜੇ ਜ਼ਖ਼ਮੀ ਬੋਲ ਸਕਦੇ ਸਨ; ਉਹ ਅਪਣੇ ਉੱਪਰ ਹੋਏ ਹਮਲੇ ਦਾ ਬਿਰਤਾਂਤ ਸੁਣਾ ਰਹੇ ਸਨ। ਇਕ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਸੀ ਕਿ ਪਿੰਡ ਦੇ ਬੰਦਿਆਂ ਦੀ ਸੂੂਹ ਅਤੇ ਸ਼ਹਿ ਤੋਂ ਬਿਨਾ ਇਹ ਘਟਨਾ ਨਹੀਂ ਵਾਪਰ ਸਕਦੀ। ਸਾਰੇ ਜਣੇ ਇਸ ਗੱਲ ’ਤੇ ਸਹਿਮਤ ਵੀ ਲੱਗਦੇ ਸਨ। ਉਨ੍ਹਾਂ ਦੇ ਕਹਿਣ ਦਾ ਭਾਵ ਸਾਫ਼ ਸੀ ਕਿ ਪਿੰਡ ਦੇ ਕਿਸੇ ਨਾ ਕਿਸੇ ਸਿੱਖ ਦਾ ਹੱਥ ਸੀ ਇਸ ਘਟਨਾ ਪਿੱਛੇ।
ਉਹ ਠੀਕ ਵੀ ਹੋ ਸਕਦੇ ਸਨ, ਪਰ ਪਤਾ ਨਹੀਂ ਕਿਉਂ ਇਹ ਲੱਗਣ ਲੱਗਾ ਸੀ ਕਿ ਮੈਨੂੰ ਇਹ ਗੱਲ ਕੁਝ ਉਚੇਚ ਨਾਲ਼ ਸੁਣਾਈ ਜਾ ਰਹੀ ਸੀ। ਚਮਨ ਲਾਲ ਕੋਲ਼ ਪੁੱਜੇ ਤਾਂ ਉਹ ਦੱਸ ਰਿਹਾ ਸੀ :’’ ਦੋ ਜਣੇ ਹੀ ਦੁਕਾਨ ’ਚ ਵੜੇ। ਬਾਕੀ ਬਾਹਰ ਖਲੋਤੇ ਰਹੇ। ਮੂੰਹ ਉਨ੍ਹਾਂ ਦੇ ਬੰਨ੍ਹੇ ਹੋਏ ਸਨ। ਇਕ ਤਾਂ ਛੇ-ਫੁੱਟਾ ਜਵਾਨ ਸੀ ਪੂਰਾ। ਲੰਮਾ ਤੇ ਪਤਲਾ। ਐਨ ਅਪਣੇ ਮਾਸਟਰ ਹੁਰਾਂ ਵਰਗਾ।” ਉਸ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਮੇਰੇ ਕਲੇਜੇ ਨੂੰ ਧੱਕਾ ਲੱਗਾ। ਕੰਨ ‘ਸ਼ਾਂ ਸ਼ਾਂ’ ਕਰਨ ਲੱਗੇ। ਪੈਰਾਂ ਹੇਠੋਂ ਜ਼ਮੀਨ ਹਿੱਲਣ ਲੱਗੀ। ਉਂਜ ਇਹ ਜ਼ਰੂਰੀ ਵੀ ਨਹੀਂ ਸੀ ਕਿ ਉਹ ਮੈਨੂੰ ਗੋਲ਼ੀਆਂ ਮਾਰਨ/ਮਰਵਾਉਣ ਵਾਲਿਆਂ ਵਿੱਚੋਂ ਹੀ ਸਮਝਦਾ ਹੋਵੇ। ਇਹ ਤਾਂ ਮੇਰੀ ਦਿੱਖ ਹੀ ਮੇਰੇ ਮਨ ਵਿਚ ਦਾ ਚੋਰ ਬਣ ਗਈ ਸੀ।
ਮੇਰੇ ਮਨ ਵਿਚ ਆਇਆ ਕਿ ਲਾਗੇ ਖਲੋਤੇ ਉਨ੍ਹਾਂ ਬੰਦਿਆਂ ਵਿੱਚੋਂ, ਜੋ ਰਾਤੀਂ ਮੇਰੇ ਨਾਲ਼ ਹੀ ਜ਼ਖ਼ਮੀਆਂ ਦੀ ਸਾਂਭ-ਸੰਭਾਲ ਕਰਦੇ ਪਏ ਸਨ, ਕਿਸੇ ਨੂੰ ਤਾਂ ਆਖਣਾ ਚਾਹੀਦਾ ਹੈ, “ਮਾਸਟਰ ਹੁਰੀਂ ਤਾਂ ਰਾਤੀਂ ਸਾਡੇ ਨਾਲ਼ ਮਰਦੇ ਖਪਦੇ ਰਹੇ। ਸਗੋਂ ਜੇ ਇਹ ਸੀ. ਆਰ. ਪੀ. ਵਾਲਿਆਂ ਨਾਲ਼ ਲੜ ਕੇ ਉਨ੍ਹਾਂ ਨੂੰ ਗੱਡੀਆਂ ਦੇਣ ਲਈ ਮਜਬੂਰ ਨਾ ਕਰਦੇ ਤਾਂ ਫਿਰ ਪਤਾ ਨਹੀਂ ਕੀ ਹੁੰਦਾ।”
ਮੈਂ ਇਕ ਦੋ ਜਣਿਆਂ ਦੇ ਮੂੰਹ ਵੱਲ ਵੀ ਵੇਖਿਆ। ਪਰ ਕਿਸੇ ਨੇ ਕੁਝ ਨਾ ਕਿਹਾ।
ਚਮਨ ਲਾਲ ਦੱਸ ਰਿਹਾ ਸੀ, “ਉਹਨੇ ਰੀਵਾਲਵਰ ਮੇਰੇ ਵੱਲ ਸਿੱਧਾ ਕਰਕੇ ਫ਼ਾਇਰ ਕੀਤਾ; ਪਰ ਬਚਾਅ ਹੋ ਗਿਆ। ਮੈਂ ਹਰਫ਼ਲੇ ਨੇ ਪੀਪਾ ਚੁੱਕ ਕੇ ਅਪਣੇ ਅੱਗੇ ਕਰ ਲਿਆ। ਪੀਪੇ ਨੇ ਭਲਾ ਕੀ ਬਚਾਅ ਕਰਨਾ ਸੀ। ਇਕ ਗੋਲ਼ੀ ਆਹ ਮੇਰੀ ਲੱਤ ’ਚ ਲੱਗੀ ਤੇ ਇਕ ਮੋਢੇ ’ਤੇ। ਡਿੱਗ ਪਿਆ ਮੈਂ ਤਾਂ। ਫਿਰ ਨਹੀਂ ਪਤਾ ਲੱਗਾ ਕੁਛ।”
ਹੁਣ ਮੈਂ ਦੂਜੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਦਾ, ਬਿਗ਼ਾਨੇ ਵੱਗ ਵਿਚ ਗਵਾਚੀ ਵੱਛੀ ਵਾਂਗ ਫਿਰ ਰਿਹਾ ਸਾਂ। ਮੈਨੂੰ ਲੱਗਦਾ ਸੀ ਕਿ ਮੇਰੀ ਪਿੱਠ ਮੇਰੇ ਪਿੱਛੇ ਸਾਰੇ ਆਂਢੀ-ਗੁਆਂਢੀ ਕਹਿ ਰਹੇ ਸਨ, “ਹੁਣ ਵੇਖ ਕਿੱਡਾ ਹੇਜਲਾ ਬਣਿਆਂ ਫਿਰਦਾ। ਆਪੋ ਗੋਲ਼ੀਆਂ ਮਾਰਨੀਆਂ ਆਪੇ ਹਾਲ-ਚਾਲ ਪੁੱਛਣਾ। ਹਾਅ ਥੂਹ।”
ਮੈਂ ਇੱਥੇ ਸ਼ੱਕੀ, ਦੁਰਕਾਰੇ ਅਤੇ ਨਾਪਸੰਦ ਬੰਦੇ ਵਾਂਗ ਵਿਚਰ ਰਿਹਾ ਸਾਂ।
ਮੈਨੂੰ ਵੇਖ ਕੇ ਲਾਲ ਦੇ ਚਿਹਰੇ ਉੱਤੇ ਆਈ ਮੁਸਕਰਾਹਟ ਅਤੇ ਉਸ ਵੱਲੋਂ ਪੋਲੇ ਜਿਹੇ ਘੁੱਟਿਆ ਮੇਰਾ ਹੱਥ ਵੀ ਮੈਨੂੰ ਬਹੁਤੀ ਧਰਵਾਸ ਨਾ ਦੇ ਸਕੇ। ਲਾਲ ਦੀ ਪਤਨੀ ਆਖ ਰਹੀ ਸੀ, “ਸਾਨੂੰ ਤਾਂ ਰਾਤੀਂ ਭੈਣ ਜੀ ਹੁਣਾਂ ਅਪਣੇ ਘਰੋਂ ਜਾਣ ਹੀ ਨਹੀਂ ਸੀ ਦਿੱਤਾ। ਸਾਰੀ ਰਾਤ ਸਾਰਾ ਟੱਬਰ ਸਾਡੇ ਨਾਲ਼ ਜਾਗਦੇ ਰਹੇ। ਵਿਚਾਰੇ। ਭਾ ਜੀ ਹੁਰਾਂ ਵਿਚਾਰਿਆਂ ਏਨਾ ਕੀਤਾ। ਭਗਵਾਨ ਇਹਨਾਂ ਸਾਰਿਆਂ ਦੀ ਲੰਮੀ ਉਮਰ ਕਰੇ।” ਉਸ ਨੇ ਮੇਰੀ ਪਤਨੀ ਨੂੰ ਵੱਖੀ ਨਾਲ਼ ਘੁੱਟ ਲਿਆ।
ਘਰ ਨੂੰ ਵਾਪਸ ਮੁੜਦਿਆਂ ਅਸੀਂ ਸਾਰੇ ਰਾਹ ਚਮਨ ਲਾਲ ਦੇ ਬੋਲਾਂ ਵਿਚਲਾ ਰਹੱਸ ਸਮਝਣ ਦੀ ਕੋਸ਼ਿਸ਼ ਕਰਦੇ, ਇਸੇ ਨੁਕਤੇ ਬਾਰੇ ਹੀ ਸੋਚਦੇ ਆਏ। ਮੇਰੀ ਪਤਨੀ ਨੇ ਅਪਣੇ ਸੁਭਾਅ ਮੁਤਾਬਕ ਕਿਹਾ, “ਕੋਈ ਗੱਲ ਨਹੀਂ। ਉੱਤੇ ਪ੍ਰਮਾਤਮਾ ਤਾਂ ਵਿੰਹਦਾ ਏ ਸਭ ਕੁਝ। ਅਸੀਂ ਤਾਂ ਅਪਣੇ ਵਿਤ ਮੁਤਾਬਕ ਭਲਾ ਈ ਕੀਤਾ ਸਾਰਿਆਂ ਦਾ। ਸਾਡੇ ਲਈ ਤਾਂ ਸਾਡੇ ਗਵਾਂਢੀ ਸਾਡੇ ਮਾਂ-ਪਿਓ ਜਾਇਆਂ ਵਰਗੇ ਨੇ। ਐਵੇਂ ਆਖੀਏ; ਸਾਨੂੰ ਪਿਆਰ ਵੀ ਬੜਾ ਕਰਦੇ ਨੇ। ਤਾਇਆ ਲਾਭ ਚੰਦ, ਚਾਚਾ ਵੇਦ, ਤਾਇਆ ਗੁਰਲਾਲ ਚੰਦ ਸਭ ਦਾ ਮੈਨੂੰ ਧੀਏ-ਧੀਏ ਆਖਦਿਆਂ ਮੂੰਹ ਨਹੀਂ ਸੁੱਕਦਾ। ਤੁਹਾਡੀ ਏਨੀ ਇੱਜ਼ਤ ਕਰਦੇ ਨੇ ਸਭ। ਤੁਸੀਂ ਐਵੇਂ ਮਨ ਖ਼ਰਾਬ ਨਾ ਕਰੋ। ਲਾਲ ਤੁਹਾਨੂੰ ਭਰਾਵਾਂ ਵਾਂਗ ਸਮਝਦਾ ਹੈ। ਜੇ ਕੋਈ ਇਕ ਅੱਧ ਬੰਦਾ ਇਹੋ ਜਿਹੀ ਵਾਧੀ ਘਾਟੀ ਗੱਲ ਕਰਦਾ ਵੀ ਹੋਊ ਤਾਂ ਚਿੰਤਾ ਕਾਹਦੀ। ਜਦੋਂ ਸਾਡਾ ਅੰਦਰ ਸੁੱਚਾ-ਸੱਚਾ। ਉਹ ਸੱਚਾ ਪਾਤਸ਼ਾਹ ਆਪੇ ਜਾਣੀ ਜਾਣ ਆਂ।”
“ਰਜਵੰਤ ਕੌਰੇ। ਅਪਣੀ ਜਾਨ ਖ਼ਤਰੇ ਚ ਪਾ ਕੇ ਖਾੜਕੂਆਂ ਦੀ ਨਾਰਾਜ਼ਗੀ ਸਹੇੜੀ। ਅਜੇ ਉਨ੍ਹਾਂ ਵੱਲੋਂ ਪਤਾ ਨਹੀਂ ਕੀ ਭਾਣਾ ਵਾਪਰਨਾ ਏਂ ਤੇ ਏਧਰ ਜਿਨ੍ਹਾਂ ਲਈ ਕੀਤਾ ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ,” ਮੇਰਾ ਮਨ ਡਾਢਾ ਅਵਾਜ਼ਾਰ ਸੀ।
“ਤੁਸੀਂ ਵੀ ਐਵੇਂ ਈ ਕਰੀ ਜਾਂਦੇ ਓ। ਉਹਨੇ ਕਿਤੇ ਤੁਹਾਨੂੰ ਥੋੜ੍ਹਾ ਕਿਹਾ। ਉਹ ਤਾਂ ਸਰਸਰੀ ਅਗਲੇ ਦਾ ਹੁਲੀਆ ਦੱਸ ਰਿਹਾ ਸੀ। ਤੁਸੀਂ ਅਪਣੇ ਆਪ ਨਾਲ਼ ਜੋੜੀ ਜਾਂਦੇ ਓ।”
ਮੈਨੂੰ ਉਹਦੀ ਗੱਲ ਦਰੁੱਸਤ ਲੱਗੀ।
ਫਿਰ ਵੀ ਮੈਂ ਸੋਚਦਾ ਰਹਿੰਦਾ, ਪੰਜਾਬ ਉੱਤੇ ਇਹ ਕਿਹੋ ਜਿਹੇ ਕਾਲ਼ੇ ਦਿਨ ਆ ਗਏ ਸਨ ਕਿ ਹਰ ਕੋਈ ਦੂਜੇ ਨੂੰ ਤਾਂ ਸ਼ੱਕ ਦੀ ਨਜ਼ਰ ਨਾਲ਼ ਵੇਖਦਾ ਹੀ ਸੀ, ਅਪਣੇ ਆਪ ਨੂੰ ਵੀ ਮੇਰੇ ਵਾਂਗ ਸ਼ੱਕੀ ਸਮਝਣ ਲੱਗ ਪਿਆ ਸੀ।



ਰਾਤ ਦਸ ਕੁ ਵਜੇ ਦਾ ਵਕਤ ਹੋਵੇਗਾ। ਟੀ. ਵੀ. ਵੇਖਣ ਤੋਂ ਵਿਹਲੇ ਹੋ ਕੇ ਬਾਲ-ਬੱਚੇ ਅਪਣੀ ਮਾਂ ਦੀ ਨਿਗਰਾਨੀ ਅਧੀਨ ਅਪਣਾ ਸਕੂਲ ਦਾ ਕੰਮ ਕਰ ਰਹੇ ਸਨ। ਮੈਂ ਕੋਈ ਕਿਤਾਬ ਪੜ੍ਹ ਰਿਹਾ ਸਾਂ। ਘਰ ਦੀ ਬਾਹਰਲੀ ਕੰਧ ਤੋਂ ਸਾਡੇ ਘਰ ਦੇ ਵਿਹੜੇ ਵਿਚ ਦਗੜ-ਦਗੜ ਛਾਲਾਂ ਵੱਜਣ ਦੀ ਆਵਾਜ਼ ਸੁਣੀ। ਸਾਡੇ ਕਲ਼ੇਜੇ ਮੁੱਠੀ ਵਿਚ ਆ ਗਏ। ਜਿਹੜੀ ਗੱਲ ਦਾ ਡਰ ਸੀ ਉਹ ਆਖ਼ਰ ਹੋ ਕੇ ਹੀ ਰਹੀ। ਮੇਰੀ ਇਸ ਹੋਣੀ ਨੂੰ ਮੇਰੇ ਸਹਿਕਰਮੀਆਂ ਅਤੇ ਦੋਸਤਾਂ ਨੇ ਅੰਦਰੋ-ਅੰਦਰ ਪਹਿਲਾਂ ਹੀ ਕਲਪਿਆ ਹੋਇਆ ਸੀ।
“ਤੁਸੀਂ ਉਸ ਦਿਨ ਬਹੁਤ ਵੱਡਾ ਰਿਸਕ ਲਿਆ, ਜ਼ਖ਼ਮੀਆਂ ਦੀ ਮਦਦ ਕਰਕੇ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਤੁਸੀਂ ਪੁਲਿਸ ਨੂੰ ਫ਼ੋਨ ਕਰਕੇ ਸਿੰਘਾਂ ਨੂੰ ਫੜਵਾਉਣਾ ਚਾਹੁੰਦੇ ਸੀ। ਗੱਲਾਂ ਤਾਂ ਸਭ ਉਨ੍ਹਾਂ ਤਕ ਪੁੱਜ ਹੀ ਜਾਂਦੀਆਂ ਨੇ। ਅਪਣਾ ਬਚਾ ਰੱਖਿਓ। ਸਾਵਧਾਨ ਰਿਹਾ ਕਰੋ,” ਸਾਡੇ ਸਕੂਲ ਦੇ ਪੀ. ਟੀ. ਮਾਸਟਰ ਨੇ ਸਲਾਹ ਦਿੱਤੀ।


“ਮੈਂ ਉਨ੍ਹਾਂ ਨੂੰ ਫੜਾਉਣ ਲਈ ਨਹੀਂ, ਮੌਕੇ ’ਤੇ ਆ ਕੇ ਹਾਲਾਤ ਨੂੰ ਵੇਖਣ ਅਤੇ ਜ਼ਖ਼ਮੀਆਂ ਨੂੰ ਸਾਂਭਣ ਲਈ ਮਦਦ ਕਰਨ ਵਾਸਤੇ ਪੁਲਿਸ ਨੂੰ ਬੁਲਾਉਣਾ ਚਾਹੁੰਦਾ ਸਾਂ। ਪੁਲਿਸ ਨੇ ਉਨ੍ਹਾਂ ਨੂੰ ਕੀ ਫੜਨਾ ਸੀ। ਠਾਣੇਦਾਰ ਤਾਂ ਸਾਨੂੰ ਰਾਹ ਚ ਹੀ ਮਿਲਿਆ ਸੀ; ਉਨ੍ਹਾਂ ਨੂੰ ਵੇਖ ਕੇ ਲੁਕ ਗਿਆ ਸੀ। ਫੜਨਾ ਪੁਲਿਸ ਨੇ ਅਪਣੀ ਮਾਂ ਦਾ ਸਿਰ ਸੀ।” ਮੈਂ ਸਪੱਸ਼ਟੀਕਰਨ ਵੀ ਦਿੰਦਾ ਅਤੇ ਅਪਣੇ ਆਪ ਨੂੰ ਤਸੱਲੀ ਵੀ। ਪਰ ਡਰ ਸੱਚਮੁੱਚ ਮੇਰੇ ਧੁਰ ਅੰਦਰ ਵੜ ਕੇ ਬੈਠ ਗਿਆ ਸੀ। ਅਸੀਂ ਦੋਵੇਂ ਜੀਅ ਜਦੋਂ ਕਦੀ ਇਕੱਲੇ ਬੈਠਦੇ ਤਾਂ ਸਾਡੀ ਗੱਲ-ਬਾਤ ਵਿਚ ਇਹ ਡਰ ਅਕਸਰ ਹੀ ਆਣ ਖਲੋਂਦਾ।
ਮੇਰੀ ਪਤਨੀ ਮੈਨੂੰੂ ਧੀਰਜ ਬੰਨ੍ਹਾਉਂਦੀ, “ਕੋਈ ਨਹੀਂ। ਉਹ ਸੱਚਾ ਪਾਤਸ਼ਾਹ ਤਾਂ ਸਭ ਕੁਝ ਵਿੰਹਦਾ ਏ। ਅਸੀਂ ਕਿਸੇ ਦੁਖੀ ਤੇ ਲੋੜਵੰਦ ਦੀ ਮਦਦ ਹੀ ਕੀਤੀ ਹੈ। ਸਿੱਖੀ ਵਿਚ ਕਿਸੇ ਮਜ਼ਲੂਮ ਦੀ ਜਾਨ ਬਚਾਉਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ ਕਿ ਪਾਪ ਦਾ? ਸਰਬੱਤ ਦਾ ਭਲਾ ਮੰਗਣ ਵਾਲ਼ਾ ਬਾਬਾ ਨਾਨਕ ਆਪੇ ਸਾਡਾ ਵੀ ਭਲਾ ਕਰੂ,” ਉਹ ਗੁਰੂ ਨਾਨਕ ਦੀ ਤਸਵੀਰ ਵੱਲ ਵੇਖ ਕੇ ਅੱਖਾਂ ਮੁੰਦ ਕੇ ਹੱਥ ਜੋੜ ਲੈਂਦੀ।
ਪਿੰਡ ਵਿਚ ਗੋਲ਼ੀ ਚੱਲਣ ਦੀ ਘਟਨਾ ਵਾਪਰੀ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਸੀ। ਇਸ ਸਮੇਂ ਵਿਚ ਦੇਸ਼ ਅੰਦਰ ਬਹੁਤ ਕੁਝ ਹੋਰ ਵਾਪਰ ਚੁੱਕਾ ਸੀ। ਇੰਦਰਾ ਗਾਂਧੀ ਦਾ ਕਤਲ ਹੋ ਚੁੱਕਾ ਸੀ। ਦਿੱਲੀ ਅਤੇ ਪੰਜਾਬੋਂ ਬਾਹਰਲੇ ਹੋਰ ਸ਼ਹਿਰਾਂ ਵਿਚ ਵਸਦੇ ਸਿੱਖਾਂ ਦੇ ਯੋਜਨਾਬੱਧ ਤਰੀਕੇ ਨਾਲ਼ ਹੋਏ ਕਤਲੇਆਮ ਦੇ ਪ੍ਰਤੀਕਰਮ ਵਜੋਂ ਪੰਜਾਬ ਵਿਚ ਅਤੇ ਖ਼ਾਸ ਕਰਕੇ ਪਿੰਡਾਂ ਵਿਚ ਹਿੰਦੂਆਂ ਦੇ ਜਾਨ-ਮਾਲ ਲਈ ਖ਼ਤਰਾ ਹੋਰ ਵੀ ਵਧ ਗਿਆ ਸੀ। ਉਹ ਅਪਣੇ ਆਪ ਨੂੰ ਪਹਿਲਾਂ ਨਾਲ਼ੋਂ ਵੀ ਵੱਧ ਅਸੁਰੱਖਿਅਤ ਸਮਝਣ ਲੱਗੇ ਸਨ। ਜਿੱਥੇ ਅੱਤਵਾਦ ਦੀਆਂ ਘਟਨਾਵਾਂ ਵਧ ਰਹੀਆਂ ਸਨ, ਉੱਥੇ ਪੁਲਿਸ ਅਤੇ ਸੁਰੱਖਿਆ ਦਸਤੇ ਵੀ ਸ਼ਿਕੰਜਾ ਹੋਰ ਕੱਸੀ ਜਾਂਦੇ ਸੀ।
ਕੰਧ ਉੱਤੋਂ ਛਾਲਾਂ ਮਾਰ ਕੇ ਆਉਣ ਵਾਲਿਆਂ ਨੇ, ਜਿਸ ਕਮਰੇ ਵਿਚ ਅਸੀਂ ਬੈਠੇ ਹੋਏ ਸਾਂ, ਉਸ ਦਾ ਵੱਖੀ ਵਾਲ਼ਾ ਦਰਵਾਜ਼ਾ ਠਕੋਰਿਆ। ਅਸੀਂ ਦੋਹਾਂ ਜੀਆਂ ਨੇ ਇਕ ਦੂਜੇ ਦੇ ਮੂੰਹ ਵੱਲ ਵੇਖਿਆ। ਸੋਚਿਆ; ਸ਼ਾਇਦ ਇਹ ਇਕ ਦੂਜੇ ਦੇ ਅੰਤਮ ਦੀਦਾਰੇ ਹਨ। ਦਰਵਾਜ਼ਾ ਦੂਜੀ ਵਾਰੀ ਖੜਕਿਆ। ਮੈਨੂੰ ਛੇਤੀ ਨਾਲ਼ ਬਾਹਰੋਂ ਫੜ ਕੇ ਅਪਣੇ ਪਿੱਛੇ ਕਰਦਿਆਂ ਪਤਨੀ ਨੇ ਹੌਸਲਾ ਕਰਕੇ ਦਰਵਾਜ਼ੇ ਦੀ ਚਿਟਕਣੀ ਖੋਲ਼੍ਹ ਦਿੱਤੀ। ਉਹ ਪਹਿਲਾ ਵਾਰ ਅਪਣੇ ਉੱਤੇ ਝੱਲਣ ਲਈ ਤਿਆਰ ਸੀ।
ਸਾਹਮਣੇ ਦਰਵਾਜ਼ੇ ਵਿਚ ਖ਼ਾਕੀ ਵਰਦੀ ਵਿਚ ਕੱਸਿਆ, ਦਰਮਿਆਨੇ ਕੱਦ ਦਾ ਆਦਮੀ ਜਿਸ ਦੇ ਮੋਢੇ ਉੱਤੇ ਸਟਾਰ ਅਤੇ ਫ਼ੀਤੀ ਚਮਕ ਰਹੇ ਸਨ; ਹੱਥ ਵਿਚ ਰੀਵਾਲਵਰ ਲਈ ਖਲੋਤਾ ਸੀ। ਉਹਦੇ ਪਿੱਛੇ ਹਵਾਲਦਾਰ ਦੀ ਵਰਦੀ ਪਹਿਨੇ ਆਦਮੀ ਨੇ ਹੱਥ ਵਿਚ ਫੜੀ ਰਾਈਫ਼ਲ ਮੇਰੇ ਵੱਲ ਤਾਣੀ ਹੋਈ ਸੀ। ਉਹਦੇ ਪਿੱਛੇ ਹੋਰ ਦੋ ਜਣੇ ਪੁਲਿਸ ਵਰਦੀ ਵਿਚ ਸਨ। ਤਾਂ ਇਹ ‘ਸਿੰਘ’ ਪੁਲਿਸ ਵਰਦੀ ਵਿਚ ਆਣ ਧਮਕੇ ਸਨ ਮੈਂ ਮਨ ਹੀ ਮਨ ਅਨੁਮਾਨ ਲਾਇਆ।
“ਆ ਜਾਹ, ਨਿਕਲ ਆ ਬਾਹਰ। ਕਿੱਥੇ ਜਾਏਂਗਾ ਬਚ ਕੇ ਹੁਣ?” ਹਵਾਲਦਾਰ ਨੇ ਲਲਕਾਰਾ ਮਾਰਿਆ।
ਮੈਂ ਹੱਥ ਨਾਲ਼ ਫੜ ਕੇ ਪਤਨੀ ਨੂੰ ਪਿੱਛੇ ਕੀਤਾ ਅਤੇ ਥਾਣੇਦਾਰ ਨੂੰ ਪੁੱਛਿਆ, “ਕੋਈ ਕਾਰਣ ਵੀ ਤਾਂ ਦੱਸੋ।”
ਮੈਂ ਜਾਣਨਾ ਚਾਹੁੰਦਾ ਸਾਂ ਕਿ ਇਹ ਸਚਮੁੱਚ ਪੁਲਿਸ ਵਾਲ਼ੇ ਸਨ ਜਾਂ ਪੁਲਿਸ ਦੀ ਵਰਦੀ ਵਿਚ ਖਾੜਕੂ।
ਉਂਜ ਮੇਰੇ ਲਈ ‘ਪੈਂਦੇ ਸੌਵਾਂ ਸਿਰਹਾਣੇ ਸੌਵਾਂ’ ਵਾਲ਼ੀ ਗੱਲ ਹੀ ਸੀ। ਖਾੜਕੂਆਂ ਦਾ ਡਰ ਤਾਂ ਸੀ ਹੀ, ਪਰ ਪੁਲਿਸ ਵੀ ਕਿਹੜੀ ਘੱਟ ਕਰ ਰਹੀ ਸੀ। ਬਲੂ ਸਟਾਰ ਓਪਰੇਸ਼ਨ ਤੋਂ ਪਿੱਛੋਂ ਇਹ ਓਪਰੇਸ਼ਨ ਵੁੱਡ ਰੋਜ਼ ਵਾਲੇ ਦਿਨ ਸਨ। ਸਰਕਾਰ ਨੇ ਭਾਰਤੀ ਫ਼ੌਜ ਅਤੇ ਪੈਰਾ-ਮਿਲਟਰੀ ਫ਼ੋਰਸਿਜ਼ ਨੂੰ ਅੱਤਵਾਦ ਨੂੰ ਕੁਚਲਣ ਲਈ ਲਗਭਗ ਮਾਰਸ਼ਲ-ਲਾਅ ਵਾਲੇ ਅਧਿਕਾਰ ਦਿੱਤੇ ਹੋਏ ਸਨ; ਜਿਨ੍ਹਾਂ ਅਧੀਨ ਪਿੰਡਾਂ ਵਿੱਚੋਂ ਅੱਤਵਾਦੀਆਂ ਨੂੰ ਚੁਣ-ਚੁਣ ਕੇ ਲੱਭਣਾ ਅਤੇ ਕਾਬੂ ਕਰਨਾ ਸ਼ਾਮਲ ਸੀ। ਸਿੱਖ ਧਰਮ ਅਤੇ ਸਭਿਆਚਾਰ ਬਾਰੇ ਅਣਜਾਣਪੁਣੇ ਕਾਰਣ ਇਹ ਫ਼ੋਰਸਾਂ ਹਰੇਕ ਅਮ੍ਰਿਤਧਾਰੀ ਅਤੇ ਖੁੱਲ੍ਹੇ ਦਾੜ੍ਹੇ ਵਾਲ਼ੇ ਆਦਮੀ ਦੇ ਅੱਤਵਾਦੀ ਹੋਣ ਦੇ ਭਰਮ ਦਾ ਸ਼ਿਕਾਰ ਸਨ। ਇਸ ਭੁਲੇਖੇ ਕਾਰਣ ਅਤੇ ਕਈ ਵਾਰ ਜਾਣ- ਬੁੱਝ ਕੇ ਵੀ ਅਜਿਹੇ ਲੋਕਾਂ ਨੂੰ ਤੰਗ ਕੀਤਾ ਜਾਂਦਾ, ਜਿਨ੍ਹਾਂ ਦਾ ਬਿਲਕੁਲ ਕੋਈ ਕਸੂਰ ਨਾ ਹੁੰਦਾ। ਕਈ ਛੋਟੇ ਗੁਨਾਹਾਂ ਵਾiਲ਼ਆਂ ਨੂੰ ਵੱਡੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਇਨ੍ਹਾਂ ਛੋਟੇ ਗੁਨਾਹਾਂ ਵਿਚ ਕਿਸੇ ਖਾੜਕੂ ਦਾ ਰਿਸ਼ਤੇਦਾਰ ਹੋਣਾ, ਉਸ ਨਾਲ਼ ਮਾੜੀ ਮੋਟੀ ਜਾਣ-ਪਛਾਣ ਹੋਣਾ, ਉਸ ਨੂੰ ਜਬਰੀ ਘਰ ਆ ਵੜੇ ਨੂੰ ਰੋਟੀ ਖਵਾਉਣਾ ਆਦਿ ਦੇ ਦੋਸ਼ ਸ਼ਾਮਲ ਸਨ। ਕਈਆਂ ਦੋਸ਼ੀਆਂ ਅਤੇ ਕਈ ਨਿਰਦੋਸ਼ਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾਣ ਲੱਗਾ। ਜਿਹਨਾਂ ਦਾ ਕਿਸੇ ਕਾਰਣ ਪਹਿਲਾਂ ਹੀ ਪੁਲਿਸ ਦੇ ਰੀਕਾਰਡ ਵਿਚ ਨਾਂ ਸੀ, ਉਨ੍ਹਾਂ ਲਈ ਵੀ ਇਹ ਭਲੇ ਦੇ ਦਿਨ ਨਹੀਂ ਸਨ।
ਇਸ ਦੋ-ਮੂੰਹੀਂ ਕੁੜਿੱਕੀ ਵਿਚੋਂ ਮੈਂ ਕਿਹੜੀ ਦੇ ਮੂੰਹ ਵਿਚ ਆਉਣ ਵਾਲ਼ਾ ਸਾਂ।
“ਪੱਗ ਰੱਖ ਲੌ ਸਿਰ ’ਤੇ। ਰਾਤ ਲਈ ਠੰਢ ਤੋਂ ਬਚਾ ਲਈ ਕੋਈ ਕੱਪੜਾ ਵੀ ਲੈ ਲਵੋ,” ਥਾਣੇਦਾਰ ਨੇ ਕਿਹਾ। ਉਹਦੇ ਬੋਲਾਂ ਵਿਚ ਹਲੀਮੀ ਸੀ।
“ਪਰ ਭਾ ਜੀ ਕੋਈ ਕਸੂਰ ਤਾਂ ਦੱਸੋ, ਇਹਨਾਂ ਦਾ। ਐਵੇਂ ਨਾਹੱਕ ਈ ਤੁਸੀਂ ਕਿਵੇਂ ਲੈ ਤੁਰੋਗੇ ਇਹਨਾਂ ਨੂੰ?” ਮੇਰੀ ਪਤਨੀ ਦਾ ਉਜਰ ਸੀ।
“ਹੱਕ-ਨਾਹੱਕ ਦਾ ਸਭ ਪਤਾ ਲੱਗ ਜੂ,” ਹਵਾਲਦਾਰ ਫਿਰ ਗੜ੍ਹਕਿਆ। ਥਾਣੇਦਾਰ ਨੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ਼ ਚੁੱਪ ਕਰਨ ਲਈ ਕਿਹਾ।
“ਚਲੋ ਤਿਆਰ ਹੋ ਜੋ, ਛੇਤੀ। ਕਸੂਰ ਅਸੀਂ ਨਹੀਂ ਦੱਸ ਸਕਦੇ,” ਥਾਣੇਦਾਰ ਨੇ ਆਖਿਆ। ਅੜਨ ਦਾ ਕੋਈ ਚਾਰਾ ਨਹੀਂ ਸੀ। ਸਾਰੀ ਸਥਿਤੀ ਨੂੰ ਰੱਬ ਆਸਰੇ ਛੱਡ ਕੇ ਮੈਂ ਵਿਚਲੇ ਦਰਵਾਜ਼ੇ ਵਿੱਚੋਂ ਲੰਘ ਕੇ ਦੂਜੇ ਕਮਰੇ ਵਿਚ ਕੱਪੜੇ ਬਦਲਣ ਚਲਾ ਗਿਆ। ਮੈਂ ਪਤਨੀਂ ਨੂੰ ਕੱਪੜੇ ਕੱਢ ਕੇ ਦੇਣ ਲਈ ਆਵਾਜ਼ ਮਾਰੀ। ਉਹ ਉੱਠਣ ਲੱਗੀ, ਤਾਂ ਉਹਨੂੰ ਕਿਹਾ ਗਿਆ, “ਨਹੀਂ ਅਪਣੀ ਥਾਂ ਤੋਂ ਹਿੱਲਣਾ ਨਹੀਂ।” ਉਹ ਬੇਵੱਸ ਹੋ ਕੇ ਬੈੱਡ ਦੀ ਬਾਹੀ ਉੱਤੇ ਬੈਠ ਗਈ। ਪੁਲਸੀਏ ਵੀ ਕਮਰੇ ਵਿਚ ਡੱਠੀਆਂ ਕੁਰਸੀਆਂ ਉੱਤੇ ਨਿੱਠ ਕੇ ਬੈਠ ਗਏ।
ਮੈਂ ਅਲਮਾਰੀ ਵਿੱਚੋਂ ਕੱਪੜੇ ਲੱਭਣ ਲੱਗਾ।
ਮੇਰੀ ਪਤਨੀ ਥਾਣੇਦਾਰ ਨੂੰ ਮੇਰੇ ‘ਪ੍ਰਸਿੱਧ ਲੇਖਕ’ ਹੋਣ, ਪਿੰਡ ਦੇ ਸਕੂਲ ਵਿਚ ਕਈ ਸਾਲਾਂ ਤੋਂ ਲੱਗੇ ‘ਜ਼ਿੰਮੇਵਾਰ ਅਧਿਆਪਕ’ ਹੋਣ ਅਤੇ ਪਿੰਡ ਦੇ ਲੋਕਾਂ ਵੱਲੋਂ ‘ਪਿਆਰੇ ਅਤੇ ਸਤਿਕਾਰੇ ਜਾਣ ਵਾਲੇ’ ਵਿਅਕਤੀ ਹੋਣ ਦਾ ਜ਼ਿਕਰ ਬਿਨਾ ਰੁਕੇ ਕਰੀ ਜਾ ਰਹੀ ਸੀ।
“ਔਹ ਵਰਦੀ ਵਾਲੀ ਤਸਵੀਰ ਕਿਹਦੀ ਹੈ?” ਅੰਗੀਠੀ ’ਤੇ ਪਈ ਤਸਵੀਰ ਵੱਲ ਇਸ਼ਾਰਾ ਕਰਕੇ ਥਾਣੇਦਾਰ ਨੇ ਪੁੱਛਿਆ ਤਾਂ ਮੇਰੀ ਪਤਨੀ ਨੂੰ ਅਪਣੇ ਹੱਕ ਵਿਚ ਭੁਗਤਾਉਣ ਲਈ ਇਕ ਹੋਰ ‘ਵੋਟ’ ਮਿਲ ਗਈ।
“ਇਹ ਮੇਰੇ ਪਿਤਾ ਜੀ ਨੇ। ਪੁਲਿਸ ਵਿਚ ਇੰਸਪੈਕਟਰ ਹੁੰਦੇ ਸਨ। ਛੱਬੀ ਜਨਵਰੀ ਵਾਲ਼ੇ ਦਿਨ ਖੇਡਾਂ ਕਰਦਿਆਂ, ਉਨ੍ਹਾਂ ਦੀ ਘੋੜੇ ਤੋਂ ਡਿੱਗ ਕੇ ਮੌਤ ਹੋ ਗਈ ਸੀ।” ਉਹ ਅਪਣੇ ਇੰਸਪੈਕਟਰ ਪਿਤਾ ਦੀ ਥਾਣੇਦਾਰ ਨਾਲ਼ ਕਿੱਤੇ ਦੀ ਸਾਂਝ ਜੋੜ ਕੇ ਉਹਦੀ ਹਮਦਰਦੀ ਬਟੋਰਨਾ ਚਾਹੁੰਦੀ ਸੀ ਸ਼ਾਇਦ।
ਮੈਂ ਕੱਪੜੇ ਬਦਲ ਕੇ ਵਾਪਸ ਆਇਆ, ਮੇਰੀ ਵੱਡੀ ਧੀ ਅਤੇ ਪੁੱਤਰ ਸਹਿਮੇ ਹੋਏ ਸਾਰਾ ਨਾਟਕ ਵੇਖ ਰਹੇ ਸਨ। ਸਭ ਤੋਂ ਛੋਟੀ ਬੱਚੀ ਮੇਰੀ ਪਤਨੀ ਦੀ ਬਾਂਹ ਖਿੱਚ ਕੇ ਵਾਰ-ਵਾਰ ਆਖ ਰਹੀ ਸੀ, “ਮੰਮੀ ਮੈਨੂੰ ਪੜ੍ਹਾਓ ਵੀ।”
ਮੈਂ ਬੱਚੀ ਦੇ ਸਿਰ ’ਤੇ ਹੱਥ ਫੇਰਿਆ। ਦੂਜੇ ਬੱਚਿਆਂ ਵੱਲ ਤਰਦੀ ਜਿਹੀ ਨਜ਼ਰ ਮਾਰੀ ਅਤੇ ਕਮਰੇ ’ਚੋਂ ਬਾਹਰ ਨਿਕਲ਼ ਆਇਆ।



ਪੁਲਿਸ ਚੌਕੀ ਵਿਚ ਪਹੁੰਚਣ ’ਤੇ ਹਵਾਲਦਾਰ ਨੇ ਕਮਰੇ ਵਿਚ ਪਏ ਅਲਾਣੇ ਮੰਜੇ ਵੱਲ ਇਸ਼ਾਰਾ ਕਰਕੇ ਮੈਨੂੰ ਕਿਹਾ, “ਏਥੇ ਪੈ ਜਾਓ। ਹੋਰ ਕੱਪੜੇ ਲੀੜੇ ਦੀ ਤਾਂ ਲੋੜ ਨਹੀਂ?” ਉਸ ਦਾ ਰਵੱਈਆ ਵੀ ਲਚਕਦਾਰ ਹੋ ਗਿਆ ਸੀ। ਮੇਰੀ ਪਤਨੀ ਵੱਲੋਂ ਮੇਰੇ ਬਾਰੇ ਦੱਸੇ ਜਾਣ ਕਰਕੇ ਜਾਂ ਥਾਣੇਦਾਰ ਦੇ ਸਮਝਾਉਣ ਕਰਕੇ ਜਾਂ ਰੱਬੀਂ ਹੀ ਉਸ ਦੇ ਮਨ ਵਿਚ ਮਿਹਰ ਪੈ ਗਈ ਸੀ। ਇਸ ਬਾਰੇ ਕੁਝ ਨਹੀਂ ਸੀ ਕਿਹਾ ਜਾ ਸਕਦਾ।
ਮੈਂ ਧੰਨਵਾਦ ਕਹਿ ਕੇ ਮੰਜੇ ’ਤੇ ਬੈਠ ਗਿਆ। ਸਾਰੇ ਪੁਲਸੀਏ ਚੌਕੀ ਦਾ ਬਾਹਰਲਾ ਦਰਵਾਜ਼ਾ ਬੰਦ ਕਰਕੇ ਆਪੋ-ਅਪਣੇ ਟਿਕਾਣਿਆਂ ’ਤੇ ਜਾ ਕੇ ਲੰਮੇ ਪੈ ਗਏ। ਜ਼ਾਹਿਰ ਸੀ ਕਿ ਮੈਨੂੰ ਦਿਨ ਚੜ੍ਹਨ ਤੀਕ ਇਕੱਲਾ ਛੱਡ ਦਿੱਤਾ ਗਿਆ ਸੀ। ਮੈਂ ਮੰਜੇ ’ਤੇ ਲੰਮਾ ਪਿਆ ਅਪਣੀ ਗ੍ਰਿਫ਼ਤਾਰੀ ਦਾ ਕਾਰਣ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸਾਂ।
ਦਿਨ ਚੜ੍ਹਿਆ ਤਾਂ ਮੈਂ ਵੇਖਿਆ ਕਿ ਪਿੰਡ ਦਾ ਸਾਬਕਾ ਸਰਪੰਚ ਸਵਰਨ ਸਿੰਘ ਪੰਜ ਸੱਤ ਬੰਦਿਆਂ ਸਮੇਤ ਮੇਰੇ ਕੋਲ਼ ਆਇਆ, “ਭਾ ਜੀ ਤੁਸੀਂ ਕੋਈ ਫ਼ਿਕਰ ਨਾ ਕਰੋ। ਅਸੀਂ ਹੁਣੇ ਥਾਣੇਦਾਰ ਨੂੰ ਮਿਲਦੇ ਆਂ।”
ਕਿਸੇ ਨੇ ਮੇਰੇ ਲਈ ਲਿਆਂਦੀ ਚਾਹ ਮੇਰੇ ਕੋਲ਼ ਰੱਖੀ।
ਹੌਲ਼ੀ-ਹੌਲ਼ੀ ਹੋਰ ਬੰਦੇ ਆਉਂਦੇ ਗਏ, ਮੇਰੇ ਹੱਕ ਵਿਚ ਮੇਰੇ ਹਮਦਰਦਾਂ ਦੀ ਭੀੜ ਜੁੜਦੀ ਜਾ ਰਹੀ ਸੀ। ਲੋਕਾਂ ਦੇ ਇਸ ਇਕੱਠ ਪਿੱਛੇ ਮੇਰੀ ਪਤਨੀ ਦੀ ਹਿੰਮਤ ਸੀ। ਰਾਤੀਂ ਜਦੋਂ ਪੁਲਿਸ ਵਾਲੇ ਮੈਨੂੰ ਫੜ ਕੇ ਲੈ ਆਏ ਤਾਂ ਉਹ ਬੱਚਿਆਂ ਨੂੰ ਅਪਣੇ ਕੋਲ਼ ਬਿਠਾ ਕੇ ਸਾਰੀ ਰਾਤ ਜਾਗਦੀ ਰਹੀ। ਨੀਂਦ ਕਿੱਥੇ ਆਉਣੀ ਸੀ। ਰਾਤ ਨੂੰ ਇਕੱਲੀ ਕਿਤੇ ਜਾ ਨਹੀਂ ਸੀ ਸਕਦੀ। ਆਂਢੀ-ਗੁਆਂਢੀ ਤਾਂ ਦੂਜੇ ਘਰ ਕੁਝ ਹੁੰਦਾ ਸੁਣ ਕੇ ਉੱਚੀ ਸਾਹ ਨਹੀਂ ਸਨ ਬਾਹਰ ਕੱਢਦੇ। ਮੈਂ ਪਹਿਲਾਂ ਵੀ ਦੱਸਿਆ ਹੈ; ਉਦੋਂ ਅਜੇ ਪਿੰਡ ਦੇ ਕੁਝ ਇਕ ਮੋਅਤਬਰ ਬੰਦਿਆਂ ਦੇ ਘਰੀਂ ਹੀ ਟੈਲੀਫ਼ੋਨ ਲੱਗੇ ਹੋਏ ਸਨ। ਮੈਂ ‘ਮੋਅਤਬਰ’ ਤਾਂ ਨਹੀਂ ਸਾਂ, ਪਰ ਟੈਲੀਫ਼ੋਨ ਮੈਂ ਵੀ ਲਵਾਇਆ ਹੋਇਆ ਸੀ। ਇਸ ਟੈਲੀਫ਼ੋਨ ਕਰਕੇ ਮੇਰੇ ਨੇੜਲੇ ਯਾਰ ਮੇਰਾ ਮਜ਼ਾਕ ਵੀ ਉਡਾਉਂਦੇ ਰਹਿੰਦੇ ਸਨ। ਮੈਂ ਇਹ ਟੈਲੀਫ਼ੋਨ ਕਰਨਾ ਕਿਸ ਨੂੰ ਸੀ। ਸਿਵਾਇ ਇਕ-ਅੱਧੇ ਰਿਸ਼ਤੇਦਾਰ ਦੇ ਮੇਰੇ ਜਾਣੂਆਂ ਜਾਂ ਰਿਸ਼ਤੇਦਾਰਾਂ ’ਚੋਂ ਕਿਸੇ ਕੋਲ਼ ਵੀ ਤਾਂ ਟੈਲੀਫ਼ੋਨ ਨਹੀਂ ਸੀ ਲੱਗਾ ਹੋਇਆ। ਮੇਰੇ ਘਰ ਬੱਝਾ ਇਹ ਕਾਲ਼ਾ ਹਾਥੀ ਕਿਸ ਕੰਮ ਸੀ। ਪਰ ਉਸ ਰਾਤ ਇਹ ਬੜਾ ਕੰਮ ਆਇਆ। ਪਤਨੀ ਨੇ ਅਮ੍ਰਿਤ ਵੇਲੇ, ਜਦੋਂ ਅਜੇ ਸਾਰੇ ਸੁੱਤੇ ਹੋਏ ਸਨ, ਸਭ ਨੂੰ ਫ਼ੋਨ ਖੜਕਾ ਕੇ ਮੇਰੇ ਗ੍ਰਿਫ਼ਤਾਰ ਹੋਣ ਬਾਰੇ ਦੱਸ ਦਿੱਤਾ ਸੀ ਅਤੇ ਉਨ੍ਹਾਂ ਨੂੰ ਮੇਰੇ ਪਿੱਛੇ ਜਾਣ ਦੀ ਬੇਨਤੀ ਕੀਤੀ ਸੀ। ਇਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੂੰ ਤਾਂ ਉਸ ਨੇ ਵੇਖਿਆ ਵੀ ਨਹੀਂ ਸੀ ਹੋਇਆ, ਜ਼ਬਾਨ ਸਾਂਝੀ ਕਰਨੀ ਤਾਂ ਕਿਤੇ ਰਹੀ। ਸਭ ਪਿੰਡ ਵਾਸੀਆਂ ਨੇ ਮੇਰਾ ਮਾਣ ਰੱਖਿਆ ਸੀ। ਉਹ ਭੀੜ ਦੇ ਰੂਪ ਵਿਚ ਮੇਰੇ ਮਗਰ ਉਮਡ ਆਏ ਸਨ। ਉਹ ਮੇਰੇ ਕਮਰੇ ਵਿਚ ਆਉਂਦੇ। ਮੇਰੇ ਨਾਲ਼ ਹੱਥ ਮਿਲ਼ਾਉਂਦੇ ਅਤੇ ਫ਼ਿਕਰ ਨਾ ਕਰਨ ਲਈ ਆਖ ਕੇ ਚੌਕੀ ਦੇ ਬਾਹਰਲੇ ਗੇਟ ਸਾਹਮਣੇ ਇਕੱਠੇ ਹੋਣ ਲੱਗੇ। ਮੈਂ ਹੌਸਲੇ ਵਿਚ ਹੋ ਗਿਆ। ਆਖ਼ਰ ਮੈਂ ਕਸੂਰ ਕਿਹੜਾ ਕੀਤਾ ਸੀ, ਜਿਸ ਕਰਕੇ ਪੁਲਿਸ ਵਾਲੇ ਮੇਰੀ ਗ੍ਰਿਫ਼ਤਾਰੀ ਨੂੰ ਹੱਕ-ਬਜਾਨਬ ਠਹਿਰਾਉਣਗੇ।
ਸਾਰੇ ਜਣੇ ਚੌਕੀ ਦੇ ਬਾਹਰ ਖਲੋਤੇ, ਥਾਣੇਦਾਰ ਦੇ ਤਿਆਰ ਹੋ ਕੇ ਆਉਣ ਅਤੇ ਹਕੀਕਤ ਜਾਣਨ ਦੀ ਉਡੀਕ ਕਰ ਰਹੇ ਸਨ। ਏਨੇ ਚਿਰ ਨੂੰ ਦੋ ਸਿਪਾਹੀਆਂ ਦੇ ਨਾਲ਼ ਬੂਟਾ ਮੇਰੇ ਕਮਰੇ ਵਿਚ ਮੇਰੇ ਕੋਲ਼ ਆਇਆ। ਉਹਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ। ਮੈਂ ਸਮਝਿਆ ਮੇਰੇ ਫ਼ਿਕਰ ਕਰਕੇ ਚਿੰਤਾਵਾਨ ਹੈ। ਮੈਂ ਉਸਨੂੰੂ ਧੀਰਜ ਧਰਨ ਲਈ ਕਿਹਾ।
“ਇਹ ਮੈਨੂੰ ਵੀ ਫੜ ਕੇ ਲਿਆਏ ਨੇ,” ਉਹਨੇ ਖ਼ੁਲਾਸਾ ਕੀਤਾ।
“ਚੰਗਾ ਹੋਇਆ ਸਗੋਂ ਸਾਥ ਬਣ ਗਿਆ,” ਮੈਂ ਮਜ਼ਾਕ ਕੀਤਾ।
“ਪਰ ਭਾ ਜੀ ਆਪਾਂ ਨੂੰ ਲਿਆਂਦਾ ਕਿਉਂ ਆਂ?” ਬੂਟੇ ਨੇ ਪੁੱਛਿਆ ਅਤੇ ਫਿਰ ਆਪ ਹੀ ਕਿਆਫ਼ਾ ਲਾਇਆ, “ਇਹ … ਹੁਰਾਂ ਦਾ ਕੰਮ ਲੱਗਦਾ।”
ਬੂਟਾ ਸਾਡੇ ਪਿੰਡ ਦੇ ਘੁਮਿਆਰਾਂ ਦਾ ਮੁੰਡਾ ਸੀ। ਇਕ੍ਹੱਤਰ-ਬਹੱਤਰ ਦੇ ਸਾਲਾਂ ਵਿਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਦੀ ਐੱਮ. ਏ. ਦਾ ਵਿਦਿਆਰਥੀ ਸੀ। ਜਦੋਂ ਉਹ ਬੀ. ਏ. ਦਾ ਵਿਦਿਆਰਥੀ ਸੀ, ਤਾਂ ਮੇਰੇ ਪ੍ਰਭਾਵ ਅਧੀਨ ਤੱਤੀ ਨਕਸਲੀ ਲਹਿਰ ਦੇ ਨੇੜੇ ਆ ਗਿਆ ਸੀ। ਪ੍ਰਚਾਰ ਦੇ ਕੰਮ ਵਿਚ ਸਰਗਰਮੀ ਨਾਲ਼ ਹੱਥ ਵਟਾਉਂਦਾ। ਰਾਤ-ਬਰਾਤੇ ਕੰਧਾਂ ਉੱਤੇ ਇਸ਼ਤਿਹਾਰ ਲਾਉਂਦਾ, ਲਵਾਉਂਦਾ। ਵਿਦਿਆਰਥੀ ਯੂਨੀਅਨ ਅਤੇ ਨੌਜਵਾਨ ਸਭਾ ਵਿਚ ਕੰਮ ਕਰਦਾ। ਆਗੂਆਂ ਵੱਲੋਂ ਕੀਤੀਆਂ ਗੁਪਤ ਮੀਟਿੰਗਾਂ ਵਿਚ ਭਾਗ ਲੈਂਦਾ ਅਤੇ ਹੋਰ ਨੌਜਵਾਨ ਸਾਥੀਆਂ ਨੂੰ ਲਹਿਰ ਨਾਲ਼ ਜੋੜਨ ਦਾ ਕੰਮ ਕਰਦਾ। ਫਿਰ ਉਹ ਐੱਮ. ਏ. ਦੀ ਪੜ੍ਹਾਈ ਵਿਚੇ ਛੱਡ ਕੇ ਗ਼ੈਰ-ਕਾਨੂੰਨੀ ਢੰਗ ਨਾਲ਼ ਜਰਮਨੀ ਚਲਾ ਗਿਆ। ਉੱਥੇ ਦਿਲ ਨਾ ਲੱਗਾ ਤਾਂ ਵਾਪਸ ਪਰਤ ਆਇਆ। ਮੈਨੂੰ ਕਹਿੰਦਾ, “ਭਾ ਜੀ। ਮੈਂ ਸੋਚਿਆ ਕਿ ਜੇ ਏਥੇ ਜਰਮਨੀ ਵਿਚ ਰਹਿ ਕੇ ਔਖੇ ਹੋ ਕੇ ਲੁਕ-ਛਿਪ ਕੇ ਇਲੀਗਲ ਕੰਮ ਕਰ ਕੇ ਹੀ ਪੈਸੇ ਕਮਾਉਣੇ ਨੇ, ਤਾਂ ਅਪਣੇ ਮੁਲਕ ਵਿਚ ਹੀ ਇਲੀਗਲ ਕੰਮ ਕਰਕੇ, ਪੈਸੇ ਕਿਹੜੇ ਨਹੀਂ ਕਮਾਏ ਜਾ ਸਕਦੇ?”
ਹੁਣ ਬੂਟਾ ਪਿੰਡ ਘੱਟ-ਵੱਧ ਹੀ ਰਹਿੰਦਾ ਸੀ। ਬਹੁਤਾ ਬਾਹਰ-ਅੰਦਰ ਹੀ ਰਹਿੰਦਾ । ਅਪਣੇ ਕੰਮ-ਕਾਰ ਕਰਦਾ। ਉਹਦੀ ਜੋਟੀ, ਹੁਣ, ਉਹੋ-ਜਿਹੇ ਲੋਕਾਂ ਨਾਲ਼ ਹੀ ਸੀ। ਵਰ੍ਹੇ-ਛਿਮਾਹੀ ਮਿਲ਼ਦਾ ਤਾਂ ਜੁਰਮੀ ਦੁਨੀਆ ਦੀ ਕੋਈ ਨਾ ਕੋਈ ਦਿਲਚਸਪ ਸਾਖੀ ਸੁਣਾ ਜਾਂਦਾ। ਇਹਨਾਂ ਸਾਖੀਆਂ ਵਿਚ ਇਕ ਵਾਰ ਉਹਨੇ ਇਹ ਵੀ ਦੱਸਿਆ ਕਿ ਭਿੰਡਰਾਂ ਵਾਲ਼ੇ ਦੀ ਸੱਜੀ ਬਾਂਹ ਸੋਢੀ ਨੂੰ ਮਾਰਨ ਵਾਲ਼ਾ ਉਹਦਾ ਯਾਰ ਛਿੰਦਾ ਹੈ। ਉਸ ਨੇ ਸੋਢੀ ਦੇ ਕਤਲ ਦੀ ਕਹਾਣੀ ਵੀ ਸੁਣਾਈ ਅਤੇ ਫਿਰ ਛਿੰਦੇ ਦੇ ਕਤਲ ਦੀ ਵੀ। ਉਹ ਇਸ ਗੱਲੋਂ ਵੀ ਡਰਦਾ ਕਿ ਛਿੰਦੇ ਨਾਲ਼ ਉਹਦੀ ਯਾਰੀ ਰਹੀ ਹੋਣ ਕਰਕੇ ਉਹ ਨੂੰ ਵੀ ਨਾ ਮਾਰ ਦਿੱਤਾ ਜਾਵੇ। ਕਦੀ-ਕਦੀ ਇਹ ਵੀ ਪਤਾ ਲੱਗਦਾ ਕਿ ਕਿਸੇ ਕੇਸ ਵਿਚ ਉਸ ਨੂੰ ਫੜਨ ਲਈ ਪੁਲਿਸ ਨੇ ਪਿੰਡ ਵਿਚ ਛਾਪਾ ਮਾਰਿਆ ਸੀ।
“ਪਰ ਭਾ ਜੀ, ਇਹਨਾਂ ਨੇ ਆਪਾਂ ਨੂੰ ਫੜਿਆ ਕਿਉਂ?”
ਉਹਦੇ ਸਵਾਲ ਦਾ ਜਵਾਬ ਮੇਰੇ ਕੋਲ਼ ਵੀ ਤਾਂ ਨਹੀਂ ਸੀ।
ਥਾਣੇਦਾਰ ਆਇਆ। ਸਾਹਮਣੇ ਵਿਹੜੇ ਵਿਚ ਧੁੱਪੇ ਲੱਗੇ ਮੇਜ਼ ’ਤੇ ਬੈਠ ਕੇ ਉਸ ਨੇ ਪੰਜ-ਚਾਰ ਮੋਅਤਬਰ ਬੰਦਿਆਂ ਨੂੰ ਕੋਲ਼ ਬੁਲਾਇਆ ਅਤੇ ਅੰਦਰਲੀ ਗੱਲ ਦੱਸੀ।
ਥਾਣੇਦਾਰ ਦੀ ਗੱਲ ਸੁਣ ਕੇ ਉਹ ਸਾਡੇ ਕੋਲ਼ ਆਏ। ਉਨ੍ਹਾਂ ਦੇ ਚਿਹਰੇ ਗੰਭੀਰ ਸਨ।
“ਭਿੱਖੀਵਿੰਡ ਵਾਲ਼ੇ ਐੱਸ. ਐੱਚ. ਓ. ਨੂੰ ਆ ਲੈਣ ਦਿਓ। ਉਹਦੇ ਆਇਆਂ ਹੀ ਅਸਲੀ ਗੱਲ ਦਾ ਪਤਾ ਲੱਗੂ। ਅਸੀਂ ਏਥੇ ਬਾਹਰ ਹੀ ਉਡਕਦੇ ਆਂ।”
ਉਨ੍ਹਾਂ ਦੇ ਬੋਲਾਂ ਵਿਚ ਪਹਿਲਾਂ ਵਾਲ਼ਾ ਉਤਸ਼ਾਹ ਨਹੀਂ ਸੀ। ਚੌਕੀ ਵਾਲੇ ਥਾਣੇਦਾਰ ਨੇ ਹਕੀਕਤ ਦੱਸ ਕੇ ਉਨ੍ਹਾਂ ਦਾ ਜੋਸ਼ ਮੱਠਾ ਕਰ ਦਿੱਤਾ ਸੀ। ਇਹ ਹਕੀਕਤ ਹੈ ਕੀ ਸੀ?
ਮੈਂ ਵੇਖਿਆ; ਫੁੱਫੜ ਸੂਰਤਾ ਸਿੰਘ ਮੇਰੇ ਦੋਹਾਂ ਵੱਡੇ ਬੱਚਿਆਂ, ਰੂਪ ਅਤੇ ਸੁਪਨਦੀਪ ਨੂੰ ਅਪਣੀਆਂ ਦੋਹਾਂ ਉਂਗਲਾਂ ਨਾਲ਼ ਲਾਈ ਚੌਕੀ ਦਾ ਦਰਵਾਜ਼ਾ ਲੰਘ ਰਿਹਾ ਸੀ। ਰੂਪ ਨੌਂ ਕੁ ਸਾਲ ਦੀ ਸੀ ਅਤੇ ਸੁਪਨ ਦੀ ਉਮਰ ਛੇ ਕੁ ਸਾਲ ਦੀ। ਬੱਚਿਆਂ ਵੱਲ ਵੇਖ ਕੇ ਮੇਰਾ ਮਨ ਭਰ ਆਇਆ। ਕੀ ਸੋਚਦੇ ਹੋਣਗੇ ਮੇਰੇ ਬਾਰੇ ਇਹ ਮਾਸੂਮ ਬੱਚੇ। ਇਨ੍ਹਾਂ ਨੂੰ ਤਾਂ ਨਾ ਹੀ ਦੇਸ਼ ਦੀ ਸਿਆਸਤ ਅਤੇ ਨਾ ਹੀ ਜੁਰਮ ਦੀ ਦੁਨੀਆ ਬਾਰੇ ਕੋਈ ਗਿਆਨ ਸੀ। ਉਨ੍ਹਾਂ ਲਈ ਤਾਂ ਉਨ੍ਹਾਂ ਦਾ ਪਿਓ ਬੜੀ ਵੱਡੀ ਤਾਕਤ ਹੁੰਦਾ ਸੀ, ਜਿਸਦੀ ਬੁੱਕਲ਼ ਵਿਚ ਉਹ ਸਦਾ ਅਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੇ ਸਨ। ਉਨ੍ਹਾਂ ਦੀ ਇਹ ਤਾਕਤ ਪੁਲਸੀਆਂ ਦੇ ਹੁਕਮ ਅਤੇ ਇਸ਼ਾਰੇ ’ਤੇ ਬੈਠਣ, ਉੱਠਣ ਅਤੇ ਬੋਲਣ ਲੱਗੀ ਜੋਗੀ ਰਹਿ ਗਈ ਸੀ।
ਸੂਰਤਾ ਸਿੰਘ ਦੀ ਇਸ ਥਾਣੇਦਾਰ ਨਾਲ਼ ਦੂਰ-ਨੇੜੇ ਦੀ ਕੋਈ ਰਿਸ਼ਤੇਦਾਰੀ ਸੀ। ਉਹ ਮੇਰੀ ਪਤਨੀ ਨੂੰ ਧਰਵਾਸ ਦੇ ਕੇ ਆਇਆ ਸੀ, “ਬੀਬੀ ਰਜਵੰਤ। ਥਾਣੇਦਾਰ ਅਪਣਾ ਮੁੰਡਾ ਹੈ। ਉਹਦੇ ਹੁੰਦਿਆਂ ਅਪਣੇ ਨਾਲ਼ ਨਜਾਇਜ਼ ਨਹੀਂ ਹੁੰਦੀ। ਤੂੰ ਰਤੀ ਭਰ ਵੀ ਫ਼ਿਕਰ ਨਾ ਕਰ।”
ਉਹਦਾ ਦਿੱਤਾ ਧਰਵਾਸ ਵਾਜਬ ਸੀ। ਪਤਨੀ ਚਿੰਤਾ-ਮੁਕਤ ਹੋ ਕੇ ਹੋਰ ਘੜੀ ਪਲ ਤਕ ਮੇਰੀ ਵਾਪਸੀ ਦੀ ਉਡੀਕ ਕਰ ਰਹੀ ਸੀ।
ਮੈਨੂੰ ਬੱਚਿਆਂ ਨੂੰ ਮਿਲਣ ਲਈ ਥਾਣੇਦਾਰ ਵਾਲੀ ਮੇਜ਼ ਕੋਲ਼ ਹੀ ਬੁਲਾ ਲਿਆ ਗਿਆ। ਮੈਂ ਲਾਡ ਨਾਲ਼ ਦੋਹਾਂ ਦੀਆਂ ਗੱਲ੍ਹਾਂ ਥਪਥਪਾਈਆਂ। ਮੁਸਕਰਾ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਨ੍ਹਾਂ ਨੂੰ ਕੁਤਕੁਤਾਇਆ। ਮੈਂ ਸਹਿਜ ਰਹਿਣ ਦਾ ਯਤਨ ਕਰਦਾ ਹੋਇਆ ਇਹ ਪ੍ਰਭਾਵ ਪਾਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਉਨ੍ਹਾਂ ਦਾ ਪਿਤਾ ਹੁਣ ਵੀ ਕੋਈ ਵੱਡੀ ਤਾਕਤ ਹੈ। ਉਹ ਪਤਾ ਨਹੀਂ ਕੀ ਮਹਿਸੂਸ ਕਰ ਰਹੇ ਸਨ?
ਥਾਣੇਦਾਰ ਨੇ ਸੂਰਤਾ ਸਿੰਘ ਨੂੰ ਪਾਸੇ ਕਰਕੇ ਕੁਝ ਦੱਸਿਆ। ਏਨੇ ਚਿਰ ਵਿਚ ਜੀਪ ਬਾਹਰਲੇ ਗੇਟ ਕੋਲ਼ ਆ ਰੁਕੀ ਅਤੇ ਉਸ ਵਿੱਚੋਂ ਨਿਕਲ਼ੇ ਐੱਸ. ਐੱਚ. ਓ. ਨੂੰ ਬਾਹਰ ਖਲੋਤੇ ਬੰਦਿਆਂ ਨੇ ਘੇਰ ਲਿਆ। ਉਨ੍ਹਾਂ ਨਾਲ਼ ਗੱਲ ਕਰਕੇ ਅਤੇ ਉਨ੍ਹਾਂ ਨੂੰ ਬਾਹਰ ਹੀ ਰੁਕਣ ਦਾ ਕਹਿ ਕੇ ਉਹ ਅੰਦਰ ਆਇਆ। ਚੌਕੀ ਵਾਲ਼ੇ ਛੋਟੇ ਥਾਣੇਦਾਰ ਨੇ ਉੱਠ ਕੇ ਉਹਨੂੰ ਸਲੂਟ ਮਾਰਿਆ। ਮੈਂ ਵੀ ਕੁਰਸੀ ਤੋਂ ਉੱਠਾ ਖਲੋਤਾ। ਉਸ ਨੇ ਮੈਨੂੰ ਬੈਠ ਜਾਣ ਲਈ ਇਸ਼ਾਰਾ ਕੀਤਾ। ਹੁਣ ਸਾਡੀ ਗ੍ਰਿਫ਼ਤਾਰੀ ਦਾ ਰਹੱਸ ਖੁੱਲ੍ਹਣ ਦਾ ਮੌਕਾ ਸੀ। ਥਾਣੇਦਾਰ ਬੜੇ ਠਰ੍ਹੰਮੇ ਨਾਲ਼ ਬੋਲ ਰਿਹਾ ਸੀ, ਪਰ ਮੇਰੇ ਕੰਨਾਂ ਵਿਚ ਗੜਗੜਾਹਟ ਹੋ ਰਹੀ ਸੀ। ਮੈਂ ਵਿਚਾਰਗੀ ਦੀ ਹਾਲਤ ਵਿਚ ਉਹਦੇ ਬੋਲਾਂ ਦੇ ਮਲਬੇ ਹੇਠਾਂ ਦੱਬਿਆ ਗਿਆ ਸਾਂ।
“ਤੁਹਾਡੇ ਪਿੱਛੇ ਆਇਆ ਸਾਰਾ ਪਿੰਡ ਤੁਹਾਡਾ ਕਸੂਰ ਪੁੱਛਦਾ ਪਿਆ ਹੈ। ਲੌ ਸੁਣ ਲੌ ਅਪਣਾ ਕਸੂਰ। ਪਿੰਡ ਸੁਰ ਸਿੰਘ ਵਿਚ ਮਹੀਨਾ ਪਹਿਲਾਂ ਜਿਹੜੀ ਗੋਲ਼ੀ ਚਲੀ ਐ; ਅਸੀਂ ਕਹਿੰਦੇ ਹਾਂ ਕਿ ਉਹ ਤੁਸੀਂ ਚਲਾਈ ਐੈ। ਇਕ ਬੰਦੇ ਨੂੰ ਤੁਸੀਂ ਕਤਲ ਕੀਤਾ ਏ ਅਤੇ ਬੰਦੇ ਜ਼ਖ਼ਮੀ ਕੀਤੇ ਨੇ। ਇਹ ਕੇਸ ਬਣਦਾ ਹੈ ਤੁਹਾਡੇ ’ਤੇ। ਹੁਣ ਤੁਸੀਂ ਸਾਬਤ ਕਰਨਾ ਹੈ ਕਿ ਗੋਲ਼ੀ ਤੁਸੀਂ ਨਹੀਂ ਚਲਾਈ। ਬੰਦਾ ਤੁਸੀਂ ਨਹੀਂ ਮਾਰਿਆ।”
ਉਹ ਉਤਸੁਕ ਨਜ਼ਰਾਂ ਨਾਲ਼ ਮੇਰੇ ਵੱਲ ਵੇਖਣ ਲੱਗਾ। ਦੰਦ ਜੁੜ ਜਾਣੇ ਦਾ ਮੁਹਾਵਰਾ ਮੈਨੂੰ ਪਹਿਲੇ ਦਿਨ ਏਨੀ ਬਾਰੀਕੀ ਨਾਲ਼ ਸਮਝ ਆਇਆ। ਮੈਨੂੰ ਸੁੱਝ ਔੜ ਹੀ ਨਹੀਂ ਸੀ ਰਹੀ ਕਿ ਕੀ ਜਵਾਬ ਦੇਵਾਂ। ਮੈਂ ਇਹ ਕਿਵੇਂ ਸਾਬਤ ਕਰ ਸਕਦਾ ਸਾਂ ਭਲਾਂ। ਦੋਸ਼ ਲਾਉਣ ਵਾਲੇ ਉਨ੍ਹਾਂ ਦਿਨਾਂ ਵਿਚ, ਉਂਜ ਵੀ ਸਾਬਤ ਕਰਨ ਦਾ ਮੌਕਾ ਕਿੱਥੇ ਦਿੰਦੇ ਸਨ। ਜੇ ਕੋਈ ਸਾਬਤ ਕਰਨ ਲਈ ਕੁਝ ਦੱਸਦਾ ਵੀ ਸੀ, ਤਾਂ ਮੰਨਦੇ ਕਿੱਥੇ ਸਨ।
“ਤੁਹਾਨੂੰ ਮੇਰੇ ਬਾਰੇ ਮੇਰੇ ਪਿੱਛੇ ਆਉਣ ਵਾਲ਼ੇ ਲੋਕਾਂ ਕੋਲ਼ੋਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਕਿਹੋ ਜਿਹਾ ਬੰਦਾ ਹਾਂ। ਉਨ੍ਹਾਂ ਦੱਸ ਹੀ ਦਿੱਤਾ ਹੋਵੇਗਾ ਕਿ ਮੈਂ ਗੋਲ਼ੀ ਚਲਾਉਣ ਵਾਲ਼ਾ ਸਾਂ ਜਾਂ ਗੋਲ਼ੀ ਲੱਗਣ ਵਾਲਿਆਂ ਨੂੰ ਬਚਾਉਣ ਵਾਲ਼ਾ।” ਇਸ ਤੋਂ ਵੱਧ ਮੈਨੂੰ ਸੁੱਝਦਾ ਹੀ ਨਹੀਂ ਕਿ ਮੈਂ ਅਪਣੀ ਸਫ਼ਾਈ ਵਿਚ ਕੀ ਆਖਾਂ?
ਸੂਰਤਾ ਸਿੰਘ ਮੇਰੇ ਹੱਕ ਵਿਚ ਬੋਲਣ ਲੱਗਦਾ, ਤਾਂ ਥਾਣੇਦਾਰ ਨੇ ਕਿਹਾ, “ਸਰਦਾਰ ਜੀ, ਪੁੱਛਗਿੱਛ ਨਾਲ਼ ਸਾਰੀ ਸਚਾਈ ਵੇਖਿਓ ਕਿਵੇਂ ਸਾਹਮਣੇ ਆਉਂਦੀ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਕੇ ਰੱਖ ਦਿਆਂਗੇ।”
ਸੂਰਤਾ ਸਿੰਘ ਨੇ ਬੱਚਿਆਂ ਨੂੰ ਉਂਗਲ ਲਾਈ ਅਤੇ ਮੇਰੀ ਪਤਨੀ ਤਕ ਇਹ ਮਨਹੂਸ ਖ਼ਬਰ ਪਹੁੰਚਾਉਣ ਲਈ ਤੁਰ ਪਿਆ। ਬੱਚਿਆਂ ਨੇ ਥਾਣੇਦਾਰ ਦੀ ਸਾਰੀ ਗੱਲ ਸੁਣ ਲਈ ਸੀ। ਉਹ ਬੱਬੋਲਿਕੇ ਹੋਏ ਧੌਣਾਂ ਮੋੜ ਕੇ ਮੇਰੇ ਵੱਲ ਮੁੜ ਮੁੜ ਵੇਖਦੇ ਦਰਵਾਜ਼ੇ ਤੋਂ ਬਾਹਰ ਹੋ ਗਏ।
ਥੋੜ੍ਹੇ ਚਿਰ ਪਿੱਛੋਂ ਭਿੱਖੀਵਿੰਡ ਲਿਜਾਣ ਲਈ ਸਾਨੂੰ ਵੱਖਰੇ ਟੈਂਪੂ ਵਿਚ ਬਿਠਾ ਲਿਆ। ਮੇਰੇ ਹਮਾਇਤੀ ਬੇਵਸ ਅਤੇ ਖ਼ਾਮੋਸ਼ ਖਲੋਤੇ ਸਨ। ਏਨੇ ਚਿਰ ਨੂੰ ਸਕੂਲ ਵਿਚ ਮੇਰਾ ਜਮਾਤੀ ਰਹਿ ਚੁੱਕਾ ਕਿਰਪਾਲ ਆਇਆ ਅਤੇ ਥਾਣੇਦਾਰ ਨੂੰ ਜੀਪ ਵਿਚ ਵੜਦੇ ਨੂੰ ਹੱਸ ਕੇ ਪੁੱਛਿਆ, “ਸਾਡੇ ਜਮਾਤੀ ਨੂੰ ਕਿੱਥੇ ਲੈ ਚੱਲੇ ਓ ਸਰਦਾਰ ਜੀ? ਸਾਨੂੰ ਕੋਈ ਗੱਲ ਦੱਸ ਕੇ ਤਾਂ ਜਾਓ। ਇਹ ਤਾਂ ਸਾਡਾ ਹੀਰਾ ਹੈ। ਮੈਨੂੰ ਤਾਂ ਹੁਣੇ ਪਤਾ ਲੱਗਾ; ਭੱਜਾ ਆਇਆਂ ਮੈਂ।”
ਕਿਰਪਾਲ, ਜਿਸ ਨੂੰ ਸਾਰੇ ਪਾਲ ਕਹਿੰਦੇ ਸਨ, ਪਹਿਲਾਂ ਪੁਲਿਸ ਵਿਚ ਹੀ ਹੁੰਦਾ ਸੀ। ਨਕਸਲੀ ਦੌਰ ਵਿਚ ਉਹਦੀ ਡਿਊਟੀ ਮੇਰੀਆਂ ਗਤੀਵਿਧੀਆਂ ਦਾ ਧਿਆਨ ਰੱਖਣ ’ਤੇ ਵੀ ਲੱਗੀ ਰਹੀ ਸੀ। ਉਹ ਉਦੋਂ ਵੀ ਮੈਨੂੰ ਜਮਾਤੀ ਹੋਣ ਕਰਕੇ ਸੰਭਲ ਕੇ ਚੱਲਣ ਦੀ ਹਦਾਇਤ ਕਰਦਾ ਹੁੰਦਾ ਸੀ। ਹੁਣ ਉਹਨੇ ਨੌਕਰੀ ਛੱਡ ਦਿੱਤੀ ਸੀ ਅਤੇ ਸਿਆਸਤ ਵਿਚ ਸਰਗਰਮ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੋਈ ਸੀ। ਪੁਲਿਸ ਵਿਚ ਰਿਹਾ ਹੋਣ ਕਰਕੇ ਅਤੇ ਲੋਕਾਂ ਦੇ ਕੰਮ-ਧੰਦੇ ਕਰਵਾਉਣ ਲਈ ਪੁਲਸੀਆਂ ਨੂੰ ਅਕਸਰ ਮਿਲਦਾ ਰਹਿਣ ਕਰਕੇ, ਪੁਲਿਸ ਵਾਲਿਆਂ ਨਾਲ਼ ਉਸਦੇ ਸਬੰਧ ਨਿਰ-ਉਚੇਚ ਸਨ। ਥਾਣੇਦਾਰ ਨੇ ਉਸ ਕਿਹਾ, “ਆ, ਤੂੰ ਵੀ ਆ ਜਾਹ। ਤੇਰੇ ਵੱਲ ਵੀ ਜਾਣਾ ਸੀ।”
“ਚੱਲੋ।” ਹੱਸਦਾ ਹੋਇਆ ਉਹ ਉਨ੍ਹਾਂ ਨਾਲ਼ ਹੀ ਜੀਪ ਵਿਚ ਸਵਾਰ ਹੋ ਗਿਆ।
ਟੈਂਪੂ ਚੱਲਿਆ ਤਾਂ ਰੋਣ-ਹਾਕੇ ਬੂਟੇ ਨੇ ਕੰਬਦੇ ਹੋਠਾਂ ਨਾਲ਼ ਕਿਹਾ, “ਭਾਅ ਜੀ। ਇਨ੍ਹਾਂ ਨੇ ਆਪਾਂ ਨੂੰ ਗੋਲ਼ੀ ਮਾਰ ਦੇਣੀ ਏਂ। ਮੈਂ ਪੱਕਾ ਹਿਸਾਬ ਲਾ ਲਿਆ। ਇਹ ਐੱਸ. ਅੱੈਸ. ਪੀ. ਇਸ ਜ਼ਿਲ੍ਹੇ ’ਚ ਲਾਇਆ ਈ ਏਸੇ ਕਰਕੇ ਆ। ਕਈ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇਹਨੇ ਕਈ ਬੰਦੇ ਮਰਵਾ ਦਿੱਤੇ ਨੇ। ਆਪਾਂ ਨੂੰ ਵੀ ਇਹ ਛੱਡਣ ਨਹੀਂ ਲੱਗੇ।”
ਬੂਟਾ ਜੋ ਕਹਿ ਰਿਹਾ ਸੀ, ਉਹ ਝੂਠ ਨਹੀਂ ਸੀ। ਇਹ ਸਭ-ਕੁਝ ਹੋਈ ਜਾਂਦਾ ਸੀ। ਜੇ ਪੁਲਿਸ ਨੇ ਇਹ ਸੱਚ ਮੰਨ ਹੀ ਲਿਆ ਹੈ ਕਿ ਸੁਰ ਸਿੰਘ ਪਿੰਡ ਵਿਚ ਅਸੀਂ ਹੀ ਗੋਲ਼ੀ ਚਲਾਈ ਹੈ, ਤਾਂ ਬੂਟੇ ਦਾ ਖ਼ਦਸ਼ਾ ਸੋਲ਼ਾਂ ਆਨੇ ਸੱਚ ਸੀ। ਮੇਰੇ ਸਰੀਰ ਵਿਚੋਂ ਵੀ ਦਹਿਸ਼ਤ ਦੀ ਕੰਬਣੀ ਲੰਘੀ ਅਤੇ ਮੱਥੇ ’ਤੇ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ।
“ਹੈਂ ਭਾਅ ਜੀ, ਜੇ ਇਨ੍ਹਾਂ ਨੇ ਆਪਾਂ ਨੂੰ ਗੋਲ਼ੀ ਮਾਰ ਦਿੱਤੀ ਤਾਂ?” ਉਹਦੇ ਬੋਲਾਂ ਵਿਚ ਬੱਚਿਆਂ ਵਰਗੀ ਵਿਲਕਣੀ ਅਤੇ ਜਗਿਆਸਾ ਸੀ। ਇਹ ਨਹੀਂ ਕਿ ਮੈਂ ਅੰਦਰੋਂ ਬੜਾ ਬਲਵਾਨ ਅਤੇ ਸਹਿਜ ਸਾਂ, ਪਰ ਮੈਂ ਅਪਣੇ ਮਨ ਨੂੰ ਕਰੜਾ ਕਰਕੇ, ਮੁਸਕਰਾ ਕੇ ੳਹਨੂੰ ਕਿਹਾ, “ਬੂਟਾ ਸਿੰਘਾਂ। ਜੇ ਇਹਨਾਂ ਨੇ ਗੋਲ਼ੀ ਮਾਰਨੀ ਹੀ ਹੋਈ, ਤਾਂ ਆਪਾਂ ਕਿਹੜੀ ਹੱਥਾਂ ਨਾਲ਼ ਰੋਕ ਲੈਣੀ ਏ। ਹੌਸਲਾ ਰੱਖ। ਜੋ ਹੋਊ, ਵੇਖੀ ਜਾਊ।” ਮੈਂ ਨਹੀਂ ਸਾਂ ਚਾਹੁੰਦਾ ਕਿ ਸਾਨੂੰ ਲੈ ਕੇ ਜਾਣ ਵਾਲ਼ੇ ਸਿਪਾਹੀਆਂ ਦੇ ਸਾਹਮਣੇ ਸਾਡੀ ਹਾਲਤ ਹਾਸੋਹੀਣੀ ਲੱਗੇ।
ਥਾਣੇ ਜਾ ਕੇ ਅਗਲਿਆਂ ਸਾਨੂੰ ਹਵਾਲ਼ਾਤ ਵਿਚ ਬੰਦ ਕਰ ਦਿੱਤਾ। ਕੁਝ ਪਲਾਂ ਪਿੱਛੋਂ ਪਾਲ ਨੂੰ ਵੀ ਸਿਪਾਹੀ ਨੇ ਹਵਾਲ਼ਾਤ ਦਾ ਦਰਵਾਜ਼ਾ ਖੋਲ਼੍ਹ ਕੇ ਅੰਦਰ ਵਾੜਿਆ ਤਾਂ ਮੈਂ ਸਮਝਿਆ ਕਿ ਪੁਲਿਸ ਨਾਲ਼ ਨੇੜਲੇ ਸੰਬੰਧਾਂ ਕਰਕੇ ਉਹ ਮੇਰੇ ਨਾਲ਼ ਗੱਲਬਾਤ ਕਰਨ ਲਈ ਹਵਾਲ਼ਾਤ ਵਿਚ ਅੰਦਰ ਆ ਗਿਆ। ਪਰ ਉਹ ਸਾਡੇ ਨਾਲ਼ ਹੀ ਫ਼ਰਸ਼ ’ਤੇ ਆਣ ਬੈਠਾ।
“ਮੈਂ ਤਾਂ ਤੇਰੇ ਪਿੱਛੇ ਆਉਣ ਕਰਕੇ ਫਸ ਗਿਆ। ਨਹੀਂ ਤਾਂ ਮੈਂ ਇਹਨਾਂ ਦੇ ਕਿੱਥੇ ਕਾਬੂ ਆਉਣਾ ਸੀ।”
ਤਾਂ ਥਾਣੇਦਾਰ ਸੱਚ ਹੀ ਆਖਦਾ ਸੀ ਉਸ ਨੂੰ, “ਤੂੰ ਵੀ ਆ ਜਾਹ। ਤੇਰੇ ਵੱਲ ਵੀ ਜਾਣਾ ਸੀ।”
ਪਾਲ ਨੇ ਮਿਲ਼ੀ ਸੂਚਨਾ ਅਨੁਸਾਰ ਦੱਸਿਆ ਕਿ ਪਿੰਡ ਦੇ ਸਾਰੇ ਸਰਕਰਦਾ ਬੰਦਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨਿਕਲ਼ੀ ਹੋਈ ਹੈ। ਸਾਬਕਾ ਸਰਪੰਚਾਂ ਸਮੇਤ ਹੁਣ ਦੇ ਸਰਪੰਚ ਨੂੰ ਵੀ ਲੱਭਦੀ ਫਿਰਦੀ ਹੈ।
ਮੇਰੀ ਗ੍ਰਿਫ਼ਤਾਰੀ ਦੀ ਖ਼ਬਰ ਫੈਲ ਗਈ ਸੀ ਅਤੇ ਸਾਰੇ ਅਧਿਆਪਕ ਜਗਤ ਵਿਚ ਮੇਰੇ ਜਿਸ ਜਿਸ ਸਨੇਹੀ ਨੂੰ ਪਤਾ ਲੱਗ ਰਿਹਾ ਸੀ, ਉਹ ਭਿੱਖੀਵਿੰਡ ਥਾਣੇ ਅੱਗੇ ਆਣ ਪੁੱਜਾ ਸੀ। ਅਧਿਆਪਕਾਂ ਅਤੇ ਮੇਰੇ ਪਿੰਡ ਵਾਸੀਆਂ ਦੀ ਵੱਡੀ ਭੀੜ ਸਾਡੇ ਕੋਲ਼ ਦੀ ਲੰਘ ਕੇ ਥਾਣੇ ਅੰਦਰ ਪਹੁੰਚੀ। ਥਾਣੇਦਾਰ ਨਾਲ਼ ਗੱਲਬਾਤ ਕੀਤੀ। ਉਨ੍ਹਾਂ ਵਿਚੋਂ ਕਈਆਂ ਦੇ ਪੁਲਿਸ ਦੇ ਕਈ ਕਰਮਚਾਰੀਆਂ ਨਾਲ਼ ਚੰਗੇ ਸੰਬੰਧ ਵੀ ਸਨ। ਸਾਰੇ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਅਸੀਂ ਕੋਈ ਆਦੀ ਅਤੇ ਇਖ਼ਲਾਕੀ ਮੁਜਰਿਮ ਨਹੀਂ ਸਾਂ; ਇਸ ਲਈ ਸਾਨੂੰ ਹਵਾਲ਼ਾਤ ਵਿਚੋਂ ਕੱਢ ਕੇ ਕੁਰਸੀਆਂ ਉੱਤੇ ਬਿਠਾਇਆ ਜਾਵੇ। ਸਾਰੇ ਮੇਰੇ ਕੋਲ਼ ਆ ਕੇ ਮੈਨੂੰ ਅਪਣੇ ਹਮਦਰਦ ਬੋਲਾਂ ਨਾਲ਼ ਬਲ ਬਖਸ਼ ਰਹੇ ਸਨ। ਪੰਜ-ਸੱਤ ਆ ਰਹੇ ਸਨ। ਪੰਜ-ਸੱਤ ਜਾ ਰਹੇ ਸਨ। ਮੇਰੇ ਸਕੂਲ ਦਾ ਸਾਰਾ ਸਟਾਫ਼ ਛੁੱਟੀ ਕਰ ਕੇ ਮੈਨੂੰ ਮਿਲਣ ਆਇਆ ਤਾਂ ਮੈਂ ਕਿਹਾ ਕਿ ਮੈਨੂੰ ਬਾਹਰ ਨਿਕਲ ਕੇ ਉਨ੍ਹਾਂ ਨੂੰ ਮਿਲਣ ਦਿੱਤਾ ਜਾਵੇ। ਸਾਰੇ ਸਾਥੀ ਕਤਾਰ ਵਿਚ ਖਲੋਤੇ ਸਨ। ਮੈਂ ਇਕ-ਇਕ ਜਣੇ ਨਾਲ਼ ਹੱਥ ਮਿਲ਼ਾ ਕੇ ਧੰਨਵਾਦ ਕਰ ਰਿਹਾ ਸਾਂ। ਨਜ਼ਰਾਂ ਉਠਾ ਕੇ ਮੇਨ ਗੇਟ ਦੇ ਬਾਹਰ ਵੇਖਿਆ; ਮੇਰੇ ਵਿਦਿਆਰਥੀਆਂ ਦੀ ਭੀੜ ਬਾਹਰ ਖਲੋਤੀ ਹੋਈ ਸੀ। ਨਜ਼ਰਾਂ ਮਿਲੀਆਂ ਵੇਖ ਉਨ੍ਹਾਂ ਹੱਥ ਹਿਲਾਉਂਦਿਆਂ ਰੌਲ਼ਾ ਚੁੱਕ ਲਿਆ, “ਸਾ ਸਰੀ ਕਾਲ ਭਾਅ ਜੀ।”
ਮੈਂ ਮੁਸਕਰਾ ਕੇ ਉਨ੍ਹਾਂ ਵੱਲ ਹੱਥ ਹਿਲਾਇਆ। ਮੇਰੇ ਵਿਚ ਗੁੱਝੀ ਤਾਕਤ ਦਾ ਸੰਚਾਰ ਹੋ ਰਿਹਾ ਸੀ। ਮੇਰਾ ਡੋਲਦਾ ਮਨ ਧੀਰਜ ਧਰ ਗਿਆ ਸੀ। ਮੈਂ ਸੋਚਦਾ ਸਾਂ; ਅਪਣੇ ਲੋਕਾਂ ਦੀ ਇਹੋ ਮੁਹੱਬਤ ਹੀ ਬੰਦੇ ਨੂੰ ਅਪਣੇ ਵਿਚ ਵਿਸ਼ਵਾਸ ਰੱਖਣ ਅਤੇ ਫਾਂਸੀਆਂ ਉੱਤੇ ਝੂਲ ਜਾਣ ਦੀ ਤਾਕਤ ਦਿੰਦੀ ਹੋਵੇਗੀ।
ਥੋੜ੍ਹੇ ਚਿਰ ਪਿੱਛੋਂ ਮੇਰੇ ਸਾਲਿਆਂ ਦੇ ਲੜਕਿਆਂ ਨਾਲ਼ ਸੀ. ਆਰ. ਪੀ. ਦੇ ਇਕ-ਦੋ ਅਫ਼ਸਰ ਅਤੇ ਸਾਡੇ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਦਾ ਡਾਕਟਰ ਗੁਰਦਿਆਲ ਸਿੰਘ ਗਿੱਲ ਥਾਣੇ ਆਣ ਪੁੱਜੇ। ਪਹਿਲਾਂ ਮੈਨੂੰ ਮਿਲ਼ੇ ਅਤੇ ਬੇਫ਼ਿਕਰ ਰਹਿਣ ਲਈ ਕਹਿ ਕੇ ਥਾਣੇਦਾਰ ਕੋਲ਼ ਚਲੇ ਗਏ।
ਜਦੋਂ ਸੂਰਤਾ ਸਿੰਘ ਨੇ ਬੁਝੇ ਮਨ ਨਾਲ਼ ਸਾਡੇ ਘਰ ਜਾ ਕੇ ਮੇਰੀ ਪਤਨੀ ਨੂੰ ਮੇਰੇ ਉੱਤੇ ਕਤਲ ਪਾ ਦੇਣ ਦੀ ਖ਼ਬਰ ਸੁਣਾਈ ਤਾਂ ਉਹਦਾ ਸਾਹ ਉਤਾਂਹ ਦਾ ਉਤਾਂਹ ਅਤੇ ਹੇਠਾਂ ਦਾ ਹੇਠਾਂ ਰਹਿ ਗਿਆ। ਉਸ ਨੇ ਉੱਚੀ ਚੀਕ ਮਾਰੀ ਅਤੇ ਉਲ਼ਟ ਕੇ ਮੰਜੀ ਤੋਂ ਹੇਠਾਂ ਡਿਗ ਪਈ। ਉਹ ਫੁੱਟ-ਫੁੱਟ ਕੇ ਰੋਣ ਲੱਗੀ। ਹਮਦਰਦੀ ਕਰਨ ਲਈ ਆਈਆਂ ਅਤੇ ਉਸ ਦੁਆਲੇ ਬੈਠੀਆਂ ਜ਼ਨਾਨੀਆਂ ਉਸ ਨੂੰ ਸਾਂਭਣ ਅਤੇ ਹੌਸਲਾ ਦੇਣ ਲੱਗੀਆਂ। ਉਹ ਮੱਛੀ ਵਾਂਗ ਤੜਫ ਰਹੀ ਸੀ।
ਪਰ ਰੋਂਦੇ ਰਹਿਣ ਨਾਲ਼ ਤਾਂ ਮਸਲਾ ਹੱਲ ਨਹੀਂ ਸੀ ਹੋਣਾ।
ਉਹ ਅਪਣੇ ਪੇਕਿਆਂ ਨੂੰ ਭੱਜ ਉੱਠੀ। ਉਸਦੇ ਤਾਏ ਦਾ ਪੁੱਤ ਫ਼ੌਜ ਵਿਚੋਂ ਕੈਪਟਨ ਰਿਟਾਇਰ ਹੋ ਕੇ ਆਇਆ ਸੀ। ਉਹ ਬਾਹਰ ਬਹਿਕ ਉੱਤੇ ਰਹਿੰਦੇ ਸਨ। ਉਨ੍ਹਾਂ ਦੇ ਨੇੜੇ ਹੀ ਸੀ. ਆਰ. ਪੀ. ਵਾiਲ਼ਆਂ ਦਾ ਕੈਂਪ ਸੀ। ਸੀ. ਆਰ. ਪੀ. ਦੇ ਡੀ. ਐੱਸ. ਪੀ. ਨਾਲ਼ ਉਨ੍ਹਾਂ ਦੀ ਨੇੜੇ ਦੀ ਸਾਂਝ ਸੀ। ਉਨ੍ਹਾਂ ਨੇ ਮੇਰੇ ਰਿਸ਼ਤੇ ਬਾਰੇ ਉਸ ਨੂੰ ਦੱਸਿਆ ਅਤੇ ਮਦਦ ਕਰਨ ਲਈ ਕਿਹਾ। ਸਾਰੇ ਜਣੇ ਭਿੱਖੀਵਿੰਡ ਵੱਲ ਤੁਰੇ ਤਾਂ ਮੇਰੀ ਪਤਨੀ ਰਜਵੰਤ ਨੇ ਅਪਣੇ ਭਤੀਜੇ ਨੂੰ ਕਿਹਾ, “ਭਿੰਦਿਆ। ਤੁਸੀਂ ਡਾਕਟਰ ਗਿੱਲ ਨੂੰ ਵੀ ਨਾਲ਼ ਲੈ ਕੇ ਜਾਣਾ ਏਂ। ਉਸ ਨੂੰ ਤਾਂ ਪਤਾ ਏ ਕਿ ਉਸ ਦਿਨ ਇਹ ਆਪ ਹਸਪਤਾਲ ਵਿਚ ਜ਼ਖ਼ਮੀਆਂ ਦੀ ਮਦਦ ਕਰ ਰਹੇ ਸਨ। ਇੱਕੋ ਵੇਲੇ ਇਹ ਜਾਂ ਤਾਂ ਹਸਪਤਾਲ ਵਿਚ ਹੋ ਸਕਦੇ ਨੇ ਜਾਂ ਗੋਲ਼ੀਆਂ ਚਲਾਉਣ ਵਾਲਿਆਂ ਵਿਚ। ਉਹ ਜਾ ਕੇ ਪੁਲਿਸ ਨੂੰ ਦੱਸੇ ਖਾਂ ਸਾਰੀ ਅਸਲੀਅਤ। ਉਸਦੇ ਆਖੇ ਦਾ ਅਕਸਰ ਕੋਈ ਮੁੱਲ ਹੋਵੇਗਾ।” ਡਾਕਟਰ ਗਿੱਲ ਦੇ ਸਾiਲ਼ਆਂ ਦਾ ਮੇਰੇ ਸਾiਲ਼ਆਂ ਨਾਲ਼ ਦੋਸਤਾਨਾ ਸੀ। ਇਸ ਹਵਾਲੇ ਨਾਲ਼ ਵੀ ਅਤੇ ਉਂਜ ਵੀ ਡਾਕਟਰ ਗਿੱਲ ਦੀ ਮੇਰੇ ਨਾਲ਼ ਚੰਗੀ ਜਾਣ-ਪਛਾਣ ਸੀ ਹੀ।
ਸੋ ਰਜਵੰਤ ਕੌਰ ਵੀ ਸਮਰੱਥਾ ਅਨੁਸਾਰ ਅਪਣਾ ਤਾਣ ਲਾ ਰਹੀ ਸੀ। ਜਿਸ ਜਿਸ ਦਾ ਜਿੰਨਾ ਜਿੰਨਾ ਜ਼ੋਰ ਸੀ, ਲਾ ਰਿਹਾ ਸੀ।
ਮੈਨੂੰ ਮਿਲਣ ਵਾਲਿਆਂ ਦੀ ਭੀੜ ਘਟੀ ਤਾਂ ਥਾਣੇਦਾਰ ਨੇ ਮੈਨੂੰ ਇਕੱਲੇ ਨੂੰ ਅਪਣੇ ਦਫ਼ਤਰ ਵਿਚ ਬੁਲਾਇਆ। ਅਪਣੇ ਸਾਹਮਣੇ ਕੁਰਸੀ ਉੱਤੇ ਬਿਠਾ ਕੇ ਉਹਨੇ ਹੋਰਨਾਂ ਨੂੰ ਨੇੜੇ ਨਾ ਆਉਣ ਦੀ ਹਦਾਇਤ ਕੀਤੀ।
“ਸਰਦਾਰ ਸਾਹਬ, ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਤੁਹਾਡੇ ਬਾਰੇ ਪਹਿਲਾਂ ਏਨਾ ਪਤਾ ਨਹੀਂ ਸੀ। ਇਹ ਤਾਂ ਮੈਨੂੰ ਤੁਹਾਡੇ ਮਗਰ ਆਉਣ ਵਾਲ਼ੇ ਲੋਕਾਂ ਤੋਂ ਪਤਾ ਲੱਗਾ ਐ ਕਿ ਪਿੰਡ ਅਤੇ ਇਲਾਕੇ ਵਿਚ ਤੁਹਾਡੀ ਏਨੀ ਇੱਜ਼ਤ ਐ। ਸਾਨੂੰ ਐੱਸ. ਐੱਸ. ਪੀ. ਵੱਲੋਂ ਹੀ ਤੁਹਾਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਹੋਇਆ ਐ। ਤੁਸੀਂ ਕੀ ਸਮਝਦੇ ਓ ਕਿ ਤੁਹਾਨੂੰ ਭਲਾ ਕਿਹੜੀ ਬਿਨਾ ’ਤੇ ਇਸ ਕੇਸ ਵਿਚ ਫਸਾਇਆ ਗਿਐ?”
ਥਾਣੇਦਾਰ ਦੇ ਬੋਲਾਂ ਵਿਚਲੀ ਨਰਮੀ, ਨਕਲੀ ਅਤੇ ਵਿਖਾਵੇ ਦੀ ਨਹੀਂ ਸੀ ਜਾਪ ਰਹੀ।
ਮੈਂ ਦੱਸਿਆ ਕਿ ਮੇਰਾ ਨਾਮ ਵੀ ਨਕਸਲੀ ਲਹਿਰ ਨਾਲ਼ ਜੁੜਿਆ ਰਿਹਾ ਹੈ। ਐਮਰਜੈਂਸੀ ਵਿਚ ਅਤੇ ਅੱਗੋਂ ਪਿੱਛੋਂ ਦੋ ਤਿੰਨ ਵਾਰ ਬਿਨਾਂ ਕਿਸੇ ਕਸੂਰ ਤੋਂ ਇਸ ਸਿਲਸਿਲੇ ਵਿਚ ਜੇਲ ਵੀ ਜਾਣਾ ਪਿਆ ਹੈ। ਪਾਏ ਕੇਸ ਝੂਠੇ ਹੋਣ ਕਰਕੇ ਹਰ ਵਾਰ ਬਾਇੱਜ਼ਤ ਬਰੀ ਵੀ ਹੁੰਦਾ ਰਿਹਾਂ। ਸੀ. ਆਈ. ਡੀ. ਦੇ ਕਾਗ਼ਜ਼ਾਂ ਵਿਚ ਨਾਂ ਚੜ੍ਹਿਆ ਹੋਣ ਕਰਕੇ ਹੁਣ ਵੀ ਫੜ ਲਿਆ ਹੋਵੇਗਾ। ਮੈਂ ਤਾਂ ਇਸ ਦੁਖਾਂਤ ਵਿਚ ਸਭ ਦੀ ਜਿੰਨੀ ਹੋ ਸਕੀ, ਮਦਦ ਹੀ ਕੀਤੀ ਹੈ।
ਮੈਂ ਇਸ ਮਦਦ ਦਾ ਵਿਸਥਾਰ ਵੀ ਦਿੱਤਾ।
“ਮੈਨੂੰ ਸਾਰਾ ਪਤਾ ਲੱਗ ਚੁੱਕਾ ਏ। ਮੈਂ ਤੁਹਾਨੂੰ ਅੰਦਰਲੀ ਗੱਲ ਦੱਸਾਂ?” ਉਸ ਨੇ ਧੌਣ ਅੱਗੇ ਵਧਾ ਕੇ ਮੇਜ਼ ’ਤੇ ਮੇਰੇ ਵੱਲ ਉੱਲਰਦਿਆਂ ਰਾਜ਼ ਸਾਂਝਾ ਕਰਨ ਵਾਂਗ ਕਿਹਾ, “ਸੀ. ਆਈ. ਡੀ. ਦੇ ਕਾਗਜ਼ਾਂ-ਕੂਗਜ਼ਾਂ ਕਰਕੇ ਨਹੀਂ, ਤੁਹਾਡਾ ਨਾਂ ਤੁਹਾਡੇ ਪਿੰਡ ਦੇ ਹਿੰਦੂਆਂ ਨੇ ਲਿਆ ਏ ਐੱਸ. ਐੱਸ. ਪੀ. ਕੋਲ਼। ਇਹ ਵਾਰ-ਵਾਰ ਜਾ ਕੇ ਉਸ ਨੂੰ ਕਹਿੰਦੇ ਸਨ ਕਿ ਇਸ ਵਾਰਦਾਤ ਪਿੱਛੇ ਪਿੰਡ ਦੇ ਕਿਸੇ ਬੰਦੇ ਦਾ ਹੱਥ ਏ। ਇਕ ਦਿਨ ਉਸ ਨੇ ਖਿਝ ਕੇ ਕਿਹਾ ਜੇ ਤੁਹਾਨੂੰ ਪਤਾ ਐ ਤਾਂ ਦੱਸੋ। ਦੱਸਦੇ ਕਿਉਂ ਨਹੀਂ? ਜੇ ਤੁਸੀਂ ਨਾ ਦੱਸਿਆ ਤਾਂ ਮੈਂ ਤੁਹਾਨੂੰ ਲੰਮੇ ਪਾ ਲੈ ਲੈਣਾ ਏਂ। ਫਿਰ ਤੁਹਾਡਾ ਨਾਂ ਲਿਆ ਉਨ੍ਹਾਂ ਨੇ।”
ਹੁਣ ਮੈਨੂੰ ਅਪਣੀ ਅਤੇ ਬੂਟੇ ਦੀ ਗ੍ਰਿਫ਼ਤਾਰੀ ਦਾ ਸਾਂਝਾ ਸੂਤਰ ਨਜ਼ਰ ਆਇਆ। ਨਕਸਲੀ ਲਹਿਰ ਸਮੇਂ ਪਿੰਡ ਦੇ ਇਸ ਵੇਲੇ ਦੇ ਤੇਜ਼-ਤਰਾਰ ਹਿੰਦੂ ਸੱਜਣ ਦਾ ਛੋਟਾ ਭਰਾ ਵੀ ਮੇਰੇ ਪ੍ਰਭਾਵ ਅਧੀਨ ਸਾਡੀਆਂ ਮੀਟਿੰਗਾਂ ਵਿਚ ਆਇਆ ਕਰਦਾ ਸੀ। ਮੇਰੇ ਵੱਲੋਂ ਲਹਿਰ ਤੋਂ ਪਾਸਾ ਵੱਟ ਲੈਣ ਕਰਕੇ ਇਹੋ ਜਿਹੇ ਸਾਰੇ ਸੰਗੀ-ਸਾਥੀ ਆਪੋ-ਅਪਣੇ ਕੰਮਾਂ-ਕਾਰਾਂ ਵਿਚ ਰੁਝ ਗਏ ਸਨ। ਹੁਣ ਜਦੋਂ ਸਾਰੇ ਹਿੰਦੂ ਆਪਸ ਵਿਚ ਬੈਠ ਕੇ ਪਿੰਡ ਦੇ ਸ਼ੱਕੀ ਬੰਦਿਆਂ ਦੀ ਸੂਚੀ ਬਣਾਉਂਦੇ ਹੋਣਗੇ, ਤਾਂ ਹੋ ਸਕਦਾ ਹੈ ਕਿ ਉਸ ਤੇਜ਼-ਤਰਾਰ ਬੰਦੇ ਜਾਂ ਉਹਦੇ ਭਰਾ ਜਾਂ ਕਿਸੇ ਹੋਰ ਨੇ ਸਾਡਾ ਨਾਂ ਵੀ ਲਿਆ ਹੋਵੇ। ਪੁਰਾਣੇ ਨਕਸਲੀਆਂ ਵਿਚੋਂ ਕਈ ਇਸ ਪਾਸੇ ਤੁਰੇ ਵੀ ਤਾਂ ਹੋਏ ਸਨ ਅਤੇ ਖ਼ਬਰਾਂ ਰੱਖਣ ਵਾiਲ਼ਆਂ ਨੂੰ ਇਸ ਹਕੀਕਤ ਦਾ ਪਤਾ ਵੀ ਸੀ। ਅਸੀਂ ਵੀ ਤਾਂ ਇੱਧਰ ਤੁਰਨ ਵਾiਲ਼ਆਂ ਵਿਚ ਗਿਣੇ ਜਾ ਸਕਦੇ ਸਾਂ। ਇਸ ਲਈ ਹੋ ਸਕਦਾ ਹੈ ਕਿ ਐੱਸ. ਐੱਸ. ਪੀ. ਦੇ ਜ਼ੋਰ ਦੇਣ ’ਤੇ ਤੇਜ਼-ਤਰਾਰ ਆਗੂ ਨੇ ਅਪਣੇ ਬਚਾਓ ਲਈ ਜਾਂ ਸੱਚੇ ਸ਼ੱਕ ਕਰਕੇ ਹੀ ਸਾਡਾ ਨਾਂ ਲੈ ਦਿੱਤਾ ਹੋਵੇ। ਬੂਟਾ ਤਾਂ ਇਹ ਗੱਲ ਵਾਰ-ਵਾਰ ਆਖ ਹੀ ਰਿਹਾ ਸੀ।
ਇਸੇ ਸਮੇਂ ਥਾਣੇਦਾਰ ਦੇ ਮੇਜ਼ ’ਤੇ ਪਏ ਟੈਲੀਫ਼ੋਨ ਦੀ ਘੰਟੀ ਖੜਕੀ।
“ਜੀ ਸਰ। ਰਾਤੀਂ ਉਸੇ ਵੇਲੇ ਤੁਹਾਡਾ ਹੁਕਮ ਮਿਲ਼ਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਹਾਂ ਜੀ, ਬਹੁਤ ਸਖ਼ਤ ਇੰਟੈਰੋਗੇਸ਼ਨ ਹੋ ਰਹੀ ਏ ਜੀ। ਠੀਕ ਏ ਜੀ, ਲੈ ਜਾਂਦੇ ਆਂ ਸਰ। ਜ਼ਰੂਰ ਕੱਢਾਂਗਾ ਜੀ। ਜੀ ਸਰ। ਹਾਂ ਜੀ। ਬਿਲਕੁਲ ਜੀ। ਆਏ ਨੇ ਜੀ ਬੜੇ। ਜੀ ਸਰ। ਛੇਤੀ ਰੀਪੋਰਟ ਕਰਦਾਂ ਜੀ।”
ਟੈਲੀਫ਼ੋਨ ਦਾ ਚੋਂਗਾ ਰੱਖਦਿਆਂ ਥਾਣੇਦਾਰ ਕਹਿੰਦਾ, “ਐੱਸ. ਐੱਸ. ਪੀ. ਦਾ ਫ਼ੋਨ ਸੀ। ਕਹਿਣ ਡਿਹਾ, ‘ਇਹਨੂੰ ਬਾਡਰ ਵੱਲ ਲੈ ਜਾਓ, ਪੁੱਛ-ਗਿੱਛ ਦੇ ਬਹਾਨੇ। ਇਹ ਵਾਰਦਾਤ ਇਹਦੇ ਚੋਂ ਕੱਢਣੀ ਏਂ। ਕਿੱਥੇ ਲੈ ਜਾਵਾਂ ਹੁਣ ਮੈਂ ਤੁਹਾਨੂੰ? ਭੈਣ ਦਾ ਯਾਰ ਨਾ ਹੋਵੇ ਤਾਂ!”
ਉਸ ਨੇ ਐੱਸ. ਐੱਸ. ਪੀ. ਨੂੰ ਗਾਲ੍ਹ ਕੱਢੀ। ਮੇਰੇ ਲਈ ਇਹ ਡਾਢੀ ਹੈਰਾਨੀ ਵਾਲ਼ੀ ਗੱਲ ਸੀ। ਉਹ ਐੱਸ. ਐੱਸ. ਪੀ. ਦਾ ਨੌਕਰ ਸੀ ਜਾਂ ਮੇਰਾ ਕੋਈ ਸੱਜਣ-ਸਹਿਯੋਗੀ।
ਉਹ ਮੇਰਾ ਹੀ ਸੱਜਣ ਸਹਿਯੋਗੀ ਸੀ।
“ਵੇਖੋ ਜੀ, ਜੇ ਸਿਰਫ਼ ਸਿੱਖ ਹੋਣ ਕਰਕੇ ਇਹ ਸਾਡੇ ਨਾਲ਼ ਇਸ ਤਰ੍ਹਾਂ ਬਦਸਲੂਕੀ ਕਰਦੇ ਨੇ, ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਪਣੇ ਨਿਰਦੋਸ਼ ਸਿੱਖ-ਭਰਾਵਾਂ ਨੂੰ ਅਸੀਂ ਵੀ ਨਜਾਇਜ਼ ਤੰਗ ਨਾ ਕਰੀਏ। ਦਿੱਲੀ ਵਿਚ ਭੈਣ ਚੋਦਾਂ ਨੇ ਸਾਡੇ ਭਰਾਵਾਂ ਦਾ ਕਿਵੇਂ ਕਤਲੇਆਮ ਕੀਤਾ। ਹੁਣ ਇਹ ਕਹਿੰਦਾ; ਏਧਰ ਅਸੀਂ ਅਪਣੇ ਨਿਰਦੋਸ਼ ਭਰਾਵਾਂ ਨੂੰ ਮਾਰੀ ਜਾਈਏ। ਸਾਥੋਂ ਤਾਂ ਨਹੀਂ ਹੁੰਦੀ ਜੀ ਇਹ ਗਊ-ਹੱਤਿਆ।”
ਉਹਨੇ ਇੱਕ ਤਰ੍ਹਾਂ ਅਪਣਾ ਦੁਖ਼ੀ ਦਿਲ ਮੇਰੇ ਨਾਲ਼ ਸਾਂਝਾ ਕੀਤਾ। ਇੰਦਰਾ ਗਾਂਧੀ ਦੇ ਕਤਲ ਤੋਂ ਪਿੱਛੋਂ ਸਿੱਖਾਂ ਦੇ ਹੋਏ ਕਤਲੇਆਮ ਨੂੰ ਅਜੇ ਹਫ਼ਤਾ ਵੀ ਨਹੀਂ ਸੀ ਗੁਜ਼ਰਿਆ। ਇਹਦੀ ਕਸਕ ਅਜੇ ਉਹਦੇ ਅੰਦਰ ਰੜਕ ਰਹੀ ਸੀ। ਉਸ ਅੰਦਰਲੇ ਪੁਲਸੀਏ ਉੱਤੇ ਉਸ ਅੰਦਰਲਾ ਸਿੱਖ ਅਤੇ ਮਨੁੱਖ ਭਾਰੂ ਹੋ ਗਿਆ ਸੀ।
ਉਂਜ ਇਹੋ ਜਿਹੇ ਕੇਸਾਂ ਵਿਚ ਪੁਲਸੀਆਂ ਨੇ ਜਾਂ ਤਾਂ ਬੰਦਾ ਛੱਡਣ ਲਈ ਲੱਖਾਂ ਰੁਪਏ ਵੱਟੇ ਸਨ ਜਾਂ ਉਨ੍ਹਾਂ ਨੂੰ ਬੇਨਾਮ ਅਤੇ ਲਾਵਾਰਿਸ ਲਾਸ਼ਾਂ ਬਣਾ ਦਿੱਤਾ ਸੀ।
“ਵੇਖੋ ਸੰਧੂ ਸਾਹਬ। ਮੈਨੂੰ ਤੁਹਾਡੀ ਸਾਰੀ ਹਕੀਕਤ ਮਾਲੂਮ ਐ। ਤੁਸੀਂ ਬੜੇ ਇੱਜ਼ਤਦਾਰ ਸੱਜਣ ਓ। ਮੈਂ ਤੁਹਾਨੂੰ ਫੁੱਲ ਵੀ ਨਹੀਂ ਲੱਗਣ ਦਿੰਦਾ। ਇਹ ਮੇਰਾ ਵਾਅਦਾ ਰਿਹਾ। ਪਰ ਤੁਹਾਨੂੰੂ ਵੀ ਮੇਰਾ ਸਾਥ ਦੇਣਾ ਪਊ। ਇਕ ਤਾਂ ਆਪਾਂ ਦੋਵਾਂ ਵਿਚ ਹੋਈ ਗੱਲਬਾਤ ਦਾ ਕਿਸੇ ਕੋਲ਼ ਧੂੰ ਨਹੀਂ ਕੱਢਣਾ। ਦੂਜਾ; ਅਪਣੀ ਆਹ ਪੱਗ ਢਾਹ ਕੇ, ਵਲ੍ਹੇਟ ਮਾਰ ਕੇ ਬੰਨ੍ਹ ਲੌ। ਵੇਖਣ ਵਾਲੇ ਨੂੰ ਜਾਪੇ ਕਿ ਖੂਬ ਕੁੱਟ-ਮਾਰ ਹੋਈ ਹੈ। ਤੀਜਾ; ਰਹੋ ਹਵਾਲ਼ਾਤ ਦੇ ਅੰਦਰ ਹੀ। ਸਾਡੇ ਕਈ ਬੰਦੇ ਵੀ ਕਮਲ ਕੁਟਾਉਂਦੇ ਨੇ ਅਖੇ : ਤੁਹਾਨੂੰ ਬਾਹਰ ਉਨ੍ਹਾਂ ਦੇ ਕਮਰਿਆਂ ਵਿਚ ਕੁਰਸੀਆਂ ’ਤੇ ਬਿਠਾਈਏ। ਇੰਜ ਕਰਕੇ ਇਹ ਤੁਹਾਡਾ ਭਲਾ ਨਹੀਂ ਕਰਨਗੇ। ਉਸ ਕੰਜਰ ਦਾ ਕੀ ਪਤਾ ਹੁਣੇ ਆ ਜਾਵੇ, ਚੈੱਕ ਕਰਨ। ਤੁਸੀਂ ਹਵਾਲ਼ਾਤ ਵਿਚ ਹੋਵੋਗੇ ਤਾਂ ਤੁਹਾਡਾ ਵੀ ਤੇ ਸਾਡਾ ਵੀ ਭਲਾ। ਮੈਂ ਦੋ ਤਿੰਨ ਦਿਨ ਦੀ ਤਫ਼ਤੀਸ਼ ਪਾਉਣ ਪਿੱਛੋਂ ਹੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰੂੰ।”


ਉਹਦੀ ਗੱਲ ਸੱਚੀ ਸੀ। ਮੈਂ ਹਵਾਲ਼ਾਤ ਵਿਚ ਵੜਦਿਆਂ ਅਪਣੀ ਪੱਗ ਲਾਹ ਕੇ ਉਲਟੇ ਸਿੱਧੇ ਵਲ਼ ਮਾਰ ਲਏ। ਕਿਰਪਾਲ ਹੁਰਾਂ ਕਾਰਣ ਪੁੱਛਿਆ, ਤਾਂ ਮੈਂ ਮੁਸਕਰਾ ਕੇ ਬਹਾਨਾ ਮਾਰਿਆ, “ਰਹਿਣਾਂ ਹਵਾਲ਼ਾਤਾਂ ਵਿਚ ਤੇ ਪੱਗਾਂ ਪੋਚ ਕੇ ਬੰਨ੍ਹਣੀਆਂ। ਇਹਨਾਂ ਦਾ ਹੈ ਕੋਈ ਆਪਸ ਵਿਚ ਤਾਲਮੇਲ?”
ਉਨ੍ਹਾਂ ਦੀ ਬਹੁਤੀ ਦਿਲਚਸਪੀ ਮੇਰੇ ਅਤੇ ਥਾਣੇਦਾਰ ਦਰਮਿਆਨ ਹੋਈ ਗੱਲਬਾਤ ਨੂੰ ਜਾਨਣ ਵਿਚ ਸੀ। ਮੈਂ ਦੱਸਿਆ ਕਿ ਉਸ ਨੇ ਮੇਰੇ ਕੋਲ਼ੋਂ ਉਸ ਰਾਤ ਹੋਈ-ਵਾਪਰੀ ਘਟਨਾ ਬਾਰੇ ਜਾਣਕਾਰੀ ਲਈ ਹੈ ਅਤੇ ਮੈਂ ਉਹਨੂੰ ਅਪਣੇ ਨਿਰਦੋਸ਼ ਹੋਣ ਬਾਰੇ ਆਖਿਆ ਹੈ। ਗੱਲ ਉਨ੍ਹਾਂ ਦੇ ਮੰਨਣ ਵਾਲੀ ਸੀ।
ਹੌਲ਼ੀ-ਹੌਲ਼ੀ ਸਾਡੇ ਪਿੰਡ ਦੇ ਹੋਰ ਬੰਦੇ ਵੀ ਪੁਲਿਸ ਨੇ ਫੜ ਲਿਆਂਦੇ। ਕੁਝ ਸ਼ਰੀਫ਼ ਅਤੇ ਕੁਝ ਗ਼ੈਰ-ਕਾਨੂੰਨੀ ਸਰਗਰਮੀਆਂ ਵਿਚ ਰੁੱਝੇ ਰਹਿਣ ਵਾਲ਼ੇ ਵੀ। ਪਤਾ ਲੱਗਾ ਪਿੰਡ ਦਾ ਮੌਜੂਦਾ ਸਰਪੰਚ ਲੁਕ ਗਿਆ ਸੀ; ਸਾਬਕਾ ਸਰਪੰਚ ਨੂੰ ਵੀ ਪੁਲਿਸ ਲੱਭਦੀ ਫਿਰਦੀ ਸੀ।
ਇਹ ਫੜ-ਫੜਾਈ ਚੱਲਦੀ ਰਹੀ। ਮੇਰੀ ਗ੍ਰਿਫ਼ਤਾਰੀ ਦੀ ਖ਼ਬਰ ਅਖ਼ਬਾਰਾਂ ਵਿਚ ਛਪ ਚੁੱਕੀ ਸੀ। ਹਰ ਰੋਜ਼ ਹੀ ਮੇਰੇ ਸਨੇਹੀ ਵੱਡੀ ਗਿਣਤੀ ਵਿਚ ਮੈਨੂੰੂ ਮਿਲਣ ਆਉਂਦੇ ਰਹੇ। ਸਭ ਦੇ ਚਿਹਰਿਆਂ ਉੱਤੇ ਸਹਿਮ ਦਾ ਡੂੰਘਾ ਪਰਛਾਵਾਂ ਹੁੰਦਾ। ਪਤਾ ਨਹੀਂ ਹੁਣ ਕੀ ਹੋਵੇਗਾ। ਭਾਵੇਂ ਮੈਨੂੰ ਲੋਕਾਂ ਦੀ ਆਖੀ ਇਹ ਗੱਲ ਵੀ ਵਾਰ-ਵਾਰ ਯਾਦ ਆ ਰਹੀ ਸੀ ਕਿ ਪੁਲਸੀਏ ਕਿਸੇ ਦੇ ਮਿੱਤ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਕਹੀ ਗੱਲ ਦਾ ਤਾਂ ਉਨ੍ਹਾਂ ਦੇ ਸਕੇ ਪਿਓ ਨੂੰੂ ਵੀ ਯਕੀਨ ਨਹੀਂ ਕਰਨਾ ਚਾਹੀਦਾ। ਤਾਂ ਵੀ ਮੈਨੂੰ ਥਾਣੇਦਾਰ ਦੇ ਬੋਲਾਂ ਉੱਤੇ ਇਤਬਾਰ ਜਿਹਾ ਸੀ। ਅੰਦਰੋਂ ਕੁਝ ਹੱਦ ਤਕ ਚਿੰਤਾ-ਮੁਕਤ ਵੀ ਸਾਂ; ਪਰ ਫ਼ਿਕਰਮੰਦ ਵੀ ਸਾਂ। ਥਾਣੇਦਾਰ ਨੇ ਵੀ ਤਾਂ ਐੱਸ. ਐੱਸ. ਪੀ. ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਬਾਰੇ ਹੀ ਆਖਿਆ ਸੀ। ਇਸ ਗੱਲ ਦੀ ਕੀ ਗਾਰੰਟੀ ਸੀ ਕਿ ਉਹਦੀ ਕੋਸ਼ਿਸ਼ ਕਾਮਯਾਬ ਹੋ ਹੀ ਜਾਵੇਗੀ। ਮੇਰੇ ਸਾਥੀ ਹਵਾਲ਼ਾਤੀ ਬੜੇ ਘਬਰਾਏ ਹੋਏ ਸਨ। ਮੈਂ ਕਹਿੰਦਾ ਉਏ। ਆਪਾਂ ਏਨੇ ਬੰਦਿਆਂ ਨੂੰ ਇਹ ਫਾਹੇ ਨਹੀਂ ਲਾਉਣ ਲੱਗੇ। ਕੀ ਪਿੰਡ ਦੇ ਸਾਰੇ ਅਸਰ ਰਸੂਖ ਵਾਲੇ ਬੰਦੇ ਹੀ ਕਾਤਲ ਨੇ। ਇਨ੍ਹਾਂ ਨੂੰ ਆਪਾਂ ਨੂੰ ਛੱਡਣਾ ਹੀ ਪੈਣਾ ਏਂ। ਜੇ ਕਤਲ ਪਾਉਣਾ ਹੁੰਦਾ, ਤਾਂ ਇੱਕ ਦੋ ਬੰਦਿਆਂ ’ਤੇ ਪਾਉਂਦੇ। ਸਾਰੇ ਪਿੰਡ ’ਤੇ ਤਾਂ ਨਹੀਂ ਪਾ ਸਕਦੇ।”
ਮੇਰੀ ਗੱਲ ਉਨ੍ਹਾਂ ਨੂੰ ਠੀਕ ਵੀ ਲੱਗਦੀ ਸੀ, ਪਰ ਧਰਵਾਸ ਨਹੀਂ ਸੀ ਹੁੰਦਾ।
ਹਵਾਲ਼ਾਤ ਵਿਚ ਤੀਸਰਾ ਦਿਨ ਸੀ। ਲਗਭਗ ਅੱਧੀ ਰਾਤ ਨੂੰ ਥਾਣੇਦਾਰ ਨੇ ਸਾਡੀ ਹਵਾਲ਼ਾਤ ਕੋਲ਼ ਆ ਕੇ ਆਵਾਜ਼ ਦਿੱਤੀ, “ਸੰਧੂ ਸਾਹਿਬ, ਵਧਾਈ ਹੋਵੇ। ਤੁਹਾਡੀ ਰਿਹਾਈ ਦੇ ਹੁਕਮ ਆ ਗਏ ਨੇ।”
ਉਹਨੇ ਅੱਜ ਸਵੇਰੇ ਹੀ ਬਸਤਾ ਬਣਾ ਕੇ ਐੱਸ. ਐੱਸ. ਪੀ. ਨੂੰ ਭੇਜਿਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਬੜੀ ਭਾਰੀ ਪੁੱਛ-ਗਿੱਛ ਤੋਂ ਪਿੱਛੋਂ ਮੇਰਾ ਕਿਸੇ ਪ੍ਰਕਾਰ ਦਾ ਕੋਈ ਸੰਬੰਧ ਇਸ ਵਾਰਦਾਤ ਨਾਲ਼ ਨਹੀਂ ਜੁੜਦਾ। ਹੁਣੇ ਹੀ ਐੱਸ. ਐੱਸ. ਪੀ. ਦਾ ਫ਼ੋਨ ਆਇਆ ਸੀ ਅਤੇ ਉਹਨੇ ਮੈਨੂੰ ਛੱਡ ਦੇਣ ਅਤੇ ਦੂਜਿਆਂ ਤੋਂ ਸਖ਼ਤ ਪੁੱਛ-ਗਿੱਛ ਦੇ ਹੁਕਮ ਟੈਲੀਫ਼ੋਨ ਉੱਤੇ ਹੀ ਦਿੱਤੇ ਸਨ। ਕਿਰਪਾਲ ਦੀ ਰਿਹਾਈ ਵੀ ਮੇਰੇ ਨਾਲ਼ ਹੀ ਹੋਣੀ ਸੀ।
“ਹੁਣ ਤੁਸੀਂ ਵੇਖ ਲਵੋ, ਹੁਣੇ ਈ ਘਰ ਜਾਣਾ ਚਾਹੁੰਦੇ ਜੇ ਕਿ ਸਵੇਰੇ? ਮੈਂ ਤੁਹਾਨੂੰ ਅਪਣੀ ਥਾਣੇ ਦੀ ਗੱਡੀ ’ਤੇ ਭਿਜਵਾ ਦੇਂਦਾ; ਪਰ ਐਸ ਵੇਲੇ ਸਾਡੇ ਬੰਦੇ ਟੁੰਨ ਹੋ ਕੇ ਪਏ ਨੇ। ਜੇ ਤੁਸੀਂ ਆਪ ਕੋਈ ਪ੍ਰਬੰਧ ਕਰ ਸਕਦੇ ਓ, ਤਾਂ ਤੁਹਾਡੀ ਮਰਜ਼ੀ। ਮੇਰੇ ਵੱਲੋਂ ਤੁਹਾਨੂੰ ਛੁੱਟੀ। ਉਂਜ ਅੱਜ ਕੱਲ੍ਹ ਰਾਤ ਨੂੰ ਬਾਹਰ ਨਿਕਲਣਾ ਠੀਕ ਵੀ ਨਹੀਂ। ਸਵੇਰੇ ਵੇਲੇ ਸਿਰ ਤੁਰ ਜਾਇਓ,” ਥਾਣੇਦਾਰ ਨੇ ਸੁਝਾਅ ਦਿੱਤਾ।
ਮੈਂ ਤਾਂ ਅਜੇ ਉਧੇੜ-ਬੁਣ ਵਿਚ ਹੀ ਸਾਂ ਕਿ ਕਿਰਪਾਲ ਕਹਿੰਦਾ, “ਤੁਸੀਂ ਸਾਨੂੰ ਬਾਹਰ ਕੱਢੋ ਜੀ। ਅਸੀਂ ਭਾਵੇਂ ਤੁਰ ਕੇ ਪਿੰਡ ਨਾ ਜਾਈਏ, ਜਾਣਾ ਜ਼ਰੂਰ ਹੈ।”
ਪਿੱਛੇ ਰਹਿ ਗਏ ਸਾਥੀਆਂ ਨੂੰ ਹੌਸਲਾ ਰੱਖਣ ਲਈ ਕਹਿ ਕੇ ਅਤੇ ਉਨ੍ਹਾਂ ਦੇ ਬਚਾਓ ਲਈ ਸਾਰਾ ਤਾਣ ਲਾ ਦੇਣ ਦਾ ਵਿਸ਼ਵਾਸ ਦਿਵਾ ਕੇ ਉਨ੍ਹਾਂ ਨੂੰ ਫ਼ਤਹਿ ਬੁਲਾ ਕੇ ਅਸੀਂ ਹਵਾਲ਼ਾਤ ਵਿਚੋਂ ਬਾਹਰ ਆ ਗਏ। ਅਸੀਂ ਕਿਸੇ ਜਾਣਕਾਰ ਕੋਲ਼ੋਂ ਭਿੱਖੀਵਿੰਡ ਅੱਡੇ ਵਿੱਚੋਂ ਸਕੂਟਰ ਫੜਨ ਦੀ ਸਲਾਹ ਬਣਾਈ। ਥਾਣੇਦਾਰ ਸਾਡੇ ਨਾਲ਼ ਬਾਹਰ ਆਇਆ ਅਤੇ ਕਹਿਣ ਲੱਗਾ, “ਮੈਂ ਏਥੇ ਬਾਹਰ ਖਲੋ ਕੇ ਤੁਹਾਨੂੰ ਉਡੀਕਦਾਂ। ਜੇ ਤੁਹਾਡਾ ਬੰਦੋਬਸਤ ਨਾ ਹੋਇਆ, ਤਾਂ ਭਾਵੇਂ ਮੈਨੂੰ ਆਪ ਨਾ ਤੁਹਾਨੂੰ ਛੱਡ ਕੇ ਆਉਣਾ ਪਵੇ।”
ਅਸੀਂ ਅਪਣੇ ਕਿਸੇ ਜਾਣਕਾਰ ਆੜ੍ਹਤੀਏ ਦੇ ਘਰ ਗਏ। ਉਸ ਕੋਲ਼ੋਂ ਸਕੂਟਰ ਲਿਆ। ਆੜ੍ਹਤੀਏ ਨੂੰ ਸਾਰਾ ਹਾਲ-ਅਹਵਾਲ ਦੱਸਦਿਆਂ ਅਤੇ ਉਸ ਵੱਲੋਂ ਘਰਦਿਆਂ ਨੂੰ ਜਗਾ ਕੇ ਉਚੇਚ ਨਾਲ਼ ਬਣਵਾਈ ਚਾਹ ਪੀਂਦਿਆਂ ਸਾਨੂੰ ਅੱਧੇ ਕੁ ਘੰਟੇ ਦਾ ਸਮਾਂ ਲੱਗ ਗਿਆ। ਜਦੋਂ ਅਸੀਂ ਥਾਣੇ ਕੋਲ਼ ਪਹੁੰਚੇ ਤਾਂ ਵੇਖਿਆ ਅੱਧੇ ਘੰਟੇ ਤੋਂ ਬਾਹਰ ਖਲੋਤਾ ਥਾਣੇਦਾਰ ਸਾਨੂੰ ਉਡੀਕ ਰਿਹਾ ਸੀ। ਅਸੀਂ ਉਸ ਕੋਲ਼ ਰੁਕ ਕੇ ਇਸ ਖੇਚਲ ਲਈ ਉਹਦੀ ਕੀਤੀ ਸਾਡੀ ਸਮੁੱਚੀ ਮਦਦ ਦੀ ਅਤੇ ਉਸਦੇ ਮਿਹਰਬਾਨ ਰਵੱਈਏ ਦੀ ਪ੍ਰਸੰਸਾ ਕੀਤੀ ਅਤੇ ਧੰਨਵਾਦ ਦੇ ਲਫ਼ਜ਼ ਆਖੇ।
ਹੁਣ ਤਕ ਹੋਈਆਂ ਮੇਰੀਆਂ ਗ੍ਰਿਫ਼ਤਾਰੀਆਂ ਦੇ ਸਿਲਸਿਲੇ ਵਿਚ ਮਿਲ਼ੇ। ਸਾਰੇ ਪੁਲਸੀਆਂ ਵਿੱਚੋਂ ਉਹ ਮੈਨੂੰ ਸਭ ਤੋਂ ਨੇਕ ਅਤੇ ਖ਼ੂਬਸੂਰਤ ਇਨਸਾਨ ਲੱਗਾ। ਉਸ ਨੇ ਸਾਬਤ ਕੀਤਾ ਕਿ ਪੁਲਿਸ ਵਿਚ ਸਾਰੇ ਕਸਾਈ ਹੀ ਨਹੀਂ ਹੁੰਦੇ, ਇਨਸਾਨ ਵੀ ਹੁੰਦੇ ਹਨ। ਅੱਜ ਵੀ ਉਹ ਜਿੱਥੇ ਹੋਵੇ, ਉਹਨੂੰ ਮੇਰੀ ਸਲਾਮ ਹੈ।
ਤੁਰੇ ਜਾਂਦਿਆਂ ਮੇਰੇ ਮੂੰਹੋਂ ਥਾਣੇਦਾਰ ਲਈ ਆਪ-ਮੁਹਾਰੇ ਬੋਲ ਨਿਕਲ਼ੇ, “ਜਿਊਂਦਾ ਰਹੁ ਉਏ, ਗੁਰੂ ਦਿਆ ਸੱਚਿਆ ਸਿੱਖਾ।” ਪਰ ਇਹ ਅਪਣੇ ਪਿੰਡ ਦੇ ਹਿੰਦੂਆਂ ਨੇ ਕੀ ਕੀਤਾ ਸੀ? ਉਨ੍ਹਾਂ ਨੂੰ ਮੇਰੇ ਨਾਲ਼ ਇੰਜ ਤਾਂ ਨਹੀਂ ਸੀ ਕਰਨਾ ਚਾਹੀਦਾ। ਕੀ ਲਾਲ ਹੁਰਾਂ ਦੇ, ਗੋਪਾਲ ਚੰਦ ਹੁਰਾਂ ਦੇ ਪਰਿਵਾਰ ਵੀ ਮੇਰੇ ਬਾਰੇ ਇਹ ਕਹਿ ਸਕਦੇ ਨੇ? ਮੈਂ ਵੱਡੇ ਬਜ਼ੁਰਗ ਹਿੰਦੂਆਂ ਦੇ ਹੱਥਾਂ ਵਿਚ ਪiਲ਼ਆ ਸਾਂ। ਉਨ੍ਹਾਂ ਦੇ ਮੇਰੇ ਹਮਉਮਰ ਬੱਚਿਆਂ ਨਾਲ਼ ਪੜ੍ਹ-ਖੇਡ ਕੇ ਜਵਾਨ ਹੋਇਆ ਸਾਂ। ਨਿੱਕੇ ਹੁੰਦਿਆਂ ਉਨ੍ਹਾਂ ਯਾਰਾਂ ਬੇਲੀਆਂ ਨਾਲ਼ ਅਨੇਕਾਂ ਵਾਰੀ ਉਨ੍ਹਾਂ ਦੇ ਘਰ ਗਿਆ ਸਾਂ। ਉਨ੍ਹਾਂ ਦੀਆਂ ਮਾਵਾਂ ਨੇ ਅਪਣੇ ਪੁੱਤਾਂ ਵਾਂਗ ਨਾਲ਼ ਬੈਠਾ ਕੇ ਮੈਨੂੰ ਅਨੇਕਾਂ ਵਾਰ ਰੋਟੀ ਖਵਾਈ ਸੀ। ਇਨ੍ਹਾਂ ਸਭਨਾਂ ਨਾਲ਼ ਸਾਡੀ ਪੀੜ੍ਹੀਆਂ ਦੀ ਸਾਂਝ ਸੀ। ਮਰਨੇ-ਪਰਨੇ ਦੇ ਸਾਡੇ ਦੁੱਖ-ਸੁੱਖ ਸਾਂਝੇ ਸਨ। ਹੁਣ ਇਹ ਮੈਨੂੰ ਅਪਣਾ ਕਾਤਲ ਸਮਝਦੇ ਸਨ।
ਮੈਨੂੰ ਇਨਸਾਨੀਅਤ ਵਿਚੋਂ ਵਿਸ਼ਵਾਸ ਉੱਠਦਾ ਨਜ਼ਰ ਆਇਆ।
ਰਾਤ ਨੂੰ ਘਰ ਜਾ ਕੇ ਜਦੋਂ ਮੈਂ ਆਵਾਜ਼ ਦੇ ਕੇ ਘਰ ਦਾ ਦਰਵਾਜ਼ਾ ਖੁਲ੍ਹਵਾਇਆ ਤਾਂ ਮੈਨੂੰ ਇੰਜ ਅਚਨਚੇਤ ਆਇਆ ਵੇਖ ਕੇ ਮੇਰੀ ਪਤਨੀ ਅਤੇ ਮੇਰੇ ਬੱਚੇ ਜਿਸ ਚਾਅ ਨਾਲ਼ ਮੈਨੂੰ ਲਿਪਟੇ, ਉਸ ਦਾ ਬਿਆਨ ਕੀਤੇ ਜਾਣ ਨਾਲ਼ੋਂ ਮਹਿਸੂਸੇ ਜਾਣ ਨਾਲ਼ ਵੱਧ ਤਾਅੱਲੁਕ ਰੱਖਦਾ ਹੈ।
ਦਿਨ ਚੜ੍ਹਿਆ ਤਾਂ ਮੇਰੇ ਆ ਜਾਣ ਦਾ ਸੁਣ ਕੇ ਮੇਰੇ ਆਲ਼ੇ-ਦੁਆਲ਼ ਰਹਿੰਦਾ ਹਿੰਦੂ ਭਾਈਚਾਰਾ ਮੇਰੇ ਘਰ ਆਣ ਇਕੱਠਾ ਹੋਇਆ। ਮੈਂ ਵੇਖਿਆ ਲਾਲ ਵੀ ਹੌਲ਼ੀ-ਹੌਲ਼ੀ ਤੁਰਦਾ ਬਾਹਰਲਾ ਦਰਵਾਜ਼ਾ ਲੰਘ ਕੇ ਮੁਸਕਰਾਉਂਦਾ ਹੋਇਆ ਮੇਰੇ ਗਲ਼ੇ ਆਣ ਲੱਗਾ। ਉਸ ਨੇ ਕਿਸੇ ਨੂੰ ਕਿਹਾ, “ਸਾਰਿਆਂ ਨੂੰ ਦੱਸ ਦਿਓ ਫਿਰ, ਤਿਆਰ ਨਾ ਹੁੰਦੇ ਫਿਰਨ ਐਵੇਂ।”
ਮੈਂ ਸਵਾਲੀਆ ਨਜ਼ਰਾਂ ਨਾਲ਼ ਪੁੱਛਿਆ ਤਾਂ ਜਵਾਬ ਮਿਲਿਆ, “ਇਕ ਅੱਧਾ ਦਿਨ ਤਾਂ ਅਸੀਂ ਉਡੀਕਦੇ ਰਹੇ ਕਿ ਛੱਡ ਦੇਣਗੇ ਤੁਹਾਨੂੰ। ਤੁਹਾਡਾ ਭਲਾ ਕਸੂਰ ਕੀ ਹੈ। ਪਰ ਕੱਲ੍ਹ ਫਿਰ ਅਸੀਂ ਸੋਚਿਆ ਕਿ ਹੁਣ ਤਾਂ ਐੱਸ. ਐੱਸ. ਪੀ. ਨੂੰ ਮਿਲਣਾ ਹੀ ਪਊ। ਉਹਨੂੰ ਜਾ ਕੇ ਆਖਣਾ ਏਂ ਕਿ ਜੇ ਬਚਾਉਣ ਵਾਲਿਆਂ ਨੂੰ ਹੀ ਕਾਤਲ ਆਖੋਗੇ ਤਾਂ। … ਅਸੀਂ ਅੰਬਰਸਰ ਜਾਣ ਲਈ ਰਾਤੀਂ ਟਰੱਕ ਕਰ ਲਿਆ ਸੀ। ਹੁਣ ਸਵੇਰੇ ਅੱਠ ਵਜੇ ਸਕੂਲ ਕੋਲ਼ੋਂ ਇਕੱਠੇ ਹੋ ਕੇ ਤੁਰਨ ਦਾ ਪ੍ਰੋਗਰਾਮ ਹੈ; ਵੀਹ ਪੰਝੀ ਬੰਦਿਆਂ ਦਾ। ਪਰ ਚੰਗਾ ਹੋ ਗਿਆ ਤੁਸੀਂ ਆ ਗਏ। ਭਗਵਾਨ ਦਾ ਲੱਖ-ਲੱਖ ਸ਼ੁਕਰ ਹੈ।”
ਮੇਰਾ ਮਨ ਮਾਣ ਨਾਲ਼ ਭਰ ਗਿਆ। ਮੇਰੇ ਲਈ ਟਰੱਕ ਕਰ ਕੇ ਮੇਰੇ ਪਿੱਛੇ ਜਾਣ ਵਾਲੇ ਇਹ ਮੇਰੇ ਹਿੰਦੂ-ਭਰਾ ਸਨ। ਮੇਰੇ ਆਲ਼ੇ-ਦੁਆਲ਼ੇ ਮੇਰੀ ਖ਼ੈਰ-ਸੁੱਖ ਪੁੱਛਣ ਆਏ ਬੈਠੇ ਇਹ ਮੇਰੇ ਹਿੰਦੂ-ਭਰਾ ਸਨ।
ਨਹੀਂ; ਇਹ ਮੇਰੇ ਹਿੰਦੂ-ਭਰਾ ਨਹੀਂ ਇਹ ਤਾਂ ਮੇਰੇ ਭਰਾ ਹੀ ਸਨ।
ਇਨਸਾਨੀਅਤ ਵਿਚ ਮੇਰਾ ਡੋਲਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ।

ਵਰਿਆਮ ਸੰਧੂ
ਪੰਜਾਬੀ ਕਥਾ ਮਾਡਲ ਨੂੰ ਨਵੀਆਂ ਦਿਸ਼ਾਵਾਂ ਦੇਣ ਵਾਲੇ ਸਾਡੇ ਸਮਰੱਥ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਨਿੱਕੀ ਹੁਨਰੀ ਤੋਂ ਸ਼ੁਰੂ ਕਰਕੇ ਲੰਬੀ ਕਹਾਣੀ ਦੇ ਰੂਪ ਨੂੰ ਨਾ ਸਿਰਫ਼ ਪੰਜਾਬੀ ਪਾਠਕਾਂ ਦੇ ਸਾਹਮਣੇ ਲਿਆਂਦਾ ਬਲਕਿ ਪੱਕੇ ਪੈਰੀਂ ਵੀ ਤੋਰਿਆ। 'ਅਸਲੀ ਤੇ ਵੱਡੀ ਹੀਰ’ ਤੋਂ ਲੈ ਕੇ 'ਨੌਂ ਬਾਰਾਂ ਦਸ’ ਤਕ ਹਰੇਕ ਨਵੀਂ ਕਹਾਣੀ ਨੇ ਉਹਦਾ ਕੱਦ ਉੱਚਾ ਤੇ ਹੋਰ ਉੱਚਾ ਕੀਤਾ। 'ਅੰਗ ਸੰਗ’ 'ਭੱਜੀਆਂ ਬਾਹੀਆਂ’ ਅਤੇ 'ਚੌਥੀ ਕੂਟ’ ਉਸਦੇ ਚਰਚਿਤ ਕਹਾਣੀ ਸੰਗ੍ਰਹਿ ਹਨ। 'ਪਰਦੇਸੀ ਪੰਜਾਬ’ ਅਤੇ 'ਵਗਦੀ ਏ ਰਾਵੀ’ ਇਸ ਦੇ ਯਾਤਰਾ ਪਰਸੰਗਾਂ ਨੇ ਕਾਫ਼ੀ ਨਾਮਣਾ ਖੱਟਿਆ। ਸੁਰ ਸਿੰਘ ਰਹਿੰਦਿਆਂ ਇਸਨੇ ਪੰਜਾਬ ਦੇ ਕਾਲੇ ਦੌਰ ਨੂੰ ਅੱਖੀਂ ਦੇਖਿਆ ਤੇ ਹੱਡੀਂ ਹੰਢਾਇਆ। ਹਾਜ਼ਰ ਰਚਨਾ ਵੀ ਉਸੇ ਦੌਰ ਦੀ ਚਸ਼ਮਦੀਦ ਗਵਾਹੀ ਭਰਦੀ ਹੈ।

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!