(1)
ਮਿਲੇ ਜਦ ਮਾਂ ਤਾਂ ਲੰਬੀ ਉਮਰ ਦੀ ਮੈਨੂੰ ਦੁਆ ਦੇਵੇ,
ਨੀ ਮਾਏ, ਹੈ ਕੋਈ ਜੋ ਮੌਤ ਦਾ ਸਹਿੰਸਾ ਮਿੱਟਾ ਦੇਵੇ।
ਚਿੜੀ ਨੂੰ ਕੌਣ ਲੰਬੀ ਉਮਰ ਦੀ ਐਸੀ ਦੁਆ ਦੇਵੇ,
ਕਿ ਮਨ ਦੀ ਮਮਟੀ ਉੱਤੋਂ ਮੌਤ ਦਾ ਸ਼ਿਕਰਾ ਉਡਾ ਦੇਵੇ।
ਜੋ ਅਪਣੇ ਦਿਲ ’ਚ ਕੋਈ ਅਣਖ ਦਾ ਫੁਲ ਨਾ ਉਗਾ ਸਕਿਆ,
ਉਹਦੇ ਹੱਥ ਉੱਤੇ ਉਸਦਾ ਸਿਰ ਕੋਈ ਕਿੱਦਾਂ ਉਗਾ ਦੇਵੇ।
ਹੋਏ ਜਦ ਗਿਆਨ ਅਰਜਨ ਨੂੰ ਤਾਂ ਚੁਕ ਲਏ ਹਥਿਆਰ,
ਅਸ਼ੋਕਾ ਨੂੰ ਹੋਏ ਜਦ ਗਿਆਨ ਤਾਂ ਭਿਕਸ਼ੂ ਬਣਾ ਦੇਵੇ।
ਮੈਂ ਉਸਦਾ ਚਿਹਰਾ ਤੱਕ ਕੇ ਕੁਝ ਇਵੇਂ ਮਹਿਸੂਸ ਕਰਦਾ ਹਾਂ,
ਜਿਵੇਂ ਖੰਜਰ ਨੂੰ ਕੋਈ ਸ਼ੀਸ਼ੇ ਦਾ ਪਾਣੀ ਪਿਲਾ ਦੇਵੇ।
ਮੇਰੇ ਪਿੰਡ ਗੇਰੂਆ ਕੁੱਕੜ ਹਮੇਸ਼ਾ ਸੋਚਦਾ ਏਦਾਂ,
ਕਿ ਮੇਰੀ ਬਾਂਗ ਦੇ ਬਿਨ ਹੈ ਕੋਈ ਜੋ ਦਿਨ ਚੜ੍ਹਾ ਦੇਵੇ?
ਅਥਾਹ ਪਾਣੀ ਦੇ ਹੁੰਦਿਆਂ ਵੀ ਪਿਆਸਾ ਰਹਿੰਦਾ ਹੈ ਸਦਾ,
ਤੇ ਆਪਣੀ ਤਰਿਪਤੀ ਉਹ ਬੱਦਲਾਂ ਦੇ ਹੱਥ ਖੇਤੀਂ ਘਲਾ ਦੇਵੇ।
ਹਮੇਸ਼ਾ ਦੁੱਖਾਂ ਨੇ ਹੀ ਮੇਰੀ ਝੋਲੀ ਸ਼ਿਅਰ ਪਾਏ ਹਨ,
ਘਿਰਾਂ ਜਦ ਨ੍ਹੇਰ ਵਿਚ ਤਾਂ ਸ਼ਾਇਰੀ ਦੀਵੇ ਜਗ੍ਹਾ ਦੇਵੇ।
ਉਵੇਂ ਤਾਂ ਬਹੁਤ ਲੰਮੇ ਫੋਨ ਕਰਦੈ ਸਿਡਨੀ ਤੋਂ ਪੁੱਤਰ,
ਪਰੰਤੂ ਫੋਨ ਤਾਂ ਹੈ ਫੋਨ ਦੂਰੀ ਕਿੰਜ! ਮਿਟਾ ਦੇਵੇ।
(2)
ਸਾਰੇ ਸੁੱਚੇ ਪਾਣੀਆਂ ਦੀ ਤਸ਼ਨਗੀ ਦੀ ਖੈਰ ਪਾ,
ਇਸ ਤਰ੍ਹਾਂ ਨਾ ਮੇਰੀ ਝੋਲੀ ਇਕ ਨਦੀ ਦੀ ਖੈਰ ਪਾ।
ਜਿਸਦਾ ਲਮਹਾ ਲਮਹਾ ਜੰਮੇਂ ਸ਼ਾਇਰੀ ਨਾਨਕ ਜਿਹੀ,
ਤਪ ਰਹੀ ਧਰਤੀ ਦੀ ਝੋਲੀ ਉਸ ਸਦੀ ਦੀ ਖੈਰ ਪਾ।
ਸਭਨਾਂ ਧੀਆਂ ਧਰਤੀਆਂ ਨੂੰ ਮਿਰਜੇL ਦੇ, ਬਰਸਾਤ ਦੇ,
ਬੱਦਲਾਂ ਨੂੰ ਸਾਗਰਾਂ ਦੀ ਦੋਸਤੀ ਦੀ ਖੈਰ ਪਾ।
ਮੈਂ ਤਾਂ ਭਾਵੇਂ ਬੁਝ ਵੀ ਜਾਵਾਂ ਲੋਅ ਮੇਰੀ ਬਾਕੀ ਰਹੇ,
ਜਿਸਮ ਦੀ ਇਸ ਮਿੱਟੀ ਤਾਈਂ ਰੌਸ਼ਨੀ ਦੀ ਖੈਰ ਪਾ।
ਕਾਲੀਆਂ ਰਾਤਾਂ ਬਿਨਾਂ ਕੀ ਸਰਘੀਆਂ ਦਾ ਮੁੱਲ ਹੈ,
ਦੁਸ਼ਮਣੀ ਦੇ ਦੌਰ ਤਾਈਂ ਦੋਸਤੀ ਦੀ ਖੈਰ ਪਾ।
ਮੌਤ ਦੀ ਚਿੰਤਾ ਵੀ ਕੀ ਹੈ ਖੌਫ਼ ਦੀ ਜਿਉਂ ਚਰਖੜੀ,
ਛੱਡ ਲੰਬੀ ਉਮਰ ਨੂੰ ਤੂੰ ਬੇਖੁਦੀ ਦੀ ਖੈਰ ਪਾ।
ਬੀਤ ਗਈ ਸੋ ਬੀਤ ਗਈ ਤੂੰ ਓਸਦਾ ਨਾ ਝੋਰਾ ਕਰ,
ਬਾਕੀ ਰਹਿੰਦੀ ਜ਼ਿੰਦਗੀ ਨੂੰ ਜ਼ਿੰਦਗੀ ਦੀ ਖੈਰ ਪਾ।
ਇਹ ਕਲਿੰਗਾ ਤੋਂ ਵੀ ਤਾਂ ਦਰਦਾਂ ਜਗਾ ਕੇ ਮੁੜਨਗੇ,
ਜੰਗਾਂ ਦੇ ਵਣਜਾਰਿਆਂ ਨੂੰ ਸ਼ਾਇਰੀ ਦੀ ਖੈਰ ਪਾ।
ਪੱਤੀ ਪੱਤੀ ਹੋ ਕੇ ਵੀ ਜੋ ਮਹਿਕਣਾ ਨਾ ਛੱਡਦੀ,
ਮੇਰੀਆਂ ਗ਼ਜ਼ਲਾਂ ਨੂੰ ਦਾਤਾ ਉਸ ਕਲੀ ਦੀ ਖੈਰ ਪਾ।
(3)
ਅਰਦਾਸਾਂ ਵਿਚ ਆਲ੍ਹਣੇ ਮੋਢਿਆਂ ਉੱਤੇ ਜਾਲ,
ਧਰਮਪੁਰੇ ਦੇ ਚੌਧਰੀ ਕਰਦੇ ਬਹੁਤ ਕਮਾਲ।
ਛੁਰੀਆਂ ਕੱਢੀ ਫਿਰ ਰਹੇ ਝਟਕਾ ਅਤੇ ਹਲਾਲ,
ਡਰ ਕੇ ਕਿਧਰੇ ਦੌੜ ਗਈ ਰੋਟੀ ਉੱਤੋਂ ਦਾਲ।
ਰਾਤ ਜੋ ਉਤਰੀ ਸ਼ਹਿਰ ਵਿਚ ਦੀਵਿਆਂ ਦਾ ਲੈ ਥਾਲ,
ਮਗਰੇ ਇਸਦੇ ਯਾਰ ਹਨ ਝੱਖੜ ਜੋ ਵਿਕਰਾਲ।
ਇਕ ਪਲ ਲੱਗੇ ਇਸ ਤਰ੍ਹਾਂ ਮੁੱਠੀ ਵਿਚ ਤ੍ਰੈ ਕਾਲ,
ਦੂਜੇ ਪਲ ਇੰਜ ਜਾਪਦਾ ਹੁਣ ਵੀ ਹੈ ਨਾ ਨਾਲ।
ਆਖਰ ਕਿਹੜੀ ਦੂਰ ਸੀ ਅਮ੍ਰਿਤਸਰੋਂ ਲਾਹੌਰ?
ਚਪਾ ਕੁ ਇਸ ਵਿਥ ਵਿਚ ਗਰਕੇ ਕਿੰਨੇ ਸਾਲ!
ਘੁੰਮਣਘੇਰ ਨੂੰ ਵਹਿਮ ਹੈ ਕਿ ਉਹ ਵਹਿਣ ਤੋਂ ਵੱਖ,
ਘੁੰਮਣਘੇਰ ਕਿ ਹੋਂਦ ਹੀ ਜਿਸਦੀ ਵਹਿਣ ਦੇ ਨਾਲ।
ਮੇਲ ਹੀ ਕੀ ਸੀ ਦੋਂਹ ਦਾ ਕਿੰਜ ਹੁੰਦਾ ਨਿਰਬਾਹ,
ਮੈਂ ਵੀਣਾ ਦੀ ਵੇਦਨਾ ਉਹ ਰੌਲਾ ਖੜਤਾਲ।
ਰਾਤੀਂ ਤੋੜੇ ਟਾਹਣ ਕਿਸ? ਕੌਣ ਸੀ ਜੁੰਮੇ-ਸ਼ਾਹ?
ਰੁੱਖਾਂ ਦੀ ਛਿਲ ਲੱਥਣੀ ਜਦ ਹੋਈ ਪੜਤਾਲ।
ਕੀ ਇਹ ਤੇਰੀ ਬਾਂਹ ਫੜੂ ਵਕਤ ਜੋ ਆਪ ਅਪਾਹਜ,
ਖ਼ੁਦ ਨੂੰ ਹੀ ਮਜ਼ਬੂਤ ਕਰ ਖ਼ੁਦ ਨੂੰ ਹੀ ਰਖ ਨਾਲ।
(4)
ਕੁੜੀਆਂ ਦੇ ਹਾਸੇ ’ਚੋਂ ਕਿਰਦੀ ਮੋਮਬੱਤੀਆਂ ਦੀ ਲੋਅ,
ਮਾਵਾਂ ਦੀ ਛਾਤੀ ਚੋਂ ਆਵੇ ਜੀਵਨ ਦੀ ਖ਼ੁਸ਼ਬੋ।
ਅਮਨ ਵਿਚ ਰੂਹਾਂ ਦਾ ਖੇੜਾ ਅਤਰ ਦਾ ਵਗਦਾ ਚੋਅ,
ਜੰਗ ਦੇ ਵਿਚ ਕਿਰਪਾਨ ਇਲਾਹੀ ਔਰਤ ਢਾਲ ਸੰਜੋਅ।
ਸੁੰਦਰਾਂ ਇਕ ਮਸੂਮ ਤ੍ਰੇਹ ਸੀ, ਪੂਰਨ ਖਾਰਾ ਸ਼ਹੁ,
ਸਾਗਰ ਨੇ ਜਦ ਮਿਰਜ਼ਾ ਬਣਨਾ ਚਸ਼ਮਾ ਜਾਣਾ ਹੋ।
ਬੰਦੇ ਨਾਲ ਸਦਾ ਹੀ ਰਹਿੰਦਾ ਹਉਮੇ ਦਾ ਇਕ ਸੇਕ,
ਔਰਤ ਨਾਲੋਂ ਫੁੱਟ ਫੁੱਟ ਪੈਂਦੀ ਮੰਦਰ ਵਰਗੀ ਲੋਅ।
ਖ਼ੁਸ਼ਬੂ, ਖੇੜਾ, ਰੰਗ, ਤ੍ਰਿਪਤੀ, ਲਰਜਿਸ਼, ਲੋਚ, ਉਮੰਗ,
ਕਿੰਨੀਆਂ ਦਾਤਾਂ ਦੀ ਦਾਤੀ ਹੈ ਔਰਤ ਦੀ ਇਕ ਛੋਹ।
ਔਰਤ ਦੀ ਛਾਤੀ ’ਤੇ ਕੋਸੇ ਅਥਰੂ ਜੋ ਕਿਰ ਜਾਣ,
ਸੁੱਚੇ ਮੋਤੀ ਬਣ ਜਾਂਦੇ ਨੇ ਤਾਰੇ ਬਣਦੇ ਓਹ।
ਬਰਫ ’ਚੋਂ ਉੱਠਦੇ ਧੂੰਏਂ ਵਰਗਾ ਔਰਤ ਦਾ ਅਹਿਸਾਸ,
ਚੇਤ-ਸੁਗੰਧੀ ਰਿਮਝਿਮ ਸਾਵਣ ਔਰਤ ਨਿੱਘਾ ਪੋਹ।
ਖ਼ਬਰੇ ਕਿੰਨੀਆਂ ਨਜ਼ਰਾਂ ਦਾ ਹੈ ਲਾਂਘਾ ਇਸਦਾ ਮੁੱਖ,
ਬੰਦਿਆ! ਔਰਤ ਵਾਂਗਰ ਦੋ ਪਲ ਪੁਲ ਦੇ ਵਾਂਗ ਖਲੋ।
ਬੰਦੇ ਲਈ ਹਰ ਖੁਲ੍ਹਾ ਬੂਹਾ ਸਹਿਮਤੀਆਂ ਦਾ ਭਰਮ,
ਔਰਤ ਦੀ ਮਜਬੂਰੀ ਹੈ ਕਿ ਦਿਲ ਨਾ ਸਕਦੀ ਢੋਅ।