ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ ‘ਨਾਟ-ਲੇਖਨ’ ਦੀ ਚੇਟਕ ਲਾਈ ਸੀ। ਉਸੇ ਹੀ ਪਰੰਪਰਾ ਨੂੰ ਅੱਗੇ ਤੋਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਨੇ ਅੰਧਰੇਟਾ ਦੇ ‘ਰਾਈਟਰਜ਼ ਹੋਮ’ ਵਿੱਚ ਤਿੰਨ ਰੋਜ਼ਾ ‘ਨਾਟ ਲੇਖਨ’ ਵਰਕਸ਼ਾਪ ਲਾਈ। ਪੰਜਾਬੀ ਰੰਗਮੰਚ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਪੰਜਾਬੀ ਦੇ ਛੇ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ, ਕੇਵਲ ਧਾਲੀਵਾਲ, ਡਾ. ਨਵਨਿੰਦਰਾ ਬਹਿਲ, ਦਵਿੰਦਰ ਦਮਨ, ਪ੍ਰੋ. ਪਾਲੀ ਭੁਪਿੰਦਰ ਅਤੇ ਡਾ. ਸਾਹਬ ਸਿੰਘ ਇੱਕ ਮੰਚ ਉਤੇ ਇਕੱਠੇ ਹੋਏ।
ਥੀਏਟਰ ਵਿਭਾਗ ਦੇ ਮੁਖੀ ਡਾ. ਸੁਨੀਤਾ ਧੀਰ, ਡਾ. ਨਵਨਿੰਦਰਾ ਬਹਿਲ ਅਤੇ ਡਾ. ਗੁਰਚਰਨ ਨੇ ਇਸ ਤਿੰਨ ਰੋਜ਼ਾ ‘ਨਾਟ-ਲੇਖਨ’ ਵਰਕਸ਼ਾਪ ਦੀ ਅਗਵਾਈ ਕੀਤੀ। ਵਰਕਸ਼ਾਪ ਦੇ ਪਹਿਲੇ ਦਿਨ ਡਾ. ਨਵਨਿੰਦਰਾ ਬਹਿਲ ਨੇ ਥੀਏਟਰ ਦੇ ਸਰੋਕਾਰਾਂ ਉਤੇ ਚਾਨਣਾ ਪਾਉਂਦੇ ਹੋਏ ਕੁਝ ਸਵਾਲ ਉਠਾਏ:-
ਨਾਟਕਕਾਰ ਤੇ ਨਿਰਦੇਸ਼ਕ ਦਾ ਰੰਗਮੰਚ ਵਿਚ ਕੀ ਰੋਲ ਹੁੰਦਾ ਹੈ ? ਨਾਟਕਕਾਰ ਇਹ ਦੱਸਣ ਕਿ ਇੱਕ ਸਰਵਗੁਣ ਭਰਪੂਰ ਨਾਟਕ ਦਾ ਮੁਹਾਂਦਰਾ ਕਿਸ ਤਰ੍ਹਾਂ ਦਾ ਹੁੰਦਾ ਹੈ ? ਕੀ ਲੇਖਕ ਅਪਣੇ ਲਈ ਨਾਟਕ ਲਿਖੇ ਜਾਂ ਲਿਖਕੇ ਨਿਰਦੇਸ਼ਕ ਦੇ ਸਪੁਰਦ ਕਰ ਦੇਵੇ ? ਨਾਟਕ ਦਾ ਵਿਸ਼ਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਕੀ ਉਸ ਵਿੱਚ ਵਕਤੀ ਸਮੱਸਿਆਂ ਦੀ ਅਭਿਵਿਅਕਤੀ ਹੋਵੇ ? ਉਪ ਨਾਟ-ਪਾਠ ਦੀ ਕੀ ਮਹੱਤਤਾ ਹੈ ? ਨਾਟਕਕਾਰ ਦਾ ਦ੍ਰਿਸ਼ ਪ੍ਰਤੀ ਵਿਗਿਆਨਕ ਨਜ਼ਰੀਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ? ਰੂਪਾਂਤਰ ਨਾਟ-ਪਾਠ ਵਿੱਚ ਮੌਲਿਕਤਾ ਨੂੰ ਕਿਵੇਂ ਕਾਇਮ ਰੱਖਿਆ ਜਾਵੇ ?
ਉਪਰੋਕਤ ਸਵਾਲ ਜਦੋਂ ਨਾਟਕਕਾਰਾਂ ਸਾਹਮਣੇ ਰੱਖੇ ਗਏ ਤਾਂ ਉਨ੍ਹਾਂ ਦੇ ਵਿਚਾਰਾਂ ਦੀ ਝਲਕ ਅੰਸ਼ਿਕ ਰੂਪ ਵਿੱਚ ਇਸ ਤਰ੍ਹਾਂ ਸਾਹਮਣੇ ਆਈ:-
ਡਾ. ਸੁਨੀਤਾ ਧੀਰ :- ਕੀ ਨਾਟਕਕਾਰ ਥੀਏਟਰ ਦੇ ਸਾਰੇ ਅੰਗਾਂ (ਪਹਿਰਾਵਾ, ਰੌਸ਼ਨੀ, ਸੈਟ ਡਿਜ਼ਾਇਨ ਆਦਿ) ਨੂੰ ਧਿਆਨ ਵਿੱਚ ਰੱਖਦਾ ਹੈ ਜਾਂ ਨਹੀਂ?
ਪ੍ਰੋ. ਅਜਮੇਰ ਔਲਖ :- ਜ਼ਰੂਰੀ ਨਹੀਂ ਕਿ ਨਾਟਕਕਾਰ ਥੀਏਟਰ ਦੇ ਸਾਰੇ ਅੰਗਾਂ ਨੂੰ ਧਿਆਨ ਵਿੱਚ ਰੱਖੇ,ਇਹ ਕੰਮ ਤਾਂ ਨਿਰਦੇਸ਼ਕ ਦਾ ਹੈ।
ਡਾ. ਨਵਨਿੰਦਰਾ ਬਹਿਲ:- ਇੱਕ ਆਦਰਸ਼ਕ ਨਾਟਕਕਾਰ ਥੀਏਟਰ ਦੇ ਸਾਰੇ ਅੰਗਾਂ ਨੂੰ ਧਿਆਨ ਵਿੱਚ ਰੱਖਦਾ ਹੈ।
ਦਵਿੰਦਰ ਦਮਨ :- ਨਾਟਕਕਾਰ ਆਪਣੀ ਸਮਰੱਥਾ ਅਨੁਸਾਰ ਹੀ ਸਮੱਸਿਆ ਚੁਣਦਾ ਹੈ ਤੇ ਉਸਨੂੰ ਆਪਣੇ ਅਨੁਭਵ ਦੇ ਜ਼ਰੀਏ ਹੀ ਨਿਭਾਉਂਦਾ ਹੈ।
ਪ੍ਰੋ. ਪਾਲੀ ਭੁਪਿੰਦਰ:- ਜਦੋਂ ਨਾਟਕਕਾਰ ਪਰੰਪਰਾ ਨਾਲੋਂ ਹਟ ਕੇ ਲਿਖਦਾ ਹੈ ਤਾਂ ਹੀ ਥੀਏਟਰ ਵਿੱਚ ਨਵਾਂਪਣ ਆਉਂਦਾ ਹੈ। ਕੋਈ ਵਿਅਕਤੀ ਸਿਰਫ਼ ਨਾਟਕਕਾਰ ਨਹੀਂ ਹੁੰਦਾ ਨਾਲ-ਨਾਲ ਡਾਇਰੈਕਟਰ ਵੀ ਹੁੰਦਾ ਹੈ।
ਬਹਿਲ:- ਪੰਜਾਬੀ ਰੰਗਮੰਚ ਵਿੱਚ ਨਿਰਦੇਸ਼ਕ ਦੇਰ ਬਾਅਦ ਕਿਉਂ ਆਇਆ ?
ਡਾ. ਸਾਹਿਬ ਸਿੰਘ :- ਜਦੋਂ ਰੰਗਮੰਚ ਦੇ ਪੇਸ਼ੇਵਰ ਬਣਨ ਦੇ ਆਸਾਰ ਨਜ਼ਰ ਆਏ ਤਾਂ ਨਿਰਦੇਸ਼ਕਾਂ ਨੇ ਨਾਟਕਾਰਾਂ ਨੂੰ ਆਈਡੀਏ ਦੇ ਕੇ ਨਾਟਕ ਲਿਖਵਾਉਣੇ ਸ਼ੁਰੂ ਕੀਤੇ ਤੇ ਨਤੀਜਾ ਇਹ ਹੋਇਆ ਕਿ ਨਾਟਕ ਵਿੱਚੋਂ ਨਿਰਦੇਸ਼ਕ ਦੀ ਨੁਹਾਰ ਝਲਕਣ ਲੱਗੀ।
ਕੇਵਲ ਧਾਲੀਵਾਲ :- ਕਈ ਵਾਰ ਨਾਟਕਕਾਰ ਤੇ ਨਿਰਦੇਸ਼ਕ ਸਾਂਝੇ ਰੂਪ ਵਿੱਚ ਆਈਡੀਏ ਦਾ ਵਿਕਾਸ ਕਰਦੇ ਨੇ ਪਰ ਉਸ ਨੂੰ ਬੱਝਵਾਂ ਰੂਪ ਨਾਟਕਕਾਰ ਦਿੰਦਾ ਹੈ।
ਡਾ. ਗੁਰਚਰਨ ਸਿੰਘ :- ਪੰਜਾਬੀ ਰੰਗਮੰਚ ਵਿੱਚ ਕਈ ਨਾਟਕਕਾਰਾਂ ਦੇ ਨਾਟਕ ਉਹਨਾਂ ਦੇ ਜੀਵਨ ਕਾਲ ਦੌਰਾਨ ਹੀ ਖੇਡੇ ਗਏ ਪਰ ਜਦੋਂ ਉਹ ਦੁਨੀਆ ਤੋਂ ਕੂਚ ਕਰ ਗਏ ਤਾਂ ਕਿਸੇ ਨਿਰਦੇਸ਼ਕ ਨੇ ਉਨ੍ਹਾਂ ਦੇ ਨਾਟਕ ਨਹੀਂ ਖੇਡੇ ਮਸਲਨ ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ ਆਦਿ।
ਸਾਹਿਬ ਸਿੰਘ :- ਇਨ੍ਹਾਂ ਮਰਹੂਮ ਨਾਟਕਕਾਰਾਂ ਦੀ ਵਿਚਾਰਧਾਰਾ ਬਹੁਤ ਵਧੀਆ ਸੀ ਪਰ ਉਨ੍ਹਾਂ ਦੇ ਵਿਸ਼ੇ ਅੱਜ ਦੇ ਨਿਰਦੇਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰਦੇ।
ਦਮਨ :- ਸਿਰਫ਼ ਨਾਟਕਕਾਰ ਜੋ ਨਿਰਦੇਸ਼ਕ ਨਹੀਂ ਉਸਦੇ ਨਾਟਕ ਨੂੰ ਵੀ ਖੇਡਿਆ ਜਾ ਸਕਦਾ ਹੈ ਜਿਵੇਂ ਸੇਖੋਂ ਦਾ ਨਾਟਕ ‘ਨਾਰਕੀ’ ਮੈਂ ਖੇਡਿਆ।
ਪਾਲੀ :- ‘ਦਮਨ’ ਨੇ ਸੇਖੋਂ ਦਾ ਨਾਟਕ ਦ੍ਰਿਸ਼ਮਾਨ ਕੀਤਾ ਕਿਉਂਕਿ ਸੇਖੋਂ ਜੋ ਨਾਟਕ ਲਿਖਦਾ ਹੈ ਜਿਸ ਵਿੱਚ ਬੌਧਿਕ ਵਿਚਾਰਧਾਰਾ ਤਾਂ ਹੁੰਦੀ ਹੈ ਪਰ ਸੇਖੋਂ ਦ੍ਰਿਸ਼ ਨਹੀਂ ਸਿਰਜਦਾ।
ਔਲਖ :- ਜਿੰਨਾਂ ਚਿਰ ਨਾਟਕਕਾਰ ਦੇ ਅੰਦਰ ਆਈਡੀਏ ਦੀ ਚਿਣਗ ਨਹੀਂ ਪੈਦਾ ਹੁੰਦੀ ਉਨੀ ਦੇਰ ਉਹ ਨਾਟਕ ਨਹੀਂ ਸਿਰਜ ਸਕਦਾ। ਮੈਂ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਦਾ ਗਹਿਰਾ ਅਧਿਐਨ ਕੀਤਾ ਪਰ ਮੈਂ ਭਗਤ ਸਿੰਘ ਬਾਰੇ ਨਾਟਕ ਨਹੀਂ ਲਿਖ ਸਕਿਆ। ਕਿਉਂਕਿ ਆਈਡੀਆ ਮੇਰੀ ਪਕੜ ‘ਚ ਈ ਨਹੀਂ ਆ ਸਕਿਆ।
ਸਾਹਿਬ ਸਿੰਘ :- ਨਾਟਕਕਾਰ ਆਨੰਦ ਦੀ ਪ੍ਰਾਪਤੀ ਲਈ ਲਿਖਦਾ ਹੈ ਵਰਨਾ ਇੱਕ ਸ਼ਬਦ ਤੱਕ ਨਹੀਂ ਲਿਖ ਸਕਦਾ।
ਪਾਲੀ:- ਰਾਈਟਰ, ਰਾਈਟਰ ਹੁੰਦੈ ਨਾ ਕਿ ਟਾਈਪ ਰਾਈਟਰ।
ਔਲਖ :- ਕਈ ਵਾਰ ਨਾਟਕ ਲਿਖਣ ਲੱਗਿਆਂ ਆਈਡੀਆ ਕੋਈ ਹੋਰ ਨਵਾਂ ਰੂਪ ਧਾਰਨ ਕਰ ਲੈਂਦਾ ਹੈ।
ਦਮਨ :- ਲਿਖਣ ਵੇਲੇ ਲੇਖਕ ਕਿਸੇ ਹੋਰ ਵਹਿਣ ਵਿੱਚ ਚਲਾ ਜਾਂਦਾ ਹੈ।
ਔਲਖ ਤੇ ਕੇਵਲ :- ਇੱਕ ਘਟਨਾ ਨੂੰ ਬਹੁਤ ਤਰੀਕਿਆਂ ਨਾਲ ਲਿਖਿਆ ਜਾ ਸਕਦਾ ਹੈ।
ਔਲਖ :- ਤੁਹਾਡੀਆਂ ਸੀਮਾਵਾਂ ਤੁਹਾਡੀ ਨਿਰਦੇਸ਼ਨਾਂ ਉਤੇ ਅਸਰ ਪਾਉਂਦੀਆਂ ਨੇ।
ਜਸਵੰਤ ਦਮਨ :- ਉਪਰੋਕਤ ਸਾਰੇ ਨਾਟਕਕਾਰ ਪਹਿਲਾਂ ਸਿਰਫ ਨਿਰਦੇਸ਼ਕ ਸਨ ਸਮੇਂ ਤੇ ਜ਼ਰੂਰਤ ਅਨੁਸਾਰ ਸਭ ਨੇ ਨਾਟ-ਸਿਰਜਣਾ ਵੱਲ ਰੁਖ ਕੀਤਾ।
ਪਾਲੀ:- ਪੰਜਾਬੀ ਰੰਗਮੰਚ ਵਿੱਚ ਸਕਰਿਪਟਾਂ ਦੀ ਘਾਟ ਨਹੀਂ ਪਰ ਅਸੀਂ ਪੜ੍ਹਦੇ ਹੀ ਨਹੀਂ। ਪੰਜਾਬੀ ਵਿੱਚ ਲਗਭਗ 1400 ਨਾਟਕ ਹਨ ਇਸਦੇ ਅੰਕੜੇ ਕੱਢਣ ਦਾ ਕਿਸੇ ਨੇ ਯਤਨ ਨਹੀਂ ਕੀਤਾ ਇਹ ਮੇਰੀ ਨਿੱਜੀ ਖੋਜ ਹੈ।
ਸਾਹਬ ਸਿੰਘ :- ਸਕਰਿਪਟਾਂ ਪਈਆਂ ਹੋਈਆਂ ਹੀ ਕਾਫੀ ਨਹੀਂ, ਮਸਲਾ ਇਹ ਹੈ ਕੀ ਉਹ ਨਿਰਦੇਸ਼ਕ ਦੀਆਂ ਪਰਸਥਿਤੀਆਂ ਦੇ ਅਨੁਸਾਰ ਹਨ ਵੀ ਕਿ ਨਹੀਂ ?
ਬਹਿਲ :- ਅਸੀਂ ਪੰਜਾਬੀ ਥੀਏਟਰ ਨੂੰ ਗਲੋਬਲ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਪੇਸ਼ੇਵਰ ਰੰਗਮੰਚ ਦਾ ਮੁਹਾਂਦਰਾ ਦੇਖ ਸਕੀਏ।
ਔਲਖ :- ਐਨ.ਐਸ.ਡੀ. ਦੇ ਦਰਸ਼ਕਾਂ ਦੀ ਇੱਕ ਲਿਸਟ ਬਣੀ ਹੋਈ ਹੈ ਉਹ ਹਰ ਵਾਰ ਉਨ੍ਹਾਂ ਹੀ ਦਰਸ਼ਕਾਂ ਦੇ ਸਾਹਮਣੇ ਨਾਟਕ ਪੇਸ਼ ਕਰਦੇ ਹਨ। ਸਾਡੇ ਹਰ ਵਾਰ ਨਵੇਂ ਤੇ ਜ਼ਿਆਦਾ ਤਾਦਾਦ ਵਿੱਚ ਦਰਸ਼ਕ ਹੁੰਦੇ ਨੇ, ਨਾਲੇ ਸਾਡਾ ਬੱਜਟ ਵੀ ਐਨ.ਐਸ.ਡੀ. ਤੋਂ ਕਈ ਗੁਣਾ ਘੱਟ ਹੁੰਦਾ ਹੈ।
ਦਮਨ :- ਸਾਨੂੰ ਪੰਜਾਬੀ ਦੇ ਨਾਟਕ ਉਸ ਤਰ੍ਹਾਂ ਦੇ ਕਿਉਂ ਨਹੀਂ ਮਿਲਦੇ ਜਿਸ ਤਰ੍ਹਾ ਦੇ ਹੋਰ ਭਾਸ਼ਾਵਾਂ ਵਿੱਚ ਮਿਲਦੇ ਨੇ?
ਕੇਵਲ:- ਸਾਨੂੰ ਰੰਗਮੰਚ ਦੇ ਵਿਕਾਸ ਲਈ ਪੇਂਡੂ ਤੇ ਸ਼ਹਿਰੀ ਦਰਸ਼ਕਾਂ ਦਾ ਪਾੜਾ ਖ਼ਤਮ ਕਰਨਾ ਪਵੇਗਾ।
ਬਹਿਲ :- ਅਸੀਂ ਜਦੋਂ ਵੀ ਕੋਈ ਸਕਰਿਪਟ ਚੁੱਕਦੇ ਹਾਂ ਤਾਂ ਉਸ ਵਿੱਚ ਯੂਨੀਵਰਸਲ ਦਿਖ ਹੋਣੀ ਚਾਹੀਦੀ ਹੈ।
ਬਹਿਲ :- (ਕੇਵਲ ਧਾਲੀਵਾਲ ਨੂੰ) ਤੁਹਾਡਾ ਕੋਈ ਅਗਲਾ ਪੈਰੋਕਾਰ ਕਿਉਂ ਨਹੀਂ ਨਜ਼ਰ ਆ ਰਿਹਾ?
ਕੇਵਲ :- ਸ਼ਾਇਦ ਵਚਨਬੱਧਤਾ ਦੀ ਘਾਟ ਹੈ, ਸ਼ਾਇਦ ਟਰੇਨਿੰਗ ਦੀ। ਇਸ ਲਈ ਨਵੇਂ ਬੰਦੇ ਅੱਗੇ ਨਹੀਂ ਆਉਂਦੇ। ਮੈਂ ਹਰ ਵਾਰ ਤਾਜ਼ਾ ਨਾਟਕ ਖੇਡਦਾ ਹਾਂ ਅਤੇ ਉਸ ਵਿੱਚੋਂ ਕੇਵਲ ਧਾਲੀਵਾਲ ਨਜ਼ਰ ਆਉਣਾ ਚਾਹੀਦਾ ਹੈ। ਮੇਰਾ ਡਿਜ਼ਾਇਨ ਐਕਟਰ ਨੂੰ ਮਦਦ ਕਰੇ ਇਹੀ ਮੇਰੀ ਕੋਸ਼ਿਸ਼ ਹੈ।
ਪਾਲੀ :- ਨਾਟ-ਪਾਠ ਤੇ ਉਪ-ਨਾਟਪਾਠ ਦੀ ਹਰ ਨਿਰਦੇਸ਼ਕ ਨੂੰ ਪੂਰੀ ਟਰੇਨਿੰਗ ਹੋਣੀ ਚਾਹੀਦੀ ਹੈ।
ਵਿਚਾਰ ਵਟਾਂਦਰੇ ਦੇ ਇਸ ਸ਼ੈਸ਼ਨ ਦੀ ਸਮਾਪਤੀ ਕਰਦੇ ਹੋਏ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਨਾਟਕਕਾਰ ਦੇ ਸਾਰੇ ਨਾਟਕਾਂ ਦਾ ਅਧਿਐਨ, ਉਸਦੀ ਵਿਚਾਰਧਾਰਾ ਤੇ ਸਿਰਜਣ ਪ੍ਰਕ੍ਰਿਆ ਬਾਰੇ ਨਿਰਦੇਸ਼ਕ ਨੂੰ ਜਾਣਕਾਰੀ ਨਹੀਂ ਓਨੀ ਦੇਰ ਤੱਕ ਉਹ ਚੰਗਾ ਨਿਰਦੇਸ਼ਕ ਨਹੀਂ ਬਣ ਸਕਦਾ।
ਦੂਸਰਾ ਦਿਨ
ਦੂਸਰੇ ਦਿਨ ਸਾਰੀ ਦੀ ਸਾਰੀ ਗੱਲਬਾਤ ਵਿਦਿਆਰਥੀਆਂ ਨਾਲ ਸਾਂਝੀ ਹੋਈ। ਨਾਟਕਕਾਰ ਕੇਵਲ ਧਾਲੀਵਾਲ ਨੇ ਸਭਾ ਦਾ ਆਰੰਭ ਕੀਤਾ:
ਕੇਵਲ:- ਮੈਨੂੰ ਵਿਦਿਆਰਥੀ ਕੁਝ ਵਿਸ਼ੇ ਦੱਸਣ ਜਿੰਨ੍ਹਾਂ ਉਤੇ ਨਾਟਕ ਲਿਖਿਆ ਜਾ ਸਕੇ ਤੇ ਵਿਦਿਆਰਥੀ ਹੀ ਉਨ੍ਹਾਂ ਵਿਸ਼ਿਆਂ ਉਤੇ ਨਾਟਕ ਲਿਖਣ। ਅੱਜ ਦੀ ਵਰਕਸ਼ਾਪ ਵਿੱਚ ਪਹੁੰਚੇ ਹੋਏ ਸਾਰੇ ਨਾਟਕਕਾਰ ਪ੍ਰੋ. ਪਾਲੀ ਭੁਪਿੰਦਰ, ਪ੍ਰੋ. ਅਜਮੇਰ ਔਲਖ, ਡਾ. ਸਾਹਿਬ ਸਿੰਘ, ਡਾ. ਨਵਨਿੰਦਰਾ ਬਹਿਲ, ਦਵਿੰਦਰ ਦਮਨ ਤੇ ਮੈਂ ਅਸੀਂ ਸਾਰੇ ਉਸ ਸਕਰਿਪਟ ਵਿੱਚ ਸੋਧ ਕਰਾਂਗੇ। ਸਕਰਿਪਟ ਦੇ ਅਲੱਗ-ਅਲੱਗ, ਦ੍ਰਿਸ਼ ਵੱਖ-ਵੱਖ ਸ਼ੈਲੀਆਂ ਵਿੱਚ ਵੀ ਹੋ ਸਕਦੇ ਨੇ। ਅਸੀਂ ਸਾਰੇ ਨਾਟਕਕਾਰ ਥੀਏਟਰ ਡਿਪਾਰਟਮੈਂਟ ਵਿੱਚ ਚਾਰ ਪੰਜ ਵਾਰ ਆਵਾਂਗੇ ਤਾਂ ਜੋ ਸਕਰਿਪਟ ਨੂੰ ਅੰਤਮ ਛੂਹਾਂ ਦਿੱਤੀਆਂ ਜਾ ਸਕਣ।
ਔਲਖ :- ਵਿਸ਼ੇ ਨੂੰ ਡੂੰਘਾਈ ਨਾਲ ਮਹਿਸੂਸ ਕਰਨਾ ਸਕਰਿਪਟ ਲਿਖਣ ਦਾ ਮੂਲ ਬੀਜ ਹੁੰਦਾ ਹੈ। ਘਟਨਾ ਦਰਸ਼ਕ ਉਤੇ ਅਸਰ ਪਾਉਣ ਵਾਲੀ ਹੋਣੀ ਚਾਹੀਦੀ ਹੈ। ਜਦੋਂ ਮੈਂ ਨਾਟਕ ਲਿਖਦਾ ਹਾਂ ਤਾਂ ਮੇਰੇ ਸਾਹਮਣੇ ਆਮ ਦਰਸ਼ਕ ਹੁੰਦਾ ਹੈ। ਮੇਰੀਆਂ ਯਾਦਾਂ ਵਿੱਚ ਵਸੀਆਂ 30-40 ਪੁਰਾਣੀਆਂ ਘਟਨਾਵਾਂ ਵੀ ਕਈ ਵਾਰ ਮੇਰੇ ਸਾਹਮਣੇ ਆ ਜਾਂਦੀਆਂ ਨੇ ਤੇ ਉਹ ਮੇਰੇ ਨਾਟਕ ਦਾ ਹਿੱਸਾ ਬਣ ਜਾਂਦੀਆਂ ਨੇ। ਪਾਤਰ ਦੀ ਉਸਾਰੀ ਕਰਦੇ ਹੋਏ ਉਸ ਸਾਰੇ ਵਰਗ ਦਾ ਗਹਿਰਾ ਅਧਿਐਨ ਕਰਨਾ ਪਵੇਗਾ ਜਿਹੜੇ ਸਮਾਜ ਵਿੱਚ ਪਾਤਰ ਰਹਿੰਦਾ ਹੈ।
ਦਮਨ :- ਬਿਰਤਾਂਤ ਵਿੱਚ ਸੰਜਮ ਹੋਣਾ ਚਾਹੀਦਾ ਹੈ।
ਪਾਲੀ :- ਜਦੋਂ ਤੁਸੀਂ ਜ਼ਿੰਦਗੀ ਦੇ ਦੋ ਪਹਿਲੂਆਂ ਨੂੰ ਛੱਡ ਕੇ ਤੀਸਰੇ ਪਹਿਲੂ ਨੂੰ ਦੇਖਦੇ ਹੋ ਤਾਂ ਤੁਹਾਡੇ ਅੰਦਰ ਨਾਟਕ ਲਿਖਣ ਦਾ ਪਹਿਲਾ ਬੀਜ ਪੈਦਾ ਹੁੰਦਾ ਹੈ ਤਾਂ ਹੀ ਤੁਸੀਂ ਵਧੀਆ ਨਾਟਕ ਲਿਖ ਸਕਦੇ ਹੋ ਜੇ ਉਹ ਘਟਨਾ ਤੁਹਾਡੀ ਕਲਪਨਾ ਦੇ ਮੰਚ ਉਤੇ ਵਾਪਰਦੀ ਹੈ ਫੇਰ ਇੱਕ ਅੱਛੇ ਨਾਟਕ ਦਾ ਜਨਮ ਹੁੰਦਾ ਹੈ।
ਬਹਿਲ :- ਨਾਟਕਕਾਰ ਦਾ ਅਭਿਆਸ ਹੋਣਾ ਚਾਹੀਦਾ ਹੈ ਕਿ ਉਹ ਲਿਖਦਾ ਜਾਵੇ ਲਿਖਦਾ ਜਾਵੇ ਤਾਂ ਉਹ ਅੱਛਾ ਨਾਟਕਕਾਰ ਬਣਾ ਸਕਦਾ ਹੈ।
ਪਾਲੀ :- ਨਾਟਕਕਾਰ ਸਮਾਜ ਦੇ ਅੱਜ ਦੇ ਵਰਤਾਰੇ ਤੋਂ ਸੰਤੁਸ਼ਟ ਨਹੀਂ ਹੁੰਦਾ ਇਸੇ ਲਈ ਉਹ ਲਿਖਦਾ ਹੈ। ਦਰਸ਼ਕ ਨਾਟਕ ਵਿੱਚ ਨਾਇਕ ਨੂੰ ਇੱਕ ਯੋਧਾ, ਮਨੋਰੰਜਨ ਕਰਤਾ ਜਾਂ ਉਪਦੇਸ਼ਕ ਦੇ ਰੂਪ ਵਿੱਚ ਦੇਖਣਾ ਪਸੰਦ ਕਰਦੇ ਨੇ।
ਨਵਦੀਪ :- (ਇੱਕ ਵਿਦਿਆਰਥੀ) ਪਾਤਰ ਨਾਟਕਕਾਰ ਦੇ ਗੁਲਾਮ ਹੁੰਦੇ ਨੇ ਜਾਂ ਨਾਟਕਕਾਰ ਪਾਤਰਾਂ ਦਾ।
ਦਵਿੰਦਰ ਦਮਨ :- ਦੋਵੇਂ ਇੱਕ ਦੂਜੇ ਨੂੰ ਮਾਰਗ ਦਿਖਾਉਂਦੇ ਨੇ।
ਪਾਲੀ:- ਪਾਤਰ ਨਾਟਕਕਾਰ ਦੀ ਸ਼ਖ਼ਸ਼ੀਅਤ ਦਾ ਭਾਗ ਹੁੰਦੇ ਨੇ।
ਔਲਖ :- ਮੇਰੇ ਪਾਤਰ ਕਈ ਵਾਰ ਮੇਰੀ ਪਕੜ ‘ਚ ਈ ਨਹੀਂ ਆਉਂਦੇ ਸਗੋਂ ਮੈਨੂੰ ਉਨ੍ਹਾਂ ਪਿੱਛੇ ਭੱਜਣਾ ਪੈਂਦਾ ਹੈ।
ਪਾਲੀ:- ਨਾਟਕ ਵਿੱਚ ‘ਸਪੇਸ’ ਦਾ ਕੀ ਸੰਕਲਪ ਹੈ? ਮੈਂ ਇਸ ਤੇ ਚਾਨਣਾ ਪਾ ਦਿਆਂ। ਇੱਕ ਨਾਟਕ ਵਿੱਚ ਐਕਟਰ, ਡਾਇਰੈਕਟਰ, ਲਾਈਟ ਆਦਿ ਵਿੱਚ ਕੁਝ ਨਵਾਂ ਸਿਰਜਣ ਦੀ ਸਮਰੱਥਾ ਹੋਵੇ ਉਸਨੂੰ ‘ਸਪੇਸ’ ਕਹਿੰਦੇ ਨੇ।
ਤੀਸਰਾ ਦਿਨ
ਤੀਸਰੇ ਤੇ ਆਖਰੀ ਦਿਨ ਸਭਾ ਵਿੱਚ ਸਾਰੇ ਵਿਦਿਆਰਥੀ ਉਤਸ਼ਾਹ ਨਾਲ ਪਹੁੰਚੇ। ਨਾਟਕਕਾਰ ਦਵਿੰਦਰ ਦਮਨ ਨੇ ਅਪਣੇ ਨਵੇਂ ਲਿਖੇ ਨਾਟਕ ‘ਕਤਰਾ-ਕਤਰਾ ਜ਼ਿੰਦਗੀ’ ਦਾ ਨਾਟਕੀ ਪਾਠ ਪੜ੍ਹਿਆ ਉਨ੍ਹਾਂ ਦੀ ਜੀਵਨ ਸਾਥਣ ਜਸਵੰਤ ਦਮਨ ਨੇ ਉਨ੍ਹਾਂ ਦਾ ਸਾਥ ਦਿੱਤਾ। ਵਿਦਿਆਰਥੀਆਂ ਅਤੇ ਨਾਟਕਕਾਰਾਂ ਨੇ ਇਹਦੇ ‘ਤੇ ਬੜੀ ਗੰਭੀਰ ਚਰਚਾ ਕੀਤੀ।