ਮਨ ਦੀ ਭੰਬੀਰੀ
ਮੰਨਣ ਅਤੇ ਇਨਕਾਰ ਦੀ ਦੁਚਿੱਤੀ ’ਚ
ਮੈਂ ਆਪਣੇ ਆਪ ਨੂੰ ਮਧੋਲ ਰਿਹਾਂ
ਦਰਦ ਬਹੁਤ ਹੁੰਦੈ
ਪਰ ਚੀਖ ਨਹੀਂ ਨਿਕਲਦੀ
ਸ਼ਾਇਦ ਹਾਲੇ ਚੀਖਣ ਦੀ ਅਵਸਥਾ ਨਹੀਂ
ਹਾਲੇ ਤਾਂ ਪਸਰੀ ਹੋਈ ਹੈ
ਚਿਹਰੇ ’ਤੇ ਸੁੰਨ
ਜਿਸਮ ’ਚ ਬੇਚੈਨੀ
ਬੋਲਾਂ ’ਚ ਅਸਪੱਸ਼ਟਤਾ
ਸੁੰਨ ਬੇਚੈਨੀ ਅਸਪੱਸ਼ਟਤਾ ਨੂੰ
ਜਾਂ ਤਾਂ ਮਿਲੇ ਬੇਲਿਹਾਜ਼ੀ ਦਾ ਝਟਕਾ
ਜਾਂ ਮੋਹ ਦੀ ਗਰਮ ਲਹਿਰ
ਤਾਂ ਕਿ ਜਾਂ ਤਾਂ ਚੀਖ ਸਕਾਂ
ਜਾਂ ਫੇਰ ਕਰਾਂ ਕਲੋਲਾਂ ਮਨਆਈਆਂ
ਇਹ ਆਵਾਜ਼ ਹੈ ਮੇਰੇ ਮਨ ਦੀ ਭੰਬੀਰੀ ਦੀ
ਜੋ ਘੰਮੁਣਾ ਚਾਹੁੰਦੀ ਹੈ
ਰੁਕਣਾ ਨਹੀਂ|
ਹਲਫੀਆ ਬਿਆਨ
ਮੈਂ ਕੋਰਾ ਵਰਕਾ ਨਹੀਂ
ਕਿ ਮੇਰੇ ’ਤੇ ਜੋ ਚਾਹੋ ਲਿਖ ਦੇਵੋ
ਮੈਨੂੰ ਤੁਸੀਂ ਸੁਣਾ ਸਕਦੇ ਹੋ
ਪੜ੍ਹਾ ਸਕਦੇ ਹੋ
ਪਰ ਮੇਰੇ ’ਤੇ
ਆਪਣੀ ਛਾਪ ਨਹੀਂ ਲਗਾ ਸਕਦੇ
ਕਰਾਂਗਾ ਤਾਂ ਮੈਂ ਉਹੀ
ਜੋ ਮੈਂ ਕਰਨਾ ਚਾਹੁੰਦਾ ਹਾਂ
ਮੈਂ ਸ਼ੁਗਲ ਦੇ ਤੌਰ ’ਤੇ ਤੁਹਾਡੀ ਨਕਲ ਕਰ ਸਕਦਾਂ
ਰਵਾਇਤ ਦੇ ਤੌਰ ’ਤੇ ਹੁੰਗਾਰਾ ਭਰ ਸਕਦਾਂ
ਪਰ ਚੱਲਾਂਗਾਂ ਆਪਣੀ ਹੀ ਚਾਲ|
ਰਹਿੰਦਾ ਮੈਂ ਵੀ ਤੁਹਾਡੇ ਵਾਂਗ ਧਰਤੀ ’ਤੇ ਹੀ ਹਾਂ
ਪਰ ਮੇਰੇ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਨੇ
ਮੈਂ ਨਾ ਤਾਂ ਬਿਰਖ
ਨਾ ਸੱਤਵਾਂ ਸੁਰ
ਨਾ ਹੀ ਵਗਦੀ ਹਵਾਂ ਦਾ ਝੌਂਕਾ ਹਾਂ
ਨਾ ਵਰਖਾ ਹਾਂ ਨਾ ਸੋਕਾ ਹਾਂ
ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ
ਮੈਂ ਤਾਂ ਆਪੇ ਨਾਲ ਰਲਿਆ
ਬੰਦੇ ਦਾ ਅਸਲ ਹਾਂ
ਮੇਰੀ ਕਵਿਤਾ ਅੰਬਰਾਂ ਦਾ ਬੱਦਲ ਨਹੀਂ
ਸਗੋਂ ਧਰਤੀ ਦੀ ਹੀ ਕੋਈ ਚੀਜ਼ ਹੋਵੇਗੀ|
ਬੱਦਲ ਕਦੇ ਮੈਂ ਛੋਹ ਕੇ ਨਹੀਂ ਵੇਖੇ
ਧਰਤੀ ਨੂੰ ਮੈਂ ਹੰਢਾ ਰਿਹਾਂ|