ਭੂਗੋਲਿਕ ਸਥਿਤੀ ਕਾਰਨ ਪੰਜਾਬ ਨੂੰ ਪ੍ਰਾਚੀਨ ਕਾਲ ਤੋਂ ਭਾਰਤ ਦਾ ‘ਪ੍ਰਵੇਸ਼-ਦੁਆਰ’ ਕਿਹਾ ਜਾਂਦਾ ਹੈ। ਪੰਜਾਬ ਕਦੇ ਵੀ ਅਮਨ ਦਾ ਖਿੱਤਾ ਨਹੀਂ ਰਿਹਾ। ਪੁਰਾਣੇ ਸਮੇਂ ਵਿਚ ਜਿੰਨੇ ਵੀ ਲੋਕ ਜਾਂ ਹਮਲਾਵਰ ਭਾਰਤ ਵਿਚ ਆਏ, ਉਹ ਪੰਜਾਬ ਵਿਚੋਂ ਹੀ ਲੰਘੇ। ਪੰਜਾਬ ਕਦੇ ਇਨ੍ਹਾਂ ਨੂੰ ਰੋਕ ਲੈਂਦਾ ਤੇ ਕਦੇ ਇਹ ਧਾੜਵੀ ਸੋਮਨਾਥ ਵਰਗੇ ਮੰਦਰਾਂ ’ਤੇ ਜਾ ਚੜ੍ਹਾਈ ਕਰਦੇ। ਸੋਮਨਾਥ ਮੰਦਰ ਦੇ ਦਰਵਾਜ਼ੇ ਦੇਸ਼ ਦੀ ਆਣ-ਬਾਣ ਹੋ ਨਿਬੜਦੇ ਹਨ। ਆਪਣੀ ਜਰਖ਼ੇਜ਼ ਅਤੇ ਮੈਦਾਨੀ ਜ਼ਮੀਨ, ਜੀਵਨ ਅਨੁਕੂਲ ਗਰਮ ਅਤੇ ਤਰ ਜਲਵਾਯੂ ਅਤੇ ਦਰਿਆਵਾਂ ਦੀ ਕੁਦਰਤੀ ਨਿਆਮਤ ਕਰਕੇ ਪੰਜਾਬ ਪ੍ਰਾਚੀਨ ਸਮੇਂ ਤੋਂ ਮਨੁੱਖੀ ਵਸੋਂ ਲਈ ਅਨੁਕੁੂਲ ਬਣਿਆ ਰਿਹਾ ਅਤੇ ਲਗਾਤਾਰ ਉੱਥਲ ਪੁੱਥਲ ਅਤੇ ਤਬਾਹੀਆਂ ਦੇ ਬਾਵਜੂਦ ਇਹ ਖਿੱਤਾ ਆਬਾਦ ਰਿਹਾ ਹੈ। ਨਿਰੰਤਰ ਉੱਥਲ-ਪੁੱਥਲ ਦੇ ਬਾਵਜੂਦ ਸ਼ਿਲਪਕਾਰੀ, ਚਿੱਤਰਕਾਰੀ, ਮੂਰਤੀ ਕਲਾ, ਭਵਨ-ਨਿਰਮਾਣ ਕਲਾ ਆਦਿ ਦੀ ਚੜ੍ਹਤ ਸਭ ਤੋਂ ਵੱਧ ਪੰਜਾਬ ਵਿਚ ਹੀ ਰਹੀ। ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੋਣ ਕਰਕੇ ਹਮੇਸ਼ਾ ਹੀ ਆਪਣੀ ਕਲਾ, ਆਪਣੇ ਸਭਿਆਚਾਰ ਦੀ ਪਛਾਣ ਤੋਂ ਅਵੇਸਲਾ ਰਿਹਾ ਹੈ, ਪਰ ਬੇਮੁੱਖ ਨਹੀਂ। ਹਰ ਮੋੜ ’ਤੇ ਕਲਾ ਪੱਖ ਦੀ ਕੋਈ ਨਾ ਕੋਈ ਝਲਕ ਪੰਜਾਬ ਵਿਚ ਜ਼ਰੂਰ ਨਜ਼ਰ ਆਵੇਗੀ। ਪੰਜਾਬ ਦੀਆਂ ਫੁਲਕਾਰੀਆਂ, ਬਾਗਾਂ, ਦਰੀਆਂ, ਖੇਸਾਂ, ਗੁੱਡੀਆਂ-ਪਟੋਲਿਆਂ, ਗਹਿਣਿਆਂ, ਪਹਿਰਾਵਿਆਂ, ਜੁੱਤੀਆਂ, ਭਾਂਡਿਆਂ, ਮਿੱਟੀ ਦੇ ਖਿਡੌਣਿਆਂ, ਭੜੋਲੀਆਂ, ਕੋਠੀਆਂ, ਕੰਧੋਲੀਆਂ, ਹਾਰਿਆਂ, ਆਲਿ਼ਆਂ, ਪਰਛੱਤੀਆਂ, ਸਬਾਤਾਂ, ਦਰਵਾਜ਼ਿਆਂ ਅਤੇ ਡਿਉਢੀਆਂ ਆਦਿ ਵਿਚ ਅਛੋਪਲੇ ਹੀ ਕਲਾ ਝਲਕਦੀ ਹੈ। ਇਸ ਲੇਖ ਵਿਚ ਅਸੀਂ ਦਰਵਾਜਿ਼ਆਂ ਉੱਪਰ ਹੀ ਗੱਲ ਕੇਂਦਰਤ ਕਰਨੀ ਹੈ।
ਪੰਜਾਬ ਵਿਚ ਜ਼ੀਰੇ ਦੀ ਧਰਮਸ਼ਾਲਾ ਦਾ ਦਰਵਾਜ਼ਾ ਬਠਿੰਡੇ ਦੇ ਕਿਲ੍ਹੇ ਦਾ ਦਰਵਾਜ਼ਾ, ਨੂਰ ਮਹਿਲ ਦੀ ਸਰਾਂ ਦਾ ਦਰਵਾਜ਼ਾ, ਸਰਾਇ ਅਮਾਨਤ ਖਾਂ, ਖ਼ਿਜ਼ਰਾਬਾਦ ਵਿਚ ਲਾਲ ਸਿੰਘ ਦੀ ਹਵੇਲੀ ਦਾ ਦਰਵਾਜ਼ਾ, ਅਮ੍ਰਿਤਸਰ ਕੂਚਿਆਂ ਵਿੱਚ ਲੱਗੇ ਘਰਾਂ ਦੇ ਦਰਵਾਜੇ, ਸਰਹਾਲੀ ਪਿੰਡ ਵਿਚ ਪੰਡਿਤਾਂ ਦੇ ਘਰਾਂ ਨੂੰ ਲੱਗੇ ਦਰਵਾਜ਼ਿਆਂ ਦੇ ਚਿੱਤਰ, ਪੈਟਰਨ ਅਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਦਰਵਾਜ਼ਿਆਂ ਦੇ ਲਏ ਗਏ ਚਿੱਤਰਾਂ ਨੂੰ ਵਾਚਦਿਆਂ ਇਨ੍ਹਾਂ ਵਿਚਲੀ ਵਿਲੱਖਣਤਾ, ਕਲਾ, ਸੁਹਜ, ਜੁਗਤ, ਭਾਵ ਸੰਚਾਰ, ਚਿੰਨ੍ਹ, ਪ੍ਰਤੀਕ ਆਦਿ ਵਿਸਤ੍ਰਿਤ ਰੂਪ ਵਿਚ ਸਾਹਮਣੇ ਆਉਂਦੇ ਹਨ।
ਦਰਵਾਜ਼ਾ ਲੋਕ ਇਮਾਰਤਸਾਜ਼ੀ ਦਾ ਇਕ ਪ੍ਰਮੁਖ ਚਿਹਨ ਹੈ। ਜਿਵੇਂ ਫਤਹਿਪੁਰ ਸੀਕਰੀ ਦਾ ਬੁਲੰਦ ਦਰਵਾਜ਼ਾ, ਲਖਨਊ ਦਾ ਰੂਮੀ ਦਰਵਾਜ਼ਾ, ਦਿੱਲੀ ਦੇ ਇੰਡੀਆ ਗੇਟ ਅਤੇ ਮੁੰਬਈ ਦਾ ਗੇਟ ਵੇਅ ਆਫ਼ ਇੰਡੀਆ ਦੀ ਨਾ ਕੇਵਲ ਵੱਖਰੀ ਪਹਿਚਾਣ ਹੈ ਸਗੋਂ ਇਹ ਭਾਰਤੀ ਸਭਿਆਚਾਰ ਦੇ ਪ੍ਰਮੁਖ ਬਿੰਦੂ ਹੋ ਨਿਬੜਦੇ ਹਨ; ਉੁਵੇਂ ਹੀ ਪੰਜਾਬ ਦੇ ਨੂਰ ਮਹਿਲ ਸਰਾਂ ਦਾ ਦਰਵਾਜ਼ਾ, ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ, ਬਠਿੰਡੇ ਦੇ ਕਿਲ੍ਹੇ ਦਾ ਦਰਵਾਜ਼ਾ ਅਤੇ ਪਟਿਆਲੇ ਦਾ ਕਿਲ੍ਹਾ ਮੁਬਾਰਕ ਖਿੱਚ ਦਾ ਕੇਂਦਰ ਹਨ।
ਦਰਵਾਜ਼ੇ ਦਾ ਸਾਡੀ ਲੋਕ ਮਾਨਸਿਕਤਾ, ਆਰਥਿਕਤਾ ਅਤੇ ਸਮਾਜਿਕ ਤਾਣੇ ਬਾਣੇ ਨਾਲ ਬੜਾ ਗਹਿਰਾ ਸੰਬੰਧ ਹੈ। ਦਰਵਾਜ਼ਾ ਘਰ ਦਾ ਮੁਹਾਂਦਰਾ ਹੈ। ਰਸਤਾ ਹੈ, ਪਹੁੰਚ ਮਾਰਗ ਹੈ, ਅੰਦਰ ਜਾਣ ਦਾ ਰਾਹ ਹੈ। ਦਰਵਾਜ਼ਾ ਰੋਕ ਹੈ, ਠਹਿਰਾਅ ਹੈ, ਪੜਾਅ ਹੈ, ਕਿਸੇ ਮੁਕਾਮ ਦੇ ਜਾਂ ਕਿਸੇ ਨਿੱਘੀ ਗੁਫ਼ਾ ਦੇ ਅੰਦਰ ਦਾ ਰਾਹ ਹੈ; ਇਹ ਆਪਣੇ ਆਪ ਵਿਚ ਮੰਜ਼ਿਲ ਹੈ। ਦਰਵਾਜ਼ਾ ਮਿਲਾਪ ਹੈ, ਵਿਛੋੜਾ ਹੈ, ਦਰਵਾਜ਼ਾ ਸੁਰੱਖਿਆ ਹੈ।
ਪੰਜਾਬੀ ਲੋਕਧਾਰਾ ਦੇ ਪ੍ਰਸੰਗ ਵਿਚ ਦਰਵਾਜ਼ਾ ਅਜਿਹੀ ਇਕਾਈ ਹੈ, ਜਿਹੜਾ ਦੇਸ਼, ਇਲਾਕੇ, ਸ਼ਹਿਰ, ਮੁਹੱਲੇ ਤੇ ਘਰ ਤਕ ਪਸਰਿਆ ਹੈ।
ਸਮਾਂ ਪਾ ਕੇ ਇਮਾਰਤੀ ਕਲਾ ਵਿਕਸਿਤ ਹੋਈ। ਮਿੱਟੀ ਗਾਰੇ ਦੇ ਘਰ, ਝੌਂਪੜੀਆਂ ਅਤੇ ਕੱਚੀ ਮਿੱਟੀ ਵਾਲੇ ਮਕਾਨ ਹੁੰਦੇ। ਇੱਥੇ ਲਾਂਘਾ ਕਿਸੇ ਗਰੀਬ ਜਾਂ ਮਜ਼ਦੂਰ ਦੇ ਵਿਹੜੇ ਦਾ ਕੌਲਾ ਜਾਂ ਕੱਚੀਆਂ ਕੰਧਾਂ ਦਾ ਚੰਨਾਂ ਹੀ ਹੋ ਨਿਬੜਦਾ ਹੈ। ਮਨੁੱਖ ਨੇ ਇਸੇ ਨੂੰ ਮਿੱਟੀ ਅਤੇ ਚੂਨੇ ਨਾਲ ਵੱਖਰੇ ਰੰਗਾਂ ਵਿਚ ਸ਼ਿੰਗਾਰ ਲਿਆ। ਇਨ੍ਹਾਂ ਘਰਾਂ ਤੋਂ ਉਪਰੰਤ ਛੋਟੀਆਂ ਇੱਟਾਂ ਦੇ ਮਕਾਨ ਬਣਨ ਲੱਗੇ। ਲੱਕੜੀ ਦੀਆਂ ਛੱਤਾਂ ਵਾਲੇ, ਲਟੈਣਾਂ, ਫੱਟਿਆਂ, ਸ਼ਤੀਰੀਆਂ ਦੀਆਂ ਛੱਤਾਂ ਵਾਲੇ ਮਕਾਨਾਂ ਦਾ ਰੂਪ ਵਿਕਸਿਤ ਹੋਇਆ। ਇਸ ਤਰ੍ਹਾਂ ਜਦੋਂ ਛੱਤਣ, ਲਟੈਣਾਂ, ਫੱਟੇ, ਸ਼ਤੀਰੀਆਂ, ਛੱਜੇ, ਪੱਕੀਆਂ ਇੱਟਾਂ, ਡਾਟਾਂ, ਮਹਿਰਾਬਾਂ, ਆ ਗਈਆਂ ਤਾਂ ਅਮੀਰ ਲੋਕ ਵੱਡੀਆਂ ਵੱਡੀਆਂ ਹਵੇਲੀਆਂ ਬਣਾਉਣ ਲੱਗੇ। ਗਰੀਬ ਲੋਕਾਂ ਦੇ ਛੋਟੇ ਹੀ ਘਰ ਹੁੰਦੇ। ਆਪਣੀ ਸਮਰੱਥਾ ਮੁਤਾਬਿਕ ਇਨ੍ਹਾਂ ਨੂੰ ਸਜਾਉਣ ਦੀ ਕਲਾ ਵੀ ਪ੍ਰਫੁਲਿਤ ਹੋਈ ਤਾਂ ਦਰ, ਦਰਿ, ਦਰੁ, ਦੁਆਰ, ਦੁਆਰੇ, ਗੁਰਦੁਆਰਾ, ਸਿੰਘ ਦੁਆਰ, ਦਰਵਾਜ਼ਾ, ਬੂਹਾ, ਕਿਵਾੜ, ਬਾਰ, ਸਿੰਘ ਪੌਰ, ਭਿੱਤ, ਦਰਸ਼ਨੀ ਦਰਵਾਜ਼ਾ, ਡਿਉਢੀ, ਦਹਿਲੀਜ਼, ਦਿਹਲ, ਦੇਹਲੀ, ਬਰੂਹਾਂ, ਚੁਗਾਠ, ਦਿੱਲੇ, ਗੱਜ਼, ਪਦਾਮ, ਬੱਲਖੀ, ਬੈਰ੍ਹੇ, ਲੰਗੋਟ, ਪਲੱਸਤਝਰੀ, ਝਿਲਮਲੀ, ਕੈਂਚੀ, ਕਬਜ਼ੇ, ਚਿੱਟਕਣੀ, ਛੱਜੇ, ਬੁਖਾਰਚੇ, ਦੁਆਖੇ, ਬਨੇਰੇ, ਅਤੇ ਦੀਵਟ ਆਦਿ ਸ਼ਬਦ ਹੋਂਦ ਵਿਚ ਆਏ।
ਪੰਜਾਬੀ ਦਰਵਾਜ਼ਿਆਂ ਦਾ ਵਰਗੀਕਰਨ
ਦਰਵਾਜ਼ਿਆਂ ਦੇ ਵੱਖ-ਵੱਖ ਨਮੂਨਿਆਂ ਦਾ ਇਮਾਰਤਾਂ ਦੀ ਵਰਤੋਂ ਦੇ ਅਧਾਰ ਉਤੇ ਵਰਗੀਕਰਨ ਇਵੇਂ ਹੋ ਸਕਦਾ ਹੈ।
ਗੁਫ਼ਾ ਦਾ ਦਰਵਾਜ਼ਾ, ਵਾੜੇ ਦਾ ਖਿੜਕ , ਸਿੰਘ ਦੁਆਰ, ਨਗਰ ਖੇੜਾ, ਦੇਸ਼ ਦਾ ਦਰਵਾਜ਼ਾ, ਕਿਲ੍ਹਿਆਂ ਦੇ ਦਰਵਾਜ਼ੇ, ਮਕਬਰੇ, ਗੁਰਦੁਆਰੇ, ਮੰਦਰਾਂ, ਮਸੀਤਾਂ, ਧਰਮਸ਼ਾਲਾ, ਰੋੜਿਆਂ, ਅਖਾੜਿਆਂ, ਚਰਚ ਦੇ ਦਰਵਾਜ਼ੇ, ਮਹਿਲਾਂ, ਅਟਾਰੀਆਂ, ਬਾਰਾਂਦਰੀ ਦੇ ਦਰਵਾਜ਼ੇ, ਘਰਾਂ ਦੇ ਦਰਵਾਜ਼ੇ, ਹਵੇਲੀਆਂ ਦੇ ਦਰਵਾਜ਼ੇ, ਸਰਾਵਾਂ ਦੇ ਦਰਵਾਜ਼ੇ, ਮੁਹੱਲਿਆਂ ਦੇ ਦਰਵਾਜ਼ੇ, ਅੰਨ੍ਹੀ ਡਿਉਢੀ, ਸਜਾਵਟੀ ਗੇਟ, ਯਾਦਗਾਰੀ ਗੇਟ, ਕੰਪਲੈਕਸਾਂ ਦੇ ਦਰਵਾਜ਼ੇ, ਰਸਮੀ ਦਰਵਾਜ਼ੇ ਗੁਪਤ ਦਰਵਾਜ਼ੇ ਅਤੇ ਬਾਗਾਂ ਤੇ ਪਾਰਕਾਂ ਦੇ ਦਰਵਾਜ਼ੇ ।
ਪੰਜਾਬੀ ਲੋਕ ਇਮਾਰਤਸਾਜ਼ੀ ਵਿਚ ਮਹਿਰਾਬ, ਡਾਟ, ਦਰਵਾਜ਼ੇ ਦੀ ਕਲਾ, ਸੁਹਜ, ਸ਼ਿੰਗਾਰ, ਨਕਾਸ਼ੀ, ਚਿੰਨ੍ਹ-ਪ੍ਰਤੀਕ ਆਦਿ ਵਿਸਤ੍ਰਿਤ ਵਿਸ਼ਲੇਸ਼ਣ ਦੀ ਮੰਗ ਕਰਦੇ ਹਨ। ਵਿਆਹ ਸ਼ਾਦੀਆਂ ਸਮੇਂ ਵੱਖ ਵੱਖ ਸਮਾਗਮਾਂ ਸਮੇਂ ਰਸਮੀ ਦਰਵਾਜ਼ੇ ਜਾਂ ਸਜਾਵਟੀ ਦਰਵਾਜ਼ੇ ਵੀ ਆਰਜ਼ੀ ਤੌਰ ’ਤੇ ਉਸਾਰੇ ਜਾਂਦੇ ਸਨ। ਰਵਾਇਤੀ ਤੌਰ ’ਤੇ ਵਿਆਹ ਦੀ ਵੇਦੀ ਗੱਡਣ ਸਮੇਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਲਈ ਕੇਲਿਆਂ ਦੇ ਦਰੱਖਤ ਵੱਢ ਕੇ, ਦਰੱਖਤਾਂ ਦੇ ਪੱਤੇ ਅਤੇ ਟਹਿਣੀਆਂ ਬਾਂਸਾਂ ਨਾਲ ਬੰਨ੍ਹ ਕੇ ਦਰਵਾਜ਼ਾ ਬਣਾ ਲਿਆ ਜਾਂਦਾ ਹੈ। ਇਸੇ ਪ੍ਰਸੰਗ ਵਿਚ ਪੰਜਾਬ ਵਿਚ ਪਿੰਡਾਂ ਦੇ ਬਾਹਰ, ਪਿੰਡਾਂ ਦੀ ਹੱਦ ਉੱਤੇ ਜਾਂ ਫ਼ਿਰਨੀ ਉੱਤੇ ਸਵਾਗਤੀ ਅਤੇ ਸਜਾਵਟੀ ਗੇਟਾਂ ਦੀ ਸਿਰਜਣਾ ਸ਼ੁਰੂ ਹੋਈ। ਸ਼ਹੀਦਾਂ ਦੇ ਨਾਂ ਉੱਤੇ ਯਾਦਗਾਰੀ ਗੇਟ ਉਸਾਰੇ ਗਏ ਜਿਵੇਂ ਖਾਲਸਾ ਪੰਥ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ, ਗੁਰੂ ਅੰਗਦ ਦੇਵ ਜੀ ਦੇ ਪੰਜ ਸੌ ਸਾਲਾ ਜਨਮ ਦਿਵਸ, ਸਾਹਿਬਜ਼ਾਦਿਆਂ ਦਾ ਤਿੰਨ ਸੌ ਸਾਲਾ ਸ਼ਹੀਦੀ ਪੁਰਬ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਚਾਰ ਸੌ ਸਾਲਾ ਸ਼ਤਾਬਦੀ ਮੌਕੇ ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ, ਤਰਨਤਾਰਨ ਸਾਹਿਬ ਵਿਚ ਯਾਦਗਾਰੀ ਗੇਟ ਉਸਾਰੇ ਗਏ। ਇਹਨਾਂ ਨੂੰ ਬੇਸ਼ੱਕ ਤਖਤੇ ਜਾਂ ਪੱਲੇ ਤਾਂ ਨਹੀਂ ਲੱਗੇ ਹੁੰਦੇ ਪਰ ਇਹ ਗੇਟ ਪਿੰਡ ਜਾਂ ਨਗਰ ’ਚ ਵੜਦਿਆਂ ਹੀ ਬੰਦੇ ਨੂੰ ਮੋਹੰਦੇ ਜਰੂਰ ਹਨ। ਇਹ ਵਰਗੀਕਰਨ ਸਿਰਫ ਸਥਾਈ ਦਰਵਾਜ਼ਿਆਂ ਤਕ ਹੀ ਸੀਮਿਤ ਨਾ ਹੋ ਕੇ ਅਸਥਾਈ ਦਰਵਾਜ਼ਿਆਂ ਤਕ ਜਾ ਪਹੁੰਚਦਾ ਹੈ। ਜਿਵੇਂ (ੳ) ਦਰਵਾਜ਼ਾ ਅਤੇ ਇਮਾਰਤ, (ਅ) ਦਰਵਾਜ਼ਾ ਅਤੇ ਲੱਕੜੀ ਕਲਾ
ਪੰਜਾਬੀ ਦਰਵਾਜ਼ੇ ਦੀ ਬਣਤਰ, ਇਸਦਾ ਰੂਪ, ਅਕਾਰ ਅਤੇ ਪ੍ਰਯੋਜਨ ਨੂੰ ਸਮਝਣ ਲਈ ਪੰਜਾਬ ਦੀ ਇਮਾਰਤਸਾਜ਼ੀ ਨੂੰ ਵੀ ਸਮਝਣਾ ਜਰੂਰੀ ਹੈ। ਇਮਾਰਤਸਾਜ਼ੀ ਵਿਚ ਤਕਨੀਕੀ ਖੋਜਾਂ, ਇਮਾਰਤੀ ਸਮਾਨ ‘ਚ ਆਈਆਂ ਬਦਲੀਆਂ ਅਤੇ ਇੱਥੋਂ ਤਕ ਪੰਜਾਬ ਵਿਚ ਸਮੇਂ ਸਮੇਂ ਆਈਆਂ ਰਾਜਸੀ, ਇਤਿਹਾਸਕ, ਆਰਥਿਕ ਅਤੇ ਧਾਰਮਿਕ ਤਬਦੀਲੀਆਂ ਕਾਰਨ ਦਰਵਾਜ਼ੇ ਦੇ ਸਰੂਪ ਅਤੇ ਸਜਾਵਟ ਵਿਚ ਵੀ ਤਬਦੀਲੀਆਂ ਆਉਂਦੀਆਂ ਰਹੀਆਂ ਹਨ।
ਸ਼ਹਿਰੀ ਯੋਜਨਾ ਬੰਦੀ ਵਿਚ ਨਗਰ ਵਸਾਉਂਦੇ ਸਮੇਂ ਜਦੋਂ ਸ਼ਹਿਰ ਨੂੰ ਇਕ ਕਿਲ੍ਹੇ ਵਜੋਂ ਉਸਾਰਿਆ ਜਾਂਦਾ ਸੀ ਤਾਂ ਸ਼ਹਿਰ ਦੀਆਂ ਵੱਖਰੀਆਂ ਵੱਖਰੀਆਂ ਦਿਸ਼ਾਵਾਂ ਵਿਚ ਦਰਵਾਜ਼ੇ ਉਸਾਰੇ ਜਾਂਦੇ ਸਨ। ਅਮ੍ਰਿਤਸਰ ਦੇ ਬਾਰਾਂ ਦਰਵਾਜ਼ੇ, ਜੰਡਿਆਲਾ ਗੁਰੂ ਦੇ ਸੱਤ ਦਰਵਾਜ਼ੇ ਅੱਜ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਹਰ ਕੂਚੇ, ਕਟੜੇ ਦੇ ਵੱਖਰੇ ਦਰਵਾਜ਼ੇ ਇੱਥੋਂ ਤਕ ਕਿ ਗਲੀਆਂ ਦੇ ਦਰਵਾਜ਼ੇ ਅੱਜ ਵੀ ਅਮ੍ਰਿਤਸਰ ਵਿਚ ਵੇਖੇ ਜਾ ਸਕਦੇ ਹਨ। ਪਿੰਡਾਂ ਵਿਚ ਬਾਹਰ ਜਾਂ ਪਿੰਡ ਦੀ ਹੱਦ ’ਤੇ ਯਾਦਗਾਰੀ ਗੇਟ ਬਣਾਉਣ ਦਾ ਹੌਲੀ ਹੌਲੀ ਰਿਵਾਜ ਪੈ ਗਿਆ ਜਿਹੜੇ ਅੱਜ ਵੀ ਨਿਰੰਤਰ ਉਸਾਰੀ ਅਧੀਨ ਹਨ। ਇਨ੍ਹਾਂ ਵਿਚ ਪਿੰਡ ਦੇ ਕਿਸੇ ਮਹਾਨ ਕਵੀ, ਯੋਧੇ, ਕਿਸੇ ਸ਼ਹੀਦ ਦੀ ਯਾਦ ਵਿਚ ਵੀ ਗੇਟ ਉਸਾਰੇ ਗਏ ਹਨ। ਗਦਰੀ ਬਾਬਿਆਂ ਦੀ ਯਾਦ ਵਿੱਚ, ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿਚ ਯਾਦਗਾਰੀ ਗੇਟ ਉਸਾਰੇ ਗਏ ਹਨ।
ਦਰਵਾਜ਼ੇ ਦਾ ਸ਼ਿੰਗਾਰ
ਦਰਵਾਜ਼ੇ ਦੇ ਸ਼ਿੰਗਾਰ ਵਜੋਂ ਦਰਵਾਜ਼ੇ ਦੇ ਮੂਹਰੇ ਕੁਰਸੀ ਜਾਂ ਚੌਂਕੜੀ ਬਣਾਈ ਜਾਂਦੀ ਸੀ ਜਿਸ ਨੂੰ ਲੱਕੜੀ ਆਦਿ ਨਾਲ ਸ਼ਿੰਗਾਰਿਆ ਜਾਂਦਾ ਸੀ। ਧਰਮਕੋਟ ਕਸਬੇ ਵਿਚ ਮਕਾਨ ਦੇ ਦਰਵਾਜ਼ੇ ਦੇ ਦੋਵੀਂ ਪਾਸੀਂ ਬਣੀਆਂ ਕੁਰਸੀਆਂ ਉੱਤੇ ਲੱਕੜੀ ਦੀਆਂ ਮੂਰਤੀਆਂ ਜੋ ਮੀਨਾਕਾਰੀ ਨਾਲ ਭਰਪੂਰ ਸਨ, ਬਣੀਆਂ ਹੋਈਆਂ ਹਨ। ਸਰਹਿੰਦ ਦੇ ਇਕ ਦਰਵਾਜ਼ੇ ਦੀਆਂ ਕੁਰਸੀਆਂ ਉੱਤੇ ਵੀ ਲੱਕੜੀ ਵਿਚ ਮੀਨਾਕਾਰੀ ਕੀਤੀ ਦਿਖਾਈ ਦਿੰਦੀ ਹੈ। ਇਹ ਮੀਨਾਕਾਰੀ ਵਾਲੀ ਲੱਕੜ ਹੁਣ ਟੁੱਟ ਰਹੀ ਹੈ ਉਸ ਨੂੰ ਬਚਾਉਣ ਲਈ ਲੱਕੜ ਉੱਤੇ ਲੋਹੇ ਦੀਆਂ ਪੱਤਰੀਆਂ ਠੋਕੀਆਂ ਗਈਆਂ ਹਨ ਤਾਂ ਜੋ ਇਹ ਲੱਕੜ ਟੁੱਟੇ ਨਾ। ਦਰਵਾਜ਼ੇ ਉੱਤੇ ਦੀਵੇ ਜਗਾਉਣ ਲਈ ਦੀਵਟ, ਦੁਆਖੇ, ਦਰਵਾਜ਼ੇ ਦੀ ਉੱਪਰਲੀ ਮੰਜ਼ਿਲ ਉੱਤੇ ਬੁਖਾਰਚੇ, ਝਰੋਖੇ, ਛੱਜੇ ਅਤੇ ਬਨੇਰਿਆਂ ਦੀ ਸਜਾਵਟ ਇਕ ਵਿਸਤ੍ਰਿਤ ਅਧਿਐਨ ਦਾ ਵਿਸ਼ਾ ਹੈ। ਦਰਵਾਜ਼ੇ ਦੀਆਂ ਖਿੜਕੀਆਂ ਉੱਤੇ ਬਣੇ ਚਿੱਤਰ ਮੋਰ, ਪੰਛੀ, ਕਿਤੇ ਕਿਤੇ ਦਰਵਾਜ਼ੇ ਉੱਤੇ ਕ੍ਰਿਸ਼ਨ ਜੀ, ਗੁਰੂ ਨਾਨਕ ਦੇਵ ਜੀ, ਬਾਜ਼ ਫੜੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਵੀ ਉਲੀਕੀ ਗਈ ਮਿਲਦੀ ਹੈ। ਜਾਲੀਆਂ ਦੇ ਨਮੂਨੇ, ਕਿਲ੍ਹਿਆਂ ਦੇ ਦਰਵਾਜ਼ਿਆਂ ’ਤੇ ਬਣੀਆਂ ਫਸੀਲਾਂ ਪੂਰੀ ਇਮਾਰਤ ਦਾ ਮੁਹਾਂਦਰਾ ਹੋ ਨਿਬੜਦੀਆਂ ਹਨ।
ਦਰਵਾਜ਼ੇ ਦੀ ਇਮਾਰਤਕਾਰੀ ਤੇ ਨਿਰਮਾਣ ਸਾਮੱਗਰੀ
ਪੱਕੀਆਂ ਇੱਟਾਂ ਦੇ ਅਕਾਰ ਵੀ ਸਮੇਂ ਸਮੇਂ ਬਦਲਦੇ ਰਹੇ ਹਨ। ਸੰਘੋਲ ਤੋਂ ਮਿਲੀਆਂ ਪੁਰਾਤਨ ਇੱਟਾਂ ਦੇ ਅਕਾਰ ਅਜੋਕੀਆਂ ਇੱਟਾਂ ਨਾਲੋਂ ਵੱਡੇ ਹਨ। ਇਸ ਉਪਰੰਤ ਨਾਨਕ ਸ਼ਾਹੀ ਇੱਟਾਂ ਜਾਂ ਲਖੌਰੀ ਇੱਟਾਂ ਹੋਂਦ ਵਿਚ ਆਈਆਂ। ਇਨ੍ਹਾਂ ਤੋਂ ਬਾਅਦ ਮੌਜੂਦਾ ਨੌਂ ਇੰਚ ਤੇ ਸਾਢੇ ਚਾਰ ਇੰਚ ਦੀਆਂ ਇੱਟਾਂ ਪ੍ਰਚਲਿਤ ਹਨ। ਮਿੱਟੀ, ਗਾਰਾ, ਚੂਨਾ ਤੇ ਹੋਰ ਲੇਪ ਆਦਿ ਜੋ ਗੁੜ, ਮਾਂਹ ਦਾ ਆਟਾ, ਦੇਸੀ ਸਣ੍ਹ, ਰੋੜ, ਸੀਰਾ, ਚੀਕਨੀ ਮਿੱਟੀ ਆਦਿ ਰਲਾ ਕੇ ਬਣਾਏ ਜਾਂਦੇ ਸਨ। ਇਹ ਚਿਕਨਾ ਮਾਦਾ ਜਾਂ ਪਦਾਰਥ ਇਮਾਰਤ ਉਸਾਰੀ ਲਈ ਪ੍ਰਯੋਗ ਵਿਚ ਆਉਂਦਾ ਸੀ, ਜੋ ਇਮਾਰਤ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਸੀ। ਰੰਗਾਂ ਨੂੰ ਵੱਖ ਵੱਖ ਵਿਧੀਆਂ ਰਾਹੀਂ ਤਿਆਰ ਕੀਤਾ ਜਾਂਦਾ ਸੀ।
ਪੰਜਾਬ ਵਿਚ ਲੱਕੜੀ ਕਲਾ ਨਾਲ ਸੰਬੰਧਿਤ ਤਿੰਨ ਮੁੱਖ ਕੇਂਦਰ ਪਾਏ ਜਾਂਦੇ ਹਨ- ਹੁਸ਼ਿਆਰਪੁਰ, ਅਮ੍ਰਿਤਸਰ, ਜਲੰਧਰ। ਹੁਸ਼ਿਆਰਪੁਰ ਵਿਚ ਜੜਤਕਾਰੀ ਦਾ ਕੰਮ ਕੀਤਾ ਜਾਂਦਾ ਹੈ, ਜੋ ਹੋਰ ਕਿਧਰੇ ਨਹੀਂ ਮਿਲਦਾ। ਅਮ੍ਰਿਤਸਰ ਵਿਚ ਖਿਡੌਣੇ, ਸ਼ਿੰਗਾਰ ਬਕਸੇ, ਚੂੜੇ ਤੇ ਦਰਵਾਜ਼ੇ ਆਦਿ ਬਣਾਉਣ ਦਾ ਕੰਮ ਮਿਲਦਾ ਹੈ। ਅਮ੍ਰਿਤਸਰ ਜਿ਼ਲਾ ਟਾਹਲੀ ਦੇ ਕਲਾਤਮਕ ਦਰਵਾਜ਼ੇ ਬਣਾਉਣ ਦੇ ਕੇਂਦਰ ਵਜੋਂ ਸਥਾਪਿਤ ਹੋਇਆ। ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਚ ਲੱਕੜੀ ਦੇ ਫਰਨੀਚਰ ਦੀ ਬਹੁਤ ਵੱਡੀ ਮੰਡੀ ਹੈ। ਘਰਾਂ ਦੇ ਮੁੱਖ ਦੁਆਰਾਂ ਵਿਚ ਲੱਕੜੀ ਦੀ ਸ਼ਿਲਪਕਲਾ ਬਹੁਤ ਸੁਹਣੀ ਨਿੱਖਰੀ ਹੈ।
ਸਰਹਿੰਦ ਵਿਚ ਰਾਮ ਲਾਲ ਦੇ ਦਰਵਾਜ਼ੇ ਦੇ ਛੱਤਣ ਉੱਪਰ ਨਾ ਕੇਵਲ ਜੁਮੈਟਰੀਕਲ ਡਿਜ਼ਾਈਨ ਹੀ ਉੱਕਰੇ ਹੋਏ ਮਿਲਦੇ ਹਨ ਸਗੋਂ ਮੋਰ, ਹਾਥੀ, ਵੇਲ, ਬੂਟੇ, ਫੁੱਲ, ਆਦਿ ਤਰਾਸ਼ੇ ਗਏ ਹਨ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਦੀਵਾਰ ਦੇ ਸਿਰ ਉੱਪਰ ਪਾਈ ਹੋਈ ਲੱਕੜ ਜਾਂ ਚੌਖਟ ਦੀ ਉੱਪਰਲੀ ਬਾਜ਼ੂ ਨੂੰ ਸਰਦਲ ਕਹਿੰਦੇ ਹਨ। ਪਰ ਇਹ ਵੇਖਣ ਵਿਚ ਆਇਆ ਹੈ ਕਿ ਸਰਦਲ ਦਰਵਾਜ਼ੇ ਦੇ ਲਾਂਘੇ ਤੋਂ ਉੱਪਰਲੇ ਸਿਰੇ ਤੋਂ ਲੈ ਕੇ ਚਾਰ ਫੁੱਟ ਤੇ ਕਈ ਹਾਲਤਾਂ ‘ਚ ਛੇ, ਸੱਤ ਫੁੱਟ ਤਕ ਉੱਚੀ ਪਾਈ ਗਈ ਹੈ। ਇਸ ਜਗ੍ਹਾ ਨੂੰ ਲੱਕੜੀ ਦੇ ਕੰਮ ਵਿਚ ਬੜੇ ਕਲਾਮਈ ਢੰਗ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਇਨ੍ਹਾਂ ਦਾ ਉੱਚ ਕੋਟੀ ਦਾ ਸੁਹਜ-ਬੋਧ ਨਿਵੇਕਲੇ ਅਰਥ ਸੰਚਾਰਦਾ ਹੈ। ਇਹ ਕਲਾ ਕ੍ਰਿਤੀਆਂ ਪੰਜਾਬ ਦੀ ਨਿਵੇਕਲੀ ਵਿਰਾਸਤ ਹਨ। ਤਖਤੇ ਜਾਂ ਪੱਲੇ ਦਰਵਾਜ਼ੇ ਦਾ ਉਹ ਭਾਗ ਹਨ ਜਿਨ੍ਹਾਂ ਦੇ ਆਪਸ ਵਿਚ ਜੁੜਨ ਨਾਲ ਦਰਵਾਜ਼ਾ ਬੰਦ ਹੁੰਦਾ ਹੈ। ਪੁਰਾਣੇ ਕਿਲ੍ਹਿਆਂ, ਹਵੇਲੀਆਂ, ਸਰਾਵਾਂ, ਮਹਿਲਾਂ, ਅਖਾੜਿਆਂ ਦੇ ਤਖਤਿਆਂ ਨੂੰ ਮੋਟੇ ਮੋਟੇ, ਲੰਬੇ ਤੇ ਤਿੱਖੇ ਕਿੱਲ ਜਾਂ ਸੁੰਬੇ ਬਾਹਰ ਨੂੰ ਵਧੇ ਹੋਏ ਲਗਾਏ ਜਾਂਦੇ ਸਨ। ਜਿਨ੍ਹਾਂ ਨੂੰ ਹਾਥੀ ਵੀ ਟੱਕਰ ਮਾਰੇ ਤੇ ਦਰਵਾਜ਼ਾ ਨਾ ਟੁੱਟੇ। ਬਠਿੰਡੇ ਦਾ ਕਿਲ੍ਹਾ, ਕਿਲ੍ਹਾ ਮੁਬਾਰਕ, ਕਿਲ੍ਹਾ ਫਰੀਦਕੋਟ, ਕਿਲ੍ਹਾ ਰਾਮਗੜ੍ਹ, ਤਲਵੰਡੀ ਸਾਬੋ, ਭਿੰਡਰ ਕਲਾਂ ਵਿਚ ਇਹੋ ਜਿਹੇ ਦਰਵਾਜ਼ੇ ਅੱਜ ਵੀ ਵੇਖੇ ਜਾ ਸਕਦੇ ਹਨ। ਇਹਨਾਂ ਉੱਤੇ ਬੇਸ਼ਕ ਕਲਾਮਈ ਕਾਰੀਗਰੀ ਨਹੀਂ ਸੀ ਪਰ ਇਹ ਲੋਹੇ ਦੇ ਸੁੰਬੇ ਆਪਣੇ ਆਪ ਵਿਚ ਹੀ ਇਕ ਕਲਾ ਜਾਪਦੀ ਹੈ। ਇਹਨਾਂ ਦੇ ਪਿੱਛੇ ਮੂਲ ਭਾਵ ਸੁਰੱਖਿਆ ਸੀ।
ਇਨ੍ਹਾਂ ਪੱਲਿਆਂ ਉੱਤੇ ਪੁਰਾਣੇ ਸਮਿਆਂ ਵਿਚ ਪਿੰਡ ਦੇ ਕਾਰੀਗਰ ਲੋਹੇ, ਪਿੱਤਲ ਦੇ ਕਿੱਲ ਪੱਤੀਆਂ ਠੋਕ ਕੇ ਫੱਟੀਆਂ ਨਾਲ ਜੁਮੈਟਰੀਕਲ ਨਮੂਨੇ ਬਣਾ ਦਿੰਦੇ ਸਨ, ਜਿਵੇਂ ਚਾਰ ਕਲੀਆ, ਛੇ ਕਲੀਆ, ਅੱਠ ਕਲੀਆ, ਬਾਰਾਂ ਕਲੀਆ ਆਦਿ ਦੇ ਨਮੂਨੇ ਆਮ ਮਿਲਦੇ ਹਨ।
ਪੰਜਾਬ ਵਿਚ ਜਿੱਥੇ ਪੱਥਰ ਬਹੁਤ ਘੱਟ ਮਿਲਦਾ ਸੀ ਉੱਥੇ ਇਮਾਰਤੀ ਕਲਾ ਵਿਚ ਇੱਟਾਂ ਦੀ ਘੜਾਈ ਕਰਕੇ ਬਣਾਏ ਗਏ ਦਿਲਕਸ਼ ਨਮੂਨੇ, ਵਾਧੇ, ਸੀਮਿੰਟ, ਚੂਨੇ ਨਾਲ ਬਣਾਈਆਂ ਗਈਆਂ ਮੂਰਤੀਆਂ ਦਾ ਸ਼ੁਮਾਰ ਹੈ। ਲੱਕੜੀ ਦੀ ਅਦਭੁੱਤ ਕਲਾ ਦੇ ਨਮੂਨੇ ਵੀ ਪੰਜਾਬ ਦੀ ਲੋਕ ਕਲਾ ਦੇ ਉੱਤਮ ਨਮੂਨੇ ਹਨ ਜੋ ਸਮੇਂ ਦੀ ਮਾਰ ਨਾਲ ਹੌਲੀ ਹੌਲੀ ਗੁਆਚ ਰਹੇ ਹਨ।
ਦਰਵਾਜ਼ੇ ਨਾਲ ਸਬੰਧਿਤ ਚਿੰਨ੍ਹ, ਪ੍ਰਤੀਕ ਅਤੇ ਮੋਟਿਫ
ਇਨ੍ਹਾਂ ਦਰਵਾਜ਼ਿਆਂ ਉੱਪਰ ਜਿਹੜੇ ਚਿੱਤਰ ਉੱਕਰੇ ਗਏ ਹਨ ਉਹ ਸਿਰਫ਼ ਲੱਕੜ ਦੇ ਦਰਵਾਜ਼ਿਆਂ ਉੱਪਰ ਕੀਤੀ ਚਿੱਤਰਕਾਰੀ ਹੀ ਨਹੀਂ ਸਗੋਂ ਆਪਣੇ ਆਪ ਵਿਚ ਕੋਈ ਮੋਟਿਫ਼ , ਕੋਈ ਪ੍ਰਤੀਕ ਜਾਂ ਕੋਈ ਮਿੱਥ ਪ੍ਰਤੀਤ ਹੁੰਦੇ ਹਨ। ਇਸ ਨਜ਼ਰੀਏ ਤੋਂ ਵਿਚਾਰਦਿਆਂ ਇਹ ਸੰਕੇਤ ਪ੍ਰਾਪਤ ਹੁੰਦੇ ਹਨ ਕਿ ਆਦਿਮ ਮਨੁੱਖ ਅਚੇਤ ਹੀ ਆਦਿ ਕਾਲ ਤੋਂ ਕੁਝ ਅਜਿਹੇ ਲੋਕਧਾਰਾਈ ਰੀਤੀਆਂ, ਸੰਸਕਾਰਾਂ ਅਤੇ ਮਨੌਤਾਂ ਵਿਚ ਘਿਰਿਆ ਹੋਇਆ ਸੀ। ਜਿਨ੍ਹਾਂ ਨੂੰ ਉਸ ਦੀ ਮਾਨਸਿਕਤਾ ਨੇ ਸਹਿਜ ਸੁਭਾਵਿਕ ਹੀ ਚਿੰਨ੍ਹਾਂ, ਪ੍ਰਤੀਕਾਂ, ਰੂੜ੍ਹੀਆਂ ਅਤੇ ਪੁਰਾਣ-ਕਥਾਵਾਂ ਰਾਹੀਂ ਇਨ੍ਹਾਂ ਦਰਵਾਜ਼ਿਆਂ ਉੱਪਰ ਸਦਾ ਸਦਾ ਲਈ ਅੰਕਿਤ ਕਰ ਦਿੱਤਾ।
ਪੰਜਾਬੀ ਦਰਵਾਜ਼ਿਆਂ ਨਾਲ ਸੰਬੰਧਿਤ ਮਿੱਥਾਂ ਬਾਰੇ ਵਿਚਾਰਦਿਆਂ ਜਿਹੜਾ ਕੇਂਦਰੀ ਨੁਕਤਾ ਉਭਰਿਆ ਉਸ ਦੇ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਮਿੱਥਾਂ ਆਮ ਤੌਰ ਤੇ ਰੱਬੀ ਜਾਂ ਦੈਵੀ ਸ਼ਕਤੀ, ਕੁਦਰਤੀ ਜਾਂ ਗੈਬੀ ਸ਼ਕਤੀ ਜਾਂ ਆਤਮਿਕ ਸ਼ਕਤੀ ਨਾਲ ਸੰਬੰਧਿਤ ਹਨ। ਮਿਸਾਲ ਵਜੋਂ ਸ਼ਿਵ ਜੀ ਵੱਲੋਂ ਗਣੇਸ਼ ਦਾ ਸਿਰ ਕੱਟਣਾ ਅਤੇ ਉਸ ਦੀ ਥਾਂ ਤੇ ਹਾਥੀ ਦੇ ਬੱਚੇ ਦਾ ਸਿਰ ਕੱਟ ਕੇ ਜੋੜਨਾ ਦੈਵੀ ਸ਼ਕਤੀ ਦਾ ਲਖਾਇਕ ਹੈ। ਬ੍ਰਹਮਾ ਦਾ ਕਮਲ ਦੇ ਫੁੱਲ ਤੇ ਸਵਾਰੀ ਕਰਨੀ ਪ੍ਰਕਿਰਤੀ ਦੀ ਉਸ ਲੁਪਤ ਸ਼ਕਤੀ ਵੱਲ ਸੰਕੇਤ ਹੈ ਕਿ ਪ੍ਰਕਿਰਤੀ ਮਨੁੱਖ ਦੀ ਰੱਖਿਅਕ ਵੀ ਹੈ, ਪਾਲਕ ਵੀ ਹੈ ਅਤੇ ਸਹਾਇਕ ਵੀ ਹੈ। ਸੱਤਾਂ ਘੋੜਿਆਂ ਵੱਲੋਂ ਸੂਰਜ ਦਾ ਰੱਥ ਖਿਚਿਆ ਜਾਣਾ ਰੱਬੀ ਸ਼ਕਤੀ ਨੂੰ ਦਰਸਾਉਂਦਾ ਹੈ ਕਿ ਰੱਬ ਸੂਰਜ ਰਾਹੀਂ ਸੰਸਾਰ ਨੂੰ ਪ੍ਰਕਾਸ਼ਮਾਨ ਕਰਦਾ ਹੈ।
ਚਿੰਨ੍ਹ ਪ੍ਰਤੀਕ ਅਤੇ ਮੋਟਿਫ਼ ਦਰਵਾਜ਼ਿਆਂ ਉੱਤੇ ਵੱਖ ਵੱਖ ਵਿਧਾਵਾਂ ਰਾਹੀਂ ਨਿਰੂਪਣ ਕਰਨੇ ਪੰਜਾਬੀਆਂ ਦੀ ਲੋਕ ਮਾਨਸਿਕਤਾ ਦਾ ਲਖਾਇਕ ਹੈ ਕਿ ਇਨਸਾਨ ਸੁਚੇਤ ਜਾਂ ਅਚੇਤ ਹੀ ਦੇਵੀ, ਦੇਵਤਿਆਂ, ਗੁਰੂਆਂ, ਪੀਰਾਂ, ਪੂਜਾ ਵਿਧੀਆਂ ਅਤੇ ਸਭ ਤੋਂ ਵੱਧ ਕੇ ਕਾਦਰ ਦੀ ਕੁਦਰਤ ਦੇ ਸ਼ਰਣਾਗਤ ਹੈ।
ਇਨ੍ਹਾਂ ਦਰਵਾਜ਼ਿਆਂ ਦਾ ਬਾਰੀਕੀ ਵਿਚ ਅਧਿਐਨ ਕਰਦਿਆਂ ਪ੍ਰਤੀਤ ਹੋਇਆ ਕਿ ਦਰਵਾਜ਼ੇ ਮਹਿਜ ਦਰਵਾਜ਼ੇ ਹੀ ਨਹੀਂ ਸਾਡੀ ਪੰਜਾਬੀ ਸਭਿਆਚਾਰ ਦੀ ਸਮੁੱਚੀ ਜ਼ਿੰਦਗੀ ਦਾ ਇਤਿਹਾਸਕ, ਮਿਥਿਹਾਸਕ ਅਤੇ ਪ੍ਰਤੀਕਾਤਮਕ ਅਧਿਆਇ ਹਨ।
ਦਰਵਾਜ਼ੇ ਨਾਲ ਸੰਬੰਧਿਤ ਲੋਕ-ਕਾਵਿ
ਦਰਵਾਜ਼ਾ ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਜਿੱਥੇ ਲੋਕ-ਕਹਾਣੀਆਂ, ਲੋਕ-ਗਾਥਾਵਾਂ, ਮੁਹਾਵਰਿਆਂ, ਅਖਾਣਾਂ ਵਿਚ ਵਿਆਪਕ ਚਰਚਾ ਵਿਚ ਆਇਆ ਹੈ, ਉੱਥੇ ਲੋਕ ਗੀਤਾਂ ਵਿਚ ਵੀ ਦਰਵਾਜ਼ਾ ਇਕ ਪ੍ਰਤੀਕ ਵਜੋਂ ਚਿੱਤਰਿਆ ਮਿਲਦਾ ਹੈ। ਦਰਵਾਜ਼ਾ ਕਿਤੇ ਬਾਬਲ ਦਾ ਘਰ, ਕਿਤੇ ਬਾਬਲ ਦਾ ਵਿਹੜਾ, ਕਿਤੇ ਪ੍ਰਦੇਸ ਗਏ ਪੁੱਤ ਦੀ ਉਡੀਕ ਵਿਚ ਮਾਂ ਲਈ ਸਹਾਰਾ ਹੈ, ਕਿਤੇ ਦਰਵਾਜ਼ਾ ਪ੍ਰਦੇਸੀ ਦੀ ਉਡੀਕ ਵਿਚ ਬਨੇਰਿਆਂ ਤੇ ਦੀਵੇ ਬਾਲਦਾ ਹੈ ਤੇ ਕਿਤੇ ਦਰਵਾਜ਼ੇ ਵਿਚ ਖਲੋ ਕੇ ਰੱਬ ਅੱਗੇ ਅਰਜ਼ੋਈ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੀਆਂ ਮਿਹਰਾਂ ਦੇ ਦਰਵਾਜ਼ੇ ਇਨਸਾਨ ਵਾਸਤੇ ਖੋਲ੍ਹ ਦੇਵੇ।
ਨਗਰ ਖੇੜਾ ਅਤੇ ਦਰਵਾਜ਼ਾ
ਨਗਰ ਖੇੜੇ ਦੇ ਦਰਵਾਜ਼ੇ ਦੇ ਬਾਹਰ ਮੇਲੇ ਲਗਦੇ ਹਨ। ਇਸ ਮੇਲੇ ਤੇ ਜਾਣ ਲਈ ਇਕ ਮੁਟਿਆਰ ਆਪਣੀ ਮਾਂ ਕੋਲ ਆਪਣੇ ਭਾਵ ਇਸ ਤਰ੍ਹਾਂ ਬਿਆਨਦੀ ਹੈ:
ਮਾਏ ਨੀ ਗਜ ਲੱਠਾ ਲੈ ਦੇ,
ਉਹਦੀ ਸੁੱਥਣ ਸੁਵਾਵਾਂ,
ਸੁੱਥਣ ਪਾ ਕੇ ਫਿਰਾਂ ਮੇਲਦੀ,
ਵਿਚ ਦਰਵਾਜ਼ੇ ਜਾਵਾਂ
ਧੀ ਅਤੇ ਪੇਕਾ ਘਰ:
ਸਹੁਰਿਆਂ ਤੋਂ ਆਈ ਧੀ ਲਈ ਭਾਬੀਆਂ ਵਲੋਂ ਜਿੰਦਰੇ ਮਾਰ ਲੈਣੇ, ਧੀ ਦਾ ਦਰ ਵਿਚ ਖਲ੍ਹੋਣਾ, ਉਸਦੀ ਬੇਗਾਨਗੀ ਦੀ ਸਥਿਤੀ ਦਰਸਾਉਂਦਾ ਹੈ। ਸੁਹਾਗ ਵਿਚ ਧੀ ਆਪਣੀ ਮਾਂ ਨੂੰ ਭਾਬੀਆਂ ਦੇ ਇਸ ਵਤੀਰੇ ਦਾ ਉਲ੍ਹਾਮਾ ਦਿੰਦੀ ਹੈ:
ਦੂਰੋਂ ਤੇ ਆਈ ਸਾਂ ਚਲ ਕੇ ਮਾਂ
ਦਰ ਵਿਚ ਰਹੀ ਖਲੋ
ਦਰਵਾਜ਼ੇ ਨਾਲ ਸੰਬੰਧਿਤ ਵਿਸ਼ਵਾਸ
ਪਿੰਡ, ਘਰ, ਮੁਹੱਲੇ ਦੀ ਵਿਉਂਤਕਾਰੀ ਤੋਂ ਲੈ ਕੇ, ਉਸਾਰੀ ਪੂਰੀ ਹੋਣ ਤਕ ਵੱਖ ਵੱਖ ਰੀਤਾਂ, ਰਸਮਾਂ, ਵਹਿਮ, ਭਰਮ, ਵਿਸ਼ਵਾਸ ਇਸ ਤਰ੍ਹਾਂ ਪ੍ਰਚਲਿਤ ਹਨ ਕਿ ਇਨ੍ਹਾਂ ਤੋਂ ਬਿਨਾਂ ਕੋਈ ਵੀ ਕਾਰਜ ਅਧੂਰਾ ਭਾਸਦਾ ਹੈ, ਭਾਵੇਂ ਪਿੰਡ ਦਾ ਮੋਹੜਾ ਗੱਡਣ ਦੀ ਰਸਮ ਹੀ ਕਿਉਂ ਨਾ ਹੋਵੇ ਤੇ ਭਾਵੇਂ ਕਿਸੇ ਮਕਾਨ, ਹਵੇਲੀ ਦੀ ਚੱਠ ਸਭ ਰਸਮਾਂ ਰੀਤਾਂ, ਇਨ੍ਹਾਂ ਵਿਸ਼ਵਾਸਾਂ ਦੇ ਸਹਾਰੇ ਆਪਣਾ ਸਫ਼ਰ ਪੂਰਾ ਕਰਦੀਆਂ ਹਨ। ਜਿਸ ਤਰ੍ਹਾਂ ਆਦਮੀ ਦਾ ਆਵਾਗਵਨ – ਜਨਮ, ਵਿਆਹ ਤੇ ਮੌਤ ਨਾਲ ਸੰਬੰਧਿਤ ਰਸਮਾਂ ਰੀਤਾਂ ਵੀ ਇਨ੍ਹਾਂ ਵਿਸ਼ਵਾਸਾਂ ਤੋਂ ਬਿਨਾਂ ਅਧੂਰੀਆਂ ਹਨ, ਉਸੇ ਤਰ੍ਹਾਂ ਦਰਵਾਜ਼ੇ ਨਾਲ ਵੀ ਬਹੁਤ ਸਾਰੇ ਵਿਸ਼ਵਾਸ – ਰੀਤਾਂ-ਰਸਮਾਂ, ਸ਼ਗਨ-ਅਪਸ਼ਗਨ, ਵਹਿਮ-ਭਰਮ, ਟੂਣੇ ਆਦਿ ਜੁੜੇ ਹੋਏ ਹਨ।
ਪੰਜਾਬੀਆਂ ਦੀਆਂ ਸਮੁੱਚੀਆਂ ਰਹੁ-ਰੀਤਾਂ, ਲੋਕ-ਰੂੜ੍ਹੀਆਂ ਅਤੇ ਲੋਕ- ਵਿਸ਼ਵਾਸਾਂ ਦਾ ਕੇਂਦਰੀ ਧੁਰਾ ਦਰਵਾਜ਼ਾ ਹੀ ਪ੍ਰਤੀਤ ਹੁੰਦਾ ਹੈ। ਹਰ ਪੰਜਾਬੀ ਕਿਸੇ ਵੀ ਰਹੁ-ਰੀਤ ਨੂੰ ਆਪਣੇ ਦਰਵਾਜ਼ੇ ਤੋਂ ਲਾਂਭੇ ਨਹੀਂ ਜਾਣ ਦਿੰਦਾ, ਹਰ ਰਹੁ-ਰੀਤ ਨੂੰ ਆਪਣੇ ਦਰਵਾਜ਼ੇ ਨਾਲ ਜੋੜ ਲੈਂਦਾ ਹੈ, ਆਪਣੇ ਦਰਵਾਜ਼ੇ ਤੇ ਕੇਂਦਰਿਤ ਕਰ ਲੈਂਦਾ ਹੈ।
ਦਰਵਾਜ਼ਾ ਅਤੇ ਪੰਜਾਬੀ ਸਭਿਆਚਾਰ
ਦਰਵਾਜ਼ੇ ਦੇ ਨਾਲ ਬਹੁਤ ਸਾਰੀਆਂ ਕਦਰਾਂ ਕੀਮਤਾਂ, ਜੁਗਤਾਂ, ਰਿਵਾਇਤਾਂ, ਵਿਚਾਰਾਂ ਜੁੜੀਆਂ ਹੋਈਆਂ ਹਨ ਜੋ ਨਾ ਕੇਵਲ ਲੋਕ-ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਬਲਕਿ ਉਨ੍ਹਾਂ ਦੇ ਜੀਵਨ ਵਿਚ ਬੜੀ ਗਹਿਰਾਈ ਤਕ ਸ਼ਾਮਿਲ ਹਨ। ਦਰਵਾਜ਼ੇ ਦਾ ਪਸਾਰ ਦੇਸ਼, ਘਰ, ਸਮਾਜ ਅਤੇ ਆਰਥਿਕਤਾ ਦੇ ਪਸਾਰੇ ਤਕ ਰਲਿਆ-ਮਿਲਿਆ ਹੈ। ਪੰਜਾਬੀਆਂ ਦੇ ਜਨਮ, ਵਿਆਹ ਅਤੇ ਮੌਤ ਦੇ ਸੰਸਕਾਰ ਭਾਂਵੇਂ ਵੱਖ-ਵੱਖ ਮਾਹੌਲ ਅਤੇ ਨਿਵੇਕਲੇ ਥਾਵਾਂ ਵਿਚ ਸੰਪੰਨ ਹੁੰਦੇ ਹਨ, ਪਰ ਫਿਰ ਵੀ ਦਰਵਾਜ਼ੇ ਨਾਲ ਕੋਈ ਨਾ ਕੋਈ ਰਸਮ ਕਿਰਿਆ ਜੁੜੀ ਹੋਈ ਹੈ। ਘਰ ਜੇ ਨਵਜਾਤ ਸ਼ਿਸ਼ੂ ਨੇ ਜਨਮ ਲਿਆ ਹੈ ਤਾਂ ਸੰਕੇਤ ਵਜੋਂ ਉਸ ਦੇ ਘਰ ਮੂਹਰੇ ਦਰਵਾਜ਼ੇ ਉੱਤੇ ਸ਼ਰੀਂਹ ਦੇ ਪੱਤੇ ਬੱਝਣਾ, ਨਾ ਕੇਵਲ ਸ਼ਗਨਾਂ ਦੀ ਨਿਸ਼ਾਨੀ ਹੈ; ਲੋਕਾਈ ਲਈ ਖਬਰ ਹੈ, ਸੰਕੇਤ ਹੈ ਕਿ ਇਸ ਘਰ ਕਿਸੇ ਨਵਜਾਤ ਦਾ ਜਨਮ ਹੋਇਆ ਹੈ। ਇਸੇ ਤਰ੍ਹਾਂ ਵਿਆਹ ਦੇ ਮੌਕਿਆਂ ਉੱਤੇ ਤੁਲਸੀ ਅਤੇ ਅੰਬਾਂ ਦੇ ਪੱਤੇ ਬੱਝਣਾ ਵੀ ਚੰਗਾ ਸ਼ਗਨ ਹੈ ਤੇ ਵਿਆਹ ਕੇ ਮੁੜਦਿਆਂ ਸਮੇਂ ਦਹਿਲੀਜ਼ਾਂ ਤੇ ‘ਪਾਣੀ ਵਾਰ ਬੰਨੇ ਦੀਏ ਮਾਏ, ਬੰਨਾਂ ਦੁਆਰ ਖੜਾ’ ਵਰਗੇ ਲੋਕ
ਗੀਤ ਉਚਾਰ ਕੇ ਲੋਕ ਜੀਵਨ ਵਿਚ ਦਰਵਾਜ਼ੇ ਦੀ ਪ੍ਰਸੰਗਿਕਤਾ ਦਾ ਪ੍ਰਮਾਣ ਹਨ। ਇਹ ਨਵੀਂ ਵਿਆਹੀ ਬਹੂ ਨੂੰ ਘਰ ਦੀ ਮਾਲਕਣ, ਮੁੰਡੇ ਦੀ ਮਾਂ ਵਲੋਂ ਸ਼ਗਨਾਂ ਨਾਲ ਦਰਵਾਜ਼ੇ ਦੇ ਅੰਦਰ ਲੈ ਕੇ ਜਾਣਾ ਨਾਂ ਕੇਵਲ ਪਰਿਵਾਰ ਦੀ ਪ੍ਰਵਾਨਗੀ ਦਾ ਪ੍ਰਤੀਕ ਹੈ ਸਗੋਂ ਉਹਦੇ ਨਾਲ ਪਰਿਵਾਰ ਦੀਆਂ ਖੁਸ਼ੀਆਂ ਤੇ ਚਾਅ ਮਲ੍ਹਾਰ ਵੀ ਜੁੜੇ ਹਨ। ਜਦੋਂ ਵਿਹੜੇ ਵਿਚ ਕਿਸੇ ਦੀ ਅਣਿਆਈ ਮੌਤ ਦੀ ਅਰਥੀ ਉੱਠਦੀ ਹੈ ਤਾਂ ਦਰਵਾਜ਼ੇ ਦਾ ਮਾਹੌਲ ਵੀ ਸੋਗਮਈ ਹੋ ਜਾਂਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੀਵਨ ਦੇ ਪ੍ਰਕਾਰਜ ਦਰਵਾਜ਼ੇ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰੇ ਹਨ। ਦਰਵਾਜ਼ੇ ਬਾਰੇ ਪੰਜਾਬ ਵਿਚ ਕਹਾਵਤ ਹੈ, ‘ਘਰ ਦੇ ਭਾਗ ਤਾਂ ਦਰਵਾਜ਼ੇ ਤੋਂ ਹੀ ਪਛਾਣੇ ਜਾਂਦੇ ਹਨ। ਦਰਵਾਜ਼ਾ ਸੰਬੰਧਿਤ ਘਰ ਦੀ ਆਰਥਿਕਤਾ, ਮਾਨਸਿਕਤਾ ਅਤੇ ਰੁਤਬੇ ਦਾ ਪ੍ਰਤਿਬਿੰਬ ਵੀ ਹੈ। ਦਰਵਾਜ਼ਾ ਮੁਕਾਮ ਵੀ ਹੈ, ਸਫ਼ਰ ਦੀ ਸ਼ੁਰੂਆਤ ਵੀ ਹੈ। ਪ੍ਰਦੇਸਾਂ ਤੋਂ ਥੱਕਿਆ ਹਾਰਿਆ ਮਨੁੱਖ ਦਰਵਾਜ਼ੇ ਉੱਤੇ ਪਹੁੰਚ ਕੇ ਸੁਖ ਦਾ ਸਾਹ ਲੈਂਦਾ ਹੈ। ਉਹ ਖੱਟਣ ਕਮਾਉਣ ਜਾਣ ਲੱਗਿਆਂ ਵੀ ਅਤੇ ਰਕਾਬ ਉੱਤੇ ਪੈਰ ਧਰਨ ਲੱਗਿਆਂ ਦਰਵਾਜ਼ੇ ਤੋਂ ਹੀ ਨਵੇਂ ਸਫ਼ਰ ਦੀ ਸ਼ੁਰੂਆਤ ਕਰਦਾ ਹੈ।
ਦਰਵਾਜ਼ਾ ਲਛਮਣ ਰੇਖਾ
ਦਰਵਾਜ਼ਾ ਲਛਮਣ ਰੇਖਾ ਹੈ। ਘਰ ਦੀ ਮੁਟਿਆਰ ਧੀ ਜਦੋਂ ਦਰਵਾਜ਼ੇ ਅੰਦਰ ਰਹਿਕੇ ਘਰ ਦੇ ਕੰਮ ਕਾਜ ਕਰਦੀ ਹੈ, ਆਪਣਾ ਦਾਜ ਬਣਾਉਂਦੀ, ਚਾਦਰਾਂ, ਨਾਲੇ, ਦਰੀਆਂ, ਪੱਖੀਆਂ, ਬੁਣਦੀ ਹੈ ਤਾਂ ਉਹ ਘਰ ਦੀ ਇੱਜ਼ਤ ਹੈ। ਭਾਵ ਘਰ ਦੀ ਇੱਜ਼ਤ ਬਣਾਉਣ ਜਾਂ ਬਚਾਉਣ ਦਾ ਚਿੰਨ੍ਹ ਹੈ। ਜੇ ਉਹ ਪਰਿਵਾਰ ਦੀ ਪ੍ਰਵਾਨਗੀ ਤੋਂ ਬਿਨਾਂ ਦਰਵਾਜ਼ੇ ਤੋਂ ਬਾਹਰ ਪੈਰ ਧਰਦੀ ਹੈ ਜਾਂ ਕਿਸੇ ਪਰਾਏ ਨਾਲ ਜਾਣ ਦਾ ਹੀਆ ਕਰਦੀ ਹੈ ਤਾਂ ਉਹ ਘਰ ਦੀ ਇੱਜ਼ਤ ਉਧੇੜਨ ਵਾਲੀ ਜਾਂ ਉਛਾਲਣ ਵਾਲੀ ਹੈ।
ਘਰ ਦੇ ਵੱਡੇ ਬਜ਼ੁਰਗਾਂ ਅਤੇ ਨੇੜੇ ਦੇ ਰਿਸ਼ਤੇਦਾਰਾਂ ਜਾਂ ਕਿਸੇ ਹੋਰ ਵੱਡੇ ਵਡਿੱਕੇ ਦੀ ਡਿਉਢੀ ਤੋਂ ਅੱਗੇ ਆਉਣ ਦੀ ਸੀਮਾ/ਰੇਖਾ ਨਿਸ਼ਚਿਤ ਹੁੰਦੀ । ਕਿਸੇ ਵੀ ਬਜ਼ੁਰਗ ਨੇ ਬਾਹਰਲੀ ਦਹਿਲੀਜ਼ ਤੋਂ ਹੀ ਖੰਘੂਰਾ ਮਾਰਨਾ ਹੁੰਦਾ ਜਾਂ ਦਰਵਾਜ਼ੇ ਦਾ ਭਿੱਤ ਖੜਕਾਉਣਾ ਹੁੰਦਾ ਤਾਂ ਕਿ ਕਿਸੇ ਵੱਡੇ ਵਡਿੱਕੇ ਦੀ ਆਮਦ ਤੇ ਘਰ ਦੇ ਸਾਰੇ ਜੀਅ ਸਲੀਕੇ ਵਿਚ ਹੋ ਜਾਣ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਔਰਤ ਸਮਾਜ ਉਸ ਨੂੰ ਸਾਵਧਾਨ ਕਰਨ ਲਈ ਇੱਥੋਂ ਤਕ ਬੋਲੀ ਮਾਰਨੋਂ ਵੀ ਨਾ ਰਹਿੰਦਾ:
ਘਰ ਵੜਦਾ ਖਬਰ ਨਹੀਂ ਕਰਦਾ,
ਬੁੜੇ ਦੇ ਗਲ ਟੱਲ ਪਾ ਦਿਉ।
ਪੰਜਾਬੀ ਸਮਾਜ ਵਿਚ ਜਦੋਂ ਕਿਸੇ ਨੇ ਦੂਸਰੇ ਨਾਲ ਆਪਣੀ ਕਿੜ ਕੱਢਣੀ ਹੋਵੇ ਤਾਂ ਉਹ ਦੂਸਰੇ ਦੇ ਦਰਵਾਜ਼ੇ ਮੂਹਰੇ ਬੜ੍ਹਕ ਮਾਰਦਾ। ਜੇਕਰ ਘਰ ਦੇ ਜੀਅ ਤਕੜੇ ਹਨ ਤਾਂ ਉਸ ਵੇਲੇ ਦਰਵਾਜ਼ੇ ਮੂਹਰੇ ਡਾਂਗਾਂ, ਗੰਡਾਸੇ, ਛਵੀਆਂ, ਖੜਕਣ ਲੱਗ ਪੈਂਦੀਆਂ ਅਤੇ ਜੇ ਘਰ ਵਾਲੇ ਮੁਕਾਬਲੇ ਵਿਚ ਕਮਜ਼ੋਰ ਹੁੰਦੇ ਤਾਂ ‘ਦੜ ਵੱਟ ਜ਼ਮਾਨਾ ਕੱਟ’ ਵਾਲੀ ਕਹਾਵਤ ਵਾਪਰਦੀ ਹੈ।
ਦਰਵਾਜ਼ੇ ਦਾ ਬਾਹਰਲਾ ਜਗਤ
ਦਰਵਾਜ਼ਿਆਂ ਦੇ ਮੱਥਿਆਂ ਅਤੇ ਤਖਤਿਆਂ ਉੱਤੇ ਆਪਣੇ ਆਪਣੇ ਅਕੀਦੇ ਅਨੁਸਾਰ ਧਾਰਮਿਕ ਚਿੰਨ੍ਹ-ਪ੍ਰਤੀਕ ਸਿਰਜੇ ਹੁੰਦੇ। ਸ਼ਰਧਾ ਅਨੁਸਾਰ ਹਰ ਇਕ ਪ੍ਰਾਣੀ ਦਰਵਾਜ਼ੇ ਦੇ ਅੰਦਰ ਵੜਨ ਲੱਗਿਆਂ ਜਾਂ ਗਲੀ, ਸੜਕ ਵਿਚੋਂ ਦੀ ਗੁਜ਼ਰਨ ਲੱਗਿਆਂ ਇਨ੍ਹਾਂ ਚਿੱਤਰਾਂ ਅੱਗੇ ਨਮਸਕਾਰ ਕਰਦਾ ਅਤੇ ਘਰ ਵਿਚ ਹਮੇਸ਼ਾਂ ਖੁਸ਼ਹਾਲੀ ਰਹੇ, ਬਰਕਤਾਂ ਆਉਣ, ਘਰ ਹਮੇਸ਼ਾਂ ਭਰਿਆ ਭਕੁੰਨਾ ਰਹੇ, ਇਹ ਦੁਆ ਕੀਤੀ ਜਾਂਦੀ। ਦਰਵਾਜ਼ੇੇ ਦੇ ਬਾਹਰ ਜੇ ਕੁਰਸੀਆਂ ਜਾਂ ਚੌਂਕੜੀਆਂ ਹਨ ਤਾਂ ਕੋਈ ਨਾ ਕੋਈ ਰਾਹੀ ਪਲ ਦੋ ਪਲ ਲਈ ਇਨ੍ਹਾਂ ਉੱਤੇ ਬੈਠ ਜਾਂਦਾ ਜਾਂ ਕੋਈ ਨਾ ਕੋਈ ਗਰੀਬ-ਗੁਰਬਾ ਲੂਸਣ, ਛਟਾਲੇ, ਤੂੜੀ ਦੀ ਪੰਡ ਰੱਖ ਕੇ ਸਾਹ ਲੈਂਦਾ। ਇਨ੍ਹਾਂ ਕੁਰਸੀਆਂ ‘ਤੇ ਪੈਰ ਰੱਖ ਕੇ ਚੌਧਰੀ ਜਾਂ ਜਗੀਰਦਾਰ ਨੂੰ ਘੋੜੀ ਤੋਂ ਚੜ੍ਹਨ, ਉੱਤਰਨ ਦੀ ਸੌਖ ਹੋ ਜਾਂਦੀ। ਜੰਡਿਆਲਾ ਗੁਰੂ, ਰਾਹੋਂ, ਸੁਨਾਮ ਵਿਚ ਗਲੀ ਨਾਲੋਂ ਮਕਾਨ ਕਾਫੀ ਉੱਚੇ ਹੁੰਦੇ ਤੇ ਗਲੀ ਵਾਲੇ ਪਾਸੇ ਦਰਵਾਜ਼ੇ ਦੇ ਬਾਹਰ ਚਬੂਤਰੇ-ਨੁਮਾ ਥੜ੍ਹਾ ਉਸਾਰਿਆ ਜਾਂਦਾ। ਜਦੋਂ ਘਰ ਵਿਚ ਹੁੰਮਸ ਹੁੰਦਾ ਤਾਂ ਬੱਚੇ, ਬੁੱਢੇ ਇਨ੍ਹਾਂ ਥੜ੍ਹਿਆਂ ਤੇ ਬੈਠਦੇ ਜਾਂ ਕੰਮ ਧੰਦਾ ਮੁਕਾ ਕੇ ਉਸ ਗਲੀ, ਪੱਤੀ ਜਾਂ ਮੁਹੱਲੇ ਦੇ ਬਾਸ਼ਿੰਦੇ ਇਨ੍ਹਾਂ ਥੜ੍ਹਿਆਂ ਤੇ ਦਰੀਆਂ, ਚਾਦਰਾਂ ਵਿਛਾ ਕੇ ਤਾਸ਼, ਸ਼ਤਰੰਜ ਆਦਿ ਖੇਡਦੇ।
ਦਰਵਾਜ਼ਾ ਸਵਾਗਤ ਸਥਾਨ
ਪਿੰਡਾਂ ਵਿਚ ਕਿਸੇ ਸਾਧੂ ਮਹਾਤਮਾ ਦੀ ਆਮਦ ਤੇ ਗਲੀਆਂ, ਦਰਵਾਜ਼ਿਆਂ ਦੇ ਸਾਹਮਣਿਉਂ ਕੂੜੇ ਕਰਕਟ ਦੇ ਢੇਰ ਹੂੰਝੇ ਜਾਂਦੇ। ਦਰਵਾਜ਼ੇ ਦੇ ਨਾਲ ਦੀ ਬੈਠਕ ਵਿਚ ਸੰਤਾਂ ਨੂੰ ਬਿਠਾਇਆ ਜਾਂਦਾ। ਸੰਤਾਂ ਦੇ ਆਉਣ ਤੇ ਉਸ ਬੈਠਕ ਦੇ ਤਾਂ ਭਾਗ ਹੀ ਜਾਗ ਪੈਂਦੇ। ਬੈਠਕ ਵਿਚ ਗੋਲੂ ਪੋਚਾ ਫੇਰ ਕੇ ਉਸ ਨੂੰ ਸੁੱਚਿਆਂ ਕੀਤਾ ਜਾਂਦਾ। ਹਰ ਬੂਹੇ, ਬਾਰੀ ਦੀਆਂ ਝੀਤਾਂ ਵਿਚ ਫੁੱਲਾਂ ਦੇ ਗੁਲਦਸਤੇ ਰੱਖੇ ਜਾਂਦੇ। ਦਰਵਾਜ਼ੇ ਦੇ ਬਾਹਰ ਦੀਵਾਨ ਦਾ ਪ੍ਰਬੰਧ ਕੀਤਾ ਜਾਂਦਾ ਤੇ ਘੜੀਆਂ ਪਲਾਂ ਵਿਚ ਹੀ ਦਰਵਾਜ਼ੇ ਦੀਆਂ ਚੌਂਕੜੀਆਂ ਅੱਗੇ ਦਾਣਿਆਂ ਦੇ ਢੇਰ ਲੱਗ ਜਾਂਦੇ ਤੇ ਸਾਰਾ ਵਿਹੜਾ ਬਿਨਾਂ ਕਿਸੇ ਭੇਦ ਭਾਵ ਦੇ ਇਕੱਠਾ ਹੋ ਜਾਂਦਾ।
ਸਮਾਜਿਕ, ਸਭਿਆਚਾਰਕ, ਆਰਥਿਕ ਤਬਦੀਲੀਆਂ ਨਾਲ ਵੀ ਲੋਕ ਇਮਾਰਤ ਸਾਜ਼ੀ ਤੇ ਦੂਰਗਾਮੀ ਪ੍ਰਭਾਵ ਪਏ ਹਨ।
ਅੱਜਕਲ੍ਹ ਦਰਵਾਜ਼ੇ ਵਿਦੇਸ਼ੀ ਲੋਕਾਂ ਦੇ ਘਰਾਂ ਦੀ ਸ਼ਾਨ ਬਣ ਰਹੇ ਹਨ ਕਿਉਂਕਿ ਇਹ ਦਰਵਾਜ਼ੇ ਮਿਹਨਤ ਅਤੇ ਸੁੰਦਰਤਾ ਦੇ ਪੱਖ ਤੋਂ ਮੀਨਾਕਾਰੀ, ਨਕਾਸ਼ੀ ਅਤੇ ਪਿੱਤਲ ਦੇ ਕਿੱਲਾਂ, ਕੋਕਿਆਂ ਨਾਲ ਜੜੇ ਹੋਣ ਕਰਕੇ ਬਹੁਤ ਕੀਮਤੀ ਹਨ। ਦੇਸੀ-ਵਿਦੇਸ਼ੀ ਵਪਾਰੀ ਸਸਤੇ ਭਾਅ ਵਿਚ ਇਨ੍ਹਾਂ ਲੋਕਾਂ ਦੇ ਘਰਾਂ ਤੋਂ ਦਰਵਾਜ਼ੇ ਉਤਾਰ ਕੇ ਲੈ ਜਾਂਦੇ ਹਨ ਅਤੇ ਲੱਖਾਂ ਹੀ ਰੁਪਿਆਂ ਵਿਚ ਥੋੜੀ ਬਹੁਤ ਮੁਰੰਮਤ ਕਰਕੇ ਵਿਦੇਸ਼ਾਂ ਵਿਚ ਭੇਜ ਰਹੇ ਹਨ। ਇਸ ਕਰਕੇ ਇਨ੍ਹਾਂ ਨੂੰ ਸੰਭਾਲਣ, ਰਿਕਾਰਡ ਕਰਨ ਅਤੇ ਵਿਸਤ੍ਰਿਤ ਅਧਿਐਨ ਦੀ ਲੋੜ ਹੋਰ ਵੀ ਵਧ ਜਾਂਦੀ ਹੈ।
ਪੰਜਾਬੀ ਦਰਵਾਜ਼ਾ ਇਕ ਸਭਿਆਚਾਰਕ ਮਹਾਂ ਚਿਹਨ ਹੈ ਜਿਸ ਦਾ ਲੰਮਾ ਚੌੜਾ ਅਰਥ ਵਿਸਥਾਰ ਹੈ। ਇਹ ਵਿਸਥਾਰ ਇਮਾਰਤ ਦੇ ਕਿਸੇ ਵੀ ਹੋਰ ਅੰਗ ਦੇ ਹਿੱਸੇ ਨਹੀਂ ਆਇਆ। ਇਸ ਅਧਿਐਨ ਵਿਚ ਅਸਾਂ ਪੰਜਾਬੀ ਸਭਿਆਚਾਰ ਵਿਚ ਦਰਵਾਜ਼ੇ ਦੇ ਵਿਵਿਧ ਪਸਾਰਾਂ ਨੂੰ ਦੇਖਣ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਆਦਿ ਮਨੁੱਖ ਤੋਂ ਲੈ ਕੇ ਜਿਉਂ ਜਿਉਂ ਮਨੁੱਖੀ ਸਭਿਅਤਾ ਨੇ ਵਿਕਾਸ ਕੀਤਾ ਤਾਂ ਮਕਾਨ ਉਸਾਰੀ ਕਲਾ ਜਾਂ ਇਮਾਰਤਸਾਜ਼ੀ ਦੇ ਵੱਖ-ਵੱਖ ਰੂਪਾਂ ਵਿਚ ਵੀ ਪਰਿਵਰਤਨ ਆਇਆ। ਆਦਿ ਮਨੁੱਖ ਦੇ ਕਬੀਲਾਈ ਸਭਿਆਚਾਰ ਦੇ ਕੁਝ ਅੰਸ਼, ਮੋਟਿਫ਼, ਪ੍ਰਤੀਕ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਬਚੇ ਹੋਏ ਮਿਲਦੇ ਹਨ। ਮਨੁੱਖ ਵੱਲੋਂ ਝਾੜ, ਫ਼ੂਸ, ਡੰਡੇ ਆਦਿ ਕੱਟ ਕੇ ਖੇਤਾਂ ਨੂੰ ਵਾੜ ਕਰ ਦੇਣੀ ਤੇ ਖਿੜਕ ਲਗਾ ਦੇਣਾ ਕਿਤੇ ਨਾ ਕਿਤੇ ਮਨੁੱਖ ਦੀ ਆਦਿਮ ਪ੍ਰਵਿਰਤੀ ਦਾ ਹੀ ਲਖਾਇਕ ਹੈ। ਗੁੱਜਰਾਂ ਵਲੋਂ ਮਿੱਟੀ ਗਾਰੇ ਨਾਲ ਕੌਲੇ ਖੜੇ ਕਰਕੇ ਉੱਤੇ ਘਾਹ ਫ਼ੂਸ ਪਾ ਕੇ ਖੇਤਾਂ ਵਿਚ ਵੀ ਢਾਰੇ, ਛੰਨ, ਛੱਪਰ ਜਾਂ ਗੁੱਜਰਾਂ ਦੀ ਭਾਸ਼ਾ ਵਿਚ ਕੁਲ ਖੜੇ ਕਰ ਦੇਣੇ ਕਿਸੇ ਨਾ ਕਿਸੇ ਰੂਪ ਵਿਚ ਮਨੁੱਖ ਦੇ ਕਬੀਲਾਈ ਸਭਿਆਚਾਰ ਦੇ ਹੀ ਅੰਸ਼-ਮਾਤਰ ਹਨ, ਜੋ ਹੌਲੀ ਹੌਲੀ ਲੋਪ ਹੋ ਰਹੇ ਹਨ। ਇਸ ਤਰ੍ਹਾਂ ਇਤਿਹਾਸ ਦੇ ਵਿਭਿੰਨ ਪੜਾਅ ਤੇ ਵਾਪਰਨ ਵਾਲੇ ਪਰਿਵਰਤਨ ਦਾ ਦਰਵਾਜ਼ੇ ਦੀ ਪ੍ਰਕਿਰਤੀ ਅਤੇ ਇਸ ਨਾਲ ਜੁੜੇ ਸਭਿਆਚਾਰ ਉੱਪਰ ਵੀ ਅਸਰ ਹੁੰਦਾ ਰਿਹਾ ਹੈ। ਦਰਵਾਜ਼ਿਆਂ ਦੀ ਵੰਨ-ਸ਼ਵੰਕਤਾ ਅਤੇ ਸਮੇਂ ਸਮੇਂ ਇਸ ਨਾਲ ਜੁੜਨ ਤੇ ਪੈਦਾ ਹੋਣ ਵਾਲੀ ਲੋਕਧਾਰਾ ਇਸੇ ਦਾ ਹੀ ਪ੍ਰਮਾਣ ਹੈ। ਪੰਜਾਬ ਦੇ ਸੰਘੋਲ, ਰੋਪੜ, ਰਾਜਸਥਾਨ ਦੇ ਕਾਲੀ ਬੰਗਾ, ਢੋਲਬਾਹਾ, ਸੁਨਾਮ, ਹੜੱਪਾ ਅਤੇ ਮੋਹਿੰਜੋਦੜੋ ਆਦਿ ਨਗਰਾਂ ਦੀ ਹੋਈ ਖੁਦਾਈ ਅਤੇ ਓਥੋਂ ਪ੍ਰਾਪਤ ਹੋਈਆਂ ਪ੍ਰਾਚੀਨ ਵਸਤੂਆਂ ਜਾਂ ਅਵਸ਼ੇਸ਼ਾਂ ਤੋਂ ਇਹ ਗੱਲ ਭਲੀ ਭਾਂਤ ਸਪੱਸ਼ਟ ਹੋ ਚੁੱਕੀ ਹੈ ਕਿ ਹੜੱਪਾ ਦੀ ਸਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਣੀ ਸਭਿਅਤਾ ਹੈ, ਜਿੱਥੇ ਸ਼ਹਿਰਾਂ ਦੀ ਵਿਕਸਿਤ ਯੋਜਨਾਬੰਦੀ, ਮਕਾਨਾਂ, ਗਲੀਆਂ, ਨਾਲੀਆਂ ਦੀ ਬਣਤਰ, ਵਿਉਂਤਬੰਦੀ ਨਾਲ ਬਣੇ ਇੱਟਾਂ, ਪੱਥਰ ਦੇ ਘਰ, ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ, ਗੁਸਲਖਾਨਿਆਂ ਦਾ ਨਿਰਮਾਣ ਆਦਿ ਵਿਚ ਭਵਨ ਉਸਾਰੀ ਜਾਂ ਇਮਾਰਤਸਾਜ਼ੀ ਤਕਨੀਕਾਂ ਵਿਕਸਿਤ ਸਨ। ਉੱਥੇ ਇਹ ਇਮਾਰਤਸਾਜ਼ੀ ਵਿਚ ਦਰਵਾਜ਼ਿਆਂ ਦੀਆਂ ਮੁਢਲੀਆਂ ਵਿਕਸਿਤ ਤਕਨੀਕਾਂ ਦੀ ਵੀ ਪੇਸ਼ਕਾਰੀ ਕਰਦੀਆਂ ਹਨ।
ਦਰਵਾਜ਼ਿਆਂ ਦਾ ਸ਼ਿੰਗਾਰ, ਇਮਾਰਤ ਦੀ ਉਸਾਰੀ ਕਰਦੇ ਸਮੇਂ ਹੀ ਵਿਉਂਤ ਲਿਆ ਜਾਂਦਾ ਹੈ। ਇੱਟਾਂ, ਪੱਥਰ ਆਦਿ ਘੜ ਘੜ ਕੇ ਇਮਾਰਤ ਵਿਚ ਬਲਖੀਆਂ, ਵਾਧੇ, ਗਲਤੇ, ਝਰੋਖੇ, ਬੁਖਾਰਚੇ, ਦੀਵਟ, ਦੁਆਖੇ ਇਸ ਤਰ੍ਹਾਂ ਬਣਾ ਦਿੱਤੇ ਜਾਂਦੇ, ਜੋ ਦਰਵਾਜ਼ੇ ਦਾ ਹੀ ਨਹੀਂ ਸਗੋਂ ਪੂਰੀ ਇਮਾਰਤ ਦਾ ਸ਼ਿੰਗਾਰ ਨਿਸ਼ਚਿਤ ਕਰਦੇ ਹਨ। ਪਰੰਪਰਾਗਤ ਮਕਾਨ ਦੀ ਉਸਾਰੀ ਵਿਚ ਦਰਵਾਜ਼ੇ ਦੇ ਉੱਪਰ ਲੱਕੜੀ ਦੇ ਛੱਤਣ ਪਾਉਣ ਸਮੇਂ ਵੇਲਾਂ, ਫੁੱਲ, ਬੂਟੇ, ਬ੍ਰਿਖ, ਪਸ਼ੂ, ਪੰਛੀ, ਦੇਵੀ, ਦੇਵਤੇ, ਗੁਰੂ, ਪੀਰ, ਜੁਮੈਟਰੀਕਲ ਨਮੂਨੇ ਬਣਾਏ ਜਾਂਦੇ। ਇੱਥੇ ਹੀ ਬੱਸ ਨਹੀਂ ਦਰਵਾਜ਼ੇ ਦੀ ਸਰਦਲ, ਬਾਹੀਆਂ, ਤਖ਼ਤੇ, ਵਾਧੇ, ਛੱਜੇ, ਝਰੋਖੇ, ਦੁਆਖੇ, ਦੀਵਟ, ਬੁਖਾਰਚੇ, ਕੁਰਸੀ, ਦਰਵਾਜ਼ੇ ਉੱਤੇ ਬਾਰੀਆਂ ਭਾਵ ਕਿ ਦਰਵਾਜ਼ੇ ਦੀ ਅਤੇ ਦਰਵਾਜ਼ੇ ਨਾਲ ਸੰਬੰਧਿਤ ਇੰਚ ਇੰਚ ਜਗ੍ਹਾ ਨੂੰ ਸ਼ਿੰਗਾਰਨ ਦਾ ਯਤਨ ਕੀਤਾ ਜਾਂਦਾ ਹੈ। ਘਰ ਅਤੇ ਦਰਵਾਜ਼ੇ ਉੱਪਰਲੇ ਚਿੰਨ੍ਹ-ਪ੍ਰਤੀਕ ਸਾਡੇ ਸਭਿਆਚਾਰ ਦੇ ਉੱਤਮ ਨਮੂਨੇ ਹਨ। ਉੱਤਰੀ ਭਾਰਤ ਵਿਚ ਇਮਾਰਤਸਾਜ਼ੀ ਅਤੇ ਲੱਕੜੀ ਕਲਾ ਵਿਚ ਨਿਵੇਕਲਾ ਤੇ ਉੱਤਮ ਢੰਗ ਦਾ ਸ਼ਿੰਗਾਰ ਸੀ। ਕਿਲ੍ਹਿਆਂ, ਸਰਾਵਾਂ, ਅਖਾੜਿਆਂ, ਮਹੱਲਾਂ, ਗੁਰਦੁਆਰਿਆਂ, ਮੰਦਰਾਂ, ਮਸੀਤਾਂ ਵਿਚ ਵੀ ਦਰਵਾਜ਼ਿਆਂ ਉੱਪਰ ਕੰਧ ਚਿੱਤਰ ਅਤੇ ਲੱਕੜੀ ਨੂੰ ਕੁਰੇਦ ਕੁਰੇਦ ਕੇ ਸੁੰਦਰ ਡਿਜ਼ਾਈਨ ਉੱਕਰੇ ਹੋਏ ਹਨ।
ਦਰਵਾਜ਼ਿਆਂ ਦੇ ਚਿੱਤਰ ਲੈ ਕੇ ਇਨ੍ਹਾਂ ਦਾ ਰਿਕਾਰਡ ਰੱਖਣ ਦੀ ਲੋੜ ਹੈ, ਤਾਂ ਜੋ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ, ਇਨ੍ਹਾਂ ਕਲਾਰੂਪੀ ਦਰਵਾਜ਼ਿਆਂ ਤੋਂ ਜਾਣੂ ਕਰਵਾ ਸਕੀਏ। ਜਿਹੜੇ ਵਿਦੇਸ਼ੀ ਘਰਾਂ ਦੀ ਸ਼ਾਨ ਬਣ ਰਹੇ ਹਨ। ਇਨ੍ਹਾਂ ਨੂੰ ਅਸੀਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਕੇ ਵੀ ਨਹੀਂ ਲੱਭ ਸਕਾਂਗੇ।
ਵੱਖ-ਵੱਖ ਸ਼ਹਿਰਾਂ ਦੀਆਂ ਪੁਰਾਤਨ ਇਮਾਰਤਾਂ ਨੂੰ ਵੀ ਕਿਸੇ ਨਾ ਕਿਸੇ ਰੂਪ ਵਿਚ ਬਚਾਇਆ ਜਾਣਾ ਚਾਹੀਦਾ ਹੈ। ਕਿਸੇ ਸੰਸਥਾ ਵਲੋਂ ਮਾਲਕ ਮਕਾਨਾਂ ਦੀ ਕੁਝ ਰੁਪਏ ਪੈਸੇ ਨਾਲ ਮਦਦ ਕਰਕੇ ਜਾਂ ਯੂਨੀਵਰਸਿਟੀਆਂ ਵਲੋਂ ਇਨ੍ਹਾਂ ਪੁਰਾਤਨ ਦਰਵਾਜ਼ਿਆਂ ਜਾਂ ਇਮਾਰਤਾਂ ਨੂੰ ਬਚਾਉਣ ਲਈ ਕੋਈ ਉਪਰਾਲਾ ਹੋ ਸਕਦਾ ਹੈ। ਇਮਾਰਤਾਂ ਤੇ ਦਰਵਾਜ਼ੇ ਇਵੇਂ ਹੀ ਲੱਗੇ ਰਹਿਣ। ਇਮਾਰਤਾਂ ਨੂੰ ਤੋੜਿਆ ਨਾ ਜਾਵੇ। ਇਸ ਕਾਰਜ ਲਈ ਪਹਿਲਾਂ ਸੂਚੀ ਬਣਾਈ ਜਾਵੇ। ਫਿਰ ਟੀਮਾਂ ਬਣਾ ਕੇ ਅਧਿਐਨ ਕੀਤਾ ਜਾਵੇ ਜਾਂ ਕੋਈ ਫੋਕਲੋਰ ਸੰਸਥਾ ਉਪਰਾਲਾ ਕਰੇ। ਜੋ ਅਜੇ ਪੰਜਾਬ ਵਿਚ ਨਹੀਂ ਹੈ।
ਰੋਜ਼ੀ ਰੋਟੀ ਕਮਾਉਣ ਲਈ ਕਈ ਲੋਕ ਆਪਣੇ ਘਰਾਂ ਦੇ ਬੂਹਿਆਂ ਨੂੰ ਜ਼ਿੰਦਰੇ ਮਾਰ ਕੇ ਸ਼ਹਿਰਾਂ ਜਾਂ ਵਿਦੇਸ਼ਾਂ ਵਿਚ ਚਲੇ ਗਏ ਹਨ। ਉਹਨਾਂ ਨੂੰ ਆਪਣੇ ਘਰਾਂ ਅਤੇ ਗਜ਼ਬ ਦੀ ਮੀਨਾਕਾਰੀ ਵਾਲੇ ਦਰਵਾਜ਼ਿਆਂ ਦੀ ਕੋਈ ਸਾਰ ਨਹੀਂ। ਉਨ੍ਹਾਂ ਦੇ ਘਰ ਢਹਿਣ ਕਿਨਾਰੇ ਹਨ। ਦਰਵਾਜ਼ਿਆਂ ਉੱਪਰ ਉਕਰਿਆ ਹੋਇਆ ਸੁਪਨ-ਮਈ ਸੰਸਾਰ ਡਿੱਗ ਕੇ ਪੈਰਾਂ ਵਿਚ ਰੁਲ ਰਿਹਾ ਹੈ ਜਾਂ ਸਿਉਂਕ ਖਾਈ ਜਾ ਰਹੀ ਹੈ। ਇਨ੍ਹਾਂ ਕਲਾਮਈ ਕੀਮਤੀ ਦਰਵਾਜ਼ਿਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਬਚਾਇਆ ਜਾਣਾ ਚਾਹੀਦਾ ਹੈ।
ਇਤਿਹਾਸਕ ਮਹੱਤਾ ਵਾਲੇ ਦਰਵਾਜ਼ੇ ਵੀ ਡਿੱਗ ਰਹੇ ਹਨ। ਸਾਡੇ ਇਸ ਅਮੀਰ ਵਿਰਸੇ ਦੀ ਸੰਭਾਲ ਹੋਣੀ ਚਾਹੀਦੀ ਹੈ। ਇਨ੍ਹਾਂ ਦੀ ਕਲਾ ਬਾਰੇ ਵੀ ਹੋਰ ਖੋਜ ਹੋਣੀ ਚਾਹੀਦੀ ਹੈ। ਮਿਊਜ਼ਿਅਮ ਬਣਾਏ ਜਾਣੇ ਚਾਹੀਦੇ ਹਨ। ਦਰਵਾਜ਼ਿਆਂ ਦੇ ਸਾਬਤ ਸੂਰਤ ਭਾਗਾਂ ਨੂੰ ਅਜਾਇਬ ਘਰਾਂ ਵਿਚ ਰੱਖਿਆ ਜਾਵੇ। ਜੇਕਰ ਅਜਿਹੇ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਕੋਲ ਨਵੀਂ ਪੀੜ੍ਹੀ ਨੂੰ ਦਿਖਾਉਣ ਲਈ ਕੋਈ ਵੀ ਪੁਰਾਣੀ ਚੀਜ਼ ਨਹੀਂ ਰਹਿਣੀ। ਜੇਕਰ ਇਹ ਦਰਵਾਜ਼ੇ ਟੁੱਟ ਭੱਜ ਗਏ ਤਾਂ ਆਉਣ ਵਾਲੀ ਪੀੜ੍ਹੀ ਦਾ ਪਿਛਲੇ ਸੰਸਾਰ ਨਾਲ ਰਾਬਤਾ ਟੁੱਟ ਜਾਵੇਗਾ।
ਜੇਕਰ ਅਹਿਸਾਸ ਹੀ ਮਰ ਗਿਆ ਤਾਂ ਸਭਿਆਚਾਰ ਕਿਥੋਂ ਬਚੇਗਾ? ਅਸੀਂ ਸੱਭਿਆਚਾਰ ਨੂੰ ਭੁੱਲ ਕੇ ਆਪਣੇ ਆਪ ਨੂੰ ਭੁੱਲ ਜਾਵਾਂਗੇ। ਸਾਨੂੰ ਕਿਤੇ ਆਪਣਾ ਆਪ ਨਾ ਭੁੱਲ ਜਾਵੇ, ਇਸ ਲਈ ਅਜੇ ਵੀ ਆਪਣੇ ਸਭਿਆਚਾਰ ਨੂੰ ਆਪ ਸੰਭਾਲਣ ਤੇ ਇਸ ਦੀ ਸਾਰ ਲੈਣ ਦਾ ਵੇਲਾ ਹੈ।
(ਫੋਟੋਗ੍ਰਾਫੀ : ਭਰਪੂਰ ਸਿੰਘ ਸੰਧੂ)
ਡਾ. ਪਰਮਜੀਤ ਸ੍ਰੀ ਰਘੁਨਾਥ ਗਰਲਜ਼ ਕਾਲਜ, ਜੰਡਿਆਲਾ ਗੁਰੂ ਵਿੱਚ ਲੈਕਚਰਾਰ ਹਨ। 'ਪਿੰਡ, ਦਰਵਾਜ਼ੇ ਅਤੇ ਸੱਭਿਆਚਾਰ' 'ਤੇ ਇਨ੍ਹਾਂ ਖਾਸਾ ਖੋਜ ਭਰਪੂਰ ਕੰਮ ਕੀਤਾ ਹੈ। ਇਨ੍ਹਾਂ ਦੀ ਇਸ ਖੋਜ ਵਿੱਚੋਂ ਹੀ ਦਰਵਾਜਿ਼ਆਂ ਬਾਰੇ ਇਕ ਲੇਖ 'ਹੁਣ' ਦੇ ਪਾਠਕਾਂ ਲਈ ਪੇਸ਼ ਹੈ।