ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ,
ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।
ਏਸ ਪ੍ਰੇਮ ਦੀ ਝੋਕ ਦਾ ਸ਼ੁਭ ਕਿੱਸਾ,
ਜੀਭ ਸੁਹਣੀ ਨਾਲ਼ ਸੁਣਾਈਏ ਜੀ।
ਨਾਲ਼ ਅਜਬ ਬਹਾਰ ਦੇ ਸ਼ਿਅਰ ਕਰਕੇ,
ਰਾਂਝੇ ਹੀਰ ਦਾ ਮੇਲ਼ ਮਿਲਾਈਏ ਜੀ।
ਯਾਰਾਂ ਨਾਲ਼ ਬਹਿ ਕੇ ਵਿਚ ਮਜਲਿਸਾਂ ਦੇ,
ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ॥
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ,
ਕਿੱਸਾ ਅਜਬ ਬਹਾਰ ਦਾ ਜੋੜਿਆ ਈ।
ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ,
ਨਵਾਂ ਫੁੱਲ ਗੁਲਾਬ ਦਾ ਤੋੜਿਆ ਈ।
ਬਹੁਤ ਜੀਊ ਦੇ ਵਿਚ ਤਦਬੀਰ ਕਰਕੇ,
ਫ਼ਰਿਹਾਦ ਪਹਾੜ ਨੂੰ ਫੋੜਿਆ ਈ।
ਸੱਭਾ ਬੀਨ ਕੇ ਜ਼ੇਬ ਬਣਾ ਦਿੱਤਾ,
ਜੇਹਾ ਅਤਰ ਗੁਲਾਬ ਨਚੋੜਿਆ ਈ॥
ਪੂਰੇ 240 ਸਾਲ ਪਹਿਲਾਂ ‘ਲੰਮੇ ਦੇਸ’ ਪੰਜਾਬ ਵਿਚ ਕਰਾਮਾਤ ਹੋਈ ਸੀ। ਸੰਨ 1766 ਦੀ ਕਿਸੇ ਘੜੀ ਜੰਡਿਆਲ਼ੇ ਸ਼ੇਰ ਖ਼ਾਂ ਪਿੰਡ ਦੇ ਵਾਰਿਸ ਸ਼ਾਹ ਨੇ ਹੀਰ ਰਾਂਝੇ ਦੇ ਹਕੀਕੀ ਇਸ਼ਕL ਦਾ ਕਿੱਸਾ ਯਾਨੀ ਮਹਾਕਾਵਿ ਪੂਰਾ ਕੀਤਾ ਸੀ।
ਸੰਨ ਯਾਰਾਂ ਸੈ ਅੱਸੀਆਂ ਨਬੀ ਹਜ਼ਰਤ,
ਲੰਮੇ ਦੇਸ ਦੇ ਵਿਚ ਤਿਆਰ ਹੋਈ।
ਅਠਾਰਾਂ ਸੌ ਤੇ ਬਾਈ ਸੀ ਰਾਏ ਬਿਕਰਮ,
ਜ਼ਿਮੀਂਦਾਰ ਨੂੰ ਬੜੀ ਬਹਾਰ ਹੋਈ॥
ਢਾਈ ਸਦੀਆਂ ਦਾ ਵਕਫ਼ਾ ਕੋਈ ਛੋਟਾ ਨਹੀਂ ਹੁੰਦਾ। ਇੰਜ ਲਗਦਾ ਏ ਕਿ ਪੰਜਾਬ ਹੀਰ ਰਾਂਝਾ ਤੇ ਵਾਰਿਸ ਸ਼ਾਹ ਦੀ ਗੱਲ ਢਾਈ ਸੌ ਸਾਲ ਦੀ ਨਹੀਂ; ਬਾਬੇ ਆਦਮ ਦੇ ਵੇਲੇ ਦੀ ਏ ਤੇ ਇਹ ਕਦੇ ਮੁੱਕਣੀ ਨਹੀਂ। ਪੰਜਾਬ ਤੇ ਵਾਰਿਸ ਹੀਰ ਤੇ ਰਾਂਝਾ ਹੁਣ ਇੱਕੋ ਹਸਤੀ ਹੈ। ਪੂਰਨ ਸਿੰਘ ਦੇ ਆਖਣ ਵਾਂਙ ਹੀਰ ਰਾਂਝੇ ਬਿਨਾਂ ਪੰਜਾਬ ਸੱਖਣਾ, ਅਧੂਰਾ ਰਹਿਣਾ ਸੀ।
ਵਾਰਿਸ ਵਰਗਾ ਸ਼ਾਇਰ ਹੀ ਅਪਣੀ ਕਿਰਤ ਦੀ ਗੱਲ ਏਨੀ ਹੁੱਬ ਨਾਲ਼ ਕਰ ਸਕਦਾ ਸੀ:
ਇਹ ਕੁਰਾਨ ਮਜੀਦ ਦੇ ਮਾਇਨੇ ਨੀ,
ਜਿਹੜੇ ਕੌਲ ਮੀਏਂ ਵਾਰਸ ਸ਼ਾਹ ਦੇ ਨੇ॥
ਬਾਤ ਬਾਤ ਤੇਰੀ ਵਿਚ ਹੈਨ ਕਾਮਣ,
ਵਾਰਸ ਸ਼ਾਹ ਦਾ ਸ਼ੇਅਰ ਵੀ ਸੇਹਰ ਹੈ ਜੀ॥ ਸੇਹਰ= ਜਾਦੂ
ਖਰਲ ਹਾਂਸ ਮਲਕਾਂ ਮਸ਼ਹੂਰ ਮੁਲਕਾਂ
ਤਿੱਥੇ ਸ਼ੇਅਰ ਕੀਤਾ ਯਾਰਾਂ ਵਾਸਤੇ ਮੈਂ।
ਪਰਖ ਸ਼ੇਅਰ ਦੀ ਆਪ ਕਰ ਲੈਣ ਸ਼ਾਇਰ,
ਘੋੜਾ ਫੇਰਿਆ ਵਿਚ ਨਖਾਸ ਦੇ ਮੈਂ।
ਪੜ੍ਹਨ ਗੱਭਰੂ ਦੇਸ ਵਿਚ ਖ਼ੁਸ਼ੀ ਹੋ ਕੇ
ਫੁੱਲ ਬੀਜਿਆ ਬਾਸ ਦੇ ਵਾਸਤੇ ਮੈਂ॥
ਸਮਕਾਲੀ ਅਹਿਮਦਯਾਰ ਨੇ ਵਾਰਿਸ ਦੀ ਪਰਖ ਇਹਨੂੰ ‘ਸੁਖ਼ਨ ਦਾ ਵਾਰਿਸ’ ਆਖ ਕੇ ਕੀਤੀ ਸੀ:
ਵਾਰਿਸ ਸ਼ਾਹ ਸੁਖ਼ਨ ਦਾ ਵਾਰਸ, ਕਿਤੇ ਨਾ ਅਟਕਿਆ ਵiਲ਼ਆ।
ਉਸ ਮਿਨਰਾਹੀ ਚੱਕੀ ਵਾਂਙੂੰ ਨਿੱਕਾ ਮੋਟਾ ਦiਲ਼ਆ।
ਵਾਰਸ ਕਿੱਸਿਆਂ ਵਿੱਚੋਂ ਇੱਕੋ, ਇਹੋ ਹੀਰ ਬਣਾਈ।
ਜੋ ਅਟਕਲ਼ ਮਜ਼ਮੂਨ ਬੰਨ੍ਹਣ ਦੀ, ਸੋ ਮੈਂ ਮੂਲ਼ ਨਾ ਆਈ।
ਵੱਡਾ ਤਅੱਜਬ ਆਵੇ ਯਾਰੋ, ਵੇਖ ਉਹਦੀ ਵਡਿਆਈ॥
ਬਾਹਰਲੀਆਂ ਬੋਲੀਆਂ ਵਿਚ ਛਪੇ ਹੀਰ ਵਾਰਿਸ ਦੇ ਉਲਥੇ ਇਹ ਹਨ: ਅੰਗਰੇਜ਼ੀ ਵਿਚ ਚਾਰਲਸ ਫ਼੍ਰੈਡ੍ਰਿਕ ਓਸਬੋਰਨ (ਯੂਨੈਸਕੋ, 1973) ਅਤੇ ਸੰਤ ਸਿੰਘ ਸੇਖੋਂ (ਓਲਡ ਬੌਇਜ਼, 1978); ਜਰਮਨ ਵਿਚ ਡੋਰਿਸ ਬੁਡਨਬੁਰਗ (ਫ਼ਰਾਂਸ ਸਟਾਈਨਰ ਫ਼ਰਲਾਗ,1985); ਫ਼ਰਾਂਸੀਸੀ ਵਿਚ ਦਾਨੀ ਮਾਤਾਂਸ਼ ਨੇ 1988 ਵਿਚ ਅਤੇ ਇਤਾਲਵੀ ਵਿਚ ਕ. ਕ. ਰੌਏ ਨੇ 1971 ਵਿਚ ਕੀਤਾ।