ਜਿੰਨਾ ਚਿਰ ਮੇਰੀ ਮਾਂ ਜੀਊਂਦੀ ਰਹੀ। ਉਸਨੂੰ ਸਦਾ ਮੇਰੇ ਵਿਆਹ ਦੀ ਚਿੰਤਾ ਰਹੀ। ਜਿਵੇਂ ਕਿ ਹਰ ਮਾਂ ਦੀ ਇੱਛਿਆ ਹੁੰਦੀ ਹੈ, ਕਿ ਮੇਰੇ ਪੁੱਤਰ ਦਾ ਘਰ ਵਸਦਾ ਹੋਵੇ, ਮੇਰੀ ਮਾਂ ਵੀ ਮੈਨੂੰ ਗਾਹੇ ਬਗਾਹੇ ਇਸ ਬਾਰੇ ਕਹਿੰਦੀ ਰਹੀ। ਪਰ ਮੈਂ ਮਾਂ ਨੂੰ ਕਦੀ ਇਸ ਮਾਮਲੇ ਵਿਚ ਪੱਲਾ ਨਾ ਫ਼ੜਾਇਆ। ਉਹ ਇਹ ਸਿੱਕ ਦਿਲ ਵਿਚ ਲੈ ਕੇ ਹੀ ਇਸ ਦੁਨੀਆ ਵਿਚੋਂ ਚਲੀ ਗਈ। ਵਿਆਹ ਬਾਰੇ ਮੇਰਾ ਇਹ ਵਿਚਾਰ ਰਿਹਾ ਹੈ ਕਿ ਵਿਆਹ ਉਸਨੂੰ ਕਰਵਾਉਣਾ ਚਾਹੀਦਾ ਹੈ, ਜੋ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋਵੇ। ਮਤਲਬ ਇਹ ਕਿ ਉਨ੍ਹਾਂ ਦੀ ਪੂਰੀ ਦੇਖ ਭਾਲ, ਰਿਹਾਇਸ਼, ਖੁਰਾਕ, ਕਪੜੇ ਲੀੜੇ, ਵਿਦਿਆ, ਦਵਾਈ ਅਰਥਾਤ ਹਰ ਚੀਜ਼ ਪਰਦਾਨ ਕਰ ਸਕੇ। ਜੇ ਇੰਨੀ ਜੋਗਾ ਨਾ ਹੋਵੇ ਤਾਂ ਕਿਸੇ ਮਾਸੂਮ ਕੁੜੀ ਅਤੇ ਬੱਚਿਆਂ ਨੂੰ ਗ਼ਰੀਬੀ ਅਤੇ ਤੰਗੀ ਤੁਰਸ਼ੀ ਦੇ ਜਾਲ ਵਿਚ ਪਾ ਕੇ ਕਿਸ ਲਈ ਤੜਪਾਇਆ ਜਾਵੇ। ਜਿਸ ਵਿਚ ਸਾਰੇ ਹੀ ਮਾਨਸਿਕ ਤਣਾਓ ਅਤੇ ਉਦਾਸੀ ਵਿੱਚ ਅਪਣਾ ਜੀਵਨ ਬਤੀਤ ਕਰਨ।
ਇੰਗਲੈਂਡ ਵਿਚ ਲਗਾਤਾਰ ਕੰਮ ਕਰਨ ਅਤੇ ਚੰਗੀ ਤਨਖ਼ਾਹ ਲੈਣ ਨਾਲ ਮੈਂ ਇਸ ਸਮਰੱਥ ਹੋ ਗਿਆ ਸਾਂ, ਕਿ ਹੁਣ ਭਾਵੇਂ ਮੇਰਾ ਵੀ ਵਿਆਹ ਹੋ ਜਾਏ, ਮੈਂ ਆਪਣੇ ਪਰਿਵਾਰ ਦੀ ਦੇਖ ਭਾਲ ਕਰ ਸਕਦਾ ਹਾਂ। ਨਾ ਤੇ ਮੈਂ ਸ਼ਰਾਬੀ ਕਬਾਬੀ ਸਾਂ, ਨਾ ਰੰਡੀਬਾਜ਼। ਮੇਰੇ ਕੋਲ ਸਦਾ ਹੀ ਪੈਸਿਆਂ ਦੀ ਖੁੱਲ੍ਹ ਰਹੀ ਅਤੇ ਮੈਂ ਬਚਾਉਂਦਾ ਵੀ ਰਿਹਾ। ਮੇਰਾ ਖ਼ਰਚ ਜਾਂ ਤਾਂ ਕਿਤਾਬਾਂ ‘ਤੇ ਹੁੰਦਾ ਸੀ ਜਾਂ ਫ਼ੋਟੋਗਰਾਫ਼ੀ ਜਾਂ ਸੈਰ ਸਪਾਟੇ ‘ਤੇ। ਮੈਂ ਯੋਗ ਕੱਪੜਾ ਪਾਉਂਦਾ ਸਾਂ। ਸਾਦੀ ਪਰ ਸਿਹਤ ਬਖ਼ਸ਼ ਖੁਰਾਕ ਦਾ ਆਦੀ ਸਾਂ। ਮੌਜ ਮੇਲੇ ਅਤੇ ਅਯਾਸ਼ੀ ਮੇਰੇ ਸ਼ੌਕ ਦਾ ਭਾਗ ਨਹੀਂ ਸਨ। ਕੁਝ ਸ਼ੈਤਾਨ ਲੋਕਾਂ ਨੇ ਮੈਨੂੰ ਕੁਰਾਹੇ ਪਾਉਣ ਦਾ ਯਤਨ ਵੀ ਕੀਤਾ। ਪਰ ਮੈਂ ਕਦੀ ਵੀ ਸੰਜਮ ਦਾ ਪੱਲਾ ਨਾ ਛਡਿਆ। ਕਦੀ ਕਦੀ ਮੈਨੂੰ ਅਪਣੀ ਇਕੱਲਤਾ ਦਾ ਇਹਸਾਸ ਹੁੰਦਾ। ਬੱਚੇ ਵੀ ਪਿਆਰੇ ਲਗਦੇ। ਪਰ ਵਿਆਹ ਲਈ ਮੇਰੇ ਮਨ ਵਿਚ ਕੋਈ ਰੀਝ ਨਾ ਪਲਮੀ। ਮੈਂ ਅਫ਼ਰਾਊ ਤੀਵੀਆਂ ਨਾਲ ਸਬੰਧ ਜੋੜਨ ਤੋਂ ਵੀ ਬਚਦਾ ਰਿਹਾ। ਉਂਝ ਮੇਰਾ ਮੇਲ ਜੋਲ ਕਈ ਸੁਹਿਰਦ ਇਸਤਰੀਆਂ ਨਾਲ ਰਿਹਾ। ਮੈਂ ਉਨ੍ਹਾਂ ਦਾ ਸਦਾ ਸਤਿਕਾਰ ਕੀਤਾ ਅਤੇ ਉਨ੍ਹਾਂ ਨੇ ਮੈਨੂੰ ਸਦਾ ਆਦਰ ਮਾਣ ਦਿੱਤਾ।
1969 ਵਿਚ ਜਦ ਮੈਂ ਪੰਜਾਬ ਗਿਆ, ਤਾਂ ਮੇਰੀ ਛੋਟੀ ਭੈਣ ਨੂੰ ਭਰਾ ਦਾ ਘਰ ਵਸਾਉਣ ਦੀ ਚਿੰਤਾ ਹੋਈ। ਮੈਂ ਕਹਿ ਆਇਆ ਕਿ ਜੇ ਕੋਈ ਚੰਗਾ ਸਾਥ ਮਿਲ ਸਕਿਆ, ਤਾਂ ਦੇਖ ਲਵਾਂਗੇ। 1975 ਵਿਚ ਮੈਨੂੰ ਲੋਹੀਆਂ ਤੋਂ ਉਸੇ ਛੋਟੀ ਭੈਣ ਦੇ ਪਤੀ ਅਰਥਾਤ ਮੇਰੇ ਭਣਵਈਏ ਦਾ ਖ਼ਤ ਆਇਆ, ਕਿ ਉਸਨੇ ਜਲੰਧਰ ਵਿਚ ਇੱਕ ਕੁੜੀ ਦੇਖੀ ਹੈ। ਉਸਦੇ ਤਾਇਆ ਜੀ ਇੰਗਲੈਂਡ ਵਿਚ ਹਨ। ਉਹ ਤੁਹਾਡੇ ਨਾਲ ਗੱਲ ਕਰਨਗੇ।
ਉਸਨੇ ਜਿਸ ਤਾਇਆ ਜੀ ਦਾ ਜ਼ਿਕਰ ਕੀਤਾ, ਉਨ੍ਹਾਂ ਦਾ ਨਾਮ ਗਿਆਨੀ ਅਜਾਇਬ ਸਿੰਘ ਸੀ ਅਤੇ ਉਹ “ਪੰਜਾਬ ਟਾਈਮਜ਼” ਵਿਚ ਕੰਮ ਕਰਦੇ ਸਨ। ਮੈਂ ਉਨ੍ਹਾਂ ਨੂੰ ਨਾਮ ਤੋਂ ਜਾਣਦਾ ਸਾਂ। ਉਹ ਸਾਡੇ ਨਾਲ ਵਾਲੀ ਸੜਕ ‘ਤੇ ਹੀ ਕਰਾਏ ਦੇ ਮਕਾਨ ਵਿਚ ਰਹਿੰਦੇ ਸਨ। ਉਸ ਘਰ ਵਿਚ ਮੇਰਾ ਇੱਕ ਹੋਰ ਵਾਕਫ਼ ਸੱਜਣ ਸੁਲੱਖਣ ਸਿੰਘ ਵੀ ਰਹਿੰਦਾ ਸੀ। ਮੈਂ ਉਸਨੂੰ ਮਿਲਣ ਗਿਆ, ਉਥੇ ਗਿਆਨੀ ਜੀ ਵੀ ਮਿਲੇ, ਪਰ ਉਨ੍ਹਾਂ ਮੇਰੇ ਨਾਲ ਰਿਸ਼ਤੇ ਬਾਰੇ ਕੋਈ ਗੱਲ ਨਾ ਕੀਤੀ। ਮੈਂ ਵੀ ਕੋਈ ਗਲ ਨਾ ਛੇੜੀ।
ਕੁਝ ਮਹੀਨਿਆਂ ਬਾਅਦ ਅਚਾਨਕ ਇੱਕ ਦਿਨ ਗਿਆਨੀ ਜੀ ਦਾ ਟੈਲੀਫੋਨ ਆਇਆ ਕਿ ਕੱਲ ਸ਼ਾਮ ਨੂੰ ਸਾਡੇ ਘਰ ਆਓ। ਮੈਂ ਉਨ੍ਹਾਂ ਨੂੰ ਦਸਿਆ ਕਿ ਮੈਂ ਆਫ਼ਟਰ ਨੂਨ ਸ਼ਿਫ਼ਟ ‘ਤੇ ਹਾਂ। ਮੇਰੀ ਡੀਊਟੀ ਰਾਤ ਦੇ 10.30 ਖਤਮ ਹੁੰਦੀ ਹੈ। ਮੈਂ ਉਸਤੋਂ ਬਾਅਦ ਆ ਸਕਦਾ ਹਾਂ। ਉਨ੍ਹਾਂ ਕਿਹਾ ਕਿ ਕੋਈ ਨਹੀਂ, ਤੁਸੀਂ ਉਦੋਂ ਹੀ ਆ ਜਾਣਾ। ਮੈਂ ਦੂਸਰੇ ਦਿਨ ਰਾਤ ਦੇ ਸਾਢੇ ਦਸ ਵਜੇ ਤੋਂ ਬਾਅਦ ਲੰਡਨ ਤੋਂ ਸਿੱਧਾ ਉਨ੍ਹਾਂ ਦੇ ਘਰ ਪਹੁੰਚਾ। ਉਦੋਂ ਉਹ ਸਾਊਥਾਲ ਦੀ ਵੁੱਡਲੈਂਡ ਰੋਡ ‘ਤੇ ਆਪਣਾ ਮਕਾਨ ਲੈ ਚੁੱਕੇ ਸਨ। ਉਨ੍ਹਾਂ ਦਾ ਪਰਿਵਾਰ ਵੀ ਆ ਚੁੱਕਾ ਸੀ। ਉਨ੍ਹਾਂ ਨੇ ਮੇਰੀ ਜਾਣ ਪਛਾਣ ਅਪਣੇ ਘਰ ਆਏ ਇਕ ਮਹਿਮਾਨ ਨਾਲ ਇਉਂ ਕਰਵਾਈ, ਕਿ ਇਹ ਡਾਕਟਰ ਨਰੰਜਣ ਸਿੰਘ ਢੱਲਾ ਹਨ, ਇਹ ਮੇਰੇ ਜਵਾਈ ਨਰਿੰਦਰ ਦੇ ਵੱਡੇ ਭਰਾ ਹਨ। ਇਹ ਕਨੇਡਾ ਵਿਚ ਯੂਨੀਵਰਸਿਟੀ ਵਿਚ ਪਰੋਫ਼ੈਸਰ ਹਨ। ਇਨ੍ਹਾਂ ਦੀ ਇੱਕ ਭੈਣ ਹੈ, ਜਿਸ ਲਈ ਰਿਸ਼ਤੇ ਦੀ ਲੋੜ ਹੈ। ਉਹ ਲੜਕੀ ਇੰਡੀਆ ਵਿਚ ਹੈ। ਉਮਰ ਕੋਈ 32 ਸਾਲ ਦੇ ਲੱਗ ਭੱਗ ਹੈ। ਇਹ ਪਰਿਵਾਰ ਪਿਛੋਂ ਬਟਾਲੇ ਦੇ ਕੋਲ ਘਣੀਏ ਕੇ ਬਾਂਗਰ ਜ਼ਿਲਾ ਗੁਰਦਾਸਪੁਰ ਤੋਂ ਹੈ। ਬਾਕੀ ਦੀ ਗੱਲ ਤੁਸੀਂ ਆਪ ਕਰ ਲਓ। ਡਾਕਟਰ ਸਾਹਿਬ ਬਹੁਤ ਪਿਆਰ ਮੁਹੱਬਤ ਨਾਲ ਪੇਸ਼ ਆਏ। ਉਨ੍ਹਾਂ ਕੁਝ ਸਬੰਧਤ ਸਵਾਲ ਮੈਨੂੰ ਪੁੱਛੇ ਜਿਸਦਾ ਮੈਂ ਯਥਾ ਜੋਗ ਉਤੱਰ ਦਿੱਤਾ। ਉਨ੍ਹਾਂ ਤਸੱਲੀ ਪ੍ਰਗਟ ਕੀਤੀ ਅਤੇ ਮੇਰੇ ਕੋਲੋਂ ਮੇਰੇ ਫ਼ੈਸਲੇ ਬਾਰੇ ਪੁਛਿੱਆ। ਮੈਂ ਉਨ੍ਹਾਂ ਨੂੰ ਕਿਹਾ ਕਿ ਕਿ ਇਸਦਾ ਫ਼ੈਸਲਾ ਐਡੀ ਛੇਤੀਂ ਕਰਨਾ ਮੁਸ਼ਕਿਲ ਹੈ। ਇੱਕ ਤਾਂ ਤੁਸੀਂ ਮੈਨੂੰ ਉਸਦੀ ਤਸਵੀਰ ਭਿਜਵਾਓ, ਦੂਸਰੇ ਮੈਨੂੰ ਸੋਚਣ ਲਈ ਕੁਝ ਸਮਾਂ ਚਾਹੀਦਾ ਹੈ। ਕੁਝ ਦਿਨਾਂ ਬਾਅਦ ਮੈਨੂੰ ਤਸਵੀਰ ਆ ਗਈ। ਬਲੈਕ ਐਂਡ ਵਾੲ੍ਹੀਟ ਤਸਵੀਰ। ਜਿਸ ਵਿਚ ਮੈਨੂੰ ਉਹ ਬੜੀ ਸੰਜੀਦਾ ਅਤੇ ਸਾਊ ਇਸਤਰੀ ਲੱਗੀ। ਮੈਂ ਇਸ ਸਿੱਟੇ ‘ਤੇ ਪਹੁੰਚਿਆ ਕਿ ਇਹ ਇਸਤਰੀ ਮੇਰੇ ਲਈ ਠੀਕ ਰਹੇਗੀ। ਉਮਰ ਭਾਵੇਂ ਮੇਰੇ ਨਾਲੋਂ 15 ਸਾਲ ਘੱਟ ਹੈ। ਮੇਰੀ ਉਮਰ ਉਦੋਂ 47 ਸਾਲ ਦੀ ਹੋ ਚੁੱਕੀ ਸੀ। ਉਸਦੀ ਉਮਰ 32 ਸਾਲ ਦੀ ਸੀ। ਪਰ ਏਨੀ ਉਮਰ ਦਾ ਫ਼ਰਕ ਨਜ਼ਰ ਨਹੀਂ ਆਉਂਦਾ ਸੀ। ਇਸ ਉਮਰ ਤੱਕ ਇੱਕ ਵਿਅਕਤੀ ਕਾਫ਼ੀ ਸੰਜੀਦਾ ਹੋ ਜਾਂਦਾ ਹੈ। ਫਿਰ ਜੀਵਨ ਦਾ ਤਜ਼ਰਬਾ ਵੀ ਹੁੰਦਾ ਹੈ, ਉਹ ਖ਼ਰਮਸਤੀ ਅਤੇ ਸ਼ੋਖੀ ਪੁਣਾ ਜੋ ਅਲੜ੍ਹ ਕੁੜੀ ਵਿਚ ਹੁੰਦਾ ਹੈ। ਉਹ ਨਹੀਂ ਰਹਿੰਦਾ। ਜ਼ਰੂਰਤਮੰਦ ਲੜਕੀ ਹੈ। ਸ਼ਰੀਫ਼ ਖ਼ਾਨਦਾਨ ਨਾਲ ਸਬੰਧ ਰਖਦੀ ਹੈ। ਪਰ ਮੈਨੂੰ ਸਮਝ ਨਾ ਆਵੇ ਕੇ ਕਿਸ ਨਾਲ ਇਸ ਬਾਰੇ ਸਲਾਹ ਮਸ਼ਵਰਾ ਕੀਤਾ ਜਾਵੇ। ਇੱਕ ਤੌਖਲਾ ਜਿਹਾ ਮਨ ਵਿਚ ਪਲਮਣ ਲੱਗਾ ਕਿ ਕਿਤੇ ‘ਆ ਬੈਲ ਮੁਝੇ ਮਾਰ` ਵਾਲੀ ਗੱਲ ਨਾ ਹੋਵੇ ਅਤੇ ਬਾਕੀ ਉਮਰ ਕਲਾ ਕਲੇਸ਼ ਵਿਚ ਹੀ ਲੰਘ ਜਾਏ।
ਮੈਂ ਅਪਣੇ ਇੱਕ ਪਰੋਫ਼ੈਸਰ ਦੋਸਤ ਨੂੰ ਪੰਜਾਬ ਚਿੱਠੀ ਲਿਖੀ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਨਾਂ ਪਤਾ ਲਿਖੋ, ਮੈਂ ਤੁਹਾਨੂੰ ਪਤਾ ਕਰ ਦਿੰਦਾ ਹਾਂ, ਸਾਡੀ ਉਸ ਪਿੰਡ ਰਿਸ਼ਤੇਦਾਰੀ ਹੈ। ਪਰ ਮੈਂ ਸੋਚਿਆ ਕਿ ਇਸਦਾ ਕੋਈ ਫ਼ਾਇਦਾ ਨਹੀਂ, ਜੇ ਪਤਾ ਕਰਨ ਵਾਲੇ ਉਸ ਪਰਿਵਾਰ ਦੇ ਮਿੱਤਰ ਹੋਏ ਤਾਂ ਲਾਜ਼ਮੀ ਤੌਰ ‘ਤੇ ਤਾਰੀਫ਼ ਹੀ ਕਰਨਗੇ ਜੇ ਲਗਦੇ ਹੋਏ ਤਾਂ ਭਾਨੀ ਮਾਰਨਗੇ।
ਡਾਕਟਰ ਢੱਲਾ, ਇੰਟਰਨੈਸ਼ਨਲ ਸੋਸਾਇਟੀ ਆਫ਼ ਹਾਰਟ ਰੀਸਰਚ ਦੇ ਸੈਕ੍ਰੇਟਰੀ ਸਨ, ਅਤੇ ਪ੍ਰਸਿੱਧ ਕਾਰਡੀਓਵੈਸਕੁਲਰ ਸਾਇੰਟਿਸਟ ਵੀ। ਕੁਝ ਕੁਝ ਅਰਸੇ ਬਾਅਦ ਉਹ ਲੈਕਚਰ ਦੇਣ ਦੇ ਸਿਲਸਿਲੇ ਵਿਚ ਯੋਰਪ ਆਉਂਦੇ ਰਹਿੰਦੇ ਸਨ। ਉਹ ਫਿਰ ਇੰਗਲੈਂਡ ਆਏ, ਅਤੇ ਗਿਆਨੀ ਜੀ ਦੇ ਨਾਲ ਮੇਰੇ ਘਰ ਵੀ ਆਏ। ਉਹ ਮੈਨੂੰੰ ਬੜੀ ਨਿਮਰਤਾ ਅਤੇ ਹਲੀਮੀ ਵਾਲੇ ਲੱਗੇ। ਮੈਂ ਉਨ੍ਹਾਂ ਨਾਲ ਵਧੇਰੇ ਕੋਈ ਗਲ ਨਾ ਕੀਤੀ। ਉਨ੍ਹਾਂ ਮਠਿਆਈ ਦਾ ਡੱਬਾ ਮੰਗਵਾਇਆ ਅਤੇ 11 ਪੌਂਡ ਉੱਤੇ ਰੱਖ ਕੇ ਮੈਨੂੰ ਸ਼ਗਨ ਦੇ ਦਿੱਤਾ ਅਰਥਾਤ ਰੋਕ ਰੁਕਾਈ ਦੀ ਰਸਮ ਕਰ ਦਿੱਤੀ ਗਈ। ਮੈਂ ਉਹ ਲੈ ਕੇ ਰੱਖ ਲਏ। ਉਨ੍ਹਾਂ ਦਸਿਆ ਕਿ ਉਹ ਮੇਰੇ ਘਰ ਰਹਿ ਰਹੇ ਮਿਸਟਰ ਪੁੱਜੀ ਨੂੰ ਵੀ ਦਿੱਲੀ ਤੋਂ ਹੀ ਜਾਣਦੇ ਹਨ। ਉਹ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੇ ਅਗਾਂਹ ਰਿਸ਼ਤੇਦਾਰ ਹਨ। ਉਹ ਸ਼ਗਨ ਦੇ ਕੇ ਚਲੇ ਗਏ। ਪਰ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਇੱਕ ਲੰਬੇ ਸਮੇ ਲਈ ਜਾਲ ਵਿਚ ਫ਼ਸ ਗਿਆ ਹਾਂ। ਮੈਨੂੰ ਇਸ ਵਿਚ ਨਹੀਂ ਫ਼ਸਣਾ ਚਾਹੀਦਾ ਸੀ। ਕੁਝ ਦਿਨ ਮੈਂ ਦੋਚਿੱਤੀ ਵਿਚ ਪਿਆ ਰਿਹਾ। ਇਹ ਫ਼ੈਸਲਾ ਠੀਕ ਹੈ ਜਾਂ ਗ਼ਲਤ ਹੈ? ਮੈਨੂੰ ਕੁਝ ਸਮਝ ਨਾ ਆਵੇ। ਰਾਤ ਨੂੰ ਨੀਂਦ ਆਉਣੋਂ ਹਟ ਗਈ। ਮੈਂ ਅਪਣੀ ਸਿਹਤ ਵਲੋਂ ਵੀ ਕੁਝ ਪਰੇਸ਼ਾਨ ਸਾਂ।
ਮੈਂ ਇਹ ਸਮਝਦਾ ਹਾਂ, ਕਿ ਇਸ ਸਾਰੀ ਦੋਚਿੱਤੀ ਦਾ ਕਾਰਨ ਮੇਰਾ ਸਦਾ ਤੋਂ ਹੀ ਵੇਵਰਿੰਗ ਮਾਈਂਡ ਹੋਣਾ ਹੈ। ਮੈਂ ਕਦੀ ਵੀ ਮਜ਼ਬੂਤੀ ਨਾਲ ਕੋਈ ਫ਼ੈਸਲਾ ਨਹੀਂ ਲੈ ਸਕਿਆ। ਮੈਂ ਹਮੇਸ਼ਾਂ ਹਰ ਇਸ਼ੂ ਦੇ ਪਾਜ਼ੇਟਿਵ ਤੇ ਨੈਗੇਟਿਵ ਪੱਖਾਂ ‘ਤੇ ਵਿਚਾਰ ਕਰਦਾ ਹਾਂ। ਮੇਰੇ ਵਿਚਾਰਾਂ ਅਨੁਸਾਰ ਕੋਈ ਵੀ ਵਿਅਕਤੀ ਜਾਂ ਸੰਸਥਾ ਸੰਪੂਰਨ ਨਹੀਂ। ਮੇਰੇ ਵਿਚ ਕਦੀ ਹੀਰੋ ਵਰਸ਼ਿੱਪ ਨਹੀਂ ਆਈ। ਮੈਂ ਕਦੇ ਕਿਸੇ ਅੱਗੇ ਸ਼ਰਧਾ ਨਾਲ ਸਿਰ ਨਹੀਂ ਝੁਕਾਉਂਦਾ। ਮੈਂ ਹਰ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਦਾ ਆਦੀ ਹਾਂ। ਮੈਂ ਇਹ ਸਮਝਦਾ ਹਾਂ, ਕਿ ਜੋ ਚੀਜ਼ ਪਰੱਤਖ ਰੂਪ ਵਿਚ ਨਜ਼ਰ ਆ ਰਹੀ ਹੈ, ਅਸਲ ਵਿਚ ਇਹ ਉਹ ਨਹੀਂ। ਇਸਦੀ ਅੰਦਰਲੀ ਪਰਤ ਵਿਚ ਕੁਝ ਹੋਰ ਹੈ। ਮੈਂ ਉਸਦੀ ਅੰਦਰਲੀ ਪਰਤ ਦੀ ਤਲਾਸ਼ ਸ਼ੁਰੂ ਕਰ ਦਿੰਦਾ ਹਾਂ। ਜਿਵੇਂ ਕੋਈ ਸਮੋਸਾ ਦੇਖਣ ਨੂੰ ਸੁੰਦਰ ਲਗਦਾ ਹੈ। ਭਿੰਨੀ ਭਿੰਨੀ ਮਹਿਕ ਆ ਰਹੀ ਹੈ, ਸੁੰਦਰ ਰੰਗ ਹੈ, ਖਾਣ ਨੂੰ ਦਿਲ ਕਰਦਾ ਹੈ, ਪਰ ਉਸਦੇ ਅੰਦਰ ਕੀ ਭਰਿਆ ਹੈ? ਕੀਮਾ ਹੈ ਕਿ ਆਲੂ ਹਨ, ਛੋਲੇ ਹਨ ਕਿ ਮਟਰ ਹਨ, ਮਿਰਚਾਂ ਦੀ ਕੀ ਮਿਕਦਾਰ ਹੈ? ਇਸਦਾ ਸਵਾਦ ਕੈਸਾ ਹੈ? ਇਹ ਤਾਂ ਜਾਂ ਫੋਲਣ ‘ਤੇ ਜਾਂ ਖਾਣ ‘ਤੇ ਪਤਾ ਲੱਗਦਾ ਹੈ। ਖਾਣ ਤੋਂ ਬਾਅਦ ਕਿਤੇ ਪੇਟ ਤਾਂ ਨਹੀਂ ਖਰਾਬ ਹੋਵੇਗਾ? ਇਹ ਸਵਾਲ ਤਾਂ ਉਸਤੋਂ ਵੀ ਅੱਗੇ ਦਾ ਹੈ। ਉਂਝ ਤਾਂ ਸਿਆਣਿਆਂ ਨੇ ਤੱਤ ਕੱਢੇ ਹੋਏ ਹਨ ਕਿ ਰਾਹ ਪਿਆਂ ਜਾਣੀਏ ਜਾਂ ਵਾਹ ਪਿਆਂ। ਦੂਜੇ ਮੇਰਾ ਸੁਭਾ ਕਿਸੇ ਨੂੰ ਨਾਂਹ ਕਰਨ ਦਾ ਨਹੀਂ। ਮੇਰਾ ਵੈਰੀ ਵੀ ਮੈਨੂੰ ਜੇ ਆਖੇ ਕਿ ਮੈਨੂੰ ਆਹ ਹਥਿਆਰ ਫੜਾ, ਮੈਂ ਤੈਨੂੰ ਮਾਰਨਾ ਹੈ, ਤਾਂ ਮੈਂ ਆਖਾਂਗਾ ਕਿ ਮੈਂ ਤੈਨੂੰ ਫੜਾਉਨਾ ਹਾਂ। ਪਰ ਕੁਝ ਸਮੇ ਬਾਅਦ ਸਾਰੀ ਗੱਲ ‘ਤੇ ਵਿਚਾਰ ਕਰਨ ਲੱਗ ਪੈਂਦਾ ਹਾਂ। ਫਿਰ ਉਸ ਦੇ ਨਫ਼ੇ ਨੁਕਸਾਨ ਬਾਰੇ ਸੋਚਦਾਂ ਹਾਂ ਅਤੇ ਉਸ ਅਨੁਸਾਰ ਅਮਲ ਕਰਦਾ ਹਾਂ। ਇਸ ਨਾਲ ਕਈਆਂ ਨੂੰ ਪਰੇਸ਼ਾਨੀ ਹੁੰਦੀ ਹੈ, ਮੈਂ ਆਪ ਵੀ ਪਰੇਸ਼ਾਨ ਹੁੰਦਾ ਹਾਂ।
ਸ਼ਾਇਦ ਮੈਂ ਵਿਆਹ ਤੋਂ ਪਹਿਲਾਂ ਕੇਵਲ ਇਕ ਵਾਰ ਕਿਸੇ ਕੁੜੀ ਨਾਲ ਬਿਸਤਰਾ ਸਾਂਝਾ ਕੀਤਾ ਸੀ। ਉਹ ਵੀ ਵਿਸ਼ੇਸ਼ ਹਾਲਾਤ ਅਧੀਨ। ਵਲਾਇਤ ਵਿਚ ਰਹਿ ਕੇ ਮੇਰੇ ਵਿਚ ਕਦੀ ਸੈਕਸ ਦੀ ਭੁੱਖ ਨਾ ਪੈਦਾ ਹੋਈ। ਪਰ ਇਉਂ ਨਹੀਂ ਸੀ ਕਿ ਮੈਨੂੰ ਕੁੜੀਆਂ ਚੰਗੀਆਂ ਨਹੀਂ ਸਨ ਲਗਦੀਆਂ। ਮੈਂ ਉਨ੍ਹਾਂ ਦੀ ਸੁੰਦਰਤਾ ਅਤੇ ਖੂਬਸੂਰਤ ਨੈਣਾਂ ਨਕਸ਼ਾਂ ਤੋਂ ਪ੍ਰਭਾਵਤ ਹੁੰਦਾ। ਪਰ ਸੈਕਸ ਉਤੇਜਨਾ ਕਦੇ ਨਾ ਹੋਈ। ਮੈਂ ਸੋਚਣ ਲੱਗ ਪਿਆ ਕਿ ਕਿਤੇ ਮੈਂ ਨਾਮਰਦ ਹੀ ਨਾ ਹੋ ਗਿਆ ਹੋਵਾਂ। ਵਿਆਹ ਕੋਈ ਰੱਖੜੀ ਬਨਾ੍ਹਉਣ ਲਈ ਤਾਂ ਕਰੀਦਾ ਨਹੀਂ। ਕੀ ਮੈਂ ਟੈਸਟ ਵਾਸਤੇ ਕਿਸੇ ਵੇਸਵਾ ਕੋਲ ਜਾਵਾਂ? ਇਹ ਖ਼ਿਆਲ ਵੀ ਮੇਰੇ ਦਿਮਾਗ਼ ਵਿਚ ਆਇਆ।
ਤੀਸਰੇ ਮੇਰੇ ਦਿਮਾਗ਼ ਵਿਚ ਸਦਾ ਉਹ ਕੁੜੀ ਵਸਦੀ ਰਹੀ। ਜਿਹੜੀ ਹੁਣ ਇਸ ਸੰਸਾਰ ਵਿਚ ਨਹੀਂ ਰਹੀ ਸੀ। ਜਿਸਨੇ ਅਪਣੇ ਵਿਆਹ ਤੋਂ ਪਹਿਲਾਂ ਇਕ ਰਾਤ ਮੇਰੇ ਨਾਲ ਸੌਂ ਕੇ ਕਿਹਾ ਸੀ, ਤੇਰਾ ਮੇਰਾ ਵਿਆਹ ਲਾਵਾਂ ਫੇਰਿਆਂ ਦਾ ਮੁਹਤਾਜ ਨਹੀ। ਅੱਜ ਦੀ ਰਾਤ ਮੇਰੀ ਸੁਹਾਗ ਦੀ ਰਾਤ ਹੈ। ਅੱਜ ਮੇਰੀ ਆਤਮਾ ਅਤੇ ਸਰੀਰ ਦੋਨੋ ਤਰਿਪਤ ਹੋਣਗੇ। ਦੂਜੇ ਵਿਆਹ ਤੋਂ ਬਾਅਦ ਮੇਰੇ ਪਤੀ ਨੂੰ ਮੇਰਾ ਸਰੀਰ ਮਿਲੇਗਾ। ਉਸ ਕੁੜੀ ਦੀ ਸੁਹਾਣੀ ਯਾਦ ਸਦਾ ਮੇਰੇ ਨਾਲ ਰਹੀ। ਕਦੀ ਲਗਦਾ ਉਹ ਮੇਰੇ ਨਾਲ ਤੁਰ ਰਹੀ ਹੈ, ਕਦੀ ਲਗਦਾ ਉਹ ਮੇਰੇ ਨਾਲ ਗੱਲਾਂ ਕਰ ਰਹੀ ਹੈ। ਕਦੀ ਲਗਦਾ, ਉਹ ਕਹਿ ਰਹੀ ਹੈ, ਮੇਰੀ ਆਤਮਾ ਸਦਾ ਤੁਹਾਡੇ ਨਾਲ ਹੈ। ਮੇਰੇ ਹੁੰਦਿਆਂ ਤੁਸੀਂ ਹੋਰ ਕੁੜੀ ਕਾਹਦੇ ਲਈ ਲਿਆ ਰਹੇ ਹੋ? ਮੈਂ ਤੇ ਆਪਣਾ ਸਰੀਰ ਇਸ ਲਈ ਛਡਿਆ ਸੀ ਕਿ ਮੇਰੀ ਆਤਮਾ ਤੁਹਾਡੇ ਨੇੜੇ ਹੋ ਜਾਏ। ਆਦਿ ਆਦਿ। ਕੀ ਇਹ ਮੰਗਣੀ ਉਸ ਕੁੜੀ ਨਾਲ ਧਰੋਹ ਨਹੀਂ?
ਇਸ ਦੌਰਾਨ ਗਿਆਨੀ ਜੀ ਦੀ ਛੋਟੀ ਲੜਕੀ ਦਾ ਵਿਆਹ ਸੀ। ਉਨ੍ਹਾਂ ਦਾ ਕਨੇਡਾ ਵਾਲਾ ਵੱਡਾ ਜੁਆਈ ਵੀ ਆਇਆ ਹੋਇਆ ਸੀ। ਨਵਾਂ ਲੜਕਾ ਇੰਡੀਆ ਤੋਂ ਆਇਆ ਸੀ ਅਤੇ ਉਨ੍ਹਾਂ ਦੇ ਵੱਡੇ ਜੁਆਈ ਦੀ ਭੈਣ ਦਾ ਪੁੱਤਰ ਸੀ। ਮੈਂ ਵਿਆਹ ਵਿੱਚ ਤਾਂ ਨਹੀਂ ਸ਼ਾਮਲ ਸਾਂ। ਉਸ ਤਰ੍ਹਾਂ ਗਿਆਨੀ ਜੀ ਨੇ ਮੈਨੂੰ ਆਪਣੇ ਵੱਡੇ ਜੁਆਈ ਨਾਲ ਮਿਲਾਇਆ। ਉਹ ਸਜ ਧਜ ਕੇ ਰਹਿਣ ਵਾਲਾ ਵਿਅਕਤੀ ਸੀ। ਮੇਰੀ ਸਾਦਗੀ ਉਸ ਨੂੰ ਏਨੀ ਨਾ ਜਚੀ। ਉਸਨੇ ਅਪਣੇ ਪਰਿਵਾਰ ਦੇ ਵਡੱਪਣ ਦਾ ਵੀ ਜ਼ਿਕਰ ਕੀਤਾ। ਮੈਂ ਉਸਨੂੰ ਕਿਹਾ ਕਿ ਜੇ ਉਹ ਕੋਈ ਹੋਰ ਮੁਨਾਸਿਬ ਵਰ ਤਲਾਸ਼ ਕਰ ਲੈਣ ਤਾਂ ਮੈਨੂੰ ਖ਼ੁਸ਼ੀ ਹੋਵੇਗੀ। ਮੈਂ ਤਾਂ ਬਹੁਤ ਸਾਧਾਰਨ ਜੀਵ ਹਾਂ।
ਮੈਂ ਜਿਹੜਾ ਕਿ ਪਹਿਲਾਂ ਹੀ ਦੋਚਿੱਤੀ ਵਿਚ ਸਾਂ, ਹੋਰ ਪਰੇਸ਼ਾਨ ਹੋ ਗਿਆ। ਅੰਤ ਮੈਂ ਫ਼ੈਸਲਾ ਕਰ ਲਿਆ ਕਿ ਮੈਨੂੰ ਇਸ ਪੰਗੇ ਵਿਚ ਨਹੀਂ ਪੈਣਾ ਚਾਹੀਦਾ। ਮੈਂ ਰਜਿਸਟਰਡ ਡਾਕ ਰਾਹੀਂ ਸ਼ਗਨ ਦੇ ਗਿਆਰਾਂ ਪੌਂਡ ਅਤੇ ਮਠਿਆਈ ਦੀ ਰਕਮ ਖਿਮਾ ਦਾ ਜਾਚਕ ਹੁੰਦੇ ਹੋਏ ਗਿਆਨੀ ਜੀ ਨੂੰ ਪੋਸਟ ਕਰ ਦਿਤੇ, ਅਤੇ ਸੁਖ ਦਾ ਸਾਹ ਲਿਆ।
ਇਹ ਖ਼ਬਰ ਮੇਰੀ ਮੰਗੇਤਰ ਅਤੇ ਉਨ੍ਹਾਂ ਦੇ ਪਰਿਵਾਰ ਲਈ ਅਸਹਿ ਸੀ। ਮੇਰੇ ਸਹੁਰਾ ਸਾਹਿਬ ਇੱਕ ਕਹਿੰਦੇ ਕਹਾਉਂਦੇ ਪਤਵੰਤੇ ਵਿਅਕਤੀ ਸਨ। ਪਿੰਡ ਅਤੇ ਇਲਾਕੇ ਵਿਚ ਮੰਨੇ ਪਰਮੰਨੇ ਸ਼ਾਹ। ਉਨ੍ਹਾਂ ਦੀ ਧੀ ਦਾ ਰਿਸ਼ਤਾ ਲੈ ਕੇ ਕੋਈ ਨਾਂਹ ਕਰ ਦੇਵੇ। ਉਨ੍ਹਾਂ ਲਈ ਬੜੇ ਦੁੱਖ ਦੀ ਗਲ ਸੀ । ਉਂਝ ਵੀ ਪੰਜਾਬੀ ਸਮਾਜ ਵਿਚ ਵਿਆਹੀ ਨੂੰ ਛੱਡ ਦੇਣ ਨਾਲੋਂ ਮੰਗ ਦਾ ਛੁੱਟ ਜਾਣਾ ਵਧੇਰੇ ਮਾਈਂਡ ਕੀਤਾ ਜਾਂਦਾ ਹੈ। ਪਰ ਕਾਫ਼ੀ ਦੇਰ ਤੋਂ ਇੰਗਲੈਂਡ ਰਹਿਣ ਕਾਰਨ ਮੇਰੇ ਸੰਸਕਾਰ ਬਦਲ ਚੁੱਕੇ ਸਨ। ਮੇਰੇ ਦਿਮਾਗ਼ ਵਿਚ ਇਹ ਇੱਕ ਸਾਧਾਰਨ ਗੱਲ ਸੀ। ਬਾਅਦ ਦੀ ਲੰਬੀ ਪਰੇਸ਼ਾਨੀ ਨਾਲੋਂ ਜੇ ਵੇਲੇ ਸਿਰ ਨਾਂਹ ਦੇ ਦੋ ਸ਼ਬਦ ਇਸ ਮਸਲੇ ਨੂੰ ਹੱਲ ਕਰ ਸਕਦੇ ਹੋਣ ਤਾਂ ਕਹਿ ਦੇਣ ਵਿਚ ਕੋਈ ਹਰਜ ਨਹੀਂ। ਹੋਰਨਾਂ ਡੀਲਾਂ ਵਿਚ ਵੀ ਤਾਂ ਗਰੇਸ ਪੀਰੀਅਡ ਹੁੰਦਾ ਹੈ। ਸਾਰਾ ਪਰਿਵਾਰ ਸਣੇ ਮੇਰੀ ਮੰਗੇਤਰ ਦੇ ਬੜੇ ਪਰੇਸ਼ਾਨ ਹੋਏ। ਪਰ ਮੇਰੀ ਸੱਸ ਬੜੀ ਧਰਮਾਤਮਾ, ਈਸ਼ਵਰ ਦੀ ਕਰਨੀ ਵਿਚ ਵਿਸ਼ਵਾਸ ਰੱਖਣ, ਪੂਜਾ ਪਾਠ ਅਤੇ ਦਾਨ ਪੁੰਨ ਕਰਨ ਵਾਲੀ ਨੇਕ ਇਸਤਰੀ ਸੀ। ਉਸਨੇ ਅਪਣੀ ਉਦਾਸ ਧੀ ਨੂੰ ਹੌਸਲਾ ਦਿੱਤਾ ਅਤੇ ਆਖਿਆ ਕਿ ਤੇਰਾ ਵਿਆਹ ਇਸੇ ਪੁਰਸ਼ ਨਾਲ ਹੀ ਹੋਵੇਗਾ।
ਕੁਝ ਅਰਸੇ ਬਾਅਦ ਡਾਕਟਰ ਢੱਲਾ ਇੰਡੀਆ ਗਏ ਅਤੇ ਅਪਣੀ ਭੈਣ ਨੂੰ ਵਿਜ਼ਿਟਰ ਦੇ ਤੌਰ ‘ਤੇ ਕੈਨੇਡਾ ਲੈ ਆਏ। ਅਗਸਤ 1976 ਵਿਚ ਉਹ ਫਿਰ ਇੰਗਲੈਂਡ ਆਏ। ਮੇਰੇ ਕੋਲ ਵੀ ਘਰ ਆਏ। ਮੈਂ ਉਨ੍ਹਾਂ ਦਾ ਆਦਰ ਮਾਣ ਕੀਤਾ। ਉਹ ਕਹਿਣ ਲੱਗੇ ਕਿ ਜੇ ਅਸੀਂ ਰਿਸ਼ਤੇਦਾਰ ਨਹੀਂ ਬਣ ਸਕੇ ਤਾਂ ਕੋਈ ਗਲ ਨਹੀਂ, ਦੋਸਤ ਤਾਂ ਰਹਿ ਸਕਦੇ ਹਾਂ। ਇਸ ਵਾਰ ਉਹ ਪੁੱਜੀ ਸਾਹਿਬ ਨੂੰ ਵੀ ਮਿਲੇ। ਰਾਇਲ ਏਅਰ ਫ਼ੋਰਸ ਦੇ ਰਿਟਾਇਰਡ ਸੁਕੈਡਰਨ ਲੀਡਰ ਸਰਦਾਰ ਮਹਿੰਦਰ ਸਿੰਘ ਪੁੱਜੀ, ਜਿਨ੍ਹਾਂ 1942 ਵਿਚ ਦੂਜੀ ਸੰਸਾਰ ਜੰਗ ਸਮੇਂ ਜਰਮਨੀ ਵਿਰੁਧ ਬਰਤਾਨਵੀ ਜੰਗੀ ਜਹਾਜ਼ਾਂ ਵਿਚ ਪਾਈਲਾਟ ਦੇ ਤੌਰ ‘ਤੇ ਭਾਗ ਲਿਆ ਸੀ ਅਤੇ ਡਿਸਟੁਇੰਗਸ਼ਡ ਫ਼ਲਾਈਂਗ ਸਰਵਿਸ ਦਾ ਸਨਮਾਣ ਪਰਾਪਤ ਕੀਤਾ ਸੀ। ਜਦੋਂ ਪੁੱਜੀ ਸਾਹਿਬ, ਵਲਿੰਗਟਨ ਏਅਰਪੋਰਟ ਦਿੱਲੀ ਦੇ ਇਨਚਾਰਜ ਸਨ, ਡਾਕਟਰ ਸਾਹਿਬ, ਲੇਡੀ ਹਾਰਡਿੰਗ ਮੈਡੀਕਲ ਕਾਲਜ ਦਿੱਲੀ ਵਿੱਚ ਰੀਸਰਚ ਆਫ਼ੀਸਰ ਸਨ। ਡਾਕਟਰ ਸਾਹਿਬ ਉਥੇ ਵੀ ਇੱਕ ਵਾਰ ਉਨ੍ਹਾਂ ਨੂੰ ਅਪਣੇ ਕਿਸੇ ਰਿਸ਼ਤੇਦਾਰ ਦਲੀਪ ਸਿੰਘ ਦੇ ਨਾਲ ਮਿਲਣ ਗਏ ਸਨ।
ਸ਼ਾਮ ਨੂੰ ਡਾਕਟਰ ਸਾਹਿਬ ਮੈਨੂੰ ਆਪਣੇ ਨਾਲ ਉਸ ਭਾਣਜੇ ਦੇ ਘਰ ਲੈ ਗਏ ਜੋ ਗਿਆਨੀ ਜੀ ਦਾ ਛੋਟਾ ਜਵਾਈ ਸੀ। ਉਥੇ ਹੋਰ ਗੱਲਾਂ ਦੇ ਇਲਾਵਾ ਉਨ੍ਹਾਂ ਮੈਥੋਂ ਇਹ ਵੀ ਜਾਨਣਾ ਚਾਹਿਆ ਕਿ ਮੈਂ ਵਿਆਹ ਕਿਉਂ ਨਹੀਂ ਕਰਵਾ ਰਿਹਾ। ਮੇਰੇ ਨਾਂਹ ਕਰਨ ਦਾ ਕੀ ਕਾਰਨ ਹੈ? ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਭੈਣ ਅਜੇ ਵੀ ਮੇਰੇ ‘ਤੇ ਆਸ ਲਾਈ ਬੈਠੀ ਹੈ।
ਮੈਂ ਕੁਝ ਦਿਨਾਂ ਬਾਅਦ 15 ਦਿਨਾਂ ਲਈ ਸੋਵੀਅਤ ਯੂਨੀਅਨ ਜਾ ਰਿਹਾ ਸਾਂ। ਉੱਥੇ ਸੈਰ ਸਪਾਟੇ ਦੇ ਇਲਾਵਾ ਇੱਕ ਕਲੀਨਿਕ ਵਿਚ ਅਪਣਾ ਆਪ ਚੈੱਕ ਕਰਵਾਣ ਦਾ ਪ੍ਰੋਗ੍ਰਾਮ ਵੀ ਸੀ। ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਉਥੋਂ ਦੀ ਹੈਲਥ ਰੀਪੋਰਟ ਤੋਂ ਬਾਅਦ ਮੈਂ ਆਪ ਨੂੰ ਕੋਈ ਉਤੱਰ ਦੇ ਸਕਾਂਗਾ। ਉਨ੍ਹਾਂ ਨੇ ਮੈਨੂੰ ਰੂਸ ਦੇ ਹੈਲਥ ਮਨਿਸਟਰ ਦੇ ਨਾਮ ਇੱਕ ਚਿੱਠੀ ਦਿੱਤੀ ਕਿ ਜੇ ਉਸਦੀ ਮੱਦਦ ਦੀ ਲੋੜ ਹੋਵੇ ਤਾਂ ਉਸਨੂੰ ਮਿਲ ਲੈਣਾ। ਡਾਕਟਰ ਸਾਹਿਬ ਆਪ ਰੂਸ ਵਿਚ ਹਾਰਟ ਰੀਸਰਚਰਾਂ ਦੀ ਕਾਨਫਰੰਸ ‘ਤੇ ਜਾ ਚੁੱਕੇ ਸਨ ਅਤੇ ਅਕਤੂਬਰ ਵਿਚ ਫਿਰ ਜਾ ਰਹੇ ਸਨ। ਪਰ ਮੈਨੂੰ ਉਸ ਚਿੱਠੀ ਦੀ ਕੋਈ ਲੋੜ ਨਾ ਪਈ। ਮੈਨੂੰ ਇੰਗਲੈਂਡ ਵਿਚ ਚੈਕ ਅੱਪ ਕਰਵਾ ਲੈਣਾ ਬਿਹਤਰ ਲੱਗਾ।
ਮੈਂ ਸਤੰਬਰ 1976 ਵਿਚ ਰੂਸ ਗਿਆ। ਉਦੋਂ ਬਰੈਜ਼ਨੇਵ ਪਰਧਾਨ ਸੀ। ਚਾਰ ਦਿਨ ਮਾਸਕੋ, ਫਿਰ ਉਜ਼ਬੇਕਿਸਤਾਨ ਵਿਚ ਤਾਸ਼ਕੰਦ, ਸਮਰਕੰਦ, ਬਲਖ਼ ਅਤੇ ਖੀਵਾ। ਉਥੋਂ ਤਾਜਿਕਸਤਾਨ ਵਿਚ ਦੋਸ਼ੰਬੇ ਅਤੇ ਵਾਪਸੀ ਲੈਨਿਨਗਰਾਡ ਰਾਹੀਂ। ਸੋਵੀਅਤ ਯੂਨੀਅਨ ਦਾ ਇਹ ਸਫ਼ਰ ਬਹੁਤ ਦਿਲਚਸਪ ਰਿਹਾ। ਇਸਦਾ ਸਾਰਾ ਪ੍ਰਬੰਧ ਇਨਟੂਰਿਸਟ ਟਰੈਵਲ ਏਜੰਸੀ ਰਾਹੀਂ ਕੀਤਾ ਗਿਆ। 300 ਪੌਂਡ ਖਰਚ ਆਇਆ। ਪਰ ਇਹ 1976 ਦੀ ਗੱਲ ਹੈ, ਅੱਜ ਕਲ ਤਾਂ ਸ਼ਾਇਦ ਦਸ ਗੁਣਾ ਵਧੇਰੇ ਆਵੇ।
ਅਕਤੂਬਰ ਵਿਚ ਫਿਰ ਰੂਸ ਤੋਂ ਵਾਪਸ ਆ ਕੇ ਡਾਕਟਰ ਢੱਲਾ ਇੰਗਲੈਂਡ ਆਏ। ਉਨ੍ਹਾਂ ਨਾਲ ਫਿਰ ਮੇਰੀ ਮੁਲਾਕਾਤ ਹੋਈ। ਮੈਂ ਮਾਨਸਿਕ ਦੋਚਿੱਤੀ ‘ਤੇ ਕਾਬੂ ਪਾਉਣ ਵਿਚ ਸਫ਼ਲ ਰਿਹਾ। ਡਾਕਟਰ ਤੋਂ ਮੈਂ ਚੈਕ ਅੱਪ ਕਰਵਾ ਚੁੱਕਾ ਸਾਂ। ਉਸਦੇ ਕਹਿਣ ਅਨੁਸਾਰ ਮੈਨੂੰ ਐਵੇਂ ਵਹਿਮ ਹੀ ਹੈ। ਉਸਨੇ ਮੈਨੂੰ ਤਸੱਲੀ ਦੇਣ ਵਾਲੀ ਰੀਪੋਰਟ ਦਿੱਤੀ। ਅਪਣੇ ਸੁਭਾ ਅਨੁਸਾਰ ਮੈਂ ਉਸ ਰੀਪੋਰਟ ‘ਤੇ ਵੀ ਯਕੀਨ ਨਾ ਕੀਤਾ। ਫਿਰ ਵੀ ਮੈਂ ਡਾਕਟਰ ਢੱਲਾ ਨੂੰ ਨਾਂਹ ਨਾ ਕਰ ਸਕਿਆ। ਮੈਂ ਉਨ੍ਹਾਂ ਕੋਲ ਰਜ਼ਾਮੰਦੀ ਪਰਗਟ ਕਰ ਦਿੱਤੀ। ਪਰ ਇਹ ਵੀ ਕਿਹਾ ਕਿ ਜਿੰਨਾ ਚਿਰ ਮੈਂ ਆਪ ਲੜਕੀ ਨੂੰ ਮਿਲ ਨਾ ਲਵਾਂ, ਮੇਰੇ ਲਈ ਹਾਂ ਕਰਨੀ ਮੁਸ਼ਕਿਲ ਹੈ। ਲੜਕੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸਦਾ ਵਿਆਹ ਕਿਸ ਨਾਲ ਹੋ ਰਿਹਾ ਹੈ। ਉਸਦੀ ਰਾਏ ਦਾ ਵੀ ਸਤਕਾਰ ਹੋਣਾ ਚਾਹੀਦਾ ਹੈ। ਡਾਕਟਰ ਸਾਹਿਬ ਨੇ ਪੇਸ਼ਕਸ਼ ਕੀਤੀ ਕਿ ਉਹ ਕਨੇਡਾ ਦਾ ਵਾਪਸੀ ਟਿਕਟ ਲੈ ਕੇ ਦੇਣ ਨੂੰ ਤਿਆਰ ਹਨ। ਪਰ ਮੇਰੇ ਕੋਲ ਛੁੱਟੀਆਂ ਨਹੀਂ ਸਨ। ਦੂਸਰੇ ਮੇਰਾ ਖਿਆਲ ਸੀ ਕਿ ਕੈਨੇਡਾ ਵਿਚ ਠੰਡ ਵਧੇਰੇ ਪੈਂਦੀ ਹੈ। ਇਹ ਮਹੀਨਾ ਉੱਥੇ ਜਾਣ ਵਾਲਾ ਨਹੀਂ।
ਆਖਿਰ ਇਹ ਫ਼ੈਸਲਾ ਹੋਇਆ ਕਿ ਉਹ ਆਪਣੀ ਭੈਣ ਅਤੇ ਪਤਨੀ ਨੂੰ ਇੰਗਲੈਂਡ ਭੇਜ ਦੇਣਗੇ। ਮਿਲਣ ਤੋਂ ਬਾਅਦ ਜੇ ਰਜ਼ਾਮੰਦੀ ਹੋਈ, ਤਾਂ ਵਿਆਹ ਦੀ ਤਾਰੀਖ਼ ਪੱਕੀ ਕਰਕੇ ਉਨ੍ਹਾਂ ਨੂੰ ਫੋਨ ਰਾਹੀਂ ਸੂਚਿਤ ਕਰ ਦਿੱਤਾ ਜਾਏਗਾ। ਜੇ ਨਾ ਹੋਈ ਤਾਂ ਉਹ ਲੰਡਨ ਦਾ ਸੈਰ ਸਪਾਟਾ ਕਰਕੇ ਮੁੜ ਜਾਣਗੀਆਂ। ਰਿਸ਼ਤੇਦਾਰੀ ਨਾ ਸਹੀ, ਦੋਸਤੀ ਤਾਂ ਹੈ ਹੀ। ਇਹ ਫੈਸਲਾ ਕਰਨ ਤੋਂ ਬਾਅਦ ਮੈਂ ਡਾਕਟਰ ਢੱਲਾ ਅਤੇ ਗਿਆਨੀ ਜੀ ਨਾਲ ਵਕੀਲ ਦੇ ਗਿਆ ਅਤੇ ਉਨ੍ਹਾਂ ਦੀ ਭੈਣ ਲਈ ਸਪਾਂਸਰਸ਼ਿਪ ਬਣਵਾ ਕੇ ਦੇ ਦਿੱਤੀ।
ਨਵੰਬਰ ਦੀ 11 ਤਾਰੀਖ਼ ਨੂੰ ਉਹ ਦੋਨੋ ਨਨਾਣ ਭਰਜਾਈ ਹੀਥਰੋ ਏਅਰਪੋਰਟ ‘ਤੇ ਆ ਗਈਆਂ। ਮੈਂ ਵੀ ਰਾਤ ਦੀ ਡੀਊਟੀ ਕਰਕੇ ਸਿੱਧਾ ਏਅਰਪੋਰਟ ‘ਤੇ ਪਹੁੰਚ ਗਿਆ। ਗਿਆਨੀ ਜੀ ਆਪ ਅਤੇ ਉਨ੍ਹਾਂ ਦਾ ਛੋਟਾ ਜਵਾਈ ਵੀ ਉਥੇ ਪਹੁੰਚ ਗਏ ਸਨ। ਇਮੀਗਰੇਸ਼ਨ ਵਾਲਿਆਂ ਮੈਨੂੰ ਵੀ ਬੁਲਾਇਆ। ਪ੍ਰਸ਼ਨਾਂ ਦੇ ਤਸੱਲੀ ਬਖ਼ਸ਼ ਉਤੱਰ ਪਾ ਕੇ ਉਨ੍ਹਾਂ ਲੜਕੀ ਦੇ ਪਾਸਪੋਰਟ ‘ਤੇ ਤਿੰਨ ਮਹੀਨੇ ਰਹਿਣ ਦੀ ਆਗਿਆ ਦੀ ਮੋਹਰ ਲਾ ਦਿੱਤੀ।
ਉਹ ਗਿਆਨੀ ਜੀ ਦੇ ਘਰ ਠਹਿਰੀਆਂ। ਮੈਂ ਉਥੇ ਉਨ੍ਹਾਂ ਨੂੰ ਮਿਲਦਾ ਰਿਹਾ। ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਵਿਆਹ ਕਰ ਲੈਣ ਦਾ ਫ਼ੈਸਲਾ ਕਰ ਲਿਆ। ਮੈਂ ਵਧੇਰੇ ਸੋਚ ਵਿਚਾਰ ਜਾਂ ਪ੍ਰਸ਼ਨ ਉਤੱਰ ਨਾ ਕੀਤੇ। ਮੇਰੇ ਦਿਮਾਗ਼ ‘ਤੇ ਇਹ ਵਿਚਾਰ ਭਾਰੂ ਰਿਹਾ ਕਿ ਜੇ ਮੇਰੀ ਭੈਣ ਇਸ ਦਸ਼ਾ ਵਿਚ ਹੋਵੇ ਤਾਂ ਮੈਂ ਕੀ ਚਾਹਾਂਗਾ। ਉਂਝ ਵੀ ਮੈਨੂੰ ਉਹ ਉਸ ਕਿਸ਼ਤੀ ਵਰਗੀ ਲੱਗੀ ਜਿਸਨੂੰ ਕਾਫ਼ੀ ਲੰਬਾ ਸਮਾਂ ਤੂਫ਼ਾਨਾਂ ਵਿਚ ਦੀ ਲੰਘ ਕੇ ਇੱਕ ਆਰਾਮ ਦਿਹ ਕਿਨਾਰੇ ਦੀ ਲੋੜ ਅਨੁਭਵ ਹੋ ਰਹੀ ਹੋਵੇ। ਉਹ ਮੈਨੂੰ ਸ਼ਰੀਫ਼ ਅਤੇ ਦਰਦਮੰਦ ਦਿਲ ਵਾਲੀ ਨੇਕ ਇਸਤਰੀ ਲੱਗੀ। ਉਸਨੂੰ ਕੋਈ ਵੀ ਸਵਾਲ ਜਵਾਬ ਕਰਨਾ ਮੈਨੂੰ ਅਸਭਿਆ ਲੱਗਾ। ਮੈਂ ਇਹ ਮੰਨ ਲਿਆ ਕਿ ਇਸਨੂੰ ਕੁਦਰਤ ਨੇ ਆਪ ਭੇਜਿਆ ਹੈ। ਇਹ ਰਿਸ਼ਤਾ ਆਕਾਸ਼ ਵਿਚ ਤਹਿ ਹੋ ਚੁੱਕਾ ਹੈ। ਇਸਨੂੰ ਸਵੀਕਾਰ ਕਰਨਾ ਹੀ ਧਰਮ ਹੈ। ਮੇਰੇ ਦਿਲ ਵਿਚ ਡਾਕਟਰ ਢੱਲਾ ਦਾ ਸਤਿਕਾਰ ਵਧਿਆ ਕਿ ਇਕ ਐਡਾ ਵੱਡਾ ਪਤਵੰਤਾ ਵਿਅਕਤੀ ਮੇਰੇ ਜਿਹੇ ਸਾਧਾਰਨ ਬੰਦੇ ਕੋਲ ਇੰਨੀ ਵਾਰ ਆ ਚੁੱਕਾ ਹੈ। ਸਿਰਫ਼ ਅਪਣੀ ਭੈਣ ਲਈ । ਕਿੰਨੇ ਸੁੰਦਰ ਪਰਿਵਾਰਿਕ ਰਿਸ਼ਤੇ ਹਨ। ਮੈਂ ਉਨ੍ਹਾਂ ਨੂੰ ਹਾਂ ਦਾ ਫੋਨ ਕਰ ਦਿੱਤਾ ।
27 ਨਵੰਬਰ ਦੀ ਤਾਰੀਖ਼ ਮਿਥ ਲਈ ਗਈ। ਪੁੱਜੀ ਸਾਹਿਬ ਨੇ ਮੇਰੀ ਸਰਪ੍ਰਸਤੀ ਕੀਤੀ। ਸਾਊਥਾਲ ਦੇ ਡੋਮੀਨੀਅਨ ਸਿਨਮੇ ਦੇ ਹਾਲ ਵਿਚ ਸਾਡੇ ਲਾਵਾਂ ਫੇਰੇ ਹੋ ਗਏ ਜਿਸ ਵਿਚ ਅਨੇਕਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ।
ਸ਼ਾਮ ਨੂੰ ਘਰ ਮਹਿਫ਼ਲ ਜਮੀ। ਸੁਰਜੀਤ ਅਤੇ ਪ੍ਰੀਤਮ ਸਿੱਧੂ, ਧਲਿੰਦਰ ਅਤੇ ਸ਼ਿਵਚਰਨ ਗਿੱਲ, ਰਾਜਿੰਦਰ ਤੇ ਗੁਰਮੀਤ ਸੰਧੂ, ਚਰਨਜੀਤ ਅਤੇ ਤਰਸੇਮ ਪੁਰੇਵਾਲ, ਬਿੰੰਦਾ ਤੇ ਕੁਲਦੀਪ ਤੱਖਰ, ਰਾਜਵੰਤ ਅਤੇ ਅਵਤਾਰ ਮਲ੍ਹੀ, ਕਰਿਸ਼ਨਾ ਅਤੇ ਮੋਹਣ ਜੁਤਲੇ, ਡਾਲੀ, ਜਿੰਮੀ ਅਤੇ ਬਾਬੀ, ਪੁੱਜੀ ਸਾਹਿਬ, ਮੇਰੀ ਭਤੀਜੀ ਕਮਲਜੀਤ ਅਤੇ ਤਰਸੇਮ, ਉਰਮਿਲਾ ਅਤੇ ਸੱਤ ਦੇਵ ਠਾਕੁਰ ਸਭ ਉਥੇ ਸਨ। ਅੱਧੀ ਰਾਤ ਤੱਕ ਮੋਹਣ ਜੁਤਲੇ ਦਾ ਗੀਤ ਸੰਗੀਤ ਹੁੰਦਾ ਰਿਹਾ। ਬਾਬੀ ਤਬਲੇ ‘ਤੇ ਸਾਥ ਦਿੰਦਾ ਰਿਹਾ। ਦੋਸਤ ਮੈ ਕਸ਼ੀ ਕਰਦੇ ਰਹੇ। ਦਾਦ ਦਿੰਦੇ ਰਹੇ। ਗਾਣਿਆਂ ਦੀ ਫ਼ਰਮਾਇਸ਼ ਕਰਦੇ ਰਹੇ। ਜਦੋਂ ਮੋਹਣ ਨੇ ਸ਼ਿਵ ਗਾਇਆ, ਕਈਆਂ ਦੀਆਂ ਅੱਖਾਂ ਹੰਝੂਆਂ ਨਾਲ ਤਰ ਹੋ ਗਈਆਂ।