ਗੱਲ ਪੁਰਾਣੀ ਹੈ ਇਕੱਤੀ ਸਾਲ। ਕੜਾਕੇ ਦੀ ਠੰਡ। ਫਰਵਰੀ 1976 ਦਾ ਪਹਿਲਾ ਹਫ਼ਤਾ। ਐਮਰਜੈਂਸੀ ਦੀ ਚੜ੍ਹਤ। ਜਨਤਕ ਜਥੇਬੰਦੀਆਂ ਦੇ ਸਾਰੇ ਕੰਮ ਲਗਪਗ ਠੱਪ ਹੋ ਗਏ ਸਨ। ਪੰਜਾਬ ਸਟੂਡੈਂਟਸ ਯੂਨੀਅਨ ਦੀ ਸਾਰੀ ਲੀਡਰਸ਼ਿਪ ਵੀ ਅੰਡਰਗਰਾਊਂਡ ਹੋ ਗਈ ਸੀ। ਪਾਰਟੀ ਵਾਲਿਆਂ ਸਾਡੀ ਤਿੰਨ ਮੈਂਬਰੀ ਫਰੈਕਸ਼ਨ ਕਮੇਟੀ ਬਣਾਈ ਹੋਈ ਸੀ। ਜਿਸ ਵਿਚ ਬਿੱਕਰ ਕੰਮੇਆਣਾ (ਐਸ਼ੀ) ਕਮਲਜੀਤ ਵਿਰਕ ਅਤੇ ਮੈਂ ਸ਼ਾਮਲ ਸੀ। ਲੁਧਿਆਣੇ ਵਾਲਾ ਅੰਡਰ ਗਰਾਊਂਡ ਕਾਮਰੇਡ ਦਰਸ਼ਨ ਕੂਹਲੀ ਸਾਡਾ ਇਨਚਾਰਜ ਹੁੰਦਾ ਸੀ। ਮਹੀਨੇਵਾਰ ਮੀਟਿੰਗ ਤੋਂ ਇਕ ਰਾਤ ਪਹਿਲਾਂ ਸਾਨੂੰ ਪਾਰਟੀ ਲਾਈਨ ਮੁਤਾਬਕ ਸਕੂਲਿੰਗ ਕੀਤੀ ਜਾਂਦੀ। ਅੱਗੋਂ ਅਸੀਂ ਸਟੇਟ ਕਮੇਟੀ ਦੀ ਮੀਟਿੰਗ ਵਿਚ ਉਸ ਨੂੰ ਲਾਗੂ ਕਰਦੇ।
ਬਿੱਕਰ ਕੰਮੇਆਣਾ ਦਾ ਫਰਜ਼ੀ ਨਾਂਅ ਦੇਵ, ਕਮਲਜੀਤ ਵਿਰਕ ਦਾ ਰਵੀ ਅਤੇ ਮੇਰਾ ਦੀਦਾਰ ਰੱਖਿਆ ਹੋਇਆ ਸੀ। ਮੀਟਿੰਗ ਦੀ ਸੂਚਨਾ ਪੋਸਟ ਕਾਰਡ ’ਤੇ ਇੰਜ ਲਿਖ ਕੇ ਦਿੱਤੀ ਜਾਂਦੀ : ”ਫਲਾਣੀ ਤਰੀਖ ਨੂੰ ਸੂਰਜ (ਰਵੀ) ਦੇਵਤਾ (ਦੇਵ) ਦੇ ਦਰਸ਼ਨ (ਦੀਦਾਰ) ਹੋਣਗੇ।’’
ਮੀਟਿੰਗ ਦੇ ਅਸਲ ਟਿਕਾਣੇ ਦਾ ਸਾਨੂੰ ਤਿੰਨਾਂ ਅਤੇ ਚੌਥੇ ਕਾ. ਦਰਸ਼ਨ ਕੂਹਲੀ ਨੂੰ ਹੀ ਪਤਾ ਹੁੰਦਾ। ਪਹਿਲਾਂ ਕਿਸੇ ਪਬਲਿਕ ਥਾਂ ਜਿਵੇਂ ਬੱਸ ਸਟੇਸ਼ਨ; ਰੇਲਵੇ ਸਟੇਸ਼ਨ ਆਦਿ ਜਾਂ ਸਿਨੇਮਾ ਘਰ ਵਿਚ ਮਿਲਿਆ ਜਾਂਦਾ। ਸਾਰੀ ਸਟੇਟ ਕਮੇਟੀ ਦੇ ਪਹੁੰਚਣ ਤੋਂ ਬਾਅਦ ਫਿਰ ਅਸਲੀ ਥਾਂ ’ਤੇ ਜਾਇਆ ਜਾਂਦਾ।
ਐਮਰਜੈਂਸੀ ਦੇ ਪਹਿਲੇ ਛੇ ਸੱਤ ਮਹੀਨੇ ਸਾਰਾ ਕੰਮ ਸਫ਼ਲਤਾ ਪੂਰਵਕ ਹੁੰਦਾ ਰਿਹਾ। ਲੋਕ ਭਲਾਈ ਪਾਰਟੀ ਵਾਲਾ ਬਲਵੰਤ ਰਾਮੂਵਾਲੀਆ ਉਹਨਾਂ ਦਿਨਾਂ ’ਚ ਸਾਡਾ ਬੜਾ ਸਹਾਈ ਸਿੱਧ ਹੋਇਆ। ਉਸਦੇ ਮਰਹੂਮ ਕਾ. ਬੰਤ ਮਾਣੂੰਕੇ ਨਾਲ ਬੜੇ ਚੰਗੇ ਸਬੰਧ ਸਨ। ਰਾਮੂਵਾਲੀਆ ਨਕਸਲੀਆਂ ਦਾ ਹਮਦਰਦ ਸਮਝਿਆ ਜਾਂਦਾ ਸੀ। ਉਸ ਨੇ ਸਾਨੂੰ ਇਕ ਚਿੱਠੀ ਮੋਹਣ ਸਿੰਘ ਤੁੜ (ਉਸ ਸਮੇਂ ਦਾ ਅਕਾਲੀ ਦਲ ਪ੍ਰਧਾਨ) ਦੇ ਦਸਤਖ਼ਤਾਂ ਵਾਲੀ ਲੈ ਕੇ ਦਿੱਤੀ। ਉਸ ਚਿੱਠੀ ਸਦਕਾ ਅਸੀਂ ਕਈ ਮੀਟਿੰਗਾਂ ਇਤਿਹਾਸਕ ਗੁਰਦੁਆਰਿਆਂ ਵਿਚ ਕੀਤੀਆਂ। ਮੈਨੇਜਰ ਦੇ ਨਾਂਅ ਚਿੱਠੀ ਦੀ ਇਬਾਰਤ ਕੁਝ ਇਸ ਤਰ੍ਹਾਂ ਸੀ: ”ਗੁਰੂ ਪਿਆਰੇ ਖਾਲਸਾ ਜੀ, ਇਹ ਲੜਕੇ ਦੇਸ਼ ਕੌਮ ਦੀ ਖਾਤਿਰ ਲੜ ਰਹੇ ਹਨ। ਇਹਨਾਂ ਦੇ ਰਹਿਣ ਅਤੇ ਖਾਣ ਪੀਣ ਦਾ ਖਾਸ ਖ਼ਿਆਲ ਰੱਖਣਾ।’’
ਫਰਵਰੀ 1976 ਦੀ ਮੀਟਿੰਗ ਲਈ ਅਸੀਂ ਜਲੰਧਰ ਬੱਸ ਅੱਡੇ ਨੇੜੇ ਨਰਿੰਦਰ ਸਿਨੇਮਾ ਵਿਖੇ ਮਿਲਣਾ ਸੀ। ਉਸ ਤੋਂ ਬਾਅਦ ਸ਼ਾਮ ਦੇ ਘੁਸਮੁਸੇ ’ਚ ਅਖੀਰਲੀ ਬੱਸ ਲੈ ਕੇ ਅਸੀਂ ਸਾਡੇ ਪਿੰਡ ਹਰਦੋ ਫਰਾਲੇ ਜਾਣਾ ਸੀ। ਮੈਂ ਅਤੇ ਕਮਲਜੀਤ ਵਿਰਕ ਸਾਰਿਆਂ ਤੋਂ ਪਹਿਲਾਂ ਪਹੁੰਚ ਗਏ। ਹੌਲੀ ਹੌਲੀ ਅੰਮ੍ਰਿਤਸਰ ਤੋਂ ਜਸਜੀਤ ਖਹਿਰਾ, ਫਰੀਦਕੋਟ ਤੋਂ ਬਿੱਕਰ ਅਤੇ ਸੰਗਰੂਰ ਤੋਂ ਅਮਰ ਭੁੱਲਰ ਵੀ ਪਹੁੰਚ ਗਏ।
ਅਚਾਨਕ ਅਸੀਂ ਕੀ ਦੇਖਦੇ ਹਾਂ ਕਿ ਤਿੰਨ ਚਾਰ ਹੱਟੇ ਕੱਟੇ ਬੰਦਿਆਂ ਨੇ ਬਿੱਕਰ ਨੂੰ ਕਲਾਵਾ ਭਰ ਲਿਆ। ਅਸੀਂ ਉਸ ਨੂੰ ਛੁਡਾਉਣ ਲਈ ਭੱਜੇ ਤਾਂ ਉਹਨਾਂ ਕਿਹਾ ਫੜ ਲਓ ਇਹਨਾਂ ਨੂੰ ਵੀ। ਉਦੋਂ ਬੱਸ ਅੱਡੇ ਤੇ ਸਿਨੇਮੇ ਵਿਚਕਾਰ ਸਾਰੀ ਜਗ੍ਹਾ ਖਾਲੀ ਪਈ ਹੁੰਦੀ ਸੀ। ਮੈਂ ਤੇ ਕਮਲਜੀਤ ਬੱਸ ਅੱਡੇ ਵੱਲ ਨੂੰ ਭੱਜ ਨਿਕਲੇ। ਪਰ ਉਹਨਾਂ ਪਹਿਲਾਂ ਹੀ ਸਾਰੇ ਪਾਸੇ ਘੇਰਾ ਪਾਇਆ ਹੋਇਆ ਸੀ ਤੇ ਸਾਨੂੰ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਆਣ ਦਬੋਚ ਲਿਆ। ਪਲਾਂ ਵਿਚ ਸਾਡੇ ਹੱਥਕੜੀਆਂ ਲੱਗ ਗਈਆਂ ਅਤੇ ਮਿੰਟਾਂ ਵਿਚ ਹੀ ਪੁਲੀਸ ਦੀ ਬੱਸ ਵੀ ਆ ਗਈ। ਲੋਕਾਂ ਨੇ ਉਹਨਾਂ ਨੂੰ ਪੁੱਛਿਆ ਕਿ ਇਹਨਾਂ ਮੁੰਡਿਆਂ ਦਾ ਕੀ ਕਸੂਰ ਹੈ? ਤਾਂ ਉਹਨਾਂ ਦਾ ਜੁਆਬ ਸੀ ਕਿ ”ਇਹ ਸਾਰੇ ਜੇਬ ਕੁਤਰੇ ਹਨ।’’ ਸਾਨੂੰ ਸਮਝਣ ’ਚ ਦੇਰ ਨਾ ਲੱਗੀ ਕਿ ਇਹ ਸਾਰੇ ਸਫੇਦ ਕੱਪੜਿਆਂ ਵਿਚ ਪੁਲਸ ਵਾਲੇ ਸਨ ਅਤੇ ਕਿਸੇ ਨੇ ਮੁਖ਼ਬਰੀ ਕਰ ਕੇ ਸਾਨੂੰ ਫੜਾਇਆ ਹੈ। ਜੇਬ ਕੁਤਰਿਆਂ ਵਾਲੇ ਜੁਆਬ ਨੇ ਸਾਨੂੰ ਇਸ ਗੱਲ ਦਾ ਸ਼ੰਕਾ ਪੈਦਾ ਕਰ ਦਿੱਤਾ ਕਿ ਇਹ ਜ਼ਰੂਰ ਕੋਈ ਮੁਕਾਬਲਾ ਆਦਿ ਬਣਾ ਦੇਣਗੇ ਜਿਹੜੇ ਕਿ ਉਹਨੀਂ ਦਿਨੀਂ ਆਮ ਗੱਲ ਸੀ। ਅਸੀਂ ਸਾਰਿਆਂ ਰਲ ਕੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਐਮਰਜੈਂਸੀ ਮੁਰਦਾਬਾਦ, ਨਕਸਲਬਾੜੀ ਜ਼ਿੰਦਾਬਾਦ, ਪੰਜਾਬ ਸਟੂਡੈਂਟਸ ਯੂਨੀਅਨ ਜ਼ਿੰਦਾਬਾਦ। ਇਸ ਦਾ ਫਾਇਦਾ ਇਹ ਹੋਇਆ ਕਿ ਜੰਡਿਆਲਾ ਕਾਲਜ ਤੋਂ ਪੀ.ਐਸ.ਯੂ. ਦਾ ਇਕ ਵਰਕਰ ਫ਼ਿਲਮ ਦੇਖਣ ਆਇਆ ਹੋਇਆ ਸੀ। ਉਸ ਨੇ ਸਾਨੂੰ ਪਹਿਚਾਣ ਲਿਆ ਅਤੇ ਦੂਜੇ ਦਿਨ ਅਖ਼ਬਾਰਾਂ ਵਿਚ ਖ਼ਬਰ ਵੀ ਲੁਆ ਦਿੱਤੀ।
ਮਿੰਟਾਂ ਵਿਚ ਹੀ ਸਾਨੂੰ ਸਾਹਮਣੇ ਪੁਲੀਸ ਲਾਈਨ ਵਿਚ ਲੈ ਗਏ, ਜਿੱਥੇ ਇਕ ਉੱਚ ਅਧਿਕਾਰੀ ਪਹਿਲਾਂ ਹੀ ਸਾਡੀ ਉਡੀਕ ਕਰ ਰਿਹਾ ਸੀ।
ਰਾਤੋ ਰਾਤ ਸਾਨੂੰ ਵੱਖ-ਵੱਖ ਜ਼ਿਲਿ੍ਹਆਂ ਦੀਆਂ ਗ੍ਰਿਫ਼ਤਾਰੀਆਂ ਵਿਖਾ ਕੇ ਤਿੰਨ ਦਿਨ ਥਾਣਿਆਂ ਵਿਚ ਰੱਖਣ ਤੋਂ ਬਾਅਦ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ (ਜੋ ਕਿ ਬੁੱਚੜਖਾਨੇ ਦੇ ਨਾਂਅ ਨਾਲ ਪ੍ਰਸਿੱਧ ਹੈ।) ਇਕ ਹਫ਼ਤੇ ਦਾ ਰਿਮਾਂਡ ਲੈ ਕੇ ਭੇਜ ਦਿੱਤਾ ਗਿਆ। ਜੇਲ੍ਹ ’ਚ ਸਾਨੂੰ ਪਤਾ ਲੱਗਾ ਕਿ ਉਹ ਸਾਰੀ ਪੁਲਸ ਸੰਗਰੂਰ ਜ਼ਿਲ੍ਹੇ ਦੀ ਸੀ। ਉਸ ਜ਼ਿਲ੍ਹੇ ਦੇ ਪ੍ਰਤੀਨਿਧ ਨੇ ਹੀ ਮੁਖ਼ਬਰੀ ਕੀਤੀ ਸੀ।