ਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕੇ
ਵੋਹ ਜਾ ਰਹਾ ਹੈ ਕੋਈ ਸ਼ਬੇਗ਼ਮ ਗੁਜ਼ਾਰ ਕੇ -ਫੈਜ਼
ਬਲਗਾਰੀਆ ਦੀ ਰਾਜਧਾਨੀ ਸੋਫੀਆ ‘ਚ ਇਕ ਆਲੀਸ਼ਾਨ ਇਮਾਰਤ ਦਾ ਨਾਂ ਹੈ ‘ਹੋਟਲ ਮਾਸਕਵਾ’। ਇਸ ਪੰਜ ਸਿਤਾਰੀ ਹੋਟਲ ਦੀ ਨੀਂਹ 60ਵਿਆਂ ਦੇ ਅੱਧ ‘ਚ ਮੇਰੀਆਂ ਅੱਖਾਂ ਮੂਹਰੇ ਰੱਖੀ ਗਈ ਸੀ। ਸੋਫੀਆ ਦੇ ਮਸ਼ਹੂਰ ‘ਆਜ਼ਾਦੀ-ਪਾਰਕ’ ਦੀ ਸੱਜੀ ਨੁੱਕਰੇ, ਇਸ ਹੋਟਲ ਤੋਂ ਮਸਾਂ ਸੌ ਕੁ ਮੀਟਰ ਦੇ ਫਾਸਲੇ ‘ਤੇ, ਰਸ਼ੀਅਨ ਐਂਬੈਸੀ ਹੈ। ਸੋਫੀਆ ਦੇ ਲਾਗੇ ਹੁੰਦੇ ਹੋਏ ਵੀ ਇਹ ਇਲਾਕਾ ਕਾਫੀ ਉਜਾੜ ਹੈ। ਹਰ 20 ਮਿੰਟ ਬਾਅਦ ਹੋਟਲ ਦੇ ਮੂਹਰੋਂ, ਬਿਜਲੀ ਦੀਆਂ ਤਾਰਾਂ ਚੋਂ ਚੰਗਿਆੜੇ ਛੱਡਦੀ, ਜ਼ਾਰ ਦੇ ਸਮਿਆਂ ਦੀ ਇਕ ਪੁਰਾਣੀ ਟਰੈਮ ਲੰਘਦੀ ਹੈ। ਸ਼ਾਂਤ ਫਿਜ਼ਾ ‘ਚ ਅਚਾਨਕ ਨਿੱਕਾ ਜਿਹਾ ਭੁਚਾਲ ਆ ਜਾਂਦਾ ਹੈ। ਪਰ ਰਾਤ ਵੇਲੇ ਸੁੰਨ ਪੈ ਜਾਂਦੀ ਹੈ ਤੇ ਘੁੱਗੂ ਬੋਲਦੇ ਸੁਣਾਈ ਦਿੰਦੇ ਹਨ। ਲੋਹੇ ਦੀ ਪਟਰੀ ਜ਼ੰਗਾਲ ਕੇ ਲਿਫ ਗਈ ਸੀ। ਫਿਰ ਵੀ ਇਹ ਟਰੈਮ ਦੇ ਵਜ਼ਨੀ ਡੱਬਿਆਂ ਨੂੰ ਅੱਧੀ ਸਦੀ ਹੋਰ ਝੱਲ ਸਕਦੀ ਸੀ।
ਸੋਫੀਆ ‘ਚ ਅੰਤਰਰਾਸ਼ਟਰੀ ਕਾਨਫ੍ਰੰਸਾਂ ਲਈ ਸੋਚ ਵਿਚਾਰ ਕੇ, ਹੋਟਲ ਦੀ ਉਸਾਰੀ ਲਈ, ਇਸ ਨਵੇਕਲੀ ਥਾਂ ਦੀ ਚੋਣ ਕੀਤੀ ਗਈ ਸੀ। ਭਵਿੱਖ ‘ਚ ਸੋਸ਼ਲਿਜ਼ਮ ਦੀ ਉਸਾਰੀ ਦੇ ਵੱਡੇ ਨਿਰਣੇ ਲੈਣ ਲਈ। ਉੱਤਰ-ਆਧੁਨਿਕ ਹੋਟਲ ਦੇ ਮੂਹਰੇ ਇਸ ਟਰੈਮ ਲਾਈਨ ਦਾ ਕੰਟਰਾਸਟ ਕਾਫੀ ਅਰਥ ਭਰਪੂਰ ਲਗਦਾ ਸੀ। ਆਮ ਲੋਕਾਂ ਅਤੇ ਰਾਜ-ਸੱਤਾ ਵਿਚਕਾਰ ਫਾਸਲੇ ਦਾ ਇਕ ਨਵਾਂ ਸਿੰਬਲ। ਖੜ-ਖੜ ਕਰਦੀ ਟਰੈਮ ‘ਚ ਤੂੜੇ ਹੋਏ ਮੁਸਾਫਰ ਉਂਗਲੀ ਦੇ ਇਸ਼ਾਰੇ ਨਾਲ ਬiੱਚਆਂ ਨੂੰ ਦੱਸਦੇ ‘ਵੇਖੋ! ਔਹ ਹੋਟਲ ਮਾਸਕਵਾ ਹੈ!’ ਇਸਦਾ ਜੋ ਕੋਈ ਵੀ ਅਰਥ ਹੋਵੇ। ਬੱਚੇ ਇੱਟਾਂ-ਪੱਥਰਾਂ ਦੇ ਇਸ ਦਿੳ ਨੂੰ ਅਚੰਭੇ ਅਤੇ ਡਰ ਨਾਲ ਦੇਖਦੇ। ਉਹਨਾਂ ਦੇ ਅਵਚੇਤਨ ‘ਚ ਇਹ ਬਿੰਬ ਸਦਾ ਲਈ ਉਕਰਿਆ ਜਾਂਦਾ।
ਕਾਨਫ੍ਰੰਸ ‘ਚ ਭਾਗ ਲੈਣ ਆਏ ਡੈਲੀਗੇਟਾਂ ਨੂੰ ਸੋਫੀਆ ‘ਚ ਸੌLਪਿੰਗ ਲਈ ਲਿਜਾਣ ਨੂੰ ਕਾਰਾਂ ਦੀ ਵਿਵਸਥਾ ਸੀ। ਇੰਜ ਦੋ ਯੁੱਗ ਨਾਲੋ ਨਾਲ ਜੀ ਰਹੇ ਸਨ। ਹੋਟਲ ਰਾਜ-ਸੱਤਾ ਦਾ ਪ੍ਰਤੀਕ ਸੀ ਤਾਂ ਲੋਹੇ ਦੀ ਟਰੈਮ ਸੱਤਾਹੀਣ ਲੋਕਾਂ ਦਾ। ਟਰੈਮ ਦੇ ਲੰਘਣ ਨਾਲ ਹਰ 20 ਮਿੰਟ ਬਾਅਦ ਪੈਰਾਂ ਹੇਠ ਧਰਤੀ ਕੰਬਦੀ। ਹੋਟਲ ਦੇ ਗੈਸਟ ਰੁਕ ਕੇ ਟਰੈਮ ‘ਚ ਭਰੇ ਲੋਕਾਂ ਨੂੰ ਹੈਰਾਨ ਹੋਏ ਇੰਜ ਵੇਖਦੇ ਜਿਵੇਂ ਉਹ ਕਿਸੇ ਹੋਰ ਲੋਕ ਦੇ ਵਾਸੀ ਹੋਣ।
1979 ‘ਚ ਹੋਈ ਅਜੇਹੀ ਹੀ ਇਕ ਕਾਨਫ੍ਰੰਸ ਦਾ ਇਹ ਦ੍ਰਿਸ਼ਟਾਂਤ ਹੈ। ਸਵੀਡਨ ਤੋਂ ਮੈਂ ਇਕ ਦਿਨ ਲੇਟ ਪਹੁੰਚਿਆ ਸੀ। ਮੇਰੀ ਦੁਭਾਸ਼ਨ ਰੂਮੀ(ਪੂਰਾ ਨਾਂ ਰੁਮਿਆਨਾ)ਮੈਨੂੰ ਮੇਰਾ ਕਮਰਾ ਦਿਖਾਉਣ ਲਿਫਟ ਵੱਲ ਲਿਜਾ ਰਹੀ ਸੀ। ਬਲਗਾਰੀਅਨ ਭਾਸ਼ਾ ਆਉਣ ਕਰ ਕੇ ਮੈਨੂੰ ਦੁਭਾਸ਼ਨ ਦੀ ਲੋੜ ਨਹੀਂ ਸੀ। ਪਰ ਇਨ੍ਹਾਂ ਕਾਨਫਰੈਂਸਾਂ ‘ਚ ਦੁਭਾਸ਼ਨ ਦਾ ਰੋਲ ‘ਭਾਸ਼ਾ’ ਤਕ ਹੀ ਸੀਮਤ ਨਹੀਂ ਹੁੰਦਾ ਸੀ। ਮਹਿਮਾਨ ਦੀ ਦੇਖ ਭਾਲ ਤੋਂ ਅਲਾਵਾ, ਜੇ ਮਹਿਮਾਨ ਕੁਝ ਜ਼ਿਆਦਾ ਹੀ ਇਮਪੌਰਟੈਂਟ ਹੋਵੇ ਤਾਂ, ਉਸ ਨੂੰ ਹਰ ਤਰ੍ਹਾਂ ਖੁਸ਼ ਰੱਖਣਾ ਵੀ ਇਸ ਰੋਲ ‘ਚ ਸ਼ਾਮਿਲ ਹੁੰਦਾ ਸੀ। ਪੱਛਮ ‘ਚ ਇਨ੍ਹਾਂਂ ਸੋਹਣੀਆਂ ਕੁੜੀਆਂ ਨੂੰ ‘ਐਸਕੌਰਟ ਗਰਲਜ਼’ ਕਿਹਾ ਜਾਂਦਾ ਹੈ। ਮੈਂ ਉਨ੍ਹਾਂਂ ਨੂੰ ‘ਵਿਸ਼-ਕੰਨਿਆਂ’ ਦਾ ਨਾਂ ਦਿਤਾ ਹੋਇਆ ਸੀ। ਮੇਜ਼ਬਾਨਾਂ ਨੁੰ ਡੈਲੀਗੇਟਾਂ ਦੀਆਂ ਗਤੀਆਂ-ਵਿਧੀਆਂ ਦੀ ਰੋਜ਼ਾਨਾ ਰਿਪੋਰਟ ਦੇਣਾ ਇਨ੍ਹਾਂ ਵਿਸ਼-ਕੰਨਿਆਂਵਾਂ ਦੀ ਡੀਊਟੀ ‘ਚ ਸ਼ਾਮਿਲ ਸੀ । ਵਿਸ਼-ਕੰਨਿਆਂ ਦਾ ਨਾਂ ਮੈਂ ਉਨ੍ਹਾਂ ਦੀ ਸੁੰਦਰ ਮੁਖ-ਰਾਸ਼ੀ ਕਰ ਕੇ ਦਿੱਤਾ ਹੋਇਆ ਸੀ। ਹੋਰ ਖਤਰੇ ਵਾਲੀ ਕੋਈ ਗੱਲ ਉਨ੍ਹਾਂ ‘ਚ ਨਹੀਂ ਸੀ ।
ਮੇਰੀ ਦੁਭਾਸ਼ਨ ਸੋਫੀਆ ਯੂਨੀਵਰਸਟੀ ‘ਚ ਪਰੋਫੈਸਰ ਫਿਲੀਪੋਵ ਦੀ ਨਿਗਰਾਨੀ ‘ਚ ਅੰਗਰੇਜ਼ੀ ਦੀ ਐੰਮ. ਏ. ਕਰ ਰਹੀ ਸੀ। 60ਵਿਆਂ ‘ਚ ਮੈਂ ਵੀ ਇਸ ਯੂਨੀਵਰਸਟੀ ‘ਚ ਪੜ੍ਹਾਉਂਦਾ ਰਿਹਾ ਸੀ। ਸਾਡੇ ਕੋਲ ਗੱਲਾਂ ਦੀ ਕਮੀ ਨਹੀਂ ਸੀ। ਗੱਲੀਂ ਲੱਗੇ ਅਸੀਂ ਲਿਫਟ ਵੱਲ ਜਾ ਰਹੇ ਸੀ ਤਾਂ ਮੇਰੀ ਨਜ਼ਰ ਕੁਝ ਦੂਰ ਖੜ੍ਹੇ ਇਕ ਦੇਸੀ ਬੰਦੇ ‘ਤੇ ਪਈ।
‘ਲੁਕ ਐਟ ਹਿਮ,’ ਮੈਂ ਰੂਮੀ ਨੂੰ ਕਿਹਾ, ‘ਸਿਗਰੇਟ ਦੇ ਧੂੰਏਂ ਨਾਲ ਹੋਟਲ ਦੀ ਹਵਾ ਦੂਸ਼ਿਤ ਕਰ ਰਿਹਾ ਹੈ”
”ਤੁਹਾਡੇ ਹੀ ਮੁਲਕ ਦਾ ਹੈ!” ਉਸਨੇ ਵਿਅੰਗ ਕੀਤਾ। ਮੈਨੂੰ ਇਹ ਭੁੱਲ ਗਿਆ ਸੀ ਕਿ ਉਹ ਆਪ ਵੀ ਸਿਗਰੇਟ ਪੀਂਦੀ ਸੀ।
”ਮੇਰੇ ਮੁਲਕ ਦਾ?” ਮੈਂ ਹੈਰਾਨੀ ਨਾਲ ਪੁੱਛਿਆ।
”ਹਾਂ! ਫੈਜ਼ ਨਾਂ ਹੈ ਉਸਦਾ!” ਉਹ ਸਰਸਰੀ ਬੋਲੀ।
ਇਹ ਨਾਂ ਸੁਣ ਕੇ ਮੈਂ ਉਥੇ ਹੀ ਅਟਕ ਗਿਆ। ਮੈਥੋਂ ਕੁਝ ਦੂਰ ਖੜ੍ਹੇ ਫੈਜ਼ ਅਹਿਮਦ ਫੈਜ਼ ਆਪਣੀ ਹੀ ਦੁਨੀਆਂ ‘ਚ ਗੁੰਮ ਹੋਏ ਖਲੋਤੇ ਸਨ। ਰੂਮੀ ਨੇ ਅਣਜਾਣਗੀ ‘ਚ ਉਨ੍ਹਾਂ ਨੂੰ ਮੇਰੇ ਦੇਸ਼ ਦਾ ਬਣਾ ਦਿਤਾ ਸੀ। ਪਰ ਉਸਦੀ ਗੱਲ ਠੀਕ ਸੀ। ਫੈਜ਼ ਜਿੰਨੇ ਪਾਕਿਸਤਾਨ ਦੇ ਸੀ ਉਨਾਂ ਹੀ ਉਹ ਹਿੰਦੋਸਤਾਨ ਦੇ ਵੀ ਸਨ। ਉਹ ਜੰਮ-ਪਲ ਹੀ ਪੰਜਾਬ ਦੇ ਸਨ। ਸਕੂਲੀ ਵਿਦਿਆ ਇਕਬਾਲ ਦੇ ਉਸਤਾਦ ਤੋਂ। ਅੰਗਰੇਜ਼ੀ ਦੀ ਐਮ ਏ ਕਰ ਕੇ ਅਮ੍ਰਿਤਸਰ ‘ਚ ਲੈਕਚਰਾਰ। ਪਾਕਿਸਤਾਨ ਦੂਜੀ ਚੋਣ ਸੀ। ਮੁਹਮੰਦ ਅਲੀ ਜਿੱਨਾਹ ਦੇ ਪ੍ਰਭਾਵ ਹੇਠ। ਹੋਟਲ ਦੀ ਲੌਬੀ ‘ਚ ਖੜ੍ਹੇ ਫੈਜ਼ ਸਿਗਰਟ ਦਾ ਧੂਆਂ ਛੱਡ ਕੇ ਹਵਾ ਦੂਸ਼ਿਤ ਨਹੀਂ ਸਨ ਕਰ ਰਹੇ, ਬਲ ਕਿ ਉਰਦੂ ਦਾ ਇਕ ਮਹਾਨ ਸ਼ਾਇਰ ਸਿਗਰਟ ਦਾ ਆਨੰਦ ਲੈ ਰਿਹਾ ਸੀ। ਫੈਜ਼ ਦਾ ਨਾਂ ਸੁਣ ਕੇ ਮੈਨੂੰ ਉਸਦੇ ਛੱਡੇ ਧੂੰਏਂ ਦੇ ਲੱਛੇ ਵੀ ਚੰਗੇ ਲੱਗਣ ਲੱਗ ਪਏ। ਮੈਂ ਰੂਮੀ ਨੂੰ ਉੱਥੇ ਹੀ ਖੜ੍ਹੀ ਛੱਡ ਕੇ ਉਧਰ ਹੋ ਤੁਰਿਆ ਜਿੱਥੇ ਫੈਜ਼ ਸਾਹਿਬ ਖੜ੍ਹੇ ਸਨ। ਆਲੇ ਦੁਆਲੇ ਤੋਂ ਬੇਖ਼ਬਰ ਕਿਤੇ ਦੂਰ ਵੇਖਦੇ ਹੋਏ। ਮੈਨੂੰ ਉਨ੍ਹਾਂ ਦੇ ਇਹ ਸ਼ੇਅਰ ਯਾਦ ਆ ਗਏ:
ਲੌਟ ਜਾਤੀ ਹੈ ਉਧਰ ਕੋ ਭੀ ਨਜ਼ਰ ਕਿਆ ਕੀਜੇ
ਅਬ ਭੀ ਦਿਲਕਸ਼ ਹੈ ਤੇਰਾ ਹੁਸਨ ਮਗਰ ਕਿਆ ਕੀਜੇ
ਔਰ ਭੀ ਦੁਖ ਹੈਂ ਜ਼ਮਾਨੇ ਮੇਂ ਮੁੱਹਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ
ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ
ਮਾਰਕਸਵਾਦ ਨੇ ਫੈਜ਼ ਨੂੰ ਉਸਦੀ ਮਹਿਬੂਬਾ ਤੋਂ ਜ਼Lੁਦਾ ਕਰ ਦਿਤੱਾ, ਪਰ ਉਸਦੀ ਸ਼ਾਇਰੀ ਮਾਰਕਸਵਾਦੀ ਨਹੀਂ ਸੀ। ਪ੍ਰਗਤੀਵਾਦੀ ਲਹਿਰ ਨਾਲ ਜੁੜੇ ਹੋਣ ਦੇ ਬਾਵਜੂਦ ਉਹ ਆਪਣੇ ਹਮਸਫਰਾਂ ਵਾਂਗ ਸਸਤੇ ਪਰੌਪੇਗੰਡੇ ‘ਚ ਨਹੀਂ ਪਏ। ਪਾਬਲੋ ਨੇਰੂਦਾ ਵਾਂਗ ਉਹਨਾਂ ‘ਚ ਮੌਡਰਨ ਸੈਂਸਿਬਿਲਿਟੀ ਦੀ ਭਬਕ ਨਹੀਂ, ਫਾਰਮ ਦੇ ਪੱਖੋਂ ਵੀ ਪਾਬਲੋ ਵਾੰਗ ਐਕਸਪੈਰੀਮੈਂਟ ਕਰਨ ਦੀ ਥਾਵੇਂ ਉਹਨਾਂ ਰਵਾਇਤੀ ਗਜ਼ਲ ਦਾ ਰਾਹ ਫੜਿਆ । ਪਰ ਕਾਵਿਕ ਅਪੀਲ ਅਤੇ ਲੋਕ-ਪ੍ਰਿਅਤਾ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ਉਰਦੂ ਦਾ ਪਾਬਲੋ ਨੇਰੂਦਾ ਕਿਹਾ ਜਾ ਸਕਦਾ ਹੈ। ਉਰਦੂ ਦੇ ਸ਼ਾਇਰਾਂ ’ਚੋਂ ਜੇ ਮੈਂ ਕਿਸੇ ਨੂੰ ਥੋੜ੍ਹਾ ਬਹੁਤ ਪੜ੍ਹਿਆ ਸੀ ਤਾਂ ਫੈLਜ਼ ਨੂੰ ਹੀ ਪੜ੍ਹਿਆ ਸੀ। ਹੁਣ ਉਹ ਇਸ ਬਿਗਾਨੀ ਧਰਤੀ ‘ਤੇ ਅਚਾਨਕ ਮੇਰੇ ਰਾਹ ‘ਚ ਆਣ ਖੜ੍ਹੇ ਹੋਏ ਸੀ। ਹੱਥ ਮਿਲਾਏ ਬਿਨਾ ਮੈਂ ਉਨ੍ਹਾਂ ਦੇ ਕੋਲੋਂ ਦੀ ਕਿਵੇਂ ਲੰਘ ਸਕਦਾ ਸੀ? ਮੈ ਕਾਹਲੇ ਕਦਮੀਂ ਉਹਨਾਂ ਵੱਲ ਹੋ ਤੁਰਿਆ।
ਇਹ ਸਾਡੀ ਪਹਿਲੀ ਮੁਲਾਕਾਤ ਸੀ।
ਅਨਾਰਕਲੀ ਬਾਜ਼ਾਰ ‘ਚ ਰੁੜ੍ਹੇ ਧੇਲੇ
ਇਸ ਪਹਿਲੀ ਮੁਲਾਕਾਤ ‘ਚ ਹੀ ਫੈਜ਼ ਨੇ ਮੇਰਾ ਅੰਦਰ ਬਾਹਰ ਤਾੜ ਲਿਆ। ਉਨ੍ਹਾਂ ਪੁਛਿਆ, ‘ਤੁਸੀੰ ਲਾਹੌਰ ਵੇਖਿਆ ਹੈ?’
ਇਸ ਆਮ ਸਵਾਲ ‘ਚ ਇਹ ਸਵਾਲ ਵੀ ਛੁਪੇ ਹੋਏ ਸੀ: ਪਾਕਿਸਤਾਨ ਦੇ ਕਿਹੜੇ ਲੇਖਕਾਂ ਨੂੰ ਮਿਲੇ ਹੋਏ ਹੋ? ਜਾਂ ਉਰਦੂ ਸਾਹਿਤ ਕਿੰਨਾਂ ਕੁ ਪੜ੍ਹਿਆ ਹੈ?
ਇਨ੍ਹਾਂ ਸਵਾਲਾਂ ਦਾ ਮੇਰੇ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀੰ ਸੀ।
ਲਾਹੌਰ ਦੇ ਅਨਾਰਕਲੀ ਬਾਜ਼ਾਰ ‘ਚ ਜਾ ਰਹੇ ਤਾਂਗੇ ‘ਤੇ ਇਕ ਨਿੱਕਾ ਜਿਹਾ ਬਾਲ ਸਵਾਰ ਹੈ। ਉਮਰ 5-6 ਸਾਲ। ਤਾਂਗੇ ਦੀ ਪਿਛਲੀ ਸੀਟ ‘ਤੇ ਬੈਠਾ ਹੋਣ ਕਰਕੇ ਉਹ ਮੂਹਰੇ ਉਡਦੇ ਜਾ ਰਹੇ ਘੋੜੇ ਨੂੰ ਨਹੀੰਂ ਵੇਖ ਪਾ ਰਿਹਾ। ਉਹ ਤਾਂਗੇ ‘ਚ ਬੈਠੈ ਆਪਣੇ ਵੱਡੇ ਭਰਾ ਅਤੇ ਭਾਬੀ ਨਾਲ ਰੁੱਸਿਆ ਹੋਇਆ ਹੈ। ਅਚਾਨਕ ਉਸਦੀ ਨਿੱਕਰ ਦੀ ਜੇਬ ਚੋਂ ਕੁਝ ਸਿੱਕੇ ਨਿੱਕਲ ਕੇ ਸੜਕ ‘ਤੇ ਬਿਖਰ ਜਾਂਦੇ ਨੇ। ਆਪਣੇ ਸਿੱਕਿਆਂ ਨੂੰ ਸੜਕ ‘ਤੇ ਰੁੜ੍ਹਦੇ ਵੇਖ ਉਹ ਤਾਂਗਾ ਰੋਕਣ ਲਈ ਆਖਦਾ ਹੈ। ਪਰ ਉਸਦੀ ਕੋਈ ਨਹੀੰ ਸੁਣਦਾ। ਭਾਬੀ ਬਟੂਆ ਖੋਲ੍ਹ ਕੇ ਉਸਨੂੰ ਵਰਿਆਉਣ ਲਈ ਆਖਦੀ ਹੈ, ‘ਆਹ ਲੈ ਆਪਣੇ ਧੇਲੇ। ਰੋਂਦਾ ਕਾਹਨੂੰ ਆਂ!’ ਪਰ ਉਹ ਮੰਨਦਾ ਨਹੀੰ। ਉਹਨੂੰ ਆਪਣੇ ਉਹੋ ਧੇਲੇ ਚਾਹੀਦੇ ਨੇ ਜੋ ਸੜਕ ‘ਤੇ ਰੁੜ੍ਹ ਕੇ ਗੁਆਚ ਗਏ। ਪਰ ਤਾਂਗਾ ਰੁਕਦਾ ਨਹੀੰਂ। ਘੋੜਾ ਉਸੇ ਤਰ੍ਹਾਂ ਟਪ ਟਪ ਕਰਦਾ ਸੜਕ ‘ਤੇ ਦੌੜਦਾ ਜਾਂਦਾ ਹੈ।
ਇਹ ਮੇਰੀ ਲਾਹੌਰ ਦੀ ਸਿਮਰਤੀ ਹੈ। ਸੜਕ ‘ਤੇ ਡਿਗਦੇ ਸਿੱਕਿਆਂ ਦੀ ਟਨਕਾਰ ‘ਤੇ ਘੋੜੇ ਦੇ ਪੌੜਾਂ ਦੀ ਇਕਸੁਰ ਟਪ-ਟਪ। ਇਹ ਵਾਕਿਆ ਮੈਨੂੰ ਕਦੇ ਸੁਪਨਾ ਲੱਗਦਾ ਹੈ ਕਦੇ ਅਸਲੀਅਤ। ਦੇਸ਼ ਵੰਡ ਤੋਂ ਪਹਿਲਾਂ ਮੇਰਾ ਵੱਡਾ ਭਰਾ ਲਾਹੌਰ ਰਹਿੰਦਾ ਸੀ। ਮੇਰੀ ਮਾਂ ਅਨੁਸਾਰ ਬਚਪਨ ‘ਚ ਮੈਂ ਉਸ ਕੋਲ ਭਾਬੀ ਨਾਲ ਸਚਮੁਚ ਹੀ ਲਾਹੌਰ ਗਿਆ ਸੀ। ਇਹ ਸੁਪਨਾ ਨਹੀਂ ਸੀ। ਪਰ ਇਸ ਨੂੰ ‘ਲਾਹੌਰ ਵੇਖਣਾ’ ਸ਼ਾਇਦ ਹੀ ਕਿਹਾ ਜਾ ਸਕਦਾ ਹੋਵੇ।
ਇਹ ਵੀ ਅਫਸੋਸ ਵਾਲੀ ਗੱਲ ਸੀ ਕਿ ਮੈਂ ਕਿਸੇ ਪਾਕਿਸਤਾਨੀ ਰਾਈਟਰ ਨੂੰ ਕਦੇ ਨਹੀੰ ਸੀ ਮਿਲਿਆ। ਦਿੱਲੀ ਦੇ ਟੀ-ਹਾਉਸ ‘ਚ ਉਰਦੂ ਦੇ ਕੁਝ ਲੇਖਕਾਂ ਨਾਲ ਬੈਠਣ ਉੱਠਣ ਦਾ ਮੌਕਾ ਮਿਲ ਜਾਂਦਾ ਸੀ। ੳਂੁਝ ਮੰਟੋ ਨੂੰ ਕੁਝ ਪੜ੍ਹਿਆ ਸੀ। ਉਰਦੂ ਦੀਆਂ ਗ਼ਜ਼ਲਾਂ ਸੁਣਨ ਦਾ ਵੀ ਸ਼ੌਕ ਸੀ। ਅਸਲੀਅਤ ਇਹ ਸੀ ਕਿ ਮੇਰੀ ਜ਼ਿੰਦਗੀ ‘ਚ ਆਏ ਫੈਜ਼ ਉਰਦੂ ਦੇ ਪਹਿਲੇ ਅਦੀਬ ਸਨ। ਉਹਨਾਂ ਦੀਆਂ ਗ਼ਜ਼ਲਾਂ ਵੀ ਪੜ੍ਹੀਆਂ ਸਨ। ਮਸਲਨ ਇਹ ਫੈਜ਼ ਤੋਂ ਹੀ ਪਤਾ ਚੱਲਿਆ ਸੀ ਕਿ ਕੁੜੀਆਂ ਦੇ ਆਉਣ ਨਾਲ ਹਵਾ ‘ਚ ਮਹਿਕ ਭਰ ਜਾਂਦੀ ਹੈ ਤੇ ਫੁੱਲਾਂ ‘ਚ ਖੇੜਾ ਆ ਜਾਂਦਾ ਹੈ:
ਗੁਲੋਂ ਮੇਂ ਰੰਗ ਭਰੇ ਬਾਦ-ਏ-ਨੌਬਹਾਰ ਚਲੇ
ਚਲੇ ਭੀ ਆੳ ਕਿ ਗੁਲਸ਼ਨ ਕਾ ਕਾਰੋਬਾਰ ਚਲੇ
ਪਰ ਉਰਦੂ ਗਜ਼ਲਾਂ ਦਾ ਇੰਨਾਂ ਕੁ ਗਿਆਨ ਤਾਂ ਪਾਨ ਦੀ ਦੁਕਾਨ ਵਾਲੇ ਨੂੰ ਵੀ ਹੁੰਦਾ ਹੈ। ਇਹ ਕੋਈ ਡੀੰਂਗ ਮਾਰਨ ਵਾਲੀ ਗੱਲ ਨਹੀਂ ਸੀ। ਅਸਲ ‘ਚ ਇਸ ਪੱਖੋਂ ਵੀ ਮੈਂ ਕੋਰਾ ਹੀ ਸਾਂ। ਆਪਣਾ ਅਗਿਆਨ ਕਬੂਲਦਿਆਂ ਮੈਂ ਫੈਜ਼ ਸਾਹਿਬ ਨੂੰ ਕਿਹਾ, ‘ਜੀ ਨਹੀੰ!’ ਨਾ ਮੈਂ ਲਾਹੌਰ ਵੇਖਿਆ ਹੈ। ਨਾ ਇਸ ਤੋਂ ਪਹਿਲਾਂ ਕਿਸੇ ਉਰਦੂ ਰਾਈਟਰ ਨੂੰ ਹੀ ਮਿਲਿਆ ਹਾਂ।’
‘ਮਿਲੇ ਵੀ ਤਾਂ ਬਲਗਾਰੀਆ ‘ਚ ਸੱਤ ਸਮੁੰਦਰ ਪਾਰ!’ ਫੈਜ਼ ਹੱਸ ਕੇ ਤੁਰਤ ਬੋਲੇ ਸੀ।
ਇਸ ਭੇਂਟ ਨੂੰ ਮੁਦੱਤਾਂ ਹੋ ਚੱਲੀਆੰ ਨੇ । ਪਰ ਪਾਕਿਸਤਾਨ ਦੀ ਅਦਬੀ ਦੁਨੀਆਂ ਮੇਰੇ ਲਈ ਅੱਜ ਵੀ ਰਹੱਸ ਹੀ ਹੈ।
ਪਰ ਇਸ ਦੁਨੀਆਂ ‘ਚ ਕਦਮ ਰੱਖਣ ਦੇ ਮੈਨੂੰ ਦੋ ਮੌਕੇ ਜਰੂਰ ਮਿਲੇ।
ਇਕ ਵਾਰ ਫਖ਼ਰ ਜ਼ਮਾਨ ਹੁਰਾਂ ਦਾ ਫੋਨ ਆਇਆ। ਉਹ ਸਟੌਕਹੋਮ ਆਏ ਹੋਏੇ ਸਨ ਤੇ ਮਿਲਣਾ ਚਾਹੁੰਦੇ ਸੀ। ਮੈਂ ਅਤੇ ਇਵਾਂਕਾ ਨੇ ਮੀਆਂ-ਬੀਬੀ ਨੁੰ ਡਿਨਰ ‘ਤੇ ਘਰ ਬੁਲਾ ਲਿਆ। ਬਲਗਾਰੀਅਨ ਖਾਣਾ ਤੇ ਵਾਈਨ ਨਾਲ ਫਖ਼ਰ ਦੀ ਸ਼ਾਇਰਾ ਬੀਵੀ ਤੋਂ ਨਜਮਾਂ ਸੁਣਦਿਆਂ ਸਾਡੀ ਸ਼ਾਮ ਸੋਹਣੀ ਗੁਜ਼ਰੀ। ਪਾਕਿਸਤਾਨ ‘ਚ ਵਿਸ਼ਵ ਪੰਜਾਬੀ ਸੰਮੇਲਨ ਹੋਇਆ ਤਾਂ ਉਸ ‘ਚ ਸ਼ਾਮਿਲ ਹੋਣ ਲਈ ਫਖ਼ਰ ਦਾ ਮੋਹ ਭਰਿਆ ਖ਼ਤ ਮਿਲਿਆ। ਪਰ ਚਾਹੁੰਦੇ ਹੋਏ ਵੀ ਮੈਂ ਜਾ ਨਾ ਸਕਿਆ।
ਦੂਜਾ ਮੌਕਾ ਮੇਰੀ ਦੋਸਤ ਅਜੀਤ ਕੌਰ ਹੁਰਾਂ ਦਿਤਾ। ਉਨ੍ਹਾਂ ਲਾਹੌਰ ‘ਚ ਹੋਈ ਸਾਰਕ-ਕਾਨਫ੍ਰੰਂਸ ਲਈ ਇਨਵੀਟੇਸ਼ਨ ਭੇਜਿਆ ਤੇ ਫੋਨ ‘ਤੇ ਕਿਹਾ,’ਆ ਜਾੳ! ਤੁਹਾਨੂੰ ਚੰਗਾ ਲਗੇਗਾ!’
ਮੈੰ ਲੰਬੀ ਬਿਮਾਰੀ ਭੋਗ ਕੇ ਮੰਜੇ ਤੋਂ ਉਠਿਆ ਸਾਂ। ਅਜੀਤ ਦੀ ਗੱਲ ਠੀਕ ਸੀ ਕਿ ਹਵਾ ਬਦਲੀ ਨਾਲ ਮੈਂ ‘ਵੱਲ ਹੋ ਜਾਵਾਂਗਾ’। ਅਜੇਹੀ ਸ਼ਾਹ-ਦਿਲ ਦੋਸਤ ਦਾ ਕੋਈ ਕਿਵੇਂ ਸ਼ੁਕਰੀਆ ਕਰੇ! ਮੈਨੂੰ ਜ਼ਰੂਰ ਚੰਗਾ ਲੱਗਦਾ। ਜਾਂਦਾ ਤਾਂ ਅਨਾਰਕਲੀ ਦੇ ਬਾਜ਼ਾਰ ‘ਚ ਰੁੜ੍ਹ ਕੇ ਗੁਆਚੇ ਆਪਣੇ ਧੇਲੇ ਵੀ ਸ਼ਾਇਦ ਮੈਨੂੰ ਲੱਭ ਜਾਂਦੇ। ਪਰ ਇੰਨਾਂ ਦੂਰ ਉਡ ਕੇ ਜਾਣ ਦਾ ਹੌਸਲਾ ਨਾ ਪਿਆ। ਭੀੜਾਂ ਤੋਂ ਬਚਣ ਦੀ ਮੇਰੀ ਇਸ ਉਲਝਣ ਦਾ ਬਿਆਨ ਫੈਜ਼ ਦੇ ਲਫਜ਼ਾਂ ‘ਚ ਕੁਝ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ‘ਮਕਾਮ ਕੋਈ ਫੈਜ਼ ਰਾਹ ਮੇਂ ਜਚਾ ਹੀ ਨਹੀਂ/ ਜੋ ਕੂਏ ਯਾਰ ਸੇ ਨਿਕਲੇ ਤੋ ਸੂਏ ਦਾਰ ਚਲੇ’।
ਕਾਨਫ੍ਰੰਸ ਦੇ ਅਗਲੇ ਤਿੰਨ ਦਿਨ ਸੁਰਗ ਦਾ ਝੂਟਾ ਹੋ ਗਏ। ਤਕਰੀਰਾਂ ਕਰਨਾ ਤੇ ਕਾਨਫ੍ਰੈਂਸ ਹਾਲ ‘ਚ ਘੰਟਿਆਂ ਬੱਧੀ ਬੈਠੇ ਰਹਿਣਾ, ਨਾ ਫੈਜ਼ ਦਾ ਸਟਾਈਲ ਸੀ, ਨਾ ਮੇਰਾ ਹੀ। ਉਨ੍ਹਾਂ ਦੀ ਫੇਵਰਿਟ ਜਗਾ੍ਹ ਹੋਟਲ ਦੀ ਲੌਬੀ ਹੀ ਸੀ। ਰੇਲਿੰਗ ‘ਤੇ ਕੂਹਣੀ ਰੱਖ ਕੇ ਸੱਜੇ ਹੱਥ ‘ਚ ਸਿਗਰਟ ਫੜੀ ਉਹ ਇਸ ਤਰ੍ਹਾਂ ਖੜ੍ਹੇ ਹੁੰਦੇ ਜਿਵੇਂ ਕਿਸੇ ਦੀ ਉਡੀਕ ਕਰ ਰਹੇ ਹੋਣ। ਮੇਰੇ ਜ਼ਿਹਨ ‘ਚ ਉਹਨਾਂ ਦਾ ਇਹ ਸਥਾਈ ਬਿੰਬ ਹੈ। ਹੱਸਦੇ ਵੀ ਤਾਂ ਉਹਨਾਂ ਦੀਆਂ ਅੱਖਾਂ ਉਦਾਸ ਲੱਗਦੀਆਂ।
ਮੇਰਾ ਜੇ ਕਦੇ ਮਿਲਣ ਨੂੰ ਜੀ ਕਰਦਾ ਤਾਂ ਮੈਨੂੰ ਪਤਾ ਸੀ ਉਹ ਕਿੱਥੇ ਮਿਲ ਸਕਦੇ ਸਨ। ਮਜ਼ਾਕ ‘ਚ ਕਦੇ-ਕਦੇ ਮੈਂ ਇਹ ਪੁੱਛ ਲੈਣਾ, ‘ਜਨਾਬ ਕਿਸ ਦੀ ਉਡੀਕ ਹੋ ਰਹੀ ਹੈ?’।
ਇਸ ਮਜ਼ਾਕ ਦਾ ਉਹ ਬੁਰਾ ਨਾ ਮਨਾਉਂਦੇ, ਬਲ ਕਿ ਹੱਸ ਕੇ ਜਵਾਬ ਦਿੰਦੇ, ‘ਤੁਹਾਨੂੰ ਹੀ ਉਡੀਕ ਰਿਹਾ ਹਾਂ। ਇਥੇ ਮੈਨੂੰ ਹੋਰ ਕੌਣ ਜਾਣਦਾ ਹੈ’।
ਡੁਬਦੀ ਦਿੱਲੀ
70ਵਿਆਂ ਦੇ ਅਰੰਭ ‘ਚ ਦਿੱਲੀ ਵਿਖੇ ਮੈਂ ਫੈਜ਼ ਸਾਹਿਬ ਨੂੰ ਮਿਲਦਾ ਮਿਲਦਾ ਰਹਿ ਗਿਆ ਸੀ। ਦਿੱਲੀ ‘ਚ ‘ਐਫਰੋ ਏਸੀLਅਨ ਕਾਨਫ੍ਰੰਸ’ ਦੇ ਅਵਸਰ ਤੇ। ਸੁਣਿਆ ਸੀ ਫੈਜ਼ ਅਹਿਮਦ ਫੈਜ਼ ਇਸ ਕਾਨਫ੍ਰੰਸ ਦੇ ਮੁੱਖ ਮਹਿਮਾਨ ਸਨ। ਉਹ ਪਾਕਿਸਤਾਨ ਤੋਂ ਆਏ ਸਨ। ਮੈਂ ਸੋਫੀਆ ਤੋਂ ਦਿੱਲੀ ਗਿਆ ਹੋਇਆ ਸਾਂ।
ਇੰਪੀਰਿਅਲ ਹੋਟਲ ‘ਚ ਪ੍ਰੋ ਅਤਰ ਸਿੰਘ ਹੁਰਾਂ ਮੇਰੇ ਕੋਲੋਂ ਇਸ ਕਾਨਫ੍ਰੰਸ ਲਈ ਦੱਛਣਾ ਝਾੜ ਲਈ ਸੀ। ਮੁਲਕ ਰਾਜ ਆਨੰਦ, ਅਮ੍ਰਿਤਾ ਪ੍ਰੀਤਮ ਤੋਂ ਹਜ਼ਾਰ-ਪੰਦਰਾਂ ਸੌ ਰੁਪਏ ਵਸੂਲ ਕਰ ਕੇ ਲੈ ਗਏ ਸਨ। ਪਰ ਉਦਘਾਟਣ ਤੋਂ ਇਕ ਦਿਨ ਪਹਿਲਾਂ ਅਹੁਦਿਆਂ ਦੀ ਵੰਡ ਨੂੰ ਲੈ ਕੇ ਭਾਰਤੀ ਡੈਲੀਗੇਟਾਂ ‘ਚ ਕੁਝ ਫੁੱਟ ਪੈ ਗਈ। ਨਤੀਜਾ ਇਹ ਹੋਇਆ ਕਿ ਅਮ੍ਰਿਤਾ ਪ੍ਰੀਤਮ ਦੀ ਥਾਵੇਂ ਬੰਗਾਲੀ ਲੇਖਕ ਸੁਭਾਸ਼ ਮੁਖੋਪਾਧਿਆਏ ਨੂੰ ਰਿਸੈਪਸ਼ਨ ਕਮੇਟੀ ਦਾ ਪਰਧਾਨ ਬਣਾ ਦਿਤਾ ਗਿਆ। ਇਸ ਪਦ ‘ਤੇ ਅਮ੍ਰਿਤਾ ਦੀ ਨਾਮਜ਼ਦਗੀ ਦਾ ਅਲਿਖਤ ਸਮਝੌਤਾ ਸੀ। ਸਹੀ ਜਾਂ ਗ਼ਲਤ , ਉਗਰਾਹੀ ਕਰਨ ਆਏ ਮੁਲਕ ਰਾਜ ਆਨੰਦ ਇਹ ਇੰਪਰੈਸ਼ਨ ਜ਼ਰੂਰ ਦੇ ਗਏ ਸੀ। ਇਹ ਸਮਝੌਤਾ ਟੁੱਟ ਗਿਆ ਤਾਂ ਅਮ੍ਰਿਤਾ ਦੇ ਨਾਲ ਮੈਂ ਵੀ ਉਸ ਕਾਨਫ੍ਰੰਸ ਦਾ ਬਾਈਕਾਟ ਕਰ ਦਿਤਾ। ਇਹੋ ਨਹੀੰ, ਕਾਨਫਰੈਂਸ ਦੇ ਖਿਲਾਫ ਹਿਂਦੋਸਤਾਨ ਟਾਈਮਜ਼ ‘ਚ ਮੇਰਾ ਇਕ ਖਤ ਵੀ ਛਪਿਆ। ਦਿੱਲੀ ਦੀ ਅਦਬੀ ਦੁਨੀਆਂ ਅਚਾਨਕ ਦੋ ਧੜਿਆਂ ‘ਚ ਵੰਡੀ ਗਈ। ਸਾਡੇ ਅਨੁਸਾਰ ਅਮ੍ਰਿਤਾ ਦੀ ਗੈLਰਹਾਜ਼ਰੀ ਕਾਰਨ ਕਾਨਫ੍ਰੰਂਸ ਦਾ ਬੈਲੂਨ ਪੈਂਚਰ ਹੋ ਗਿਆ ਸੀ। ਅਮ੍ਰਿਤਾ ਦੀ ਗ਼ੈਰਹਾਜਰੀ ਕਾਰਨ ਕਾਨਫ੍ਰੰਸ ‘ਚ ਕੁਝ ਨਹੀਂ ਸੀ ਰਿਹਾ। ਉਹ ਬਸ ਸ਼ੋਭਾਹੀਣ ਲੋਕਾਂ ਦੀ ਭੀੜ ਸੀ। ਉਦੋਂ ਅਮ੍ਰਿਤਾ ਦਾ ਪੱਖ ਲੈਣ ਵਾਲਿਆਂ ‘ਚ ਕੁਝ ਹੋਰ ਲੇਖਕਾਂ ਤੋਂ ਅਲਾਵਾ ਸਾਹਿਤ ਅਕਾਦਮੀ ਦੇ ਸੈਕਟਰੀ ਪਰਭਾਕਰ ਮਾਚਵੇ ਵੀ ਸਨ।
ਇਹ ਕਾਨਫ੍ਰੰਸਾਂ ਸੋਵੀਅਤ ਸੰਘ ਦੀ ਸਰਪਰਸਤੀ ‘ਚ ਹੋਇਆ ਕਰਦੀਆਂ ਸਨ। ਹੁਣ ਪਰੋਗਰੈਸਿਵ ਲੇਖਕਾਂ ਦੀ ਨਜ਼ਰ ‘ਚ ਅਮ੍ਰਿਤਾ ਦਾ ਦਰਜਾ ਉਹ ਨਹੀਂ ਸੀ ਰਿਹਾ ਜੋ ਉਸਦੀਆਂ ਰੂਸੀ ਫੇਰੀਆਂ ਵੇਲੇ ਸੀ। ਨਾਗਮਣੀ ਦਾ ਛਪਣਾ ਇਕ ਤਰ੍ਹਾਂ ਪੂਰਬ ਨਾਲੋਂ ਟੁਟੱਣ ਦਾ ਐਲਾਨ ਸੀ। ਅਮ੍ਰਿਤਾ ਦਾ ਇਹ ਪੱਛਮੀਕਰਣ ਕਾਨਫ੍ਰੰਸ ਦੇ ਡੈਲੀਗੇਟਾਂ ਨੁੰ, ਜਿਨ੍ਹਾਂ ‘ਚ ਪੰਜਾਬੀ ਦੇ ਹੋਰ ਪਤਵੰਤੇ ਲੇਖਕਾਂ ਨਾਲ ਮੋਹਨ ਸਿੰਘ ਵੀ ਸਨ, ਭਲਾ ਕਿਵੇਂ ਰਾਸ ਆਉਂਦਾ? ਸੋ ਕਾਨਫ੍ਰੰਂਸ ਨੇ ਰਿਸੈਪਸ਼ਨ ਕਮੇਟੀ ਦੀ ਕੁਰਸੀ ਖਿੱਚ ਕੇ ‘ਅੱਜ ਆਖਾਂ ਵਾਰਿਸਸ਼ਾਹ ਨੂੰ’ ਦੀ ਲੇਖਿਕਾ ਨੂੰ ਫੲਰਸੋਨਅ ਂੋਨ ਘਰਅਟਅ ਕਰਾਰ ਦੇ ਦਿਤਾ। ਦਿੱਲੀ ਉਤੇ ਅਮ੍ਰਿਤਾ ਦਾ ਰਾਜ ਸੀ। ਉਸ ਤੋਂ ਬਿਨਾ ਦਿੱਲੀ ‘ਚ ਭਲਾ ਕਾਨਫ੍ਰੰਸ ਕਿਵੇਂ ਹੋ ਸਕਦੀ ਸੀ?
ਇਸ ਨਮੋਸ਼ੀ ਦੀ ਘੜੀ ਇਕ ਤਸੱਲੀ ਇਹ ਹੋਈ ਕਿ ਪਟਿਆਲੇ ਵਾਲੇ ਲਾਲੀ ਸਾਹਿਬ ਕੁਝ ਅਦੀਬਾਂ ਅਤੇ ਸਨੇਹੀਆਂ ਦਾ ਜੱਥਾ ਲੈ ਕੇ ਹੌਜ਼ ਖਾਸ ਅਮ੍ਰਿਤਾ ਦੇ ਘਰ ਆ ਗਏ। ਇਸ ਜੱਥੇ ਨਾਲ ਕਾਨਫ੍ਰੰਸ ‘ਚ ਭਾਗ ਲੈਣ ਆਏ ਇਕ ਦੋ ਅਫਰੀਕਨ ਲੇਖਕ ਵੀ ਸਨ। ਅਸੀਂ ਕਾਰਾਂ ‘ਚ ਕੁਤੁਬ ਮੀਨਾਰ ਜਾ ਕੇ ਦਿੱਲੀ ਦੇ ਖੰਡਰਾਂ ‘ਚ ਆਪਣੀ ਕਾਨਫ੍ਰੰਸ ਰਚਾ ਲਈ। ਲਾਲੀ ਸਾਹਿਬ ਦਾ ਜਵਾਬ ਨਹੀੰ! ਪਟਿਆਲਿਉਂ ਉਹ ਆਏ ਤਾਂ ਸੀ ਆਪਣੇ ਅੰਗ੍ਰੇਜ਼ੀ ਮੈਗਜ਼ੀਨ ਦਾ ਅਫਰੀਕਨ ਅੰਕ ਤਿਆਰ ਕਰਨ, ਪਰ ਲੱਗਦੇ ਹੱਥ ਉਹ ਡੁਬੱਦੀ ਦਿੱਲੀ ਨੂੰ ਵੀ ਤਾਰ ਗਏ। ਕੁਤੁਬ ਮਿਨਾਰ ‘ਚ ਹੋਈ ਇਸ ਇਤੀਹਾਸਕ ਕਾਨਫ੍ਰੰਸ ਦੀ ਇਕ ਗਰੁਪ ਫੋਟੋ ਮੇਰੇ ਕੋਲ ਸਾਂਭੀ ਪਈ ਹੈ। ਇਸ ਫੋਟੋ ‘ਚ ਇਕ ਵੀ ਚੇਹਰਾ ਉਦਾਸ ਨਹੀੰ। ਸਾਰੇ ਹੱਸ ਰਹੇ ਹਨ।
ਕਾਨਫ੍ਰੰਸ ਦੇ ਸਾਡੇ ਇਸ ਬਾਈਕਾਟ ਦਾ ਫੈਜ਼ ਹੁਰਾਂ ਨੂੰ ਵੀ ਪਤਾ ਸੀ। ਮੇਰੀਆਂ ਗੱਲਾਂ ਸੁਣਦਿਆਂ ਉਹ ਕਦੇ ਹੱਸ ਪੈਂਦੈ, ਕਦੇ ਸਿਗਰਟ ਦਾ ਡੂੰਘਾ ਕਸ਼ ਲੈ ਕੇ ਆਪਣੇ ਛੱਡੇ ਧੂੰਏਂ ਵੱਲ ਵੇਖਣ ਲੱਗ ਪੈਂਦੇ, ਜਿਵੇਂ ਉਹ ਕੋਈ ਗੁੱਝੀ ਲਿਖਤ ਹੋਵੇ।
‘ਉਦੋਂ ਦੇ ਰੁੱਸੇ ਦੋਸਤ ਅੱਜ ਤਾਈਂ ਨਹੀੰ ਬੋਲੇ!’ ਕੁਝ ਦੇਰ ਬਾਅਦ ਸਿਗਰਟ ਦੀ ਰਾਖ ਝਾੜਦਿਆਂ ਉਹ ਬੋਲੇ ਸੀ।
ਇਹ ਇਸ਼ਾਰਾ ਕਿੱਧਰ ਸੀ, ਇਹ ਮੈਨੂੰ ਵੀ ਪਤਾ ਸੀ, ਫੈਜ਼ ਹੁਰਾਂ ਨੂੰ ਵੀ।
ਜਨਾਨੀਆਂ ਨਾਲ ਗੱਲਾਂ
ਅਸੀਂ ਗ਼ਜ਼ਲ ਦੀ ਗੱਲ ਕਰ ਰਹੇ ਸਾਂ। ਫੈਜ਼ ਅਚਾਨਕ ਬੋਲੇ ‘ਤੁਹਾਨੂੰ ਪਤਾ ਹੈ ਕਿ ਅਰਬੀ ਜ਼ਬਾਨ ‘ਚ ਗ਼ਜ਼ਲ ਦਾ ਕੀ ਅਰਥ ਹੈ? ਇਸਦ ਮਾਇਨੇ ਨੇ
ਜ਼ਨਾਨੀਆਂ ਨਾਲ ਗੱਲਾਂ
ਮੈਂ ਸੋਚਿਆ ਫੈਜ਼ ਮੇਰਾ ਉੱਲੂ ਬਣਾ ਰਹੇ ਨੇ। ਪਰ ਫੈਜ਼ ਹੁਰਾਂ ਦਾ ਚਿਹਰਾ ਗੰਭੀਰ ਸੀ। ਇਸ਼ਕ ਗ਼ਜ਼ਲ ਦਾ ਕੇਂਦਰੀ ਵਿਸ਼ਾ ਹੈ। ਪਰ ਜਨਾਨੀਆਂ ਨਾਲ ਗੱਲਾਂ? ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਫੈਜ਼ ਦੀ ਗ਼ਜ਼ਲ ਦਾ ਸੋਸ਼ਲ ਕਂਟੈਕਸਟ ਨਿਰਵਿਵਾਦ ਸੀ, ਭਾਵੇਂ ਉਹਨਾਂ ਨੇ ਔਰਤ ਨਾਲ ਮੁਹੱਬਤ ਤੇ ਵੀ ਬੇਹਤਰੀਨ ਗਜ਼ਲਾਂ ਲਿਖਿਆਂ ਨੇ। ਉਨ੍ਹਾਂ ਤੇ ਇਹ ਜ਼ਨਾਨੀਆਂ ਵਾਲੀ ਗੱਲ ਲਾਗੂ ਨਹੀਂ ਸੀ ਹੁੰਦੀ।
‘ਤੁਹਾਡੀ ਇਹ ਗੱਲ ਪੰਜਾਬੀ ਗ਼ਜ਼ਲ ‘ਤੇ ਲਾਗੂ ਹੁੰਦੀ ਹੈ’ ਮੈਂ ਹੱਸ ਕੇ ਕਿਹਾ।
ਵੇਖਿਆ ਜਾਏ ਤਾਂ ਗਜ਼ਲ ਹੀ ਨਹੀਂ ਸਾਰੀ ਰੁਮਾਂਟਿਕ ਕਵਿਤਾ ਹੀ ਜਨਾਨੀਆਂ ਨਾਲ ਗੱਲਾਂ ਹੈ। ਪੰਜਾਬੀ ‘ਚ ਇਸਦਾ ਵਧੀਆ ਉਦਾਹਰਣ ਸ਼ਿਵ ਕੁਮਾਰ ਹੈ।
ਸਾਡੀ ਇਸ ਮੁਲਾਕਾਤ ਸਮੇਂ ਫੈਜ਼ ਸਾਹਿਬ ਮਾਸਕੋ, ਲੰਡਨ ਅਤੇ ਬੈਰੂਤ ਤੋਂ ਪ੍ਰਕਾਸ਼ਿਤ ਹੋ ਰਹੇ ਮੈਗਜ਼ੀਨ ‘Lੋਟੁਸ’ ਦੇ ਸੰਪਾਦਕ ਸਨ। ਸੋਫੀਆ ਦੀ ਕਾਨਫ੍ਰੰਸ ‘ਚ ਉਹ ਲਿਬਨਾਨ ਦੀ ਰਾਜਧਾਨੀ ਬੈਰੂਤ ਤੋਂ ਪਹੁੰਚੇ ਸਨ। ‘ਐਫਰੋਏਸ਼ੀਅਨ ਕਾਨਫ੍ਰੰਸ ਵਾਂਗ ਇਹ ਮੈਗਜ਼ੀਨ ਵੀ ਸੋਵੀਅਤ ਸੰਘ ਦੇ ਰੂਬਲਾਂ ਨਾਲ ਚੱਲ ਰਿਹਾ ਸੀ। ਪਾਕਿਸਤਾਨ ਦੀ ਸਰਗੋਧਾ ਜੇਲ੍ਹ ‘ਚ ਬਿਤਾਏ ਸਾਲਾਂ ਦੇ ਮੁਕਾਬਲੇ ‘ਚ ਐਲਾਇਸ (ਅੰਗ੍ਰੇਜ਼ ਪਤਨੀ) ਨਾਲ ਫੈਜ਼ ਦੀ ਇਹ ਜ਼ਿੰਦਗੀ ਕਾਫੀ ਸਕੂਨ ਵਾਲੀ ਸੀ। (ਫੈਜ਼ ਦੀ ਮਹਿਬੂਬ ਪਤਨੀ ਐਲਾਇਸ ਲੰਡਨ ‘ਚ ਕ੍ਰਿਸ਼ਨਾ ਮੈਨਿਨ ਦੀ ਸੈਕਟਰੀ ਹੁੰਦੀ ਸੀ। ਹਿਂਦੋਸਤਾਨ ‘ਚ ਸ਼ੇਖ ਅਬਦੁੱਲਾ ਨੇ ਦੋਵਾਂ ਦਾ ਨਿਕਾਹ ਪੜ੍ਹਿਆ ਸੀ ।)। ਉਹ ਸੋਫੀਆ ‘ਚ ਫੈਜ਼ ਦੇ ਨਾਲ ਨਹੀਂ ਸੀ ਆਈ। ਹੋਟਲ ਦੀ ਲੌਬੀ ‘ਚ ਇਕੱਲੇ ਖੜ੍ਹੇ ਉਹ ਜ਼ਰੂਰ ਆਪਣੀ ਮਹਿਬੂਬ ਪਤਨੀ ਦੇ ਸੁਪਨੇ ਲੈਂਦੇ ਹੋਣਗੇ?
‘ਘਰ ਦੀ ਯਾਦ ਕਿਸ ਨੂੰ ਨਹੀੰਂ ਆਉਂਦੀ,’ ਮੇਰੀਆਂ ਗੱਲਾਂ ਸੁਣ ਕੇ ਫੈਜ਼ ਬੋਲੇ, ‘ ਪਰ ਤੁਹਾਡੀ ਰੂਬਲਾਂ ਵਾਲੀ ਗੱਲ ਗ਼ਲਤ ਹੈ। ‘ਲੋਟਸ’ ਮੈਗਜ਼ੀਨ ਐਫਰੋ ਏਸ਼ੀਅਨ ਲੇਖਕਾਂ ਦਾ ਪਰਚਾ ਹੈ। ਮੈਂ ਇਸ ਦਾ ਐਡੀਟਰ ਹਾਂ’
ਬੈਰੂਤ ਅਤੇ ਲੰਡਨ ਦੀ ਸਕੂਨ ਵਾਲੀ ਜ਼ਿੰਦਗੀ ਬਾਰੇ ਉਹਨਾਂ ਦਾ ਇਹ ਕੁਮੈਂਟ ਸੀ, ‘ਸਰਗੋਧਾ ਦੀ ਜੇਲ੍ਹ ਅਤੇ ਪਰਦੇਸ ਦੀ ਇਹ ਜ਼ਿੰਦਗੀ ਇਕੋ ਜੱਦੋ-ਜਹਿਦ ਦਾ ਹਿੱਸਾ ਹਨ। ‘ਦਸਤ-ਏ-ਸਬਾ’ ਦੀਆਂ ਨਜ਼ਮਾਂ ਸਰਗੋਧਾ ਜੇਲ੍ਹ ‘ਚ ਬੈਠ ਕੇ ਹੀ ਲਿਖੀਆਂ ਸਨ। ਲੇਖਕ ਨੂੰ ਸਕੂਨ ਲਿਖ ਕੇ ਮਿਲਦਾ ਹੈ, ਭਾਵੇਂ ਉਹ ਕਿਤੇ ਵੀ ਬੈਠਾ ਹੋਵੇ। ਬਾਕੀ ਗੱਲਾਂ ਫਜ਼ੂਲ ਨੇ।’
ਸਰਗੋਧਾ ਜੇਲ੍ਹ ਨੇ ਫੈਜ਼ ਨੂੰ ‘ਦਸਤ-ਏ-ਸਬਾ’ (ਹਵਾ ਦੀਆਂ ਉਂਗਲਾਂ) ਹੀ ਨਹੀਂ ਦਿਤੀ। ਇਸ ਕੈਦ ਦਾ ਫੈਜ਼ ਦੀ ਅਗਲੀ ਜ਼ਿੰਦਗੀ ਨੂੰ ਨਿਰਧਾਰਿਤ ਕਰਨ ‘ਚ ਵੀ ਵੱਡਾ ਹੱਥ ਹੈ।
ਇਸ ਜੇਲ੍ਹ-ਯਾਤਰਾ ਦਾ ਕਾਰਨ ਸੀ ‘ਰਾਵਲਪਿੰਡੀ ਕੰਸਪੀਰੇਸੀ’ ਕੇਸ। ਮੇਜਰ ਜਨਰਲ ਅਕਬਰ ਖਾਂ ਨਾਲ ਮਿਲ ਕੇ ਲਿਆਕਤ ਅਲੀ ਦਾ ਤਖਤਾ ਪਲਟਣ ਦਾ ਖੜਯੰਤਰ ਰਚਣ ਦੇ ਜ਼ੁਰਮ ‘ਚ ਫੈਜ਼ ਨੂੰ ਵੀ ਗਿਰਫਤਾਰ ਕਰ ਲਿਤਾ ਗਿਆ ਸੀ। ਫੈਜ਼ ਉਸ ਸਮੇਂ ਖੱਬਵਾਦੀ ਰੋਜ਼ਾਨਾ ਅਖਵਾਰ ‘ਫਅਕਸਿਟਅਨ ਠਮਿੲਸ’ ਦੇ ਸੰਪਾਦਕ ਸਨ। ਫੈਜ਼ ਦੇ ਇਸ ਖੜਯੰਤਰ ‘ਚ ਸ਼ਾਮਿਲ ਹੋਣ ਦਾ ਕਾਰਨ ਇਹ ਦੱਸਿਆ ਗਿਆ: ਅਕਬਰ ਖਾਂ ਨਾਲ ਫੈਜ਼ ਦੀ ਦੇਸ਼ ਵੰਡ ਤੋਂ ਪਹਿਲਾਂ ਦੀ ਦੋਸਤੀ ਸੀ । ਅਕਬਰ ਖਾਂ ਨੇ ਫੈਜ਼ ਨਾਲ ਵਾਹਦਾ ਕੀਤਾ ਸੀ ਕਿ ਜੇਕਰ ਲਿਆਕਤ ਅਲੀ ਦੇ ਖ਼ਿਲਾਫ਼ ਸੈਨਿਕ-ਕ੍ਰਾਂਤੀ ਕਾਮਯਾਬ ਹੋ ਗਈ ਤਾਂ ਕਮਿਊਨਿਸਟ ਪਾਰਟੀ ਨੂੰ ,ਜੋ ਪਾਕਿਸਤਾਨ ‘ਚ ਉਦੋਂ ਗੈLਰ-ਕਾਨੂੰਨੀ ਸੀ, ਚੋਣਾ ‘ਚ ਭਾਗ ਲੈਣ ਦਾ ਹੱਕ ਦੇ ਦਿਤਾ ਜਾਵੇਗਾ। ਰਾਜ ਪਲਟਣ ਦੀ ਸਾਜਿਸ਼ ‘ਚ ਸ਼ਾਮਿਲ ਹੋ ਕੇ ਫੈਜ਼ ਨੇ ਪਾਰਟੀ ਲਈ ਕਾਫੀ ਵੱਡਾ ਰਿਸਕ ਲਿਆ ਸੀ।
ਪਰ ਸੈਨਿਕ-ਕ੍ਰਾਂਤੀ ਤੋਂ ਪਹਿਲਾਂ ਹੀ ਹੋਰ ਖੜਯੰਤਰਕਾਰੀਆਂ ਨਾਲ ਫੈਜ਼ ਵੀ ਜੇਲ੍ਹ ਪਹੁੰਚ ਗਏ। 1962 ‘ਚ ਮਿਲੇ ਲੈਨਿਨ ਪੁਰਸਕਾਰ ਮਿਲਣ ਪਿੱਛੇ ਪਾਰਟੀ ਲਈ ਫੈਜ਼ ਦੀ ਇਹ ਕੁਰਬਾਨੀ ਹੋ ਸਕਦੀ ਹੈ। ਸੋਵੀਅਤ ਸੰਘ ਨੇ ਫੈਜ਼ ਨੂੰ ਇਹ ਇਨਾਮ ਦੇ ਕੇ ਪਾਬਲੋ ਨੇਰੂਦਾ, ਮੰਡੇਲਾ, ਬਰੈਖਤ ਅਤੇ ਫੀਡਲ ਕੈਸਟਰੋ ਦੇ ਬਰਾਬਰ ਖੜ੍ਹਾ ਕਰ ਦਿਤਾ। ਲੈਨਿਨ ਪੀਸ ਅਵਾਰਡ ਨੂੰ ਪਰੋਗਰੈਸਿਵ ਲੇਖਕਾਂ ‘ਚ ਨੋਬਲ ਪ੍ਰਾਈਜ਼ ਹੀ ਸਮਝਿਆ ਜਾਂਦਾ ਸੀ। ਪਰ ਇਨ੍ਹਾਂ ਗੱਲਾਂ ਦਾ ਜਵਾਬ ਮੈਂ ਫੈਜ਼ ਤੋਂ ਨਹੀਂ ਸੀ ਪੁੱਛ ਸਕਦਾ। ਨਾ ਹੀ ਸ਼ਾਇਦ ਉਹ ਕੋਈ ਜਵਾਬ ਦੇ ਸਕਦੇ ਸਨ।
ਜੇਲ੍ਹ ਦੀ ਘਟਨਾਂ ਬਾਰੇ ਟੈਡ ਜੈਨੋਵੇਜ਼ ਲਿਖਦਾ ਹੈ, ‘ਸੁਬਾਹ ਦੇ ਸਾਢੇ ਛੇ ਵਜੇ, ਮਾਰਚ 9, 1951 ਦੇ ਦਿਨ ਪੁਲਸੀਆਂ ਦਾ ਇਕ ਜੱਥਾ, ਲਿਬਰਲ ਅਖਬਾਰ ਫਅਕਸਿਟਅਨ ਠਮਿੲਸ ਦੇ ਸੰਪਾਦਕ ਅਤੇ ਦੇਸ਼ ਦੇ ਸਭ ਤੋਂ ਵੱਡੇ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਘਰ ਆ ਧਮਕਿਆ। ਫੈਜ਼ ਦੀ ਪਤਨੀ ਦੀ ਵਾਜਾਂ ਪੈਂਦੀਆਂ ਸੁਣ ਕੇ ਅੱਖ ਖੁਲ੍ਹ ਗਈ। ‘ਮੈਂ ਵਰਾਂਡਾ ਪਾਰ ਕਰ ਕੇ ਹੇਠਾਂ ਗਾਰਡਨ ‘ਤੇ ਨਜ਼ਰ ਮਾਰੀ,’ ਉਸਨੇ ਬਾਅਦ ‘ਚ ਇਸ ਦਿਨ ਨੂੰ ਯਾਦ ਕਰਦਿਆਂ ਲਿਖਿਆ, ‘ਮੈਨੂੰ ਹਥਿਆਰਬੰਦ ਪੁਲਿਸ ਨਜ਼ਰ ਆਈ,ਕਾਫੀ ਗਿਣਤੀ ‘ਚ। ਉਹ ਘਰ ਨੂੰ ਘੇਰੀ ਖੜ੍ਹੇ ਸਨ’। ਅਗਲੇ ਦਿਨ ਪੰਜਾਬ ਅਸੈਂਬਲੀ ਦੀਆਂ ਚੋਣਾਂ ਸਨ। ਫੈਜ਼ ਨੇ ਐਲਾਈਸ ਨੂੰ ਕਿਹਾ ਕਿ ਪੁਲਿਸ ਨੇ ਉਸਨੂੰ ਇਲੈਕਸ਼ਨਾਂ ਦੇ ਖ਼ਤਮ ਹੋਣ ਤਕ ਹੀ ਹਵਾਲਾਤ ‘ਚ ਰਖੱਣਾ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿੰਦਾ, ਦਰਵਾਜੇ ਤੋੜ ਕੇ ਉਹ ਅੰਦਰ ਆ ਗਏ ਤੇ ਘਰ ਦਾ ਉਤਲਾ ਵਰਾਂਡਾ ਪੁਲਿਸ ਨਾਲ ਭਰ ਗਿਆ, ‘ਉਹਨਾਂ ਦੀਆਂ ਰਾਈਫਲਾਂ ਤਣੀਆਂ ਹੋਈਆਂ ਸੀ’।
ਅੱਗੋਂ ਟੈਡ ਲਿਖਦਾ ਹੈ,’ਫੈਜ਼ ਬਿਸਤਰੇ ਦੀ ਚਾਦਰ ਤੇ ਕੁਝ ਕੱਪੜੇ ਲੈ ਕੇ ਉਹਨਾਂ ਨਾਲ ਹੋ ਤੁਰਿਆ। ਜੀਪ ‘ਚ ਬਿਠਾ ਕੇ ਉਹ ਉਸਨੂੰ ਸਰਗੋਧਾ ਜੇਲ੍ਹ ਲੈ ਗਏ। ਇਹ ਔਰਤਾਂ ਦੀ ਜੇਲ੍ਹ ਸੀ। ਇਸ ਦੇ ਸੁਪਰਡੈਂਟ ਨੂੰ ਫੈਜ਼ ਦੇ ਆਉਣ ਦੀ ਕੋਈ ਖ਼ਬਰ-ਸਾਰ ਨਹੀੰ ਸੀ। ਸੁਪਰਡੈਂਟ ਟੈਲੀਫੋਨ ‘ਤੇ ਸਥਿਤੀ ਨੂੰ ਸੁਲਝਾਉਣ ‘ਚ ਲਗਿਆ ਹੋਇਆ ਸੀ ਕਿ ਵਜ਼ੀਰੇ ਆਜ਼ਮ ਲਿਆਕਤ ਅਲੀ ਖਾਂ ਰੇਡੀੳ ਸਟੇਸ਼ਨ ‘ਤੇ ਜ਼ਰੂਰੀ ਅਨਾਉਂਸਮੈਂਟ ਕਰਨ ਪਹੁੰਚ ਗਏ।
ਅਨਾਉਂਸਮੈਂਟ ਸੀ ਸੈਨਿਕ-ਕ੍ਰਾਂਤੀ ਦੀ ਤਿਆਰੀ ਕਰ ਰਹੇ ਖੜਯੰਤਰਕਾਰੀਆਂ ਦੀ ਗਿਰਫਤਾਰੀ ਦੀ। ਇਸ ਲਿਸਟ ‘ਚ ਫੈਜ਼ ਦਾ ਨਾਂ ਵੀ ਦਰਜ ਸੀ। London Times ਨੇ ਫੈਜ਼ ਨੂੰ ਪਾਕਿਸਤਾਨ ਦਾ ਸਭ ਤੋਂ ਖਤਰਨਾਕ ਲੈਫਟਿਸਟ ਕਰਾਰ ਦੇ ਕੇ ਉਸਦੀ ਗਿਰਫਤਾਰੀ ਦੀ ਖ਼ਬਰ ਛਾਪੀ।
ਪਰ ਆਪਣੇ ਮੂਹਰੇ ਖੜ੍ਹਾ ਫੈਜ਼ ਮੈਨੂੰ ਫੈਲਸੂਫ ਬਹੁਤਾ ਜਾਪਿਆ, ਖੜਯੰਤਰਕਾਰੀ ਘੱਟ।
ਚੌਥਾ ਕਿਲੋਮੀਟਰ
‘ਸੈਰ ਲਈ ਕਦੇ ਹੋਟਲ ਤੋਂ ਬਾਹਰ ਵੀ ਨਿਕਲੇ ਹੋ?’ ਫੈਜ਼ ਹੁਰਾਂ ਤੋਂ ਮੈਂ ਇਕ ਦਿਨ ਪੁiੱਛਆ।
‘ਹੋਟਲ ਦੁਆਲੇ ਹੀ ਤਿੰਨ ਚਾਰ ਚੱਕਰ ਲਾ ਲੈਂਦਾ ਹਾਂ’ ਫੈਜ ਬੋਲੇ।
ਮੈਂ ਉਨ੍ਹਾਂ ਨੂੰ ਸੋਫੀਆ ਦਾ ‘ਆਜ਼ਾਦੀ ਪਾਰਕ’ ਵਿਖਾਉਣਾ ਚਾਹੁੰਦਾ ਸੀ।
‘ਇਸ ਪਾਰਕ ‘ਚ ਸੋਫੀਆ ਦੇ ਪ੍ਰਾਣ ਹਨ।’ ਮੈਂ ਬੋਲਿਆ, ‘ਕਹੋ ਤਾਂ ਕਿਸੇ ਦਿਨ ਸੈਰ ਲਈ ਚੱਲੀਏ!’
’ਕੱਲਿਆਂ ਇਸ ਜੰਗਲ ‘ਚ ਵੜਣ ਤੋਂ ਡਰ ਲੱਗਦਾ ਸੀ। ਤੁਸੀਂ ਜਿੱਧਰ ਮਰਜ਼ੀ ਲੈ ਚੱਲੋ!’ ਫੈਜ਼ ਮੁਸਕਰਾ ਕੇ ਬੋਲੇ ਸੀ।
ਅਗਲੀ ਸਵੇਰ ਬਰੇਕਫਾਸਟ ਲੈ ਕੇ ਅਸੀਂ ਇਸ ਜੰਗਲ ਵੱਲ ਮੂੰਹ ਕਰ ਲਿਆ।
ਇਸ ਆਜ਼ਾਦੀ ਪਾਰਕ (ਬਲਗਾਰੀਅਨ ਅਤੇ ਰੂਸੀ ਜ਼ਬਾਨ ‘ਚ ਆਜ਼ਾਦੀ ਨੂੰ ‘ਸਵੋਵੋਦਾ’ ਆਖਦੇ ਨੇ) ਨੂੰ ਜੰਗਲ ਹੀ ਕਹਿਣਾ ਚਾਹੀਦਾ ਹੈ। ਆਜ਼ਾਦ ਜੰਗਲ। ਕਿਲੋਮੀਟਰਾਂ ‘ਚ ਫੈਲੇ ਇਸ ਜੰਗਲ ‘ਚ ਉੱਚੇ ਤੇ ਸੰਘਣੇ ਰੁੱਖਾਂ ਦਾ ਰਾਜ ਸੀ। ਇਸ ‘ਚ ਜਿਵੇਂ ਵੱਖਰੀ ਹੀ ਹਵਾ ਵਗਦੀ ਸੀ। ਵੱਖਰੇ ਰੰਗ ਦੀ। ਸੋਸ਼ਲਿਜ਼ਮ ਅਜੇ ਇੱਥੇ ਨਹੀਂ ਸੀ ਪਹੁੰਂਚਿਆ। ਤਾਜ਼ੀ ਹਵਾ ‘ਚ ਡੂੰਘੇ ਸਾਹ ਲੈਂਦੇ ਅਸੀਂ ਲੰਮੇ ਕਦਮ ਪੁੱਟਦੇ ਅੱਗੇ ਵੱਧਦੇ ਜਾ ਰਹੇ ਸੀ। ਇਕ ਬੈਂਚ ‘ਤੇ ਸਾਹ ਲੈਣ ਬੈਠੇ ਤਾਂ ਫੈਜ਼ ਨੇ ਮੈਨੂੰ ਪੁਛਿਆ ਕਿ ਮੈੰ ਇਹ ਕਿਉਂ ਕਿਹਾ ਸੀ ਕਿ ਇਸ ਪਾਰਕ ‘ਚ ਸੋਫੀਆ ਦੇ ਪ੍ਰਾਣ ਸਨ?
ਇਸ ਪਾਰਕ ਦੀ ਇਕ ਗੁੱਠ ‘ਚ ਸਟੂਡੈਂਟ ਹੋਸਟਲ ਅਤੇ ਪ੍ਰੋਫੈਸਰਾਂ ਦੇ ਫਲੈਟ ਹਨ। ਹੋਸਟਲ ਦਾ ਨਾਂ ਹੈ ‘ਚੇਤਵਰਤੀ ਕਿਲੋਮੀਟਰ’ (ਚੌਥਾ ਕਿਲੋਮੀਟਰ)। ਇਹ ‘ਚੌਥਾ ਕਿਲੋਮੀਟਰ’ ਕਦੇ ਮੇਰਾ ਘਰ ਹੁੰਦਾ ਸੀ। ਪਾਰਕ ਦੀ ਦੂਜੀ ਗੁੱਠ ‘ਚ ,ਹੋਸਟਲ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ, ਸੌਫੀਆ ਯੂਨੀਵਰਸਟੀ ਦੀ ਜ਼ਾਰ ਦੇ ਜ਼ਮਾਨੇ ਦੀ ਮਹਿਲਨੁਮਾ ਇਮਾਰਤ ਹੈ। ਯੂਨੀਵਰਸਟੀ ਨੂੰ ਪੈਦਲ ਜਾਂਦਿਆਂ ਤੇ ਵਾਪਸੀ ‘ਚ, ਮੈਂ ਹਮੇਸ਼ਾ ਇਸ ਪਾਰਕ ਚੋਂ ਲੰਘਦਾ ਹੁੰਦਾ ਸੀ। ਇਹ ਪਾਰਕ ਸੋਫੀਆ ਦੇ ਅੰਡਰਗਰਾਉਂਡ ਬੁੱਧੀਜੀਵੀਆਂ ਦੀ ਸੈਰਗਾਹ ਸੀ। ਇਸਦੀ ਘਾਹ ਤੇ ਤਾਸ਼ ਜਾਂ ਸ਼ਤਰੰਜ ਖੇਡਦਿਆਂ ਗੁਪਤ ਮੀਟਿੰਗਾਂ ਹੋ ਜਾਂਦੀਆਂ। ਸਮੂਹ-ਸੈਰਾਂ ਦੌਰਾਨ ਨਵੇਂ ਬਲਗਾਰੀਆ ਦਾ ਨਕਸ਼ਾ ਤਿਆਰ ਕੀਤਾ ਜਾਂਦਾ। ਘਰਾਂ ਦੀਆਂ ਕੰਧਾਂ ਨੂੰ ਤਾਂ ਕੰਨ ਲੱਗੇ ਹੋਏ ਸਨ। ਜਿਹੜੀਆਂ ਗੱਲਾਂ ਉਹ ਆਪਣੇ ਘਰਾਂ ‘ਚ ਨਹੀੰਂ ਸੀ ਕਰ ਸਕਦੇ, ਇਸ ਆਜ਼ਾਦ ਪਾਰਕ ‘ਚ ਕਰ ਸਕਦੇ ਸਨ। ਪਾਰਕ ਦਾ ‘ਆਜ਼ਾਦੀ’ ਨਾਂ ਸਚਮੁਚ ਹੀ ਠੀਕ ਸੀ।
ਬਲਗਾਰੀਅਨ ਲੇਖਕਾਂ ਨਾਲ ਕਦੇ ਕਦੇ ਮੈਂ ਵੀ ਇਹ ਸੈਰਾਂ ਕਰਦਾ ਹੁੰਦਾ ਸੀ। ਮੇਰੇ ਦੋਸਤ ਰਾਦੋਈ ਰਾਲਿਨ, ਮਾਰਕੋ ਅਤੇ ਬਲਾਗਾ ਦਿਮਿਤਰੋਵਾ ਇਸ ਪਾਰਕ ‘ਚ ਸੈਰਾਂ ਕਰਦੇ ਮਿਲ ਸਕਦੇ ਸਨ। । ਦਰਅਸਲ ਮੈਂ ਇਸ ਉਮੀਦ ਨਾਲ ਹੀ ਫੈਜ਼ ਨੂੰ ਇਸ ਪਾਰਕ ‘ਚ ਲਈ ਫਿਰਦਾ ਸੀ। ਇਹ ਜੰਗਲ ਪੈਰੇਲਲ ਯੁਨੀਵਰਸ ਸੀ। ਅੱਦਿਖ ਤੇ ਅਲੰਘ। ਇਸ ਸਮਾਨਾਂਤਰ-ਦੁਨੀਆਂ ਦਾ ਉਨ੍ਹਾਂ ਨੂੰ ਹੀ ਪਤਾ ਸੀ ਜੋ ਇਸ ਦੁਨੀਆਂ ‘ਚ ਰਹਿਂਦੇ ਸਨ। ਲੋਕਾਂ ਦੇ ਸ਼ਿਕਵਿਆਂ ਦੀਆਂ ਕਿੰਨੀਆਂ ਹੀ ਕਥਾ-ਕਹਾਣੀਆਂ ਇਸ ਪਾਰਕ ਦੇ ਮੌਨ ਰੁੱਖਾਂ ਨੇ ਰਿਕਾਰਡ ਕਰ ਰੱਖੀਆਂ ਸਨ। ਸਰਕਾਰੀ ਸੱਦੇ ‘ਤੇ ਆਏ ਲੇਖਕ ਇਸ ਦੁਨੀਆਂ ਨੂੰ ਜਾਣੇ ਬਿਨਾ ਹੀ ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਸਨ। ਕਾਨਫ੍ਰੰਸ ਦੀਆਂ ਕੰਧਾਂ ਟੱਪ ਕੇ ਇਨ੍ਹਾਂ ਲੇਖਕਾਂ ਦੀ ਅਦਿੱਖ ਦੁਨੀਆਂ ‘ਚ ਵੜਣ ਦਾ ਜੇਰਾ ਹਰ ਕਿਸੇ ‘ਚ ਨਹੀਂ ਸੀ। ਫੈਜ਼ ਦੀ ਗੱਲ ਹੋਰ ਹੈ। ਲੋਟਸ ਮੈਗੇਜੀਨ ਦੀ ਸੰਪਾਦਕੀ ਨਾਲ ਰੋਟੀ ਪਾਣੀ ਚੱਲ ਰਿਹਾ ਸੀ। ਪਰ ਉਹ ਸੁਤੰਤਰ ਤੇ ਬੇਖ਼ੌਫ ਬੁੱਧੀਜੀਵੀ ਸਨ। ਹਰ ਕਿਸੇ ਨੂੰ ਮਿਲਣ ਲਈ ਉਤਸਕ।
ਇਸ ਪਾਰਕ ‘ਚ ਸਾਨੂੰ, ਸ਼ੇਰਾ ਵਾਂਗ ਆਜ਼ਾਦ ਫਿਰਦਾ, ਰਾਦੋਈ ਰਾਲਿਨ ਮਿਲ ਸਕਦਾ ਸੀ। ਗੋਦ ਲਈ ਵੀਅਤਨਾਮੀ ਬੇਟੀ ‘ਹੱਾ’ ਨਾਲ ਸੈਰ ਕਰਣ ਨਿਕਲੀ ਬਲਾਗਾ ਵੀ ਦਿਸ ਸਕਦੀ ਸੀ। ਮਾਰਕੋ ਨੇ ਜਦੋਂ ਵੀ ਕੋਈ ਨਾਜ਼ੁਕ ਗੱਲ ਕਰਨੀ ਹੁੰਦੀ ਤਾਂ ਫੋਨ ‘ਤੇ ਕਹਿੰਦਾ, ‘ਆ ਪਾਰਕ ‘ਚ ਸੈਰ ਕਰਨ ਚੱਲੀਏ !’ ਉਹ ਘਰੋਂ ਨਿੱਕਲ ਆਉਂਦਾ। ਮੈਂ ‘ਚੌਥਾ ਕਿਲੋਮੀਟਰ’ ਤੋਂ ਤੁਰ ਪੈਂਦਾ। ਮਾਰਕੋ ਦੋਸਤ ਹੀ ਨਹੀਂ ਸੀ, ਰਾਮਾਇਣ ਅਤੇ ਮਹਾਂਭਾਰਤ ਦੇ ਅਨੁਵਾਦ ਕਾਰਜ ‘ਚ ਉਹ ਮੇਰਾ ਕੋ-ਆਥਰ ਵੀ ਸੀ।
ਉਸ ਦਿਨ ਫੈਜ਼ ਨੂੰ ਨਾਲ ਲੈ ਕੇ ਮੈਂ ‘ਚੌਥਾ ਕਿਲੋਮੀਟਰ’ ਤੋਂ ਸੋਫੀਆ ਯੂਨੀਵਰਸਟੀ ਤਕ ਦਾ ਇਕ ਚੱਕਰ ਲਾਇਆ। ਇਸ ਸੈਰ ਦੌਰਾਨ ਮਿਲਿਆ ਤਾਂ ਸਾਨੂੰ ਕੋਈ ਨਾ। ਪਰ ਸੋਫੀਆ ਦੇ ਅੰਡਰ-ਗਰਾਉਂਡ ਰਾਈਟਰਾਂ ਦੀਆਂ ਗੱਲਾਂ ਅਸਾਂ ਖੂਬ ਕੀਤੀਆਂ।
ਵਾਪਸੀ ‘ਚ ਮੈਂ ਫੈਜ਼ ਸਾਹਿਬ ਨੂੰ ਬਲਗਾਰੀਆ ਦੇ ਜਿਉਂਦੇ-ਜਾਗਦੇ ਮਿਥ ਅਤੇ ਲੋਕ-ਕਵੀ ਰਾਦੋਈ ਰਾਲਿਨ ਦੀ ਇਹ ਦਾਸਤਾਨ ਸੁਣਾਈ:
ਰਾਦੋਈ ਨੂੰ ਕੋਈ ਛਾਪਦਾ ਨਹੀਂ ਸੀ। ਪਰ ਇਕ ਸਿਰ ਫਿਰਿਆ ਪਰਕਾਸ਼ਕ ਗ਼ਲਤੀ ਨਾਲ ਰਾਦੋਈ ਦੀ ਕਿਤਾਬ ਛਾਪ ਬੈਠਾ। ਨਜ਼ਮਾਂ ਦੀ ਇਸ ਕਿਤਾਬ ਦਾ ਨਾਂ ਸੀ ‘ਲਿਉਤੀ ਚੂਸ਼ਕੀ’ (ਕੌੜੀਆਂ ਮਿਰਚਾਂ)। ਛਪਣ ਤੋਂ ਪਹਿਲਾਂ ਹੀ ਇਸ ਕਿਤਾਬ ਦੀਆਂ ਵਿਅੰਗ-ਕਵਿਤਾਵਾਂ ਲੋਕਾਂ ਦੇ ਮੂੰਹ ਚੜ੍ਹ ਚੁਕੀਆਂ ਸੀ। ਸੈਂਸਰ ਨੂੰ ਖ਼ਬਰ ਪੁੱਜੀ ਤਾਂ ਪੁਲਿਸ ਨੇ 50 ਹਜ਼ਾਰ ਕਾਪੀਆਂ ਦਾ ਐਡੀਸ਼ਨ ਜ਼ਬਤ ਕਰ ਲਿਆ। ਉਹਨਾਂ ਪਾਰਕ ਦੇ ਲਾਗੇ ਹੀ ਇਕ ਬਿਲਡਿੰਗ ਦੇ ਅਹਾਤੇ ‘ਚ ਕਿਤਾਬਾਂ ਦਾ ਢੇਰ ਲਾ ਲਿਆ ਤੇ ਤੇਲ ਛਿੜਕ ਕੇ ਅੱਗ ਲਾ ਦਿਤੀ। ਕਿਤਾਬਾਂ ਦੇ ਇਸ ਭਾਂਬੜ ਚੋਂ ‘ਕੌੜੀਆਂ ਮਿਰਚਾਂ’ ਦੇ ਅੱਧ-ਜਲੇ ਵਰਕੇ ਹਵਾ ‘ਚ ਉੱਡ ਕੇ ਆLਜਾਦੀ ਪਾਰਕ ‘ਚ ਬਿਖਰ ਗਏ । ਸੋਫੀਆ ਵਾਸੀ ਕਈ ਦਿਨ ਉਨ੍ਹਾਂ ਵਰਕਿਆਂ ਨੂੰ ਪਾਰਕ ‘ਚ ਲੱਭਦੇ ਰਹੇ ਸੀ। ਲੋਕਾਂ ਨੇ ਇਹ ਅੱਧ-ਜਲੇ ਵਰਕੇ ਅੱਜ ਫਰੇਮ ਕਰ ਕੇ ਘਰਾਂ ‘ਚ ਲਾਏ ਹੋਏ ਨੇ। ਹੋਰਾਂ ਦਿਨਾਂ ਵਾਂਗ ਇਸ ਦਿਨ ਵੀ ਮੈਨਂੂੰ ਮਾਰਕੋ ਦਾ ਫੋਨ ਆਇਆ ਸੀ,’ ਆ ਪਾਰਕ ‘ਚ ਸੈਰ ਕਰਨ ਚੱਲੀਏ! ਮੌਸਮ ਚੰਗਾ ਹੈ ਤੇ ਹਵਾ ਵੀ ਬਹੁਤ ਵਧੀਆ ਵਗ ਰਹੀ ਹੈ’
ਇਸ ਜਲੀ ਹੋਈ ਕਿਤਾਬ ਦੇ ਤਿੰਨ ਵਰਕੇ ਮਾਰਕੋ ਨੇ ਵੀ ਘਰ ਸਾਂਭ ਕੇ ਰੱਖੇ ਹੋਏ ਨੇ।
ਪੋਸਟ ਸਕਰਿਪਟ:- 1995 ਵਿਚ ਮੈਂ ਫਿਰ ਬਲਗਾਰੀਆ ਗਿਆ। ਆਜ਼ਾਦੀ ਪਾਰਕ ‘ਚ ਮੈਂ ਫਿਰ ਸੈਰ ਕੀਤੀ। ਇਸ ਨਵੇਂ ਬਲਗਾਰੀਆ ‘ਚ ਬਲਾਗਾ ਦਿਮਿਤਰੋਵਾ ਉਪ-ਰਾਸ਼ਟਰਪਤੀ ਸੀ। ਉਸਦੇ 900 ਸਫਿਆਂ ਦੇ ਨਾਵਲ ਦਾ ਨਾਂ ਹੈ ‘ਆਜ਼ਾਦੀ’। 90ਵਿਆਂ ‘ਚ ਉਸਦਾ ਨਾਂ ਨੋਬਲ ਪੁਰਸਕਾਰ ਲਈ ਪ੍ਰਸਤਾਵਿਤ ਹੋਇਆ ਸੀ। ਰਾਦੋਈ ਰਾਲਿਨ ਨਵੇਂ ਬਲਗਾਰੀਆ ‘ਚ ਪਾਰਲੀਮੈਂਟ ਦਾ ਮੈਂਬਰ ਬਣਿਆ। ਉਸਦੀਆਂ ‘ਕੌੜੀਆਂ ਮਿਰਚਾਂ’ ਦਾ ਡੀਲਕਸ ਐਡੀਸ਼ਨ ਛਪਿਆ। ਮਾਰਕੋ ਕਿਤੇ ਅੰਬੈਸਡਰ ਨਿਯੁਪਤ ਸੀ। ਇਨ੍ਹਾਂ ਲੇਖਕਾਂ ਚੋਂ ਅੱਜ ਸਿਰਫ ਮਾਰਕੋ ਹੀ ਜਿਊਂਦਾ ਹੈ।
ਇਹ ਗੱਲਾਂ ਮੈਂ ਫੇਜ਼ ਨੂੰ ਦੱਸਣਾ ਚਾਹੁੰਦਾ ਸਾਂ। ਪਰ ਉਨ੍ਹਾਂ ਦੀ ਮੌਤ 1984 ‘ਚ ਹੀ ਹੋ ਚੁੱਕੀ ਸੀ।