ਜਦੋਂ ਕਣਕ ਪੱਕ ਜਾਂਦੀ ਹੈ ਤਾਂ ਸੁਨਹਿਰੀ ਬੱਲੀਆਂ, ਆਪਣੇ ਹੀ ਦਾਣਿਆਂ ਦੇ ਬੋਝ ਨਾਲ, ਧਰਤੀ ਵੱਲ ਨੂੰ ਝੁਕ ਜਾਂਦੀਆਂ ਨੇ। ਖੇਤਾਂ ਵਿਚੋਂ ਖ਼ੁਸ਼ਬੋ ਆਉਂਦੀ ਹੈ, ਕਣਕ ਦੀ ਖ਼ੁਸ਼ਬੋ, ਕਿਸਾਨ ਦੀ ਮਿਹਨਤ ਨੂੰ ਲੱਗੇ ਫਲ ਦੀ ਜੀਵਨਦਾਤੀ ਖ਼ੁਸ਼ਬੋ।
ਇਕ ਦਿਨ, ਸਵੇਰੇ ਸਵੇਰੇ, ਮੈਂ ਪੱਕੀ ਹੋਈ ਕਣਕ ਦੇ ਖੇਤਾਂ ਵਿੱਚੀਂ ਲੰਘ ਕੇ, ਨਹਿਰ ਸਰਹੰਦ ਦੇ ਕੰਢੇ ਘੁੰਮਣ ਫਿਰਨ ਲਈ ਜਾ ਰਿਹਾ ਸਾਂ। ਹਵਾ ਵਗ ਰਹੀ ਸੀ, ਕਣਕਾਂ ਵਲ਼ ਖਾਂਦੀਆਂ ਲਹਿਰਾਉਂਦੀਆਂ ਸਨ। ਮੇਰੀ ਉਮਰ ਓਦੋਂ ਵੀਹ ਕੁ ਸਾਲ ਦੀ ਸੀ। ਓਹਨੀਂ ਦਿਨੀਂ ਵਲ਼ ਖਾਂਦੀ, ਲਹਿਰਾਉਂਦੀ, ਨੱਚਦੀ ਜ਼ਿੰਦਗੀ ਮੈਨੂੰ ਹੁਸੀਨ ਲੱਗਦੀ ਸੀ; ਮੈਨੂੰ ਉਸ ਵਿਚ ਕਵਿਤਾ ਲੁਕੀ ਲੱਗਦੀ ਸੀ। ਮੈਂ ਦੂਰ ਤੱਕ ਪਸਰੇ ਖੇਤਾਂ ਉੱਤੇ ਲੰਮੀ ਝਾਤ ਮਾਰੀ, ਮੈਨੂੰ ਗੀਤ ਦਾ ਮੁਖੜਾ ਸੁੱਝਿਆ : –
ਕਣਕਾਂ ਦੀ ਖ਼ੁਸ਼ਬੋ, ਵੇ ਮਾਹੀਆ!
ਕਣਕਾਂ ਦੀ ਖ਼ੁਸ਼ਬੋ!
ਉਦੋਂ ਪੰਜਾਬ ਅਤੇ ਦੱਖਣੀ ਭਾਰਤ ਦੇ ਕੁੱਝ ਸੂਬਿਆਂ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਜ਼ਾਰਿਆਂ ਦਾ ਘੋਲ, ਆਪਣੇ ਹੱਕ ਜਿੱਤਣ ਲਈ, ਮਘਿਆ ਹੋਇਆ ਸੀ। ਕਵਿਤਾ ਅੱਗੇ ਤੁਰੀ :-
ਸੀ ਪਾਲੀ ਧੀਆਂ ਵਾਂਗ ਵੇ
ਅੱਜ ਗਈ ਪਰਾਈ ਹੋ,
ਵੇ ਮਾਹੀਆ! ਕਣਕਾਂ ਦੀ ਖ਼ੁਸ਼ਬੋ
ਅਸੀਂ-ਸਾਰਾ ਸਾਲ ਉਗਾਉਂਦੇ
ਕੋਈ ਹੋਰ ਹੀ ਲੈਂਦਾ ਢੋ,
ਗੋਰੀਏ! ਕਣਕਾਂ ਦੀ ਖ਼ੁਸ਼ਬੋ।
ਅੱਜ ਧਰਤੀ ਮੱਲੀ ਵਿਹਲੜਾਂ
ਕੱਲ੍ਹ ਸਾਡੀ ਜਾਣੀ ਹੋ,
ਗੋਰੀਏ! ਕਣਕਾਂ ਦੀ ਖ਼ੁਸ਼ਬੋ।
....................
ਅੱਜ ਸੰਗਰਾਮਾਂ ਮਾਨੁੱਖਤਾ
ਦਿੱਤੀ ਇਕ ਲੜੀ ਪਰੋ।
ਵੇ ਮਾਹੀਆ! ਕਣਕਾਂ ਦੀ ਖ਼ੁਸ਼ਬੋ।
ਇਸ ਵਿਚ ਰੋਮਾਂਸਵਾਦੀ ਪ੍ਰਗਤੀਵਾਦ ਦਾ ਸੁਪਨਾ ਪੂਰੀ ਤਰ੍ਹਾਂ ਖਿੜਿਆ ਮਹਿਕ ਰਿਹਾ ਸੀ। ਇਹ ਗੀਤ ਮੈਂ ਖੰਨੇ ਸ਼ਹਿਰ ਦੀ ਗ਼ੱਲਾ ਮੰਡੀ ਵਿਚ ਹੋਏ ਕਵੀ ਦਰਬਾਰ ਵਿਚ ਗਾਇਆ। ਇਸ ਕਵੀ ਦਰਬਾਰ ਵਿਚ ਕਵੀ ਬਹੁਤੇ ਅਤੇ ਸਰੋਤੇ ਘੱਟ ਸਨ। ਨਵਤੇਜ ਪ੍ਰਧਾਨ ਸੀ। ਉਹਨਾਂ ਦਿਨਾਂ ਵਿਚ ਮੈਂ, ਆਪਣੀਆਂ ਕਵਿਤਾਵਾਂ ਝੋਲੇ ਵਿਚ ਪਾ ਕੇ, ਹਰ ਖੱਬੂ ਕਵੀ ਦਰਬਾਰ ਵਿਚ ਪਹੁੰਚਣ ਦੀ ਕੋਸ਼ਿਸ਼ ਕਰਦਾ ਸੀ। ਸੰਤੋਖ ਸਿੰਘ ਧੀਰ, ਅਜਾਇਬ ਚਿਤ੍ਰਕਾਰ, ਸੁਰਜੀਤ ਰਾਮਪੁਰੀ ਅਤੇ ਮੈਂ, ਲਗਪਗ ਹਰ ਥਾਂ ਇਕੱਠੇ ਹੋ ਜਾਂਦੇ। ਸੁਰਜੀਤ ਅਤੇ ਮੈਂ ਗਾ ਕੇ ਕਵਿਤਾ ਸੁਣਾਉਂਦੇ। ਸੰਤੋਖ ਸਿੰਘ ਧੀਰ ਦੇ ਸੱਜੇ ਹੱਥ ਦੀ ਪਹਿਲੀ ਉਂਗਲੀ, ਹਮੇਸ਼ਾ ਤਣੀ ਹੋਈ, ਨਜ਼ਮ ਸੁਣਾਉਂਦੀ। ਅਜਾਇਬ ਚਿਤ੍ਰਕਾਰ ਦਾ ਸੱਜਾ ਹੱਥ ਕਵਿਤਾ ਪੜ੍ਹਨ ਸਮੇਂ ਉਸਦੀ ਮੁੱਛ ਨੂੰ ਵੱਟ ਚਾੜ੍ਹਦਾ; ਕਦੇ ਉਸਦੀ ਸੱਜੀ ਬਾਂਹ ਤਣ ਜਾਂਦੀ।
ਖੰਨੇ ਦਾ ਉਹ ਕਵੀ ਦਰਬਾਰ ਗਰਮੀਆਂ ਵਿਚ ਹੋਇਆ ਸੀ। ਅਸੀਂ ਕਵੀ ਦਰਬਾਰ ਖ਼ਤਮ ਹੋਣ ਉੱਤੇ ਰੋਟੀ ਖਾਧੀ। ਫਿਰ ਕਾਮਰੇਡ ਮੋਹਨ ਲਾਲ ਸਿੰਘੀ ਦੇ ਮਕਾਨ ਦੀ ਪੱਕੀ ਛੱਤ ਉੱਤੇ ਵਿਛੀਆਂ ਦਰੀਆਂ ਉੱਤੇ ਲੰਮੇ ਪੈ ਗਏ। ਬਨੇਰੇ ਨੇ ਸਰਾਹਣੇ ਦਾ ਕੰਮ ਦਿੱਤਾ। ਮੇਰੇ ਲਾਗੇ ਪਿਆ ਨਵਤੇਜ ਹੌਲੀ ਦੇ ਕੇ ਬੋਲਿਆ, ''ਗੁਰਚਰਨ! ਇਹ 'ਕਣਕਾਂ ਦੀ ਖ਼ੁਸ਼ਬੋ` ਵਾਲਾ ਆਪਣਾ ਗੀਤ ਤੂੰ ਮੈਨੂੰ 'ਪ੍ਰੀਤਲੜੀ` ਲਈ ਭੇਜ ਦੇਈਂ।`` ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਗੀਤ ਦੋ ਕੁ ਮਹੀਨੇ ਪਿੱਛੋਂ 'ਪ੍ਰੀਤਲੜੀ` ਵਿਚ ਛਪ ਗਿਆ। ਜਾਣੋ ਮੈਨੂੰ ਕਵੀ ਹੋਣ ਦਾ ਸਰਟੀਫਿਕੇਟ ਮਿਲ ਗਿਆ। ‘ਲਲਕਾਰ`, ਪ੍ਰੀਤਮ, ਫਤਹਿ, ਪੰਜਾਬੀ ਸਾਹਿਤ, ਕੰਵਲ, ਫੁਲਵਾੜੀ, ਪੰਜ ਦਰਿਆ ਆਦਿ ਵਿਚ ਮੇਰੀਆਂ ਰਚਨਾਵਾਂ ਸਮੇਂ-ਸਮੇਂ ਪਹਿਲਾਂ ਹੀ ਛਪ ਰਹੀਆਂ ਸਨ।
ਫਿਰ ਸੰਸਾਰ ਅਮਨ ਲਹਿਰ ਸ਼ੁਰੂ ਹੋ ਗਈ। ਥਾਂ-ਥਾਂ ਅਮਨ ਕਾਨਫਰੰਸਾਂ ਹੋਣ ਲੱਗੀਆਂ। ਪੈਰਿਸ ਤੋਂ ਅਮਨ ਅਪੀਲ ਜਾਰੀ ਕੀਤੀ ਗਈ, ਉਸ ਵਿਚ ਐਟਮ ਬੰਬ ਬਣਾਉਣ ਉੱਤੇ ਪਾਬੰਦੀ ਲਾਉਣ ਦਾ ਹੋਕਾ ਦਿੱਤਾ ਗਿਆ ਸੀ। ਉਸ ਅਪੀਲ `ਤੇ ਲੋਕਾਂ ਦੇ ਦਸਤਖਤ ਕਰਾਉਣ ਦੀ ਮੁਹਿੰਮ ਸਾਰੀ ਦੁਨੀਆ ਵਿਚ ਚੱਲੀ। ਅਸੀਂ ਵੀ ਪਿੰਡਾਂ ਕਸਬਿਆਂ ਵਿਚ ਉਸ ਅਪੀਲ ਉੱਤੇ ਦਸਤਖਤ ਕਰਾਉਂਦੇ ਫਿਰਦੇ ਸੋਚਦੇ ਕਿ ਇਹ ਕੰਮ ਸੰਸਾਰ ਦੀ ਸਲਾਮਤੀ ਲਈ ਬੜਾ ਜ਼ਰੂਰੀ ਹੈ। ਮੈਂ ਪੈਰਿਸ ਅਮਨ ਅਪੀਲ ਬਾਰੇ ਗੀਤ ਲਿਖਿਆ :-
ਰੂਪ ਨਗਰੋਂ ਸੁਨੇਹਾ ਆਇਆ
ਅਮਨ ਅਸੀਂ-ਥਾਪਣਾ ਏਂ
ਹੋਏਗੀ ਨਾ ਲਾਮ।
ਏਥੇ ਗੱਲ ਮੁੱਕ ਗਈ ਬਈ
ਅਮਨ ਅਸੀਂ-ਥਾਪਣਾ ਏਂ।
ਸਾਡੀ ਰਾਂਗਲੀ ਜਵਾਨੀ ਕਹਿੰਦੀ
ਭੱਠ ਪੈਣ ਸੂਬੇਦਾਰੀਆਂ।
ਸਾਡੇ ਨਾਲ ਮੱਕੇ ਦਾ ਰੇਤਾ
ਪੈੜ ਪੈਗੰਬਰਾਂ ਦੀ।
ਸਾਡੇ ਨਾਲ ਬਹਾਦਰ ਕਿਚਲੂ
ਜਲ੍ਹਿਆਂਵਾਲਾ ਬਾਗ਼ ਨਾਲ ਹੈ।
ਸਾਡੇ ਨਾਲ ਨੇ ਨਾਸਰ ਨਹਿਰੂ
ਗੰਗਾ ਨੀਲ ਗਲਵਕੜੀ।
ਇਹੋ ਜਹੇ ਵੀਹ ਟੱਪੇ ਇਸ ਗੀਤ ਵਿਚ ਜੋੜੇ ਹੋਏ ਸਨ। ਹਰ ਟੱਪੇ ਤੋਂ ਪਿੱਛੋਂ ਅਸਥਾਈ ਦੁਹਰਾਈ ਜਾਂਦੀ। ਇਹ ਗੀਤ ਮੈਂ ਸੂਬਾ ਅਮਨ ਕਾਨਫਰੰਸ ਅੰਮ੍ਰਿਤਸਰ ਦੇ ਭਰਵੇਂ ਇਕੱਠ ਵਿਚ ਗਾਇਆ। ਸ. ਗੁਰਬਖਸ਼ ਸਿੰਘ ਪ੍ਰੀਤਲੜੀ ਪ੍ਰਧਾਨਗੀ ਕਰ ਰਹੇ ਸਨ। ਉਹਨਾਂ ਨੂੰ ਮੇਰੇ ਗੀਤ ਦੇ ਮੁਖੜੇ ਵਿਚ ਪੈਰਿਸ ਨੂੰ 'ਰੂਪਨਗਰ` ਕਹਿਣਾ ਚੰਗਾ ਲੱਗਿਆ ਤਾਂ ਓਹਨਾਂ ਆਪਣੇ ਪ੍ਰਧਾਨਗੀ ਭਾਸ਼ਨ ਵਿਚ 'ਰੂਪ ਨਗਰੋਂ` ਆਈ ਅਮਨ ਅਪੀਲ ਉੱਤੇ ਦਸਖਤੀ ਮੁਹਿੰਮ ਦੀ ਜ਼ੋਰਦਾਰ ਵਕਾਲਤ ਕੀਤੀ। ਮੇਰੇ ਗੀਤ ਵੱਲ ਸ. ਗੁਰਬਖਸ਼ ਸਿੰਘ ਦਾ ਧਿਆਨ ਜਾਣ ਦੀ ਗੱਲ ਸੋਚ ਕੇ ਮੇਰਾ ਮਨ ਬਹੁਤ ਖੁਸ਼ ਹੋਇਆ। ਮੇਰਾ ਉਹ ਗੀਤ ਵੀ ਪ੍ਰੀਤਲੜੀ ਵਿਚ ਛਪਿਆ।
ਉਹਨਾਂ ਦਿਨਾਂ ਵਿਚ ਖੱਬੀ ਸੋਚ ਵਾਲੇ ਭਾਰਤ ਦੇ ਸਿਆਸੀ ਹਲਕੇ ਦੇਸ਼ ਨੂੰ ਮਿਲੀ ਆਜ਼ਾਦੀ ਨੂੰ 'ਨਕਲੀ ਆਜ਼ਾਦੀ` ਕਹਿੰਦੇ ਸਨ। ਮੇਰੀਆਂ ਕਵਿਤਾਵਾਂ ਵਿਚ ਵੀ ਅਜੇਹੀ ਸ਼ਿਕਇਤੀ ਸੁਰ ਭਾਰੂ ਸੀ। ਉਸਦੀ ਇਕ ਮਿਸਾਲ 'ਕਣਕਾਂ ਦੀ ਖ਼ੁਸ਼ਬੋ` ਸੰਗ੍ਰਹਿ ਦੀ ਪਹਿਲੀ ਕਵਿਤਾ 'ਹਾਕਮ ਕੁਰਸੀ ਬੈਠਿਆ` ਹੈ।
ਭਾਰਤ ਦੀ ਵੰਡ ਸਮੇਂ ਹੋਏ ਫ਼ਿਰਕੂ ਫਸਾਦ ਮੈਂ ਅੱਖੀਂ ਦੇਖੇ ਸਨ। ਲੱਖਾਂ ਲੋਕਾਂ ਦਾ ਉਜਾੜਾ। ਵੰਡਾਰੇ ਦੀ ਲੀਕ ਦੇ ਦੋਹੀਂ ਪਾਸੇ ਹੋਏ ਜ਼ੁਲਮ ਦੇ ਸ਼ਿਕਾਰ ਲੋਕਾਂ ਦੀ ਹਾਲਤ ਬਿਆਨ ਤੋਂ ਬਾਹਰ ਦੀ ਗੱਲ ਸੀ। ਮੇਰੇ ਗੁਆਂਢੀ ਪਿੰਡ ਕੁੱਬੇ ਦਾ ਵਾਸੀ ਮੇਰਾ ਕਵੀ ਮਿੱਤਰ ਮੋਹਨ ਸਿੰਘ ਕਰਤਾ 'ਸਰਹੰਦ ਕੰਢੇ` ਖਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਦਾ ਸੀ। ਉਹ, ਫਿਰਕੂ ਜਨੂੰਨੀਆਂ ਹੱਥੋਂ ਅੰਮ੍ਰਿਤਸਰ ਵਿਚ ਕਤਲ ਹੋਣ ਵਾਲਾ ਪਹਿਲਾ ਬੰਦਾ ਸੀ। ਉਸ ਦੇ ਮਾਪੇ ਇਸ ਸਦਮੇ ਕਾਰਨ ਅਧ-ਪਾਗਲ ਜਿਹੇ ਹੋ ਗਏ ਅਤੇ ਆਪਣੀ ਬਾਕੀ ਦੀ ਉਮਰ ਉਸੇ ਸੋਗੀ ਹਾਲਤ ਵਿਚ ਕੱਟ ਕੇ ਮੁੱਕ ਗਏ। ਮੇਰੀਆਂ ਨਜ਼ਮਾਂ ਵਿਚ ਵੰਡ ਸਮੇਂ ਵਾਪਰੇ ਮਹਾਂ ਦੁਖਾਂਤ ਦਾ ਭਰਪੂਰ ਜਜ਼ਬਾਤੀ ਜ਼ਿਕਰ ਆਉਣਾ ਬਹੁਤ ਕੁਦਰਤੀ ਸੀ। ਸੋ ਵੰਡ ਬਾਰੇ ਮੈਂ ਅਨੇਕਾਂ ਨਜ਼ਮਾਂ ਲਿਖੀਆਂ।
ਸਾਲ 1949 ਵਿਚ ਚੀਨ ਵਿਚ ਇਨਕਲਾਬ ਆ ਗਿਆ। ਭਾਰਤ ਸਰਕਾਰ ਨੇ ਚੀਨ ਦੀ ਨਵੀਂ ਸਰਕਾਰ ਨੂੰ ਸਭ ਤੋਂ ਪਹਿਲਾਂ ਮਾਨਤਾ ਦਿੱਤੀ। ਚੀਨ ਦੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦਾ ਮੁਖੀ ਮਾਓ ਜ਼ੇ ਤੁੰਗ ਦੁਨੀਆ ਦੇ ਖੱਬੂਆਂ ਦਾ ਹੀਰੋ ਬਣ ਗਿਆ ਅਤੇ ਸਾਡੀਆਂ ਕਵਿਤਾਵਾਂ ਵਿਚ ਹਾਜ਼ਰ-ਨਾਜ਼ਰ ਰਹਿਣ ਲੱਗਾ। ਮੈਂ ਲੰਮੀ ਕਵਿਤਾ : 'ਲੋਕ ਚੀਨ ਨੂੰ ਸਲਾਮ` ਲਿਖੀ ਜੋ 'ਪ੍ਰੀਤਲੜੀ ਵਿਚ ਛਪੀ।
ਭਾਰਤ ਦੇ ਸ਼ਹਿਰਾਂ ਦੀਆਂ ਸੜਕਾਂ ਉੱਤੇ ਨਾਅਰੇ ਉੱਭਰੇ: -
ਹਿੰਦੀ-ਚੀਨੀ ਭਾਈ ਭਾਈ! ਹਿੰਦੀ ਰੂਸੀ ਭਾਈ ਭਾਈ।
ਪੰਚ-ਸ਼ੀਲ ਦੀ ਗੱਲ ਤੁਰੀ। ਫਿਰ ਕੋਰੀਆ ਦੀ ਜੰਗ ਲੱਗ ਗਈ। ਮੈਂ ਅਮਰੀਕੀ ਸਾਮਰਾਜ ਵਿਰੁੱਧ ਨਜ਼ਮਾਂ ਲਿਖੀਆਂ। ਕੋਰੀਆ ਦੇ ਲੋਕਾਂ ਦੇ ਅਥਾਹ ਨੁਕਸਾਨ ਤੋਂ ਪਿੱਛੋਂ ਓਥੇ ਜੰਗਬੰਦੀ ਹੋਈ। ਭਾਰਤ ਦੀ ਫੌਜ ਜੰਗਬੰਦੀ ਲਾਈਨ ਉੱਤੇ ਨਿਗਰਾਨ ਫੌਜ ਵਜੋਂ ਭੇਜੀ ਗਈ। ਇਕ ਦਿਨ ਉਸ ਅਮਨ-ਫੌਜ ਦੇ ਇਕ ਪੰਜਾਬੀ ਸਿਪਾਹੀ ਦੀ ਚਿੱਠੀ ਮੈਨੂੰ ਆਈ। ਉਸ ਸਿਪਾਹੀ ਦਾ ਪਿੰਡ ਖੰਨਾ ਮੰਡੀ ਕੋਲ ਸੀ। ਉਹ 'ਪ੍ਰੀਤਲੜੀ` ਦਾ ਪਾਠਕ ਸੀ। ਉਸ ਨੇ ਸਰਹੱਦ ਪਾਰਲੇ ਉੱਤਰੀ ਕੋਰੀਆ ਦੇ ਲੋਕਾਂ ਦੇ ਰਹਿਣ ਸਹਿਣ ਵਿਚ ਬਰਾਬਰੀ ਦੀਆਂ ਗੱਲਾਂ ਕਈ ਵਾਰ ਲਿਖੀਆਂ। ਓਦੋਂ ਉਸ ਦੀਆਂ ਗੱਲਾਂ ਉੱਤੇ ਮੈਨੂੰ ਝੱਟ ਇਤਬਾਰ ਆ ਜਾਂਦਾ ਰਿਹਾ।
ਮੈਨੂੰ ਕਵਿਤਾ ਲਿਖਦਿਆਂ ਸੱਤ-ਅੱਠ ਸਾਲ ਹੋ ਗਏ। ਮੇਰੇ ਕੋਲ ਇਕ ਕਿਤਾਬ ਬਣਨ ਜੋਗੀਆਂ ਕਵਿਤਾਵਾਂ ਹੋ ਗਈਆਂ। ਮੈਂ ਚੋਣ ਕਰਕੇ ਖਰੜਾ ਬਣਾ ਲਿਆ। ਉਹਨਾਂ ਦਿਨਾਂ ਵਿਚ ਸਾਡੀ ਬਜਾਜ਼ੀ ਦੀ ਦੁਕਾਨ ਹੌਲੀ-ਹੌਲੀ ਫੇਲ੍ਹ ਹੋ ਰਹੀ ਸੀ; ਪਰ ਮੇਰੇ ਪਿਤਾ ਜੀ ਘਰ ਦੀਆਂ ਲੋੜਾਂ, ਚੜ੍ਹਦੀ ਕਲਾ ਰਹਿ ਕੇ ਪੂਰੀਆਂ ਕਰੀ ਜਾਂਦੇ ਸਨ। ਉਹਨਾਂ ਟੱਬਰ ਨੂੰ ਥੁੜ੍ਹ ਦਾ ਅਹਿਸਾਸ ਕਦੇ ਨਹੀਂ ਸੀ ਹੋਣ ਦਿੱਤਾ।
ਮੈਂ ਦੁਕਾਨ ਲਈ ਕੱਪੜਾ ਲੈਣ ਅਕਸਰ ਦਿੱਲੀ ਜਾਇਆ ਕਰਦਾ ਸਾਂ। ਸਾਡੇ ਮਾਰਵਾੜੀ ਆੜ੍ਹਤੀਆਂ ਦੀ ਦੁਕਾਨ ਚਾਂਦਨੀ ਚੌਕ ਵਿਚਲੇ ਘੰਟਾ ਘਰ ਤੋਂ ਬਹੁਤੀ ਦੂਰ ਨਹੀਂ ਸੀ। ਮੈਂ ਆਪਣੀ ਹਰ ਦਿੱਲੀ ਫੇਰੀ ਸਮੇਂ ਚਾਂਦਨੀ ਚੌਕ ਦੇ ਦੂਜੇ ਸਿਰੇ ਜਾਮਾ ਮਸਜਿਦ ਵਾਲੀ ਸੜਕ ਦੇ ਖੂੰਜੇ ਕੋਲ ‘ਨਵਯੁਗ ਪਬਲਿਸ਼ਰਜ਼’ ਦੇ ਦਫਤਰ ਜਾਣ ਲਈ ਜ਼ਰੂਰ ਸਮਾਂ ਕੱਢਦਾ। ਭਾਪਾ ਪ੍ਰੀਤਮ ਸਿੰਘ ਹਮੇਸ਼ਾ ਮੁਸਕਰਾ ਕੇ ਮਿਲਦੇ; ਚਾਹ ਪਿਲਾਉਂਦੇ, ਕਿਤਾਬਾਂ ਦੀਆਂ ਅਤੇ ਲੇਖਕ ਮਿੱਤਰਾਂ ਦੀਆਂ ਗੱਲਾਂ ਕਰਦੇ। ਉਹ ਆਪਣੀਆਂ ਛਾਪੀਆਂ ਨਵੀਆਂ ਸੋਹਣੀਆਂ ਕਿਤਾਬਾਂ ਦਿਖਾਉਂਦੇ। ਉਹਨਾਂ ਕੋਲ ਹਮੇਸ਼ਾ ਕੋਈ ਲੇਖਕ ਬੈਠਾ ਹੁੰਦਾ; ਕਦੇ ਸਤਿਆਰਥੀ, ਕਦੇ ਤਾਰਾ ਸਿੰਘ, ਬਲਵੰਤ ਗਾਰਗੀ ਕਦੇ ਪਿਆਰਾ ਸਿੰਘ 'ਸਹਿਰਾਈ’, ਗੁਲਜ਼ਾਰ ਸੰਧੂ, ਗੁਰਵੇਲ ਪੰਨੂ ਜਾਂ ਗੁਰਬਚਨ ਸਿੰਘ ਭੁੱਲਰ। ਜਿਸ ਮਿਲਣੀ ਵਿਚ ਤਾਰਾ ਸਿੰਘ ਹਾਜ਼ਰ ਹੁੰਦਾ, ਉਹ ਸਭ ਤੋਂ ਦਿਲਚਸਪ ਮਿਲਣੀ ਹੁੰਦੀ; ਉਹ ਹਮੇਸ਼ਾ, ਆਪ ਸਹਿਜ ਰਹਿ ਕੇ, ਜਦ ਵੀ ਨਵਾਂ ਲਤੀਫਾ ਸੁਣਾਉਂਦਾ ਤਾਂ ਮਹਿਫਿਲ ਉੱਤੇ ਛਾ ਜਾਂਦਾ। ਇਕ ਮਿਲਣੀ ਵੇਲੇ ਮੈਂ ਆਪਣੀ ਕਵਿਤਾ ਦੀ ਕਿਤਾਬ ਦੀ ਗੱਲ ਭਾਪਾ ਜੀ ਨਾਲ ਤੋਰੀ ਤਾਂ ਉਹ ਬੋਲੇ, ''ਤੁਸੀਂ ਕਾਗਜ਼ ਦੀ ਲਾਗਤ ਦੇ ਦਿਓ। ਕਿਤਾਬ ਛਪ ਜਾਏਗੀ। ਵਧੀਆ ਛਾਪਾਂਗੇ। ਤੁਸੀਂ ਸਵਾ ਸੌ ਰੁਪਏ ਦਾ ਪ੍ਰਬੰਧ ਕਰ ਲਓ।``
ਮੈਂ ਸੋਚਿਆ, ''ਸਾਡੀ ਦੁਕਾਨ ਤਾਂ ਪਹਿਲਾਂ ਹੀ ਢਿੱਲੀ-ਮੱਠੀ ਚੱਲ ਰਹੀ ਹੈ। ਪਿਤਾ ਜੀ ਤੋਂ ਇਹ ਪੇਸੇ ਕਿਵੇਂ ਮੰਗਾਂਗਾ?``
ਮੈਂ ਰਾਮਪੁਰ ਆ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਬਾਰੇ ਸੋਚਿਆ। ਫਿਰ ਆਪਣੇ ਬਹੁਤ ਹੀ ਗੂੜ੍ਹੇ ਆੜੀ ਰਣਜੀਤ ਸਿੰਘ ਮਾਂਗਟ ਨਾਲ ਗੱਲ ਕੀਤੀ। ਅਸੀਂ ਖਾਲਸਾ ਹਾਈ ਸਕੂਲ ਜਸਪਾਲੋਂ ਵਿਚ ਚਾਰ ਸਾਲ ਇਕੱਠੇ ਪੜ੍ਹਦੇ ਰਹੇ ਸਾਂ। ਉਹ ਨਾਲ ਦੇ ਪਿੰਡ ਬੇਗੋਵਾਲ ਦੇ ਸਰਦੇ-ਪੁੱਜਦੇ ਮਾਪਿਆਂ ਦਾ ਲਾਡਲਾ ਪੁੱਤਰ ਸੀ। ਰਣਜੀਤ ਨੇ ਮੇਰੀ ਗੱਲ ਬੜੇ ਠਰ੍ਹੰਮੇ ਨਾਲ ਸੁਣੀ ਅਤੇ ਬੋਲਿਆ, ''ਤੇਰੀ ਕਿਤਾਬ ਜ਼ਰੂਰ ਛਪਣੀ ਚਾਹੀਦੀ ਹੈ। ਮੈਂ ਇਕ ਦੋ ਦਿਨ ਵਿਚ 125 ਰੁਪਏ ਦੇ ਦਿਆਂਗਾ।``
ਮੈਂ ਆਪਣੀ ਪਹਿਲੀ ਪੁਸਤਕ 'ਕਣਕਾਂ ਦੀ ਖ਼ੁਸ਼ਬੋ` ਦਾ ਖਰੜਾ, ਰਜਿਸਟਰੀ ਪਾਰਸਲ ਕਰਕੇ, ਭਾਪਾ ਪ੍ਰੀਤਮ ਸਿੰਘ ਹੋਰਾਂ ਨੂੰ ਭੇਜ ਦਿੱਤਾ, ਨਾਲ 125 ਰੁਪਏ ਦਾ ਬੈਂਕ ਡਰਾਫਟ। ਤਿੰਨ ਕੁ ਮਹੀਨੇ ਵਿਚ ਕਿਤਾਬ ਛਪ ਕੇ ਜਦ ਡਾਕ ਰਾਹੀਂ ਦੋ ਕਾਪੀਆਂ ਮੈਨੂੰ ਮਿਲੀਆਂ ਤਾਂ ਮੇਰੀ ਖ਼ੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਸੀ। ਸੰਤੋਖ ਸਿੰਘ ਧੀਰ ਨੇ ਉਸ ਦਾ ਮੁਖਬੰਧ ਬਹੁਤ ਸੋਹਣਾ ਲਿਖਿਆ ਸੀ, ਅਜਾਇਬ ਚਿਤ੍ਰਕਾਰ ਨੇ ਟਾਈਟਲ ਬਣਾਇਆ ਸੀ। ਇਹ ਸੰਨ 1953 ਦੀ ਗੱਲ ਹੈ।
ਮੈਂ ਬਹੁਤ ਸਾਰੇ ਮਿੱਤਰਾਂ ਨੂੰ 'ਕਣਕਾਂ ਦੀ ਖ਼ੁਸ਼ਬੋ` ਦੀ ਕਾਪੀ ਭੇਟ ਕੀਤੀ। ਕਈ ਅਖਬਾਰਾਂ, ਰਸਾਲਿਆਂ ਵਿਚ ਮੇਰੀ ਪੁਸਤਕ ਦੇ ਚੰਗੇ ਰੀਵਿਊ ਛਪੇ। ਉਹ ਪੁਸਤਕ ਜੀਵਨ ਦੇ ਅਨੇਕਾਂ ਮੋੜਾਂ ਉੱਤੇ ਮੇਰੇ ਕੰਮ ਆਈ। ਜਦ ਵੀ ਮੇਰੇ ਕੰਮਾਂ ਵਿਚ ਕੋਈ ਅੜਿੱਕਾ ਪੈਂਦਾ ਤਾਂ ਮੈਨੂੰ ਕਵੀ ਵਜੋਂ ਜਾਣਨ ਵਾਲਾ ਕੋਈ ਮਿੱਤਰ ਬਹੁੜ ਪੈਂਦਾ ਅਤੇ ਮੇਰਾ ਕੰਮ ਹੋ ਜਾਂਦਾ। ਇਸ ਨਾਲ ਮੇਰਾ ਸਵੈਮਾਣ ਅਤੇ ਸਵੈ ਭਰੋਸਾ ਵਧਿਆ। ਮੈਨੂੰ ਇਹਨਾਂ ਦੋਹਾਂ ਦੀ ਬੜੀ ਲੋੜ ਸੀ। ਇਹਨਾਂ ਦੀ ਮੇਰੇ ਅੰਦਰ ਮੈਨੂੰ ਘਾਟ ਮਹਿਸੂਸ ਹੁੰਦੀ ਸੀ ਕਿਉਂਕਿ ਮੈਂ ਜੀਵਨ ਦੇ ਇਸ ਪੜਾਅ ਉੱਤੇ ਵੀ ਅਜੇ ਆਪਣੇ ਭਵਿੱਖ ਦਾ ਰਾਹ ਲੱਭ ਰਿਹਾ ਸਾਂ। ਮੇਰੀ ਅਜੇਹੀ ਮਨੋਦਸ਼ਾ ਦਾ ਬੁਨਿਆਦੀ ਕਾਰਨ ਸ਼ਾਇਦ ਇਹ ਵੀ ਸੀ ਕਿ ਮੇਰੇ ਜਨਮ ਲਈ ਮੇਰੇ ਮਾਪਿਆਂ ਨੂੰ ਲੰਮੀ ਉਡੀਕ ਕਰਨੀ ਪਈ ਸੀ। ਇਸ ਲਈ ਮੇਰੇ ਮਾਪੇ ਲੋੜ ਤੋਂ ਵੱਧ ਮੇਰੀ ਰੱਖਿਆ ਕਰਦੇ ਸਨ। ਨਿੱਕੀ-ਨਿੱਕੀ ਗੱਲ ਉੱਤੇ ਹਰ ਸਮੇਂ ਮੈਨੂੰ ਆਪਣੇ ਪਿਤਾ ਵਲੋਂ ਹਿਦਾਇਤਾਂ ਦਿੱਤੀਆਂ ਜਾਂਦੀਆਂ :- ਦੇਖੀਂ! ਸੜਕ ਉੱਤੇ ਨਹਿਰ ਵਾਲੇ ਪਾਸੇ ਨਾ ਤੁਰੀਂ। ਰੇਲਵੇ ਸਟੇਸ਼ਨ ਉੱਤੇ ਲਾਈਨਾਂ `ਚ ਨਾ ਵੜੀਂ, ਪੁਲ ਦੇ ਉੱਪਰ `ਚੀਂ ਲੰਘ ਕੇ ਹੀ ਦੂਜੇ ਪਲੇਟ ਫਾਰਮ `ਤੇ ਜਾਈਂ, ਹਨ੍ਹੇਰਾ ਹੋਣ ਤੋਂ ਪਹਿਲਾਂ-ਪਹਿਲਾਂ ਘਰ ਮੁੜ ਆਈਂ। ਨਿੱਤ ਦਿਹਾੜੀ ਮਿਲਦੀਆਂ ਅਜੇਹੀਆਂ ਹਿਦਾਇਤਾਂ ਕਰਕੇ ਮੈਂ ਸਾਰੀ ਉਮਰ ਤਰਨਾ ਨਹੀਂ ਸਿੱਖ ਸਕਿਆ, ਹਾਲਾਂਕਿ ਮੇਰਾ ਜਨਮ ਭਾਰਤ ਦੀ ਬਹੁਤ ਚੌੜੀ, ਡੂੰਘੀ, ਵੱਡੀ ਨਹਿਰ ਸਰਹੰਦ ਦੇ ਕੰਢੇ ਦੇ ਪਿੰਡ ਵਿਚ ਹੋਇਆ ਹੈ। ਮੈਨੂੰ ਅਜੇ ਵੀ ਡੂੰਘੇ ਪਾਣੀ ਤੋਂ ਡਰ ਲੱਗਦਾ ਹੈ। ਮੇਰੇ ਉਲਟ ਮੇਰਾ ਛੋਟਾ ਭਰਾ ਭੂਪਿੰਦਰ ਨਹਿਰ ਦੇ ਪੁਲ ਦੇ ਸਿਖਰੋਂ ਨਿਧੜਕ ਛਾਲਾਂ ਮਾਰਦਾ ਰਿਹਾ ਅਤੇ ਮੱਛੀ ਵਾਂਗ ਤਰਦਾ ਰਿਹਾ ਹੈ। ਉਹ ਆਪਣੀ ਮਰਜ਼ੀ ਦਾ ਮਾਲਕ ਹੈ। ਮੈਂ ਕੋਈ ਕੰਮ ਕਰਨ ਲੱਗਿਆਂ ਸੋਚਦਾ ਹਾਂ ਕਿ ਦੂਜੇ ਲੋਕ ਮੇਰੇ ਇਸ ਕੰਮ ਬਾਰੇ ਕੀ ਸੋਚਣਗੇ? ਕੀ ਕਹਿਣਗੇ? ਇਸ ਕਰਕੇ ਮੈਂ ਕੋਈ ਫੈਸਲਾ ਕਰਦਿਆਂ ਲੋੜ ਤੋਂ ਵੱਧ ਚਿਰ ਲਾ ਦਿੰਦਾ ਹਾਂ। ਮੇਰਾ ਇਕ ਸ਼ੇਅਰ ਹੈ:-
'ਗੁਲਾਬ ਜਿਹੜਾ ਕਿ ਟੁੱਟ ਆਪੇ ਹੀ ਮੇਰੀ ਝੋਲੀਂ `ਚ ਆਣ ਡਿੱਗਿਆ,
'ਸੁਗੰਧ ਉਸਦੀ ਨੂੰ ਤਰਸਿਆ ਹਾਂ।'
ਪੰਜਾਹਵਿਆਂ ਵਿਚ ਜਦੋਂ ਰੂਸ ਨਾਲ ਭਾਰਤ ਦੇ ਸਬੰਧ ਵਧੇਰੇ ਦੋਸਤਾਨਾ ਹੋਣ ਲੱਗੇ ਤਾਂ ਇਕ ਰੂਸੀ ਕਲਚਰਲ ਡੈਲੀਗੇਸ਼ਨ ਭਾਰਤ ਆਇਆ। ਉਹਨਾਂ ਨੰਗਲ ਡੈਮ ਦੇਖਣ ਲਈ ਰੇਲਵੇ ਸਟੇਸ਼ਨ ਸਰਹੰਦ ਰਾਹੀਂ ਰੇਲ ਗੱਡੀ ਵਿਚ ਜਾਣਾ ਸੀ। ਮੇਰਾ ਜੀਅ ਕੀਤਾ ਕਿ ਰੂਸੀਆਂ ਨੂੰ ਆਪਣੀ ਕਿਤਾਬ 'ਕਣਕਾਂ ਦੀ ਖ਼ੁਸ਼ਬੋ` ਭੇਟ ਕਰਾਂ। ਪਰ ਮੈਂ ਆਪਣੀ ਦੁਕਾਨ ਤੋਂ ਖਿਸਕ ਕੇ ਸਿਰਫ 25 ਮੀਲ ਦੂਰ ਸਰਹੰਦ ਨਾ ਅਪੜ ਸਕਿਆ। ਉਹ ਦਿਨ ਬਹੁਤ ਉਦਾਸ ਲੰਘਿਆ। ਦੂਜੇ ਦਿਨ ਮੈਂ ਰਾਹ ਲੱਭ ਲਿਆ। ਮੈਂ 'ਕਣਕਾਂ ਦੀ ਖ਼ੁਸ਼ਬੋ` ਦੀਆਂ ਦੋ ਕਾਪੀਆਂ ਦਿੱਲੀ ਵਿਚਲੇ ਰੂਸੀ ਸਫਾਰਤਖਾਨੇ ਨੂੰ ਰਜਿਸਟਰੀ ਪਾਰਸਲ ਕਰਕੇ ਭੇਜ ਦਿੱਤੀਆਂ। ਸੋ 'ਕਣਕਾਂ ਦੀ ਖ਼ੁਸ਼ਬੋ` ਰੂਸ ਪਹੁੰਚ ਗਈ।
ਇਕ ਦਿਨ ਼ਲੇਨਿਨਗਰਾਡ (ਰੂਸ) ਤੋਂ ਮੈਨੂੰ ਸ੍ਰੀਮਤੀ ਨਤਾਸ਼ਾ ਤਾਲਿਸਤਾਈਆ ਦੀ ਚਿੱਠੀ ਆਈ ਜਿਸ ਵਿਚ 'ਕਣਕਾਂ ਦੀ ਖ਼ੁਸ਼ਬੋ` ਵਿਚਲੀਆਂ ਮੇਰੀਆਂ ਕੁਝ ਰਚਨਾਵਾਂ ਵਿਚ ਵਰਤੇ ਸ਼ਬਦਾਂ, ਸੰਕੇਤਾਂ ਬਾਰੇ ਸਵਾਲ ਲਿਖੇ ਹੋਏ ਹਨ। ਮੈਨੂੰ ਚਿੱਠੀ ਮਿਲਣ ਦੀ ਹੈਰਾਨੀ ਭਰੀ ਖੁਸ਼ੀ ਹੋਈ। ਨਤਾਸ਼ਾ ਦੀ ਲਿਖੀ ਪੰਜਾਬੀ ਬਹੁਤ ਸੋਹਣੀ ਸੀ। ਉਹ ਪੰਜਾਬੀ ਕਵਿਤਾਵਾਂ ਦਾ ਅਨੁਵਾਦ ਰੂਸੀ ਵਿਚ ਕਰ ਰਹੀ ਸੀ। ਉਹ ਰੂਸੀ ਕਿਤਾਬ ਮੁਕੰਮਲ ਹੋ ਕੇ ਸੰਨ 1957 ਵਿਚ ਛਪ ਗਈ। ਉਹ ਕਿਤਾਬ : 'ਪੰਜਾਬੀ ਕਵੀਆਂ ਦੀਆਂ ਕਵਿਤਾਵਾਂ`, ਸਟੇਟ ਪਬਲਿਸ਼ਿੰਗ ਹਾਊਸ ਆਫ ਆਰਟਿਸਟਿਕ ਲਿਟਰੇਚਰ ਮਾਸਕੋ ਨੇ ਛਾਪੀ ਸੀ। ਉਸ ਵਿਚ ਵੱਖ ਵੱਖ ਪੀੜ੍ਹੀਆਂ ਦੇ 5 ਜੀਵਤ ਕਵੀਆਂ, : ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਮੇਰੀਆਂ ਕਵਿਤਾਵਾਂ ਦਾ ਅਨੁਵਾਦ ਸੀ। ਮੇਰੀਆਂ 12 ਨਜ਼ਮਾਂ ਸ਼ਾਮਿਲ ਸਨ।
ਨਵਤੇਜ 1960 ਦੇ ਨੇੜੇ ਤੇੜੇ ਰੂਸ ਗਿਆ ਤਾਂ ਨਤਾਸ਼ਾ ਨੇ ਰੂਸੀ ਅਨੁਵਾਦ ਵਾਲੀ ਪੁਸਤਕ ਦੀ ਇਕ ਕਾਪੀ ਮੇਰੇ ਲਈ ਉਸ ਨੂੰ ਦਿੱਤੀ। ਨਵਤੇਜ ਕਿਸੇ ਸਾਹਿਤਕ ਕਾਨਫਰੰਸ `ਤੇ ਮੈਨੂੰ ਮਿਲਿਆ ਤਾਂ ਉਸ ਨੇ ਮੇਨੂੰ ਉਹ ਕਿਤਾਬ ਦਿੱਤੀ, ਰੈਕਸੀਨ ਦੀ ਸੋਹਣੀ ਨੀਲੀ ਜਿਲਦ ਉੱਤੇ ਸੁਨਹਿਰੀ ਵੇਲ ਨੂੰ ਲੱਗੇ ਲਾਲ ਫੁੱਲ। ਮੈਂ ਨਵਤੇਜ ਦਾ ਧੰਨਵਾਦ ਕੀਤਾ, ਕਿਤਾਬ ਖੋਹਲੀ, ਰੂਸੀ ਅੱਖਰ। ਰਤਾ ਕੁ ਸੋਚਿਆ- ਕਾਲਾ ਅੱਖਰ ਭੈਂਸ ਬਰਾਬਰ। ਮੈਂ ਨਵਤੇਜ ਨੂੰ ਕਿਹਾ, ''ਯਾਰ ਨਵਤੇਜ! ਇਹ ਤਾ ਦੱਸ ਕਿ ਮੇਰੀ ਕਿਹੜੀ ਕਿਹੜੀ ਕਵਿਤਾ ਕਿਤਾਬ ਵਿਚ ਸ਼ਾਮਲ ਹੈ? ਨਵਤੇਜ ਨੇ ਹੌਲੀ ਹੌਲੀ, ਯਤਨ ਕਰਕੇ 12 `ਚੋਂ ਮੇਰੀਆਂ 8 ਕਵਿਤਾਵਾਂ ਦੀ ਪਛਾਣ ਕਰ ਦਿੱਤੀ। ਮੈਨੂੰ ਬੇਹੱਦ ਸੰਤੁਸ਼ਟੀ ਅਤੇ ਖੁਸ਼ੀ ਹੋਈ।
'ਕਣਕਾਂ ਦੀ ਖ਼ੁਸ਼ਬੋ` ਦਾ ਪਹਿਲਾ ਐਡੀਸ਼ਨ ਮੁੱਕ ਗਿਆ। ਭਾਪਾ ਜੀ ਉਸ ਦਾ ਅਗਲਾ ਐਡੀਸ਼ਨ ਛਾਪਣ ਦੀ ਲੋੜ ਨਹੀਂ ਸਨ ਸਮਝਦੇ। ਮੈਂ ਪੰਜਾਬੀ ਪਬਲਿਸ਼ਰਜ਼ ਜਲੰਧਰ ਦੇ ਮਾਲਕ ਚਰਨਜੀਤ ਸਿੰਘ ਨਾਲ ਗੱਲ ਕੀਤੀ। ਉਹ ਛਾਪਣ ਲਈ ਤਿਆਰ ਹੋ ਗਏ। ਉਹਨਾਂ ਦੂਜਾ ਐਡੀਸ਼ਨ ਸੰਨ 1957 ਵਿਚ ਛਾਪਿਆ। ਇਸਦਾ ਤੀਜਾ ਐਡੀਸ਼ਨ ਸੰਨ 1997 ਵਿਚ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਨੇ ਛਾਪਿਆ। ਇਹ ਪੁਸਤਕ ਮੇਰੀ ਸਮੁੱਚੀ ਕਵਿਤਾ 'ਅੱਜ ਤੋਂ ਆਰੰਭ ਤੱਕ` (2001) ਵਿਚ ਵੀ ਸ਼ਾਮਲ ਹੈ।
'ਕਣਕਾਂ ਦੀ ਖ਼ੁਸ਼ਬੋ` ਮੈਂ ਉਸ ਦਲੇਰ ਕੁੜੀ ਨੂੰ ਸਮਰਪਣ ਕੀਤੀ ਹੈ ਜਿਸ ਨੇ ਆਪਣੇ ਮੋਹ ਦਾ ਸੁਨੇਹਾ ਦੇਣ ਲਈ ਇਕ ਦਿਲਚਸਪ ਢੰਗ ਕੱਢਿਆ ਸੀ। ਉਸ ਨੇ ਬਹੁਤ ਛੋਟੀ ਉਮਰ ਦੇ ਆਪਣੇ ਭਰਾ ਕੋਲ ਇਕ ਚਿੱਟ ਮੈਨੂੰ ਭੇਜੀ। ਉਹ ਨਿੱਕੜਾ ਬਾਲ ਮੇਰੇ ਕੋਲ ਆ ਕੇ ਕਹਿਣ ਲੱਗਾ, ''ਇਹ ਕਾਗਜ਼ ਮੇਰੀ ਭੈਣ ਜੀ ਨੇ ਭੇਜਿਆ ਹੈ। ਉਨ੍ਹਾਂ ਖ਼ਾਤਰ ਇਸ ਦੀ ਅੰਗਰੇਜ਼ੀ ਬਣਾ ਦਿਓ। ਮੈਂ ਕਾਗਜ਼ ਫੜਿਆ, ਪੜ੍ਹਿਆ। ਲਿਖਿਆ ਸੀ- 'ਤੁਸੀਂ ਏਨੇ ਬੁਜ਼ਦਿਲ ਕਿਉਂ ਹੋ? ਕਦੇ ਮਿਲਦੇ ਕਿਉਂ ਨਹੀਂ।` ਮੈਂ ਮੁਸਕਰਾਇਆ, ਮਨ ਨੇ ਲਿਖਣ ਵਾਲੀ ਦੀ ਚੁਸਤੀ ਦੀ ਦਾਦ ਦਿੱਤੀ। ਮੇਰਾ ਮਨ ਖਿੜ ਗਿਆ। ਮੈਂ ਅਨੁਵਾਦ ਕਰਕੇ ਚਿਟ ਵਾਪਸ ਕਰ ਦਿੱਤੀ। ਫਿਰ ਸਾਡੇ ਵਿਚਾਲੇ ਚਿੱਠੀਆਂ ਦੀ ਇਕ ਲੜੀ ਸ਼ੁਰੂ ਹੋ ਗਈ ਜੀਹਦਾ ਹਸ਼ਰ ਓਹੀ ਹੋਇਆ ਜੋ ਹਮੇਸ਼ਾ ਹੁੰਦਾ ਹੈ। ਭਾਵ ਚਿੱਠੀਆਂ ਫੜੀਆਂ ਗਈਆਂ। ਕੁਝ ਤਣਾਅ ਪੈਦਾ ਹੋਏ ਜੋ ਸਮੇਂ ਨੇ ਮੇਸ ਦਿੱਤੇ। ਕੁਝ ਤਾਅਨੇ ਮਿਹਣੇ ਅਤੇ ਧਮਕੀਆਂ ਪਿੱਛੋਂ ਕਹਾਣੀ ਮੁੱਕ ਗਈ। ਕੁਝ ਯਾਦਾਂ ਛੱਡ ਗਈ ਅਤੇ ਕੁਝ ਸ਼ੇਅਰ : -
ਮੈਂ ਤੇਰੇ ਖਤ ਜਲਾ ਕੇ ਹਟਿਆ ਹਾਂ
ਦੇਖ ਅਗਨੀ `ਚ ਨ੍ਹਾ ਕੇ ਹਟਿਆ ਹਾਂ,
'ਕਣਕਾਂ ਦੀ ਖ਼ੁਸ਼ਬੋ` ਦਾ ਸਮਰਪਣ ਹੈ :-
ਮੇਰੇ ਗੀਤਾਂ ਦੀ ਰੂਹ ਦੇ
ਕਣਕ-ਵੰਨੇ ਰੰਗ ਨੂੰ।
ਓਸ ਕੁੜੀ ਨੂੰ ਦੇਖਿਆਂ ਪੰਜਾਹ ਵਰ੍ਹੇ ਬੀਤ ਗਏ ਨੇ। ਉਹਦੀ ਉਹੀ ਸੂਰਤ ਅਤੇ ਮੇਰੇ ਸ਼ੇਅਰ ਮੇਰੇ ਕੋਲ ਨੇ, ਦੋਵੇਂ ਸਦਾ ਜਵਾਨ, ਮੋਹ ਭਰੇ, ਮੁਸਕਰਾਉਂਦੇ।