ਹਲਫ਼ਨਾਮਾ
ਕਵਿਤਾ ਲਿਖਦਾਂ ਤਾਂ-
ਕਵਿਤਾ ’ਚ ਕਈ ਰੰਗ ਉਤਰ ਆਉਂਦੇ
ਕੁਦਰਤ ਨਾਲ ਇਕਮਿਕਤਾ ਦਰਸਾਉਂਦੇ
ਹਰੇ ਤੇ ਕਾਸ਼ਨੀ
ਸਭ ਕੁਝ ਸਵੱਛ ਹੋਣਾ ਲੋਚਦੇ
ਸਫ਼ੈਦ ਤੇ ਅੰਬਰੀ
ਮੁਹੱਬਤਾਂ ਨੂੰ ਚਿਤਵਦੇ ਕੁਝ
ਗੁਲਾਬੀ ਤੇ ਜਾਮਣੀ
ਚੁਗਿਰਦ ਹਾਦਸਿਆਂ ਦੀ ਕਥਾ ਕਰਦੇ
ਸੁਰਖ਼ ਤੇ ਲਹੂ-ਭਿੱਜੇ
ਦਹਿਸ਼ਤ ਦੇ ਪਰਛਾਵਿਆਂ ਨੂੰ ਛੂੰਹਦੇ
ਸਿਆਹ ਕਾਲੇ।
ਕਵਿਤਾ ਲਿਖਦਾਂ ਤਾਂ-
ਖ਼ੁਦ ’ਚੋਂ ਕਮੀਨਗੀ ਨੂੰ ਖਰੋਚਦਾਂ
ਵਿਚਾਰਿਆਂ ਨੂੰ ਸੋਚਣ ਲਈ ਲੋਚਦਾਂ
ਕਿਰਤੀ ਹੱਥਾਂ ਨਾਲ ਖੜ੍ਹਦਾਂ
ਕੁਦਰਤ ਦੀ ਉਂਗਲ ਫੜ੍ਹਦਾਂ
ਕਵਿਤਾ ਹੈ ਕਿ-
ਮੇਰੇ ਜਿਉਣ ਜੋਗਰਾ ਆਹਰ ਬਣਦੀ
ਕਵਿਤਾ ਮੇਰੇ ਨਾਲ ਸਹਿਵਾਸ ਕਰਦੀ
ਕਵਿਤਾ ਹੈ ਕਿ ਮੈਨੂੰ ਧਰਵਾਸ ਬਖ਼ਸ਼ਦੀ
ਸ਼ਾਪਿੰਗ ਮਾਲ ਤੇ ਕੀੜੀਆਂ
ਕੀੜੀਆਂ ਹੁਣ ਕਿਵੇਂ ਚੜ੍ਹਨਗੀਆਂ
ਸ਼ਾਪਿੰਗ ਮਾਲ ਦੀਆਂ
ਵੱਡੀਆਂ ਤੇ ਮਰਮਰੀ ਪੌੜੀਆਂ-
ਚੜ੍ਹ ਵੀ ਗਈਆਂ ਤਾਂ-
ਤੁਰ ਨਾ ਸਕਣਗੀਆਂ
ਮੂੰਹ-ਦਿੱਸਦੇ ਸ਼ਫ਼ਾਫ ਫਰਸ਼ ’ਤੇ
ਜਿੱਥੇ ਵਾਰ ਵਾਰ ਪੋਚਾ ਲੱਗਦਾ
ਸਭ ਕੁਝ ਪੈਕ ਮਿਲਦਾ
ਨਾ ਕੁਝ ਡੁੱਲ੍ਹਦਾ ਨਾ ਡਿੱਗਦਾ
ਕੀ ਚੁਗਣਗੀਆਂ…
ਵਿਚਾਰੀਆਂ ਇਹ ਕੀੜੀਆਂ?
ਸਮਿਆਂ ਪਹਿਲਾਂ ਇੱਥੇ
ਪੰਸਾਰੀ ਦੀ ਝਿੱਕੀ ਜਿਹੀ ਹੱਟੀ ਸੀ
ਵਿਚਾਰੇ ਨੂੰ ਗੁਜ਼ਾਰੇ ਜੋਗ ਖੱਟੀ ਸੀ
ਅਕਸਰ ਪੀਪਿਆਂ ਥੈਲਿਆਂ ’ਚੋਂ
ਸੌਦਾ-ਪੱਤਾ ਕੱਢਦਿਆਂ
ਚਿੱਬ-ਖੜਿੱਬੀ ਤੱਕੜੀ ’ਚ ਤੁੱਲਦਿਆਂ
ਕੁਝ ਨਾ ਕੁਝ ਡੁੱਲ੍ਹ ਜਾਂਦਾ, ਕਿਰ ਜਾਂਦਾ
ਕੀੜੀਆਂ ਦੇ ਚੁਗਣ ਲਈ
ਮਾੜਾ-ਮੋਟਾ ਆਹਰ ਬਣ ਜਾਂਦਾ।
ਪੰਸਾਰੀ ਦੇਖਦਾ ਪਰ ਕੁਝ ਨਾ ਕਹਿੰਦਾ
ਉਲਟਾ ਰਾਮ ਦਾ ਸ਼ੁਕਰ ਕਰੇਂਦਾ
ਉਸ ਭਾਣੇ ਕੀੜੀਆਂ ਮੂੰਹ ਨਿੱਕ ਸੁੱਕ ਲੱਗਦਾ
ਤਾਂ ਹੱਟੀ ਦਾ ਕਾਰੋਬਾਰ ਸੋਹਣਾ ਚੱਲਦਾ
ਟੱਬਰ-ਟੀਰ੍ਹ ਵਧੀਆ ਪਲਦਾ
ਗਾਹਕਾਂ ਦੀ ਆਓ-ਜਾਓ ਰਹਿੰਦੀ
ਤੱਕੜੀ ਦੀ ਡੰਡੀ ਹਿੱਲਦੀ ਰਹਿੰਦੀ
ਰਿਜ਼ਕ ’ਚ ਬਰਕਤ ਪੈਂਦੀ
ਕੀੜੀਆਂ ਨੂੰ ਮੌਜ ਬਣੀ ਰਹਿੰਦੀ।
ਪਰ ਕੁਝ ਵਰਿ੍ਹਆਂ ਤੋਂ ਇਧਰ
ਪੱਥਰਾਂ ਦਾ ਸ਼ਹਿਰ ਵੱਸ ਗਿਆ
ਹੱਟੀ ਦੀ ਥਾਵੇਂ
ਇਕ ਸ਼ਾਪਿੰਗ ਮਾਲ ਉਸਰ ਗਿਆ
ਜਿਸ ਮੂੰਹ ਅੱਡੀ ਦੈਂਤ ਨੇ
ਨਾਨਕਸ਼ਾਹੀ ਇੱਟ ਨੂੰ ਨਿਗਲ ਲਿਆ
ਪੰਸਾਰੀ ਵਿਚਾਰਾ ਉਜੜ ਗਿਆ
ਕੀੜੀਆਂ ਦਾ ਖਾਣ-ਪੀਣ ਹੜ੍ਹ ਗਿਆ।
ਕੀੜੀਆਂ ਹੁਣ ਆਉਂਦੀਆਂ
ਪਰ ਚੜ੍ਹ ਨਾ ਸਕਦੀਆਂ
ਸ਼ਾਪਿੰਗ-ਮਾਲ ਦੀਆਂ
ਵੱਡੀਆਂ ਤੇ ਮਰਮਰੀ ਪੌੜੀਆਂ
ਬਾਹਰੋਂ ਹੀ ਦੇਖਦੀਆਂ
ਤੇ ਪਰਤ ਜਾਂਦੀਆਂ
ਵਿਚਾਰੀਆਂ ਇਹ ਕੀੜੀਆਂ!
ਸ਼ਿਕਾਇਤ
ਮਜ਼ਦੂਰੋ! ਓ ਕਾਮਿਓਂ! ਓ ਕਰਮੀਓਂ
ਮਿੱਟੀ ਨਾਲ ਮਿੱਟੀ ਹੋਏ ਬੰਦੀਓ
ਹਨੇਰਿਆਂ-ਸਲ੍ਹਾਬਿਆਂ ਦੇ ਵਾਸੀਓ
ਪਿੱਸ ਰਹੀ ਜ਼ਿੰਦਗੀ ਦੇ ਵਾਰਸੋ
ਓ ਲਹੂ-ਪਸੀਨਾ ਇਕ ਕਰਨ ਵਾਲਿਓ
ਅਕਸਰ ਮੈਂ ਸੋਚਦਾ-ਵਿਚਾਰਦਾਂ
ਕਿ ਤੁਹਾਡੇ ਸੁੱਕੜ ਜਿਹੇ ਢਿੱਡਾਂ ’ਤੇ
ਕਰਮੁੱਠ ਹੋਈਆਂ ਆਂਦਰਾਂ ਨੂੰ
ਭੁੱਖ ਏਨੀ ਕਿਉਂ ਏ ਲੱਗਦੀ
ਕਿਉਂ ਰਹਿਣ ਕੋਕੜੇ ਇਹ ਲੂਸਦੇ?
ਨਗਰਾਂ-ਮਹਾਂ ਨਗਰਾਂ ਤੇ ਕਸਬਿਆਂ ’ਚ
ਹਰ ਚੁਰਾਹੇ, ਮੋੜ, ਹਰ ਕੰਧ ’ਤੇ
ਮਸ਼ਹੂਰੀਆਂ-ਹਜ਼ੂਰੀਆਂ-ਗਰੂਰੀਆਂ ਦੇ
ਚਮਕ ਰਹੇ ਥਾਂ-ਥਾਂ ਇਸ਼ਤਿਹਾਰ ਜੋ
ਇਹਨਾਂ ਨੂੰ ਦਰਸ ਕੇ ਚੱਟ ਕੇ
ਭੁੱਖ ਤੁਹਾਡੀ ਕਿਉਂ ਨਹੀਂ ਮਿਟਦੀ
ਕਿਉਂ ਰਹੇ ਜੀਭ ਸਦਾ ਲਲਕਦੀ?
ਰੋਜ਼ ਮਰ੍ਹਾ ਜਲਸਿਆਂ ਦੇ ਇਕੱਠ ਵਿਚ
ਭਾਸ਼ਣਾਂ-ਲਾਰਿਆਂ ਦੇ ਭੋਜ ਨਾਲ
ਧੱਕਿਆਂ ਤੇ ਟੱਕਰਾਂ ਦੀ ਖੀਰ ਨਾਲ
ਪੁਲਿਸ ਕੋਲੋਂ ਹੁੱਝਾਂ-ਹੂਰੇ ਛਕ ਕੇ
ਘੱਟਾ-ਮਿੱਟੀ-ਗਰਦ ਖੇਹ ਫੱਕ ਕੇ
ਕਿਉਂ ਤੁਹਾਡੇ ਪੇਟ ਨਹੀਂ ਰੱਜਦੇ
ਭੁੱਖ-ਮਰੀ ਦੇ ਢੋਲ ਰਹਿਣ ਵੱਜਦੇ?
ਤੁਹਾਡੇ ਢਾਰਿਆਂ ਨੂੰ ਚੰਨ ਨਿੱਤ ਘੂਰਦਾ
ਸੂਰਜਾ ਵੀ ਅੱਗ ਰਹੇ ਉਗਲਦਾ
ਫਟਦਾ ਏ ਮੇਘਲਾ ਵੀ ਕਦੇ ਕਦੇ
ਕੀ ਹੋਇਆ ਜੇ ਚੁੱਲ੍ਹਾ ਨਹੀਂ ਮੱਚਦਾ
ਰਾਖ਼ ਬਣ ਸਿਤਾਰੇ ਛੱਤੀਂ ਡਿੱਗਦੇ
ਰਹਿਣ ਚਾਮ-ਚੜਿੱਕ ਰਾਤ ਭਰ ਉੱਡਦੇ
ਮੱਛਰਾਂ ਤੇ ਮੱਖੀਆਂ ਦੀ ਠਹਿਰ ਵਿਚ
ਫੇਰ ਵੀ ਜੇ ਤੁਸੀਂ ਨਹੀਂ ਰੱਜਦੇ
ਦੱਸੋ ਯਾਰੋ ਰਾਜੇ ਦਾ ਕਸੂਰ ਕੀ
ਬੋਲੋ ਤੁਹਾਡੀ ਭੁੱਖ ਦਾ ਦਸਤੂਰ ਕੀ?
ਬਾਬਾ ਆਖਦੈ
ਬਾਬਾ ਆਖਦੈ;
ਘਰਾਂ ਨੂੰ ਤਜ ਜਾਣ ਵਾਲੇ
ਜੋਗੀ ਨਾ ਹੁੰਦੇ-ਰੋਗੀ ਹੁੰਦੇ!
ਪਹਾੜਾਂ ਦੀਆਂ ਕੁੰਦਰਾਂ
ਤੇ ਜੰਗਲਾਂ ਦੀਆਂ ਸੁੰਨਸਾਨਾਂ
ਜੋਗੀਆਂ ਦੀ ਕਰਮ ਭੂਮੀ ਨਹੀਂ ਹੁੰਦੀ।
ਜੋਗੀ ਸੋ ਨਾ ਹੁੰਦੇ
ਜੋ ਤਸਬੀ ਦੇ ਸੀਤ ਮਣਕਿਆਂ ’ਤੇ
ਚੇਤਨਾ ਨੂੰ ਸੁੰਨ ਕਰ ਲੈਂਦੇ
ਮੌਨ ਧਾਰ ਬਹਿੰਦੇ।
ਜੋਗੀ ਤਾਂ ਸੋਈ ਹੁੰਦੇ
ਜੋ ਸੁਣਦੇ ਕੁਝ ਕਹਿੰਦੇ
ਜ਼ੁਲਮ ਨਾਲ ਖਹਿੰਦੇ
ਤਲਵਾਰ ਨੂੰ ਕਿਰਪਾਨ ਕਰ ਲੈਂਦੇ।
ਜੋਗੀ ਤਾਂ…
ਨਿਓਟਿਆਂ ਦੀ ਓਟ ਬਣਦੇ
ਨਿਮਾਣਿਆਂ ਦਾ ਮਾਣ ਹੁੰਦੇ
ਨੀਚਾਂ ਕੇ ਬੀਚ ਖੜ੍ਹਦੇ
ਲੰਮੀਆਂ ਉਦਾਸੀਆਂ ਤੋਂ ਬਾਅਦ ਵੀ
ਕਰਤਾਰਪੁਰ ਮੁੜਦੇ
ਆਪਣੇ ਖੇਤਾਂ ਨਾਲ ਜੁੜਦੇ।
ਜੋਗੀ ਤਾਂ….
ਕਰਮ ਨੂੰ ਧਰਮ ਸਵੀਕਾਰਦੇ
ਬਾਰ ਪਰਾਏ ਨਾ ਬੈਠਦੇ
ਦੁੱਧਾਂ ਦੇ ਗੜਵੇ ਨਾ ਡਕਾਰਦੇ।
ਬਾਬਾ ਆਖਦੈ-
ਜੋਗੀ ਮੰਗਤੇ ਨਹੀਂ, ਦਾਤੇ ਹੁੰਦੇ
ਤੇ ਘਰਾਂ ਨੂੰ ਤਜ ਜਾਣ ਵਾਲੇ
ਕਦਾਚਿਤ ਜੋਗੀ ਨਾ ਹੁੰਦੇ!