ਖੰਭ
ਉਡਾ ਲਿਆਈ ਹਵਾ
ਜੇਲ੍ਹ ਦੀਆਂ ਸੀਖਾਂ ਤੱਕ
ਪੰਛੀ ਦਾ ਖੰਭ
ਚੁੱਕਿਆ, ਚੁੰਮਿਆ
ਤੇ ਸਾਫ਼ੇ ’ਚ ਸਜਾਇਆ
ਉਲਰੀਆਂ ਬਾਹਾਂ
ਪੈਰ ਥਿਰਕੇ
ਚੁਟਕੀਆਂ ਦਾ ਦੇ ਕੇ ਤਾਲ
ਮੁੱਦਤ ਤੋਂ ਚੁੱਪ ਕੈਦੀ ਗੁਣਗੁਣਾਇਆ
ਐ ਹਵਾ!
ਟੁੱਟੇ ਪਰਾਂ ਨੂੰ ਪਰਵਾਜ਼ ਦੇ
ਮੌਨ ਬੁਲ੍ਹਾਂ ਨੂੰ
ਮੌਲਾ ਮੇਰੇ ਆਵਾਜ਼ ਦੇ
ਖੰਡਰ ਹੋਈਆਂ ਅੱਖੀਆਂ ’ਚ
ਭਰਦੇ ਕਹਿਰ
ਐ ਹਵਾ!
ਇਕ ਪਲ ਤਾਂ ਠਹਿਰ
ਸਭ ਸਲਾਖਾਂ ਮੰਗਦੀਆਂ
ਖੰਭਾਂ ਦੀ ਖੈਰ
ਹਾਅੜ ਬੋਲਦਾ
ਨੰਦ ਲਾਲਾਂ ਦੀ ਲਾਸ਼ ਸਿਰਾਹਣੇ
ਪੁਲਿਸ ਦਾ ਪਹਿਰਾ
ਦਿਲ ਵੀ ਚੰਦਰਾ
ਸੱਜੇ ਰੁਕ ਨੂੰ ਹੋਇਆ
ਜੱਗ ਹੱਸੇ ਮੈਂ ਲਹੂ ਦੇ ਅੱਥਰੂ ਰੋਵਾਂ
ਸੋਚਾਂ:
ਲਾਸ਼ਾਂ ਦੇ ਉਠਣ ਦਾ ਵੇਲਾ
ਜਣੇ ਤਾਂ ਮੋਏ
ਸਭ ਚੁੱਪ ਹੋਏ
ਦਸੀਂ ਦਿਸ਼ਾਵੀਂ
ਦੇਓ ਦਾ ਪਹਿਰਾ
ਹਾਅੜ ਬੋਲਦਾ
ਬੰਦੇ ਮੱਖੀਆਂ ਬਣਕੇ
ਕੰਧੀਂ ਲੱਗੇ
ਬਿੱਟ ਬਿੱਟ ਤੱਕਣ
ਖਚਰਾ ਦੇਓ ਮੁਸਕਰਾਵੇ
ਘੂਰੀ ਤੱਕ ਨਾ ਵੱਟੇ
ਖੀਸੇ ਵਿਚਲਾ ਲਾਲੀਪਾਪ ਦਿਖਾਵੇ
ਵੱਡੇ ਇਕ ਦੂਜੇ ਤੋਂ
ਮੂਹਰੇ ਹੋ ਹੋ ਪੂਛ ਹਿਲਾਉਂਦੇ
ਨਵੇਂ ਯੁੱਗ ਦੀ
ਰੀਤ ਨਵੀਂ ਇਹ
ਲਾਸ਼ਾਂ ਦੇ ਉਠਣ ਦਾ ਵੇਲਾ
ਜਣੇ ਤਾਂ ਮੋਏ
ਸਭ ਚੁੱਪ ਹੋਏ
…………।
ਤੇਹ
ਸੌਂ ਰਿਹਾ ਏ ਰਿਸ਼ੀ-ਪੁੱਤਰ
ਆਂਦਰ ’ਚ ਜਾਗਦਾ ਏ ਨਾਗ
ਹੌਲੀ ਹੌਲੀ ਸਰਕਦਾ
ਕੁਟੀਆ ’ਚ ਬੈਠੀ ਮੇਨਕਾ
ਨਾਗ ਦਾ ਵਿਰਲਾਪ ਸੁਣਦੀ
ਡੂੰਘੇ ਸੋਤੇ ਰਿਸ਼ੀ ਪੁੱਤਰ
ਉਭੜਬਾਹੇ ਕਦੇ-ਕਦੇ ਬੋਲਦਾ
ਮੇਨਕਾ ਹੈ ਪ੍ਰੇਸ਼ਾਨ
ਰਿਸ਼ੀ ਬੱਚਾ ਕਿਹੜੇ ਦੁਖੋਂ
ਨਾਗ-ਭਾਖਾ ਬੋਲਦਾ?
ਧਿਆਨ ਧਰੇ ਮੇਨਕਾ
ਨਾਗ-ਬਾਣੀ ਸਮਝੋਂ ਪਰੇ
ਪੜ੍ਹ ਨਾ ਹੋਵੇ
ਸੁੱਤ-ਨੀਂਦੇ ਰਿਸ਼ੀ ਦਿਆਂ
ਬੁੱਲਾਂ, ਭਰਵੱਟਿਆਂ ਦੀ ਲਿੱਪੀ
ਅੰਦਰ ਦੱਬੀ ਚਾਂਗਰ
ਜ਼ੋਰ ਮਾਰੇ
ਨੀਂਦ-ਗੁੱਤਾ ਰਿਸ਼ੀ ਤੜਫ਼ੇ
ਨਾਗ ਵਾਂਗੂੰ ਮੇਲ੍ਹੇ ਕਾਇਆ
ਤਣੀਆਂ ਭਵਾਂ, ਹੋਠ ਨੀਲੇ
ਪੀੜਾ ਦੀ ਇਹ ਕੈਸੀ ਲਿੱਪੀ
ਕੌਣ ਵਾਚੇ?
ਕਿਸੇ ਪਾਂਧੇ, ਪਾਠਸ਼ਾਲਾ
ਦਸਿਆ ਨਾ ਗੁਰ
ਪੀੜਾ ਲਿੱਪੀ ਨੂੰ ਉਠਾਉਣ ਦਾ
ਮੇਨਕਾ ਹੈ ਅੱਚੋ-ਚਿੱਤੀ
ਜਾਗਿਆ ਹੈ ਰਿਸ਼ੀ-ਬੱਚਾ
ਡੰਗੋ-ਡੰਗ ਮਨ ਲੈ ਕੇ
ਨੀਝ ਲਾਕੇ ਸੰਗਣੀ ਦੀ
ਕਾਇਆ ਨੂੰ ਨਿਹਾਰਦਾ
ਨੈਣ ਹਨ ਗਹਿਰੇ ਬਲੌਰੀ
ਡੁਲੂੰ ਡੁਲੂੰ ਛਲਕਦੇ
ਕੇਸ ਘਟਾ ਕਾਲੀਆਂ
ਬੱਝਣਾ ਨਾ ਜਾਣਦੇ
ਉਡਣੇ ਸਪੋਲੀਏ
ਹੋਠਾਂ ਉਤੇ ਸੁਰਖੀ ਦੀ ਭਾਅ ਮਾਰੇ
ਰਸਨਾ ਜਿਉਂ ਭੂਰ ਪੈਂਦੀ
ਕਾਇਆ ਨਿਰੀ ਕੱਚ ਦੀ ਸਰਾਹੀ
ਡੱਕੇ ਨੀਰ, ਕਾਹਲੇ ਡੁੱਲ ਪੈਣ ਨੂੰ
ਅਛੋਹ, ਸੁੱਚੇ ਸੀਨਿਆਂ ’ਚੋਂ
ਨਾਦ ਸੁਣੇ ਤੇਹ ਦਾ
ਮੋਰਨੀ ਦੀ ਕੂਕ ਮਾਂਙੂੰ
ਨੇੜੇ…ਹੋਰ ਨੇੜੇ ਸਰਕੀ ਮੇਨਕਾ
ਮ੍ਰਿਗ-ਛਾਲ ਝੂਣੀ ਗਈ
ਮਿੱਠੇ ਜਿਹੇ ਕਾਂਬੇ ਨਾਲ
ਬੋਲਾਂ ’ਚ ਸੁਮੀਰ ਭਰਕੇ
ਰਾਜ਼ਦਾਰ ਮੁਸਕਣੀ ਸੰਗ
ਪੁੱਛਦੀ ਹੈ ਮੇਨਕਾ
ਰਿਖੀਵਰ !
ਦੁੱਖ ਕੇਹਾ ਮੇਰੇ ਸੰਗ ਹੁੰਦਿਆਂ?
ਕਹੇਂ ਤਾਂ ਆਂਦਰ ਵਿਚਲੇ ਨਾਗ ਨਾਲ
ਦੋ ਕੁ ਗੱਲਾਂ ਕਰ ਲਵਾਂ?
‘ਨਹੀਂ ! ਨਹੀਂ ! ਰਹਿਣ ਦੇ
ਬੇਧਿਆਨਾ ਰਿਸ਼ੀ-ਪੁੱਤਰ ਬੋਲਿਆ
ਤੂੰ ਕੀ ਜਾਣੇ ਨਾਗ-ਭਾਖਾ?
ਨਾਲੇ ਨਾਗ ਅਤੇ ਮਰਦ ਦਾ
ਜੋੜ ਧੁਰੋ-ਧੁਰੀ, ਅਜ਼ਲ ਤੋਂ
ਤੂੰ ਕੀ ਲੈਣਾ ਨਾਗ ਬੱਚਾ ਛੇੜ ਕੇ?
ਚੁੱਪ, ਗਹਿਰੀ ਸੋਚ ਤਾਈਂ ਛੰਡ ਕੇ
ਫੇਰ ਬੋਲੀ ਮੇਨਕਾ ਅਧੀਰ ਜਿਹੀ
ਇਹ ਤਾਂ ਸੱਚ ਰਿਖੀਵਰ !
ਕਿ ਨਾਗ ਤੇਰੀ ਆਂਦਰ ਦਾ ਟੋਟਾ
ਪਰ ਇਹ ਵੀ ਤਾਂ ਓਨਾ ਸੱਚ
ਕਿ ਨਾਗ ਮੇਰੇ ਲਈ ਵਿਲਕਦਾ
ਸੁਣ ਰਿਖੀਵਰ!
ਤੂੰ ਨਾਗ ਨੂੰ ਆਂਦਰ ’ਚ
ਦੇ ਸਕਦਾ ਏਂ ਪਨਾਹ
ਸੁਣ ਨਹੀਂ ਸਕਦਾ ਉਸਦਾ ਵਿਰਲਾਪ
ਕਹੇਂ ਤਾਂ ਮੈਂ ਉਸ ਨਾਲ
ਦੋ ਕੁ ਬਚਨ ਕਰ ਲਵਾਂ
ਤਾਂ ਕਿ ਸੌਂ ਸਕੇ ਉਹ ਵੀ
ਤੂੰ ਵੀ ਅਤੇ ਮੈਂ ਵੀ
ਦੇਖ ਰਿਖੀਵਰ !
ਮੇਰੇ ਅੰਦਰ ਨਾਗ ਨਹੀਂ
ਨਾਗ ਜੋਗਾ ਜ਼ਹਿਰ ਹੈ|