ਚੋਰੀ ਦੀ ਟਹਿਣੀ
ਅੱਜ ਰਾਤ ਨੂੰ
ਦੋਹਵਾਂ ਰਲ਼ ਕੇ
ਅਸਾਂ ਚੁਰਾਣੀ
ਖਿੜ-ਖਿੜ ਜਾਂਦੀ ਟਾਹਣੀ
ਅੱਜ ਰਾਤ ਨੂੰ
ਕੰਧ ਟਪ ਕੇ ਜਾਣਾ ਆਪਾਂ
ਅਣਜਾਣੇ ਬਾਗ਼ਾਂ ਦੇ ਨੇਰ੍ਹੇ ਵਿਚ ਦੀ
ਦੋ ਪਰਛਾਈਆਂ ਦੀ ਇਕ ਛਾਂ ਬਣ ਕੇ
ਅਜੇ ਸਿਆਲ਼ ਦੀ ਰੁੱਤ ਖੜ੍ਹੀ ਹੈ
ਸਿਉਂ ਦੇ ਰੁੱਖ ਅਚਾਨਕ
ਖ਼ੁਸ਼ਬੂ ਲੱਦੇ ਤਾਰਿਆਂ ਦੇ ਜਿਉਂ ਝਰਨੇ ਜਾਪਣ
ਅੱਜ ਰਾਤ ਨੂੰ
ਆਪਾਂ ਇਹਦੇ ਕੰਬ-ਕੰਬ ਜਾਂਦੇ ਅੰਬਰ ਚੜ੍ਹਨਾ
ਤੇਰੇ ਮੇਰੇ ਨਿੱਕੜੇ ਹੱਥਾਂ ਰਲ਼ ਕੇ
ਚੋਰੀ ਕਰਨੇ ਲਿਸ਼-ਲਿਸ਼ ਕਰਦੇ ਤਾਰੇ
ਤੇ ਚੁਪ-ਚਪੀਤੇ
ਰਾਤ ਪਰਛਾਈਂ ਵਿਚ ਲੁਕਦੇ-ਲੁਕਦੇ
ਵਾਪਸ ਘਰ ਮੁੜ ਆਣਾ ਹੈ
ਤੇਰੇ ਪੈਰਾਂ ਦੇ ਨਾਲ਼ ਆਵੇਗੀ
ਸੁਰਗੰਧੀ ਪੱਬਾਂ ਭਾਰ
ਵਿਚ ਬਲੌਰੀ ਚਸ਼ਮੇ ਅੰਦਰ
ਤੂੰ ਪਾਵੇਂਗੀ ਤਾਰਿਆਂ ਵਰਗੇ ਲਿਸ਼-ਲਿਸ਼ ਕਰਦੇ ਪੈਰ
ਅੱਜ ਰਾਤ ਨੂੰ
ਦੋਹਵਾਂ ਰਲ਼ ਕੇ
ਅਸਾਂ ਚੁਰਾਣੀ
ਖਿੜ-ਖਿੜ ਜਾਂਦੀ ਟਾਹਣੀ
ਸਵਾਲ
ਪੀਲ਼ੇ ਰੰਗਾ ਉਹ ਕਿਹੜਾ ਪੰਛੀ ਏ
ਜੋ ਭਰਦਾ ਆਲ੍ਹਣਾ ਅਪਣਾ ਨਾਲ਼ ਨੇਂਬੂਆਂ ਦੇ?
ਰੁੱਖ ਭਲਾ ਅਪਣੀਆਂ ਜੜ੍ਹਾਂ ਦੀ ਸ਼ਾਨ
ਛਿਪਾ ਕੇ ਕਿਉਂ ਰਖਦੇ ਨੇ?
ਵਰ੍ਹਦੇ ਮੀਂਹ ਵਿਚ ਖਲੀ-ਖਲੋਤੀ
ਰੇਲ ਦੀ ਗੱਡੀ
ਕਿਹੜੀ ਸ਼ੈਅ ਉਦਾਸ ਹੈ ਹੋਣੀ
ਇਸ ਤੋਂ ਵਧ ਕੇ ਇਸ ਦੁਨੀਆ ਵਿਚ?
ਡੱਕਰੇ ਹੋ ਕੇ ਵੀ ਹਦਵਾਣਾ
ਕਿਹੜੀ ਗੱਲ ‘ਤੇ ਹੱਸਦਾ ਰਹਿੰਦਾ?
ਸੰਤਰਿਆਂ ਤੋਂ ਸੂਰਜ ਤੀਕਣ
ਕਿੰਨੇ ਚੱਕਰ ਮੀਟਰ ਦੀ ਦੂਰੀ ਹੈ?
ਮੈਂ ਕਿਤਾਬ ਅਪਣੀ ਨੂੰ ਪੁੱਛ ਸਕਨਾ ਵਾਂ
ਕੀ ਇਹ ਸੱਚ ਏ, ਮੈਂ ਤੈਨੂੰ ਲਿਖਿਆ?
ਇਕ ਦਿਨ ਦੇ ਵਿਚ ਕਿੰਨੇ ਹਫ਼ਤੇ ਹੁੰਦੇ
ਤੇ ਇਕ ਮਹੀਨੇ ਅੰਦਰ ਕਿਤਨੇ ਸਾਲ?
ਕਿਥੇ ਮਿਲ਼ਦੀ
ਅਪਣੇ ਸੁਪਨਿਆਂ ਅੰਦਰ ਵੱਜਣ ਵਾਲ਼ੀ ਘੰਟੀ?
ਜਦ ਝੱਖੜ-ਝਾਂਜਾ ਝੁੱਲਣੋਂ ਹਟ ਜਾਂਦਾ ਏ
ਤਾਂ ਫਿਰ ਝੱਖੜ-ਝਾਂਜੇ ਨੂੰ ਕੀ ਕਹਿੰਦੇ ਨੇ?
ਜੇ ਸਾਰੇ ਦਰਿਆ ਮਿੱਠੇ ਹੋਂਦੇ
ਤਾਂ ਕਿੱਥੋਂ ਆ ਜਾਂਦਾ ਏ ਲੂਣ ਸਮੁੰਦਰ ਅੰਦਰ?
ਅੰਗਰੇਜ਼ੀ ਤੋਂ ਉਲਥਾ: ਅਮਰਜੀਤ ਚੰਦਨ