ਬੱਚੇ ਤਾਂ ਖੇਡ ਤੋਂ ਬਗੈਰ ਕਿਆਸ ਹੀ ਨਹੀਂ ਕੀਤੇ ਜਾ ਸਕਦੇ। ਛੋਟਿਆਂ ਬੱਚਿਆਂ ਦੀਆਂ ਖੇਡਾਂ ਵੀ ਨਿਰਾਲੀਆਂ ਹੁੰਦੀਆਂ ਹਨ। ਬਹੁਤੇ ਮਹਿੰਗੇ ਖਿਡੌਣੇ ਤਾਂ ਉਹਨਾਂ ਨੂੰ ਚਾਹੀਦੇ ਹੀ ਨਹੀਂ ਹੁੰਦੇ। ਬੱਚੇ ਤਾਂ ਅਜਿਹੀਆਂ ਚੀਜ਼ਾਂ ਵਿਚੋਂ ਖੇਡਾਂ ਘੜ ਲੈਂਦੇ ਹਨ ਜਿਹੜੀਆਂ ਕਿਸੇ ਆਮ ਇਨਸਾਨ ਲਈ ਸੋਚਣੀਆਂ ਵੀ ਸੰਭਵ ਨਹੀਂ । ਇਕ ਮਜ਼ੇਦਾਰ ਗੱਲ ਹੋਰ ਵੀ ਹੈ ਕਿ ਵੱਡਿਆਂ ਦੀਆਂ ਖੇਡਾਂ ਤਾਂ ਛੋਟਾ ਬੱਚਾ ਬਾਖੂਬੀ ਖੇਡ ਸਕਦਾ ਹੈ ਜਿਵੇਂ ਕ੍ਰਿਕਟ ਜਾਂ ਫੁਟਬਾਲ ਪਰ ਕੋਈ ਵੀ ਸਿਆਣਾ ਆਦਮੀ ਬੱਚੇ ਦੀ ਅਪਣੀ ਬਣਾਈ ਹੋਈ ਖੇਡ ਖੇਡਣ ਦਾ ਹੀਆ ਨਹੀਂ ਕਰ ਸਕਦਾ। ਮੈਂ ਮਿਸਾਲ ਦੇ ਰਹੀ ਹਾਂ ਖਾਲੀ ਟੀਨ ਦੇ ਡੱਬੇ ਨੂੰ ਖੜਕਾਉਂਦੇ ਬੱਚੇ ਦੀ, ਕੂੜੇ ਦੇ ਡੱਬੇ ਵਿਚ ਵੜੇ ਹੋਏ ਬੱਚੇ ਦੀ, ਚਿੱਕੜ ਵਿਚ ਛਾਲਾਂ ਮਾਰ ਕੇ ਕਿਲਕਾਰੀਆਂ ਮਾਰਨ ਦੀ, ਕਿਰਲੀ ਨੂੰ ਚੁੱਕ ਕੇ ਮੂੰਹ ਵਿਚ ਪਾ ਲੈਣ ਦੀ, ਬੂਟਾਂ ਨੂੰ ਮੂੰਹ ਵਿਚ ਚਿੱਥਣ ਦੀ ਅਤੇ ਪਿਉ ਦੀ ਪਿੱਠ ਉਤੇ ਚੜ੍ਹ ਕੇ ਘੋੜਾ ਘੋੜਾ ਖੇਡਣ ਦੀ।
ਜੇ ਆਪਾਂ ਗੱਲਾਂ ਕਰੀਏ ”ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ” ਦੀ, ਤਾਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਵੱਡੇ ਵੱਡਿਆਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ ਕਿਉਂ ਕਿ ਵੱਡੇ ਵੀ ਅਜਿਹੀ ਖੇਡ ਖੇਡਣ ਵੇਲੇ ਤ੍ਰਹਿੰਦੇ ਹਨ। ਤਿੰਨ ਸਾਲ ਦੇ ਬੱਚਿਆਂ ਨੂੰ ਮੌਤ ਦਾ ਭੈਅ ਤਾਂ ਹੁੰਦਾ ਹੀ ਨਹੀਂ। ਉਹਨਾਂ ਨੂੰ ਇਹ ਸਮਝ ਹੀ ਨਹੀਂ ਹੁੰਦੀ ਕਿ ਟੀਨ ਦੇ ਡੱਬੇ ਨਾਲ ਖੇਡਦੇ ਹੋਏ ਜੇ ਉਹਨਾਂ ਦੀ ਨਸ ਕੱਟੀ ਗਈ ਜਾਂ ਬਿਜਲੀ ਦੇ ਸਵਿੱਚ ਵਿਚ ਹੱਥ ਪਾਉਂਦੇ ਹੋਏ ਕਰੰਟ ਦਾ ਝਟਕਾ ਲੱਗ ਗਿਆ ਜਾਂ ਉਬਲਦੀ ਹੋਈ ਚਾਹ ਉਹਨਾਂ ਉਤੇ ਰੁੜ੍ਹ ਗਈ ਤਾਂ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ।
ਇਨ੍ਹਾਂ ਖੇਡਾਂ ਨਾਲ ਬੱਚੇ ਦਾ ਮਾਨਸਿਕ ਵਿਕਾਸ ਬਹੁਤ ਡੂੰਘੀ ਤਰ੍ਹਾਂ ਜੁੜਿਆ ਹੁੰਦਾ ਹੈ। ਅਜਕਲ ਦੇ ਮੁਕਾਬਲੇ ਵਾਲੇ ਮਾਹੌਲ ਨੂੰ ਵੇਖਦੇ ਹੋਏ ਸਕੂਲ ਅਧਿਆਪਕ ਅਤੇ ਮਾਪੇ ਬੱਚਿਆਂ ਨੂੰ ਏਨਾ ਧੱਕੋ ਜ਼ੋਰੀ ਨਾਲ ਪੜ੍ਹਾਈ ਕਰਨ ਵੱਲ ਮੋੜਦੇ ਪਏ ਹਨ ਕਿ ਜਿਹੜਾ ਮਾਨਸਿਕ ਵਿਕਾਸ ਖੇਡਾਂ ਰਾਹੀਂ ਹੋਣਾ ਚਾਹੀਦਾ ਹੈ, ਉਹ ਲਗਭਗ ਖ਼ਤਮ ਹੀ ਹੈ। ਮਿਸਾਲ ਵਜੋਂ ਮੈਂ ਤੁਹਾਨੂੰ ਇਕ ਸਾਲ ਦੇ ਬੱਚੇ ਦੀ ਅੱਖੀਂ ਵੇਖੀ ਹਾਲਤ ਬਾਰੇ ਦੱਸ ਦਿੰਦੀ ਹਾਂ।
ਜਦੋਂ ਬੱਚੇ ਦੇ ਮਾਪੇ ਮੇਰੇ ਕੋਲ ਬੱਚੇ ਨੂੰ ਦਿਖਾਉਣ ਲਈ ਲੈ ਕੇ ਆਏ ਤਾਂ ਬੱਚੇ ਨੂੰ ਨੌਕਰ ਨੇ ਚੁੱਕਿਆ ਹੋਇਆ ਸੀ। ਮਾਪਿਆਂ ਨੇ ਚਾਰ-ਪੰਜ ਡਾਕਟਰਾਂ ਨੂੰ ਪਹਿਲਾਂ ਹੀ ਦਿਖਾਇਆ ਹੋਇਆ ਸੀ ਤੇ ਕਾਫ਼ੀ ਸਾਰੇ ਟੈਸਟ ਵੀ ਕਰਵਾਏ ਹੋਏ ਸਨ। ਸਾਰੇ ਡਾਕਟਰਾਂ ਦੀ ਇਕੋ ਹੀ ਰਾਇ ਸੀ ਕਿ ਬੱਚੇ ਵਿਚ ਕੋਈ ਨੁਕਸ ਨਹੀਂ ਹੈ।
ਮਾਪੇ ਇਸ ਜਵਾਬ ਤੋਂ ਖੁਸ਼ ਨਹੀਂ ਸਨ ਕਿਉਂ ਕਿ ਬੱਚਾ ਬਹੁਤ ਜ਼ਿਆਦਾ ਰੋਂਦੂ ਤੇ ਚਿੜਚਿੜਾ ਸੀ। ਮੈਂ ਵੀ ਬੱਚੇ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਬੱਚਾ ਗੋਦੀ ਵਿਚੋਂ ਥੱਲੇ ਉਤਰਨਾ ਚਾਹੁੰਦਾ ਸੀ। ਮਾਪਿਆਂ ਨੇ ਰੋਂਦਾ ਚੀਕਦਾ ਬੱਚਾ ਨੌਕਰ ਦੇ ਹੱਥ ਫੜਾ ਕੇ ਉਸ ਨੂੰ ਬਾਹਰ ਭੇਜ ਦਿੱਤਾ। ਬਾਹਰਲੇ ਨਜ਼ਾਰੇ ਵੇਖ ਕੇ ਕੁਝ ਦੇਰ ਲਈ ਬੱਚਾ ਚੁੱਪ ਕਰ ਗਿਆ।
ਜਿਉਂ ਹੀ ਬੱਚਾ ਵਾਪਸ ਅੰਦਰ ਲਿਆਂਦਾ ਗਿਆ, ਉਸ ਨੇ ਫੇਰ ਕੋਹਰਾਮ ਮਚਾ ਦਿੱਤਾ।
ਮੈਂ ਬੱਚਾ ਮਾਪਿਆਂ ਕੋਲੋਂ ਫੜ੍ਹ ਕੇ ਥੱਲੇ ਖੜਾ ਕੀਤਾ ਤਾਂ ਕਮਾਲ ਹੀ ਹੋ ਗਿਆ। ਉਸ ਦੀਆਂ ਅੱਖਾਂ ਵਿਚੋਂ ਹੰਝੂ ਅਜੇ ਵੀ ਵਗਦੇ ਪਏ ਸਨ ਪਰ ਥੱਲੇ ਬੈਠਦੇ ਸਾਰ ਉਸਨੇ ਕਾਗਜ਼ ਦਾ ਟੁਕੜਾ ਚੁੱਕਿਆ ਅਤੇ ਕਿਲਕਾਰੀ ਮਾਰੀ। ਮੈਨੂੰ ਜਾਪਿਆ ਬੱਚਾ ਕਹਿ ਰਿਹਾ ਸੀ-
”ਬੰਨ੍ਹ ਛੱਡਿਆ ਹੈ ਮੈਨੂੰ ਰੱਸੀ ਬਗੈਰ, ਕੀਤੀ ਹੈ ਫੌਜ ਤੈਨਾਤ ਸਾਰੀ,
ਕੀ ਜਾਣੋ ਕੀ ਬੁੱਝੋ ਕੀ ਹੋਇਆ ਮੈਨੂੰ, ਮੇਰੀ ਖੁੱਸ ਗਈ ਹੈ ਕਾਇਨਾਤ ਸਾਰੀ।”
ਬੱਚੇ ਨੂੰ ਕਾਗਜ਼ ਚੁੱਕ ਕੇ ਖੇਡਦੇ ਵੇਖ ਕੇ ਉਸ ਦੇ ਮਾਪਿਆਂ ਨੇ ਰੌਲਾ ਪਾ ਦਿੱਤਾ ਕਿ ਹੇਠਲੇ ਕੀਟਾਣੂ ਬੱਚੇ ਨੂੰ ਲੱਗ ਜਾਣਗੇ। ਜਿਉਂ ਹੀ ਬੱਚੇ ਨੂੰ ਕੁੱਛੜ ਚੁੱਕਿਆ ਗਿਆ, ਉਸ ਨੇ ਫੇਰ ਚੀਕਣਾ ਸ਼ੁਰੂ ਕਰ ਦਿੱਤਾ।
ਬੱਚੇ ਦੇ ਚਿੜਚਿੜੇ ਹੋ ਜਾਣ ਦਾ ਕਾਰਨ ਤਾਂ ਹੁਣ ਸਾਹਮਣੇ ਹੀ ਸੀ। ਉਸ ਦੀ ਖੇਡਣ ਦੀ ਆਜ਼ਾਦੀ ਖੋਹ ਲਈ ਗਈ ਸੀ ਤੇ ਹਾਸੇ ਨੇ ਅਪਣੇ ਆਪ ਲੋਪ ਹੋ ਜਾਣਾ ਸੀ।
ਸਾਨੂੰ ਪਤਾ ਹੀ ਹੈ ਕਿ ਆਜ਼ਾਦੀ ਕਿੰਨੀ ਪਿਆਰੀ ਚੀਜ਼ ਹੈ। ਕਿਸੇ ਜਾਨਵਰ ਨੂੰ ਵੀ ਸਾਰਾ ਦਿਨ ਕਿੱਲੇ ਨਾਲ ਬੰਨ੍ਹ ਦਿੱਤਾ ਜਾਵੇ ਤਾਂ ਉਹ ਵੀ ਚੀਕਣ ਲੱਗ ਪੈਂਦਾ ਹੈ। ਇਹ ਤਾਂ ਫੇਰ ਬੱਚਾ ਸੀ।
ਛੇ ਤੋਂ ਬਾਰਾਂ ਮਹੀਨੇ ਦਾ ਬੱਚਾ ਹਰ ਚੀਜ਼ ਮੂੰਹ ਵਿਚ ਪਾਉਣੀ ਚਾਹੁੰਦਾ ਹੈ। ਇਹ ਉਸਦੀ ਅਪਣੀ ਹੀ ਬਣਾਈ ਹੋਈ ਖੇਡ ਹੁੰਦੀ ਹੈ ਜਿਸ ਵਿਚ ਉਹ ਪਹਿਲਾਂ ਹਰ ਨਵੀਂ ਚੀਜ ਨੂੰ ਚੰਗੀ ਤਰ੍ਹਾਂ ਘੋਖਦਾ ਹੈ, ਫੇਰ ਇਕ ਤੋਂ ਦੂਜੇ ਹੱਥ ਵਿਚ ਲੈ ਕੇ ਪਰਖਦਾ ਹੈ, ਜ਼ੋਰ ਦੀ ਥੱਲੇ ਮਾਰ ਕੇ ਮਜ਼ਬੂਤੀ ਵੇਖਦਾ ਹੈ ਜਾਂ ਫੇਰ ਖੜੇ ਹੋ ਕੇ ਪਰ੍ਹਾਂ ਪਟਕ ਦਿੰਦਾ ਹੈ। ਫੇਰ ਰੁੜ੍ਹ ਕੇ ਉਸ ਕੋਲ ਪਹੁੰਚਦਾ ਹੈ, ਮੂੰਹ ਵਿਚ ਪਾਉਂਦਾ ਹੈ ਤੇ ਚੱਬ ਕੇ ਸੁਆਦ ਵੀ ਲੈਂਦਾ ਹੈ। ਜਿਹੜੇ ਬੱਚੇ ਕੁਝ ਜ਼ਿਆਦਾ ਸੁਤੰਤਰ ਹੋਣ ਜਾਂ ਘਰੋਂ ਪਿਆਰ ਨਾਲ ਰੱਜੇ ਹੋਣ, ਉਹ ਜ਼ਿਆਦਾ ਸਿੱਖਣ ਦੇ ਚਾਹਵਾਨ ਹੁੰਦੇ ਹਨ ਤੇ ਜ਼ਿਆਦਾ ਚੀਜ਼ਾਂ ਘੋਖਦੇ ਹਨ। ਜਿਹੜੇ ਬੱਚੇ ਬਹੁਤ ਬੰਦਸ਼ਾਂ ਵਿਚ ਰੱਖੇ ਗਏ ਹੋਣ ਜਾਂ ਪਿਆਰ ਵਿਹੂਣੇ ਹੋਣ, ਉਹਨਾਂ ਦੀ ਸਿੱਖਣ ਦੀ ਚਾਹ ਵੀ ਦਬ ਜਾਂਦੀ ਹੈ। ਛੇ ਸੱਤ ਮਹੀਨਿਆਂ ਤੱਕ ਦੇ ਬੱਚੇ ਨੂੰ ਜੇ ਰੰਗਦਾਰ ਗੇਂਦ ਦਿਖਾ ਦਿੱਤੀ ਜਾਏ ਜਾਂ ਫੜਾ ਦਿੱਤੀ ਜਾਏ ਤਾਂ ਉਹ ਉਸ ਨਾਲ ਫੱਟ ਖੇਡਣ ਲੱਗ ਪੈਂਦਾ ਹੈ। ਜਿਉਂ ਹੀ ਗੇਂਦ ਰਿੜ ਜਾਏ ਜਾਂ ਮੰਜੀ ਥੱਲੇ ਚਲੀ ਜਾਏ ਤਾਂ ਉਹ ਝੁਕ ਕੇ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜੇ ਇਕਦਮ ਨਜ਼ਰੀਂ ਨਾ ਪਵੇ ਤਾਂ ਉਹ ਉਸਨੂੰ ਲੱਭਣਾ ਛੱਡ ਕੇ ਕਿਸੇ ਹੋਰ ਆਹਰੇ ਲੱਗ ਪੈਂਦਾ ਹੈ ਜਿਵੇਂ ਗੇਂਦ ਕਿਤੇ ਹੋਵੇ ਹੀ ਨਾ।
ਨੌਂ ਮਹੀਨੇ ਦੇ ਬੱਚੇ ਨੂੰ ਇਹ ਬਾਖੂਬੀ ਪਤਾ ਹੁੰਦਾ ਹੈ ਕਿ ਜੇ ਗੇਂਦ ਗੁੰਮੀ ਹੈ ਜਾਂ ਕਿਤੇ ਰਿੜ ਗਈ ਹੈ ਤਾਂ ਉਸਨੂੰ ਲੱਭਣਾ ਜਰੂਰੀ ਹੈ ਕਿਉਂ ਕਿ ਉਹ ਕਿਤੇ ਨਾ ਕਿਤੇ ਲੁਕੀ ਪਈ ਹੈ। ਇਸੇ ਲਈ ਬੱਚਾ ਕਦੇ ਮੰਜੇ ਹੇਠਾਂ, ਕਦੇ ਮੇਜ਼ ਹੇਠਾਂ ਜਾਂ ਗੁਸਲਖਾਨੇ ਵਿਚ, ਬਾਲਟੀ ਵਿਚ, ਹਰ ਥਾਂ ਲਭਦਾ ਹੀ ਫਿਰਦਾ ਹੈ। ਇਸੇ ਹੀ ਲੁਕਣਮੀਟੀ ਦੀ ਖੇਡ ਵਿਚ ਜੇ ਗੇਂਦ ਨਾ ਵੀ ਲੱਭੇ ਤਾਂ ਉਸ ਨੂੰ ਕੋਈ ਨਾ ਕੋਈ ਹੋਰ ਚੀਜ਼ ਵੀ ਲੱਭ ਜਾਂਦੀ ਹੈ, ਜਿਵੇਂ ਕੂੜਾ, ਲੀਰ, ਲੱਕੜ, ਕਿੱਲ, ਪੇਚ, ਕਾਕਰੋਚ ਆਦਿ, ਜਿਸ ਨੂੰ ਉਹ ਬਹੁਤ ਹੀ ਸੁਆਦਲੇ ਤਰੀਕੇ ਨਾਲ ਮੂੰਹ ਵਿਚ ਪਾਕੇ ਖਾ ਵੀ ਲੈਂਦਾ ਹੈ। ਜੇ ਏਸੇ ਲੱਭਣ ਦੀ ਖੇਡ ਵਿਚ ਕਿਤੇ ਗੇਂਦ ਨਜ਼ਰੀਂ ਪੈ ਗਈ ਤਾਂ ਏਨੇ ਸੋਹਣੇ ਤਰੀਕੇ ਨਾਲ ਅਪਣੇ ਪੋਲੇ ਜਿਹੇ ਹੱਥਾਂ ਵਿਚ ਫੜ ਕੇ ਕਿਲਕਾਰੀ ਮਾਰਦਾ ਹੈ ਕਿ ਕੋਈ ਵੀ ਉਸ ਦੀ ਗੱਲ੍ਹ ਪੁੱਟ ਕੇ ਉਸ ਨੂੰ ਚੁੰਮ ਲਵੇ।
ਏਸੇ ਹੀ ਤਰ੍ਹਾਂ ਦੀ ਖੇਡ ਹੁੰਦੀ ਹੈ ਖਾਣਾ ਮੂੰਹ ਵਿਚ ਪਾਉਣ ਦੀ, ਜਿਸ ਵਿਚ ਮਾਪੇ ਅਪਣੇ ਹੱਥ ਨਾਲ ਬੱਚੇ ਦੇ ਮੂੰਹ ਵਿਚ ਚਮਚ ਤੁੰਨਣਾ ਚਾਹੁੰਦੇ ਹਨ ਤੇ ਬੱਚਾ ਅਪਣੇ ਆਪ ਇਹੀ ਚੀਜ਼ ਕਰਨੀ ਚਾਹੁੰਦਾ ਹੈ। ਨਤੀਜੇ ਵਜੋਂ ਚਮਚ ਮੂੰਹ ਦੇ ਨੇੜੇ ਆਉਂਦੇ ਹੀ ਬੱਚਾ ਮੂੰਹ ਪਰਾਂ ਕਰ ਲੈਂਦਾ ਹੈ। ਜੇ ਚਮਚ ਬੱਚੇ ਨੂੰ ਫੜਾ ਦਿੱਤਾ ਜਾਵੇ ਤਾਂ ਅੱਧੀ ਖੀਰ ਮੂੰਹ ਦੇ ਅੰਦਰ, ਅੱਧੀ ਠੋਡੀ ’ਤੇ ਰੁੜੀ ਹੋਈ, ਕੁਝ ਕੱਪੜਿਆਂ ’ਤੇ ਸੁੱਟ ਕੇ ਤੇ ਬਾਕੀ ਮੇਜ਼ ’ਤੇ ਖਿਲਾਰ ਕੇ ਬੱਚਾ ਪੂਰੀ ਮੁਸਕਰਾਹਟ ਬਿਖੇਰ ਕੇ ਮਾਪਿਆਂ ਵੱਲ ਵੇਖਦਾ ਹੈ ਕਿ ਵੇਖਿਆ ਨਾ ਕਮਾਲ ਕਰ ਦਿੱਤਾ, ਹੁਣ ਖਿੱਚਣੀ ਹੈ ਤਾਂ ਬੇਸ਼ੱਕ ਮੇਰੀ ਫੋਟੋ ਖਿੱਚ ਲਵੋ। ਇਹ ਹੁਣ ਮਾਪਿਆਂ ’ਤੇ ਨਿਰਭਰ ਹੈ ਕਿ ਉਹ ਫੋਟੋ ਖਿੱਚਣੀ ਚਾਹੁੰਦੇ ਹਨ ਜਾਂ ਚਪੇੜ ਮਾਰਨੀ ਚਾਹੁੰਦੇ ਹਨ।
ਸੱਤ-ਅੱਠ ਮਹੀਨਿਆਂ ਦਾ ਬੱਚਾ ਫੋਟੋਆਂ ਵਾਲੀ ਕਿਤਾਬ ਵਿਚ ਹੋਰ ਵੀ ਜ਼ਿਆਦਾ ਧਿਆਨ ਦਿੰਦਾ ਹੈ। ਜੇ ਮਾਪੇ ਜਾਣ ਕੇ ਗਲਤ ਨਾਂ ਲੈਣ ਤਾਂ ਬੱਚਾ ਹੈਰਾਨੀ ਨਾਲ ਮਾਪਿਆਂ ਦਾ ਮੂੰਹ ਤੱਕਦਾ ਹੈ ਤੇ ਫੇਰ ਦੁਬਾਰਾ ਉਂਗਲ ਰੱਖ ਕੇ ਪੁੱਛਦਾ ਹੈ। ਜੇ ਮਾਪੇ ਹੁਣ ਹੱਸ ਕੇ ਠੀਕ ਨਾਂ ਦੱਸ ਦੇਣ ਤਾਂ ਬੱਚਾ ਫੱਟ ਮੁਸਕਰਾ ਕੇ ਸਿਰ ਹਿਲਾਉਂਦਾ ਹੈ ਜਿਵੇਂ ਕਹਿ ਰਿਹਾ ਹੋਵੇ, ”ਹੱਦ ਹੋ ਗਈ ਤੁਹਾਨੂੰ ਏਨਾ ਵੀ ਨਹੀਂ ਪਤਾ। ਮੈਂ ਏਨਾ ਬੇਵਕੂਫ ਬਿਲਕੁਲ ਨਹੀਂ ਹਾਂ।” ਏਸੇ ਹੀ ਉਮਰ ਵਿਚ ਬੱਚਾ ਅਪਣਾ ਨਵਾਂ ਖਿਡੌਣਾ ਚੁੱਕ ਕੇ ਰਿੜਦਾ ਹੋਇਆ ਮਾਂ ਕੋਲ ਪਹੁੰਚ ਕੇ ਪੋਲੇ ਹੱਥਾਂ ਨਾਲ ਉਸ ਦਾ ਪੈਰ ਛੇੜਦਾ ਹੈ ਤੇ ਆਪਣਾ ਖਿਡੌਣਾ ਵਿਖਾ ਕੇ ਪਿਆਰੀ ਜਿਹੀ ਮੁਸਕਾਨ ਬਿਖੇਰਦਾ ਹੈ ਤੇ ਆਪਣੇ ਖਿਡੌਣੇ ਬਾਰੇ ਸਲਾਹੁਤਾਂ ਸੁਣਨੀ ਚਾਹੁੰਦਾ ਹੈ।
ਜੇ ਅਜਿਹੇ ਸਮੇਂ ਮਾਪੇ ਅਪਣੇ ਕੰਮ ਵਿਚ ਏਨਾ ਮਸਰੂਫ਼ ਹੋਣ ਕਿ ਬੱਚੇ ਨੂੰ ਮੁਸਕਰਾਹਟ ਦੇਣ ਦੀ ਬਜਾਏ ਝਿੜਕ ਦੇਣ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਏਨੀ ਮਿਹਨਤ ਨਾਲ ਰਿੜ੍ਹ ਕੇ ਇਕ ਹੱਥ ਵਿਚ ਖਿਡੌਣਾ ਫੜ ਕੇ ਆਏ ਫੁੱਲ ਜਿਹੇ ਬੱਚੇ ਦੇ ਦਿਲ ’ਤੇ ਕੀ ਬੀਤੇਗੀ।
ਏਸੇ ਹੀ ਉਮਰ ਵਿਚ ਮਹਿੰਗੇ ਤੋਂ ਮਹਿੰਗਾ ਖਿਡੌਣਾ ਛੱਡ ਕੇ ਬੱਚਾ ਟੁੱਟੇ ਹੋਏ ਗੱਤੇ ਦੇ ਡੱਬੇ ਵਿਚ ਬੈਠਣਾ ਜ਼ਿਆਦਾ ਪਸੰਦ ਕਰਦਾ ਹੈ ਜਾਂ ਜੁੱਤੀਆਂ ਦੇ ਡੱਬੇ ਨੂੰ ਮੂੰਹ ਵਿਚ ਚੱਬ ਕੇ ਭੈੜਾ ਜਿਹਾ ਮੂੰਹ ਬਣਾ ਕੇ ਸੁਆਦ ਵੇਖਦਾ ਹੈ। ਇਕ ਸਾਲ ਦਾ ਬੱਚਾ ਤਾਂ ਪਾਪਾ ਦੇ ਜੁੱਤਿਆਂ ਵਿਚ ਪੈਰ ਪਾ ਕੇ ਇਹ ਐਲਾਨ ਕਰ ਦਿੰਦਾ ਹੈ ਕਿ ਮੈਂ ਵੀ ਵੱਡਾ ਹੋ ਰਿਹਾ ਹਾਂ।
ਏਸੇ ਹੀ ਤਰ੍ਹਾਂ ਮਾਪਿਆਂ ਨੂੰ ਕੱਪ ਵਿਚ ਚਾਹ ਪੀਂਦੇ ਵੇਖ ਕੇ ਬੱਚਾ ਖਾਲੀ ਕੱਪ ਮੂੰਹ ਨੂੰ ਲਾ ਕੇ ਬੋਲੇ ਬਗੈਰ ਹੀ ਇਸ਼ਾਰੇ ਰਾਹੀਂ ਸਮਝਾ ਦਿੰਦਾ ਹੈ ਕਿ ਮੈਨੂੰ ਸਭ ਪਤਾ ਹੈ। ਏਸ ਉਮਰ ਵਿਚ ਬੱਚਾ ਮਾਪਿਆਂ ਦੁਆਲੇ ਫਿਰਕੀ ਵਾਂਗ ਘੁੰਮਦਾ ਰਹਿੰਦਾ ਹੈ ਤਾਂ ਜੋ ਅਪਣੀ ਸਿੱਖੀ ਹੋਈ ਚੀਜ਼ ਲਗਾਤਾਰ ਮਾਪਿਆਂ ਨੂੰ ਦਿਖਾਉਂਦਾ ਰਹੇ ਤੇ ਉਹਨਾਂ ਤੋਂ ਹੱਲਾਸ਼ੇਰੀ ਤੇ ਪਿਆਰ ਲੈਂਦਾ ਰਹੇ। ਜਿਸ ਖਿੱਚ ਕਾਰਨ ਬੱਚਾ ਫਿਰਕੀ ਬਣਿਆ ਫਿਰਦਾ ਹੈ, ਜੇ ਉਸ ਧੁਰੇ ਤੋਂ ਹੀ ਪਿਆਰ ਦੀਆਂ ਕਿਰਨਾਂ ਘੱਟ ਹੋਣ ਤਾਂ ਇਹ ਖਿੱਚ ਆਪੇ ਹੀ ਖ਼ਤਮ ਹੋ ਜਾਣੀ ਹੋਈ ਤੇ ਬੱਚਾ ਜਾਂ ਤਾਂ ਅਪਣੇ ਆਪ ਅੰਦਰ ਹੀ ਬੰਦ ਹੋ ਕੇ ਰਹਿ ਜਾਂਦਾ ਹੈ, ਜਾਂ ਫੇਰ ਕਿਸੇ ਹੋਰ ਤੋ ਪਿਆਰ ਭਾਲਦਾ ਹੈ।
ਡੇਢ ਸਾਲ ਦਾ ਬੱਚਾ ਮਾਪਿਆਂ ਵੱਲੋਂ ਸੁਣਾਏ ਕੁਝ ਹੁਕਮ ਤਾਂ ਜ਼ਰੂਰ ਹੀ ਮੰਨ ਲੈਂਦਾ ਹੈ ਜਿਨ੍ਹਾਂ ਵਿਚ ਮਾਂ ਵੱਲੋਂ ਕੀਤਾ ‘ਨਹੀਂ ਲੈਣਾ’ ਵਾਲਾ ਸਿਰ ਹਿਲਾਉਣਾ ਜਾਂ ‘ ਦੇ ਦੇ’ ਕਹਿਣਾ ਅਤੇ ‘ਟਾ ਟਾ’ ਕਹਿਣਾ ਵੀ ਸ਼ਾਮਲ ਹਨ। ਮਾਪਿਆਂ ਵੱਲੋਂ ਬਾਰ ਬਾਰ ਸਿਖਾਏ ਉਸਦੇ ਆਪਣੇ ਸਰੀਰ ਦੇ ਅੰਗ ਵੀ ਜਿਵੇਂ ਬਾਂਹ, ਲੱਤ, ਢਿੱਡ ਆਦਿ ਵੀ ਬੱਚਾ ਸਮਝਣ ਲੱਗ ਪੈਂਦਾ ਹੈ ਤੇ ਨਾਂ ਬੋਲਣ ਉਤੇ ਉਸ ਅੰਗ ਵਿਚ ਇਸ਼ਾਰਾ ਵੀ ਕਰ ਦਿੰਦਾ ਏ ਜਿਵੇਂ ਬਾਂਹ ਕਹਿਣ ’ਤੇ ਫੱਟ ਅਪਣੀ ਨਿੱਕੀ ਜਿਹੀ ਬਾਂਹ ਚੁਕ ਕੇ ਮੁਸਕੁਰਾ ਦਿੰਦਾ ਹੈ, ”ਵੇਖਿਆ ਮੇਰੇ ਡੋਲੇ’’! ਏਸੇ ਉਮਰ ਵਿਚ ਚਾਰ ਪੰਜ ਅੱਖਰ ਬੋਲ ਕੇ ਬੱਚਾ ਅਪਣੇ ਮਾਪਿਆਂ ਦੇ ਦਿਲ ਵਿਚ ਠੰਡ ਵੀ ਪਾ ਦਿੰਦਾ ਹੈ, ਕਿਉਂਕਿ ਮਾਪੇ ਅਪਣੇ ਬੱਚਿਆਂ ਦੇ ਮੂੰਹੋਂ ਗੱਲਾਂ ਸੁਣਨ ਲਈ ਤਰਸਦੇ ਰਹਿੰਦੇ ਹਨ। ਬੱਚੇ ਵੀ ਬੋਲਣਾ ਸਿੱਖਦੇ ਸਾਰ ਏਨੇ ਖੁਸ਼ ਹੋ ਜਾਂਦੇ ਹਨ ਕਿ ਅਪਣੇ ਆਪ ਵਿਚ ਹੀ ਮਸਤ ਜਾਂ ਅਪਣੇ ਖਿਡੌਦੇ ਵਿਚ ਮਸਤ ਕੁਝ ਨਾ ਕੁਝ ਗਿਟਮਿਟ ਕਰਦੇ ਹੀ ਰਹਿੰਦੇ ਹਨ ਤੇ ਅਜਿਹੀ ਹੀ ਗਿਟਮਿਟ ਮਾਪਿਆਂ ਨੂੰ ਸੁਣਾ ਕੇ ਜ਼ੋਰ ਦੀ ਹਸ ਵੀ ਪੈਂਦੇ ਹਨ। ਮਾਪੇ ਵੀ ਅੱਗੋਂ ਗੱਲ ਸਮਝੇ ਬਗੈਰ ਹਾਸੇ ਵਿਚ ਸਾਥ ਦੇ ਦੇਣ ਤਾਂ ਹੀ ਵਧੀਆ ਹੈ ਕਿਉਂਕਿ ਬੱਚਾ ਇਸ ਉਮਰ ਵਿਚ ਅਪਣੀ ਗੱਲ ਸਮਝਾਉਣ ਨਾਲੋਂ ਗੱਲ ਸੁਣਾਉਣ ਨੂੰ ਹੀ ਤਰਜ਼ੀਹ ਦਿੰਦਾ ਹੈ, ਭਾਵੇਂ ਅਗਲੇ ਨੂੰ ਸਮਝ ਆਵੇ ਜਾਂ ਨਾ।
ਏਸੇ ਲਈ ਹੀ ਕਿਹਾ ਜਾਂਦਾ ਹੈ, ‘ਗੂੰਗੇ ਦੀ ਭਾਸ਼ਾ ਗੂੰਗੇ ਦੀ ਮਾਂ ਹੀ ਜਾਣੇ।’’
ਜੇ ਕਿਸੇ ਮਾਪੇ ਨੇ ਅਜਿਹਾ ਮੰਜ਼ਰ ਨਹੀਂ ਤੱਕਿਆ ਤਾਂ ਉਸਨੇ ਅਪਣੀ ਜ਼ਿੰਦਗੀ ਦਾ ਇਕ ਹਸੀਨ ਪਲ ਗੁਆ ਲਿਆ ਹੈ।
ਡੇਢ ਕੁ ਸਾਲ ਦਾ ਹੀ ਬੱਚਾ ਸ਼ੀਸ਼ੇ ਅੱਗੇ ਖੜ੍ਹਾ ਕੰਘੀ ਫੜ ਕੇ ਸਿਰ ’ਤੇ ਫੇਰਦਾ ਹੋਇਆ ਅਪਣੇ ਆਪ ਨੂੰ ਬਹੁਤ ਸੋਹਣੀ ਤਰ੍ਹਾਂ ਨਿਹਾਰਦਾ ਹੈ। ਖ਼ਾਲੀ ਪਲੇਟ ਵਿਚੋਂ ਅਪਣੀ ਗੁੱਡੀ ਨੂੰ ਰੋਟੀ ਖੁਆਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤੇ ਫੇਰ ਉਸਨੂੰ ਕੱਛ ਵਿਚ ਦਬਾ ਕੇ ਸੌਂ ਵੀ ਜਾਂਦਾ ਹੈ। ਏਸੇ ਉਮਰ ਵਿਚ ਬੱਚਾ ਮਾਪਿਆਂ ਦੀ ਗੰਲ ’ਤੇ ਚੁੰਮ ਕੇ ਚੁੰਮਣ ਦੀ ਆਵਾਜ਼ ਵੀ ਕੱਢਣ ਲੱਗ ਪੈਂਦਾ ਹੈ।
ਬੱਚਿਆਂ ਦਾ ਮਾਨਸਿਕ ਵਿਕਾਸ ਜੇ ਮਾਪਿਆਂ ਨੇ ਆਪ ਪਰਖਣਾ ਹੋਵੇ ਤਾਂ ਚੌਕੋਰ ਲੱਕੜ ਜਾਂ ਚੌਕੋਰ ਪਲਾਸਟਿਕ ਦੇ ਕਿਊਬ ਸਭ ਤੋਂ ਵਧੀਆ ਹਨ।
ਸਵਾ ਕੁ ਸਾਲ ਦਾ ਬੱਚਾ ਤਿੰਨ ਚੌਕੋਰਾਂ ਨੂੰ ਇਕ ਦੂਜੇ ਉਪਰ ਰੱਖ ਸਕਦਾ ਹੈ ਤੇ ਡੇਢ ਸਾਲ ਦਾ ਚਾਰ ਚੌਕੋਰਾਂ ਦਾ ਮੀਨਾਰ ਬਣਾ ਲੈਂਦਾ ਹੈ। ਪੌਣੇ ਕੁ ਦੋ ਸਾਲ ਦਾ ਛੇ ਚੌਕੋਰ, ਦੋ ਸਾਲ ਦਾ ਸੱਤ ਚੌਕੋਰ, ਢਾਈ ਸਾਲ ਦਾ ਨੌ ਚੌਕੋਰ ਅਤੇ ਤਿੰਨ ਸਾਲ ਦਾ ਦਸ ਚੌਕੋਰ ਇਕ ਦੂਜੇ ਉਪਰ ਖੜੇ ਕਰ ਲੈਂਦਾ ਹੈ ਜਾਂ ਤਿੰਨ ਚੌਕੋਰਾਂ ਦਾ ਦਰਵਾਜ਼ਾ ਵੀ ਬਣਾ ਲੈਂਦਾ ਹੈ। ਚਾਰ ਸਾਲ ਦਾ ਬੱਚਾ ਪੰਜ ਚੌਕੋਰਾਂ ਦਾ ਦਰਵਾਜ਼ਾ ਵੀ ਬਣਾ ਲੈਂਦਾ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਆਕਾਰ ਘੜ੍ਹਨ ਲੱਗ ਪੈਂਦਾ ਹੈ।
ਜੇ ਰੰਗਾਂ ਦੀ ਦੁਨੀਆਂ ਵਲ ਨੂੰ ਤੁਰੀਏ ਤਾਂ ਸਵਾ ਕੁ ਸਾਲ ਦਾ ਬੱਚਾ ਰੰਗਦਾਰ ਪੈਨਸਿਲਾਂ ਨਾਲ ਇਕ ਲਾਈਨ ਮਾਰ ਲੈਂਦਾ ਹੈ। ਡੇਢ ਸਾਲ ’ਤੇ ਟੇਢੀਆਂ ਮੇਢੀਆਂ ਹਲਕੀਆਂ ਹਲਕੀਆਂ ਪੰਜ ਛੇ ਲਾਈਨਾਂ ਮਾਰ ਲੈਂਦਾ ਹੈ ਤੇ ਉਹ ਵੀ ਏਨਾ ਮਸਗੂਲ ਹੋ ਕੇ, ਜਿਵੇਂ ਉਸ ਤੋਂ ਵਧੀਆ ਚਿਤਰਕਾਰ ਅੱਜ ਤੰਕ ਜੰਮਿਆ ਹੀ ਨਾ ਹੋਵੇ ਤੇ ਉਹ ਦੁਨੀਆਂ ਦੀ ਅਸਲੋਂ ਵੱਖਰੀ ਕਲਾਕ੍ਰਿਤੀ ਘੜ ਰਿਹਾ ਹੋਵੇ। ਫੇਰ ਉਹ ਕਾਗਜ਼ ਮਾਪਿਆਂ ਦੇ ਹਵਾਲੇ ਕਰ ਆਉਂਦਾ ਹੈ ਜਿਵੇਂ ਉਹ ਸਭ ਸਮਝ ਕੇ ਉਸਨੂੰ ਸਾਬਾਸ਼ੀ ਦੇ ਢੇਰ ਦੇ ਦੇਣਗੇ। ਅਫ਼ਸੋਸ ਹੈ, ਬਹੁਤੇ ਮਾਪੇ ਏਸ ਮੌਕੇ ’ਤੇ ਹੱਲਾਸ਼ੇਰੀ ਨਹੀਂ ਦਿੰਦੇ ਬਲਕਿ ਕਾਗਜ਼ ਫੜ ਕੇ ਪਾਸੇ ਰੱਖ ਦਿੰਦੇ ਹਨ ਤੇ ਉਸਨੂੰ ਹੋਰ ਆਹਰੇ ਲਾ ਦਿੰਦੇ ਹਨ।
ਦੋ ਕੁ ਸਾਲ ’ਤੇ ਬੱਚਾ ਗੋਲਾ ਵਾਹੁਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ ਤੇ ਢਾਈ ਕੁ ਸਾਲ ’ਤੇ ਪੂਰਾ ਗੋਲਾ ਵਾਹੁਣ ਵਿਚ ਕਾਮਯਾਬ ਵੀ ਹੋ ਜਾਂਦਾ ਹੈ।
ਤਿੰਨ ਸਾਲ ਦਾ ਬੱਚਾ ਕਾਟਾ ਜਾਂ ਦੋ ਲਾਈਨਾਂ ਇਕ ਦੂਜੇ ਨੂੰ ਕਟਦੀਆਂ ਹੋਈਆਂ ਬਾਖੂਬੀ ਵਾਹ ਲੈਂਦਾ ਹੈ। ਚਾਰ ਸਾਲ ਦਾ ਬੱਚਾ ਤਾਂ ਆਦਮੀ ਵੀ ਵਾਹ ਲੈਂਦਾ ਹੈ ਭਾਵੇਂ ਉਹ ਕਿਨਾ ਹੀ ਬੇਢੰਗਾ ਬਣੇ। ਇਕ ਟੇਢਾ ਜਿਹਾ ਗੋਲਾ ਸਿਰ ਦੀ ਥਾਂ ਬਣਾ ਕੇ ਤੇ ਇਕ ਲੰਬੀ ਡੰਡੀ ਹੇਠਾਂ ਖਿੱਚ ਕੇ ਉਸ ਦੀਆਂ ਚਾਰ ਟਾਹਣੀਆਂ ਕੱਢ ਦਿੰਦਾ ਹੈ ਜਿਨ੍ਹਾਂ ਨੂੰ ਦੋ ਲੱਤਾਂ ਤੇ ਦੋ ਬਾਹਵਾਂ ਸੋਚਿਆ ਜਾ ਸਕਦਾ ਹੈ।
ਪੰਜ ਸਾਲ ਦਾ ਬੱਚਾ ਤਿਕੋਨ ਵੀ ਵਾਹ ਲੈਂਦਾ ਹੈ ਤੇ ਉਸਦੀ ਚਿੱਤਰਕਾਰੀ ਵਿਚ ਵੀ ਅੱਗੇ ਤੋਂ ਵਧ ਨਿਖਾਰ ਆ ਜਾਂਦਾ ਹੈ।
ਜੇ ਖੇਡਣ ਕੁੱਦਣ ਵਾਲਾ ਪਾਸਾ ਵੇਖੀੇਏ ਤਾਂ ਦੋ ਕੁ ਸਾਲ ਦਾ ਬੱਚਾ ਸਾਰੇ ਘਰ ਵਿਚ ਦੌੜਦਾ ਭੱਜਦਾ ਹੈ ਤੇ ਫਟ ਪੌੜੀਆਂ ਚੜ੍ਹਦਾ ਉਤਰਦਾ ਹੈ ਭਾਵੇਂ ਉਤਰਨ ਵੇਲੇ ਮੂਧੇ ਮੂੰਹ ਰਿੜ੍ਹਦਾ ਆਵੇ। ਏਸੇ ਹੀ ਤਰ੍ਹਾਂ ਸੋਫੇ ਕੁਰਸੀਆਂ ’ਤੇ ਚੜ੍ਹ ਕੇ ਛਲਾਂਗਾਂ ਮਾਰਦਾ ਬੱਚਾ ਮਾਂ ਲਈ ਸਿਰਦਰਦੀ ਬਣ ਜਾਂਦਾ ਹੈ ਕਿਉਕਿ ਉਸਦੀਆਂ ਸੱਟਾਂ ਫੇਟਾਂ ਕਾਰਨ ਰੋਜ਼ ਹੀ ਡਾਕਟਰ ਕੋਲ ਗੇੜੇ ਕੱਢਣੇ ਪੈਂਦੇ ਹਨ। ਇਹ ਸਾਰੀ ਖੁਸ਼ੀ ਬੱਚਾ ਅਪਣੇ ਆਪ ਨੂੰ ਆਜ਼ਾਦ ਸੋਚ ਕੇ ਹੀ ਮਨਾਉਂਦਾ ਹੈ।
ਢਾਈ ਸਾਲ ਦਾ ਬੱਚਾ ਮਾਂ ਦੀ ਮਦਦ ਕਰਾਉਣ ਵਿਚ ਵੀ ਖੁਸ਼ੀ ਮਹਿਸੂਸ ਕਰਦਾ ਹੈ ਤੇ ਮਾਂ ਦੇ ਹੁਕਮ ਤੇ ਫਟ ਦੌੜ ਕੇ ਚੀਜ਼ ਲਿਆ ਕੇ ਫੜਾ ਦਿੰਦਾ ਹੈ, ਭਾਵੇਂ ਰਸਤੇ ਵਿਚ ਅੱਧੀ ਰੋੜ ਕੇ ਹੀ ਲਿਆਵੇ। ਤਿੰਨ ਸਾਲ ਦਾ ਬੱਚਾ ਇਕ ਪੈਰ, ਚੁੱਕ ਕੇ ਵੀ ਕੁਝ ਸਕਿੰਟਾਂ ਲਈ ਖੜਾ ਹੋ ਜਾਂਦਾ ਹੈ। ਚਾਰ ਸਾਲ ’ਤੇ ਤਾਂ ਇਕ ਪੈਰ ਤੇ ਲੰਗੜੀ ਲੱਤ ਖੇਡਣ ਨੂੰ ਵੀ ਤਿਆਰ ਹੋ ਜਾਂਦਾ ਹੈ। ਪੰਜ ਸਾਲ ’ਤੇ ਬੱਚਾ ਰੱਸੀ ਟੱਪਣੀ ਵੀ ਸਿੱਖ ਲੈਂਦਾ ਹੈ।
ਆਜ਼ਾਦੀ ਦੀ ਇਕ ਹੋਰ ਮੰਜ਼ਿਲ ਤੈਅ ਕਰਦਾ ਹੋਇਆ ਬੱਚਾ ਦੋ ਸਾਲ ’ਤੇ ਅਪਣੇ ਕੱਪੜੇ ਲਾਹੁਣ ਵਿਚ ਮਾਂ ਦੀ ਮਦਦ ਕਰਨ ਲੱਗ ਪੈਂਦਾ ਹੈ ਅਤੇ ਤਿੰਨ ਸਾਲ ’ਤੇ ਆਪੇ ਪਾਉਣ ਦੀ ਵੀ ਕੋਸ਼ਿਸ਼ ਕਰਦਾ ਹੈ, ਭਾਵੇਂ ਦੋਵੇਂ ਲੱਤਾਂ ਪਜ਼ਾਮੇ ਜਾਂ ਪੈਂਟ ਦੇ ਇਕੋ ਪਾਸੇ ਹੀ ਫਸਾ ਲਵੇ।
ਕਹਾਣੀ ਸੁਣਨੀ ਤਾਂ ਕਿਸੇ ਵੀ ਉਮਰ ਵਿਚ ਚੰਗੀ ਲੱਗਦੀ ਹੈ। ਛੇ ਮਹੀਨੇ ਦਾ ਬੱਚਾ ਮਾਂ ਦੇ ਬੁੱਲਾਂ ਨੂੰ ਹਿੱਲਦੇ ਵੇਖ ਕੇ ਉਸਨੂੰ ਕੁਝ ਬੋਲਦੇ ਵੇਖ ਕੇ ਕੁਝ ਸਮਝਣ ਦੀ ਕੋਸ਼ਿਸ਼ ਕਰਦਾ ਹੋਇਆ ਕਦੇ ਘੂਰ ਕੇ ਉਸ ਵੱਲ ਵੇਖਦਾ ਹੈ ਤੇ ਕਦੇ ਮੁਸਕੁਰਾ ਦਿੰਦਾ ਹੈ ਜਿਵੇਂ ਕਹਿ ਰਿਹਾ ਹੋਵੇ, ‘ਬੋਲੀ ਜਾਵੋ, ਮੈਨੂੰ ਕਿਹੜਾ ਸਮਝ ਆ ਰਹੀ ਹੈ।’’ ਜਿਵੇਂ ਜਿਵੇਂ ਉਮਰ ਵਧਦੀ ਹੈ, ਬੱਚੇ ਨੂੰ ਕਹਾਣੀ ਸੁਣਨ ਵਿਚ ਕੁਝ ਕੁਝ ਮਜ਼ਾ ਆਉਣ ਲੱਗਦਾ ਹੈ ਪਰ ਦੋ ਸਾਲ ’ਤੇ ਮੂਰਤਾਂ ਵਾਲੀ ਕਹਾਣੀ ਦੀ ਕਿਤਾਬ ਵੇਖ ਕੇ ਸੁਣਨ ਵਿਚ ਜ਼ਿਆਦਾ ਮਜ਼ਾ ਲੈਂਦਾ ਹੈ।
ਤਿੰਨ ਸਾਲ ਦਾ ਬੱਚਾ ਜਦੋਂ ਤਿੰਨ ਪਹੀਆਂ ਵਾਲੀ ਸਾਈਕਲ ਚਲਾਉਣੀ ਸਿੱਖਦਾ ਹੈ ਤਾਂ ਚਾਹੁੰਦਾ ਹੈ ਕਿ ਮਾਂ ਉਸ ਦੀ ਛੋਟੀ ਜਿਹੀ ਸਾਈਕਲ ਪਿੱਛੇ ਰੋਟੀ ਦੀ ਪਲੇਟ ਫੜ ਕੇ ਦੋੜਦੀ ਰਹੇ ਤੇ ਨਾਲ ਨਾਲ ਕਹਾਣੀ ਵੀ ਸੁਣਾਉਂਦੀ ਰਹੇ । ਕਹਾਣੀ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਸਿੱਖਿਆਦਾਇਕ ਹੋਵੇ ਤੇ ਡਰਾਉਣੀ ਤਾਂ ਬਿਲਕੁਲ ਹੀ ਨਾ ਹੋਵੇ। ਜਿਵੇਂ ਬਹੁਤ ਸੋਹਣੀਆਂ ਮੂਰਤਾਂ ਵਾਲੀ ਕਿਤਾਬ ਜਿਸ ਵਿਚ ਇਕ ਸਫ਼ੇ ’ਤੇ ਵੱਡੀ ਸਾਰੀ ਫੋਟੋ ਤੇ ਇਕ ਲਾਈਨ ਲਿਖੀ ਹੋਵੇ ਤੇ ਅੱਠ ਕੁ ਸਫਿਆਂ ਦੀ ਅਜਿਹੀ ਕਿਤਾਬ ਦੇ ਅੰਤ ਵਿਚ ਕੋਈ ਸਿੱਖਿਆ ਜ਼ਰੂਰ ਮਿਲੇ। ਇਹ ਸਿੱਖਿਆ ਅੱਗ ਨਾਲ ਨਾ ਖੇਡਣ ਦੀ, ਗੰਦ ਨਾ ਖਿਲਾਰਣ ਦੀ, ਫੁੱਲ ਨਾ ਤੋੜਨ ਦੀ, ਜਾਨਵਰਾਂ ਨੂੰ ਨਾ ਤੰਗ ਕਰਨ ਦੀ, ਆਦਿ ਦੀ ਹੋ ਸਕਦੀ ਹੈ।
ਕੁਝ ਹੋਰ ਵੀ ਖੇਡਾਂ ਬੱਚਾ ਬਹੁਤ ਪਸੰਦ ਕਰਦਾ ਹੈ ਜਿਨ੍ਹਾਂ ਵਿਚ ਕੈਂਚੀ ਨਾਲ ਕਾਗਜ਼ ਕੱਟਣਾ ਜਾਂ ਪੈਸੇ ਗਿਣਨੇ ਸ਼ਾਮਲ ਹਨ।
ਦੋ ਸਾਲ ਦਾ ਬੱਚਾ ਇਕ ਵਾਰ ਕਾਗਜ਼ ਦੂਹਰਾ ਮੋੜ ਲੈਂਦਾ ਹੈ। ਚਾਰ ਸਾਲ ਦੀ ਉਮਰ ’ਤੇ ਪਹੁੰਚਦਾ ਬੱਚਾ ਅਪਣੀ ਪਸੰਦ ਦੀ ਤਸਵੀਰ ਕੈਂਚੀ ਨਾਲ ਕੱਟ ਕੇ ਸੰਭਾਲਣ ਲੱਗ ਪੈਂਦਾ ਹੈ ਤੇ ਗੇਂਦ ਨਾਲ ਖੇਡਣ ਨੂੰ ਤਰਜ਼ੀਹ ਵੀ ਦਿੰਦਾ ਹੈ। ਇਸ ਉਮਰ ਦਾ ਬੱਚਾ ਕਹਾਣੀ ਸੁਣਨ ਦੀ ਬਜਾਏ ਕਹਾਣੀ ਸੁਣਾਉਦੀ ਪਸੰਦ ਕਰਦਾ ਹੈ। ਪਹਿਲਾਂ ਕਹਾਣੀ ਮਾਂ ਤੋਂ ਸੁਣੀ ਤੇ ਫਿਰ ਹੋਰਾਂ ਨੂੰ ਅੱਧ ਪਚੱਧ ਕੱਟ ਕਟਾ ਕੇ ਸੁਣਾ ਵੀ ਦਿੱਤੀ ਤੇ ਆਪੇ ਹੀ ਕਹਾਣੀ ਮੁਕਾ ਕੇ ਹੱਸ ਵੀ ਪੈਣਾ। ਅਪਣੇ ਦੋਸਤਾਂ ਨਾਲ ਖੇਡਣਾ ਵੀ ਬੱਚਾ ਪਸੰਦ ਕਰਨ ਲੱਗ ਪੈਂਦਾ ਹੈ ਅਤੇ ਮਾਪਿਆਂ ਦੀ ਪੂਛ ਬਣਨੀ ਛੱਡ ਦਿੰਦਾ ਹੈ। ਬੱਚਾ ਅਪਣੇ ਆਪ ਪਿਸ਼ਾਬ ਕਰਨ ਲਈ ਗੁਸਲਖਾਨੇ ਵਿਚ ਜਾਣਾ ਸ਼ੁਰੂ ਕਰ ਦਿੰਦਾ ਹੈ, ਪਰ ਜਦੋਂ ਪੂਰੇ ਜ਼ੋਰ ਦੀ ਆ ਜਾਏ ਤੇ ਰੋਕਿਆ ਨਾ ਜਾਏ ਉਦੋਂ ਹੀ ਖੇਡ ਛੱਡ ਦੇ ਦੌੜਦਾ ਹੈ। ਉਸਨੂੰ ਦੌੜਦੇ ਵੇਖ ਕੇ ਜੇ ਕੋਈ ਟੋਕ ਦੇਵੇ ਤਾਂ ਜਵਾਬ ਹੀ ਬਹੁਤ ਮਜ਼ੇਦਾਰ ਹੁੰਦਾ ਹੈ,”ਨਿਕਲ ਚੱਲਿਆ, ਆਇਆ।’’ ਬੱਚੇ ਨੂੰ ਪੈਸੇ ਗਿਣਨ ਦੀ ਖੇਡ ਵੀ ਚੰਗੀ ਲੱਗ ਪੈਂਦੀ ਹੈ ਤੇ ਆਸਾਨੀ ਨਾਲ ਹੀ ਬਹੁਤੇ ਬੱਚੇ ਚਾਰ ਜਾਂ ਪੰਜ ਪੈਸੇ ਗਿਣ ਲੈਂਦੇ ਹਨ। ਪੰਜ ਸਾਲ ਦਾ ਬੱਚਾ ਤਾਂ 10-15 ਪੈਸੇ ਗਿਣ ਲੈਂਦਾ ਹੈ, ਅਪਣੇ ਆਪ ਕੱਪੜੇ ਪਾਉਣੇ ਅਤੇ ਲਾਹੁਦੇ ਸ਼ੁਰੂ ਕਰ ਦਿੰਦਾ ਹੈ, ਅਪਣੇ ਆਪ ਨੂੰ ਪਾਪਾ ਜਾਂ ਮੰਮੀ ਸਮਝਦਾ ਹੋਇਆ ਉਨ੍ਹਾਂ ਦੀ ਨਕਲ ਵੀ ਬਹੁਤ ਸੋਹਣੀ ਲਾਹ ਲੈਂਦਾ ਹੈ ਅਤੇ ਪੰਜ-ਛੇ ਰੰਗ ਵੀ ਦੱਸ ਦਿੰਦਾ ਹੈ।
ਹੁਣ ਨਕਲ ਲਾਹੁਣ ਦੀ ਗੱਲ ਨੂੰ ਹੀ ਲਵੋ। ਦੋ ਤਿੰਨ ਸਾਲ ਦਾ ਬੱਚਾ ਅਪਣੀ ਗੁੱਡੀ ਨੂੰ ਬਿਲਕੁਲ ਉਸੇ ਹੀ ਤਰ੍ਹਾਂ ਸਵਾਉਂਦਾ ਹੈ ਜਿਵੇਂ ਮਾਂ ਉਸਨੂੰ ਥਾਪੜ ਕੇ ਸਵਾਉਂਦੀ ਹੈ ਤੇ ਉਸ ਲਈ ਚੀਜ਼ਾਂ ਦੀ ਉਂਝ ਹੀ ਥੈਲੇ ਵਿਚ ਭਰਦਾ ਹੈ ਜਿਵੇਂ ਮਾਂ ਬਜ਼ਾਰੋਂ ਉਹਦੇ ਲਈ ਲਿਆਉਂਦੀ ਹੈ। ਤਿੰਨ ਤੋਂ ਚਾਰ ਸਾਲ ਦਾ ਬੱਚਾ ਬਾਹਰ ਘੁੰਮਣ ਫਿਰਨ ਵਾਲੀਆਂ ਥਾਵਾਂ ਨੂੰ ਹੀ ਵਾਰ ਵਾਰ ਯਾਦ ਕਰਦਾ ਰਹਿੰਦਾ ਹੈ, ਜਿਵੇਂ ਕੁਰਸੀ ’ਤੇ ਚੜ੍ਹ ਕੇ ਕਹਿਣਾ, ”ਇੰਝ ਚੜ੍ਹਿਆ ਸੀ ਮੈਂ ਪਹਾੜ ਉਤੇ,’’ ਜਾਂ ਬਹੁਤ ਸੋਹਣੇ ਹੋਟਲ ਨੂੰ ਬਾਰ ਬਾਰ ਯਾਦ ਕਰ ਕੇ ਮੇਜ਼ ਥੱਲੇ ਵੜ੍ਹ ਕੇ ਉਸੇ ਹੋਟਲ ਦੇ ਕਮਰੇ ਨੂੰ ਕਿਆਸ ਕਰਨਾ। ਕਈ ਵਾਰ ਤਾਂ ਬੱਚਾ ਟੈਲੀਫੂਨ ਵੱਜਣ ’ਤੇ ਭੱਜ ਕੇ ਫੋਨ ਚੁੱਕ ਕੇ ਬੋਲਦਾ ਹੈ, ”ਮੈਂ ਪਾਪਾ ਬੋਲਦਾਂ,’ ਮੈਂ ਹਾਲੇ ਘਰ ਨਹੀਂ ਹਾਂ, ਕੰਮ ਕਰਦਾ ਪਿਆਂ। ਠਹਿਰ ਕੇ ਗੱਲ ਕਰਾਂਗੇ, ਟਾਟਾ।’ ਦੂਜੇ ਪਾਸਿਓਂ ਜਵਾਬ ਸੁਣਨ ਦੀ ਉਸਨੂੰ ਕੋਈ ਲੋੜ ਹੀ ਨਹੀਂ ਹੁੰਦੀ।
ਚਾਰ ਤੋਂ ਪੰਜ ਸਾਲ ਦਾ ਬੱਚਾ ਤਾਂ ਪਹੁੰਚ ਤੋਂ ਬਾਹਰ ਦੀਆਂ ਚੀਜ਼ਾਂ ਬਾਰੇ ਗੱਲਾਂ ਸ਼ੁਰੂ ਕਰਨ ਲੱਗ ਜਾਂਦਾ ਹੈ, ਜਿਵੇਂ, ”ਮੈਂ ਤਾਂ ਚੱਲਿਆ ਚੰਨ ਤੋਂ ਆਈਸਕ੍ਰੀਮ ਲੈਣ’’, ਜਾਂ ”ਜਦੋਂ ਮੈਂ ਉੱਡ ਕੇ ਉਤੇ ਗਿਆ, ਤਾਂ ਚਿੜੀ ਨੂੰ ਫੜ ਲਵਾਂਗਾ।’’ ਕੁਝ ਦੇਰ ਦੀ ਖੇਡ ਤੋਂ ਬਾਅਦ ਬੱਚਾ ਆਪ ਹੀ ਫੇਰ ਕਹਿ ਵੀ ਦਿੰਦਾ ਹੈ, ”ਮੈਨੂੰ ਪਤੈ ਮੈਂ ਉਡ ਤਾਂ ਸਕਦਾ ਨਹੀਂ।’’
ਮੇਰਾ ਇਹ ਪਿਆਰੀਆਂ ਖੇਡਾਂ ਅਤੇ ਬੱਚਿਆਂ ਦੇ ਬਚਪਨ ਵਿਚ ਤੁਹਾਡੀ ਸਭ ਦੀ ਝਾਤ ਪੁਆਉਣ ਦਾ ਮਕਸਦ ਹੈ ਕਿ ਤੁਸੀਂ ਅਪਣੇ ਬੱਚੇ ਨੂੰ ਛੇਤੀ ਪੜ੍ਹਾਈ ਵੱਲ ਧੱਕ ਕੇ ਉਸਦਾ ਬਚਪਨ ਖ਼ਰਾਬ ਨਾ ਕਰੋ। ਇਸ ਨਾਲ ਬੱਚੇ ਦੀ ਮਾਨਸਿਕਤਾ ਤੇ ਅਸਮਾਨ ਨੂੰ ਛੂਹਣ ਵਾਲੇ ਇਰਾਦਿਆਂ ਦਾ ਖ਼ਾਤਮਾ ਹੋ ਜਾਂਦਾ ਹੈ। ਜਿਹੜੇ ਬੱਚੇ ਉਪਰ ਦੱਸੇ ਵਕਤ ਤੋਂ ਪਹਿਲਾਂ ਉਹ ਖੇਡ ਸ਼ੁਰੂ ਕਰਨ ਲੱਗ ਪਏ ਹੋਣ, ਤਾਂ ਮੁਬਾਰਕ ਵਾਲੀ ਗੱਲ ਸਮਝਣੀ ਚਾਹੀਦੀ ਹੈ। ਪਰ ਜੇ ਲੇਟ ਹਨ, ਤਾਂ ਵੇਲੇ ਸਿਰ ਚੰਗੇ ਬੱਚਿਆਂ ਦੇ ਡਾਕਟਰ ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਦਿਮਾਗੀ ਕਮੀ ਦਾ ਕਾਰਨ ਫੜਿਆ ਜਾ ਸਕੇ
ਕਈ ਵਾਰ ਬੱਚੇ ਦੀ ਕਿਸੇ ਕਥਿਤ ਨਾਲਾਇਕੀ ਕਰਕੇ ਮਾਪਿਆਂ ਦੇ ਅੰਦਰ ਕੁੜੱਤਣ ਵੀ ਪੈਦਾ ਹੁੰਦੀ ਹੈ। ਪਰ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਮਾਸੂਮ ਖੇਡ ਵਿਚ ਰੁਝੇ ਹੋਏ ਬੰਚੇ ਦੇ ਖੇਡ ਸੰਸਾਰ ਨੂੰ ਧੱਕੇ ਨਾਲ ਬਿਖੇਰ ਦਿੰਦੇ ਹਾਂ ਤਾਂ ਉਸ ਦੇ ਅੰਦਰ ਵੀ ਕੁੜੱਤਣ ਪੈਦਾ ਹੁੰਦੀ ਹੈ ਜੋ ਕਈ ਵਾਰ ਉਸਦੇ ਭਾਵੀ ਵਤੀਰੇ ਵਿਚ ਮਾੜੀ ਤਬਦੀਲੀ ਦੀ ਭੂਮਿਕਾ ਬੰਨ ਦਿੰਦੀ ਹੈ।
ਅੱਜ ਕਲ੍ਹ ਪੰਜਾਬ ਵਿਚ ਤੁਹਾਨੂੰ ਗਲੀ ਗਲੀ ਵਿਚ ਪ੍ਰੀਨਰਸਰੀ ਸਕੂਲ ਮਿਲਣਗੇ ਜਿਥੇ ਪੰਜਾਬੀ ਬੋਲਦੇ ਬੱਚਿਆਂ ਨੂੰ ਪੰਜਾਬੀ ਭੁੱਲ ਕੇ ਅੰਗਰੇਜ਼ੀ ਬੋਲਣਾ ਸਿਖਾਉਣ ਦਾ ਗਲਤ ਜਤਨ ਹੁੰਦੇ ਹਨ ਤੇ ਜਦੋਂ ਬੱਚਾ ਠੀਕ ਤਰ੍ਹਾਂ ਨਾ ਬੋਲ ਸਕੇ ਤਾਂ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਤੇ ਮਾਪਿਆਂ ਵੱਲੋਂ ਵੀ ਝਾੜ ਪੈਂਦੀ ਹੈ। ਪਰ ਕੁਦਰਤ ਅਤੇ ਵਿਗਿਆਨ ਕਹਿੰਦੀ ਹੈ ਕਿ ਇਹ ਉਮਰ ਬੱਚੇ ਨੂੰ ਗੈਰ ਬੋਲੀ ਸਿਖਾਉਣ ਦੀ ਨਹੀਂ ਹੁੰਦੀ ਤੇ ਨਾ ਉਸਨੂੰ ਗਲਤ ਉਚਾਰਨ ਕਾਰਨ ਝਾੜ ਝੰਬ ਕਰਨ ਦੀ ਹੁੰਦੀ ਹੈ। ਇੰਝ ਕਰਕੇ ਅਸੀਂ ਖੁਦ ਹੀ ਅਪਣੇ ਬੱਚਿਆਂ ਦੀਆਂ ਫੁਲਵਾੜੀਆਂ ਬਰਬਾਦ ਕਰ ਰਹੇ ਹਾਂ। ਇਹ ਉਮਰ ਬੱਚੇ ਨੂੰ ਖੇਡ ਵਿਚ ਲੱਗਿਆ ਵੇਖ ਕੇ ਖੁਸ਼ ਹੋਣ ਦੀ ਹੀ ਨਹੀਂ ਹੁੰਦੀ ਸਗੋਂ ਉਸ ਨਾਲ ਰਲ ਕੇ ਖੇਡਣ ਤੇ ਸੁਰਗੀ ਝੂਟੇ ਲੈਣ ਦੀ ਹੁੰਦੀ ਹੈ।