ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਉਘੇ ਅਰਥ-ਸ਼ਾਸ਼ਤਰੀ ਹਨ
ਕਿਹੜੇ ਲੇਖਕਾਂ ਤੇ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?
ਇਹ ਜ਼ਰੂਰੀ ਨਹੀਂ ਕਿ ਕਿਤਾਬਾਂ ਸਦਕਾ ਹੀ ਕੋਈ ਸੋਚ ਬਣਦੀ ਹੈ| ਬਹੁਤ ਕੁਝ ਪੜ੍ਹਿਆ, ਪਤਾ ਨਹੀਂ ਕਿਹੜਿਆਂ ਲੇਖਕਾਂ ਦਾ ਮੇਰੀ ਸੋਚ ‘ਤੇ ਅਸਰ ਪਿਆ| ਮੈਂ ਇਸ ਗੱਲ ਦਾ ਵੀ ਧਾਰਣੀ ਹਾਂ ਕਿ ਜਿਸ ਦੀ ਸੋਚ ਕਿਤਾਬਾਂ ਪੜ੍ਹਕੇ ਹੀ ਬਣੀ ਹੋਵੇ, ਉਹ ਮੂਲ ਰੂਪ ਵਿਚ ਅਪਣੀ ਸੋਚਣ ਦੀ ਵਿਲੱਖਣਤਾ ਗੁਆ ਬੈਠਦਾ ਹੈ| ਉਹ ਬਹੁਤਾ ਕਿਤਾਬਾਂ ਅਤੇ ਲੇਖਕਾਂ ਦੇ ਹਵਾਲੇ ਹੀ ਦਿੰਦਾ ਹੈ, ਪਰ ਅਪਣੇ ਕੋਲੋਂ ਕਹਿਣ ਨੂੰ ਕੁੱਝ ਘੱਟ ਹੀ ਹੁੰਦਾ ਹੈ ਉਸ ਪਾਸ|
ਕਿਸੇ ਫਿਲਮ, ਕਿਤਾਬ ਨਾਟਕ, ਕਵਿਤਾਵਾਂ ਜਾਂ ਸੰਗੀਤ ਦਾ ਨਾਂ ਲਓ, ਜੋ ਤੁਸੀਂ ਚਾਹੁੰਦੇ ਹੋ, ਹਰ ਕੋਈ ਦੇਖੇ, ਪੜ੍ਹੇ ਜਾਂ ਸੁਣੇ?
ਮੈਂ ਫਿਲਮਾਂ ਨਹੀਂ ਵੇਖਦਾ| ਮੇਰੀ ਇਸ ਰੁਚੀ ਨੂੰ ਡਾ. ਐਮ.ਐਸ. ਰੰਧਾਵਾ ਦੀ ਇਸ ਨਸੀਹਤ ਨੇ ਪੱਕਿਆਂ ਕਰ ਦਿੱਤਾ – ”ਜੌਹਲ, ਫਿਲਮਾਂ ਨਾ ਵੇਖਿਆ ਕਰ| ਅਪਣੀਆਂ ਈਮੋਸ਼ਨਾ ਨੂੰ ਨਕਲੀ ਕਿਰਦਾਰਾਂ ਤੇ ਅਜਾਈਂ ਨਹੀਂ ਗੁਆਉਣਾ ਚਾਹੀਦਾ| ਇਸ ਨਾਲ ਜੀਉਂਦੇ ਜਾਗਦੇ ਇਨਸਾਨਾਂ ਵਾਸਤੇ ਈਮੋਸ਼ਨਾਂ ਨਰਮ ਪੈ ਜਾਂਦੀਆਂ ਹਨ|
ਨਾਟਕਾਂ ਵਿੱਚੋਂ ”ਅੰਨ੍ਹੇ ਨਿਸ਼ਾਨਚੀ” ਮੈਨੂੰ ਬਹੁਤ ਪਸੰਦ ਆਇਆ| ਸੰਗੀਤ ‘ਚੋਂ ਠੁਮਰੀ ਅਤੇ ਗ਼ਜ਼ਲਾਂ ਮੈਨੂੰ ਪਸੰਦ ਹਨ| ਅੱਜਕਲ ਦੇ ਲੱਚਰ ਪੰਜਾਬੀ ਗਾਣਿਆਂ ਨਾਲ ਮੈਨੂੰ ਨਫਰਤ ਹੈ| ਮੈਂ ਗੁਰਦਾਸ ਮਾਨ ਦੇ ਗਾਣਿਆਂ ਨੂੰ ਪਸੰਦ ਕਰਦਾ ਹਾਂ| ਨਰਿੰਦਰ ਬੀਬਾ ਅਤੇ ਯਮਲਾ ਜੱਟ, ਪ੍ਰਕਾਸ਼ ਕੌਰ ਮੇਰੇ ਪਸੰਦ ਦੇ ਗਾਇਕ ਸਨ|
ਕਿਤਾਬਾਂ ਲਿਖਣ ਲੱਗਾਂ ਤਾਂ ਸਫੇ ਭਰ ਜਾਣ, ਸੁਲੇਮਾਨ ਰੱਸ਼ਦੀ ਦੀਆਂ ਕਿਰਤਾਂ ਬਹੁਤ ਅੱਛੀਆਂ ਹਨ| ਗੁਰਦਿਆਲ ਸਿੰਘ ਦੇ ਨਾਵਲ ਮੈਨੂੰ ਪਸੰਦ ਹਨ| ਪ੍ਰੋਫੈਸਰ ਪ੍ਰੀਤਮ ਸਿੰਘ ਦੀ ਕਿਤਾਬ ‘ਮੁਹਾਂਦਰੇ’ ਮੈਨੂੰ ਬਹੁਤ ਚੰਗੀ ਲੱਗੀ|
ਨਿੱਕੇ ਹੁੰਦਿਆਂ ਤੁਹਾਡੇ ‘ਤੇ ਕਿਸ ਬੰਦੇ ਦਾ ਉੱਘੜਵਾਂ ਅਸਰ ਪਿਆ ਸੀ?
ਨਿੱਕੇ ਹੁੰਦਿਆਂ ਮੇਰੇ ਉਸਤਾਦ, ਸੂਫੀ ਮੁਹੰਮਦ ਦੀਨ ਦਾ ਬਹੁਤ ਪ੍ਰਭਾਵ ਪਿਆ| ਜੋ ਕੁਝ ਮੈਂ ਬਣ ਸਕਿਆ ਹਾਂ, ਉਨ੍ਹਾਂ ਦੀ ਦੇਣ ਹੈ| ਉਨ੍ਹਾਂ ਦੀ ਯਾਦ ਵਿੱਚ ਮੈਂ ਦੋ ਵਜ਼ੀਫੇ ਵੀ ਪਾਕਿਸਤਾਨ ਵਿਚ ਲਗਾਏ ਹੋਏ ਹਨ|
ਹੁਣ ਤੱਕ ਕਿਹੜੀ ਘਟਨਾ ਦਾ ਤੁਹਾਡੇ ਸਿਆਸੀ ਏਤਕਾਦ ਉਪਰ ਉੱਘੜਵਾਂ ਅਸਰ ਪਿਆ ਹੈ?
ਸਿਆਸੀ ਲੋਕਾਂ ਦੀਆਂ ਬੇਈਮਾਨੀਆਂ, ਭਿ੍ਰਸ਼ਟਾਚਾਰ ਨੇ ਮੇਰਾ ਅੰਦਰੋਂ ਹਿਰਦਾ ਛਾਨਣੀ ਕੀਤਾ ਹੋਇਆ ਹੈ| ਇਨ੍ਹਾਂ ਦੀਆਂ ਕਰਤੂਤਾਂ ਕਰਕੇ ਹੀ ਸਾਡੇ ਪ੍ਰਸ਼ਾਸ਼ਕੀ ਢਾਂਚੇ ਵਿਚ ਭਰਿਸ਼ਟਾਚਾਰ ਘਰ ਕਰ ਗਿਆ ਹੈ| ਜਦੋਂ ਛੱਤ ਚੌਂਦੀ ਹੋਵੇ ਤਾਂ ਫਰਸ਼ ਕਦੀ ਸਾਫ ਨਹੀਂ ਹੋ ਸਕਦੀ|
ਕਿਹੜਾ ਸਿਆਸਤਦਾਨ ਜੀਊਂਦਾ ਜਾਂ ਮੋਇਆ ਤੁਹਾਨੂੰ ਸਭ ਤੋਂ ਚੰਗਾ ਲੱਗਦਾ ਹੈ?
ਮੈਂ ਸਿਆਸੀ ਲੋਕਾਂ ਨੂੰ ਉਪਰੋਂ ਥੱਲੇ ਤੱਕ ਵੇਖਿਆ ਹੈ ਅਤੇ ਕੁਝ ਇੱਕਾ ਦੁੱਕਾ ਨੂੰ ਛੱਡਕੇ, ਮੈਨੂੰ ਸਾਰੇ ਸਿਆਸੀ ਲੀਡਰ ਚੋਰ ਦਿਖਾਈ ਦਿੰਦੇ ਹਨ| ਸਾਡੇ ਚੋਣ ਸਿਸਟਮ ਨੇ ਲੋਕਤੰਤਰ ਪ੍ਰਣਾਲੀ ਤੋਂ ਮੇਰਾ ਏਤਵਾਰ ਹੀ ਖ਼ਤਮ ਕਰ ਦਿੱਤਾ ਹੈ|
ਜੇ ਤੁਸੀਂ ਇਤਿਹਾਸ ਦੇ ਕਿਸੇ ਯੁਗ ‘ਚ ਜਾ ਸਕੋ, ਤਾਂ ਕਿਹੜੇ ‘ਚ ਜਾਣਾ ਚਾਹੋਗੇ?
ਚੌਧਰੀ ਦੇਵੀ ਲਾਲ ਜੋ ਅੱਜ ਸਾਡੇ ਵਿਚਕਾਰ ਨਹੀਂ| ਸ੍ਰ. ਮਨਪ੍ਰੀਤ ਸਿੰਘ ਬਾਦਲ ਮੈਨੂੰ ਅੱਛੇ ਲੱਗੇ ਹਨ|
ਇਸ ਵੇਲੇ ਸਖਸ਼ੀ ਆਜ਼ਾਦੀ ਨੂੰ ਸਭ ਤੋਂ ਵੱਡਾ ਖ਼ਤਰਾ ਕਿਸ ਤੋਂ ਹੈ?
ਪੁਲੀਸ ਅਤੇ ਪੌਲੀਟੀਸ਼ਨਾਂ ਤੋਂ|
ਜੇ ਤੁਸੀਂ ਕੋਈ ਕਾਨੂੰਨ ਬਣਾ ਸਕੋ ਤਾਂ ਕਾਹਦਾ ਬਣਾਉਗੇ?
ਭਰਿਸ਼ਟਾਚਾਰ, ਬਲਾਤਕਾਰ, ਧੋਖਾਧੜੀ ਕਰਨ ਵਾਲਿਆਂ ਨੂੰ ਸਾਰੀ ਉਮਰ ਕਾਲਕੋਠੜੀ ਵਿੱਚ ਬੰਦ ਕਰ ਦੇਣ ਦਾ ਕਾਨੂੰਨ ਬਣਾ ਦੇਵਾਂ|
ਕੀ ਤੁਸੀਂ ਚਾਹੁੰਦੇ ਹੋ ਕਿ ਮਗ਼ਰਬੀ ਤੇ ਮਸ਼ਰਕੀ ਪੰਜਾਬ ਮੁੜ ਇਕ ਹੋ ਜਾਵੇ?
ਬਿਲਕੁਲ ਚਾਹੁੰਦਾ ਹਾਂ| ਪਰ ਹੋਣੇ ਨਹੀਂ| ਖੁੱਲਾ ਆਉਣਾ ਜਾਣਾ ਹੀ ਹੋ ਜਾਏ ਕਾਫੀ ਹੈ|
ਵੀਹਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੋਇਆ ਹੈ?
ਪ੍ਰੋਫੈਸਰ ਪੂਰਨ ਸਿੰਘ ਨੂੰ ਸਦੀ ਦਾ ਪੰਜਾਬੀ ਫਿਲਾਸਫਰ ਮੰਨਦਾ ਹਾਂ ਪਰ ਵਿਸ਼ਵ ਦਾ ਫਿਲਾਸਫਰ ਮੈਂ ਸੁਆਮੀ ਓਸ਼ੋ ਨੂੰ ਮੰਨਦਾ ਹਾਂ|