ਅਸੀਸ
ਬਿਖੜਾ ਰਸਤਾ
ਔਝੜ ਪੈਂਡਾ
ਹਨੇਰੀਆਂ ਰਾਤਾਂ
ਸੌ ਸੱਪ-ਸਲੂਟੀ
ਅਸੰਖ ਡਰ-ਭਉ
ਤੇ ਦੂਰ ਹੈ ਮੰਜ਼ਿਲ
ਪਰ ਪੁੱਤਰ
ਅਹਿ ਲੈ ਦੀਵਾ
ਅਹਿ ਲੈ ਬੱਤੀ
ਤੇ ਜਿਊਣ ਜੋਗਿਆ,
ਚਿਣਗ ਆਪਣੇ
ਅੰਦਰ ਦੀ ਬਾਲ ਲਵੀਂ
ਜਸ਼ਨ
ਰਾਤ ਦੀ ਪਗਡੰਡੀ
ਅੰਤਰ ਦੇ ਦੀਵੇ
ਚੁਪ ਚਾਪ …ਬੇਪਰਵਾਹ
ਤੁਰਦੇ ਜਾਣਾ- ਤੁਰਦੇ ਜਾਣਾ
ਕਾਲੀ ਹਨੇਰੀ
ਸਲਾਬੀ ਜਹੀ ਮਿੱਟੀ ਵਿਚ
ਸੁਨਹਿਰੀ ਫੁੱਲਾਂ ਦੇ ਖਿੜਨ ਦਾ
ਆਪਣਾ ਹੀ ਜਸ਼ਨ ਹੁੰਦਾ ਹੈ
ਚੰਗਾ ਨਹੀਂ
ਦੀਵਾ ਜਗਦਾ ਹੈ
ਤਾਂ ਚਾਨਣ ਹੁੰਦਾ ਹੈ
ਸ਼ਾਇਰ ਬੋਲਦਾ ਹੈ
ਤਾਂ ਕੰਦੀਲ ਜਗਦੀ ਹੈ
ਸੂਰਜ ਚੜ੍ਹਦਾ ਹੈ
ਤਾਂ ਰੌਸ਼ਨੀ ਦਾ ਹੜ੍ਹ ਆਉਂਦਾ ਹੈ
ਪਰ ਸਾਰਾ ਹੀ ਚਾਨਣ
ਬਾਹਰ ਤੋਂ ਆਵੇ
ਇਹ ਵੀ ਕੋਈ ਚੰਗੀ ਗੱਲ ਨਹੀਂ