ਕਵਿਤਾ ਦੀ ਵੰਨਗੀ ਹਾਇਕੂ ਸਦੀਆਂ ਤੋਂ ਜਾਪਾਨ ਵਿਚ ਲਿਖੀ ਜਾ ਰਹੀ ਹੈ। ਇਹ ਸੰਖੇਪ ਹੁੰਦੀ ਹੈ। ਸਾਹ ਜਿੰਨੀ ਛੋਟੀ, ਸਾਹ ਜਿੰਨੀ ਮੁੱਲਵਾਨ ਤੇ ਸਾਹ ਜਿੰਨੀ ਸਾਦੀ। ਜਿਵੇਂ ਸਾਹ ਹੁਣ-ਖਿਣ ਦੀ ਕਿਰਿਆ ਹੈ; ਹਾਇਕੂ ਹੁਣ-ਖਿਣ ਦੀ ਕਵਿਤਾ ਹੈ। ਆਲ਼ੇ-ਦੁਆਲ਼ੇ ਖਿੰਡੀ ਹੋਂਦ ਸਾਹ ਲੈਂਦੀ ਹੈ; ਹਾਇਕੂ ਦੇ ਬੁਧ ਕਵੀ ਉਸ ਸਾਹ ਦੇ ਨਿੱਘ ਨੂੰ ਸ਼ਬਦਾਂ ਵਿਚ ਸਾਂਭ ਲੈਂਦੇ ਹਨ। ਹਾਇਕੂ ਸ਼ਾਂਤ ਮਨ ਅਤੇ ਧਿਆਨ ਵਿੱਚੋਂ ਪੁੰਗਰਦੀ ਹੈ; ਇਸ ਕਰਕੇ ਹੋਰ ਸਾਰੇ ਕਾਵਿਕ ਰੂਪਾਂ ਨਾਲ਼ੋਂ ਚੁੱਪ ਦੇ ਬਹੁਤ ਨੇੜੇ ਹੈ। ਇਹਨੂੰ ਚੁੱਪ ਦੀ ਕਵਿਤਾ ਜਾਂ ਸ਼ਬਦ-ਰਹਿਤ ਕਵਿਤਾ ਵੀ ਕਿਹਾ ਜਾਂਦਾ ਹੈ।
ਹਾਇਕੂ ਜਾਪਾਨੀ ਭਾਸ਼ਾ ਦੇ ਸਿਰਫ਼ 17 ਧੁਨੀ-ਚਿੰਨ੍ਹਾਂ ਵਿਚ ਲਿਖੀ ਜਾਂਦੀ ਕਵਿਤਾ ਹੈ, ਜਿਨ੍ਹਾਂ ਨੂੰ 5-7-5 ਕਰਕੇ ਤਿੰਨ ਪੰਕਤੀਆਂ ਵਿਚ ਵੰਡਿਆ ਹੁੰਦਾ ਹੈ।
ਇਹਨੂੰ ਦੁਨੀਆ ਦੀ ਸਭ ਤੋਂ ਸੰਕੁਚਿਤ ਕਵਿਤਾ ਮੰਨਿਆ ਜਾਂਦਾ ਹੈ। ਘੱਟ ਤੋਂ ਘੱਟ ਸ਼ਬਦ ਵਰਤੇ ਜਾਂਦੇ ਹਨ। ਕਹੇ ਨਾਲੋਂ ਅਣਕਿਹਾ ਬਹੁਤਾ ਹੁੰਦਾ ਹੈ; ਇਸ ਲਈ ਹਾਇਕੂ ਬਹੁਅਰਥੀ ਵੀ ਹੁੰਦੀ ਹੈ। ਇਹਨੂੰ ਜਿੰਨੀ ਵਾਰ ਪੜ੍ਹਿਆ ਜਾਵੇ, ਇਹਦੇ ਭਾਵ ਬਦਲਦੇ ਅਤੇ ਅਰਥ ਵਿਸ਼ਾਲ ਹੁੰਦੇ ਜਾਂਦੇ ਹਨ।
ਹਾਇਕੂ ਦੀ ਜ਼ਮੀਨ ਜ਼ੈੱਨ ਬੁੱਧਮਤ ਹੈ। ਇਸ ਦੇ ਮੂਲ਼ ਲੇਖਕ ਵੀ ਸਾਰੇ ਬੋਧੀ ਭਿਕਸ਼ੂ ਹੀ ਸਨ।
ਕੀਟ ਪਤੰਗੇ ਗਾ ਕੇ
ਮੋਨ ਧਾਰ ਕੇ ਕੀੜੀ
ਜਾਂਦੀ ਹੋਂਦ ਜਤਾ – ਇੱਸਾ
ਹਾਇਕੂ ਸਿਰਫ਼ ਕਵਿਤਾ ਦਾ ਵੱਖਰਾ ਰੂਪ ਹੀ ਨਹੀਂ ਹੈ, ਇਹਦੀ ਸੰਵੇਦਨਾ ਵੀ ਵੱਖਰੀ ਹੈ। ਇਸੇ ਕਰਕੇ ਕਈ ਵਿਦਵਾਨ ਇਹਨੂੰ ਵੱਖਰੀ ਸਾਹਿਤਕ ਵੰਨਗੀ ਵੀ ਮੰਨਦੇ ਹਨ। ਹਾਇਕੂ ਦਾ ਵਿਸ਼ਾ ਅਤੇ ਰੂਪ ਸੂਖਮ ਤੇ ਪਾਰਦਰਸ਼ੀ ਹੁੰਦਾ ਹੈ।
ਸੁੱਖ ਚ ਵੀ
ਦੁੱਖ ਚ ਵੀ
ਘਾਹ ਉੱਗਦਾ ਰਿਹਾ -ਸਾਨਤੋਕਾ
ਹਾਇਕੂ ਸਾਨੂੰ ਸੈਨਤ ਕਰਦਾ ਹੈ ਕਿ ਕੋਈ ਘਟਨਾ ਕਿੰਨੀ ਵੀ ਆਮ ਜਾਂ ਨਿਗੂਣੀ ਲਗਦੀ ਹੋਵੇ, ਉਸ ਵਿਚ ਕੁਝ ਨਾ ਕੁਝ ਹੈਰਾਨਕੁਨ ਛੁਪਿਆ ਹੁੰਦਾ ਹੈ।
ਕੀੜੀ ਨੂੰ ਮਾਰਨ ਵੇਲੇ
ਮੈਨੂੰ ਵੇਖ ਰਹੇ ਸਨ
ਮੇਰੇ ਤਿੰਨੋਂ ਬੱਚੇ -ਸ਼ੂਸੋਨ ਕਾਤੋ
ਸਰਲ ਬੋਲੀ, ਵਾਕ-ਬਣਤਰ ਸਾਦੀ, ਨਾ ਸਿਰਲੇਖ, ਨਾ ਤੁਕਾਂਤ ਏਥੋਂ ਤਕ ਕਿ ਹਾਇਕੂ ਵਿਚ ਉਪਮਾ ਅਤੇ ਰੂਪਕ ਅਲੰਕਾਰਾਂ ਦੀ ਵਰਤੋਂ ਤੋਂ ਵੀ ਪਰਹੇਜ਼ ਕੀਤਾ ਜਾਂਦਾ ਹੈ।
ਹਾਇਕੂ ਵਿਚ ਹਮੇਸ਼ਾ ਠੋਸ ਬਿੰਬਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਕੁਝ ਵੇਖਿਆ, ਸੁਣਿਆ, ਸੁੰਘਿਆ, ਚੱਖਿਆ ਅਤੇ ਛੋਹ ਕੇ ਮਹਿਸੂਸ ਕੀਤਾ; ਬਸ ਸੱਚੋ-ਸੱਚ ਬਿਆਨ ਕਰ ਦਿੱਤਾ। ਜਿਸ ਤਰ੍ਹਾਂ ਕੈਮਰਾ ਵਰਤਮਾਨ ਦੇ ਇਕ ਛਿਣ ਨੂੰ ਇਕ ਕਲਿੱਕ ਨਾਲ਼ ਹਮੇਸ਼ਾ ਲਈ ਬੰਨ੍ਹ ਲੈਂਦਾ ਹੈ; ਹਾਇਕੂ ਦਾ ਫ਼ੋਕਸ ਵੀ ਸਾਹਮਣੇ ਵਾਪਰ ਰਹੇ ਉਸ ਛਿਣ ਨੂੰ ਫੜਨਾ ਹੈ। ਹਾਇਕੂ ਆਮ ਕਰਕੇ ਵਰਤਮਾਨ ਕਾਲ ਵਿਚ ਲਿਖਿਆ ਜਾਂਦਾ ਹੈ। ਇਹਨੂੰ ਵਰਤਮਾਨ ਦੀ, ਇਸ ਵੇਲੇ ਦੀ, ਹੁਣ ਦੀ ਕਵਿਤਾ ਕਿਹਾ ਜਾਂਦਾ ਹੈ। ਇਸ ਪਲ ਵਿਚ, ਹੁਣ ਵਾਲ਼ੇ ਛਿਣ ਵਿਚ ਜੋ ਵਾਪਰਦਾ ਹੈ, ਉਹ ਸੱਚ ਹੈ। ਹਾਇਕੂ ਵਿਚ ਦਰਸਾਈ ਘਟਨਾ ਹਮੇਸ਼ਾ ਇਸ ਤਰ੍ਹਾਂ ਪਰਤੀਤ ਹੁੰਦੀ ਹੈ, ਜਿਵੇਂ ਸਾਡੀਆਂ ਅੱਖਾਂ ਦੇ ਸਾਹਮਣੇ ਹੁਣੇ-ਹੁਣੇ ਵਾਪਰ ਰਹੀ ਹੋਵੇ।
ਬਿਰਧ ਆਦਮੀ
ਕਰੇ ਕਟਾਈ ਜੌਂਆਂ ਦੀ
ਝੁਕ ਰਿਹਾ ਦਾਤੀ ਵਾਂਗ -ਯੋਸਾ ਬੂਸੋਨ
ਹਾਇਕੂ ਵਿਚ ਘਟਨਾ ਦੀ ਵਿਆਖਿਆ ਜਾਂ ਉਹਦਾ ਸਾਧਾਰਣੀਕਰਨ ਨਹੀਂ ਹੁੰਦਾ। ਬਸ ਇਸ ਵਿਚ ਲੁਕੇ ਭਾਵਾਂ ਵਲ ਸੰਕੇਤ ਕੀਤਾ ਹੁੰਦਾ ਹੈ। ਕੋਈ ਅਰਥ, ਸਲਾਹ-ਮਸ਼ਵਿਰਾ ਜਾਂ ਨਸੀਹਤ ਨਹੀਂ ਦਿੱਤੀ ਹੁੰਦੀ। ਹਾਇਕੂ ਦਾ ਉਦੇਸ਼ ਕੋਈ ਰਾਏ ਸਿਰਜਣਾ ਨਹੀਂ; ਸਗਂੋ ਜੋ ਸਾਹਮਣੇ ਵਾਪਰ ਰਿਹਾ ਹੈ; ਉਹਨੂੰ ਚੇਤੰਨ ਹੋ ਕੇ ਵੇਖਣਾ ਅਤੇ ਉਹਨੂੰ ਸਹਿਜ ਰੂਪ ਵਿਚ ਅਨੁਭਵ ਕਰਨਾ ਹੈ।
ਹਰ ਹਾਇਕੂ ਕਿਸੇ ਅਸਲੀ ਅਤੇ ਜੀਵੇ ਹੋਏ ਅਨੁਭਵ ਵਲ ਸੰਕੇਤ ਕਰਦਾ ਹੈ। ਮਨਘੜਤ ਘਟਨਾਵਾਂ ਅਤੇ ਚੁਸਤ ਬੋਲੀ ਨਾਲ਼ੋਂ ਮੂਲ਼ ਅਨੁਭਵ ਜ਼ਿਆਦਾ ਅਹਿਮੀਅਤ ਰੱਖਦਾ ਹੈ।
ਜਾਲ਼ ਤੋਂ ਵੀ ਕੁੰਡੀ ਤੋਂ ਵੀ
ਬਚ ਗਿਆ
ਪਾਣੀ ਵਿਚਲਾ ਚੰਨ -ਯੋਸਾ ਬੂਸੋਨ
ਹਾਇਕੂ ਦਾ ਖ਼ਾਸ ਗੁਣ ਇਸ ਦਾ ਬਾਹਰਮੁਖੀ, ਅਨਾਤਮਕ ਹੋਣਾ ਹੈ। ਵੇਖਣ ਵਾਲਾ ਐਨਾ ਜ਼ਰੂਰੀ ਨਹੀਂ; ਜੋ ਉਹ ਵੇਖਦਾ ਹੈ, ਉਹ ਜ਼ਰੂਰੀ ਹੈ।
ਹਾਇਕੂ ਪ੍ਰਕ੍ਰਿਤੀ ਦੀ ਲੀਲਾ ਨੂੰ ਵੇਖਣ ਵਾਲ਼ਾ ਝਰੋਖਾ ਹੈ, ਪਰ ਇਸ ਰਾਹੀਂ ਅਸੀਂ ਅਪਣੇ ਅੰਦਰ ਵੀ ਝਾਤ ਮਾਰ ਸਕਦੇ ਹਾਂ। ਇਹ ਕੁਦਰਤ ਵਿਚ ਹੋ ਰਹੀ ਤਬਦੀਲੀ, ਮਨੁੱਖੀ ਜੀਵਨ ਵਿਚ ਆ ਰਹੇ ਬਦਲਾਓ ਵੱਲ ਵੀ ਇਸ਼ਾਰਾ ਕਰਦਾ ਹੈ। ਸੋ ਹਾਇਕੂ ਕਿਸੇ ਵਿਸ਼ੇਸ਼ ਘਟਨਾ ਜਾਂ ਕੁਦਰਤ ਦੇ ਕਿਸੇ ਪਹਿਲੂ ਦੀ ਮਾਰਫ਼ਤ ਮਨੁੱਖੀ ਭਾਵਾਂ ਨੂੰ ਦਰਸਾਉਂਦਾ ਹੈ। ਬੌਧਿਕਤਾ ਅਤੇ ਗੂੜ੍ਹ-ਗਿਆਨ ਤੋਂ ਨਿਰਲੇਪ ਆਨੰਦ ਵਿਚ ਵਿਚਰਨ ਵਾਲੀ ਦਸ਼ਾ ਹੈ ਹਾਇਕੂ, ਛਿਣਾਂ ਨੂੰ ਅਨੁਭਵ ਕਰਨ ਦੀ।
ਸ਼ਬਦਾਂ ਦਾ ਸੰਜਮ, ਰੂਪ ਦੀ ਸੰਖੇਪਤਾ, ਬੋਲੀ ਦੀ ਸਰਲਤਾ, ਅਨੁਭਵ ਦੀ ਸ਼ੁੱਧਤਾ ਹਾਇਕੂ ਨੂੰ ਰਹੱਸਮਈ ਬਣਾ ਦਿੰਦੀ ਹੈ। ਹਾਇਕੂ ਸਿਰਜਣਾ ਸਾਧਨਾ ਹੈ, ਸਿਮਰਨ ਹੈ ਅਤੇ ਬਹੁਤ ਵਾਰ ਇਹ ਅਜਿਹੇ ਸਥਾਨ ’ਤੇ ਪਹੁੰਚ ਜਾਂਦੀ ਹੈ ਕਿ ਅਧਿਆਤਮਕ ਅਨੁਭਵ ਬਣ ਜਾਂਦੀ ਹੈ।
ਮੈਨੂੰ ਪਤਾ ਨਹੀਂ
ਕਿਹੜੇ ਬਿਰਖ ਤੋਂ ਆ ਰਹੀ
ਇਹ ਭਿੰਨੀ ਭਿੰਨੀ ਖੁਸ਼ਬੂ -ਬਾਸ਼ੋ
ਧਿਆਨਜੋਗ: ਉਪਰਲੇ ਹਾਇਕੂ ਜਾਪਾਨੀ ਕਵੀਆਂ ਦੇ ਲਿਖੇ ਹੋਏ ਹਨ
ਤੇਰਾਂ ਹਾਇਕੂ
ਪੌੜੀ ਚੜ੍ਹਦਾ ਬੰਦਾ
ਵੇਖੇ ਉੱਪਰ ਵੱਲ
ਹੱਥ ਆਖ਼ਰੀ ਡੰਡਾ
ਬੰਨ੍ਹ ਨਾ ਜਾਂਦਾ ਜਰਿਆ
ਲਹਿਰਾਂ ਆ-ਆ ਵੇਖਣ
ਕਿੰਨਾ ਕੰਢਾ ਖਰਿਆ
ਛੁੱਟੀ ਵਾਲ਼ੀ ਟੱਲੀ
ਬੱਚੇ ਤੁਰ ਗਏ ਘਰ
ਰਹਿਗੀ ਪੀਂਘ ਇਕੱਲੀ
ਨਿਕ-ਸੁਕ ਚੋਂ ਮਿiਲ਼ਆ
ਮੋਈ ਮਾਂ ਦਾ ਚਸ਼ਮਾ
ਕਈ ਵਰਿ੍ਹਆਂ ਤੋਂ ਰੁiਲ਼ਆ
ਚਿੜੀਆਂ ਵੇਖਣ ਆਈਆਂ
ਨਿੱਕੀ ਦੀਆਂ ਫ਼ਰਾਕਾਂ
ਰੱਸੀ ‘ਤੇ ਲਟਕਾਈਆਂ
ਢਲ਼ੇ ਦੁਪਹਿਰੇ ਸੁੱਤਾ
ਮੰਜੀ ਉੱਤੇ ਬਾਪੂ
ਮੰਜੀ ਹੇਠਾਂ ਕੁੱਤਾ
ਉੱਚੀ ਸਖ਼ਤ ਚੱਟਾਨ
ਤ੍ਰੇੜ ਚ ਉੱਗਿਆ ਘਾਹ
ਪੱਥਰ ਅੰਦਰ ਜਾਨ
ਛੱਤ ‘ਤੇ ਰੁਕਿਆ ਪਾਣੀ
ਚਿੜੀ ਕਰੇ ਇਸ਼ਨਾਨ
ਬੀਬੀ ਪੜ੍ਹਦੀ ਬਾਣੀ
ਨਿੱਘੀ ਧੁੱਪ ਸਿਆਲ਼
ਕਰ ਮੰਜੀ ਦਾ ਓਹਲਾ
ਮਾਂ ਸੁਕਾਵੇ ਵਾਲ਼
ਰਹੀ ਗੁਆਚਿਆ ਭਾਲ਼
ਅੱਖਾਂ ਬੰਨ੍ਹਕੇ ਮਾਂ
ਖੇਲੇ੍ਹ ਬੱਚਿਆਂ ਨਾਲ਼
ਹਰਿਮੰਦਰ ਦੇ ਦਰਸ਼ਨ
ਮੱਥਾ ਟੇਕਣ ਮਾਪੇ
ਬੱਚੇ ਵੇਖਣ ਮੱਛੀਆਂ
ਝੁੱਲਦਾ ਝੰਡਾ
ਪਰਚਮ ਨਵਾਂ
ਪੁਰਾਣਾ ਡੰਡਾ
ਤਾਰੇ ਟਿਮ-ਟਿਮਾਉਂਦੇ
ਇਕ ਇਕ ਕਰਕੇ ਰਾਤ ਨੂੰ
ਏਅਰਪੋਰਟ ਵਲ ਆਉਂਦੇ
ਅਮਰਜੀਤ ਸਾਥੀ (ਜਨਮ 1940) ਪਟਿਆਲ਼ੇ ਦੇ ਭੂਤਵਾੜੇ ਦਾ ਮੋਢੀ ਭੂਤ ਹੈ। 1963 ਵਿਚ ਫ਼ੌਜ ਵਿਚ ਭਰਤੀ ਹੋ ਗਿਆ ਤੇ ਫ਼ੌਜ ਦੀ ਮੇਜਰੀ ਛੱਡ ਕੇ ਕੈਨੇਡੇ ਚਲੇ ਗਿਆ। ਹੁਣ ਇਹਦਾ ਡੇਰਾ ਓਥੋਂ ਦੇ ਸ਼ਹਿਰ ਆਟਵਾ ਵਿਚ ਹੈ। ਇਹਦੀ ਸ਼ਾਇਰੀ ਕਿਸੇ ਪਰਚੇ ਵਿਚ ਪਹਿਲੀ ਵਾਰ ਛਪੀ ਹੈ।