ਸੰਤਾਲੀ ਦੀਆਂ ਗਲੀਆਂ – ਜਸਬੀਰ ਭੁੱਲਰ

Date:

Share post:

ਅਟਾਰੀ ਤੋਂ ਆ ਕੇ ਅਸੀਂ ਕੁਝ ਸਮੇਂ ਲਈ ਤਰਨ ਤਾਰਨ ਵੱਸ ਗਏ ਸਾਂ| ਉਥੇ ਥਾਣੇ ਵਾਲੀ ਗਲੀ ਦੇ ਨੁੱਕਰ ਵਾਲੇ ਮਕਾਨ ਵਿਚ ਤਿੰਨ ਟੱਬਰ ਸਨ| ਉਪਰਲੀ ਮੰਜ਼ਿਲ ਉੱਤੇ ਮਕਾਨ ਦਾ ਮਾਲਕ ਅਜੀਤ ਸਿੰਘ ਰਹਿੰਦਾ ਸੀ ਤੇ ਹੇਠਾਂ ਅਸੀਂ ਦੋ ਪਰਿਵਾਰ ਸਾਂ| ਸਾਡੀ ਆਪਸ ਵਿਚ ਰਿਸ਼ਤੇਦਾਰੀ ਵੀ ਸੀ|
ਮੈਂ ਪਹਿਲਾਂ ਨਾਲੋਂ ਕੁਝ ਵੱਡਾ ਹੋ ਗਿਆ ਸਾਂ, ਪਰ ਫੇਰ ਵੀ ਨਿੱਕਾ ਹੀ ਸਾਂ| ਉਥੋਂ ਅੱਡਾ ਬਾਜ਼ਾਰ ਦੂਰ ਨਹੀਂ ਸੀ| ਅੱਡਾ ਬਾਜ਼ਾਰ ਵਿਚ ਇਕ ਨਿੱਕਾ ਜਿਹਾ ਸਕੂਲ ਹੁੰਦਾ ਸੀ| ਉਹ ਮੇਰਾ ਪਹਿਲਾ ਸਕੂਲ ਸੀ| ਮੈਂ ਉਸ ਸਕੂਲ ਦੀ ਕੱਚੀ ਜਮਾਤ ਵਿਚ ਦਾਖਲ ਹੋਇਆ ਸਾਂ| ਸਕੂਲ ਦੇ ਪਹਿਲੇ ਦਿਨ ਪਿਤਾ ਜੀ ਮੈਨੂੰ ਛੱਡਣ ਗਏ| ਮੇਰੀ ਪੜ੍ਹਾਈ ਦੀ ਸ਼ਗਨਾ ਭਰੀ ਸ਼ੁਰੂਆਤ ਲਈ ਉਹਨਾਂ ਸਾਰੀ ਜਮਾਤ ਦੇ ਬਾਲਾਂ ਵਿਚ ਪਤਾਸੇ ਵੰਡੇ| ਪਤਾਸੇ ਵੰਡਦਿਆਂ ਉਹਨਾ ਮੈਨੂੰ ਪੂਰੀ ਜਮਾਤ ਵਿਚ ਅਪਣੇ ਨਾਲ ਤੋਰਿਆ| ਫੇਰ ਮੈਨੂੰ ਕਮਰੇ ਵਿਚ ਵਿਛੇ ਤੱਪੜ ਉਤੇ ਬਿਠਾ ਕੇ ਉਹ ਉਥੋਂ ਚਲੇ ਗਏ
ਮੈਂ ਡੌਰ ਭੌਰ ਹੋਇਆ ਉਥੇ ਬੈਠਾ ਰਿਹਾ, ਬੈਠਾ ਹੀ ਰਿਹਾ ਤੇ ਫਿਰ ਡੱਡੋਲਿੱਕਾ ਹੋਇਆ ਰੋਣ ਲੱਗ ਪਿਆ| ਮੈਥੋਂ ਮੇਰਾ ਖੇਡਣਾ ਮੱਲਣਾ ਖੁੱਸ ਗਿਆ ਸੀ| ਮੈਨੂੰ ਰੋਂਦਿਆਂ ਵੇਖ ਕੇ ਅਧਿਆਪਕ ਨੇ ਘਰ ਭੇਜ ਦਿਤਾ|
ਜਦੋਂ ਪਿਤਾ ਜੀ ਮੇਰੇ ਸਕੂਲ ਦਾਖ਼ਲੇ ਦੇ ਚਾਅ ਵਿਚ ਵਾਪਸ ਘਰ ਪਹੁੰਚੇ ਤਾਂ ਮੈਂ ਪਹਿਲੋਂ ਹੀ ਘਰ ਬੈਠਾ ਹੋਇਆ ਸਾਂ| ਉਹਨਾ ਇਸ ਬਾਰੇ ਅਧਿਆਪਕ ਨਾਲ ਗੱਲ ਕੀਤੀ ਤੇ ਅਗਲੇ ਦਿਨ ਮੈਥੋਂ ਵੱਡੀ ਨਿੰਮਾਂ ਭੈਣ ਨੂੰ ਮੇਰੇ ਨਾਲ ਸਕੂਲ ਭੇਜ ਦਿੱਤਾ|
ਭੈਣ ਕੁਝ ਦੇਰ ਤੱਕ ਮੇਰੇ ਨਾਲ ਬੈਠੀ ਰਹੀ ਤੇ ਫਿਰ ਅੱਕ ਗਈ| ਉਹ ਉਬਾਸੀਆਂ ਲੈਣ ਲੱਗ ਪਈ ਤੇ ਫਿਰ ਮੈਨੂੰ ਧਰਵਾਸ ਜਿਹਾ ਦੇ ਕੇ ਉਥੋਂ ਚਲੀ ਗਈ|
ਕੁਝ ਚਿਰ ਪਿੱਛੋਂ ਮੈਂ ਵੀ ਉਥੋਂ ਤੁਰ ਆਇਆ| ਮੈਨੂੰ ਜਮਾਤ ਵਿਚ ਬਿਠਾਈ ਰੱਖਣ ਦਾ ਇਹ ਤਰੀਕਾ ਠੀਕ ਸਾਬਤ ਨਹੀਂ ਸੀ ਹੋਇਆ|
ਭੈਣ ਨੇੜੇ ਦੇ ਹੀ ਇਕ ਸਕੂਲ ਵਿਚ ਪੜ੍ਹਦੀ ਸੀ, ਸ਼ਾਇਦ ਦੂਸਰੀ ਜਮਾਤ ਵਿਚ| ਉਹ ਅਪਣੇ ਸਕੂਲ ਤੋਂ ਲਗਾਤਾਰ ਛੁੱਟੀਆਂ ਨਹੀਂ ਸੀ ਲੈ ਸਕਦੀ ਕਿ ਸਾਰਾ ਦਿਨ ਮੇਰੇ ਕੋਲ ਬੈਠੀ ਰਹੇ| ਹੁਣ ਏਹੋ ਰਾਹ ਹੀ ਬਾਕੀ ਸੀ ਕਿ ਮੈਂ ਆਪ ਹੀ ਸਕੂਲ ਵਿਚ ਜੀਅ ਲਾਵਾਂ|
ਅਗਲੀ ਸਵੇਰ ਮੈਨੂੰ ਨਿੰਮਾਂ ਦੇ ਨਾਲ ਹੀ ਸਕੂਲ ਵੱਲ ਤੋਰ ਦਿੱਤਾ ਗਿਆ| ਭੈਣ ਨੇ ਸਕੂਲ ਦੇ ਅੰਦਰ ਜਾ ਕੇ ਮੈਨੂੰ ਮੇਰੀ ਜਮਾਤ ਦੇ ਉਸੇ ਮੈਲੇ ਤੱਪੜ ਉਤੇ ਬਿਠਾ ਦਿੱਤਾ| ਉਥੋਂ ਜਾਣ ਤੋਂ ਪਹਿਲਾਂ ਉਹਨੇ ਮੈਨੂੰ ਮਿੱਠੀਆਂ ਫੁੱਲੀਆਂ ਦਾ ਭਰਿਆ ਹੋਇਆ ਲਿਫ਼ਾਫਾ ਦਿੱਤਾ ਤੇ ਬੋਲੀ, “ਬੀਰ! ਅੱਜ ਦਿਲ ਲਾ ਕੇ ਪੜ੍ਹੀਂ”
ਉਸ ਦਿਨ ਮੈਂ ਕੁਝ ਸੁਵੱਖਤੇ ਹੀ ਸਕੂਲ ਚਲਿਆ ਗਿਆ ਸਾਂ| ਉਦੋਂ ਤੱਕ ਬਹੁਤੇ ਪਾੜ੍ਹੇ ਸਕੂਲ ਨਹੀਂ ਸਨ ਪਹੁੰਚੇ| ਮੈਂ ਤੱਪੜ ਉਤੇ ਬੈਠਾ ਫੁੱਲੀਆਂ ਖਾਣ ਲੱਗ ਪਿਆ ਜਦੋਂ ਫੁੱਲੀਆਂ ਮੁੱਕੀਆਂ ਤਾਂ ਜਾਪਿਆ ਮੇਰਾ ਸਕੂਲ ਵੀ ਮੁੱਕ ਗਿਆ ਸੀ।
ਮੇਰੇ ਉਸ ਸਕੂਲ ਵਿਚ ਇਕ ਹੀ ਅਧਿਆਪਕ ਸੀ| ਉਹ ਹੀ ਵਾਰੀ ਵਾਰੀ ਸਾਰੀਆਂ ਜਮਾਤਾਂ ਨੂੰ ਪੜ੍ਹਾਉਂਦਾ ਸੀ| ਉਹ ਕਿਸੇ ਹੋਰ ਜਮਾਤ ਵਿਚ ਗਿਆ ਤਾਂ ਮੈਂ ਉਥੋਂ ਖਿਸਕ ਤੁਰਿਆ|
ਰਾਹ ਵਿਚ ਇਕ ਖੁੱਲ੍ਹਾ ਮੈਦਾਨ ਸੀ| ਉਥੇ ਵਿਹਲੜ ਮੁੰਡੇ ਦਿਨ ਭਰ ਗੁੱਡੀਆਂ ਉਡਾਉਂਦੇ ਰਹਿੰਦੇ ਸਨ| ਉਹਨਾਂ ਗੁੱਡੀਆਂ ਦੇ ਆਪਸ ਵਿਚ ਪੇਚੇ ਵੀ ਲੜਦੇ ਸਨ| ਕਈ ਗੁੱਡੀਆਂ ਕੱਟੀਆਂ ਜਾਂਦੀਆਂ ਸਨ| ਉਦੋਂ ਉਥੇ ਖੜੇ ਤਮਾਸ਼ਬੀਨ ਮੁੰਡੇ ਉਚੀ ਆਵਾਜ਼ ਵਿਚ ‘ਬੋਅਕਾਟਾ’ ਦਾ ਨਾਅਰਾ ਮਾਰਦੇ ਸਨ| ਹਵਾ ਵਿਚ ਲਹਿਰਾਅ ਕੇ ਹੇਠਾਂ ਡਿੱਗ ਰਹੀ ਗੁੱਡੀ ਅਤੇ ਉਹਦੀ ਡੋਰ ਲੁੱਟਣ ਲਈ ਉਹ ਦੌੜਦੇ ਸਨ| ਉਹ ਇਕ ਦੂਜੇ ਨੂੰ ਧੱਕੇ ਦਿੰਦੇ ਸਨ, ਖੋਹਾ-ਖਿੰਝੀ ਕਰਦੇ ਸਨ| ਉਦੋਂ ਡੋਰ ਦੀ ਖਿੱਚ ਨਾਲ ਕਈਆਂ ਦੇ ਹੱਥਾਂ ਉਤੇ ਚੀਰ ਵੀ ਆ ਜਾਂਦੇ ਸਨ|
ਜਦੋਂ ਉਹ ਅਪਣੀ ਲੁੱਟ ਵੇਖਦੇ ਸਨ ਤਾਂ ਕਿਸੇ ਦੇ ਹੱਥ ਵਿਚ ਪਾਟੀ ਹੋਈ ਗੁੱਡੀ ਹੁੰਦੀ ਸੀ ਤੇ ਕੁਝ ਹੱਥਾਂ ਵਿਚ ਡੋਰ ਦੇ ਟੁਕੜੇ |
ਉਹ ਮੌਜ ਮੇਲਾ ਵਧੀਆ ਸੀ|
ਮੈਂ ਅਪਣਾ ਬਾਲ ਬੋਧ ਕੱਛੇ ਦੇ ਨੇਂਘ ਵਿਚ ਅੜਾ ਲਿਆ ਤੇ ਗੁੱਡੀਆਂ ਲੁੱਟਣ ਵਾਲੇ ਨਿਆਣਿਆਂ ਵਿਚ ਸ਼ਾਮਲ ਹੋ ਗਿਆ| ਉਸ ਖੇਡ ਵਿਚ ਮੈਂ ਕੁਝ ਇਸ ਤਰ੍ਹਾਂ ਰੁੱਝ ਗਿਆ ਕਿ ਨਾ ਮੈਨੂੰ ਘਰ ਦਾ ਚੇਤਾ ਆਇਆ ਤੇ ਨਾ ਸਕੂਲ ਦਾ| ਭੁੱਖ, ਤੇਹ ਵੀ ਮੈਨੂੰ ਭੁੱਲੀ ਰਹੀ|
ਡੋਰ ਅਤੇ ਪਤੰਗ ਲੁੱਟਣ ਵਾਲੇ ਬਾਕੀ ਮੁੰਡੇ ਮੇਰੇ ਨਾਲੋਂ ਵੱਡੇ ਸਨ| ਦੁਪਹਿਰ ਤੱਕ ਨਾ ਮੈਥੋਂ ਡੋਰ ਹੀ ਲੁੱਟੀ ਗਈ ਤੇ ਨਾ ਪਤੰਗ |
ਮੈਂ ਧੁੱਪ ਵਿਚ ਇਧਰ ਉਧਰ ਨੱਸਦਾ ਥੱਕ ਗਿਆ ਸਾਂ| ਮੈਂ ਘਰ ਵੱਲ ਤੁਰ ਪਿਆ ਘਰ ਪਹੁੰਚ ਕੇ ਦੇਖਿਆ ਮੇਰਾ ਬਾਲ ਬੋਧ ਕੱਛੇ ਦੇ ਨੇਂਘ ਵਿਚੋਂ ਖਿਸਕ ਕੇ ਕਿਧਰੇ ਡਿੱਗ ਪਿਆ ਸੀ| ਪੜ੍ਹਾਈ ਦੇ ਉਨ੍ਹਾਂ ਦਿਨਾਂ ਵਿਚ ਮੇਰੇ ਬਹੁਤ ਸਾਰੇ ਬਾਲ ਬੋਧ ਗੁੰਮ ਹੋਏ ਸਨ| ਉਦੋਂ ਮੈਂ ਨਿੱਤ ਨਵਾਂ ਬਾਲ ਬੋਧ ਲੈ ਕੇ ਸਕੂਲ ਜਾਂਦਾ ਸਾਂ!
…ਤੇ ਫੇਰ ਪਤਾ ਨਹੀਂ ਕੀ ਹੋਇਆ, ਆਸਮਾਨ ਵਿਚ ਉਡਦੀਆਂ ਗੁੱਡੀਆਂ ਗੁਆਚ ਗਈਆਂ, ਪਿੜ ਉਜੜ ਗਿਆ| ਗੁੱਡੀਆਂ ਉਡਾਣ ਵਾਲੇ ਮੁੰਡੇ ਵੀ ਕਿਧਰੇ ਰੁਲ ਗਏ ਤੇ ਉਨ੍ਹਾਂ ਦੀਆਂ ਡੋਰਾਂ ਦੇ ਪਿੰਨੇ ਵੀ|
ਹਵਾ ਵਿਚ ਬੇਰੌਣਕੀ ਰਲ ਗਈ|
ਕੁਝ ਇਹੋ ਜਿਹਾ ਵੀ ਵਾਪਰ ਰਿਹਾ ਸੀ ਜਿਸਦੀ ਮੈਨੂੰ ਸਮਝ ਨਹੀਂ ਸੀ| ਮਾਂ ਅਤੇ ਪਿਤਾ ਜੀ ਵੀ ਕਿਸੇ ਫ਼ਿਕਰ ਵਿਚ ਰਹਿਣ ਲੱਗ ਪਏ ਸਨ| ਉਹ ਆਪਸ ਵਿਚ ਹੌਲੀ ਹੌਲੀ ਗੱਲਾਂ ਕਰਦੇ ਸਨ| ਘਰ ਦਾ ਮਹੌਲ ਗੁੰਮਸੁੰਮ ਜਿਹਾ ਹੋ ਗਿਆ ਸੀ|
ਅਚਾਨਕ ਇਕ ਦਿਨ ਭੈਣਾਂ ਦਾ ਸਕੂਲ ਲੰਮੇਂ ਸਮੇਂ ਲਈ ਬੰਦ ਹੋ ਗਿਆ ਤੇ ਉਹ ਘਰ ਬਹਿ ਗਈਆਂ|
ਮਾਂ ਨੇ ਮੈਨੂੰ ਵੀ ਸਕੂਲ ਜਾਣ ਤੋਂ ਵਰਜ ਦਿੱਤਾ।
-2-
ਮੇਰੇ ਚਾਰ-ਚੁਫੇਰੇ ਵਸਦੀ ਦੁਨੀਆਂ ਨਵੀਂ ਨਵੀਂ ਸੀ ਤੇ ਸੁਹਣੀ ਸੁਹਣੀ ਵੀ| ਮੈਂ ਹੈਰਾਨੀ ਭਰੀ ਉਤਸੁਕਤਾ ਨਾਲ ਉਸ ਦੁਨੀਆਂ ਨੂੰ ਦੇਖਦਾ ਸਾਂ ਮੇਰੀ ਉਸ ਦੁਨੀਆਂ ਵਿਚ ਬਹੁਤ ਸਾਰੇ ਲੋਕ ਸਨ ਤੇ ਸਾਰੇ ਹੀ ਇਕ ਦੂਸਰੇ ਨਾਲੋਂ ਵੱਖਰੇ ਸਨ|
ਜਿਸ ਗਲੀ ਵਿਚ ਸਾਡਾ ਘਰ ਸੀ, ਉਹ ਗਲੀ ਕੁਝ ਦੂਰ ਜਾ ਕੇ ਅੱਡਾ ਬਾਜ਼ਾਰ ਵਿਚ ਜਾ ਰਲਦੀ ਸੀ| ਬਾਜ਼ਾਰ ਵਿਚ, ਉਥੇ ਕੁ ਹੀ ਛੱਤੀ ਖੂਹੀ ਸੀ| ਉਸ ਖੂਹੀ ਉਤੇ ਹਰ ਵੇਲੇ ਇਕ ਬੁੱਢਾ ਬਾਬਾ ਹੁੰਦਾ ਸੀ| ਉਹ ਬਾਬਾ ਸਾਰਾ ਦਿਨ ਖੂਹੀ ਵਿਚੋਂ ਪਾਣੀ ਕੱਢਦਾ ਰਹਿੰਦਾ ਅਤੇ ਪਾਣੀ ਦੀਆਂ ਭਰੀਆਂ ਹੋਈਆਂ ਬਾਲਟੀਆਂ ਟੂਟੀ ਵਾਲੇ ਡਰੰਮ ਵਿਚ ਪਾਉਂਦਾ ਰਹਿੰਦਾ ਸੀ|
ਉਧਰੋਂ ਲੰਘਣ ਵਾਲੇ ਤਿਰਹਾਏ ਟੂਟੀ ਖੋਲ੍ਹ ਕੇ ਬੁੱਕ ਨਾਲ ਪਾਣੀ ਪੀਂਦੇ ਸਨ| ਤੇਹ ਮੁੱਕਣ ਪਿੱਛੋਂ ਉਹ ਟੂਟੀ ਬੰਦ ਕਰਕੇ ਅਗਾਂਹ ਤੁਰ ਜਾਂਦੇ ਸਨ |
ਉਸ ਖੂਹੀ ਦਾ ਪਾਣੀ ਠੰਡਾ ਅਤੇ ਸੁਆਦੀ ਸੀ| ਮੈਂ ਵੀ ਉਥੇ ਜਾ ਕੇ ਕਈ ਵਾਰ ਪਾਣੀ ਪੀ ਆਉਂਦਾ ਸਾਂ| ਬੁੱਕ ਨਾਲ ਪਾਣੀ ਪੀਂਦਿਆਂ ਮੇਰੀਆਂ ਅਰਕਾਂ ਤੋਂ ਪਾਣੀ ਦੀਆਂ ਧਤੀਰੀਆਂ ਵਗਦੀਆਂ ਰਹਿੰਦੀਆਂ ਸਨ|
ਖੂਹੀ ਦੇ ਨਾਲ ਵਾਲੀ ਦੁਕਾਨ ਉਤੇ ਕਿਰਪਾਨਾਂ ਬਣਦੀਆਂ ਸਨ| ਉਥੇ ਸਿਰਫ਼ ਦੋ ਜਣੇ ਕੰਮ ਕਰਦੇ ਸਨ| ਉਹ ਦੋਵੇਂ ਪਿਉ ਪੁੱਤ ਸਨ| ਉਹ ਭੱਠੀ ਅੱਗੇ ਬੈਠੇ ਲੋਹਾ ਤਪਾਉਂਦੇ ਤੇ ਫਿਰ ਉਸ ਲੋਹੇ ਦੇ ਟੁਕੜੇ ਨੂੰ ਕਿਰਪਾਨ ਦਾ ਰੂਪ ਦੇਣ ਲਈ ਕੁੱਟਣ ਲੱਗ ਪੈਂਦੇ|
ਉਨ੍ਹਾਂ ਦੇ ਸਰੀਰ ਸਾਰਾ ਦਿਨ ਮੁੜ੍ਹਕੇ ਨਾਲ ਭਿੱਜੇ ਰਹਿੰਦੇ ਸਨ| ਜਦੋਂ ਕਿਰਪਾਨ ਬਣ ਜਾਂਦੀ ਸੀ ਤਾਂ ਉਹ ਕਾਲੇ ਰੰਗ ਦੀ ਮਿੱਟੀ ਨਾਲ ਕਿਰਪਾਨ ਨੂੰ ਚਮਕਾਉਣ ਲੱਗ ਪੈਂਦੇ ਸਨ| ਉਸ ਮਿੱਟੀ ਦੀ ਰਗੜਾਈ ਨਾਲ ਕਿਰਪਾਨ ਚਮਕਣ ਲੱਗ ਪੈਂਦੀ ਸੀ
ਛੱਤੀ ਖੂਹੀ ਦੀ ਛਬੀਲ ਦਾ ਪਾਣੀ ਪੀਣ ਪਿੱਛੋਂ ਮੈਂ ਉਸ ਦੁਕਾਨ ਦੇ ਬਾਹਰ ਖਲੋ ਜਾਂਦਾ ਸਾਂ ਤੇ ਪਿਉ ਪੁੱਤ ਨੂੰ ਕੰਮ ਕਰਦਿਆਂ ਵੇਖਦਾ ਰਹਿੰਦਾ ਸਾਂ| ਕਾਲੀ ਮਿੱਟੀ ਨਾਲ ਕੰਮ ਕਰਦੇ ਉਹ ਕਾਲਖ਼ ਨਾਲ ਲਿਬੜੇ ਰਹਿੰਦੇ ਸਨ|
ਕਿਰਪਾਨਾ ਵਾਲੀ ਦੁਕਾਨ ਦੇ ਨਾਲ ਵਾਲੀ ਦੁਕਾਨ ਸ਼ਰਬਤ ਵਾਲੇ ਦੀ ਸੀ| ਉਸ ਦੁਕਾਨ ਵਿਚੋਂ ਹਰ ਵੇਲੇ ਠੰਡੀ ਮਿੱਠੀ ਖੁਸ਼ਬੂ ਆਉਂਦੀ ਰਹਿੰਦੀ ਸੀ| ਉਸ ਦੁਕਾਨ ਦੇ ਬਾਹਰ ਖਲੋ ਕੇ ਮੈਂ ਲੰਮੇਂ ਲੰਮੇਂ ਸਾਹ ਲੈਂਦਾ ਸਾਂ।
ਗਲੀ ਦੇ ਮੋੜ ਉਤੇ ਇਕ ਕੰਘਿਆਂ ਵਾਲਾ ਭਾਈ ਹੁੰਦਾ ਸੀ| ਉਹਦੇ ਕੋਲ ਲੱਕੜ ਦੇ ਕਿੰਨੇ ਸਾਰੇ ਟੁਕੜੇ ਹੁੰਦੇ ਸਨ| ਉਹ, ਉਨ੍ਹਾਂ ਟੁਕੜਿਆਂ ਤੋਂ ਕੰਘੇ ਤਿਆਰ ਕਰਦਾ ਸੀ| ਉਹ ਨਿੱਕੀ ਜਿਹੀ ਆਰੀ ਨਾਲ ਲੱਕੜ ਦੇ ਟੁਕੜਿਆਂ ਵਿਚ ਚੀਰ ਪਾਉਂਦਾ ਰਹਿੰਦਾ ਸੀ| ਉਹ ਗਾਹਕ ਦੀ ਲੋੜ ਅਨੁਸਾਰ ਘੱਟ, ਵੱਧ ਦੰਦੇ ਵੀ ਬਣਾ ਦਿੰਦਾ ਸੀ| ਕੰਘਾ ਬਣਨ ਪਿੱਛੋਂ ਉਹ ਭਾਈ ਰੇਤੀ ਨਾਲ ਕੰਘੇ ਨੂੰ ਰਗੜਦਾ ਸੀ ਤੇ ਸਾਫ਼ ਸੁਥਰਾ ਬਣਾ ਦਿੰਦਾ ਸੀ|
ਮੈਂ ਕਿੰਨਾਂ-ਕਿੰਨਾਂ ਚਿਰ ਉਥੇ ਖਲੋਤਾ ਕੰਘੇ ਬਣਨ ਦੀ ਚਮਤਕਾਰੀ ਕਿਰਿਆ ਵੇਖਦਾ ਰਹਿੰਦਾ ਸਾਂ| ਉਸ ਬਾਜ਼ਾਰ ਵਿਚ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਸਨ, ਪਰ ਮੈਂ ਬਹੁਤ ਦੂਰ ਤੱਕ ਨਹੀਂ ਸਾਂ ਜਾਂਦਾ| ਮੈਨੂੰ ਗੁਆਚ ਜਾਣ ਦਾ ਵੀ ਡਰ ਸੀ| ਉਸ ਬਾਜ਼ਾਰ ਵਿਚ ਕੁਝ ਇਹੋ ਜਿਹੀਆਂ ਦੁਕਾਨਾਂ ਵੀ ਸਨ ਜਿਨ੍ਹਾਂ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਸੀ|
ਦੁਪਹਿਰ ਵੇਲੇ ਛਬੀਲ ਵਾਲੇ ਪਾਸਿਓਂ ਇਕ ਕੁਲਫ਼ੀ ਵਾਲਾ ਗਲੀ ਵਿਚ ਆਉਂਦਾ ਸੀ| ਕੁਝ ਦੂਰ ਤੱਕ ਰੇੜੀ ਰੇੜਨ ਪਿੱਛੋਂ ਉਹ ਰੁਕ ਜਾਂਦਾ ਸੀ ਤੇ ਫਿਰ ਹੋਕਾ ਲਾਉਂਦਾ ਸੀ, “ਮਲਾਈਦਾਰ ਕੁਲਫ਼ੀ! …ਠੰਡੀਠਾਰ ਕੁਲਫ਼ੀ |”
ਜੇਬ ਖਰਚ ਲਈ ਮੈਨੂੰ ਹਰ ਰੋਜ਼ ਘਰੋਂ ਇਕ ਪੈਸਾ ਮਿਲਦਾ ਸੀ| ਕੁਲਫ਼ੀ ਦਾ ਮੁੱਲ ਵੀ ਇਕ ਪੈਸਾ ਹੀ ਹੁੰਦਾ ਸੀ| ਮੈਂ ਲਗਪਗ ਹਰ ਰੋਜ਼ ਹੀ ਉਹਦੇ ਕੋਲੋਂ ਕੁਲਫ਼ੀ ਮੁੱਲ ਲੈ ਕੇ ਖਾਂਦਾ ਸਾਂ|
ਉਸ ਗਲੀ ਵਿਚ ਇਕ ਵਹਿੰਗੀ ਵਾਲਾ ਵੀ ਫੇਰਾ ਮਾਰਦਾ ਸੀ| ਉਸ ਦੀ ਵਹਿੰਗੀ ਦੇ ਦੋਵੇਂ ਛਾਬੇ ਖਾਣ ਵਾਲੀਆਂ ਅਣਗਿਣਤ ਚੀਜ਼ਾਂ ਦੇ ਭਰੇ ਹੋਏ ਹੁੰਦੇ ਸਨ| ਉਨ੍ਹਾਂ ਵਸਤਾਂ ਵਿਚ ਗਚਕ, ਮੁਰਮੁਰਾ, ਫੁੱਲੀਆਂ, ਮਖਾਣੇ, ਡੱਡੀਆਂ-ਮੱਛੀਆਂ, ਪਰਮਲ, ਭੁੱਜੇ ਛੋਲੇ, ਰਿਉੜੀਆਂ ਅਤੇ ਇਹੋ ਜਿਹੀਆਂ ਹੀ ਕਈ ਹੋਰ ਸੁਆਦੀ ਚੀਜ਼ਾਂ ਹੁੰਦੀਆਂ ਸਨ|
ਉਹ ਲੰਮੀ ਦਾੜ੍ਹੀ ਵਾਲਾ ਬੁੱਢਾ ਆਦਮੀ ਸੀ| ਹੋਕਾ ਦੇਣ ਵੇਲੇ ਉਹ ਵਹਿੰਗੀ ਥੱਲੇ ਰੱਖ ਲੈਂਦਾ ਸੀ ਤੇ ਵਹਿੰਗੀ ਨੂੰ ਇਕ ਭੌੜੀ ਦਾ ਠੁੰਮਣਾ ਦੇ ਦਿੰਦਾ ਸੀ| ਉਹਦਾ ਹੋਕਾ ਬਹੁਤ ਲੰਮਾਂ ਹੁੰਦਾ ਸੀ| ਹੋਕਾ ਦਿੰਦਿਆਂ ਉਹ ਸਾਰੀਆਂ ਚੀਜ਼ਾਂ ਇਕ ਇਕ ਕਰਕੇ ਗਿਣਦਾ ਸੀ|
ਜੇ ਕੁਲਫ਼ੀ ਵਾਲਾ ਪਹਿਲੋਂ ਨਾ ਆਵੇ ਤਾਂ ਮੈਂ ਵਹਿੰਗੀ ਵਾਲੇ ਤੋਂ ਕੁਝ ਨਾ ਕੁਝ ਖਰੀਦ ਲੈਂਦਾ ਸਾਂ| ਕਦੀ ਕਦਾਈਂ ਇਕ ਜੋਕਾਂ ਵਾਲਾ ਵੀ ਗਲੀ ਵਿਚ ਹੋਕਾ ਦਿੰਦਾ ਸੀ, “ਜੋਕਾਂ ਲਵਾ ਲਓ! …ਜੋਕਾਂ !”
“ਵੇ ਭਾਈ ਰੁਕੀਂ!” ਇਕ ਦਿਨ ਪਾਲੀ ਦੀ ਮਾਂ ਨੇ ਉਹਨੂੰ ਰੋਕ ਲਿਆ ਸੀ|
ਪਾਲੀ ਮੇਰਾ ਹਾਣੀ ਸੀ| ਉਹਦੇ ਸਰੀਰ ਉਤੇ ਫੁੰਸੀਆਂ ਨਿਕਲੀਆਂ ਹੋਈਆਂ ਸਨ ਜਾਂ ਸ਼ਾਇਦ ਪਿੱਤ ਪੱਕੀ ਹੋਈ ਸੀ|
ਪਾਲੀ ਨੂੰ ਬਾਹੋਂ ਫੜ ਕੇ ਉਸਦੀ ਮਾਂ ਨੇ ਜੋਕਾਂ ਵਾਲੇ ਦੇ ਸਾਹਮਣੇ ਕਰ ਦਿੱਤਾ , “ਲਗਦੈ, ਇਹਦਾ ਖ਼ੂਨ ਗੰਦਾ ਹੋ ਗਿਐ|”
ਜੋਕਾਂ ਵਾਲੇ ਨੇ ਪਾਲੀ ਦੇ ਸਰੀਰ ਉਤੇ ਨਿਕਲੀਆਂ ਫੁੰਸੀਆਂ ਨੂੰ ਧਿਆਨ ਨਾਲ ਵੇਖਿਆ ਤੇ ਬੋਲਿਆ, “ਹਾਂ, ਖ਼ੂਨ ਠੀਕ ਨਈਂ|”
“ਫੇਰ!”
“ਜੋਕ ਲਾ ਦੇਵਾਂ?”
“ਮੁੰਡਾ ਰਾਜੀ ਤਾਂ ਹੋ ਜੂ|”
“ਹਾਂ ਰਾਜੀ ਤਾਂ ਹੋ ਜੂ”
“ਕਿਨੇ ਪੈਸੇ ਲਏਂਗਾ?”
“ਦੁਆਨੀ!”
“ਇਹ ਤਾਂ ਜ਼ਿਆਦਾ ਵਾ, ਕੁਝ ਘੱਟ ਕਰ |”
ਕੁਝ ਚਿਰ ਦੇ ਤਕਰਾਰ ਪਿੱਛੋਂ ਇਕ ਆਨੇ ਉਤੇ ਭਾਅ ਤੈਅ ਹੋ ਗਿਆ| ਜੋਕਾਂ ਵਾਲੇ ਨੇ ਬੰਦ ਡੱਬੀ ਵਿਚੋਂ ਇਕ ਜੋਕ ਕੱਢੀ ਤੇ ਪਾਲੀ ਦੀ ਪਿੰਜਣੀ ਉਤੇ ਚਿਪਕਾ ਦਿੱਤੀ |
ਘਰ ਦੇ ਨਿਆਣੇ ਪਾਲੀ ਦੀਆਂ ਫੁੰਸੀਆਂ ਠੀਕ ਹੁੰਦੀਆਂ ਦੇਖਣ ਲਈ ਉਹਦੇ ਦੁਆਲੇ ਇੱਕਠੇ ਹੋ ਗਏ| ਕੁਝ ਨਿਆਣੇ ਆਂਢ-ਗੁਆਂਢ ਤੋਂ ਵੀ ਆ ਗਏ| ਜਿਸ ਤਮਾਸ਼ੇ ਦੀ ਸਾਨੂੰ ਆਸ ਸੀ ਉਹ ਨਹੀਂ ਹੋਇਆ। ਸਾਡਾ ਖਿਆਲ ਸੀ ਕਿ ਪਾਲੀ ਦੀਆਂ ਫੁੰਸੀਆਂ ਨਿੱਕੀਆਂ ਹੁੰਦੀਆਂ ਹੁੰਦੀਆਂ ਗੁੰਮ ਹੋ ਜਾਣਗੀਆਂ, ਪਰ ਹੋਇਆ ਇਹ ਕਿ ਨਿੱਕੀ ਜਿਹੀ ਜੋਕ ਲੱਤ ਨਾਲ ਚੰਬੜੀ ਪਾਲੀ ਦਾ ਖੂਨ ਚੂਸਦੀ ਰਹੀ| ਜਦੋਂ ਉਹ ਖੂਨ ਪੀ ਪੀ ਮੋਟੀ ਹੋ ਗਈ ਤਾਂ ਲੱਤ ਨਾਲੋਂ ਲੱਥ ਕੇ ਥੱਲੇ ਡਿੱਗ ਪਈ|
ਜੋਕਾਂ ਵਾਲੇ ਨੇ ਭੁੰਜਿਓਂ ਜੋਕ ਚੁੱਕੀ ਤੇ ਮੁੜ ਡੱਬੀ ਵਿਚ ਬੰਦ ਕਰ ਦਿੱਤੀ| ਉਹ ਸਮਾਨ ਸਾਂਭਦਾ ਹੋਇਆ ਬੋਲਿਆ, “ਬੀਬੀ, ਤੇਰੇ ਮੁੰਡੇ ਦਾ ਖੂਨ ਤਾਂ ਬਾਹਲਾ ਈ ਗੰਦੈ| ਮੈਂ ਅਗਲੇ ਹਫ਼ਤੇ ਫੇਰ ਗੇੜਾ ਲਾਊਂ| ਤੇਰੇ ਮੁੰਡੇ ਦੇ ਦੋ ਤਿੰਨ ਵਾਰ ਜੋਕਾਂ ਲਾਉਣੀਆਂ ਪੈਣਗੀਆਂ|”
ਜੋਕਾਂ ਵਾਲੇ ਨੇ ਇਲਾਜ ਦੇ ਪੈਸੇ ਲਏ ਤੇ ਚਲਿਆ ਗਿਆ|
ਉਦੋਂ ਬੱਸ ਏਨੀ ਕੁ ਮੇਰੀ ਦੁਨੀਆਂ ਸੀ|
…ਤੇ ਹੌਲੀ ਹੌਲੀ ਮੇਰੇ ਆਲੇ ਦੁਆਲੇ ਦੇ ਲੋਕ ਗੁਆਚ ਗਏ|
ਦੁਕਾਨਾਂ ਬੰਦ ਰਹਿਣ ਲੱਗ ਪਈਆਂ| ਛਬੀਲ ਉਤੇ ਪਾਣੀ ਮੁੱਕਿਆ ਰਹਿੰਦਾ| ਟੂਟੀ ਵਾਲੇ ਡਰੰਮ ਵਿਚ ਪਾਣੀ ਭਰਨ ਵਾਲਾ ਬਾਬਾ ਕਿਧਰੇ ਚਲਿਆ ਗਿਆ| ਕੁਲਫ਼ੀ ਵਾਲੇ ਨੇ ਗਲੀ ਵਿਚ ਆਉਣਾ ਬੰਦ ਕਰ ਦਿੱਤਾ| ਵਹਿੰਗੀ ਵਾਲਾ ਬਾਬਾ ਵੀ ਕਿਧਰੇ ਗੁੰਮ ਹੋ ਗਿਆ| ਜੋਕਾਂ ਵਾਲਾ ਭਾਈ ਮੁੜ੍ਹ ਨਹੀਂ ਆਇਆ| ਗਲੀ ਸੁੰਨੀ ਰਹਿਣ ਲੱਗ ਪਈ|
ਇਕ ਦਿਨ ਘਰ ਵਿਚ ਕਿਸੇ ਵੱਡੇ ਨੇ ਗੱਲ ਕੀਤੀ, “ਇਕ ਹੋਰ ਦੇਸ਼ ਬਣਨ ਲੱਗਾ ਏ|”
ਮੈਂ ਕਿਸੇ ਦੇਸ਼ ਨੂੰ ਨਹੀਂ ਸਾਂ ਜਾਣਦਾ| ਮੈਨੂੰ ਦੇਸ਼ ਦਾ ਮਾਹਨਾ ਵੀ ਨਹੀਂ ਸੀ ਆਉਂਦਾ, ਪਰ ਮੈਨੂੰ ਏਨਾ ਕੁ ਪਤਾ ਲੱਗ ਗਿਆ ਸੀ ਕਿ ਜਦੋਂ ਕੋਈ ਨਵਾਂ ਦੇਸ਼ ਬਣਨਾ ਹੋਵੇ ਤਾਂ ਕੁਲਫ਼ੀ ਅਤੇ ਖੱਟੀਆਂ ਮਿੱਠੀਆਂ ਗੋਲੀਆਂ ਮਿਲਣੀਆਂ ਬੰਦ ਹੋ ਜਾਂਦੀਆਂ ਨੇ|
-3-
ਮੁਲਕ ਦੀ ਵੰਡ ਦਾ ਰੌਲਾ ਦਿਨ ਬਦਿਨ ਭਖ ਰਿਹਾ ਸੀ| ਲੋਕਾਂ ਨੇ ਇਹ ਵੀ ਪਤਾ ਲਾ ਲਿਆ ਕਿ ਨਵੇਂ ਮੁਲਕ ਦਾ ਨਾਂ ਪਾਕਿਸਤਾਨ ਹੋਊ| ਲੁੱਟ ਖਸੁੱਟ ਅਤੇ ਫਸਾਦਾਂ ਦੀਆਂ ਖ਼ਬਰਾਂ ਵੀ ਸੁਣਾਈ ਦੇਣ ਲੱਗ ਪਈਆਂ ਸਨ|
ਨਿੱਕੇ ਬਾਲ ਖੇਡਣ ਲਈ ਘਰਾਂ ਤੋਂ ਬਾਹਰ ਨਹੀਂ ਸਨ ਜਾਂਦੇ| ਮਕਾਨਾਂ ਦੇ ਬਾਹਰਲੇ ਬੂਹੇ ਦਿਨ ਵੇਲੇ ਵੀ ਅੰਦਰੋਂ ਬੰਦ ਰਹਿੰਦੇ ਸਨ|
ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਸੁੰਨਸਾਨ ਹੋ ਗਏ ਸਨ| ਇਕ ਦਿਨ ਪਿਤਾ ਜੀ ਬਾਹਰੋਂ ਆਏ ਤਾਂ ਉਨ੍ਹਾਂ ਆਖਿਆ, “ਏਨੀ ਕੁ ਇਹਤਿਆਤ ਕਾਫ਼ੀ ਨਹੀਂ ਕਿ ਅੰਦਰੋਂ ਕੁੰਡਾ ਲਾ ਕੇ ਚੁੱਪ ਚਾਪ ਬੈਠੇ ਰਹੀਏ| ਸਾਨੂੰ ਕੁਝ ਹੋਰ ਵੀ ਕਰਨਾ ਚਾਹੀਦੈ|”
ਉਸ ਵੇਲੇ ਉਸ ਮਕਾਨ ਵਿਚ ਰਹਿਣ ਵਾਲੇ ਤਿੰਨੇ ਟੱਬਰ ਵਿਹੜੇ ਵਿਚ ਮੰਜੇ ਡਾਹ ਕੇ ਬੈਠੇ ਹੋਏ ਸਨ|
ਉਹ ਫ਼ਿਕਰਮੰਦ ਸਨ ਅਤੇ ਨਿੱਤ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਉਤੇ ਵਿਚਾਰ ਕਰ ਰਹੇ ਸਨ| ਪਿਤਾ ਜੀ ਨੇ ਦੱਸਿਆ, “ਲੁਟੇਰੇ ਨਿੱਕੇ, ਵੱਡੇ ਟੋਲਿਆਂ ਵਿਚ ਘੁੰਮ ਰਹੇ ਨੇ| ਉਹ ਕਿਸੇ ਵੇਲੇ ਵੀ ਬੂਹੇ ਤੋੜ ਦੇਣਗੇ ਅਤੇ ਸਾਡੇ ਘਰ ਲੁੱਟ ਲੈਣਗੇ| ਉਹ ਸਾਡਾ ਜਾਨੀ ਨੁਕਸਾਨ ਵੀ ਕਰਨਗੇ| ਕੀ ਅਸੀਂ ਇਹ ਤਮਾਸ਼ਾ ਵੇਖਣ ਲਈ ਚੁੱਪ ਬੈਠੇ ਰਹਾਂਗੇ?”
“ਅਸੀਂ ਨਿਹੱਥੇ ਕਰ ਵੀ ਕੀ ਸਕਦੇਂ ਆਂ !” ਉਤਲੀ ਮੰਜ਼ਿਲ ਵਾਲਾ ਅਜੀਤ ਸਿੰਘ ਨਿਆਸਰਿਆਂ ਵਾਂਗ ਬੋਲਿਆ|
“ਆਪਾਂ ਅਸਲੋਂ ਗਏ-ਗੁਜ਼ਰੇ ਵੀ ਨਈਂ, ਪਰ ਕਰੀਏ ਕੀ? ਭਰਾਵੋ! ਮੈਨੂੰ ਤਾਂ ਕੁਝ ਨਈਂ ਸੁਝਦਾ|” ਪਾਲੀ ਦੇ ਪਿਉ ਸਰਦੂਲ ਸਿੰਘ ਨੇ ਕਿਹਾ|
ਉਹ ਸਾਰੇ ਲੁਟੇਰਿਆਂ ਤੋਂ ਬਚਣ ਦੇ ਤਰੀਕਿਆਂ ਉਤੇ ਵਿਚਾਰਾਂ ਕਰਨ ਲੱਗ ਪਏ| ਲੰਮੀ ਬਹਿਸ ਤੋਂ ਪਿੱਛੋਂ ਫ਼ੈਸਲਾ ਇਹ ਹੋਇਆ ਕਿ ਮਕਾਨ ਦੀ ਛੱਤ ਉਤੇ ਇੱਟਾਂ ਰੋੜੇ ਅਤੇ ਪੀਸੀਆਂ ਹੋਈਆਂ ਲਾਲ ਮਿਰਚਾਂ ਜਮ੍ਹਾਂ ਕਰ ਲਈਆਂ ਜਾਣ| ਜਦੋਂ ਵੀ ਲੁਟੇਰਿਆਂ ਦਾ ਹਜੂਮ ਉਨ੍ਹਾਂ ਦੀ ਗਲੀ ਵਿਚ ਲੁੱਟਣ ਲਈ ਆਵੇ, ਉਨ੍ਹਾਂ ਉਤੇ ਇੱਟਾਂ ਰੋੜਿਆਂ ਦਾ ਮੀਂਹ ਵਰਸਾ ਦਿੱਤਾ ਜਵੇ| ਜਦੋਂ ਲੁਟੇਰੇ ਉਪਰ ਵੱਲ ਵੇਖਣ ਤਾਂ ਉਪਰੋਂ ਲਾਲ ਮਿਰਚਾਂ ਦਾ ਚੂਰਾ ਸੁੱਟਿਆ ਜਾਵੇ| ਕੁਝ ਬਦਮਾਸ਼ ਇੱਟਾਂ ਰੋੜਿਆਂ ਦੀ ਮਾਰ ਨਾਲ ਫੱਟੜ ਹੋ ਜਾਣਗੇ| ਕੁਝ ਮਿਰਚਾਂ ਅੱਖਾਂ ਵਿਚ ਪੈਣ ਨਾਲ ਅੰਨ੍ਹੇ ਹੋ ਜਾਣਗੇ|
ਇਸ ਤਰੀਕੇ ਉਤੇ ਫੌਰਨ ਅਮਲ ਕੀਤਾ ਗਿਆ। ਛੱਤ ਉਤੇ ਇੱਟਾਂ-ਰੋੜੇ ਵੀ ਜਮ੍ਹਾਂ ਹੋ ਗਏ ਤੇ ਪੀਸੀਆਂ ਹੋਈਆਂ ਲਾਲ ਮਿਰਚਾਂ ਵੀ| ਸਾਰੇ ਨਿੱਕੇ ਵੱਡਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਸਮਝਾ ਦਿੱਤੀ ਗਈ|
ਅਸੀਂ ਮਨ ਹੀ ਮਨ ਲੁਟੇਰਿਆਂ ਦੀ ਉਡੀਕ ਕਰਨ ਲੱਗ ਪਏ ਸਾਂ|
ਜਦੋਂ ਖ਼ਤਰੇ ਨਾਲ ਜੂਝਣ ਦਾ ਵੇਲਾ ਆਇਆ, ਦੋਹਾਂ ਘਰਾਂ ਦੇ ਵਡੇਰੇ ਤੀਜੇ ਘਰ ਵਿਚ ਬੈਠੇ ਰੇਡੀਉ ਉਤੇ ਖ਼ਬਰਾਂ ਸੁਣ ਰਹੇ ਸਨ| ਰੇਡੀਉ ਦੀ ਆਵਾਜ਼ ਕਦੀ ਗੁਆਚ ਜਾਂਦੀ ਸੀ ਤੇ ਕਦੀ ਉਭਰ ਆਉਂਦੀ ਸੀ| ਉਹ ਅਸਲੀ ਖ਼ਬਰ ਦਾ ਅੰਦਾਜ਼ਾ ਲਾਉਂਦਿਆਂ ਉਚੀ ਉਚੀ ਬੋਲਣ ਲੱਗ ਪੈਂਦੇ ਸਨ|
ਤਿੰਨਾਂ ਘਰਾਂ ਦੇ ਬਾਲ ਹੇਠਾਂ ਇਕੋ ਕਮਰੇ ਵਿਚ ਬੈਠੇ ਹੋਏ ਸਨ| ਅਸੀਂ ਸਾਰੇ ਹੱਸ ਰਹੇ ਸਾਂ, ਗੱਪਾਂ ਮਾਰ ਰਹੇ ਸਾਂ| ਅਚਾਨਕ ਸਾਡਾ ਧਿਆਨ ਕਮਰੇ ਦੇ ਬੂਹੇ ਵੱਲ ਗਿਆ ਤਾਂ ਸਾਹ ਸੂਤੇ ਗਏ|
ਬਰੂਹਾਂ ਵਿਚ ਇਕ ਅਨਜਾਣ ਆਦਮੀ ਖਲੋਤਾ ਹੋਇਆ ਸੀ| ਉਹਦੇ ਹੱਥ ਵਿਚ ਇਕ ਦਾਤਰ ਸੀ|
ਬਾਹਰਲਾ ਬੂਹਾ ਤਾਂ ਬੰਦ ਸੀ, ਉਹ ਲੁਟੇਰਾ ਅੰਦਰ ਕਿਸ ਤਰ੍ਹਾਂ ਪਹੁੰਚ ਗਿਆ? ਉਦੋਂ ਵੇਲਾ ਇਸ ਸੁਆਲ ਦਾ ਜੁਆਬ ਲੱਭਣ ਦਾ ਨਹੀਂ ਸੀ|
ਉਹਦੇ ਸਾਥੀ ਸ਼ਾਇਦ ਬਾਹਰ ਗਲੀ ਵਿਚ ਸਨ| ਲੁਟੇਰਿਆਂ ਨਾਲ ਨਜਿੱਠਣ ਦਾ ਤਰੀਕਾ ਧਰਿਆ ਧਰਾਇਆ ਰਹਿ ਗਿਆ ਸੀ|
ਇਸ ਤੋਂ ਪਹਿਲਾਂ ਕਿ ਲੁਟੇਰਾ ਕੋਈ ਕਾਰਵਾਈ ਕਰਦਾ, ਸਾਰੇ ਬਾਲਾਂ ਨੇ ਸਾਂਝੀ ਚੀਕ ਮਾਰੀ| ਸ਼ਾਇਦ ਬਾਲਾਂ ਨੇ ਰੇਡੀਓ ਦੀ ਆਵਾਜ਼ ਉਚੀ ਕਰਨ ਲਈ ਹਾਕ ਮਾਰੀ ਸੀ, ਉਪਰਲੀ ਮੰਜ਼ਿਲ ਉਤੇ ਰੇਡੀਓ ਸੁਣ ਰਹੇ ਵੱਡਿਆਂ ਨੇ ਸੋਚਿਆ ਤੇ ਰੇਡੀਓ ਦੀ ਆਵਾਜ਼ ਕੁਝ ਉਚੀ ਕਰ ਦਿੱਤੀ|
ਲੁਟੇਰਾ ਇਕ ਛਿਣ ਲਈ ਭੰਮੱਤਰਿਆ ਤੇ ਫਿਰ ਹੱਥ ਵਾਲਾ ਦਾਤਰ ਖੱਬੇ ਤੋਂ ਬਦਲ ਕੇ ਸੱਜੇ ਹੱਥ ਵਿਚ ਫੜ ਲਿਆ|
ਨਿਆਣਿਆਂ ਨੇ ਰਲ ਕੇ ਇਕ ਹੋਰ ਚੀਕ ਮਾਰੀ| ਇਸ ਵਾਰ ਰੇਡੀਓ ਸੁਣਨ ਵਾਲਿਆਂ ਨੂੰ ਖ਼ਤਰੇ ਦਾ ਅਨੁਭਵ ਹੋਇਆ| ਉਹ ਦਗੜ ਦਗੜ ਕਰਦੇ ਅੱਗੜ ਪਿੱਛੜ ਪੌੜੀਆਂ ਵੱਲ ਦੌੜੇ| ਲੁਟੇਰੇ ਦੇ ਹੱਥੋਂ ਦਾਤਰ ਛੁੱਟ ਕੇ ਪੈਰ ਉਤੇ ਵੱਜਾ| ਉਹਨੇ ਜੁਆਬੀ ਚੀਕ ਮਾਰੀ ਤੇ ਉਥੋਂ ਸੰਤੋੜ ਨੱਸਿਆ|
ਵੱਡੇ ਹੇਠਾਂ ਵਿਹੜੇ ਵਿਚ ਪਹੁੰਚੇ ਤਾਂ ਉਨ੍ਹਾਂ ਸੁੱਖ ਦਾ ਸਾਹ ਲਿਆ| ਸਾਰੇ ਬਾਲ ਠੀਕ ਠਾਕ ਸਨ| ਬਾਹਰਲਾ ਬੂਹਾ ਚੁਪੱਟ ਖੁਲ੍ਹਾ ਹੋਇਆ ਸੀ|
ਪਿਤਾ ਜੀ ਨੇ ਅਗਾਂਹ ਹੋ ਕੇ ਬੂਹਾ ਬੰਦ ਕੀਤਾ, ਕੁੰਡਾ ਲਾਇਆ ਤੇ ਕੁੰਡੇ ਵਿਚ ਚਿਮਟਾ ਫਸਾ ਦਿੱਤਾ| ਹੁਣ ਲੁਟੇਰਾ ਆਵੇ ਵੀ ਤਾਂ ਬਾਹਰੋਂ ਵਿਰਲ ਵਿਚੋਂ ਹੱਥ ਪਾ ਕੇ ਬੂਹਾ ਨਹੀਂ ਸੀ ਖੋਲ੍ਹ ਸਕਦਾ|
ਉਸ ਦਿਨ ਤਿੰਨਾਂ ਟੱਬਰਾਂ ਦੇ ਜੀਆਂ ਨੂੰ ਇਹ ਚੇਤਾਵਨੀ ਵੀ ਦੇ ਦਿੱਤੀ ਗਈ ਕਿ ਕੋਈ ਵੀ ਬੂਹਾ ਬੰਦ ਕਰਨ ਪਿੱਛੋਂ ਕੁੰਡੇ ਵਿਚ ਚਿਮਟਾ ਅੜਾਉਣਾ ਨਾ ਭੁੱਲੇ|
-4-
ਬਾਹਰਲਾ ਬੂਹਾ ਕੁਝ ਇਸ ਤਰ੍ਹਾਂ ਖੜਕਿਆ ਜਿਵੇਂ ਝੱਖੜ ਝੁਲ ਪਿਆ ਹੁੰਦਾ ਹੈ| ਬੂਹਾ ਖੜਕਾਉਣ ਵਾਲੇ ਨੇ ਪਾਲੀ ਦੀ ਮਾਂ ਦਾ ਨਾਂ ਲੈ ਕੇ ਉਚੀ ਉਚੀ ਹਾਕਾਂ ਮਾਰੀਆਂ| ਕੁਲਵੰਤ ਕੌਰ ਤ੍ਰਭਕ ਕੇ ਉਠੀ ਤੇ ਬਾਹਰਲੇ ਬੂਹੇ ਵੱਲ ਦੌੜੀ|
ਬੂਹਾ ਇਹਤਿਆਤ ਨਾਲ ਬੰਦ ਕੀਤਾ ਹੋਇਆ ਸੀ| ਕੁੰਡਾ ਲਾ ਕੇ ਵਿਚ ਚਿਮਟਾ ਫਸਾਇਆ ਹੋਇਆ ਸੀ| ਸਰਦੂਲ ਸਿੰਘ ਕੋਲੋਂ ਬਾਹਰੋਂ ਹੱਥ ਪਾ ਕੇ ਬੂਹਾ ਨਹੀਂ ਸੀ ਖੁਲਿ੍ਹਆ|
ਕੁਲਵੰਤ ਕੌਰ ਨੇ ਹਰਫ਼ਲੀ ਹੋਈ ਨੇ ਦਰਵਾਜ਼ਾ ਖੋਲਿ੍ਹਆ| ਸਰਦੂਲ ਸਿੰਘ ਘਬਰਾਇਆ ਹੋਇਆ ਸੀ| ਉਹਨੇ ਅੰਦਰ ਵੜਦਿਆ ਸਾਰ ਹੀ ਬੂਹਾ ਮੁੜ ਬੰਦ ਕੀਤਾ ਤੇ ਕੁੰਡਾ ਲਾ ਕੇ ਪਹਿਲਾਂ ਵਾਂਗ ਹੀ ਵਿਚ ਚਿਮਟਾ ਫਸਾ ਦਿੱਤਾ|
ਸਰਦੂਲ ਸਿੰਘ ਦੇ ਮੱਥੇ ਉਤੇ ਮੁੜ੍ਹਕੇ ਦੀਆਂ ਬੂੰਦਾਂ ਸਨ| ਹੱਥ ਨਾਲ ਮੁੜ੍ਹਕਾ ਪੂੰਝਦਿਆਂ ਉਹਨੇ ਲੰਮੇਂ ਲੰਮੇਂ ਸਾਹ ਲਏ|
ਆਟੇ ਵਾਲੇ ਪੀਪੇ ’ਚੋਂ ਛਾਨਣੀ ਲੈ ਕੇ ਉਸ ਨਲਕੇ ਹੇਠ ਰੱਖ ਦਿੱਤੀ| ਉਹਨੇ ਝੋਲਾ ਉਲੱਦਿਆ ਤਾਂ ਲਹੂ ਨਾਲ ਲਿਬੜੇ ਕਿੰਨੇ ਸਾਰੇ ਗਹਿਣੇ ਛਾਨਣੀ ਵਿਚ ਡਿੱਗੇ| ਲਹੂ ਨਾਲ ਦਾਗੀ ਹੋਇਆ ਝੋਲਾ ਉਸ ਪਾਲੀ ਦੀ ਮਾਂ ਵੱਲ ਸੁੱਟ ਦਿੱਤਾ, “ਇਹਨੂੰ ਚੁਲੇ੍ਹ ਵਿਚ ਰੱਖ ਦੇ ਹੁਣੇ ਹੀ ਫੂਕ ਦੇਹ, ਨੇਂ ਜਾਣੀਏਂ ਕਿਤੇ …।”
ਉਹਨੂੰ ਡਰ ਸੀ ਕਿ ਕਾਰਗੁਜ਼ਾਰੀ ਦਾ ਸਬੂਤ ਕਿਸੇ ਦੇ ਹੱਥ ਨਾ ਲੱਗ ਜਾਵੇ|
ਕੁਲਵੰਤ ਕੌਰ ਨੇ ਚੁਲ੍ਹੇ ਵਿਚ ਝੁਲਕਾ ਡਾਹ ਕੇ ਅੱਗ ਬਾਲੀ, ਲਾਟਾਂ ਉਚੀਆਂ ਹੋਈਆਂ ਤਾਂ ਉਹਨੇ ਝੋਲਾ ਵਿਚ ਰੱਖ ਕੇ ਸਾੜ ਦਿੱਤਾ|
ਸਰਦੂਲ ਸਿੰਘ ਦੇ ਕਮੀਜ਼ ਉਤੇ ਪਤਾ ਨਹੀਂ ਕੀਹਦੇ ਕੀਹਦੇ ਲਹੂ ਦੇ ਧੱਬੇ ਸਨ| ਉਹਨੇ ਕਮੀਜ਼ ਗਲੋਂ ਉਤਾਰ ਕੇ ਭਿਉਂ ਦਿੱਤਾ ਤੇ ਖੁਰੇ ਦੀ ਨੁੱਕਰੇ ਰੱਖ ਕੇ ਅਗਲੇ ਕੰਮ ਵੱਲ ਅਹੁਲਿਆ|
ਉਹਨੇ ਮਿਆਨ ਕੰਧ ਨਾਲ ਟਿਕਾਅ ਦਿੱਤਾ ਤੇ ਕਿਰਪਾਨ ਦੀ ਨੋਕ ਨਾਲ ਛਾਨਣੀ ਕੁਝ ਹੋਰ ਉਰ੍ਹਾਂ ਕਰ ਲਈ| ਨਲਕਾ ਗੇੜ ਕੇ ਉਸ ਕਿਰਪਾਨ ਤੋਂ ਸੁੱਕਾ ਲਹੂ ਧੋਤਾ| ਗਿੱਲੀ ਕਿਰਪਾਨ ਉਹਨੇ ਕਿੱਲੀ ਉਤੇ ਟੰਗੇ ਹੋਏ ਪਰਨੇ ਨਾਲ ਪੂੰਝੀ, ਕਿਰਪਾਨ ਦੀ ਧਾਰ ਨੂੰ ਪਰਖਿਆ ਤੇ ਫਿਰ ਕਿਰਪਾਨ ਮਿਆਨ ਵਿਚ ਪਾ ਕੇ ਮੁੜ ਕੰਧ ਨਾਲ ਟਿਕਾਅ ਦਿੱਤੀ|
ਮੈਂ ਤੇ ਪਾਲੀ ਪਹਿਲੋਂ ਪਰ੍ਹਾਂ ਖੜੇ ਤਮਾਸ਼ਾ ਵੇਖਦੇ ਰਹੇ ਤੇ ਫਿਰ ਨੇੜੇ ਆ ਕੇ ਪੈਰਾਂ ਭਾਰ ਖੁਰੇ ਦੀ ਬਨੇਰੀ ਉਤੇ ਬੈਠ ਗਏ| ਸਰਦੂਲ ਸਿੰਘ ਨੇ ਸਾਨੂੰ ਝਿੜਕ ਕੇ ਉਥੋਂ ਨਸਾ ਦਿੱਤਾ, “ਤੁਸੀਂ ਕੀ ਵੇਂਹਨੇ ਓ? ਤਿੱਤਰ ਹੋ ਜੋ ਇਥੋਂ!”
ਤੇ ਫੇਰ ਉਸ ਪਾਲੀ ਨੂੰ ਝਿੜਕਿਆ, “ਜਾਹ ਮਾਂ ਕੋਲੋਂ ਨਿੱਕਰ ਦੇ ਬਟਨ ਬੰਦ ਕਰਵਾ, ਫੁੱਲੋ ਕੱਢੀ ਫਿਰਦੈਂ|”
ਸਰਦੂਲ ਸਿੰਘ ਨੇ ਗਹਿਣਿਆਂ ਨੂੰ ਮਲ ਮਲ ਧੋਤਾ ਤੇ ਹਰ ਇਕ ਗਹਿਣੇ ਨੂੰ ਚਾਨਣ ਵੱਲ ਕਰ ਕੇ ਪਰਖਿਆ| ਗਹਿਣਿਆਂ ਉਤੇ ਲਹੂ ਲੱਗੇ ਰਹਿ ਜਾਣ ਦਾ ਸੰਸਾ ਹਾਲੇ ਵੀ ਬਾਕੀ ਸੀ| ਉਹਨੇ ਇਕ ਵਾਰ ਮੁੜ ਸਾਰੇ ਗਹਿਣੇ ਨਲਕੇ ਹੇਠ ਰੱਖ ਦਿੱਤੇ ਤੇ ਨਵੇਂ ਸਿਰਿਓਂ ਨਲਕਾ ਗੇੜਨ ਲੱਗ ਪਿਆ|
ਸਰਦੂਲ ਸਿੰਘ ਨੇ ਸਾਰਾ ਖਿਲਾਰਾ ਸਾਂਭ ਦਿੱਤਾ| ਵਿਹਲਾ ਹੋ ਕੇ ਉਹ ਚੰਗੇ ਰੌਂਅ ਵਿਚ ਆ ਗਿਆ| ਉਹ ਨਹਾ ਕੇ ਤਰੋਤਾਜ਼ਾ ਹੋਇਆ ਤੇ ਫਿਰ ਅਪਣੇ ਲਈ ਹਾੜਾ ਤਿਆਰ ਕਰ ਲਿਆ। ਉਹਨੇ ਸ਼ਰਾਬ ਵਿਚ ਲੋੜ ਜੋਗਾ ਪਾਣੀ ਮਿਲਾਇਆ ਤੇ ਗਲਾਸ ਫੜ ਕੇ ਮੰਜੇ ਉਤੇ ਚੌਂਕੜੀ ਮਾਰ ਕੇ ਬੈਠ ਗਿਆ| ਉਹਨੇ ਸ਼ਰਾਬ ਵਿਚ ਉਂਗਲ ਡਬੋ ਕੇ ਛਿੱਟੇ ਜ਼ਮੀਨ ਉਤੇ ਮਾਰੇ| ਇਸ ਤਰ੍ਹਾਂ ਧਰਤੀ ਨੂੰ ਭੋਗ ਲਾਉਣ ਪਿੱਛੋਂ ਉਹਨੇ ਡੀਕ ਵਰਗੀ ਲੰਮੀਂ ਘੁੱਟ ਭਰੀ ਤੇ ਗਲਾਸ ਅੱਧਾ ਖ਼ਾਲੀ ਕਰ ਦਿੱਤਾ|
ਕੁਲਵੰਤ ਕੌਰ ਚੌਂਕੇ ਵਿਚ ਬੈਠੀ ਹੋਈ ਸੀ| ਸਰਦੂਲ ਸਿੰਘ ਕੁਝ ਛਿਣ ਉਹਦੇ ਵੱਲ ਵੇਖਦਾ ਰਿਹਾ ਤੇ ਫਿਰ ਹੱਸਦਾ ਹੋਇਆ ਬੋਲਿਆ, “ਭਾਗਵਾਨੇ, ਤੂੰ ਐਵੇਂ ਨਾ ਝੂਰਦੀ ਰਿਹਾ ਕਰ| ਜੇ ਵਾਹਿਗੁਰੂ ਦੀ ਏਤਰ੍ਹਾਂ ਹੀ ਮਿਹਰ ਰਹੀ ਤਾਂ ਘਰ ਵਿਚ ਰੇਲੂੰ ਪੇਲੂੰ ਹੋ ਜੂ| … ਤੂੰ ਜ਼ਰਾ ਦੋ ਫਾੜੀਆਂ ਅੰਬ ਦੇ ਆਚਾਰ ਦੀਆਂ ਫੜਾ ਜਾਹ ਤੇ ਕੌਲੀ ਵਿਚ ਥੋੜੀ ਜਿਹੀ ਦਾਲ ਵੀ|”
-5-
ਹਰ ਦਿਨ ਇਸ ਉਮੀਦ ਨਾਲ ਚੜ੍ਹਦਾ ਕਿ ਸੁੱਖ ਦੀ ਹਵਾ ਰੁਮਕੂ|
ਹਰ ਸ਼ਾਮ ਢਲਦੀ ਤਾਂ ਦਹਿਸ਼ਤ ਦਾ ਰੰਗ ਗੂੜ੍ਹਾ ਹੋ ਜਾਂਦਾ|
ਉਸ ਸ਼ਹਿਰ ਦਾ ਆਸਮਾਨ ਪਹਿਲਾਂ ਵਾਂਗੂੰ ਸਾਫ਼ ਨਹੀਂ ਸੀ ਰਿਹਾ|
ਅੱਗ ਚਾਨਣ ਦੇਣ ਦੇ ਬਹਾਨੇ ਘਰਾਂ ਨੂੰ ਲੂਹ ਦਿੰਦੀ।
ਧੂੰਆਂ ਨਿੱਤ ਤਾਰਿਆਂ ਨੂੰ ਢੱਕ ਲੈਂਦਾ|
ਅੱਗ ਤੇ ਧੂੰਏਂ ਦੀ ਖੇਡ ਵਿਚ ਘਰ ਖੰਡਰ ਬਣਦੇ ਰਹੇ|
ਕੰਧਾਂ ਨੂੰ ਕਿਲ੍ਹਾ ਮੰਨ ਕੇ ਅਸੀਂ ਅਪਣੇ ਘਰ ਵਿਚ ਬੰਦ ਹੋ ਗਏ|
ਕਤਲੋ ਗਾਰਤ ਸਿਖ਼ਰ ਉਤੇ ਸੀ|
ਇਕ ਦਿਨ ਫੌਜੀ ਗੱਡੀ ਬੂਹੇ ਅੱਗੇ ਆ ਕੇ ਰੁਕੀ| ਦਹਿਸ਼ਤ ਨੇ ਦਸਤਕ ਦਿੱਤੀ|
ਪਾਕਿਸਤਾਨੀ ਫੌਜੀਆਂ ਨੂੰ ਵੇਖ ਕੇ ਸਾਰੇ ਟੱਬਰ ਦਾ ਸਾਹ ਸੂਤਿਆ ਗਿਆ|
“ਅਮਰ ਸਿੰਘ ਕੌਣ ਹੈ?” ਇਕ ਅਧਿਕਾਰੀ ਨੇ ਪੁੱਛਿਆ|
“ਜੀ, ਮੇਰਾ ਹੀ ਨਾਂ ਅਮਰ ਸਿੰਘ ਹੈ|”
“ਅਸੀਂ ਤੁਹਾਨੂੰ ਲੈਣ ਆਏ ਹਾਂ|”
“ਮੈਨੂੰ?”
ਦਿਲ ਦੇ ਡੁਬੂੰ ਡੁਬੂੰ ਕਰਦਿਆਂ, ਪਲ ਸੂਲੀ ਉਤੇ ਟੰਗੇ ਗਏ|
ਸੈਨਿਕ ਅਧਿਕਾਰੀ ਨੂੰ ਅਪਣੀ ਗਲਤੀ ਦਾ ਅਹਿਸਾਸ ਹੋਇਆ| ਉਹਨੇ ਮੁਸਕਰਾਉਣ ਦਾ ਯਤਨ ਕੀਤਾ, “ਸਰਦਾਰ ਸਾਹਿਬ! ਘਬਰਾਉਣ ਵਾਲੀ ਕੋਈ ਗੱਲ ਨਹੀਂ| ਸਾਨੂੰ ਚੌਧਰੀ ਫ਼ਕੀਰ ਹੁਸੈਨ ਸਾਹਬ ਨੇ ਭੇਜਿਆ ਹੈ| ਉਨ੍ਹਾਂ ਦੀ ਅੱਜ ਹੀ ਪਾਕਿਸਤਾਨ ਨੂੰ ਰਵਾਨਗੀ ਹੈ| ਜਾਣ ਤੋਂ ਪਹਿਲਾਂ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ|”
ਪਿਤਾ ਜੀ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਲਾਕੇ ਦਾ ਮੰਨਿਆਂ ਪ੍ਰਮੰਨਿਆਂ ਮੋਹਤਬਰ ਅਪਣੇ ਲੋਕਾਂ ਨੂੰ, ਯਾਰਾਂ ਨੂੰ ਪਿੱਛੇ ਛੱਡ ਕੇ, ਜ਼ਮੀਨ ਅਤੇ ਬਾਗਾਂ ਨੂੰ ਤਿਲਾਂਜਲੀ ਦੇ ਕੇ ਇਥੋਂ ਤੁਰ ਜਾਣ ਦਾ ਫ਼ੈਸਲਾ ਲੈ ਲਵੇਗਾ| ਇਸਦਾ ਇਕ ਅਰਥ ਇਹ ਵੀ ਸੀ ਕਿ ਠੰਢ ਠੰਢਾਉਲਾ ਹੋਣ ਦੀ ਕੋਈ ਆਸ ਨਹੀਂ ਸੀ| ਫ਼ਕੀਰ ਹੁਸੈਨ ਕੋਲ ਇਸ ਬਾਰੇ ਜ਼ਰੂਰ ਪੱਕੀ ਸੂਚਨਾ ਸੀ, ਤਾਂ ਹੀ ਪਾਕਿਸਤਾਨੀ ਫੌਜੀ ਉਹਨੂੰ ਹਿਫ਼ਾਜਤ ਨਾਲ ਲੈ ਕੇ ਜਾਣ ਲਈ ਉਚੇਚਾ ਪਹੁੰਚੇ ਸਨ| ਉਹ ਮੁਸਲਮਾਨਾਂ ਵਿਚ ਵੱਡਾ ਨਾਂਅ ਸੀ|
ਹਵਾ ਕੁਝ ਇਹੋ ਜਿਹੀ ਵਗ ਰਹੀ ਸੀ ਕਿ ਕੋਈ ਵੀ ਅਪਣਾ ਹੁਣ ਅਪਣਾ ਨਹੀਂ ਸੀ ਰਿਹਾ| ਪਿਤਾ ਜੀ ਦਾ ਜਿਗਰੀ ਯਾਰ ਵੀ ਦੁਸ਼ਮਣ ਦੇਸ਼ ਦਾ ਬਸ਼ਿੰਦਾ ਹੋ ਗਿਆ ਸੀ| ਘਰ ਦੇ ਜੀਆਂ ਨੇ ਪਿਤਾ ਜੀ ਨੂੰ ਦੂਸਰੇ ਦੇਸ਼ ਦੇ ਸਿਪਾਹੀਆਂ ਨਾਲ ਜਾਣ ਤੋਂ ਵਰਜਿਆ, ਪਰ ਉਹ ਦੋਸਤੀ ਤੋਂ ਮੂੰਹ ਕਿਵੇਂ ਮੋੜ ਲੈਂਦੇ| ਮਾਂ ਦੇ ਤਰਲੇ ਮਿੰਨਤਾਂ ਸਾਹਵੇਂ ਹੱਠ ਨੇ ਅਪਣੀ ਪੁਗਾ ਲਈ| ਉਹ ਫੌਜੀ ਗੱਡੀ ਵਿਚ ਬੈਠ ਕੇ ਚਲੇ ਗਏ|
ਟੱਬਰ ਸੂਲੀ ਉਤੇ ਟੰਗਿਆ ਗਿਆ|
ਫ਼ਕੀਰ ਹੁਸੈਨ ਦਾ ਪਿੰਡ ਭਰੋਵਾਲ ਤਰਨਤਾਰਨ ਤੋਂ ਕੁਝ ਕੁ ਮੀਲਾਂ ਦੀ ਵਿੱਥ ਉਤੇ ਹੀ ਸੀ| ਉਹ ਪਿਤਾ ਜੀ ਨੂੰ ਧਾਅ ਕੇ ਮਿਲਿਆ| ਉਨ੍ਹਾਂ ਦੁਆਲੇ ਬਾਹਵਾਂ ਵਲਾਅ ਕੇ ਉਹ ਫੁੱਟ ਫੁੱਟ ਰੋਇਆ| ਬੇਬਸੀ ਦੀ ਅਜੀਬ ਇਬਾਰਤ ਸੀ ਉਹ ਵੀ|…ਤੇ ਫ਼ਿਰ ਖ਼ੁਦ ਨੂੰ ਸੰਭਾਲਦਿਆਂ ਉਸ ਆਖਿਆ, “ਅਮਰ ਸਿੰਹਾਂ! ਤੂੰ ਏਤਰ੍ਹਾਂ ਕਰ ਇਥੋਂ ਕੀਮਤੀ ਸਮਾਨ ਲਦਵਾ ਕੇ ਅਪਣੇ ਘਰ ਲੈ ਜਾਹ, ਤੇਰੇ ਕਿਸੇ ਕੰਮ ਆਊ| ਇਹ ਫੌਜੀ ਟਰੱਕ ਮੈਂ ਇਸੇ ਕੰਮ ਲਈ ਰੋਕਿਆ ਹੋਇਆ ਹੈ|”
ਪਿਤਾ ਜੀ ਦੇ ਬੋਲ ਸਲ੍ਹਾਬੇ ਗਏ, “ਬੱਸ ਇਹੋ ਕਸਰ ਬਾਕੀ ਰਹਿ ਗਈ ਸੀ ਕਿ ਤੇਰਾ ਘਰ ਸਭ ਤੋਂ ਪਹਿਲਾਂ ਮੈਂ ਹੀ ਲੁੱਟਾਂ|” ਇਸ ਤੋਂ ਅਗਾਂਹ ਪਿਤਾ ਜੀ ਕੋਲੋਂ ਗੱਲ ਨਹੀਂ ਸੀ ਹੋਈ| ਉਨ੍ਹਾਂ ਦਾ ਗੱਚ ਭਰ ਆਇਆ ਸੀ|
ਮੈਨੂੰ ਨਹੀਂ ਪਤਾ ਕਿ ਉਨ੍ਹਾਂ ਉਦੋਂ ਫ਼ਕੀਰ ਹੁਸੈਨ ਕੋਲ ਕਿੰਨਾ ਕੁ ਸਮਾਂ ਗੁਜ਼ਾਰਿਆ ਸੀ, ਪਰ ਏਨਾ ਕੁ ਮੈਨੂੰ ਯਾਦ ਹੈ ਹੈ ਕਿ ਜਦੋਂ ਫੌਜੀ ਗੱਡੀ ਉਹਨਾਂ ਨੂੰ ਘਰ ਵਾਪਸ ਛੱਡ ਕੇ ਗਈ ਸੀ ਤਾਂ ਉਹ ਬਹੁਤ ਉਦਾਸ ਸਨ|
ਉਹ ਭਾਵੇਂ ਚੌਧਰੀ ਫ਼ਕੀਰ ਹੁਸੈਨ ਦੇ ਘਰ ਦੀ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਮੁਨਕਰ ਹੋ ਗਏ ਸਨ, ਪਰ ਉਸ ਘਰ ਦੀ ਲੁੱਟ ਨੂੰ ਉਹ ਕਿਸੇ ਤਰ੍ਹਾਂ ਵੀ ਰੋਕ ਨਹੀਂ ਸਨ ਸਕਦੇ|
-6-
ਪਾਲੀ ਦੇ ਪਿਓ ਨੇ ਬਾਹਰੋਂ ਆ ਕੇ ਸਾਰਿਆਂ ਨੂੰ ਇਕ ਖ਼ਾਸ ਖ਼ਬਰ ਦੱਸੀ, “ਪਤੈ! ਭਲਕੇ ਇਥੋਂ ਦੀ ਵੀ ਕਾਫ਼ਲਾ ਲੰਘ ਰਿਹੈ|”
ਸਾਰਿਆਂ ਨੇ ਇਸ ਖ਼ਬਰ ਵਿਚ ਉਚੇਚੀ ਦਿਲਚਸਪੀ ਲਈ|
ਜਦੋਂ ਸ਼ਹਿਰ ਵਿਚ ਸਰਕਸ ਆਈ ਸੀ ਤਾਂ ਮੈਂ ਹਾਥੀ ਸ਼ੇਰ, ਚੀਤੇ ਤੇ ਰਿੱਛ ਬਾਰੇ ਅਚੰਭੇ ਨਾਲ ਸੁਣਿਆਂ ਸੀ ਤੇ ਫਿਰ ਉਨ੍ਹਾਂ ਜਨੌਰਾਂ ਨੂੰ ਉਚੇਚਾ ਜਾ ਕੇ ਵੇਖਿਆ ਵੀ ਸੀ| ਮੈਂ ਮਾਂ ਕੋਲ ਜਾ ਕੇ ਰਿਹਾੜ ਕੀਤੀ, “ਮੈਂ ਕਾਫ਼ਲਾ ਵੇਖਣਾ ਏਂ ਮਾਂ!”
ਮੈਂ ਚਹੁੰ ਭੈਣਾਂ ਦਾ ਇਕ ਭਰਾ ਸਾਂ| ਮਾਂ ਨੇ ਸੁੱਖਾਂ ਸੁੱਖ ਕੇ ਮੈਨੂੰ ਰੱਬ ਕੋਲੋਂ ਮੰਗਿਆ ਸੀ| ਕਾਫ਼ਲਿਆਂ ਉਤੇ ਤਾਂ ਕਈ ਤਰ੍ਹਾਂ ਦੇ ਖ਼ਤਰੇ ਮੰਡਰਾਉਂਦੇ ਸਨ, ਮਾਂ ਮੈਨੂੰ ਕਾਫ਼ਲਾ ਵੇਖਣ ਕਿਵੇਂ ਤੋਰ ਦਿੰਦੀ| ਉਹਨੇ ਸਖ਼ਤ ਬੋਲਾਂ ਨਾਲ ਤਾੜਿਆ, “ਖ਼ਬਰਦਾਰ, ਜੇ ਘਰੋਂ ਬਾਹਰ ਪੈਰ ਵੀ ਕੱਢਿਆ ਤਾਂ ……।”
ਅਗਲੀ ਦੁਪਹਿਰ ਵੇਲੇ ਨਿੱਤ ਵਾਂਗੂੰ ਹੀ ਘਰ ਸੁੰਨਸਰਾਂ ਜਿਹਾ ਸੀ| ਦੁਪਹਿਰ ਦੇ ਭੋਜਨ ਤੋਂ ਪਿੱਛੋਂ ਵੱਡੇ ਕੁਝ ਸਮੇਂ ਲਈ ਸੌਂ ਜਾਂਦੇ ਸਨ| ਇਸਨੂੰ ਉਹ ‘ਲੱਕ ਸਿੱਧਾ ਕਰਨਾ’ ਆਖਦੇ ਸਨ| ਵੱਡੇ ਆਪੋ ਅਪਣੇ ਘਰੀਂ ਲੱਕ ਸਿੱਧਾ ਕਰ ਰਹੇ ਸਨ| ਨਿਆਣਿਆਂ ਨੂੰ ਦੁਪਹਿਰ ਵੇਲੇ ਨੀਂਦ ਨਹੀਂ ਸੀ ਆਉਂਦੀ| ਉਹ ਪੌੜੀਆਂ ਚੜ੍ਹ ਕੇ ਘਰ ਦੀ ਛੱਤ ਉਤੇ ਪਹੁੰਚ ਜਾਂਦੇ ਸਨ| ਉਥੇ ਉਹ ਅਪਣੀਆਂ ਖੇਡਾਂ ਖੇਡਣ ਲੱਗ ਪੈਂਦੇ ਸਨ|
ਉਸ ਵੇਲੇ ਮੇਰਾ ਨਿੱਤ ਵਾਲੀਆਂ ਖੇਡਾਂ ਖੇਡਣ ਦਾ ਕੋਈ ਇਰਾਦਾ ਨਹੀਂ ਸੀ| ਮੈਂ ਅੱਖ ਬਚਾ ਕੇ ਬਾਹਰਲੇ ਬੂਹੇ ਵੱਲ ਤੁਰ ਪਿਆ|
ਮੈਨੂੰ ਕਾਫ਼ਲਾ ਅਪਣੇ ਵੱਲ ਬੁਲਾ ਰਿਹਾ ਸੀ| ਮੈਂ ਪੱਬਾਂ ਭਾਰ ਤੁਰਦਾ ਬਾਹਰਲੇ ਦਰਵਾਜ਼ੇ ਤਕ ਪਹੁੰਚ ਗਿਆ| ਕੁੰਡੇ ਵਿਚੋਂ ਚਿਮਟਾ ਕੱਢ ਕੇ ਮੈਂ ਅਡੋਲ ਜਿਹੇ ਹੇਠਾਂ ਰੱਖ ਦਿੱਤਾ| ਹੌਲੀ ਜਿਹੀ ਕੁੰਡਾ ਖੋਲਿ੍ਹਆ ਤੇ ਬਾਹਰ ਨਿਕਲ ਕੇ ਬੂਹਾ ਢੋਅ ਦਿੱਤਾ|
ਤਮਾਸ਼ਬੀਨ ਅੱਡਾ ਬਾਜ਼ਾਰ ਦੇ ਮੁਹਾਣੇ ਉਤੇ ਖੜੇ ਸਨ| ਉਹ ਹੋਰ ਅਗਾਂਹ ਜਾਣ ਤੋਂ ਡਰ ਰਹੇ ਸਨ| ਮੈਂ ਵੀ ਉਸ ਭੀੜ ਵਿਚ ਸ਼ਾਮਲ ਹੋ ਗਿਆ|
ਵੱਡੀ ਸੜਕ ਉਤੇ ਇਹੋ ਜਿਹਾ ਕੁਝ ਨਹੀਂ ਸੀ ਜੀਹਨੂੰ ਕੋਈ ਕਾਫ਼ਲਾ ਕਹਿ ਸਕੇ| ਵੱਡੀ ਸੜਕ ਉਤੇ ਲੋਕਾਂ ਦਾ ਹਜੂਮ ਸੀ| ਉਹ ਹਜੂਮ ਸਰਹਾਲੀ ਵਾਲੇ ਪਾਸਿਓ ਵੀ ਆ ਰਿਹਾ ਸੀ ਤੇ ਜੰਡਿਆਲਾ ਗੁਰੂ ਵੱਲੋਂ ਵੀ| ਦਹਿਸ਼ਤਜ਼ਦਾ ਭੀੜ ਵਿਚ ਕਿਸੇ ਨੇ ਪੰਡ ਚੁੱਕੀ ਹੋਈ ਸੀ ਤੇ ਕਿਸੇ ਨੇ ਟਰੰਕ! ਕਿਸੇ ਨੇ ਗੱਡੇ ਉਤੇ ਟੱਬਰ ਨੂੰ ਵੀ ਸਾਮਾਨ ਵਾਂਗ ਲੱਦਿਆ ਹੋਇਆ ਸੀ ਤੇ ਕੋਈ ਤੂਸ ਤੂਸ ਕੇ ਭਰੇ ਹੋਏ ਝੋਲੇ ਨੂੰ ਵੀ ਨਿਆਣੇ ਵਾਂਗ ਢਾਕੇ ਲਾਈ ਜਾਂਦਾ ਸੀ| ਕੋਈ ਡੰਗਰਾਂ ਦੇ ਵੱਗ ਨੂੰ ਵੀ ਨਾਲ ਹਿੱਕੀ ਲਿਜਾ ਰਿਹਾ ਸੀ ਤੇ ਕੋਈ…।”
ਉਸ ਕਾਫ਼ਲੇ ਦੇ ਸਾਰੇ ਰੰਗ ਉਦਾਸ ਸਨ|
ਭੀੜ ਦੀਆਂ ਦੋਵੇਂ ਧਾਰਾਵਾਂ ਵੱਡੀ ਸੜਕ ਉਤੇ ਮਿਲ ਕੇ ਇਕ ਹੋ ਰਹੀਆਂ ਸਨ ਤੇ ਭੀੜ ਦਾ ਉਹ ਵਹਿਣ ਅੰਮ੍ਰਿਤਸਰ ਵੱਲ ਜਾ ਰਿਹਾ ਸੀ|
ਖ਼ਾਲੀ ਰੇਹੜੀਆਂ ਕੋਲ ਚਾਰ, ਪੰਜ ਪੁਲਸੀਏ ਨਿਰਲੇਪ ਜਿਹੇ ਖਲੋਤੇ ਦਾਣੇ ਚੱਬ ਰਹੇ ਸਨ| ਹਥਿਆਰ ਬੰਦ ਫੌਜੀਆਂ ਦੀ ਇਕ ਜੀਪ ਸਰਹਾਲੀ ਵਾਲੇ ਪਾਸਿਓਂ ਆਈ ਤੇ ਅੰਮ੍ਰਿਤਸਰ ਵੱਲ ਚਲੀ ਗਈ| ਪੁਲਸੀਏ ਉਪਰਾਮ ਜਿਹੇ ਖਲੋਤੇ ਦਾਣੇ ਚਬਦੇ ਰਹੇ| ਜਦੋਂ ਉਨ੍ਹਾਂ ਦੇ ਦਾਣੇ ਮੁੱਕੇ ਤਾਂ ਉਹ ਬੇਚੈਨ ਹੋ ਗਏ| ਕਰੜ-ਬਰੜੀ ਦਾੜ੍ਹੀ ਵਾਲੇ ਇਕ ਹੌਲਦਾਰ ਨੇ ਖ਼ਾਲੀ ਲਿਫ਼ਾਫੇ ਨੂੰ ਗੁੱਛਾਮੁੱਛਾ ਕਰਕੇ ਪਰ੍ਹਾਂ ਵਗਾਹ ਮਾਰਿਆ|
ਪੁਲਸੀਏ ਵਿਹਲੇ ਹੋ ਗਏ ਸਨ| ਉਹ ਆਪੋ ਅਪਣੀਆਂ ਰਾਈਫ਼ਲਾਂ ਦੇ ਕੁੰਦੇ ਪਲੋਸਣ ਲੱਗ ਪਏ| ਉਨ੍ਹਾਂ ਆਪਸ ਵਿਚ ਘੁਸਰ-ਮੁਸਰ ਕੀਤੀ| ਹੌਲਦਾਰ ਨੇ ਰਾਈਫ਼ਲ ਭਰੀ, ਬਟ ਮੋਢੇ ਨਾਲ ਲਾ ਕੇ ਨਿਸ਼ਾਨਾ ਸਾਧਿਆ ਤੇ ਘੋੜਾ ਦੱਬ ਦਿੱਤਾ …ਡੀਛੂੰ! …ਗੰਦੇ ਨਾਲੇ ਦੇ ਕਿਨਾਰੇ ਵਾਲੇ ਬੋਹੜ ਦੇ ਪੱਤੇ ਜ਼ੋਰ ਦੀ ਹਿੱਲੇ| ਪੱਤਿਆਂ ਓਹਲੇ ਲੁਕੇ ਬੈਠੇ ਪੰਛੀਆਂ ਨੇ ਪਰ ਫੜਫੜਾਏ ਤੇ ਫਿਰ ਸ਼ਹਿ ਗਏ| ਇਕ ਤੋਤਾ ਪੱਤਿਆਂ ਵਿਚੋਂ ਨਿਕਲ ਕੇ ਖੁੱਲੇ੍ਹ ਅੰਬਰ ਵੱਲ ਉਡਾਰੀ ਮਾਰ ਗਿਆ| ਮੈਂ ਅਪਣੇ ਕੁ ਬਰਾਬਰ ਦਾ ਇਕ ਮੁੰਡਾ ਪੱਕੀ ਸੜਕ ਉਤੇ ਡਿੱਗਦਾ ਵੇਖਿਆ| ਗੁੱਸੇ ਵਿਚ ਚੀਕਦਾ ਹੋਇਆ ਇਕ ਬੁੱਢਾ ਪੁਲਸੀਆਂ ਵੱਲ ਦੌੜਿਆ| ਬੰਦੂਕ ਦੀ ਬੈਰਲ ਵਿਚੋਂ ਇਕ ਹੋਰ ਗੋਲੀ ਨਿਕਲੀ ਤੇ ਉਸ ਬੁੱਢੇ ਨੂੰ ਢੇਰ ਕਰ ਗਈ|
ਸਰਕ ਰਿਹਾ ਕਾਫ਼ਲਾ ਭੰਮੱਤਰ ਕੇ ਪਲ ਛਿਣ ਲਈ ਥਾਏਂ ਪਥਰਾ ਗਿਆ| ਅਗਲੇ ਛਿਣ ਨੇ ਅੱਖ ਝਮੱਕੀ ਤਾਂ ਕਾਫ਼ਲੇ ਵਿਚ ਹਾਹਾਕਾਰ ਮੱਚ ਗਈ| ਸ਼ਾਂਤ ਵਗ ਰਿਹਾ ਦਰਿਆ ਬੇਮੁਹਾਰਾ ਹੋ ਗਿਆ| ਉਸ ਰੌਲੇ ਵਿਚ ਕਈ ਹੋਰ ਥਾਂਵਾ ਤੋਂ ਵੀ ਗੋਲੀਆਂ ਚੱਲਣ ਲੱਗ ਪਈਆਂ| ਬਾਜ਼ਾਰ ਦੇ ਸਿਰੇ ’ਤੇ ਖਲੋਤੀ ਹੋਈ ਭੀੜ ਗੁਰਦੁਆਰੇ ਵੱਲ ਦੌੜੀ| ਮੈਂ ਇਕ ਪਲ ਹੈਰਾਨ ਹੋਇਆ ਖਲੋਤਾ ਰਿਹਾ ਤੇ ਫਿਰ ਕਿਸੇ ਦਾ ਧੱਕਾ ਖਾ ਕੇ ਡਿੱਗ ਪਿਆ| ਲੋਕਾਂ ਦੇ ਪੈਰਾਂ ਹੇਠ ਲਿਤਾੜੇ ਜਾਣ ਤੋਂ ਪਹਿਲਾਂ ਹੀ ਕਿਸੇ ਨੇ ਮੈਨੂੰ ਆਸਰਾ ਦੇ ਕੇ ਉਠਾ ਦਿੱਤਾ|
ਘਰ ਵਿਚੋਂ ਮੇਰੀ ਗੈLਰਹਾਜ਼ਰੀ ਨੇ ਸਾਰਿਆਂ ਨੂੰ ਚਿੰਤਾ ਵਿਚ ਡੋਬ ਦਿੱਤਾ ਸੀ| ਮੈਨੂੰ ਲੱਭਣ ਲਈ ਉਹ ਘਰੋਂ ਬਾਹਰ ਵੱਲ ਨੂੰ ਦੌੜੇ| ਇਹ ਗਨੀਮਤ ਹੀ ਸੀ ਕਿ ਮੈਂ ਉਨ੍ਹਾਂ ਨੂੰ ਗਲੀ ਦੇ ਮੋੜ ਉਤੇ ਤੁਰਿਆ ਆਉਂਦਾ ਦਿਸ ਪਿਆ ਮੈਨੂੰ ਘਰ ਲਿਆ ਕੇ ਧੌਲ-ਧੱਫਾ ਸ਼ੁਰੂ ਹੋਇਆ ਤਾਂ ਮੈਂ ਅਪਣੇ ਬਚਾਅ ਲਈ ਪੂਰੀ ਘਟਨਾ ਸੁਣਾ ਦਿੱਤੀ| ਸਾਰਿਆਂ ਨੂੰ ਮੇਰੀ ਗੱਲ ਗੱਪ ਵਾਂਗੂੰ ਹੀ ਜਾਪੀ, ਪਰ ਉਸ ਰਾਤ ਨੇ ਮੇਰੀ ਦੱਸੀ ਹੋਈ ਗੱਲ ਦੀ ਸ਼ਾਹਦੀ ਭਰ ਦਿੱਤੀ|
ਕਰਫਿਊ ਦੇ ਸਾਇਰਨ ਦੀ ਆਵਾਜ਼ ਲੰਮੀ ਹੇਕ ਨਾਲ ਦੇਰ ਤੱਕ ਰੋਂਦੀ ਰਹੀ| ਹਨੇਰਾ ਤੰਗ ਗਲੀਆਂ ਵਿਚੋਂ ਉੱਛਲ ਕੇ ਆਸਮਾਨ ਤੱਕ ਫੈਲ ਗਿਆ| ਗੋਲੀਆਂ ਅਤੇ ਚੀਕਾਂ ਦੀਆਂ ਆਵਾਜ਼ਾਂ ਰਾਤ ਨੂੰ ਅੱਖੋਂ ਪਰੋਖਾ ਕਰ ਕੇ ਮਨ ਦੇ ਸੰਸਿਆਂ ਕੋਲ ਬੈਠ ਗਈਆਂ |
ਤਾਰਿਆਂ ਦੀ ਲੋਅ ਮਧੱਮ ਪੈ ਗਈ|
ਸ਼ਹਿਰ ਦੇ ਕਈ ਪਾਸਿਓਂ ਧੂੰਏਂ ਦੇ ਗੁਬਾਰ ਉਚੇ ਉਠੇ ਤੇ ਫਿਰ ਅੱਗ ਦੀਆਂ ਲਾਟਾਂ ਨੇ ਅੰਬਰ ਛੋਹ ਲਿਆ| ਸ਼ਹਿਰ ਦੀਆਂ ਸਹਿਮੀਆਂ ਅੱਖਾਂ ਨੇ ਕਾਲੇ ਅੰਬਰ ਦੇ ਮੈਲੇ ਤਾਰਿਆਂ ਵੱਲ ਤੱਕਿਆ| ਮੁਰਦਿਆਂ ਦੀ ਭਰੀ ਗੱਡੀ ਸ਼ਹਿਰ ਕੋਲੋਂ ਕੰਨੀਂ ਕਤਰਾ ਕੇ ਦਗੜ ਦਗੜ ਕਰਦੀ ਲੰਘ ਗਈ| ਸ਼ਹਿਰ ਟਪ ਕੇ ਇੰਜਣ ਨੇ ਲੰਮੀਂ ਚੀਕ ਮਾਰੀ| ਕਾਲੇ ਹਨੇਰੇ ਵਿਚ ਸਲੇਟੀ ਧੂੰਆਂ ਅਫ਼ਵਾਹਾਂ ਵਾਂਗੂੰ ਫੈਲ ਗਿਆ|
ਇਹ ਗੱਡੀ ਪਾਕਿਸਤਾਨ ਗਈ ਹੋਊ|
ਇਹ ਗੱਡੀ ਹਿੰਦੁਸਤਾਨ ਆਈ ਹੋਊ|
ਉਸ ਰਾਤ ਮੈਂ ਨੀਂਦ ਵਿਚੋਂ ਅਬੜਵਾਹੇ ਉਠਦਾ ਰਿਹਾ ਸਾਂ|
ਰਾਤ ਹੌਲੀ ਹੌਲੀ ਮੁਕੱਦੀ ਰਹੀ ਸੀ|
ਪਾਲੀ ਦਾ ਪਿਓ ਪਿਛਲੀ ਦੁਪਹਿਰ ਦਾ ਕਾਫ਼ਲੇ ਦੀ ਖ਼ਬਰਸਾਰ ਲੈਣ ਗਿਆ ਵਾਪਸ ਨਹੀਂ ਸੀ ਮੁੜਿਆ| ਪਾਲੀ ਦੀ ਮਾਂ ਫ਼ਿਕਰਮੰਦ ਸੀ| ਜਿਹੜੀ ਵੱਢ ਟੁੱਕ ਵਿਚ ਉਹ ਹਿੱਸੇਦਾਰ ਬਣਨ ਗਿਆ ਸੀ, ਉਸੇ ਵਿਚ ਉਹ ਮੁੱਕ ਤਾਂ ਨਹੀਂ ਸੀ ਗਿਆ|
ਕੁੱਕੜ ਦੀ ਪਹਿਲੀ ਬਾਂਗ ਨਾਲ ਰਾਤ ਭਰ ਤੋਂ ਚੱਲ ਰਹੀਆਂ ਗੋਲੀਆਂ ਕੁਝ ਕੁਝ ਚੁੱਪ ਹੋ ਗਈਆਂ ਸਨ| ਪਹੁ-ਫੁਟਾਲੇ ਨਾਲ ਮੇਰੀ ਜਾਗ ਖੁੱਲ੍ਹ ਗਈ| ਕੁਝ ਚਿਰ ਪੈਰ ਲਮਕਾ ਕੇ ਮੈਂ ਮੰਜੇL ਦੀ ਹੀਅ ਉਤੇ ਬੈਠਾ ਰਿਹਾ ਤੇ ਫਿਰ ਉਠ ਕੇ ਬਨੇਰੇ ਵੱਲ ਚਲਿਆ ਗਿਆ|
ਮਾਂ ਕੋਈ ਸੁਪਨਾ ਵੇਖ ਰਹੀ ਸੀ ਸ਼ਾਇਦ! ਉਹ ਅਬੜਵਾਹੇ ਉਠੀ| ਮੈਂ ਅਪਣੇ ਬਿਸਤਰੇ ਵਿਚ ਨਹੀਂ ਸਾਂ| ਮੈਂ ਬਨੇਰੇ ਦੇ ਉਤੋਂ ਦੀ ਗਲੀ ਵੱਲ ਉਲਰਿਆ ਹੋਇਆ ਸਾਂ| ਮੇਰਾ ਖ਼ਿਆਲ ਸੀ, ਸ਼ਾਇਦ ਬੀਤ ਗਈ ਸ਼ਾਮ ਗਲੀ ਵਿਚ ਵੀ ਖਿਲਰੀ ਪਈ ਹੋਵੇ| ਗਲੀ ਸੁੰਨਸਾਨ ਸੀ|
ਮਾਂ ਨੇ ਮੈਨੂੰ ਗਲਮੇਂ ਤੋਂ ਫੜ ਕੇ ਪਿਛਾਂਹ ਖਿੱਚ ਲਿਆ|
-7-
ਦਿਨ ਕੁਝ ਭਖਿਆ ਤਾਂ ਸਾਇਰਨ ਦੀ ਲੰਮੀਂ ਹੂਕ ਨੇ ਕਰਫਿਊ ਖੁਲ੍ਹਣ ਦੀ ਦੱਸ ਪਾ ਦਿੱਤੀ| ਲੋਕ ਘਰਾਂ ਤੋਂ ਨਿਕਲ ਕੇ ਗਲੀਆਂ, ਬਾਜ਼ਾਰਾਂ ਵੱਲ ਨੂੰ ਅਹੁਲੇ| ਕੋਈ ਸਕੇ ਸੋਦਰਿਆਂ ਦੀ ਸੁੱਖ-ਸਾਂਦ ਜਾਣਨ ਤੁਰ ਪਿਆ ਤੇ ਕੋਈ ਅਗਲੇ ਦਿਨਾਂ ਲਈ ਰਸਦ ਦਾ ਪ੍ਰਬੰਧ ਕਰਨ| ਕੋਈ ਸੜਕ ਉਤੇ ਖਿਲਰੀ ਪਿਛਲੀ ਸ਼ਾਮ ਵੇਖਣਾ ਚਾਹੁੰਦਾ ਸੀ ਤੇ ਕੋਈ ਉੁਜੜੀਆਂ ਦੁਕਾਨਾਂ ਦੀ ਲੁੱਟ-ਪੁੱਟ ਲਈ ਬਿਹਬਲ ਸੀ|
ਮੈਂ ਵੀ ਪਿਛਲੀ ਸ਼ਾਮ ਨੂੰ ਉਸੇ ਸੜਕ ਉਤੇ ਵੇਖਣਾ ਚਾਹੁੰਦਾ ਸਾਂ, ਪਰ ਮਾਂ ਦੀਆਂ ਨਜ਼ਰਾਂ ਨੇ ਮੈਂਨੂੰ ਨੂੜਿਆ ਹੋਇਆ ਸੀ| ਮੇਰੇ ਲਈ ਗਿੱਠ ਚੱਪਾ ਪਰ੍ਹਾਂ ਹੋਣਾ ਵੀ ਮੁਹਾਲ ਸੀ|
ਦੁਪਹਿਰ ਹੋਈ ਤਾਂ ਮਾਂ ਨੇ ਕੰਧ ਨਾਲ ਖੜਾ ਕੀਤਾ ਮੰਜਾ ਛਾਵੇਂ ਡਾਹ ਲਿਆ ਤੇ ਨਿੱਤ ਵਾਂਗ ਆਰਾਮ ਲਈ ਲੰਮੇਂ ਪੈ ਗਈ| ਉਹਨੇ ਨਵੀਂ ਗੱਲ ਇਹ ਕੀਤੀ ਕਿ ਮੈਨੂੰ ਕੰਧ ਵਾਲੇ ਪਾਸੇ ਨਾਲ ਲੰਮੇਂ ਪਾ ਲਿਆ ਤਾਂ ਕਿ ਮੈਂ ਨੱਸ ਕੇ ਕਿਧਰੇ ਵੀ ਨਾ ਜਾ ਸਕਾਂ| ਸੌਣ ਤੋਂ ਪਹਿਲਾਂ ਮਾਂ ਨੇ ਤਾੜਨਾ ਕੀਤੀ, “ਹੁਣ ਤੂੰ ਵੀ ਸੌਣ ਦੀ ਕੋਸ਼ਿਸ਼ ਕਰ ਖ਼ਬਰਦਾਰ! ਜੇ ਧੁੱਪੇ ਜਾਣ ਜਾਣ ਬਾਰੇ ਸੋਚਿਆ ਵੀ ਤਾਂ…|”
ਮੈਂ ਬੇਆਰਾਮੀ ਵਿਚ ਪਾਸੇ ਵੱਟਣ ਲੱਗ ਪਿਆ। ਮਾਂ ਅੱਧ ਸੁੱਤੀ ਜਿਹੀ ਮੈਨੂੰ ਥਾਪੜਦੀ ਰਹੀ ਤੇ ਫੇਰ ਉਹਦਾ ਹੱਥ ਨਿੱਸਲ ਹੋ ਗਿਆ| ਮਾਂ ਗੂੜੀ ਨੀਂਦ ਵਿਚ ਲਹਿ ਗਈ ਸੀ|
ਮੈਂ ਬੇਚੈਨ ਜਿਹਾ ਅੱਖਾਂ ਪਾੜ ਪਾੜ ਛੱਤ ਵੱਲ ਵੇਂਹਦਾ ਰਿਹਾ| ਮੈਂ ਹੈਰਾਨ ਸਾਂ, ਇਹ ਵੱਡੇ ਖੇਡਣ ਮੱਲ੍ਹਣ ਵੇਲੇ ਸੌਂ ਕਿਉ ਜਾਂਦੇ ਸਨ| ਉਨ੍ਹਾਂ ਨੂੰ ਕੋਈ ਗੁੱਸੇ ਹੋਣ ਵਾਲਾ ਜਾਂ ਵਰਜਣ ਵਾਲਾ ਵੀ ਨਹੀਂ ਸੀ, ਉਹ ਫੇਰ ਵੀ ਖੇਡਦੇ ਕਿਉਂ ਨਹੀਂ ਸਨ|
ਮੈਨੂੰ ਵੱਡਿਆਂ ਦੀਆਂ ਇਹੋ ਜਿਹੀਆਂ ਗੱਲਾਂ ਦੀ ਕਦੀ ਸਮਝ ਨਹੀਂ ਸੀ ਪਈ| ਮੇਰੇ ਲਈ ਤਾਂ ਇਸ ਤਰ੍ਹਾਂ ਲੰਮੇਂ ਪੈਣਾ ਸਜ਼ਾ ਵਰਗਾ ਸੀ| ਮੈਂ ਮੰਜੇ ਦੀ ਹੀਅ ਦੇ ਉਤੋਂ ਦੀ ਵਲੇ੍ਹਟਣੀ ਲੈ ਕੇ ਭੁੰਜੇ ਆ ਗਿਆ ਤੇ ਮੰਜੇ ਦੇ ਹੇਠੋਂ ਦੀ ਬਾਹਰ ਨਿਕਲ ਆਇਆ|
ਮੈਂ ਕੱਲ੍ਹ ਵਾਂਗ ਹੀ ਸ਼ਹਿ ਕੇ ਘਰੋਂ ਬਾਹਰ ਆ ਗਿਆ ਤੇ ਵੱਡੀ ਸੜਕ ਵੱਲ ਮੁਹਾਰ ਮੋੜ ਲਈ| ਵੱਡੀ ਸੜਕ ਉਤੇ ਦੂਰ ਤਕ ਅਫ਼ਰਾ-ਤਫ਼ਰੀ ਅਤੇ ਲੁੱਟ-ਖਸੁੱਟ ਦਾ ਦ੍ਰਿਸ਼ ਸੀ| ਮੋਏ ਹੋਏ ਪਨਾਹਗੀਰਾਂ ਦੀਆਂ ਲੋਥਾਂ ਉਤੇ ਮੱਖੀਆਂ ਭਿਣ ਭਿਣ ਕਰਨ ਲੱਗ ਪਈਆਂ ਸਨ| ਮੱਖੀਆਂ ਵਾਂਗ ਹੀ ਲੋਕ ਖਿਲਰੇ ਹੋਏ ਸਮਾਨ ਉਤੇ ਭਿਣ ਭਿਣ ਕਰ ਰਹੇ ਸਨ| ਉਹ ਵੱਧ ਤੋਂ ਵੱਧ ਮਹਿੰਗਾ ਸਾਮਾਨ ਉਥੋਂ ਲੈ ਕੇ ਜਾਣਾ ਚਾਹੁੰਦੇ ਸਨ| ਗੰਦੇ ਨਾਲੇ ਵਾਲੇ ਬੋਹੜ ਉਤੇ ਕਾਵਾਂ ਦੀ ਕਾਵਾਂ ਰੌਲੀ ਮੱਚੀ ਹੋਈ ਸੀ| ਉਹ ਬੰਦਿਆਂ ਦੇ ਵਿਹਲੇ ਹੋਣ ਦੀ ਉਡੀਕ ਵਿਚ ਸਨ| ਉਨ੍ਹਾਂ ਵਿਚੋਂ ਜਿਹੜੇ ਕੁਝ ਵਧੇਰੇ ਕਾਹਲੇ ਸਨ, ਉਹ ਵਿਚ ਵਿਚਾਲੇ ਉੱਡ ਕੇ ਲਾਸ਼ਾਂ ਨੂੰ ਠੂੰਗਾ ਮਾਰ ਆਉਂਦੇ ਸਨ|
ਮੈਂ ਸੱਖਣੀਆਂ ਰੇਹੜੀਆਂ ਕੋਲ ਰੁਕ ਗਿਆ| ਉਥੇ ਖਲੋ ਕੇ ਪੁਲਸੀਆਂ ਨੇ ਦਾਣੇ ਚੱਬੇ ਸਨ ਤੇ ਫਿਰ ਪਹਿਲੀ ਗੋਲੀ ਦਾਗੀ ਸੀ| ਦਾਣਿਆਂ ਵਾਲਾ ਖ਼ਾਲੀ ਲਿਫ਼ਾਫਾ ਰੇਹੜੀਆਂ ਤੋਂ ਕੁਝ ਪਰ੍ਹਾਂ ਗੁੱਛਾ ਮੁੱਛਾ ਹੋਇਆ ਪਿਆ ਸੀ|
ਮੇਰੇ ਹਾਣ ਦੇ ਮੁੰਡੇ ਦੀ ਲਾਸ਼ ਹਾਲੇ ਵੀ ਸੜਕ ਉਤੇ ਪਈ ਸੀ| ਦੂਸਰੀ ਗੋਲੀ ਨਾਲ ਮਰਨ ਵਾਲੇ ਬੁੱਢੇ ਦਾ ਠਰਿਆ ਹੱਥ ਉਸ ਪਲ ਮੁੰਡੇ ਵੱਲ ਪੱਸਰਿਆ ਹੋਇਆ ਸੀ|
ਇਕ ਕਾਂ ਰੁੱਖ ਤੋਂ ਉਡ ਕੇ ਮੁੰਡੇ ਦੀ ਲਾਸ਼ ਉਤੇ ਆ ਬੈਠਾ| ਉਹਨੇ ਇਕ-ਦੋ ਠੂੰਗੇ ਮਾਰੇ ਤੇ ਕਿਸੇ ਲੰਘਦੇ ਵੱਲੋਂ ਤ੍ਰਹਿ ਕੇ ਉਸ ਟਪੂਸਣੀ ਮਾਰੀ ਤੇ ਬੁੱਢੇ ਦੀ ਲਾਸ਼ ਉਤੇ ਬਹਿ ਗਿਆ| ਉਥੋਂ ਉਡ ਕੇ ਉਹ ਇਕ ਲਾਵਾਰਸ ਗੱਡੇ ਦੇ ਮੁੰਨੇ ਉਤੇ ਜਾ ਬੈਠਾ|
ਗੋਲੀਆਂ ਚੱਲਣ ਵੇਲੇ ਪਤਾ ਨਹੀਂ ਕੀਹਨੇ ਕੀਹਨੇ ਅਪਣੇ ਬਚਾਅ ਲਈ ਗੰਦੇ ਨਾਲੇ ਵਿਚ ਛਾਲਾਂ ਮਾਰੀਆਂ ਸਨ| ਲੋਥਾਂ ਨਾਲ ਪਾਣੀ ਦਾ ਨਿਕਾਸ ਰੁਕਿਆ ਹੋਇਆ ਸੀ| ਨਾਲੇ ਦਾ ਪਾਣੀ ਉਛਲ ਕੇ ਸੜਕ ਵੱਲ ਨੂੰ ਵਗ ਤੁਰਿਆ ਸੀ| ਲੋਕੀਂ ਲਾਸ਼ਾਂ ਦੇ ਕੱਪੜੇ ਪਾੜ ਰਹੇ ਸਨ| ਕੱਪੜਿਆਂ ਓਹਲੇ ਲੁਕਿਆ ਕੋਈ ਗਹਿਣਾ ਕਿਸੇ ਨੂੰ ਲੱਭ ਪੈਂਦਾ ਤਾਂ ਉਹਦੀਆਂ ਵਰਾਛਾਂ ਚੌੜੀਆਂ ਹੋ ਜਾਂਦੀਆਂ ਸਨ|
ਮੈਂ ਹੌਲੀ ਹੌਲੀ ਲਾਸ਼ਾਂ ਦੀ ਕਤਾਰ ਵੱਲ ਤੁਰ ਪਿਆ। ਸਾਂ ਜਿੱਥੇ ਪਹੁੰਚ ਕੇ ਮੇਰੇ ਪੈਰ ਰੁਕ ਗਏ ਸਨ, ਉਥੇ ਇਕ ਜਵਾਨ ਔਰਤ ਦੀ ਲਾਸ਼ ਪਈ ਸੀ| ਉਹਦੇ ਕੱਪੜੇ ਵੀ ਕਿਸੇ ਨੇ ਸ਼ਾਇਦ ਗਹਿਣਿਆਂ ਦੀ ਭਾਲ ਵਿਚ ਹੀ ਪਾੜ ਦਿੱਤੇ ਹੋਣਗੇ, ਪਰ ਉਹ ਫੇਰ ਵੀ ਨੰਗੀ ਨਹੀਂ ਸੀ| ਉਹਦਾ ਤਨ ਚਿੱਕੜ ਨੇ ਢੱਕਿਆ ਹੋਇਆ ਸੀ| ਉਹਦੇ ਚਿਹਰੇ ਉਤੇ ਮੌਤ ਠਹਿਰੀ ਹੋਈ ਸੀ| ਉਸ ਲਾਸ਼ ਦੇ ਸੱਜੇ ਖੱਬੇ ਦੋ ਬਾਲਾਂ ਦੀਆਂ ਲਾਸ਼ਾਂ ਸਨ| ਪਤਾ ਨਹੀਂ ਉਹ ਨਿਆਣੇ ਉਸੇ ਔਰਤ ਦੇ ਸਨ ਜਾਂ ਨਹੀਂ, ਪਰ ਉਨ੍ਹਾਂ ਲਾਸ਼ਾਂ ਦੀ ਹੋਣੀ ਉਸੇ ਔਰਤ ਦੀ ਸੀ|
ਉਸ ਪਲ ਮੋਇਆਂ ਦੇ ਉਸ ਟੱਬਰ ਦੀ ਪਛਾਣ ਮੇਰੀਆਂ ਅੱਖਾਂ ਵਿਚ ਵੀ ਠਹਿਰ ਗਈ ਸੀ ਤੇ ਮੇਰੇ ਚੇਤੇ ਵਿਚ ਵੀ|
ਉਹ ਦਿਨ ਕੁਝ ਜ਼ਿਆਦਾ ਹੀ ਤਪਿਆ ਹੋਇਆ ਸੀ| ਮੈਂ ਮੱਥੇ ਦਾ ਮੁੜ੍ਹਕਾ ਪੂੰਝ ਕੇ ਚਿੱਕੜ ਨਾਲ ਲਿਬੜੇ ਨੰਗੇ ਜਿਸਮਾਂ ਦੀ ਲੰਮੀੰ ਕਤਾਰ ਵੱਲ ਵੇਖਿਆ ਸੀ| ਜਿਨ੍ਹਾਂ ਨੇ ਆਖ਼ਰੀ ਸਾਹ ਤੋਂ ਪਹਿਲਾਂ ਗੰਦੇ ਨਾਲੇ ਵਿਚ ਛਾਲਾਂ ਨਹੀਂ ਸਨ ਮਾਰੀਆਂ, ਉਹ ਸੜਕ ਉਤੇ ਵਿਛੇ ਹੋਏ ਸਨ| ਕੁਝ ਲੋਕ ਗਲੀਆਂ ਵੱਲੋਂ ਸੜਕ ਵੱਲ ਆ ਰਹੇ ਸਨ ਅਤੇ ਕੁਝ ਸਮਾਨ ਲੁੱਟ ਕੇ ਗਲੀਆਂ ਵੱਲ ਦੌੜ ਰਹੇ ਸਨ| ਜੋ ਚਿੱਕੜ ਨਾਲ ਹੱਥ ਨਹੀਂ ਸਨ ਲਬੇੜਨਾ ਚਾਹੁੰਦੇ, ਉਹ ਸੜਕ ਵਾਲੇ ਮੁਰਦਿਆਂ ਨਾਲ ਮਨ ਵਰਚਾ ਰਹੇ ਸਨ|
ਬੋਹੜ ਹੇਠ ਇਕ ਚਿੱਬਾ ਟਰੰਕ ਖੁਲ੍ਹਾ ਪਿਆ ਸੀ| ਟਰੰਕ ਦੇ ਬਾਹਰ ਏਧਰ ਉਧਰ ਕੱਪੜੇ ਖਿਲਰੇ ਹੋਏ ਸਨ| ਟਰੰਕ ਦੇ ਲਾਗੇ ਹੀ ਪਤਲੇ ਜਿਹੇ ਪੋਲਕੇ ਵਿਚ ਇਕ ਨਿੱਕਾ ਜਿਹਾ ਬਾਲ ਪਿਆ ਰੋ ਰਿਹਾ ਸੀ| ਪਿਛਲੀ ਸ਼ਾਮ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਉਹ ਕਿੰਨੀ ਕੁ ਵਾਰ ਥੱਕ ਕੇ ਚੁੱਪ ਕੀਤਾ ਸੀ ਤੇ ਦਮ ਭਰ ਕੇ ਮੁੜ ਰੋਇਆ ਸੀ| ਮੈਂ ਉਹਦੇ ਹੱਥ ਦਾ ਅੰਗੂਠਾ ਮੂੰਹ ਵਿਚ ਦੇ ਦਿੱਤਾ| ਬਾਲ ਛਿਣ ਭਰ ਲਈ ਚੁੱਪ ਕੀਤਾ ਤੇ ਫਿਰ ਤਰਲਿਆਂ ਵਰਗੇ ਹਟਕੋਰੇ ਭਰਨ ਲੱਗ ਪਿਆ|
ਬਾਲ ਕੋਲੋਂ ਚੰਗੀ ਤਰ੍ਹਾਂ ਰੋਇਆ ਵੀ ਨਹੀਂ ਸੀ ਜਾ ਰਿਹਾ|
ਗੰਦੇ ਨਾਲੇ ਦੇ ਮੁਰਦਿਆਂ ਦੁਆਲੇ ਲੋਕਾਂ ਦੀ ਭਿਣ ਭਿਣ ਪਹਿਲਾਂ ਵਾਂਗ ਹੀ ਸੀ|
ਸੜਕ ਦੇ ਮੁਰਦੇ ਕਾਵਾਂ ਲਈ ਕੁਝ ਵਿਹਲੇ ਹੋ ਗਏ ਸਨ|
ਸੰਤਾਲੀ ਦੀ ਉਹ ਵਹਿਸ਼ਤ ਤੇ ਭਿਆਨਕਤਾ ਛੇ ਵਰਿ੍ਹਆਂ ਦੇ ਇਕ ਨਿੱਕੇ ਬਾਲ ਨੇ ਵੇਖੀ ਸੀ| ਉਹ ਬੋਝ ਬੜਾ ਅਣਸੁਖਾਵਾਂ ਸੀ| ਉਹ ਬੋਝ ਮੇਰੇ ਮਨ ਉਤੇ ਸੀ ਤੇ ਮੈਥੋਂ ਪਰ੍ਹਾਂ ਹੋਣ ਤੋਂ ਮੁਨਕਰ ਹੋ ਗਿਆ ਸੀ|
ਵੱਡਾ ਹੋ ਕੇ ਮੈਂ ਕਹਾਣੀਆਂ ਲਿਖਣ ਲੱਗ ਪਿਆ ਸਾਂ | ਬਹੁਤ ਵਾਰ ਮੈਂ ਅਪਣੇ ਬਚਪਨ ਵੱਲ ਵੀ ਪਰਤ ਜਾਂਦਾ ਸਾਂ| ਅਪਣੀਆਂ ਬਹੁਤ ਸਾਰੀਆਂ ਕਹਾਣੀਆਂ ਦੇ ਬੀਜ ਮੈਂ ਬਚਪਨ ਵਿਚੋਂ ਚੁਣੇ ਸਨ| ਮੈਂ ਚਾਹੁੰਦਾ ਸਾਂ ਉਸ ਕਾਫ਼ਲੇ ਦੀ ਕਹਾਣੀ ਵੀ ਲਿਖਾਂ, ਪਰ ਮੈਥੋਂ ਲਿਖੀ ਨਹੀਂ ਸੀ ਗਈ| ਉਥੇ ਉਦੋਂ ਪਤਾ ਨਹੀਂ ਕਿੰਨੇ ਕੁ ਮਨੁੱਖ ਮੋਏ ਸਨ, ਕਿੰਨੇ ਕੁ ਸੁਪਨੇ ਮੋਏ ਸਨ| ਉਨ੍ਹਾਂ ਸੁਪਨਿਆਂ ਦੀ ਗਿਣਤੀ ਬੇਇੰਤਹਾ ਸੀ| ਇਕ ਗੱਲ ਇਹ ਵੀ ਪੱਕੀ ਸੀ ਕਿ ਉਦੋਂ ਮਨੁੱਖਤਾ ਵੀ ਮੋਈ ਸੀ|
ਉਹ ਕਹਾਣੀ ਲਿਖਣ ਲਈ ਮੈਂ ਬਹੁਤ ਵਾਰ ਕਾਗ਼ਜ਼ ਅਤੇ ਪੈੱਨ ਲੈ ਕੇ ਬੈਠਿਆ ਸਾਂ, ਪਰ ਮੈਥੋਂ ਕਹਾਣੀ ਨਹੀਂ ਸੀ ਬਣੀ, ਗੱਲ ਹਰ ਵਾਰ ਉਰ੍ਹਾਂ ਹੀ ਰਹਿ ਜਾਂਦੀ ਸੀ ਜਿੱਥੇ ਕੁ ਮੁਰਦਿਆਂ ਨੂੰ ਲੁਟਿਆ ਜਾ ਰਿਹਾ ਸੀ|
ਇਕ ਵਾਰ ਕੁਝ ਦੋਸਤਾਂ ਦੀ ਮਹਿਫ਼ਲ ਵਿਚ ਮੈਂ ਕਾਫ਼ਲੇ ਦੀ ਘਟਨਾ ਦਾ ਜ਼ਿਕਰ ਕਰ ਰਿਹਾ ਸਾਂ ਤਾਂ ਖ਼ਿਆਲ ਆਇਆ, ਉਦੋਂ ਇਸ ਤਰ੍ਹਾਂ ਹੀ ਹੋਣਾ ਸੀ| ਉਦੋਂ ਮਨੁੱਖਾਂ ਦੇ ਅੰਦਰ ਹੈਵਾਨ ਜਾਗਿਆ ਹੋਇਆ ਸੀ|
…ਤੇ ਮੈਂ ਆਪਣੀ ਕਹਾਣੀ ਲਈ ਅਚੇਤੇ ਹੀ ਆਦਮੀ ਦਾ ਆਦਮੀ ਹੋਣਾ ਲਭਦਾ ਰਿਹਾ ਸਾਂ|
ਉਹ ਆਦਮੀ ਕਿੱਥੇ ਸੀ?
ਉਦੋਂ ਮੈਨੂੰ ਕਾਫ਼ਲਾ ਕਹਾਣੀ ਦਾ ਨਿੱਕਾ ਦਿਸਿਆ ਸੀ| ਉਹੀ ਮੇਰੇ ਲਈ ਰੌਸ਼ਨੀ ਦੀ ਇਕ ਕਿਰਨ ਸੀ| ਉਹਦੇ ਰਾਹੀਂ ਮੈਂ ਮਨੁੱਖਤਾ ਨੂੰ ਜਿਊਂਦਿਆਂ ਰੱਖ ਸਕਦਾ ਸਾਂ|
…ਤੇ ਉਦੋਂ ਉਹ ਘਟਨਾ ਕਹਾਣੀ ਬਣ ਗਈ| ਕਹਾਣੀ ‘ਕਾਫ਼ਲਾ’ ਦਾ ਸਿਖਰ ਮੈਂ ਕੁਝ ਇਸ ਤਰ੍ਹਾਂ ਲਿਖਿਆ ਸੀ-
“ ਨਿੱਕੇ ਨੇ ਅਛੋਪਲੇ ਜਿਹੇ ਲਾਗੇ ਪਈ ਖੇਸੀ ਬੱਚੇ ਦੁਆਲੇ ਵਲੇ੍ਹਟ ਦਿੱਤੀ| ਕਿਸੇ ਸਿਆਣੇ ਚੋਰ ਵਾਂਗ ਉਸ ਸ਼ਹਿ ਕੇ ਖੱਬੇ-ਸੱਜੇ ਵੇਖਿਆ| ਇਕ ਆਦਮੀ ਗਲੀ ਵੱਲ ਮੱਝ ਖਿੱਚੀ ਲਿਜਾ ਰਿਹਾ ਸੀ| ਇਕ ਜਣਾ ਸਿਰ ਉਤੇ ਟਰੰਕ ਚੁੱਕੀ ਨੱਠਾ ਜਾਂਦਾ ਸੀ ਤੇ ਇਕ ਹੋਰ …।”
“ਨਿੱਕੇ ਨੇ ਕਾਹਲੀ ਨਾਲ ਬੱਚੇ ਨੂੰ ਬਾਹਵਾਂ ਵਿਚ ਚੁੱਕ ਲਿਆ ਤੇ ਗਲੀਆਂ ਵਾਲੇ ਰਾਹ ਘਰ ਨੂੰ ਭੱਜ ਉਠਿਆ|”
‘ਕਾਫ਼ਲਾ’ ਕਹਾਣੀ ਲਿਖਣ ਦਾ ਵਰ੍ਹਾ 1981 ਦਾ ਸੀ| ਉਸ ਘਟਨਾ ਵਿਚ ਮਨੁੱਖਤਾ ਨੂੰ ਜਿਊਂਦਿਆਂ ਕਰਨ ਲਈ ਮੈਨੂੰ ਪੂਰੇ ਚੌਂਤੀ ਸਾਲ ਲੱਗ ਗਏ ਸਨ|
-8-
ਭਰੋਵਾਲ ਪਿੰਡ ਦੀ ਜੂਹ ਤੋਂ ਪਹਿਲਾਂ ਇਕ ਸੰਘਣਾ ਬਾਗ ਸੀ| ਕਈ ਏਕੜਾਂ ਵਿਚ ਫੈਲਿਆ ਹੋਇਆ ਉਹ ਬਾਗ ਲੋਕ-ਬਾਤਾਂ ਦੇ ਜੰਗਲ ਵਰਗਾ ਸੀ| ਉਸ ਬਾਗ ਵਿਚ ਦਿਨ ਵੇਲੇ ਵੀ ਹਨੇਰਾ ਰਹਿੰਦਾ ਸੀ| ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਬਾਗ ਤਲਿਸਮੀ ਸੀ ਤੇ ਉਥੇ ਬਾਤਾਂ ਵਰਗੇ ਕਈ ਭੇਤ ਵੀ ਲੁਕੇ ਹੋਏ ਸਨ| ਮੈਂ ਇਹ ਵੀ ਸੋਚਦਾ ਸਾਂ ਕਿ ਉਥੇ ਜ਼ਰੂਰ ਜਿੰਨਾਂ ਭੁਤਾਂ ਦਾ ਵੀ ਵਾਸਾ ਸੀ| ਉਹ ਬਾਗ ਪਿਤਾ ਜੀ ਦੇ ਦੋਸਤ ਚੌਧਰੀ ਫ਼ਕੀਰ ਹੁਸੈਨ ਦਾ ਸੀ|
ਮੈਂ ਉਹ ਬਾਗ ਵੇਖਣਾ ਚਾਹੁੰਦਾ ਸਾਂ| ਪਿਤਾ ਜੀ ਦਾ ਭਰੋਵਾਲ ਜਾਣ ਦਾ ਸਬੱਬ ਬਣਿਆ ਤਾਂ ਮੈਂ ਜ਼ਿਦ ਫੜ ਲਈ , “ਮੈਂ ਵੀ ਜਾਣੈ|”
‘ਤੂੰ ਉਥੇ ਕੀ ਕਰੇਂਗਾ?” ਪਿਤਾ ਜੀ ਨੇ ਪੁੱਛਿਆ|
“ਮੈਂ ਤਾਇਆ ਜੀ ਦਾ ਬਾਗ ਵੇਖਣਾ ਏਂ |”
ਉਸ ਵੇਲੇ ਮੈਂ ਜਿੰਨਾਂ-ਭੂਤਾਂ ਦੇ ਖ਼ਤਰੇ ਬਾਰੇ ਨਹੀਂ ਸੀ ਸੋਚਿਆ| ਪਿਤਾ ਜੀ ਨੇ ਜੂ ਨਾਲ ਹੋਣਾ ਸੀ|
ਘਰ ਦਾ ਲਾਡਲਾ ਹੋਣ ਕਰਕੇ ਮੇਰੀ ਜ਼ਿਦ ਅਕਸਰ ਪੁੱਗ ਜਾਂਦੀ ਸੀ| ਤੁਰਨ ਵੇਲੇ ਪਿਤਾ ਜੀ ਨੇ ਸਾਈਕਲ ਦੇ ਡੰਡੇ ਉਤੇ ਕੱਪੜਾ ਬੰਨ੍ਹ ਕੇ , ਮੈਨੂੰ ਬਿਠਾ ਲਿਆ ਸੀ| ਜਦੋਂ ਅਸੀਂ ਪਹੁੰਚੇ ਤਾਂ ਚੌਧਰੀ ਫ਼ਕੀਰ ਹੁਸੈਨ ਕੋਠੀ ਦੇ ਬਰਾਮਦੇ ਵਿਚ ਕਾਨਿਆਂ ਦੇ ਮੂਹੜੇ ਉਤੇ ਬੈਠਾ ਹੋਇਆ ਸੀ|
ਮੈਂ ਪਿੰਡਾਂ ਦੇ ਕੱਚੇ ਘਰ ਵੇਖਣ ਦਾ ਆਦੀ ਸਾਂ ਜਾਂ ਫਿਰ ਮੈਂ ਸ਼ਹਿਰ ਦੀਆਂ ਤੰਗ ਗਲੀਆਂ ਦੇ ਹਨੇਰੇ ਸਲ੍ਹਾਬੇ ਮਕਾਨ ਵੇਖੇ ਸਨ| ਉਹੋ ਜਿਹਾ ਖੁੱਲ੍ਹਾ ਡੁਲ੍ਹਾ ਮਕਾਨ ਮੈਂ ਪਹਿਲੀ ਵਾਰੀ ਵੇਖਿਆ ਸੀ| ਅਟਾਰੀ ਵਾਲੇ ਸਰਦਾਰ ਦਾ ਮਕਾਨ ਵੀ ਏਨੇ ਵੱਡੇ ਰਕਬੇ ਵਿਚ ਨਹੀਂ ਸੀ| ਉਹ ਮਕਾਨ ਪੀਲੇ ਰੰਗ ਦਾ ਸੀ ਜਿਵੇਂ ਸੋਨੇ ਦਾ ਬਣਿਆ ਹੋਇਆ ਸੀ|
ਪਿਤਾ ਜੀ ਨੇ ਚੌਧਰੀ ਫ਼ਕੀਰ ਹੁਸੈਨ ਨੂੰ ਉਹਦੇ ਬਾਗ ਬਾਰੇ ਮੇਰਾ ਕਿਆਸ ਵੀ ਦੱਸਿਆ ਤੇ ਬਾਗ ਵੇਖਣ ਦੀ ਮੇਰੀ ਇੱਛਾ ਵੀ ਜ਼ਾਹਰ ਕਰ ਦਿੱਤੀ| ਗੱਲ ਸੁਣ ਕੇ ਉਹ ਬਹੁਤ ਹੱਸਿਆ ਤੇ ਬੋਲਿਆ, “ਪੁੱਤਰ! ਮੇਰੇ ਬਾਗ ਵਿਚ ਜਿੰਨ-ਭੂਤ ਤਾਂ ਤੈਨੂੰ ਬਿਲਕੁਲ ਵੀ ਨਹੀਂ ਮਿਲਣੇ, ਅਲਬੱਤਾ ਪਰੀਆਂ ਉਥੇ ਜ਼ਰੂਰ ਰਹਿੰਦੀਆਂ ਨੇ | ਉਹ ਪਰੀਆਂ ਆਦਮ ਜ਼ਾਤ ਨੂੰ ਵੇਖ ਕੇ ਮੋਰ ਬਣ ਜਾਂਦੀਆਂ ਨੇ|”
ਉਸ ਬਾਗ ਵਿਚ ਤੁਰਦਿਆਂ ਮੈਂ ਸ਼ਹਿ ਸ਼ਹਿ ਪੈਰ ਧਰਦਾ ਰਿਹਾ ਸਾਂ ਤਾਂ ਕਿ ਕਿਸੇ ਪਰੀ ਨੂੰ ਵੇਖ ਸਕਾਂ| ਫ਼ਕੀਰ ਹੁਸੈਨ ਤੇ ਪਿਤਾ ਜੀ ਮੇਰੇ ਤੋਂ ਕੁਝ ਅੱਗੇ ਤੁਰ ਰਹੇ ਸਨ| ਸੁੱਕੇ ਪੱਤੇ ਉਹਨਾ ਦੇ ਪੈਰਾਂ ਹੇਠ ਚਰ ਚਰ ਕਰਕੇ ਪਿੱਸ ਰਹੇ ਸਨ| ਮੈਂ ਉਸ ਬਾਗ ਵਿਚ ਕਈ ਮੋਰ ਵੇਖੇ ਸਨ| ਮੈਨੂੰ ਕਈ ਵਰਿ੍ਹਆਂ ਤਕ ਇਹ ਅਫ਼ਸੋਸ ਰਿਹਾ ਸੀ ਕਿ ਮੈਂ ਇੱਕਲਾ ਬਾਗ ਵਿਚ ਕਿਉ ਨਹੀਂ ਘੁੰਮਿਆ| ਜੇ ਮੈਂ ਇਕੱਲਾ ਹੁੰਦਾ ਤਾਂ ਮੈਂ ਪਰੀਆਂ ਨੂੰ ਅਪਣੇ ਪਹੁੰਚਣ ਦਾ ਪਤਾ ਹੀ ਨਹੀਂ ਸੀ ਲੱਗਣ ਦੇਣਾ| ਪਰੀਆਂ ਨੂੰ ਮੈਂ ਉਹਨਾ ਦੇ ਮੋਰ ਬਣਨ ਤੋਂ ਪਹਿਲਾਂ ਪਹਿਲਾਂ ਵੇਖ ਲੈਣਾ ਸੀ|
ਉਸ ਬਾਗ ਵਿਚ ਕਈ ਥਾਈਂ ਅੰਬਾਂ ਦੇ ਢੇਰ ਲੱਗੇ ਹੋਏ ਸਨ| ਚੌਧਰੀ ਫ਼ਕੀਰ ਹੁਸੈਨ ਨੇ ਆਖਿਆ, “ਬੀਰ ਪੁੱਤਰ ! ਤੂੰ ਭਾਵੇਂ ਜਿੰਨੇ ਮਰਜ਼ੀ ਅੰਬ ਚੂਪ ਲੈ, ਭਾਵੇ ਜਿੰਨੇ ਮਰਜ਼ੀ ਅੰਬ ਚੁੱਕ ਕੇ ਅਪਣੇ ਨਾਲ ਲੈ ਜਾਵੀਂ|”
ਮੇਰੇ ਨਿੱਕੇ ਨਿੱਕੇ ਹੱਥਾਂ ਕੋਲੋਂ ਬਹੁਤੇ ਅੰਬ ਨਹੀਂ ਸਨ ਚੁੱਕੇ ਗਏ| ਮੈਂ ਅੰਬ ਚੁੱਕਦਾ ਸਾਂ ਤਾਂ ਉਹ ਹੱਥਾਂ ਵਿਚੋਂ ਡਿੱਗ ਪੈਂਦੇ ਸਨ|
ਮੇਰਾ ਤਰੱਦਦ ਵੇਖ ਕੇ ਚੌਧਰੀ ਫ਼ਕੀਰ ਹੁਸੈਨ ਤੇ ਮੇਰੇ ਪਿਤਾ ਹਸੱਦੇ ਰਹੇ ਸਨ|
ਵਾਪਸੀ ਦੇ ਸਫ਼ਰ ਵੇਲੇ ਚੌਧਰੀ ਫ਼ਕੀਰ ਹੁਸੈਨ ਨੇ ਇੱਕ ਝੋਲਾ ਅੰਬਾਂ ਦਾ ਭਰ ਕੇ ਪਿਤਾ ਜੀ ਦੇ ਸਾਈਕਲ ਦੇ ਹੈਂਡਲ ਨਾਲ ਲਟਕਾ ਦਿੱਤਾ ਸੀ| ਇਹ ਘਟਨਾ ਕੁਝ ਪੁਰਾਣੀ ਸੀ| ਹੁਣ ਤਾਂ ਬੜਾ ਕੁਝ ਬਦਲ ਗਿਆ ਸੀ| ਚੌਧਰੀ ਫ਼ਕੀਰ ਹੁਸੈਨ ਭਰਿਆ ਭਕੁੰਨਾ ਘਰ ਛੱਡ ਕੇ ਆਪਣੇ ਨਵੇਂ ਦੇਸ਼ ਜਾ ਚੁਕਿਆ ਸੀ|
ਪਿਤਾ ਜੀ ਉਦਾਸ ਹੋ ਗਏ ਸਨ|
ਸ਼ਹਿਰ ਵਿਚ ਕਈ ਦਿਨ ਲਗਾਤਾਰ ਕਰਫਿਊ ਲੱਗਾ ਰਿਹਾ ਸੀ|
ਚੌਧਰੀ ਫ਼ਕੀਰ ਹੁਸੈਨ ਦੇ ਘਰ ਦੇ ਹਸ਼ਰ ਬਾਰੇ ਕੋਈ ਨਹੀਂ ਸੀ ਜਾਣਦਾ| ਕੁਝ ਕੁ ਹਵਾ ਅਮਨ ਬਹਾਲੀ ਵੱਲ ਰੁਮਕੀ ਤਾਂ ਆਰਜ਼ੀ ਤੌਰ ਉਤੇ ਕਰਫਿਊ ਖੋਲ੍ਹ ਦਿੱਤਾ ਗਿਆ|
ਪਿਤਾ ਜੀ ਨੇ ਸਾਈਕਲ ਚੁੱਕਿਆ ਤੇ ਭਰੋਵਾਲ ਜਾਣ ਲਈ ਤਿਆਰ ਹੋ ਗਏ| ਮੈਂ ਘਰ ਵਿਚ ਬੰਦ ਰਹਿ ਕੇ ਅੱਕਿਆ ਹੋਇਆ ਸਾਂ| ਪਿਤਾ ਜੀ ਮੈਂਨੂੰ ਵੀ ਅਪਣੇ ਨਾਲ ਲੈ ਗਏ|
ਜਿਸ ਰੌਣਕ ਵਾਲੇ ਘਰ ਨੂੰ ਮੈਂ ਕਦੀ ਵੇਖਿਆ ਸੀ, ਉਹ ਘਰ ਉਸ ਵੇਲੇ ਉਜੜਿਆ ਪੁੱਜੜਿਆ ਧੁਆਂਖਿਆ ਤੇ ਮੈਲਾ ਜਿਹਾ ਵਿਖਾਈ ਦੇ ਰਿਹਾ ਸੀ| ਮਕਾਨ ਦਾ ਸਦਰ ਦਰਵਾਜ਼ਾ ਸੜਿਆ ਹੋਇਆ ਸੀ| ਅੰਦਰਲੇ ਕੁਝ ਦਰਵਾਜ਼ੇ ਟੁੱਟੇ ਹੋਏ ਸਨ| ਤੇ ਕੁਝ ਖੁੱਲੇ੍ਹ ਹੋਏ ਸਨ| ਕੁਝ ਬੂਹਿਆਂ ਨੂੰ ਤਾਂ ਲੋਕ ਚੁਗਾਠਾਂ ਸਮੇਤ ਹੀ ਪੁੱਟ ਕੇ ਲੈ ਗਏ ਸਨ|
ਪਿਤਾ ਜੀ ਗੁੰਮ ਸੁੰਮ ਜਿਹੇ ਉਸ ਉਜੜੇ ਘਰ ਦੇ ਵਿਹੜੇ ਵਿਚ ਖਲੋ ਗਏ ਸਨ| ਅਪਣੀ ਕਲਪਣਾ ਵਿਚ ਉਹ ਸ਼ਾਇ08:58 24-02-2024ਦ ਦੋਸਤ ਅਤੇ ਉਹਦੇ ਪਰਿਵਾਰ ਨੂੰ ਪਹਿਲਾਂ ਵਾਂਗ ਹੀ ਉਸ ਮਕਾਨ ਵਿਚ ਤੁਰਿਆਂ-ਫਿਰਦਿਆਂ ਵੇਖ ਰਹੇ ਸਨ| ਅੰਦਰ ਬਾਹਰ ਸਮਾਨ ਖਿਲਰਿਆ ਹੋਇਆ ਸੀ| ਲੁਟੇਰੇ ਕੀਮਤੀ ਸਮਾਨ ਲੁੱਟ ਕੇ ਜਾ ਚੁੱਕੇ ਸਨ| ਮੈਂ ਪੂਰੇ ਘਰ ਦਾ ਗੇੜਾ ਲਾ ਕੇ ਬਾਹਰ ਆ ਗਿਆ|
“ਘਰ ਤਾਂ ਕੋਈ ਵੀ ਨਹੀਂ|” ਮੈਂ ਦੱਸਿਆ|
“ਹਾਂ!”
“ਤਾਇਆ ਜੀ ਕਿੱਥੇ ਚਲੇ ਗਏ ਨੇ?”
ਪਿਤਾ ਜੀ ਨੇ ਹਉਕੇ ਵਰਗਾ ਸਾਹ ਭਰਿਆ, “ਇਕ ਹੋਰ ਦੇਸ਼ ਬਣ ਗਿਆ ਹੈ ਨਾ | ਉਸ ਨਵੇਂ ਮੁਲਕ ਵਿਚ ਉਹ ਅਪਣੀ ਥਾਂ ਲੱਭਣ ਗਏ ਨੇ|”
“ਕੀ ਉਹ ਵਾਪਸ ਨਹੀਂ ਆਉਣਗੇ?”
“ਨਹੀਂ …ਸ਼ਾਇਦ ਕਦੀ ਵੀ ਨਹੀਂ |”
ਜਿਥੇ ਕੁ ਅਸੀਂ ਦੋਵੇਂ ਪਿਓ, ਪੁੱਤ ਖੜੇ ਸਾਂ ਉਥੇ ਬਹੁਤ ਸਾਰੇ ਗਮਲੇ ਪਏ ਸਨ| ਗਮਲਿਆਂ ਦੇ ਪੌਦਿਆਂ ਨੂੰ ਕਿਸੇ ਨੇ ਪਾਣੀ ਨਹੀਂ ਸੀ ਦਿੱਤਾ| ਉਹ ਪੌਦੇ ਸੁੱਕਣ ਕਿਨਾਰੇ ਸਨ| ਇਕ ਹੋਰ ਗਮਲਾ ਬਰਾਮਦੇ ਦੀ ਬੁਰਜੀ ਕੋਲ ਪਿਆ ਹੋਇਆ ਸੀ| ਉਸ ਗਮਲੇ ਦਾ ਪੌਦਾ ਵੀ ਕੁਮਲਾਇਆ ਹੋਇਆ ਸੀ| ਉਸ ਪੌਦੇ ਨਾਲ ਇਕ ਡੋਡੀ ਸੀ| ਉਸ ਡੋਡੀ ਨੇ ਸਿਰ ਸੁੱਟਿਆ ਹੋਇਆ ਸੀ| ਜੇ ਉਸ ਪੌਦੇ ਨੂੰ ਵੀ ਪਾਣੀ ਨਾ ਮਿਲਿਆ ਤਾਂ ਡੋਡੀ ਨੇ ਵੀ ਫੁੱਲ ਬਣੇ ਤੋਂ ਬਿਨਾ ਹੀ ਸੜ ਸੁੱਕ ਜਾਣਾ ਸੀ|
ਲੁਟੇਰਿਆ ਨੇ ਘਰ ਲੁੱਟਿਆ ਸੀ, ਪਰ ਫੁੱਲਾਂ ਵਾਲੇ ਗਮਲੇ ਨਹੀਂ ਸਨ ਲੁੱਟੇ |
ਪਿਤਾ ਜੀ ਨਾਲ ਗੱਲਾਂ ਕਰਦਿਆਂ ਮੇਰਾ ਧਿਆਨ ਬੁਰਜੀ ਨੇੜੇ ਪਏ ਗਮਲੇ ਉਤੇ ਟਿਕਿਆ ਰਿਹਾ ਸੀ| ਮੈਨੂੰ ਮੁਰਝਾਇਆ ਹੋਇਆ ਉਹ ਪੌਦਾ ਪ੍ਰੇਸ਼ਾਨ ਕਰ ਰਿਹਾ ਸੀ| ਮੈਂ ਆਖਿਆ , “ਜੇ ਤਾਇਆ ਜੀ ਵਾਪਸ ਘਰ ਨਾ ਆਏ ਤਾਂ ਇਹ ਬੂਟਾ ਸੁੱਕ ਜਾਊ |”
“ਕੀ?” ਪਿਤਾ ਜੀ ਨੇ ਤ੍ਰਬਕ ਕੇ ਮੇਰੇ ਵੱਲ ਵੇਖਿਆ ਤੇ ਫਿਰ ਉਹਨਾ ਦੀ ਨਜ਼ਰ ਗਮਲੇ ਵੱਲ ਚਲੀ ਗਈ|
“ਆਪਾਂ ਇਹ ਗਮਲਾ ਘਰ ਲੈ ਜਾਈਏ?” ਮੈਂ ਪੁੱਛਿਆ
“ਆਪਾ ਕੀ ਕਰਨਾ ਏਂ ਇਹ ਗਮਲਾ?” ਪਿਤਾ ਜੀ ਬੋਲੇ ਤੇ ਫਿਰ ਉਹਨਾਂ ਦੇ ਮਨ ਵਿਚ ਪਤਾ ਨਹੀਂ ਕੀ ਆਈ ਉਹਨਾਂ ਗਮਲਾ ਚੁੱਕ ਕੇ ਸਾਈਕਲ ਦੀ ਪਿਛਲੀ ਕਾਠੀ ਉਤੇ ਰੱਖ ਦਿੱਤਾ ਤੇ ਉਹਨੂੰ ਰੱਸੀ ਨਾਲ ਬੰਨ੍ਹ ਲਿਆ| ਅਸੀਂ ਉਹ ਗਮਲਾ ਘਰ ਲੈ ਆਏ|
ਮੈਂ ਉਸ ਬੂਟੇ ਨੂੰ ਪਾਣੀ ਪਾਇਆ ਤਾਂ ਉਸਦੀ ਤੇਹ ਮੁੱਕ ਗਈ| ਉਹ ਬੂਟਾ ਹਰਾ ਭਰਾ ਹੋ ਗਿਆ| ਕੁਝ ਦਿਨਾਂ ਪਿੱਛੋਂ ਉਸ ਪੌਦੇ ਦੀ ਡੋਡੀ ਖਿੜ ਕੇ ਫੁੱਲ ਹੋ ਗਈ, ਖੁਸ਼ਬੂ ਵਾਲਾ ਸੂਹਾ ਲਾਲ ਫੁੱਲ|
ਬਹੁਤ ਸਾਲਾਂ ਬਾਅਦ ਪਿਤਾ ਜੀ ਉਸ ਨਵੇਂ ਮੁਲਕ ਦੀ ਸਰਹੱਦ ਉਤੇ ਅਪਣੇ ਜਿਗਰੀ ਯਾਰ ਚੌਧਰੀ ਫ਼ਕੀਰ ਹੁਸੈਨ ਨੂੰ ਮਿਲਣ ਗਏ ਸਨ| ਉਹਨਾ ਫ਼ਕੀਰ ਹੁਸੈਨ ਨੂੰ ਦੱਸਿਆ ਸੀ, “ਬੀਰ ਨੇ ਤੁਹਾਡਾ ਉਹ ਪੌਦਾ ਸੁੱਕਣ ਨਹੀਂ ਸੀ ਦਿੱਤਾ|

ਜਸਬੀਰ ਭੁੱਲਰ

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!