ਰਾਪੜੀਆਂ ਦਾ ਜੋਗਿੰਦਰ ਚੰਗਾ ਭਲਾ ਵਿਆਹਿਆ ਹੋਇਆ ਸੀ ਤਾਂ ਵੀ ਪਿੰਡ ਵਿਚ ਸਾਰੇ ਉਸਨੂੰ ਛੜਾ ਹੀ ਕਹਿੰਦੇ ਸਨ। ਰਾਪੜੀਆ ਉਸ ਦੀ ਕੋਈ ਜ਼ਾਤ ਗੋਤ ਨਹੀਂ ਸੀ। ਉਸ ਦੇ ਬੜੇ ਵਡੇਰੇ ਕਿਸੇ ਵੇਲੇ ਉੜਾਪੜ ਤੋਂ ਉਠ ਕੇ ਇਸ ਪਿੰਡ ਆਣ ਵਸੇ ਸਨ। ਪੇਂਡੂ ਬੋਲੀ ਦੇ ਵਿਗੜ ਵਿਕਾਸ ਦੇ ਨੇਮ ਮੁਤਾਬਕ ਉੜਾਪੜ ਵਿਗੜ ਕੇ ੜਾਪੜ ਹੋ ਗਿਆ, ਫਿਰ ਹੌਲੀ ਹੌਲੀ ਰਾਪੜ ਹੋ ਗਿਆ। ਰਾਪੜੀਆ ਤਾਂ ਠੀਕ ਹੈ ਪਰ ਇਹ ਛੜੇ ਦੀ ਗੱਲ ਸਮਝ ਨਹੀਂ ਪਈ। ਉਸ ਦੀ ਘਰ ਵਾਲ਼ੀ ਬਿੰਬੋ ਚੰਗੀ ਭਲੀ ਤਾਂ ਸੀ; ਛਮਕ ਜਹੀ, ਸੋਹਣੀ ਸੁਨੱਖੀ, ਸੁਬਕ ਜਹੀ, ਗੋਰੀ ਨਿਛੋਹ। ਪਰ ਕਹਿੰਦੇ ਹਨ ਬਈ ਤੀਵੀਂ ਦੇ ਇਹ ਲੱਛਣ ਵਿਆਹ ਹੋਣ ਤੋਂ ਪਹਿਲਾਂ ਹੀ ਧੂਹ ਪਾਉਂਦੇ ਹਨ। ਵਿਆਹ ਤੋਂ ਬਾਦ ਸਾਲ ਦੇ ਅੰਦਰ ਅੰਦਰ ਪਰਿਵਾਰ ‘ਚ ਵਾਧੇ ਦੀ ਉਮੀਦ ਨਾ ਜਾਗੇ ਤਾਂ ਤੀਵੀਂ ਦਾ ਸੁਨੱਖਾਪਣ ਅੱਧਾ ਰਹਿ ਜਾਂਦਾ ਹੈ। ਸਾਲ ਖੰਡ ਹੋਰ ਬੀਤ ਜਾਵੇ ਤਾਂ ਲੱਖਾਂ ਜਹੀ ਤੀਵੀਂ ਆਨੇ ਦੀ ਜਾਪਦੀ ਹੈ। ਓਦੂੰ ਬਾਦ ਤਾਂ ਆਨੇ ਦੀ ਨਹੀਂ ਰਹਿੰਦੀ। ਬੱਸ ਚੁੜੇਲ ਹੀ ਨਜ਼ਰ ਆਉਂਦੀ ਹੈ। ਗੋਰੀ ਕਾਲ਼ੀ ਦਾ ਫ਼ਰਕ ਮਿਟ ਜਾਂਦਾ ਹੈ; ਚੁੜੇਲ ਤਾਂ ਚੁੜੇਲ ਹੈ ਨਾ। ਅਜਿਹੀ ਤੀਵੀਂ ਉਨ੍ਹਾਂ ਨੂੰ ਹੀ ਧੂਹ ਪਾਉਂਦੀ ਹੈ ਜਿਨ੍ਹਾਂ ਦੀ ਉਹ ਤੀਵੀਂ ਨਹੀਂ ਹੁੰਦੀ। ਹੋਰ ਏਦੂੰ ਵੱਧ ਦੁਰਦਸ਼ਾ ਹੋ ਵੀ ਕੀ ਸਕਦੀ ਹੈ! ਜਦ ਤੀਵੀਂ ਦੇ ਪਰਮੇਸ਼ਰ ਵਾਲ਼ੇ ਪਾਸਿਉਂ ਸਭ ਰਿਸ਼ਤੇ ਉਸ ਦੀ ਸੱਸ ਦਾ ਰੂਪ ਵਟਾ ਲੈਂਦੇ ਹਨ। ਸੱਸ ਭਾਵੇਂ ਮਰੀ ਹੀ ਹੋਵੇ ਤਾਂ ਵੀ ਕੀ ਨਣਦ, ਨਣਦੋਈਆ, ਜੇਠ, ਜੇਠਾਣੀ, ਭੂਆ, ਫੁਫੜ ਕੋਈ ਵੀ ਉਸ ਨੂੰ ਸੱਸ ਦੀ ਘਾਟ ਨਹੀਂ ਮਹਿਸੂਸ ਹੋਣ ਦਿੰਦਾ।
ਪਰ ਇਸ ਦਾ ਤਾਂ ਕੋਈ ਦਿਓਰ ਵੀ ਨਹੀਂ ਸੀ, ਜਿਹੜਾ ਇਨ੍ਹਾਂ ਰਿਸ਼ਤਿਆਂ ਤੋਂ ਆਰ ਪਾਰ ਦਾ ਕੋਈ ਹੁਲਾਸ ਦਿੰਦਾ। ਇਹ ਆਰ ਪਾਰ ਸੁਣ ਕੇ ਘਾਬਰ ਨਾ ਜਾਣਾ। ਜਿਵੇਂ ਕਹਿੰਦੇ ਹਨ ਕਿ ਬੋਲੀ ਵੀਹ ਕੋਹ ‘ਤੇ ਜਾ ਕੇ ਬਦਲ ਜਾਂਦੀ ਹੈ, ਇਵੇਂ ਹੀ ਰਿਸ਼ਤੇ ਵੀ ਬਦਲਦੇ ਹਨ। ਆਹ ਦੇਖੋ ਨਾ, ਅੰਮ੍ਰਿਤਰਸਰ ਦੇ ਇਲਾਕੇ ਦੀਆਂ ਭਾਬੀਆਂ ਦਿਓਰ ‘ਚੋਂ ਵੀ ਆਪਣਾ ਭਰਾ ਤੱਕਦੀਆਂ ਹਨ। ਪਰ ਜਲੰਧਰ ਟੱਪਦਿਆਂ ਹੀ ਇਹ ਰਿਸ਼ਤਾ ਕੁਛ ਅਗਾਂਹ ਲੰਘ ਜਾਂਦਾ ਹੈ। ਤੁਸੀਂ ਬਠਿੰਡੇ ਜਾ ਕੇ ਦੇਖੋ। ਜੇ ਕੋਈ ਭਾਬੀ ਦਿਓਰ ‘ਚੋਂ ਆਪਣਾ ਪਤੀ ਨਾ ਦੇਖੇ ਤਾਂ ਆਂਢਣਾ ਗੁਆਂਢਣਾ ਆ ਕੇ ਮੱਤਾਂ ਦੇਣ ਡਹਿ ਪੈਂਦੀਆਂ ਹਨ, ”ਸਿਆਣੀ ਬਣ ਨੀ, ਅਕਲ ਨੂੰ ਹੱਥ ਮਾਰ, ਜੇ ਸਿਆੜ ਸਾਂਭਣੇ ਆਂ”।
ਜੋਗਿੰਦਰ ਵਿਚਾਰਾ ਕਈ ਭਾਬੀਆਂ ਦਾ ਦਿਓਰ ਸੀ। ਭਾਬੀਆਂ ਅਕਸਰ ਹੀ ਜੋਗਿੰਦਰ ਨੂੰ ਬਿੰਬੋ ਦੇ ਖ਼ਿਲਾਫ਼ ਚੁਕਦੀਆਂ ਰਹਿੰਦੀਆਂ, ”ਵੇ ਇਹਦਾ ਛੱਡ ਖਹਿੜਾ; ਇਹਨੂੰ ਕੁਛ ਨਹੀਂ ਲੱਗਣਾ”। ਜੋਗਿੰਦਰ ਭਾਬੀਆਂ ਦੇ ਸਾਹਮਣੇ ਮਾੜਾ ਮੋਟਾ ਬੁੜਕਦਾ, ਪਰ ਬਿੰਬੋ ਕੋਲ਼ ਆਉਂਦਾ ਹੀ ਸ਼ਾਂਤ ਹੋ ਜਾਂਦਾ, ਤੇ ਸੋਚਦਾ, ”ਕੀ ਹੋਇਆ ਜੇ ਇਸ ਨੂੰ ਕੁਛ ਨਹੀਂ ਲੱਗਣਾ, ਮੈਂ ਹਾਂ ਨਾ”। ਉਹ ਮਨ ਹੀ ਮਨ ਭਾਬੀਆਂ ਨੂੰ ਆਪਣੇ ਪਿੰਡੇ ਨਾਲੋਂ ਚਿੰਬੜੀਆਂ ਨੂੰ ਪਰੇ ਵਗਾਹ ਮਾਰਦਾ, ”ਕਿਹਦੇ ‘ਚ ਹਿੰਮਤ ਹੈ, ਜੋ ਬਿੰਬੋ ਦਾ ਮੁਕਾਬਲਾ ਕਰੇ! ਕਿਥੇ ਇਹ ਪਰੀ ਤੇ ਕਿਥੇ ਉਹ ਗਦੂਤਾਂ ਕਿਸੇ ਥਾਂ ਦੀਆਂ”।
ਜੋਗਿੰਦਰ ਸੋਚਾਂ ਦੇ ਤਾਣੇ ਬਾਣੇ ਵਿਚ ਅਜਿਹਾ ਉਲ਼ਝਦਾ ਕਿ ਉਸ ਨੂੰ ਇਵੇਂ ਜਾਪਦਾ ਜਿਵੇਂ ਉਹ ਇਕ ਬੱਚਾ ਹੋਵੇ। ਪਰ ਉਸ ਨੂੰ ਇਹ ਪਤਾ ਨਾ ਲਗਦਾ ਕਿ ਉਸ ਦੀ ਮਾਂ ਕੌਣ ਹੈ। ਇਕ ਅਜੀਬ ਵਹਿਣ ਵਿਚ ਕਦੀ ਉਸ ਨੂੰ ਬਿੰਬੋ ਹੀ ਮਾਂ ਲੱਗਣ ਲਗ ਜਾਂਦੀ ਤੇ ਭਾਬੀਆਂ ਜਿਵੇਂ ਚਾਚੀਆਂ ਤਾਈਆਂ ਹੋਣ। ਰਿਸ਼ਤਿਆਂ ਦੇ ਇਸ ਉਲ਼ਟ ਫੇਰ ਤੋਂ ਉਹ ਪਸ਼ੇਮਾਨ ਹੋ ਜਾਂਦਾ। ਫਿਰ ਇਕੋ ਝਟਕੇ ਨਾਲ਼ ਸੋਚਾਂ ਦਾ ਜੰਜਾਲ਼ ਲਾਹ ਮਾਰਦਾ ਤੇ ਬਲ਼ਦਾਂ ਦੀ ਜੋਗ ਖੋਹਲਦਾ, ਹਲ਼ ਟੰਗਦਾ ਤੇ ਖੇਤਾਂ ਨੂੰ ਹੋ ਤੁਰਦਾ।
ਜੋਗਿੰਦਰ ਨੂੰ ਸਿਰਫ਼ ਤਿੰਨ ਹੀ ਕੰਮ ਸਨ; ਬਲ਼ਦ, ਮੱਝਾਂ ਤੇ ਬਿੰਬੋ। ਇਸ ਤੋਂ ਅੱਗੇ ਪਿਛੇ ਸੋਚਾਂ ਉਸ ਦਾ ਖਹਿੜਾ ਨਾ ਛਡਦੀਆਂ। ਸੋਚਾਂ ਕਾਹਦੀਆਂ ਨਿਰੀਆਂ ਜੋਕਾਂ ਸਨ, ਜਿਨ੍ਹਾਂ ਨੇ ਉਸ ਦੀ ਦਾਹੜੀ ਵਿਆਹ ਦੇ ਚੌਥੇ ਸਾਲ ‘ਚ ਹੀ ਕਰੜ ਬਰੜੀ ਕਰ ਦਿਤੀ ਸੀ। ਉਹ ਬੜੀ ਕੋਸ਼ਿਸ ਕਰਦਾ ਕਿ ਉਸ ਅੰਦਰ ਕੁਰਬਲ਼ ਕੁਰਬਲ਼ ਕਰਦੀਆਂ ਜੋਕਾਂ, ਨਾ ਸੱਚ, ਸੋਚਾਂ ਦਾ ਬਿੰਬੋ ਨੂੰ ਪਤਾ ਨਾ ਲਗੇ। ਪਰ ਉਸ ਦੀ ਦਾਹੜੀ ‘ਚ ਹੀਰਿਆਂ ਦੀ ਖਿੜੀ ਅਗੇਤੀ ਗੁਲਜ਼ਾਰ ਉਸ ਦੇ ਫ਼ਿਕਰਾਂ ਦਾ ਭੇਤ ਇਸ ਤਰ੍ਹਾਂ ਜੱਗ ਜ਼ਾਹਿਰ ਕਰ ਰਹੀ ਸੀ ਜਿਵੇਂ ਕਿਸੇ ਦੀ ਤੂੜੀ ਦੀ ਪੰਡ ਚੁਰਸਤੇ ‘ਚ ਖੁੱਲ ਜਾਵੇ।
ਵੈਸੇ ਤਾਂ ਬਿੰਬੋ ਨੂੰ ਵੀ ਚੌਥਾ ਕੰਮ ਕੋਈ ਨਾ ਹੁੰਦਾ: ਚੁਲ੍ਹਾ, ਮੱਝ ਤੇ ਜੋਗਿੰਦਰ। ਘਰ ‘ਚ ਦੁੱਧ ਬੜਾ ਸੀ। ਪੀਣਾ ਤਾਂ ਇਕ ਪਾਸੇ ਰਿਹਾ, ਬਿੰਬੋ ਨੂੰ ਤਾਂ ਦੇਖਣ ਨੂੰ ਚੰਗਾ ਨਾ ਲਗਦਾ। ਤੇ ਜੋਗਿੰਦਰ ਨੇ ਵੀ ਕਿੰਨਾ ਕੁ ਪੀ ਲੈਣਾ ਹੁੰਦਾ। ਵਾਧੂ ਸਮਝ ਕੇ ਬਾਨ੍ਹਾਂ ਲਗਾ ਲਈਆਂ। ਲੋਕੀਂ ਦੁੱਧ ਲੈਣ ਆਉਂਦੇ: ਮੁੰਡੇ, ਕੁੜੀਆਂ, ਅੱਧਖੜ ਤੇ ਬੁੜ੍ਹੀਆਂ। ਕੋਈ ਉਸ ਨੂੰ ਚਾਚੀ ਕਹਿੰਦਾ, ਕੋਈ ਤਾਈ, ਕੋਈ ਭਾਬੀ, ਕੋਈ ਧੀਏ, ਕੋਈ ਪੁੱਤ। ਬਿੰਬੋ ਸਭ ਨੂੰ ਦੁੱਧ ਪਾ ਕੇ ਖ਼ੁਸ਼ ਹੁੰਦੀ। ਪਰ ਉਸ ਦੀ ਰੂਹ ਖਿੜ ਜਾਂਦੀ ਜਦ ਕੋਈ ਤੋਤਲਾ ਜਿਹਾ ਨਿਆਣਾ ਆ ਕੇ ਉਸ ਕੋਲ਼ੋਂ ਦੁੱਧ ਮੰਗਦਾ। ਬੱਚੇ ਦੇ ਗਿਲਾਸ ‘ਚ ਦੁੱਧ ਪਾਉਣ ਲਗਿਆਂ ਉਸ ਦੀ ਸੁਤਾ ਕਿਤੇ ਹੋਰ ਪਹੁੰਚ ਜਾਂਦੀ। ਜਿਵੇਂ ਦੁੱਧ ਗਲਾਸ ‘ਚ ਨਹੀਂ ਉਹਦੇ ਮੂੰਹ ‘ਚ ਪਾ ਰਹੀ ਹੋਵੇ। ਧਿਆਨ ਜ਼ਰਾ ਹੋਰ ਅਗਾਂਹ ਵਧਣ ਲਗਦਾ ਤਾਂ ਉਸ ਨੂੰ ਸੰਗ ਆ ਜਾਂਦੀ ਤੇ ਉਹ ਆਪਣੀ ਚੁੰਨੀ ਸੁਆਰਦੀ ਹੋਈ ਨਿਆਣੇ ਵੱਲ ਹੋਰੂੰ ਹੋਰੂੰ ਦੇਖਣ ਲਗ ਪੈਂਦੀ। ਬਾਕੀ ਸਭ ਨੂੰ ਤਾਂ ਉਹ ਹਮੇਸ਼ਾ ਖੜ੍ਹੇ ਖੜੋਤਿਆਂ ਨੂੰ ਹੀ ਦੁੱਧ ਪਾ ਕੇ ਤੋਰ ਦਿੰਦੀ। ਪਰ ਨਿਆਣਿਆਂ ਨੂੰ ਉਹ ਅਕਸਰ ਆਖਦੀ, ”ਬਹਿ ਜਾ ਮੱਲ, ਹੁਣੇ ਦਿੰਨੀ ਆਂ”। ਕਈ ਬਿਗੜੇ ਹੋਏ ਸ਼ਰਾਰਤੀ ਗਭਰੇਟ ਉਸਦੇ ਇਸ ਵਾਕ ਵਿਚੋਂ ‘ਦੁੱਧ’ ਦੀ ਗ਼ੈਰਹਾਜ਼ਰੀ ਦਾ ਸੁਆਦ ਲੈਂਦੇ। ਇਹੋ ਜਹੇ ਵੇਲੇ ਬਿੰਬੋ ਦੀਆਂ ਭਵਾਂ ਕੱਸੀਆਂ ਜਾਂਦੀਆਂ ਤੇ ਨੱਕ ਦਾ ਅਗਲਾ ਕੋਮਲ ਹਿਸਾ ਫ਼ਰਕਣ ਲਗਦਾ। ਉਸਦਾ ਜੀ ਕਰਦਾ ਚੁੱਲ੍ਹੇ ‘ਚ ਬਲ਼ਦੀ ਲੱਕੜ ਨਾਲ਼ ਇਨ੍ਹਾਂ ਹਰਾਮੀਆਂ ਦੀਆਂ ਨਾਸਾਂ ਸੇਕ ਦੇਵੇ। ਪਰ ਉਹ ਸਾਰਾ ਗੁੱਸਾ ਪੀ ਜਾਂਦੀ। ਜਿਨ੍ਹਾਂ ਨੂੰ ਹੁਣੇ ਉਸ ਨੇ ”ਬਹਿ ਜਾ ਮੱਲ” ਕਿਹਾ ਹੁੰਦਾ, ਉਨ੍ਹਾਂ ਨੂੰ ਝੱਟ ਦੇਣੀ ਆਖਦੀ, ”ਜਾਉ ਕਾਕਾ, ਹਿੱਲੋ”। ਮਸਖਰੇ ਉਸ ਦੀ ”ਹਿੱਲੋ” ਵਿਚੋਂ ਵੀ ਕਈ ਕੁਛ ਕੱਢਦੇ ਉਥੋਂ ਹਿਲ ਪੈਂਦੇ। ਬਿੰਬੋ ਕਲ਼ਪ ਜਾਂਦੀ। ਕਲ਼ਪੀ ਹੋਈ ਬਿੰਬੋ ਮੱਝਾਂ ਦੁਆਲ਼ੇ ਹੋ ਜਾਂਦੀ ਤੇ ਗਾਲ਼ਾਂ ਦੀ ਝੜੀ ਲਗਾ ਦਿੰਦੀ – ਰੰਡੀਆਂ, ਕੁਤੀਆਂ, ਗਦੂਤਾਂ । ਜਿਵੇਂ ਉਹ ਮੱਝਾਂ ਨਾ ਹੋ ਕੇ ਉਨ੍ਹਾਂ ਮਸਖਰਿਆਂ ਦੀਆਂ ਮਾਵਾਂ ਹੋਣ।
ਜਿਹੜੇ ਨਿਆਣੇ ਬਿੰਬੋ ਨੂੰ ਚੰਗੇ ਲਗਦੇ ਉਨ੍ਹਾਂ ਨੂੰ ਬਿੰਬੋ ਚੰਗੀ ਨਾ ਲਗਦੀ। ਉਹ ਜਿੰਨਾਂ ਮਰਜ਼ੀ ਪਿਆਰ ਨਾਲ਼ ਬੋਲਦੀ ਪਰ ਨਿਆਣੇ ਉਹਦੇ ਕਹਿਣ ‘ਤੇ ਕਦੀ ਬਹਿਣ ਲਈ ਤਿਆਰ ਨਾ ਹੁੰਦੇ। ਕੋਈ ਆਖਦਾ, ”ਮਾਂ ਨੇ ਕਿਹਾ ਛੇਤੀ ਆਵੀਂ”। ਕੋਈ ਟਾਲ਼ਾ ਵੱਟਦਾ, ”ਮੈਂ ਸਕੂਲੇ ਜਾਣਾ”। ਕੋਈ ਝੂਠ ਮਾਰਦਾ, ”ਭਾਪੇ ਨੇ ਸ਼ਹਿਰ ਜਾਣਾ”। ਨਿਆਣਿਆਂ ਦਾ ਘਰ ਜਾਣ ਦਾ ਉਤਾਵਲਾਪਣ ਬਿੰਬੋ ਨੂੰ ਚੰਗਾ ਨਾ ਲਗਦਾ। ਉਸ ਦਾ ਜੀ ਕਰਦਾ ਬੱਚੇ ਦੇ ਵੱਟ ਕੇ ਚਪੇੜ ਮਾਰੇ। ਅਜਿਹੇ ਵੇਲੇ ਉਸ ਦਾ ਖ਼ੂਨ ਰਤਾ ਤੇਜੀ ਫ਼ੜ ਜਾਂਦਾ ਤੇ ਉਸ ਦੀਆਂ ਅੱਖਾਂ ਵੱਲ ਦੌੜ ਪੈਂਦਾ। ਉਸ ਦੇ ਮੱਥੇ ‘ਤੇ ਨੀਲੀਆਂ ਧਾਰੀਆਂ, ਅੱਖਾਂ ‘ਚ ਲਾਲ ਡੋਰੇ ਤੇ ਫ਼ਰਕਦਾ ਨੱਕ ਦੇਖਦੇ ਸਾਰ ਨਿਆਣੇ ਘਬਰਾ ਜਾਂਦੇ। ਬਿੰਬੋ ਨੂੰ ਇਹ ਸਮਝ ਨਾ ਪੈਂਦੀ ਕਿ ਬੱਚੇ ਆਖ਼ਰ ਉਹਦੇ ਕੋਲ਼ ਕਿਉਂ ਨਹੀਂ ਬੈਠਦੇ। ਖ਼ਿਆਲਾਂ ਦੀਆਂ ਲੜੀਆਂ ਅਜੀਬੋ ਗ਼ਰੀਬ ਦਿਸ਼ਾਵਾਂ ਵੱਲ ਦੌੜ ਪੈਂਦੀਆਂ। ਫਿਰ ਉਹ ਇਕ ਦੰਮ ਹੰਭਲ਼ਾ ਮਾਰ ਕੇ ਉਠਦੀ ਤੇ ਮੱਝਾਂ ਦੁਆਲ਼ੇ ਹੋ ਜਾਂਦੀ। ਉਹੀ ਮੱਝਾਂ ਹੁਣ ਉਸਨੂੰ ਇਨ੍ਹਾਂ ਮਸੂਮ ਬੱਚਿਆਂ ਦੀਆਂ ਮਾਵਾਂ ਜਾਪਦੀਆਂ ਤੇ ਉਹ ਇਨ੍ਹਾਂ ਦੇ ਗਿਟੇ ਭੰਨਣ ਤੱਕ ਜਾਂਦੀ। ਬੱਚੇ ਕਾਹਲ਼ੀ ਕਾਹਲ਼ੀ ਘਰਾਂ ਨੂੰ ਤੁਰ ਪੈਂਦੇ ਤੇ ਦੂਰ ਤੱਕ ਉਨ੍ਹਾਂ ਦੇ ਕੰਨਾਂ ਵਿਚ ਰੰਡੀਆਂ, ਕੁੱਤੀਆਂ, ਗਦੂਤਾਂ ਜਹੇ ਸ਼ਬਦ ਗੂੰਜਦੇ ਰਹਿੰਦੇ।
ਬਚਿਆਂ ਨੂੰ ਕਦੀ ਸਮਝ ਨਾ ਪੈਂਦੀ ਕਿ ਉਹਦੇ ਘਰ ਉਹ ਕਿਉਂ ਬੈਠਣ! ਸਫ਼ਾਈ ਤੋਂ ਬਿਨਾਂ ਉਹਦੇ ਘਰ ਚੀਜ਼ ਹੀ ਕਿਹੜੀ ਸੀ ਜੋ ਬਚਿਆਂ ਨੂੰ ਖਿੱਚ੍ਹ ਪਾਉਂਦੀ। ਲਿਪੀਆਂ ਪੋਚੀਆਂ ਕੰਧਾਂ, ਸਫ਼ਾ ਚੱਟ ਵਿਹੜਾ। ਉਹ ਦੋ ਮੰਨੀਆਂ ਪਕਾਉਂਦੀ ਤੇ ਚੁੱਲ੍ਹੇ ‘ਤੇ ਪੋਚਾ ਫੇਰ ਦਿੰਦੀ। ਚੁੱਲ੍ਹਾ ਇਉਂ ਲਗਦਾ ਜਿਵੇਂ ਘਰ ‘ਚ ਨਹੀਂ, ਕਿਤੇ ਨੁਮਾਇਸ਼ ‘ਚ ਪਿਆ ਹੋਵੇ। ਤੋਬਾ! ਤੋਬਾ! ਐਨੀ ਸਫ਼ਾਈ! ਬੱਚਿਆਂ ਨੂੰ ਵੱਢ ਵੱਢ ਖਾਂਦੀ। ਸਿਆਣਿਆਂ ਨੂੰ ਗੰਦਗੀ ਕਾਰਣ ਘਰ ਭੂਤਵਾੜਾ ਲਗਦਾ ਹੈ। ਪਰ ਇਸ ਦੇ ਉਲ਼ਟ ਨਿਆਣਿਆਂ ਨੂੰ ਸਫ਼ਾਈ ਕਾਰਣ ਬਿੰਬੋ ਦਾ ਘਰ ਕੋਈ ਭੂਤ ਬੰਗਲਾ ਜਾਪਦਾ। ਚਿੜੀ ਵੀ ਉਸ ਦੇ ਅੰਦਰ ਫਟਕ ਨਹੀਂ ਸੀ ਸਕਦੀ। ਚਿੜੀਆਂ ਨੂੰ ਖਾਣ ਨੂੰ ਇਸ ਘਰ ‘ਚੋਂ ਕਦੀ ਕੁਛ ਨਹੀਂ ਸੀ ਲਭਦਾ, ਪਰ ਆਂਡੇ ਦੇਣ ਨੂੰ ਇਸ ਘਰ ਦੀ ਛੱਤ ਵਿਚ ਮਘੋਰਿਆਂ ਦਾ ਘਾਟਾ ਨਹੀਂ ਸੀ। ਚਿੜੀਆਂ ਬਾਹਰੋਂ ਕਦੀ ਘਾਹ ਦੀ ਤਿੜ੍ਹ, ਕੋਈ ਕਾਗ਼ਜ਼, ਸੇਬਾ ਜਾਂ ਲੀਰ ਚੁੰਝ ਵਿਚ ਲੈ ਕੇ ਫੁਰ ਫੁਰ ਕਰਦੀਆਂ ਆਉਂਦੀਆਂ। ਬਿੰਬੋ ਖੁਰਚਣਾ ਲੈ ਕੇ ਉਨ੍ਹਾਂ ਨੂੰ ਬਾਹਰ ਕੱਢਦੀ। ਸੇਬਾ, ਘਾਹ ਦੀ ਤਿੜ੍ਹ, ਕਾਗ਼ਜ਼ ਜਾਂ ਲੀਰ ਹੇਠਾਂ ਡਿਗਦੇ ਤਾਂ ਬਿੰਬੋ ਚੁੱਕ ਕੇ ਚਿੜੀਆਂ ਤੋਂ ਵੀ ਪਹਿਲਾਂ ਬਾਹਰ ਸੁੱਟ ਆਉਂਦੀ ਤੇ ਉਸ ਦੀ ਜ਼ੁਬਾਨ ‘ਤੇ ਰੰਡੀਆਂ, ਕੁੱਤੀਆਂ ਤੇ ਗਦੂਤਾਂ ਜਹੇ ਸ਼ਬਦਾਂ ਦਾ ਪਟਾ ਚੜ੍ਹ ਜਾਂਦਾ।
ਦੁੱਧ ਲੈਣ ਆਏ ਬੱਚੇ ਉਸਦੇ ਘਰ ਦੀ ਅਜੀਬ ਦਸ਼ਾ ਬਾਬਤ, ਆਪਣੀ ਬਾਲ ਬੁੱਧ ਮੁਤਾਬਕ, ਕਿਆਫ਼ੇ ਲਾਉਂਦੇ। ਕਿਆਫ਼ੇ ਤੁਰਨ ਲਗਦੇ; ਤੁਰਦੇ ਤੁਰਦੇ ਬੇਕਾਬੂ ਹੋ ਜਾਂਦੇ। ਉਨ੍ਹਾਂ ਨੂੰ ਲਗਦਾ ਜਿਵੇ ਇਹ ਘਰ ਸੱਚ ਮੁਚ ਭੂਤਵਾੜਾ ਹੋਵੇ। ਪਰ ਉਹ ਸੋਚਦੇ ਜੋਗਿੰਦਰ ਤਾਂ ਇਥੇ ਕਦੀ ਦਿਸਿਆ ਹੀ ਨਹੀ। ਫਿਰ ਇਹ ਘਰ ਭੂਤਵਾੜਾ ਕਿਵੇਂ ਹੋਇਆ। ਅਜਿਹੇ ਵੇਲੇ ਨਿਆਣੇ ਸੋਚਾਂ ਛੱਡ ਬਿੰਬੋ ਵੱਲ ਤੱਕਣ ਲਗ ਜਾਂਦੇ ਤੇ ਬਿੰਬੋ ਉਨ੍ਹਾਂ ਨੂੰ ਇਕ ਭੂਤਨੀ ਜਾਪਦੀ।
ਉਸਤਰਾਂ ਜੋਗਿੰਦਰ ਭੂਤ ਸੀ ਵੀ ਅਤੇ ਨਹੀਂ ਵੀ। ਉਸ ਦੇ ਘਰ ‘ਚ ਹੋਣ ਦਾ ਪਤਾ ਉਸ ਦੀ ਅਵਾਜ਼ ਤੋਂ ਨਹੀਂ ਸਗੋ ਉਸ ਦੇ ਬੂਟਾਂ ਦੇ ਖੜਾਕ ਤੋਂ ਲਗਦਾ ਸੀ। ਉਸ ਦੇ ਫ਼ੌਜੀ ਭਰਾ ਨੇ ਮਿਲ਼ਟਰੀ ਦੇ ਬੂਟ ਕੀ ਲਿਆ ਦਿਤੇ, ਕੰਬਖ਼ਤ ਟੁੱਟਣ ਦਾ ਨਾਂ ਨਹੀਂ ਸਨ ਲੈਂਦੇ। ਇਨ੍ਹਾਂ ਦਾ ਜੇ ਨਾਪ ਹੀ ਪੂਰਾ ਹੁੰਦਾ ਤਾਂ ਵੀ ਰਤਾ ਘੱਟ ਖੜਾਕ ਹੁੰਦਾ। ਪਰ ਇਹ ਤਾਂ ਫ਼ੌਜੀ ਜੁਰਾਬਾਂ ਪਾ ਕੇ ਵੀ ਖੁੱਲੇ ਸਨ। ਜੁਰਾਬਾਂ ਉਸ ਦੀਆਂ ਪਹਿਲਾ ਧੋ ਵੀ ਨਹੀਂ ਸਨ ਝੱਲ ਸਕੀਆਂ। ਛੇਈਂ ਮਹੀਨੀਂ ਜੁ ਧੋਤੀਆਂ ਸਨ। ਬੂਟ ਉਸਦੇ ਇਤਨੇ ਖੁਲ੍ਹੇ, ਕਿ ਜੋਗਿੰਦਰ ਇਕੱਲਾ ਤੁਰਿਆ ਆਉਂਦਾ ਤਾਂ ਇੰਝ ਲਗਦਾ ਜਿਵੇਂ ਫ਼ੌਜੀਆਂ ਦੀ ਟੁਕੜੀ ਤੁਰੀ ਆ ਰਹੀ ਹੋਵੇ। ਉਹ ਕਦੀ ਕਦਾਈਂ ਨਿਆਣਿਆਂ ਸਾਹਮਣੇ ਆਉਂਦਾ ਅਤੇ ਬਲ਼ਦਾਂ ਵਾਲ਼ੀ ਭਾਸ਼ਾ ਵਿਚ ਹੀ ”ਐਂਹ” ਕਰਕੇ ਲੰਘ ਜਾਂਦਾ। ਨਿਆਣੇ ਵੀ ਰਤੀ ਭਰ ਆਪਣੀਆਂ ਵਾਛਾਂ ਖਿਲਾਰ ਕੇ ਮੁੜ ਠਠੰਬਰ ਜਾਂਦੇ। ਬੱਚੇ ਕਦੀ ਵੀ ਜੋਗਿੰਦਰ ਦਾ ਧਿਆਨ ਨਾ ਖਿਚਦੇ।
ਉਹ ਘਰ ‘ਚ ਹੁੰਦਾ ਤਾਂ ਮੱਝਾਂ, ਬਲ਼ਦ ਤੇ ਬਿੰਬੋ ਤੋਂ ਬਗ਼ੈਰ ਕੁਝ ਹੋਰ ਨਾ ਸੋਚਦਾ। ਪਰ ਖੇਤਾਂ ਦੀ ਗੱਲ ਕੁਝ ਹੋਰ ਸੀ। ਖੇਤਾਂ ਵਿਚ ਬਲ਼ਦਾਂ ਦੀਆਂ ਟੱਲੀਆਂ ਉਸ ਦੇ ਕੰਨਾਂ ਵਿਚ ਸੰਗੀਤ ਦੀ ਥਾਂ ਵਿਸ ਘੋਲ਼ਦੀਆਂ। ਉਸ ਨੂੰ ਜਾਪਦਾ ਜਿਵੇਂ ਇਹ ਟੱਲੀਆਂ ਨਾ ਹੋਣ ਸਗੋਂ ਉਸ ਦੀਆਂ ਭਰਜਾਈਆਂ ਹੋਣ ਜੋ ਉਸ ਨੂੰ ਬਿੰਬੋ ਖ਼ਿਲਾਫ਼ ਭੜਕਾਉਂਦੀਆਂ, ”ਵੇਹ ਛੱਡ ਖਹਿੜਾ ਇਹਦਾ, ਇਹਨੂੰ ਕੁਛ ਨਹੀਂ ਲੱਗਣਾ”। ਫਿਰ ਉਸ ਦਾ ਧਿਆਨ ਹਲ਼ ਦੀ ਮੁੰਨੀ ਤੋਂ ਹਟ ਕੇ ਬਲ਼ਦਾਂ ਦੀ ਪਿਠ ਦੇ ਪੱਠਿਆਂ ਤੋਂ ਹੋ ਕੇ ਚਰੀਆਂ ਵਿਚ ਜਾ ਵੜਦਾ। ਉਸ ਨੂੰ ਜਾਪਦਾ ਜਿਵੇਂ ਇਹ ਚਰੀ੍ਹਆਂ ਨਾ ਹੋਣ ਸਗੋਂ ਉਸ ਦੀਆਂ ਭਾਬੀਆਂ ਹੋਣ ਜੋ ਮੂੰਹ ਚਿੜਾ ਚਿੜਾ ਕੇ ਆਖ ਰਹੀਆਂ ਹੋਣ, ”ਵੇਹ ਛੱਡ ਖਹਿੜਾ ਇਹਦਾ”।
ਜੋਗਿੰਦਰ ਦੀਆਂ ਸੋਚਾਂ ਦਾ ਤਾਣਾ ਬਾਣਾ ਵੀ ਅਜੀਬ ਕਿਸਮ ਦਾ ਸੀ। ਕਦੀ ਭਾਬੀਆਂ ਦੇ ਬਾਣੇ ‘ਚ ਬਿੰਬੋ ਦਾ ਤਾਣਾ ਉਲ਼ਝ ਜਾਂਦਾ ਤੇ ਕਦੀ ਬਿੰਬੋ ਦੇ ਬਾਣੇ ‘ਚ ਭਾਬੀਆਂ ਦਾ ਤਾਣਾ। ਉਸ ਦੀਆਂ ਸੋਚਾਂ ਦਾ ਜਾਲ਼ ਉਦੋਂ ਟੁਟਦਾ ਜਦ ਉਹ ਅਕਾਰਣ ਹੀ ਬਲ਼ਦਾਂ ਦੇ ਪਰੈਣ ਕੱਢ ਮਾਰਦਾ। ਮਸੂਮ ਬਲ਼ਦ ਚੰਗੇ ਭਲੇ ਤੁਰਦੇ ਤੁਰਦੇ ਰਤਾ ਤੇਜ਼ੀ ਫੜਕੇ ਫਿਰ ਉਹੀ ਚਾਲ ਫੜ ਲੈਂਦੇ। ਪਛਤਾਵੇ ਤੇ ਪਸ਼ੇਮਾਨੀ ਦੀ ਹਾਲਤ ਵਿਚ ਜੋਗਿੰਦਰ ਬਲ਼ਦਾਂ ਨੂੰ ਖੜੇ ਕਰ ਕੇ ਬਿੰਬੋ ਨੂੰ ਉਡੀਕਣ ਲੱਗ ਪੈਂਦਾ। ਬੰਨੇ ‘ਤੇ ਬੈਠਾ ਬਲ਼ਦਾਂ ਦੀਆਂ ਅੱਖਾਂ ‘ਚ ਟਿਕ ਟਿਕੀ ਲਾ ਕੇ ਦੇਖਦਾ। ਉਸ ਨੂੰ ਜਾਪਦਾ ਜਿਵੇਂ ਇਹ ਉਸ ਦੇ ਬੜੇ ਭਰਾ ਹੋਣ, ਛੜੇ ਛਟਾਂਗ। ਉਸ ਦੀਆਂ ਊਟਪਟਾਂਗ ਸੋਚਾਂ ਦੀ ਲੜੀ ਉਦੋਂ ਸ਼ਾਂਤ ਹੁੰਦੀ, ਜਦ ਬਿੰਬੋ ਉਸ ਕੋਲ਼ ਬੈਠੀ ਝੱਕਰੇ ‘ਚੋਂ ਲੱਸੀ ਪਾ ਰਹੀ ਹੁੰਦੀ। ਕਹੇਂ ਦੇ ਛੰਨੇ ਵਿਚ, ਲਾਲ ਚਿੱਟੀ ਲੱਸੀ ਦੇਖਦਿਆਂ ਉਸ ਦਾ ਧਿਆਨ ਫਿਰ ਬਲ਼ਦਾਂ ਵੱਲ ਚਲਿਆ ਜਾਂਦਾ। ਪਰ ਬਿੰਬੋ ਦੀ ਹਾਜ਼ਰੀ ਵਿਚ ਇਹ ਉਸਨੂੰ ਆਪਣੇ ਭਰਾ ਘੱਟ ਬਿੰਬੋ ਦੇ ਜੇਠ ਵਧੇਰੇ ਜਾਪਦੇ। ਫਿਰ ਉਸ ਦਾ ਜੀ ਕਰਦਾ ਕਿ ਪਰੈਣੀ ਨਾਲ਼ ਇਨ੍ਹਾਂ ਦੀ ਚਮੜੀ ਉਧੇੜ ਸੁਟੇ। ਉਹ ਦੰਦ ਕਰੀਚਦਾ। ਚਰੀ੍ਹਆਂ ‘ਚ ਤੱਕਦਾ ਤੇ ਫਿਰ ਚਰ੍ਹੀਆਂ ਉਸ ਦਾ ਮੂੰਹ ਚਿੜਾਉਂਦੀਆਂ, ”ਵੇਹ ਛੱਡ ਖਹਿੜਾ ਇਹਦਾ”।
ਬਿੰਬੋ ਵੀ ਬੈਠੀ ਬੈਠੀ ਬਲ਼ਦਾਂ ਨੂੰ ਨਿਹਾਰਦੀ। ਉਨ੍ਹਾਂ ਦੀਆਂ ਮਸੂਮ ਅੱਖਾਂ ‘ਚੋਂ ਉਸਨੂੰ ਆਪਣਾ ਜੋਗਿੰਦਰ ਦਿਸਦਾ। ਪਲ ਦੀ ਪਲ ਉਸ ਨੂੰ ਜਾਪਦਾ ਜਿਵੇਂ ਇਹ ਦੋਹਵੇਂ ਉਸਦੇ ਖਸਮ ਹੋਣ ਤੇ ਉਹਦੇ ਵੱਲ ਹੋਰੂੰ ਹੋਰੂੰ ਦੇਖਦੇ ਹੋਣ। ਬਿੰਬੋ ਸਿਰ ਤੋਂ ਪੈਰਾਂ ਤੱਕ ਲਜਿਆ ਕੇ ਆਖਦੀ, ”ਨਿਖਸਮੇ”। ਜੋਗਿੰਦਰ ਤ੍ਰਭਕ ਕੇ ਪੁਛਦਾ, ”ਹੈਂ”? ਅਸਲੀ ਖਸਮ ਦੀ ਅਵਾਜ਼ ਸੁਣਦਿਆਂ ਹੀ ਉਸ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਤੇ ਉਹੀ ਬਲ਼ਦ ਉਸਨੂੰ ਆਪਣੇ ਪੁਤ ਜਾਪਦੇ ਤੇ ਉਹਦੀ ਲੱਜਾ ਸਿਰ ਤੋਂ ਪੈਰਾਂ ਤੱਕ ਮਮਤਾ ਵਿਚ ਬਦਲ ਜਾਂਦੀ ਤੇ ਆਖਦੀ, ”ਰਤਾ ਅਰਾਮ ਵੀ ਕਰ ਲੈਣ ਦਿਆ ਕਰ ਬੇ ਜ਼ੁਬਾਨਿਆਂ ਨੂੰ, ਦੇਖ ਤਾਂ ਪਿੰਡੇ ‘ਤੇ ਲਾਸਾਂ ਪਾਈਆਂ ਪਈਆਂ”। ਜੋਗਿੰਦਰ ਨੂੰ ਪਤਾ ਹੀ ਨਾ ਲਗਦਾ ਕਿ ਇਨ੍ਹਾਂ ਪਲਾਂ ਛਿਣਾਂ ਵਿਚ ਕਿੰਨੇ ਜੁਗਾਂ ਦਾ ਇਤਿਹਾਸ ਬਦਲ ਕੇ, ਫਿਰ ਉਨ੍ਹਾਂ ਹੀ ਪਲਾਂ ਛਿਣਾ ਵਿਚ ਸਿਮਟ ਚੁੱਕਾ ਹੈ। ਉਸ ਨੂੰ ਤਾਂ ਇਹ ਨਾ ਪਤਾ ਲਗਦਾ ਕਿ ਕਦ ਬਿੰਬੋ ਆਈ, ਕਦ ਉਸ ਨੇ ਰੋਟੀ ਖਾਧੀ, ਕਦ ਲੱਸੀ ਪੀਤੀ ਤੇ ਕਦ ਉਹ ਚਲੀ ਵੀ ਗਈ।
ਜੋਗਿੰਦਰ ਤੇ ਬਿੰਬੋ ਭਾਵੇਂ ਦੋ ਜੀ ਸਨ, ਪਰ ਤਾਂ ਵੀ ਉਹ ਇਕੱਲੇ ਇਕੱਲੇ ਜਾਪਦੇ। ਜੋਗਿੰਦਰ ਦੀ ਦਾਹੜੀ ‘ਚ ਕਾਲ਼ੇ ਗੋਰੇ ਦੀ ਘਮਸਾਨ ਦੇਖ ਬਿੰਬੋ ਦਾ ਤੌਖ਼ਲਾ ਵਧਦਾ ਜਾਂਦਾ। ਗੋਰੀ ਸੈਨਾਂ ਦੇ ਨਿਤ ਨਵੇਂ ਹੱਲੇ ਅਤੇ ਕਾiਲ਼ਆਂ ਦੀ ਹਾਰ ਬਿੰਬੋ ਦੇ ਦਿਲ ਨੂੰ ਡੋਬੂ ਪਾਉਂਦੇ। ਬਿੰਬੋ ਦੇ ਸਿਰ ‘ਚ ਭਾਵੇਂ ਹਲੇ ਧੁਪ ਛਾਂ ਦੀ ਖੇਡ ਸ਼ੁਰੂ ਨਹੀਂ ਸੀ ਹੋਈ, ਪਰ ਉਸ ਨੇ ਆਪ ਹੀ ਖ਼ਿਆਲ ਰੱਖਣਾ ਛਡ ਦਿਤਾ ਹੋਇਆ ਸੀ। ਕਦੀ ਉਹ ਆਖਦੀ ਕਿਹੜਾ ਕਿਸੇ ਨੇ ਆਉਣਾ, ਕਦੀ ਆਖਦੀ ਕਿਹੜਾ ਕਿਤੇ ਜਾਣਾ ਤੇ ਕਦੀ ਆਖਦੀ ਰੋਜ਼ ਰੋਜ਼ ਕੌਣ ਵਾਹਵੇ। ਹੁਣ ਉਹ ਸਿਰ ਨਾ ਵਾਹੁਣ ਦੇ ਬਹਾਨੇ ਲੱਭਦੀ।
ਉਸ ਦੇ ਜਿਸਮ ਦੇ ਕੋਮਲ ਤੇ ਨਾਜ਼ਕ ਹਿੱਸਿਆਂ ਤੋਂ ਰੌਣਕਾਂ ਦੀ ਫ਼ੌਜ ਨੇ ਬੋਰੀ ਬਿਸਤਰਾ ਲਪੇਟਣਾ ਸ਼ੁਰੂ ਕਰ ਦਿਤਾ ਹੋਇਆ ਸੀ ਅਤੇ ਕਠੋਰ ਹਿਸੇ ਬਲਵਾਨ ਸਮੇਂ ਦੇ ਸਾਹਮਣੇ ਹਾਰ ਮੰਨ ਚੁਕੇ ਜਾਪਦੇ ਸਨ। ਕੋਮਲਤਾ ਜਾਂ ਨਜ਼ਾਕਤ ਤਾਂ ਐਸੀਆਂ ਤਿਤਲੀਆਂ ਹਨ ਜੋ ਮੁਰਝਾਏ ਫੁਲਾਂ ‘ਤੇ ਬੈਠਣਾ ਤਾਂ ਕੀ ਤੱਕਣਾ ਵੀ ਪਸੰਦ ਨਹੀ ਕਰਦੀਆਂ। ਪਰ ਬਿੰਬੋ ਤਾਂ ਹੁਣ ਨਿਰੀ ਜੰਗ ਦਾ ਮੈਦਾਨ ਬਣ ਚੁਕੀ ਸੀ, ਜਿਥੇ ਨਿੱਤ ਕੋਈ ਹਾਰ ਰਿਹਾ ਸੀ ਤੇ ਕੋਈ ਜਿਤ ਰਿਹਾ ਸੀ। ਹਾਰ ਜਿਤ ਦਾ ਇਹ ਸਿਲਸਿਲਾ ਜੋਗਿੰਦਰ ਦੇ ਝੋਰਿਆਂ ‘ਚ ਮਣਾਂ ਮੂੰਹੀ ਵਾਧਾ ਕਰਦਾ ਜਾ ਰਿਹਾ ਸੀ। ਹੁਣ ਤਾਂ ਭਾਬੀਆਂ ਨੇ ਵੀ ”ਵੇਹ ਛੱਡ ਖਹਿੜਾ ਇਹਦਾ” ਕਹਿਣਾ ਛੱਡ ਦਿਤਾ ਸੀ। ਉਹ ਸੋਚਦਾ ਕਿ ਖਹਿੜਾ ਛੱਡਣ ਨੂੰ ਹੁਣ ਬਚਿਆ ਹੀ ਕੀ ਹੈ। ਖ਼ੁਦ ਬਖ਼ੁਦ ਛੁਟ ਗਏ ਨੂੰ ਕੋਈ ਕੀ ਛੱਡੇ। ਨਾਲ਼ੇ ਜੋਗਿੰਦਰ ਨੂੰ ਤਾਂ ਲੋਕਾਂ ਨੇ ਵੀ ਹੁਣ ਛੜਾ ਕਹਿਣਾ ਸ਼ੁਰੂ ਕਰ ਦਿਤਾ ਸੀ। ਜੋਗਿੰਦਰ ਨੂੰ ਇਸਦਾ ਗੁੱਸਾ ਵੀ ਨਹੀਂ ਸੀ ਆਉਂਦਾ। ਹੁਣ ਤਾਂ ਕਈ ਤੀਵੀਆਂ ਵੀ ਕਿਤੇ ਰਾਹ ਵਾਟੇ ਬਿੰਬੋ ਨੂੰ ਛੇੜ ਲੈਂਦੀਆਂ, ”ਨੀ ਤੇਰਾ ਛੜਾ ਕਿਥੇ ਗਿਆ?” ਤੇ ਬਿੰਬੋ ਵੀ ਬਗ਼ੈਰ ਗੁੱਸਾ ਕੀਤੇ ਸਵਾ ਸੇਰ ਜਵਾਬ ਦਿੰਦੀ, ”ਤਲ਼ਬ ਲਗੀ ਆ ਤਾਂ ਭੇਜਾਂ?” ਇਸ ਤੋਂ ਬਾਦ ਹੀ ਹੀ, ਹਾ ਹਾ। ਪਰ ਗੱਲ ਗਾਂਹ ਨਾ ਵਧਦੀ। ਪਰ ਅੱਜ ਪਿਆਰੇ ਦੀ ਭਜਨੋ ਨੇ ਤਾਂ ਹੱਦ ਹੀ ਕਰ ਦਿਤੀ। ਅਖੇ, ”ਛੜੀਏ, ਤੇਰਾ ਛੜਾ ਕਿਥੇ ਗਿਆ?” ਅੱਗਿਉਂ ਬਿੰਬੋ ਨੇ ਵੀ ਸਵਾ ਸੇਰ ਕੀ, ਸਵਾ ਕੁਵਿੰਟਲ਼ ਦਾ ਜਵਾਬ ਕੱਢ ਮਾਰਿਆ। ਕਹਿੰਦੀੇ, ”ਤੇਰੀ ਕੁੜੀ ਨਾਲ਼ ਫੇਰੇ ਲੈਣ”। ਭਜਨੋ ਘਰ ਤੱਕ ਸੋਚਦੀ ਗਈ, ”ਭਲਾ ਇਹ ਵੀ ਕੀ ਹੋਇਆ ਪਈ ਚੂੰਢੀ ਦੇ ਜਵਾਬ ‘ਚ ਟਕੂਆ ਸਿਰ ‘ਚ ਖੋਭ ਦੇਵੋ”। ਉਸਨੇ ਘਰ ਜਾ ਕੇ ਪਹਿਲਾਂ ਆਪਣੀ ਪਾਸ਼ੀ ਦੀਆਂ ਗੱਲ੍ਹਾਂ ਲਾਲ ਕਰ ਸੁਟੀਆਂ, ਪਈ ਸਕੂਲ ਤੋਂ ਸਿਧੀ ਘਰ ਕਿਉਂ ਨਹੀਂ ਆਈ। ਦਰਅਸਲ ਇਹ ਬਿੰਬੋ ਦੇ ਟਕੂਏ ਦਾ ਸੇਕ ਹੀ ਸੀ, ਜੋ ਭਜਨੋ ਦੀ ਹਿਕ ਲੂਹ ਕੇ, ਪਾਸ਼ੀ ਦੀ ਗੱਲ੍ਹ ਤੱਕ ਪਹੁੰਚ ਗਿਆ ਸੀ। ਭਜਨੋ ਨੂੰ ਇਸ ਦਾ ਰੱਤੀ ਭਰ ਇਲਮ ਨਹੀਂ ਸੀ ਕਿ ਜਿਹੜਾ ਟਕੂਆ ਉਹ ਬਿੰਬੋ ਦੇ ਢਿਡ ਵਿਚ ਖੋਭ ਆਈ ਹੈ ਉਸ ਦਾ ਸੇਕ ਕਿੰਨੇ ਅਣਜੰਮਿਆਂ ਦੀਆਂ ਗੱਲ੍ਹਾਂ ਤੱਕ ਪਹੁੰਚ ਸਕਦਾ ਹੈ।
ਤੀਵੀਂ ਦੁਨੀਆਂ ਭਰ ਦੀਆਂ ਗਾਲ਼ਾਂ ਹਜ਼ਮ ਕਰਦੀ ਹੈ, ਤੁਹਮਤਾਂ ਬਰਦਾਸ਼ਤ ਕਰ ਸਕਦੀ ਹੈ। ਪਰ ਇਕ ਗੱਲ ਹਜ਼ਮ ਜਾਂ ਬਰਦਾਸ਼ਤ ਕਰਨੀ ਤਾਂ ਇਕ ਪਾਸੇ ਰਹੀ, ਸੁਣਨ ਦੀ ਵੀ ਉਸ ਦੇ ਕੰਨਾਂ ‘ਚ ਤਾਕਤ ਨਹੀਂ ਹੁੰਦੀੇ ਕਿ ਉਹ ਮਾਂ ਨਹੀਂ ਬਣ ਸਕਦੀ। ਜੋਗਿੰਦਰ ਦੇ ਕੰਨ ਤਾਂ ‘ਛੜਾ’ ਸੁਣਨ ਦੇ ਆਦੀ ਸਨ। ਪਰ ਬਿੰਬੋ ਦੇ ਕੰਨਾਂ ਲਈ ‘ਛੜੀ’ ਲਫ਼ਜ਼ ਦਾ ਮੈਨ੍ਹਾ, ਜੇ ਮੌਤ ਵੀ ਹੁੰਦਾ ਤਾਂ ਉਹ ਸਹਿ ਲੈਂਦੀ। ਪਰ ਅੱਜ ਇਹ ਲਫ਼ਜ਼ ‘ਛੜੀ’ ਉਸ ਲਈ ਡੂਮਣੇ ਦਾ ਰੂਪ ਧਾਰਣ ਕਰ ਗਿਆ, ਜੋ ਉਸਦਾ ਖਹਿੜਾ ਨਹੀਂ ਸੀ ਛੱਡ ਰਿਹਾ। ਰਾਤ ਭਰ ਉਸ ਦੀ ਕੀ ਦਸ਼ਾ ਹੋਈ, ਉਸਨੂੰ ਨਾ ਹੀ ਨੀਂਦ ਤੇ ਨਾ ਹੀ ਜਾਗ ਕਿਹਾ ਜਾ ਸਕਦਾ ਹੈ। ਉਹ ਜਾਗਣ ਦੀ ਕੋਸ਼ਿਸ ਕਰਦੀ ਤਾਂ ਨੀਂਦ ਆਉਣ ਲਗ ਪੈਂਦੀ। ਸੌਣ ਲਗਦੀ ਤਾਂ ਨੀਂਦ ਉਡ ਜਾਂਦੀ। ਤੜਕੇ ਜਾ ਕੇ ਰਤਾ ਚੈਨ ਆਈ ਕਿ ਨਾਲ਼ ਹੀ ਗੁਰਦੁਆਰਿਆਂ ਦੇ ਸਪੀਕਰਾਂ ‘ਚੋਂ ਪਾਠ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਉਸ ਨੂੰ ਨੀਂਦ ਨੇ ਆਣ ਘੇਰਿਆ। ਨੀਂਦ ਕਾਹਦੀ ਪਈ ਕਿ ਉਸ ਦੇ ਸੁਪਨ ਨੇਤਰ ਖੁਲ ਗਏ। ਉਸ ਨੂੰ ਜਾਪਿਆ ਕਿ ਜਿਵੇਂ ਕਿਤੇ ਦਾਈ ਧਨੋ ਜੋਗਿੰਦਰ ਨੂੰ ਵਧਾਈਆਂ ਦੇ ਰਹੀ ਹੋਵੇ, ”ਵੇ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ”। ਉਸ ਦੇ ਦਿਲੋ ਦਿਮਾਗ ਵਿਚ ਸੁਪਨਿਆਂ ਦੀ ਇਕ ਲੜੀ ਤੁਰ ਪਈ, ਜਿਵੇਂ ਰੇਲ ਦੀ ਪਟੜੀ ਪਿਛੇ ਨੂੰ ਦੌੜਦੀ ਹੋਵੇ। ਉਸ ਨੂੰ ਜਾਪਿਆ ਜਿਵੇਂ ਉਹ ਇਕ ਮਾਂ ਹੋਵੇ। ਫ਼ਿਰ ਉਸ ਨੂੰ ਲਗਿਆ ਜਿਵੇਂ ਉਸ ਦਾ ਬੱਚਾ ਸਕੂਲ ਗਿਆ ਹੋਵੇ। ਫਿਰ ਉਸ ਨੂੰ ਇਕ ਅਜੀਬ ਜਿਹਾ ਸ਼ੋਰ ਸੁਣਾਈ ਦਿਤਾ। ਉਸ ਨੂੰ ਜਾਪਿਆ ਜਿਵੇਂ ਉਸ ਦਾ ਮੁੰਡਾ ਉਸ ਨੂੰ ਅਵਾਜ਼ਾਂ ਮਾਰ ਰਿਹਾ ਹੋਵੇ, ”ਮੰਮੀ ਮੁੰਡੇ ਮੇਰਾ ਬਸਤਾ ਨਹੀਂ ਦਿੰਦੇ”। ਇਨੀ ਸੁਣਨ ਦੀ ਦੇਰ ਸੀ ਕਿ ਉਸ ਦੇ ਸਰੀਰ ਦਾ ਸਾਰਾ ਖ਼ੂਨ ਦਿਮਾਗ਼ ਵੱਲ ਨੂੰ ਦੌੜਨ ਲੱਗ ਪਿਆ। ਉਸ ਨੂੰ ਜਾਪਿਆ ਜਿਵੇਂ ਉਸ ਦਾ ਸਿਰ ਪਾਟਣ ਲੱਗਾ ਹੋਵੇ। ਉਸ ਦਾ ਤਾਲ਼ੂਆ ਖ਼ੁਸ਼ਕ ਹੋ ਗਿਆ। ਧੜਕਣ ਤੇਜ਼ ਹੋ ਗਈ, ਜਿਵੇਂ ਢੋਲ ‘ਤੇ ਡਗਾ ਵਜਦਾ ਹੋਵੇ। ਉਹ ਇਕ ਦੰਮ ਉਠੀ। ਬਿਨਾ ਕਿਰਿਆ ਸੋਧੇ ਘਰੋਂ ਨਿਕਲ਼ ਤੁਰੀ। ਤੁਰਦੀ ਗਈ, ਤੁਰਦੀ ਗਈ। ਫਿਰਨੀਉਂ ਫਿਰਨੀ ਚੜ੍ਹ ਮਜ਼ਾਰੇ ਦੇ ਸਕੂਲ ਮੋਹਰੇ ਜਾ ਖੜੀ ਹੋਈ। ਪਿੰਡ ਦੇ ਇਸ ਪ੍ਰਾਇਮਰੀ ਸਕੂਲ ਦੇ ਨਿਆਣੇ ਘੈਂਟੀ ਵੱਜਣ ਤੋਂ ਪਹਿਲਾਂ ਹੀ ਸਕੂਲ ਪਹੁੰਚ ਕੇ ਆਪਣੇ ਲਈ ਤੇ ਆਪਣੇ ਆੜੀਆਂ ਲਈ ਥਾਂ ਮੱਲ ਰਹੇ ਸਨ। ਬਿੰਬੋ ਦਾ ਰੁਖਾ ਚਿਹਰਾ, ਖਿੰਡੇ ਵਾਲ਼ ਤੇ ਮੂੰਹ ਦੀ ਝੱਗ ਦੇਖ ਸਕੂਲ ਦੇ ਨਿਆਣਿਆਂ ਨੇ ਰੌਲ਼ੀ ਪਾਉਣੀ ਸ਼ੁਰੂ ਕਰ ਦਿਤੀ, ”ਸ਼ਦੈਣ ਓਇ, ਸ਼ਦੈਣ ਓਇ”। ਬਿੰਬੋ ਨੇ ਝਪਟ ਕੇ ਇਕ ਨਿਆਣੇ ਦੇ ਥੱਪੜ ਸੁਟਿਆ, ਉਸਦਾ ਬਸਤਾ ਖੋਹਿਆ ਤੇ ਪਿੰਡ ਨੂੰ ਸਿਧੀ ਹੋ ਲਈ। ਰਾਹਗੀਰਾਂ ਨੇ ਸੁਣਿਆਂ, ਬਿੰਬੋ ਆਖਦੀ ਜਾ ਰਹੀ ਸੀ, ”ਚੱਕਿਓ ਪੜਾਈਆਂ ਦੇ, ਖਦੇੜਿਓ ਕਿਤਾਬਾਂ ਦੇ, ਮੇਰੇ ਮੁੰਡੇ ਨੇ ਨਹੀਂ ਪੜ੍ਹਨਾ!”
ਲੋਕਾਂ ਦਾ ਕਹਿਣਾ ਸੀ ਕਿ ਬਿੰਬੋ ਪਾਗਲ ਹੋ ਗਈ ਸੀ। ਉਹ ਸੱਚ ਮੁਚ ਪਾਗਲ ਹੋ ਗਈ ਸੀ। ਸੁਪਨੇ ਜੋ ਉਸਨੂ ਰਾਤੀਂ ਆਉਂਦੇ ਸਨ, ਦਿਨੇ ਆਉਣ ਲੱਗ ਪਏ। ਦਾਈ ਧਨੋਂ ਦੀਆਂ ਮੁਬਾਰਕਾਂ, ਰੱਬ ਦੇ ਘਰ ਦੀ ਦੇਰ ਕਿ ਹਨੇਰ, ਨਿਆਣਿਆਂ ਦਾ ਸ਼ੋਰ ਤੇ ਉਹੀ ”ਮੰਮੀ, ਮੁੰਡੇ ਮੇਰਾ ਬਸਤਾ ਨਹੀਂ ਦਿੰਦੇ”। ਉਹ ਤੜਕ ਸਾਰ ਰੋਜ਼ ਘਰੋਂ ਨਿਕਲ਼ ਪੈਂਦੀ। ਨਾਲ਼ ਦੇ ਕਿਸੇ ਪਿੰਡ ਦੇ ਸਕੂਲ ਮੋਹਰੇ ਜਾ ਖੜ੍ਹਦੀ। ਕਦੇ ਕਿਸੇ ਦਾ ਕਦੇ ਕਿਸੇ ਦਾ ਬਸਤਾ ਖੋਹ ਲਿਆਉਂਦੀ। ਲੋਕ ਘਰੇ ਉਲਾਂਭਾ ਲੈ ਕੇ ਆਉਂਦੇ। ਜੋਗਿੰਦਰ ਸੁਣ ਛਡਦਾ। ਜਦ ਬਿੰਬੋ ਘਰੇ ਨਾ ਹੁੰਦੀ ਤਾਂ ਲੋਕ ਆਉਂਦੇ ਤੇ ਆਪਣੇ ਨਿਆਣਿਆਂ ਦੇ ਬਸਤੇ ਪਛਾਣ ਕੇ ਲੈ ਜਾਂਦੇ। ਜੁਗਿੰਦਰ ਉਨ੍ਹਾਂ ਨੂੰ ਬਿੰਬੋ ਦੇ ਆਉਣ ਤੋਂ ਪਹਿਲਾਂ ਪਹਿਲਾਂ ਚਲੇ ਜਾਣ ਲਈ ਆਖਦਾ। ਰਾਤੀਂ ਜਦ ਬਿੰਬੋ ਨੂੰ ਬਸਤੇ ਨਜ਼ਰ ਨਾ ਆਉਂਦੇ ਤਾਂ ਜੋਗਿੰਦਰ ਨੂੰ ਮਣ ਮਣ ਦੀਆਂ ਗਾਲ਼ਾਂ ਕੱਢਦੀ, ”ਮਰ ਜਾਣਿਆਂ, ਤੂੰ ਤਾਂ ਰਿਹਾਂ ਢੱਗੇ ਦਾ ਢੱਗਾ, ਹੁਣ ਤੂੰ ਮੇਰੇ ਨਿਆਣੇ ਵੀ ਨਹੀਂ ਪੜ੍ਹਨ ਦੇਣੇ!” ਜੋਗਿੰਦਰ ਹੱਕਾ ਬੱਕਾ ਜਿਹਾ ਹੋ ਕੇ ਕਲ਼ਪ ਜਾਂਦਾ; ਤੇ ਫਿਰ ਬਿੰਬੋ, ਬਸਤੇ ਤੇ ਨਿਆਣਿਆਂ ਦੇ ਹੁਸੀਨ ਤੇ ਗ਼ਮਗੀਨ ਖ਼ਾਬਾਂ ਵਿਚ ਗੁੰਮ ਹੋ ਜਾਂਦਾ। ਕਿਤੇ ਦਾ ਕਿਤੇ ਪਹੁੰਚਿਆ ਜੁਗਿੰਦਰ ਜਦ ਵਾਪਸ ਮੁੜਦਾ ਤਾਂ ਹਲਕਾ ਜਿਹਾ ਮੁਸਕਰਾ ਕੇ ਇਤਨਾ ਹੀ ਆਖਦਾ, ”ਕਮਲ਼ੀ”। ਤੇ ਫਿਰ ਉਥੇ ਹੀ ਪਹੁੰਚ ਜਾਂਦਾ, ਜਿਥੋਂ ਉਹ ਹੁਣੇ ਸਿਰਫ਼ ‘ਕਮਲ਼ੀ’ ਕਹਿਣ ਲਈ ਆਇਆ ਸੀ।
ਜਿਵੇਂ ਤੀਵੀਆਂ ਦਾ ਹਰ ਭਾਣਾ ਚੰਦਰਮਾ ਨਾਲ਼ ਸਬੰਧ ਰੱਖਦਾ ਹੈ, ਇਵੇਂ ਬਿੰਬੋ ਦਾ ਕਮਲ਼ ਪੁਣਾ ਵੀ ਚੰਦਰਮਾ ਦੀ ਤਰ੍ਹਾਂ ਘਟਦਾ ਵਧਦਾ ਰਹਿੰਦਾ। ਹੁਣ ਕਈ ਦਿਨਾ ਤੋਂ ਬਿੰਬੋ ਠੀਕ ਠਾਕ ਲੱਗ ਰਹੀ ਸੀ। ਪਰ ਇਕ ਦਿਨ ਸਵੇਰੇ ਹੀ ਉਸ ਨੇ ਪਤਾ ਨਹੀਂ ਜੋਗਿੰਦਰ ਦੇ ਕੰਨ ‘ਚ ਕੀ ਆਖਿਆ, ਕਿ ਲੋਕਾਂ ਨੇ ਦੱਸਿਆ, ਜੋਗਿੰਦਰ ਬਲ਼ਦਾਂ ਮਗਰ ਬੋਲੀਆਂ ਪਾਉਂਦਾ ਜਾ ਰਿਹਾ ਸੀ। ਅੱਗੇ ਉਹ ਹਮੇਸ਼ਾ ਸੂਰਜ ਛਿਪਣ ‘ਤੇ ਹੀ ਘਰ ਵਾਪਸ ਮੁੜਦਾ ਸੀ, ਪਰ ਅੱਜ ਦੋ ਘੜੀਆਂ ਪਹਿਲਾਂ ਹੀ ਪਿੰਡ ਪਹੁੰਚ ਗਿਆ। ਬਿੰਬੋ ਨੂੰ ਕੰਮ ਨਾ ਕਰਨ ਦੀਆਂ ਨਸੀਹਤਾਂ ਦੇ ਕੇ ਰੱਖੀ ਬੁੜ੍ਹੀ ਨੂੰ ਖ਼ਾਲਸ ਘਿਉ ਰੱਖਣ ਦੀ ਤਗ਼ੀਦ ਕਰਨ ਚਲਾ ਗਿਆ। ਵਾਪਸ ਆਉਂਦਿਆਂ ਉਸ ਨੂੰ ਵੀ ਉਦੋਂ ਪਤਾ ਲੱਗਾ, ਜਦ ਦਾਈ ਧਨੋ ਦੀ ਗਲ਼ੀ ‘ਚ ਖੜ੍ਹਾ ਅਵਾਜ਼ਾਂ ਮਾਰ ਰਿਹਾ ਸੀ, ”ਮਾਸੀ, ਮਾਸੀ”।
ਤੀਵੀਆਂ ਬਿੰਬੋ ਨੂੰ ਪੁਛਦੀਆਂ, ”ਨੀ, ਕਿਥੋਂ ਖ਼ੈਰ ਪਈ?” ਬਿੰਬੋ ਮੁਸਕਰਾ ਛਡਦੀ। ਕੋਈ ਹਰਾਮਣ ਪੁਛਦੀ, ”ਨੀ ਕਿਹਦੀ ਮਿਹਰ ਹੋਈ?” ਬਿੰਬੋ ਇਸ ‘ਤੇ ਵੀ ਮੁਸਕਰਾ ਛਡਦੀ। ਜੋਗਿੰਦਰ ਦੀ ਭਰਜਾਈ ਨੇ ਇਕ ਦਿਨ ਪੁੱਛਿਆ, ”ਨੀ, ਕੀ ਖੁਆਇਆ ਸੀ ਜੋਗਿੰਦਰ ਨੂੰ?” ਬਿੰਬੋ ਨੇ ਇਨਾ ਹੀ ਆਖਿਆ, ”ਤੇਰਾ ਚੂੰਡਾ”। ਤੇ ਫਿਰ ਹੱਸਦੀ ਹੱਸਦੀ ਅੰਦਰ ਚਲੀ ਗਈ।
ਜੋਗਿੰਦਰ ਨੂੰ ਵੀ ਰਾਹ ਵਾਟੇ ਜਾਂ ਖੇਤਾਂ ‘ਚ ਲੋਕੀਂ ਪੁਛਦੇ, ”ਓ ਬਈ, ਕਿਦਾਂ ਮੋਰਚਾ ਮਾਰਿਆ?” ਉਹ ਆਖਦਾ, ”ਸਭ ਉਹਦੀ ਕਿਰਪਾ”। ਮਸਖਰੇ ਅੱਗਿਉਂ ਹੋਰ ਸਵਾਲ ਕਰਦੇ, ”ਕਿਹਦੀ ਬਈ?” ਜੋਗਿੰਦਰ ਚੁੱਪ ਹੋ ਜਾਂਦਾ। ਸਾਰੇ ਪਿੰਡ ਵਿਚ ਬਿੰਬੋ ਦੀ ਉਮੀਦ ਅਤੇ ਜੋਗਿੰਦਰ ਦੇ ਯਕੀਨ ਦੇ ਚਰਚੇ ਹੁੰਦੇ। ਕੋਈ ਆਖਦਾ, ”ਬਈ ਉਹਦੇ ਘਰ ਦੇਰ ਹੈ, ਹਨੇਰ ਨਹੀਂ!” ਕੋਈ ਅਗਿਉਂ ਟਿੱਚਰ ਕਰਦਾ, ”ਦੇਰ ਕਿਥੇ, ਜੇਠ ਹੈ ਜੇਠ”। ਜੁਗਿੰਦਰ ਨੂੰ ਕੁਛ ਸਮਝ ਨਾ ਪੈਂਦੀ ਕਿ ਉਹ ਕੀ ਜਵਾਬ ਦੇਵੇ। ਉਹ ਇੰਨਾ ਹੀ ਆਖਦਾ, ”ਸਾਲ਼ੇ, ਕੰਜਰ”। ਅੰਦਰੋਂ ਉਹਦੇ ਹੱਡਾਂ ਦੇ ਸੀਰਮੇਂ ‘ਚ ਸ਼ੱਕ ਤੇ ਯਕੀਨ ਦੀ ਇਕ ਸਾਂਝੀ ਲਹਿਰ ਉਪਜਦੀ, ਜਿਸ ਬਾਰੇ ਉਸ ਤੋਂ ਕੋਈ ਕਿਆਫ਼ਾ ਨਾ ਲਗਦਾ। ਉਸ ਦਾ ਧਿਆਨ ਹਲ਼ ਦੇ ਫਾਲ਼ੇ ਤੋਂ ਹਟਕੇ ਬਲ਼ਦਾਂ ‘ਤੇ ਜਾ ਟਿਕਦਾ। ਉਥੋਂ ਤਿਲਕਦਾ ਚਰੀ੍ਹਆਂ ‘ਚ ਜਾ ਬੜਦਾ। ਉਸ ਨੂੰ ਜਾਪਦਾ ਜਿਵੇਂ ਚਰ੍ਹੀਆਂ ਅਤਿਅੰਤ ਹੈਰਾਨੀ ‘ਚ ਚੁੱਪ ਗੜੁੱਪ ਬਸ ਉਸ ਵੱਲ ਦੇਖ ਰਹੀਆਂ ਹੋਣ।
ਸੱਤ, ਅੱਠ ਤੇ ਫਿਰ ਨੌਂ। ਮੱਸਿਆ, ਪੁਨਿਆਂ ਤੇ ਸੰਗਰਾਂਦਾਂ ਆਈਆਂ। ਆਈਆਂ ਤੇ ਲੰਘ ਗਈਆਂ। ਦਾਈ ਧਨੋ ਵੀ ਹੈਰਾਨ ਸੀ। ਰੱਖੀ ਦਾ ਖ਼ਾਲਸ ਘਿਉ ਪਿਆਰੇ ਦੀ ਭਜਨੋ ਪਿੰਨੀਆਂ ਬਣਾਉਣ ਲਈ ਲੈ ਗਈ ਸੀ। ਹੁਣ ਬਿੰਬੋ ਹਰ ਸਮੇਂ ਘਰੇ ਹੀ ਰਹਿੰਦੀ। ਉਹ ਹੁਣ ਸ਼ਦੈਣ ਘੱਟ ਤੇ ਬੋਲ਼ੀ ਵਧੇਰੇ ਜਾਪਦੀ। ਜਿਵੇਂ ਉਸ ਦੇ ਕੰਨ ਹੀ ਨਾ ਹੋਣ। ਚਿੜੀਆਂ ਫ਼ੁਰ ਫ਼ੁਰ ਕਰਦੀਆਂ ਆਉਂਦੀਆਂ। ਧਾਗੇ, ਕੱਖ ਤੇ ਕਾਗ਼ਜ਼ ਲਿਆਉਂਦੀਆਂ। ਚਿੜ ਚਿੜ ਕਰਦੀਆਂ ਤੇ ਆਂਡੇ ਦਿੰਦੀਆਂ। ਬਿੰਬੋ ਨੂੰ ਕੋਈ ਫ਼ਰਕ ਨਾ ਪੈਂਦਾ। ਇਵੇਂ ਜਾਪਦਾ ਜਿਵੇਂ ਇਹ ਘਰ ਬਿੰਬੋ ਦਾ ਨਾ, ਸਗੋਂ ਚਿੜੀਆਂ ਦਾ ਹੋਵੇ।
ਕਿਸੇ ਵੇਲੇ ਸਾਰੇ ਪਿੰਡ ਦਾ ਵਿਸ਼ਾ, ਬਿੰਬੋ ਹੁਣ ਕੋਈ ਵਿਸ਼ਾ ਨਹੀਂ ਸੀ। ਉਹ ਅਜਿਹੀ ਖ਼ਬਰ ਸੀ ਜੋ ਵਾਪਰਨ ਤੋਂ ਬਿਨਾ ਹੀ ਨਸ਼ਰ ਹੋ ਗਈ ਹੋਵੇ। ਉਸ ਦੀ ਉਮੀਦ ਤੇ ਜੋਗਿੰਦਰ ਦੇ ਯਕੀਨ ਦੇ ਗਰਮ ਚਰਚੇ ਹੁਣ ਠੰਢੇ ਪੈ ਚੁਕੇ ਸਨ। ਚਰਚੇ ਕਾਹਦੇ, ਜਿਵੇਂ ਕਾਨਿਆਂ ਦੇ ਫ਼ੂਸ ਦੀ ਅੱਗ ਹੋਵੇ; ਕਹਿ ਮਚੀ ਤੇ ਕਹਿ ਬੁਝ ਗਈ।
ਹੁਣ ਜੋਗਿੰਦਰ ਨੂੰ ਵੀ ਕੋਈ ਨਾ ਛੇੜਦਾ। ਉਸ ਦੀ ਦੁਖਦੀ ਰਗ ਸਭ ਨੂੰ ਆਪਣੀ ਲਗਦੀ। ਉਹ ਗੱਡੇ ‘ਤੇ ਜਾ ਰਿਹਾ ਹੁੰਦਾ ਤਾਂ ਇਵੇਂ ਜਾਪਦਾ ਜਿਵੇਂ ਗੱਡਾ ਖਾਲੀ ਜਾ ਰਿਹਾ ਹੋਵੇ। ਉਸ ਦਾ ਹੋਣਾ ਨਾ ਹੋਣਾ ਇਕੋ ਜਿਹਾ ਲਗਦਾ। ਕਿਸੇ ਦੀ ਗੱਲ ‘ਚ ਉਹ ਕਦੀ ਨਾ ਬੋਲਦਾ। ਤੇ ਉਸ ਦੀ ਜਿਵੇਂ ਕੋਈ ਗੱਲ ਹੀ ਨਹੀਂ ਸੀ।
ਰਾਮਗੜੀਆ ਕਾਲਜ ਫਗਵਾੜਾ ਵਿੱਚ ਪੰਜਾਬੀ ਅਧਿਆਪਨ ਦਾ ਕਾਰਜ ਨਿੱਭਾ ਰਿਹਾ ਅਵਤਾਰ ਸਿੰਘ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਕਾਫ਼ੀ ਦੇਰ ਤੋਂ ਸਰਗਰਮ ਹੈ। ਪਰ ਕਹਾਣੀ ਦੇ ਖੇਤਰ ਵਿੱਚ ਉਹ ਹੁਣੇ ਜਿਹੇ ਸਾਹਮਣੇ ਆਇਆ ਹੈ। ਹਥਲੀ ਕਹਾਣੀ ਉਸਦੇ ਕਹਾਣੀ ਖੇਤਰ ਵਿੱਚ ਸਾਬਤ ਕਦਮੀਂ ਦਾਖ਼ਲ ਹੋਣ ਦੀ ਗਵਾਹੀ ਭਰਦੀ ਹੈ।