ਲੱਗਦਾ, ਅੱਜ ਫਿਰ ਸੂਰਜ ਨਹੀਂ ਚੜੇਗਾ! – ਬਲਬੀਰ ਪਰਵਾਨਾ

Date:

Share post:

ਸਵੇਰੇ ਕੁਝ ਲੇਟ ਉਠਿਆ, ਉਹ ਵੀ ਆਦਿੱਤੀ ਨੇ ਸਿਰਹਾਣੇ ਚਾਹ ਦਾ ਕੱਪ ਲਿਆ ਰੱਖਿਆ ਤਾਂ…ਰਾਤੀਂ ਪਾਰਟੀ ’ਚ ਦੋ ਹੀ ਵੱਜ ਗਏ ਸਨ। ਬੜਾ ਮਜ਼ਾ ਕੀਤਾ। ਵਿਸਕੀ ਦੇ ਪੈਗ ਲੈ ਟਰੇਆਂ ਚੁੱਕੀ ਘੁੰਮਦੀਆਂ ਵੇਟਰਸਾਂ ਦੇ ਲੋਅ-ਕੱਟ ਗਲੇ ਦੇ ਬਲਾਊਜ਼, ਵਿਸਕੀ ਨਾਲੋਂ ਵਧ ਹਿਲੋਰੇ ਦਿੰਦੇ ਰਹੇ ਸਨ। ਭਾਵੇਂ ਇੱਕ ਅੱਧ ਪੈੱਗ ਪੀਣ ਤੱਕ, ਮੇਰੇ ਮਨ ’ਚ ਕਿਤੇ ਇੱਕ ਰੜਕ ਜਿਹੀ ਚੁੱਭਦੀ ਰਹੀ ਸੀ ਕਿ ਕਿੱਥੇ ਆ ਵੜਿਆ ਹਾਂ? ਮੈਨੂੰ ਏਥੇ ਨਹੀਂ ਸੀ ਆਉਣਾ ਚਾਹੀਦਾ! ਇਹ ਵੀ ਤਾਂ ਇੱਕ ਤਰ੍ਹਾਂ ਬੁਰਾਈ ਦਾ ਸਾਥ ਹੀ ਹੈ! ਪਰ ਫਿਰ ਮਾਹੌਲ ਇੰਝ ਦਾ ਰੰਗੀਨ ਹੋ ਗਿਆ ਕਿ ਰੜਕ ਜ਼ਿਹਨ ’ਚ ਕਿਧਰੇ ਡੂੰਘੀ ਦੱਬੀ ਗਈ ਤੇ ਦਿਲ ’ਚ ਮਾਹੌਲ ਦੀ ਮਾਦੁਕਤਾ ਦਾ ਸਰੂਰ ਫੈਲਣਾ ਸ਼ੁਰੂ ਹੋ ਗਿਆ ਸੀ। ਮੇਰੀਆਂ ਅੱਖਾਂ ’ਚ ਉਭਰਦੀ ਆਉਂਦੀ ਰੰਗੀਨੀ ਨੂੰ ਤੱਕ ਐਡਵੋਕੇਟ ਚੌਧਰੀ ਨੇ ਛੇੜਿਆ, ”ਕਿਵੇਂ ਫਿਰ ਲੜਨੀ ਕਿਸੇ ਨਾਲ ਕੁਸ਼ਤੀ? ’’
”ਨਾ ਭਰਾਵਾ! ਹੁਣ ਉਹ ਉਮਰ ਕਿੱਥੇ? ਹੁਣ ਤਾਂ ਬਸ ਦੇਖ ਕੇ ਹਾਉਕੇ ਭਰਨ ਜੋਗੇ ਹੀ ਹਾਂ।’’
”ਕਿਉਂ? ਹਾਂ ਤਾਂ ਕਰ!’’ ਉਸ ਨੇ ਟਰੇਅ ਲੈ ਕੇ ਆਉਂਦੀ ਇੱਕ ਵੇਟਰਸ ਵੱਲ ਲੁੱਚਾ ਜਿਹਾ ਦੇਖਿਆ। ਵੀਹ-ਬਾਈ ਸਾਲ ਦੀ ਵੇਟਰਸ, ਜੀਨ-ਟਾਪ ’ਚ ਸੀ। ਬੁੱਲ੍ਹਾਂ ’ਤੇ ਗੂੜ੍ਹੀ ਲਿਪਸਟਿਕ, ਪਿੱਠ ’ਤੇ ਝੂਲਦੇ ਤਰਾਸ਼ੇ ਹੋਏ ਵਾਲ, ਜਿਹੜੇ ਕਿਸੇ ਸਸਤੇ ਸੈਂਪੂ ਨਾਲ ਧੋਤੇ ਹੋਏ ਲੱਗਦੇ ਸਨ। ਉਸ ਦੀਆਂ ਅੱਖਾਂ ’ਚ ਇੱਕ ਖਾਸ ਤਰ੍ਹਾਂ ਦੀ ਲਿਸ਼ਕ ਸੀ। ਸ਼ਾਇਦ, ਪੂੰਜੀ ਦੇ ਜਲੌਅ ’ਚ ਭਵੰਤਰੀ ਹੋਈ ਲਿਸ਼ਕ! ਕਿਸੇ ਗਰੀਬ ਘਰ ਦੀ ਕੁੜੀ, ਜਿਹੜੀ ਡੇਢ ਜਾਂ ਦੋ ਸੌ ਰੁਪਏ ਦਿਹਾੜੀ ’ਤੇ ਇਹ ਕੰਮ ਕਰ ਰਹੀ ਹੋਵੇਗੀ, ਉਂਜ ਅਜਿਹੀ ਪਾਰਟੀ ਦੇ ਉਸ ਨੂੰ ਲਾਗਦੀ ਲੰਘਣਾ ਵੀ ਨਸੀਬ ਨਹੀਂ ਹੋ ਸਕਣਾ! ਬਾਜਵੇ ਨੇ ਉਸ ਵੱਲ ਲਲਚਾਈਆਂ ਨਜ਼ਰਾਂ ਨਾਲ ਤਕਦਿਆਂ ਕਿਹਾ, ”ਕਿਉਂ ਸ਼ਰਮਾ ਸਾਹਿਬ ਨੂੰ ਛਾਪਿਆਂ ਤੋਂ ਧੂਹਣ ਡਿਹਾਂ….ਤੂੰ ਸਾਡੀ ਸੈਟਿੰਗ ਕਰਵਾ!’’
”ਲੈ ਕਰਾ ਦਿੰਨਾ।’’ ਚੌਧਰੀ ਨੇ ਪਰਸ ’ਚੋਂ ਪੰਜ ਸੌ ਰੁਪਏ ਦਾ ਨੋਟ ਕੱਢਿਆ ਤੇ ਨੇੜੇ ਆਈ ਉਸ ਕੁੜੀ ਵੱਲ ਵਧਾਉਂਦਿਆਂ ਕਿਹਾ, ”ਸਾਡੀ ਟੇਬਲ ’ਤੇ ਹਰ ਰਾਊਂਡ ਵੇਲੇ ਫੇਰਾ ਮਾਰ ਕੇ ਜਾਣਾ ਹੈ। ਇੱਥੋਂ ਵਿਸਕੀ ਨਾ ਮੁੱਕੇ..ਤੇ ਨਾਲੇ ਕਿਸੇ ਫਿਸ਼ ਵਾਲੀ ਨੂੰ ਇਧਰ ਭੇਜਦੇ।’’
”ਸਰ, ਥੋੜ੍ਹੇ ਦੇ ਦਿਓ।’’ ਪੰਜ ਸੌ ਦਾ ਨੋਟ ਫੜਦਿਆਂ ਕੁੜੀ ਇੱਕ ਪਲ ਝਿਜਕੀ, ਇੱਕ ਪਲ ਉਸਨੇ ਟੇਬਲ ’ਤੇ ਬੈਠਿਆਂ ਵੱਲ ਤਕਿਆ, ਪਰ ਅਗਲੇ ਪਲ ਪੈਸੇ ਫੜ ਵੀ ਲਏ।
”ਤੂੰ ਰੱਖ ਲੈ..ਤੇ ਨਾਲੇ ਤੇਰਾ ਕੱਲ੍ਹ ਦਾ ਰੁਝੇਵਾਂ ਕੀ ਹੈ? ’’
”ਕੋਈ ਖਾਸ ਨਹੀਂ, ਸਰ…ਦੱਸੋ? ’’
”ਬਾਅਦ ’ਚ ਦੱਸਦੇ ਹਾਂ।’’
ਕੁੜੀ ਅਦਾ ਜਿਹੀ ਨਾਲ ਮੁਸਕਰਾ ਕੇ ਨਾਲਦੇ ਟੇਬਲ ਵੱਲ ਮੁੜ ਗਈ ਸੀ…
ਮੇਰੇ ਲਈ ਅਜਿਹੀ ਪਾਰਟੀ ਪਹਿਲਾ ਮੌਕਾ ਸੀ ਜਿੱਥੇ ਕੁੜੀਆਂ ਸ਼ਰਾਬ ਵਰਤਾਅ ਰਹੀਆਂ ਸਨ। ਸ਼ਹਿਰੋਂ ਬਾਹਰ ਇੱਕ ਫਾਰਮ-ਹਾਊਸ ’ਚ ਹੋਈ ਇਸ ਪਾਰਟੀ ’ਚ ਸ਼ਹਿਰ ਦੇ ਲੱਗਭੱਗ ਚੋਣਵੇਂ ਪਤਵੰਤੇ ਹਾਜ਼ਰ ਸਨ। ਚੰਗਾ ’ਕੱਠ-ਵੱਠ ਸੀ। ਸੱਜ-ਸਜਾਵਟ, ਖਾਣ ਪੀਣ…ਸਭ ਕੁਝ ਮਿਲ ਕੇ, ਜਲੌਅ ਕਿਸੇ ਵੀ ਹੇਠਲੇ ਮੱਧ-ਵਰਗੀ ਬੰਦੇ ਦੀਆਂ ਅੱਖਾਂ ਚੁੰਧਿਆਉਣ ਵਾਲਾ ਸੀ। ‘ਬੇਰਾਰ ਸ਼ਾਪਿੰਗ ਮਾਲ’ ਦਾ ਮਾਲਕ ਸਰਦਾਰ ਸੁਖਦੇਵ ਸਿੰਘ ਬਰਾੜ ਨਿੱਜੀ ਰੂਪ ’ਚ ਵੀ ਹਰ ਟੇਬਲ ’ਤੇ ਜਾ ਕੇ ਮਹਿਮਾਨਾਂ ਦੀ ਆਉ ਭਗਤ ਕਰ ਰਿਹਾ ਸੀ…
‘ਬੇਰਾਰ ਸ਼ਾਪਿੰਗ ਮਾਲ’, ਇੱਕ ਸੜਕ ਨਾਲ ਲੱਗਵੀਂ ਪਾਰਕ ਨੂੰ ਧੱਕੇ ਨਾਲ ਮੱਲ ਕੇ ਉਸਾਰਿਆ ਗਿਆ ਸੀ। ਪਾਰਕ ਦੇ ਦੋਵੇਂ ਪਾਸੇ ਦੋ ਸਰਕਾਰੀ ਕੰਪਲੈਕਸ ਸਨ। ਵਿਚਾਲੇ ਇਹ ਪਾਰਕ ਵਾਲੀ ਥਾਂ ਖਾਲੀ ਪਈ ਸੀ। ਸਰਦਾਰ ਸੁਖਦੇਵ ਸਿੰਘ ਬਰਾੜ ਨੇ ਕਾਰਪੋਰੇਸ਼ਨ ਦੇ ਚੇਅਰਮੈਨ ਨਾਲ ਮਿਲ ਕੇ ਇੱਥੇ ਸ਼ਾਪਿੰਗ ਮਾਲ ਬਣਾਉਣ ਦੀ ਸਕੀਮ ਬਣਾ ਲਈ। ਚੇਅਰਮੈਨ ਨੂੰ ਕੌਂਸਲਰਾਂ ਦੀਆਂ ਗਿਣਤੀਆਂ-ਮਿਣਤੀਆਂ ’ਚੋਂ ਬਹੁ-ਸੰਮਤੀ ਦੁਆਉਣ ਪਿਛੇ ਬਰਾੜ ਦਾ ਵੱਡਾ ਹੱਥ ਸੀ, ਸੋ ਉਸ ਨੇ ਕਾਰਪੋਰੇਸ਼ਨ ਦੇ ਸਭ ਅਧਿਕਾਰੀਆਂ ਨੂੰ ਇਸ ਉਸਾਰੀ ਵੱਲੋਂ ਅੱਖਾਂ ਮੀਟ ਲੈਣ ਦਾ ਜ਼ਬਾਨੀ ਹੁਕਮ ਸੁਣਾ ਦਿੱਤਾ। ਕੰਮ ਸ਼ੁਰੂ ਹੋ ਗਿਆ, ਕੰਮ ਚੱਲਦਾ ਰਿਹਾ। ਗੱਲ ਸੁਲਗਦੀ ਰਹੀ। ਅਖਬਾਰਾਂ ’ਚ ਨਜਾਇਜ਼ ਕਬਜ਼ੇ ਦੀਆਂ ਖਬਰਾਂ ਲੱਗੀਆਂ ਤਾਂ ਅਧਿਕਾਰੀਆਂ ਦੇ ਇਸ ਵਿਰੁੱਧ ਕਾਰਵਾਈ ਕਰਨ ਬਾਰੇ ਬਿਆਨ ਵੀ ਆਏ ਪਰ ਕੰਮ ਬੰਦ ਨਾ ਹੋਇਆ। ਫਿਰ ਸ਼ਹਿਰ ਦੀਆਂ ਇੱਕ ਦੋ ਸਮਾਜ-ਸੇਵੀ ਸੰਸਥਾਵਾਂ ਅਦਾਲਤ ’ਚ ਜਾ ਪੁੱਜੀਆਂ। ਅਦਾਲਤਾਂ ਦੇ ਇਸ ਚੱਕਰ ’ਚੋਂ ਐਡਵੋਕੇਟ ਚੌਧਰੀ ਉਸ ਲਈ ਕਾਨੂੰਨੀ ਚੋਰ-ਮੋਰੀਆਂ ਭਾਲਦਾ ਰਿਹਾ। ਕਈ ਤਾਂ ਇਹ ਵੀ ਕਹਿੰਦੇ ਹਨ : ‘ਐਡਵੋਕੇਟ ਚੌਧਰੀ ਨੇ ਉਸ ਦੀ ਜੱਜ ਨਾਲ ਦਸ ਲੱਖ ’ਚ ਫਿਕਸਿੰਗ ਕਰਵਾ ਦਿੱਤੀ ਸੀ ਕਿ ਉਹ ਕੰਮ ਬੰਦ ਕਰਨ ਦਾ ਸਟੇਅ ਨਹੀਂ ਦੇਵੇਗਾ। ਬਾਕੀ ਜੋ ਵੀ ਫੈਸਲਾ ਹੋਵੇ, ਉਹ ਕਾਨੂੰਨ ਅਨੁਸਾਰ ਕਰਦਾ ਰਹੇ।’ ਖੈਰ..ਇਸ ਸਾਰੇ ਦੌਰਾਨ ਅਸੀਂ ਕਦੀ-ਕਦੀ ਚੌਧਰੀ ਨੂੰ ਟਾਂਚ ਮਾਰ ਲਿਆ ਕਰਦੇ ਸਾਂ: ”ਤੂੰ ਪਬਲਿਕ ਪ੍ਰਾਪਰਟੀ ’ਤੇ ਕਬਜ਼ਾ ਕਰੌਣ ’ਚ ਬਰਾੜ ਦੀ ਮਦਦ ਕਰ ਰਿਹਾ ਹੈਂ! ਉਹ ਸ਼ਹਿਰ ਦਾ ਮੰਨਿਆ ਹੋਇਆ ਲੈਂਡ-ਮਾਫ਼ੀਆ ਸਰਗਣਾ ਹੈ…ਲੱਗਦਾ, ਤੈਨੂੰ ਵੀ ਮੋਟਾ ਗੱਫਾ ਮਿਲ ਰਿਹਾ ਹੈ!’’
”ਮੈਂ ਤਾਂ ਉਸ ਨੂੰ ਕਾਨੂੰਨੀ ਮਦਦ ਦੇ ਰਿਹਾ ਹਾਂ। ਇਹ ਭਾਰਤ ਦੇ ਹਰ ਨਾਗਰਿਕ ਦਾ ਹੱਕ ਹੈ ਕਿ ਉਹ ਸੰਵਿਧਾਨ ਅਨੁਸਾਰ ਆਪਣੇ ਲਈ ਨਿਆਂ ਮੰਗ ਸਕਦਾ ਹੈ!’’ ਚੌਧਰੀ ਦਾ ਤਰਕ ਹੁੰਦਾ।
”ਨਿਆਂ ਮੰਗ ਸਕਦਾ ਹੈ ਆਪਣੇ ਨਾਲ ਹੁੰਦੀ ਕਿਸੇ ਬੇਇਨਸਾਫੀ ਲਈ, ਨਾ ਕਿ ਸਾਂਝੀਆਂ ਥਾਵਾਂ ਧੱਕੇ ਨਾਲ ਮੱਲ ਕੇ ਉਹਨਾਂ ’ਤੇ ਕਬਜ਼ਾ ਪੱਕਾ ਕਰਨ ਵਾਸਤੇ।’’ ਉਸ ਨਾਲ ਵਿਰੋਧ ਦੀ, ਸੁਹਿਰਦਤਾ ਦੀ, ਕਾਨੂੰਨ ਦੀ ਚੁੰਝ-ਚਰਚਾ ਵੀ ਚੱਲਦੀ ਤੇ ਦਾਰੂ ਪਿਆਲੇ ਦੀ ਸਾਂਝ ਵੀ। ਮਾਲ ਦੇ ਉਦਘਾਟਨ ਵੇਲੇ ਤਾਂ ਨਹੀਂ ਪਰ ਰਾਤ ਦੀ ਇਸ ਪਾਰਟੀ ’ਚ ਉਹ ਬਦੋਬਦੀ ਖਿੱਚ ਕੇ ਲੈ ਗਿਆ ਸੀ, ”ਜੇ ਮਨ ਨਾ ਮੰਨਿਆ ਤਾਂ ਭਾਵੇਂ ਇੱਕ ਅੱਧ ਪੈੱਗ ਲਾ ਕੇ ਮੁੜ ਆਈਂ… ਇੱਕ ਵਾਰ ਦੇਖ ਤਾਂ ਸਹੀ, ਦੁਨੀਆ ਕਿਹੜੇ ਰੰਗਾਂ ’ਚ ਵਸਦੀ ਐ।’’
ਚੌਧਰੀ ਨਾਲ ਦੋ ਟੁੱਕ ਵਿਰੋਧ ਦੀ ਹਾਲਤ ’ਚ, ਮੈਂ ਉਂਜ ਵੀ ਨਹੀਂ ਹਾਂ। ਜਦੋਂ ਦੀ ਉਸ ਨੇ ਭਾਵਿਨੀ ਦੀ, ਮੈਡੀਕਲ ’ਚ ਦਾਖਲੇ ਲਈ ਮਦਦ ਕੀਤੀ ਹੈ, ਮੇਰੇ ਅੰਦਰੋਂ ਇਹ ਹਿੰਮਤ ਉਂਝ ਹੀ ਪਸਤ ਹੋ ਚੁੱਕੀ ਹੈ। ਇਹ ਉਹੀ ਸੀ, ਜਿਸ ਨੇ ਕਿਸੇ ਤਰ੍ਹਾਂ ਤਿਕੜਮ ਲੜਾ ਕੇ ਉਸ ਨੂੰ ਦਾਖਲਾ ਦੁਆਇਆ ਸੀ। ਉਦੋਂ ਦੋ ਲੱਖ ਉਸ ਨੇ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੂੰ ਦੁਆਏ ਸਨ। ਹੁਣ ਸਾਲ ’ਚ ਲੱਖ, ਸਵਾ ਲੱਖ ’ਚ ਸਰ ਜਾਂਦਾ ਹੈ। ਜੇ ਮੈਨੇਜਮੈਂਟ ਕੋਟੇ ’ਚੋਂ ਸੀਟ ਲੈਣੀ ਪੈ ਜਾਂਦੀ ਤਾਂ ਸਾਲ ਦੇ ਪੰਜ ਲੱਖ ਤੋਂ ਘੱਟ ਨਹੀਂ ਸੀ ਲੱਗਣੇ। ਉਸ ਦੇ ਜ਼ੋਰ ਦੇਣ ’ਤੇ, ਅਧ-ਮੰਨੇ ਜਿਹੇ ਮਨ ਨਾਲ ਗਿਆ ਫਿਰ ਰਾਤ ਦੇ ਦੋ ਵਜੇ ਤੱਕ ਪੀਂਦਾ ਰਿਹਾ ਸਾਂ। ਮੈਨੂੰ ਨਹੀਂ ਪਤਾ ਕਿਵੇਂ ਕਾਰ ਚਲਾ ਕੇ ਘਰ ਤੱਕ ਆਇਆ, ਕਾਰ ਪਾਰਕ ਕਰ ਉਪਰ ਪੌੜੀਆਂ ਚੜ੍ਹ ਗਿਆ ਸਾਂ। ਇਹ ਵੀ ਪਤਾ ਨਹੀਂ ਕਿ ਗੇਟ ਆਦਿੱਤੀ ਨੇ ਲਾਇਆ ਸੀ ਕਿ ਮਕਾਨ-ਮਾਲਕਾਂ ਦੇ ਨੌਕਰ ਨੇ…
ਰਜਾਈ ’ਚੋਂ ਨਿਕਲ ਕੇ ਬਾਥਰੂਮ ਗਿਆ। ਫਿਰ ਸਟੂਲ ਤੋਂ ਚਾਹ ਦਾ ਕੱਪ ਫੜ ਬਾਲਕੋਨੀ ਦੇ ਦਰਵਾਜ਼ੇ ਵੱਲ ਹੋਣ ਲੱਗਾ ਤਾਂ ਉਸ ਨੇ ਟੋਕਿਆ, ”ਮੌਸਮ ’ਚ ਬੜੀ ਸੰਘਣੀ ਧੁੰਦ ਐ ਤੇ ਠੰਡ ਵੀ ਬਹੁਤ..ਜੇ ਬਾਹਰ ਬਹਿਣਾ ਤਾਂ ਉੱਪਰ ਗਾਊਨ ਪਾ ਲਓ।’’
”ਇਹ ਧੁੰਦ ਪੈਣੀ ਪਤਾ ਨਹੀਂ ਕਦੋਂ ਹਟੇਗੀ…ਪੰਦਰਾਂ ਦਿਨ ਹੋ ਗਏ ਐ ਸੂਰਜ ਨਿਕਲੇ ਨੂੰ!’’
”ਧੁੰਦ ਜਿਹੀ ਧੁੰਦ! ਦੀਹਦਾ ਹੀ ਕੁਝ ਨਹੀਂ।’’ ਕਹਿੰਦੀ ਉਹ ਬਾਹਰਲੇ ਬਾਥਰੂਮ ਵੱਲ ਲੰਘ ਗਈ, ਜਿੱਥੇ ਕੰਮ ਵਾਲੀ ਕੱਪੜੇ ਧੋ ਰਹੀ ਸੀ। ਉਹ ਅੱਠ ਵਜੇ ਆ ਜਾਂਦੀ ਹੈ। ਜੇ ਕਿਤੇ ਪੰਜ ਸੱਤ ਮਿੰਟ ਤੋਂ ਵੱਧ ਲੇਟ ਹੋ ਜਾਵੇ ਤਾਂ ਆਦਿੱਤੀ ਉਸ ਦੀ ਬੁਰੀ ਤਰ੍ਹਾਂ ਲਾਹ-ਪਾਹ ਕਰ ਦਿੰਦੀ ਹੈ। ਉਹ ਅੱਗੋਂ ਜੁਆਬ ਨਹੀਂ ਦਿੰਦੀ, ਚੁਪਚਾਪ ਜ਼ੀਰ ਜਾਂਦੀ ਹੈ ਸਭ ਕੁਝ ਅੰਦਰੇ ਹੀ ਅੰਦਰ। ਇਸ ਤੋਂ ਪਹਿਲਾਂ ਵਾਲੀ ਸ਼ਾਲਿਨੀ ਨਹੀਂ ਸੀ ਜਰਦੀ ਕੋਈ ਫਾਲਤੂ ਗੱਲ। ਜੇ ਅਦਿੱਤੀ ਰਤਾ ਵੱਧ-ਘੱਟ ਬੋਲਦੀ ਤਾਂ ਪਟਾਕ ਕਰ ਜੁਆਬ ਮੂੰਹ ’ਤੇ ਮਾਰਦੀ, ”ਬੀਬੀ ਜੀ, ਕਰ ਕੇ ਲੈਂਦੀ ਹਾਂ। ਤੁਸੀਂ ਕੋਈ ’ਹਸਾਨ ਨਹੀਂ ਕਰਦੇ… ਬਾਕੀ ਜੀਂਦੇ ਬੰਦੇ ਨੂੰ ਕੰਮ ਤਾਂ ਪੈ ਹੀ ਜਾਂਦਾ। ਤੁਸੀਂ ਨਈਂ ਕਦੇ ਦਫਤਰੋਂ ਲੇਟ ਹੁੰਦੇ?’’
ਸਿਰ ’ਤੇ ਟੋਪੀ ਫਸਾ ਤੇ ਗਾਊਨ ਪਾ ਕੇ ਮੈਂ ਬਾਹਰ ਨਿਕਲਿਆ। ਬੜੀ ਗਾੜ੍ਹੀ ਧੁੰਦ ਸੀ। ਸਾਹਮਣੇ ਪਾਰਕ ’ਚ ਨੇੜੇ ਦੇ ਫੁੱਲ-ਬੂਟੇ, ਰੁਖ ਤਾਂ ਧੁੰਦਲੇ-ਧੁੰਦਲੇ ਦੀਹਦੇ ਹਨ ਪਰ ਪਰਲੇ ਸਿਰੇ ਵਾਲਿਆਂ ਦਾ, ਬਸ ਆਕਾਰਾਂ ਜਿਹਿਆ ਦਾ ਝਾਓਲਾ ਹੀ ਪੈਂਦਾ। ਕੋਈ ਅਨਜਾਣ ਅੰਦਾਜ਼ਾ ਨਾ ਲਾ ਸਕਦਾ ਕਿ ਫਲਾਣਾ ਆਕਾਰ ਕਿਹੜਾ ਰੁੱਖ ਹੋਵੇਗਾ? ਮਾੜੀ-ਮਾੜੀ ਜਿਹੀ ਰੁਮਕਦੀ ਹਵਾ ਨਾਲ ਸਾਹਮਣਲੀ ਟਾਹਲੀ ਦੇ ਪੀਲੇ ਪੱਤੇ ਝੜ ਰਹੇ ਹਨ। ਟਾਹਲੀ ਦੀਆਂ ਟਾਹਣੀਆਂ ਅੱਧੀਓਂ ਵਧ ਰੁੰਡ-ਮੁੰਡ ਹੋ ਚੁੱਕੀਆਂ ਹਨ। ਬਾਕੀ ਬਚੇ ਪੱਤੇ ਵੀ ਝੜ ਜਾਣ ਦੇ ਕਿਨਾਰੇ ’ਤੇ ਹਨ। ਇਸ ਟਾਹਲੀ ਵੱਲ ਦੇਖਦਿਆਂ ਪਤਾ ਨਹੀਂ ਕਿਉਂ ਮੈਨੂੰ ਪਿੰਡ ਦੀ ਯਾਦ ਆ ਜਾਂਦੀ ਹੈ। ਸ਼ਹਿਰ ਆਉਣ ਤੱਕ, ਜ਼ਿੰਦਗੀ ਦੇ ਪਹਿਲੇ ਅਠਾਈ-ਤੀਹ ਵਰ੍ਹੇ ਪਿੰਡ ’ਚ ਹੀ ਬਿਤਾਏ ਹਨ। ਪਿੰਡ ’ਚ ਸਿਆਲਾਂ ਦੀ ਰੁੱਤੇ ਬਹੁਤੇ ਰੁਖ ਰੁੰਡ-ਮੁੰਡ ਹੋ ਜਾਂਦੇ ਸਨ। ਹਰ ਪਾਸੇ ਸੁਸਤੀ ਜਿਹੀ ਦਾ ਆਲਮ ਹੁੰਦਾ… ਪਰ ਇੱਥੇ ਸ਼ਹਿਰ ’ਚ ਰੁੱਤਾਂ ਦਾ ਪਤਾ ਨਹੀਂ ਲੱਗਦਾ। ਸਾਰਾ ਸਾਲ ਪਾਰਕਾਂ ’ਚ ਫੁੱਲ ਖਿੜੇ ਰਹਿੰਦੇ ਹਨ। ਅਜਿਹੇ ਰੁਖ ਚੁਣ-ਚੁਣ ਕੇ ਲਾਏ ਜਾਂਦੇ ਹਨ, ਜਿਹੜੇ ਸਾਰਾ ਸਾਲ ਹਰੇ-ਭਰੇ ਰਹਿਣ। ਹੋਰ ਤਾਂ ਹੋਰ, ਉਹਨਾਂ ਦੀ ਉਚਾਈ, ਫੈਲਾਅ ਵੀ ਮਨਮਰਜ਼ੀ ਅਨੁਸਾਰ ਰੱਖਿਆ ਜਾਂਦਾ ਹੈ। ਹਰ ਛੇਆਂ ਮਹੀਨਿਆਂ ਬਾਅਦ ਛੰਗਾਈ। ਮਜ਼ਾਲ ਐ ਕਿ ਜੇ ਕੋਈ ਰੁਖ ਨਾਲਦੇ ਤੋਂ ਉਚਾ-ਨੀਵਾਂ ਦਿਸ ਜਾਵੇ। ਉਹਨਾਂ ਦੀਆਂ ਜੜ੍ਹਾਂ ਹੇਠਲੀ ਮਿੱਟੀ ਕਿਹੋ ਜਿਹੀ ਵੀ ਹੋਵੇ, ਬੂਟੇ ਅੰਦਰਲੀ ਜੈਵਿਕ ਸਮਰੱਥਾ ਕੋਈ ਹੋਵੇ, ਪਰ ਦਿਸਦੇ ਸਾਰੇ ਮਾਲੀ ਦੀ ਮਰਜ਼ੀ ਅਨੁਸਾਰ ਹੀ ਹਨ! ਪਾਰਕ ’ਚ ਇਹ ਟਾਹਲੀ ਹੀ ਹੈ ਜਿਹੜੀ ਪੂਰੀ ਤਰ੍ਹਾਂ ਰੁੰਡ-ਮੁੰਡ ਹੁੰਦੀ ਹੈ ਜਾਂ ਪੂਰਬ ਵਾਲੇ ਸਿਰੇ ’ਤੇ ਕੁਝ ਗੁਲਮੋਹਰ ਵੀ ਰੁੰਡ-ਮੁੰਡ ਹੋ ਜਾਂਦੇ ਹਨ ਕੋਹਰਿਆਂ ਤੇ ਧੁੰਦ ਨਾਲ। ਗਰਮੀਆਂ ’ਚ ਆ, ਜਦੋਂ ਇਹਨਾਂ ’ਤੇ ਸੁਰਖ ਫੁੱਲ ਖਿੜਦੇ ਹਨ ਤਾਂ ਇੰਜ ਲੱਗਦਾ ਹੈ ਜਿਵੇਂ ਹਰੇ ਕਚੂਰ ਪੱਤਿਆਂ ’ਤੇ ਅੰਗਿਆਰ ਧਰ ਦਿੱਤੇ ਗਏ ਹੋਣ। ਅੱਜਕੱਲ੍ਹ ਤਾਂ ਇਹਨਾਂ ਦੇ ਪੱਤੇ ਵੀ ਝੁਰੜੇ ਹੋਏ ਹਨ। ਹੋਰਨਾਂ ਰੁੱਖਾਂ ਦੇ ਨਾਵਾਂ ਦਾ ਮੈਨੂੰ ਪਤਾ ਨਹੀਂ, ਨਾ ਬਹੁਤੇ ਫੁੱਲਾਂ ਦਾ ਹੀ।
ਭਾਵਿਨੀ ਨੂੰ ਇਹ ਪਾਰਕ ਬਹੁਤ ਪਸੰਦ ਸੀ। ਸਕੂਲੋਂ ਆ ਉਂਜ ਤਾਂ ਉਸ ਨੂੰ ਹੋਮਵਰਕ, ਟਿਊਸ਼ਨਾਂ ਤੋਂ ਹੀ ਵਿਹਲ ਨਾ ਲੱਗਦੀ, ਪਰ ਫਿਰ ਵੀ ਕੋਈ ਨਾ ਕੋਈ ਸਮਾਂ ਕੱਢ ਕੇ ਉਹ ਅਕਸਰ ਇੱਥੇ ਬਾਲਕੋਨੀ ’ਚ ਆ ਹੀ ਬਹਿੰਦੀ ਸੀ। ਕਈ ਵਾਰ ਕੋਈ ਯਾਦ ਕਰਨ ਵਾਲਾ ਕੰਮ ਹੁੰਦਾ ਤਾਂ ਵੀ ਕਿਤਾਬ ਫੜ ਇੱਥੇ ਆ ਬਹਿੰਦੀ, ਭਾਵੇਂ ਆਦਿੱਤੀ ਟੋਕਾਟਾਕੀ ਕਰਦੀ, ”ਬੇਟੇ, ਕੁੜੀਆਂ ਇੰਜ ਸੜਕ ਵੱਲ ਨਹੀਂ ਝਾਕਦੀਆਂ।… ਉਹਨਾਂ ਬਾਰੇ ਗਲਤ ਪ੍ਰਭਾਵ ਬਣਦਾ ਹੈ!’’
”ਆਈ ਡੋਂਟ ਕੇਅਰ, ਮੰਮਾ! ਤੁਹਾਨੂੰ ਹਰ ਵੇਲੇ ਲੋਕਾਂ ਦਾ ਕਿਉਂ ਇੰਨਾ ਫਿਕਰ ਰਹਿੰਦਾ ਐ?’’ ਉਹ ਅੱਗੋਂ ਉਸੇ ਸੁਰ ’ਚ ਜਵਾਬ ਦਿੰਦੀ ਤਾਂ ਆਦਿੱਤੀ ਮੁੜ ਨਾ ਬੋਲਦੀ, ਭਾਵੇਂ ਮੂੰਹ ’ਚ ਬੁੜਬੁੜ ਜਿਹੀ ਕਰਦੀ ਰਹਿੰਦੀ। ਉਸ ਦੇ ਮੈਡੀਕਲ ਕਾਲਜ ’ਚ ਜਾਣ ਤੋਂ ਬਾਅਦ, ਆਦਿੱਤੀ ਦੀ ਗਲ ਟੋਕਣ ਵਾਲਾ ਘਰ ’ਚ ਕੋਈ ਨਹੀਂ ਰਹਿ ਗਿਆ। ਮੈਂ….ਮੈਂ ਤਾਂ ਇਹ ਹਿੰਮਤ ਪਹਿਲੀਆਂ ’ਚ ਨਾ ਕਰ ਸਕਿਆ, ਹੁਣ ਕਿੱਥੋਂ ਕਰਨੀ ਸੀ! ਘਰ ’ਚ ਮੈਂ ਉਸ ਦੇ ਕੰਮ ’ਚ ਦਖਲ ਨਹੀਂ ਦਿੰਦਾ, ਭਾਵੇਂ ਮੇਰੀ ਇੱਛਾ ਕੋਈ ਵੀ ਹੋਵੇ! ਪਹਿਲੀ ਕੰਮਵਾਲੀ ਸ਼ਾਲਿਨੀ ਉਸ ਨੇ ਹਟਾਈ ਹੀ ਇਸ ਕਰਕੇ ਸੀ ਕਿ ਉਸ ਨੂੰ ਸ਼ੱਕ ਪੈ ਗਿਆ ਸੀ, ਮੈਂ ਉਸ ਨੂੰ ਮੈਲੀ ਨਜ਼ਰ ਨਾਲ ਦੇਖਦਾ ਹਾਂ। ”ਤੁਹਾਡਾ ਵੱਸ ਚਲੇ ਤਾਂ ਤੁਸੀਂ ਉਸ ਨੂੰ ਬਿਨਾਂ ਕੰਮ ਤੋਂ ਹੀ ਪੈਸੇ ਦੇ ਦਿਆ ਕਰੋ! ਬਿੱਟ-ਬਿੱਟ ਉਸ ਦੇ ਗਲੇ ’ਚ ਇੰਜ ਝਾਕਦੇ ਓ, ਜਿਵੇਂ ਕੋਈ ‘ਟੀਨਏਜ਼ਰ’ ਹੁੰਦਾ! ਉਹ ਵੀ ਗਸ਼ਤੀ ਇੰਨੇ ਲੋਅ-ਕੱਟ ਪਾ ਕੇ ਆਉਂਦੀ ਐ ਪਈ ਮੰਮੇ ਬਾਹਰ ਲਮਕ -ਲਮਕ ਪੈਣ।’’
”ਅਦਿੱਤੀ, ਬੋਲਣ ਲੱਗਿਆਂ ਕੁਝ ਤਾਂ ਸੋਚ ਲਿਆ ਕਰ।’’ ਮੈਂ ਇਸ ਤੋਂ ਵੱਧ ਕੁਝ ਨਾ ਕਹਿ ਸਕਿਆ। ਗਲ ਇੰਜ ਵਾਪਰੀ ਸੀ…
…ਇੱਕ ਦਿਨ ਮੈਂ ਪੌੜੀਆਂ ਨਾਲ ਦੇ ਬਾਥਰੂਮ ਦੇ ਬਾਹਰ ਵਾਸ਼ਬੇਸਨ ’ਤੇ ਬਰੁਸ਼ ਕਰ ਰਿਹਾ ਸਾਂ। ਅੰਦਰ ਸ਼ਾਲਿਨੀ ਕੱਪੜੇ ਧੋ ਰਹੀ ਸੀ। ਚੁੰਨੀ ਲਾਹ ਕੇ ਉੱਪਰ ਹੈਂਗਰ ਨਾਲ ਟੰਗੀ, ਉਹ ਪਲਾਸਟਿਕ ਦੇ ਮੂਹੜੇ ’ਤੇ ਕੁਝ ਕੁ ਅੱਗੇ ਨੂੰ ਝੁਕ ਕੇ ਬੈਠੀ ਕੱਪੜੇ ਮਲੀ ਜਾਂਦੀ ਸੀ। ਮੈਨੂੰ ਵਾਸ਼ਬੇਸਨ ਮੂਹਰੇ ਖੜੇ ਨੂੰ, ਉਸ ਨੇ ਇੱਕ ਵਾਰ ਮਾੜਾ ਜਿਹਾ ਦੇਖਿਆ ਤੇ ਫਿਰ ਆਪਣੇ ਕੰਮ ’ਚ ਰੁਝ ਗਈ। ਜਦੋਂ ਕਿਸੇ ਕੱਪੜੇ ਨੂੰ ਮਲਣ ਲਈ ਉਹ ਰਤਾ ਕੁ ਅਗਾਂਹ ਵੱਲ ਝੁਕਦੀ ਤਾਂ ਉਸਦੀਆਂ ਛਾਤੀਆਂ ਦੀ ਪੂਰੀ ਹਲਚਲ ਉਪਰੋਂ ਸਾਫ ਦਿਸਣ ਲੱਗ ਪੈਂਦੀ ਸੀ। ਫਿਰ ਮੈਂ ਅਕਸਰ ਹੀ ਬਰੁਸ਼ ਇਸ ਬਾਹਰਲੇ ਵਾਸ਼ਬੇਸਨ ’ਤੇ ਆ ਕੇ ਕਰਨ ਲਗਾ, ਜਦੋਂ ਕੁ ਉਹ ਕੱਪੜੇ ਧੋਣ ਲੱਗਦੀ। ਉਸਨੇ ਵੀ ਸ਼ਾਇਦ ਇਸ ਗਲ ਨੂੰ ਤਾੜ ਲਿਆ ਸੀ। ਉਹ ਕੁਝ ਹੋਰ ਵੀ ਬੇਪਰਵਾਹ ਹੋ ਗਈ। ਮੈਂ ਉਸਦੀਆਂ ਛਾਤੀਆਂ ਦੀ ਉੱਛਲ-ਕੁੱਦ ਚੋਰ ਅੱਖਾਂ ਨਾਲ ਤਾੜਦਾ, ਮਨ ਹੀ ਮਨ ਆਨੰਦਿਤ ਹੁੰਦਾ ਰਹਿੰਦਾ, ਗੇਂਦ ਵਾਂਗ ਉਛੱਲਦੀਆਂ ਹੋਈਆਂ ਛਾਤੀਆਂ। ਕਦੀ-ਕਦੀ ਉਹ ਮੇਰੀ ਤੱਕਣੀ ਨੂੰ ਫੜ ਵੀ ਲੈਂਦੀ ਤੇ ਇੱਕ ਕਾਤਰ ਜਿਹੀ ਮੁਸਕਰਾਹਟ ਨਾਲ ਅੱਖਾਂ ਇੰਜ ਘੁੰਮਾਉਂਦੀ ਕਿ ਮੈਂ ਉਤੇਜਨਾ ਦੇ ਰੇਗਿਸਤਾਨ ’ਚ ਭਟਕ ਤੁਰਦਾ। ਇਸਤੋਂ ਪਹਿਲਾਂ ਕਿ ਇਹ ਅੱਖਾਂ ਦੀ ਕਾਮੁਕਤਾ ਦਾ ਖੇਲ ਕੋਈ ਹੋਰ ਮੋੜ ਲੈਂਦਾ, ਆਦਿੱਤੀ ਨੂੰ ਇਸਦਾ ਸ਼ੱਕ ਪੈ ਗਿਆ। ਦੋ ਚਾਰ ਦਿਨ ਕਿਚਨ ਦੀ ਜਾਲੀ ’ਚੋਂ ਮੇਰੀ ਇਸ ਤਕਣੀ ਨੂੰ ਤਾੜਦੀ ਰਹੀ ਤੇ ਫਿਰ ਉਸ ਦੇ ਜਾਂਦਿਆਂ ਹੀ ਮੇਰੇ ’ਤੇ ਵਰ੍ਹ ਪਈ, ”ਸ਼ਰਮ ਨਹੀਂ ਆਉਂਦੀ। ਬਰਾਬਰ ਦੀ ਕੁੜੀ ਹੋਈ ਐ ਵਿਆਹੁਣ ਵਰਣ ਦੀ ਉਮਰ ਦੀ, ਤੇ ਕੰਮ ਵਾਲੀਆਂ ਨਾਲ ਅੱਖਾਂ ਲੜਾਉਂਦੇ ਫਿਰਦੇ ਓ!’’
”ਆਦਿੱਤੀ, ਕੀ ਬਕੜਬਾਹ ਕਰ ਰਹੀ ਐਂ? ’’
”ਆਹੋ, ਮੇਰੀ ਤਾਂ ਬਕੜਵਾਹ ਹੀ ਲੱਗਣੀ ਐਂ। ਮੇਰੀਆਂ ਵੀ ਅੱਖਾਂ ਹੈਨ! ਮੈਂ ਵੀ ਸੋਚਾਂ ਕਿਉਂ ਹਰ ਰੋਜ਼ ਬਰੁਸ਼ ਉਦੋਂ ਹੀ ਹੁੰਦਾ, ਜਦੋਂ ਉਹ ਕਮਜ਼ਾਤ ਕਪੜੇ ਧੋਣ ਲੱਗਦੀ ਆ! ਇਹ ਨਹੀਂ ਸੀ ਪਤਾ ਪਈ ਹੋਰ ਹੀ ਫਿਕਸਿੰਗ ਚਲ ਰਹੀ ਐ!’’ ਉਹ ਹੋਰ ਵੀ ਬਕੜਵਾਹ ਕਰਦੀ ਰਹੀ, ਪਰ ਮੈਂ ਚੁੱਪ ਰਿਹਾ। ਫਿਰ ਕੁਝ ਚਿਰ ਬਾਅਦ ਆਪੇ ਹੀ ਚੁੱਪ ਕਰ ਗਈ। ਕੁਝ ਤਾਂ ਮੈਨੂੰ ਆਪਣੇ ਮਨ ਦਾ ਪਾਲਾ ਮਾਰਦਾ ਸੀ, ਤੇ ਕੁਝ ਇਹ ਵੀ ਕਿ ਗੱਲਬਾਤ, ਬੋਲ-ਬੁਲਾਰੇ ’ਚ ਉਸ ਨੂੰ ਪਾਰ ਨਹੀਂ ਪਾਇਆ ਜਾ ਸਕਦਾ! ਦੂਸਰੇ ਦਿਨ ਉਸ ਨੇ ਸ਼ਾਲਿਨੀ ਨੂੰ ਆਉਂਦਿਆਂ ਹੀ ਜਵਾਬ ਦੇ ਦਿੱਤਾ, ”ਸਾਨੂੰ ਨਹੀਂ ਤੇਰੀ ਲੋੜ। ਹਰ ਰੋਜ਼ ਲੇਟ…ਲੇਟ… ਅਸੀਂ ਵੀ ਆਪਣੇ ਕੰਮਾਂ ’ਤੇ ਜਾਣਾ ਹੁੰਦਾ! ਕੌਣ ਤੇਰੀ ਉਡੀਕ ਕਰਦਾ ਰਹੇ ਪਈ ਮਹਾਰਾਣੀ ਕੰਮ ਮੁਕਾਏ ਤੇ ਘਰੋਂ ਨਿਕਲੀਏ!’’
”ਬੀਬੀ ਜੀ, ਮੇਰਾ ਕੰਮ ਪਸੰਦ ਨਹੀਂ ਤਾਂ ਮੇਰਾ ਹਸਾਬ ਕਰ ਦਿਓ।’’ ਸ਼ਾਲਿਨੀ ਨੇ ਅੱਗਿਓਂ ਬਿਨਾਂ ਦੱਬਿਆਂ ਜੁਆਬ ਦਿੱਤਾ। ਕੁਝ ਹੌਂਸਲਾ ਸ਼ਾਇਦ ਉਸ ਨੂੰ ਮੇਰੇ ਨਾਲ ਹੁੰਦੇ ਅੱਖ-ਮਟੱਕੇ ਦਾ ਵੀ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਮੈਂ ਕਿੰਨਾ ਦੱਬੂ ਹਾਂ। ਘਰਵਾਲੀ ਦਾ ਫੈਸਲਾ ਪ੍ਰਭਾਵਿਤ ਕਰ ਸਕਣ ਦੀ ਹਿੰਮਤ ਨਹੀਂ ਕਰ ਸਕਦਾ!
‘ਅੱਜ ਤੇਰਾਂ ਹੋਈ ਐ। ਲੈ ਅੱਧੇ ਮਹੀਨੇ ਦੇ ਪੈਸੇ ’ਤੇ ਚੱਲਦੀ ਬਣ।’’ ਉਸ ਦਿਨ ਵੀ ਮੈਂ ਇੱਥੇ ਬਾਲਕੋਨੀ ’ਚ ਹੀ ਬੈਠਾ ਹੋਇਆ ਸਾਂ, ਪਿੱਛੇ ਡਰਾਇੰਗ ਰੂਮ ’ਚ ਉਹਨਾਂ ਦੀ ਗੱਲਬਾਤ ਨੂੰ ਸੁਣਦਾ ਹੋਇਆ। ਜਾਂਦੀ ਵਾਰੀ ਗਲੀ ’ਚ ਨਿਕਲਦੀ ਸ਼ਾਲਿਨੀ ਨੂੰ ਉਠ ਕੇ ਵੇਖ ਵੀ ਨਾ ਸਕਿਆ। ਗਲੀ ਵੱਲ ਦੀ ਰੇਲਿੰਗ ’ਤੇ ਉਸ ਨੇ ਬੀਤੇ ਦਿਨ ਦੀਆਂ ਅੱਧ-ਸੁੱਕੀਆਂ ਚਾਦਰਾਂ ਵਿਛਾਈਆਂ ਹੋਈਆਂ ਸਨ। ਗਲੀ ’ਚ ਦੇਖਣ ਲਈ ਮੈਨੂੰ ਕੁਰਸੀ ਤੋਂ ਉੱਠ ਕੇ ਝਾਕਣਾ ਪੈਣਾ ਸੀ, ਪਰ ਮੈਂ ਇਹ ਜੁਅੱਰਤ ਨਾ ਕਰ ਸਕਿਆ। ਸ਼ਾਇਦ ਮੇਰਾ ਇਹ ਦੱਬੂ ਪ੍ਰਗਟਾਵਾ ਹੋਰ ਵੀ ਕਈ ਗੱਲਾਂ ’ਚੋਂ ਝਲਕਦਾ ਹੋਵੇ ਕਿ ਦੋਸਤ ਮੈਨੂੰ ‘ਰੰਨ ਮੁਰੀਦ’, ‘ਪਤਨੀ ਦਾ ਪਾਲਤੂ’ ਤੱਕ ਕਹਿ ਜਾਂਦੇ ਹਨ। ਕਈ ਵਾਰ ਦਾਰੂ ਪੀਂਦਿਆਂ ਇਹ ਵਿਸ਼ੇਸ਼ਣ ਹੋਰ ਵੀ ਜ਼ਰਬ ਖਾ ਜਾਂਦੇ, ਭਾਵੇਂ ਮੈਂ ਹਰ ਗੱਲ ਨੂੰ ਹੱਸ ਕੇ ਟਾਲ ਜਾਂਦਾ ਹਾਂ।
”ਪਰੇਸ਼ ਗੀਜਰ ਲੱਗਾ ਹੋਇਆ, ਤੁਸੀਂ ਨਹਾ ਲਓ।’’ ਲਾਬੀ ’ਚੋਂ ਅਦਿੱਤੀ ਪਰਦਾ ਹਟਾ ਕੇ ਜਾਲੀ ਵਾਲੇ ਦਰਵਾਜ਼ੇ ਨਾਲ ਆਣ ਖੜੀ ਹੁੰਦੀ ਹੈ। ਉਹ ਦਰਵਾਜ਼ੇ ਨੂੰ ਖੋਹਲਦੀ ਨਹੀਂ।
”ਤੂੰ ਨਹਾ ਲੈਣਾ ਸੀ ਪਹਿਲਾਂ ਨਹੀਂ ਤਾਂ…!’’ ਮੇਰਾ ਅੰਦਰ ਜਾਣ ਨੂੰ ਜੀ ਨਹੀਂ ਕਰਦਾ। ਮੈਨੂੰ ਖੱਬੇ ਪਾਸੇ ਪੰਜ-ਛੇ ਕੋਠੀਆਂ ਛੱਡ ਕੇ ਰਹਿੰਦੇ ਨਵ-ਵਿਆਹੇ ਜੋੜੇ ਦੇ ਪਾਰਕ ’ਚ ਆਉਣ ਦੀ ਉਡੀਕ ਹੈ। ਨਾਲੇ ਇਸ ਕੁ ਵੇਲੇ ਇੱਥੋਂ ਦੀ ਪੰਜ ਛੇ ਕੁੜੀਆਂ ਵੀ ਲੰਘਦੀਆਂ ਹਨ ਪੂਰੀ ਤਰ੍ਹਾਂ ਸੱਜ-ਸੰਵਰ ਕੇ। ਹੱਥਾਂ ’ਚ ਫੁੱਲ ਹੁੰਦੇ ਹਨ। ਸ਼ਾਇਦ ਮੰਦਰ ਜਾਂਦੀਆਂ ਹਨ! ਪਰ ਹਾਰ-ਸ਼ਿੰਗਾਰ ਇੰਜ ਹੁੰਦਾ, ਜਿਵੇਂ ਕਿਸੇ ਸੁੰਦਰਤਾ ਮੁਕਾਬਲੇ ’ਚ ਭਾਗ ਲੈਣ ਜਾ ਰਹੀਆਂ ਹੋਣ! ਕਈਆਂ ਨੇ ਤਾਂ ਇੰਨੇ ਲੋਅ-ਕੱਟ ਗਲੇ ਪਾਏ ਹੁੰਦੇ ਹਨ ਕਿ ਉਹਨਾਂ ਵਲ ਦੇਖ ਕੇ ਲੱਗਦਾ ਹੈ ਸ਼ਾਇਦ ਇਹ ਸਰਦੀ ਦਾ ਮੌਸਮ ਨਹੀਂ! ਉਹਨਾਂ ਵਿੱਚੋਂ ਕੁਝ ਲਵਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ ਤੇ ਕੁਝ ਆਸੇ-ਪਾਸੇ ਦੇ ਕਾਲਜਾਂ ਦੀਆਂ। ਆਮ ਦਿਨਾਂ ਦੇ ਉਹਨਾਂ ਦੇ ਰੂਟੀਨ ਦਾ ਪਤਾ ਨਹੀਂ, ਪਰ ਐਤਵਾਰ ਨੂੰ ਸਵੇਰੇ ਨੌ, ਸਵਾ ਨੌ ਵਜੇ ਉਹ ਮੰਦਰ ਲਈ ਜ਼ਰੂਰ ਨਿਕਲਦੀਆਂ ਹਨ।
ਇਹ ਕਾਲੋਨੀ ਭਰੀ ਪਈ ਹੈ ਪੀ.ਜੀ. ਸਟੂਡੈਂਟਸ ਨਾਲ। ਕਿਸੇ ਕੋਠੀ ’ਚ ਮੁੰਡੇ ਰਹਿੰਦੇ ਹਨ ਤੇ ਕਿਸੇ ਕੋਠੀ ’ਚ ਕੁੜੀਆਂ। ਇਹ ਵਧੀਆ ਬਿਜਨੈੱਸ ਚੱਲ ਨਿਕਲਿਆ ਹੈ। ਇੱਕ ਕਮਰੇ ’ਚ ਦੋ ਸਟੂਡੈਂਟਸ ਰੱਖੋ। ਜੇ ਤਿੰਨ ਜਾਂ ਚਾਰ ਕਮਰੇ ਹੋਣ ਤਾਂ ਸੱਤ-ਅੱਠ ਕੁੜੀਆਂ ਜਾਂ ਮੁੰਡੇ ਰੱਖਕੇ ਚਾਰ ਹਜ਼ਾਰ ਰੁਪਏ ਫੀ ਇਕ ਦੇ ਹਿਸਾਬ ਵਸੂਲੋ। ਖਰਚਾ ਕਿੰਨਾ ਕੁ ਹੋਣਾ ਹੁੰਦਾ! ਇੱਕ ਸਫਾਈ ਵਗੈਰਾ ਲਈ ਕੰਮ ਵਾਲੀ ਡੇਢ ਦੋ ਹਜ਼ਾਰ ’ਚ ਰੱਖਣੀ ਪੈਂਦੀ ਹੈ ਤੇ ਇੱਕ ਰੋਟੀ ਪਾਣੀ ਬਰਤਨ ਸਾਫ ਕਰਨ ਲਈ ਡੇਢ ਦੋ ਹਜ਼ਾਰ ’ਚ। ਬਾਕੀ ਕੁਝ ਖਾਣ-ਪੀਣ ਦਾ ਖਰਚਾ। ਦਰਮਿਆਨੀਆਂ ਜਿਹੀਆਂ ਕੋਠੀਆਂ ਵਾਲੇ ਬਹੁਤੇ ਮੱਧ ਵਰਗ ਦੀ ਵਿਚਕਾਰਲੀ ਪਰਤ ਵਾਲਿਆਂ ਘਰਾਂ ’ਚ, ਇਹ ਪੀ ਜੀ ਖੂਬ ਵਧ ਫੁੱਲ ਰਹੇ ਹਨ। ਇਸੇ ਕਰਕੇ ਹੁਣ ਇਸ ਕਾਲੋਨੀ ’ਚ ਕਿਰਾਏ ’ਤੇ ਮਕਾਨ ਲੱਭਣਾ ਔਖਾ ਹੋ ਗਿਆ ਹੈ। ਕਿਤੇ ਖਾਲੀ ਪੋਰਸ਼ਨ ਦਾ ਪਤਾ ਲੱਗੇ, ਜਾਓ ਤਾਂ ਘਰ ਦੀ ਮਾਣ-ਮੱਤੀ ਸਵਾਣੀ ਅੱਧਾ ਕੁ ਗੇਟ ਖੋਹਲ ਕੇ ਭਾਵਹੀਣ ਚਿਹਰੇ ਨਾਲ ਕਹੇਗੀ : ”ਅਸੀਂ ਤਾਂ ਸਟੂਡੈਂਟਸ ਰੱਖਦੇ ਹਾਂ ਪੀ ਜੀ ’ਤੇ’’ ਤੇ ਬੱਸ। ਦੋ ਮਹੀਨੇ ਟੱਕਰਾਂ ਮਾਰਨ ਤੋਂ ਬਾਅਦ ਇਹ ਘਰ ਲੱਭਿਆ ਸੀ। ਤਿੰਨ ਸਾਲ ਹੋ ਗਏ ਹੁਣ ਇਸ ਘਰ ’ਚ ਰਹਿੰਦਿਆਂ। ਮਕਾਨ ਮਾਲਕ ਮੀਆਂ-ਬੀਵੀ ਦੋਵੇਂ ਨੌਕਰੀ ਕਰਦੇ ਹਨ। ਨੂੰਹ-ਪੁੱਤ ਦੋਵੇਂ ਬੰਗਲੌਰ ਕਿਸੇ ਆਈ ਟੀ ਫਰਮ ’ਚ ਹਨ। ਉਨਾਂ ਨੇ ਬੜੀ ਜਾਂਚ-ਪੜਤਾਲ ਤੋਂ ਬਾਅਦ ਇਹ ਘਰ ਦਿੱਤਾ ਸੀ।
ਭਾਵਿਨੀ ਨੂੰ ਸਾਹਮਣੇ ਪਾਰਕ ਹੋਣ ਕਰਕੇ ਦੇਖਦਿਆਂ ਹੀ ਪਸੰਦ ਆ ਗਿਆ ਸੀ। ਘਰ ਮੈਨੂੰ ਵੀ ਚੰਗਾ ਲੱਗਿਆ ਸੀ। ਦੋ ਕਮਰਿਆਂ ਦਾ ਸੈੱਟ ਹੈ, ਭਾਵੇਂ ਬਹੁਤਾ ਮਾਡਰਨ ਨਹੀਂ। ਵੀਹ-ਪੰਝੀ ਸਾਲ ਪਹਿਲਾਂ ਜਿਵੇਂ ਦੇ ਮੱਧ-ਵਰਗੀ ਪਰਵਾਰਾਂ ਦੇ ਘਰ ਹੁੰਦੇ ਸਨ, ਉਹੋ ਜਿਹਾ। ਅੱਠ ਮਰਲਿਆਂ ’ਚ ਦੋ ਮੰਜਲਾ ਕੋਠੀ ਹੈ। ਹੇਠਾਂ ਮਕਾਨ-ਮਾਲਕ ਆਪ ਰਹਿੰਦੇ ਹਨ। ਸੱਜੇ ਪਾਸਿਓਂ ਨਾਲ-ਨਾਲ ਤੰਗ ਜਿਹੀ ਗੈਲਰੀ ਪਿਛੇ ਜਾਂਦੀ ਹੈ। ਉਪਰ ਨੂੰ ਪਿਛਿਓਂ ਪੌੜੀ ਚੜਦੀ ਹੈ। ਪੌੜੀ ਚੜ੍ਹ ਕੇ ਉਪਰ ਸਾਹਮਣੇ ਖੁੱਲ੍ਹੇ ਦਾ ਖੁੱਲ੍ਹਾ ਬਰਾਂਡਾ ਹੈ। ਪੌੜੀ ਦੇ ਨਾਲ ਬਾਥਰੂਮ ਹੈ, ਬਾਹਰ ਵਾਸ਼ਬੇਸਨ ਮੂੰਹ ਹੱਥ ਧੋਣ ਲਈ। ਬਰਾਂਡੇ ’ਚੋਂ ਇੱਕ ਬੂਹਾ ਡਰਾਇੰਗ ਰੂਮ ’ਚ ਖੁੱਲਦਾ ਹੈ ਤੇ ਦੂਸਰਾ ਕਿਚਨ ’ਚ। ਡਰਾਇੰਗ ਰੂਮ ਨਾਲ ਬੈੱਡਰੂਮ ਹੈ। ਬੈੱਡਰੂਮ ਸਾਹਮਣੇ ਛੋਟੀ ਜਿਹੀ ਲਾਬੀ ਜਿਹੜੀ ਇੱਕ ਦਰਵਾਜ਼ੇ ਰਾਹੀਂ ਡਰਾਇੰਗ ਰੂਮ ਨਾਲ ਵੀ ਜੁੜਦੀ ਹੈ ਤੇ ਇੱਕ ਦਰਵਾਜ਼ਾ ਬਾਹਰ ਇਸ ਬਾਲਕੋਨੀ ’ਚ ਖੁੱਲਦਾ। ਬਾਲਕੋਨੀ ਦੇ ਉੱਪਰ ਛੱਤ ਦਾ ਵਾਧਰਾ ਬਣਿਆ ਹੋਣ ਕਰਕੇ ਇੱਥੇ ਦੋ ਕੁਰਸੀਆਂ ਮੇਜ਼ ਪਏ ਰਹਿੰਦੇ ਹਨ। ਮੈਂ ਤਾਂ ਅਕਸਰ ਹੀ ਕਚਿਹਰੀ ’ਚੋਂ ਆ ਕੇ ਇੱਥੇ ਹੀ ਬਹਿੰਦਾ ਹਾਂ। ਜੇ ਨਾਲ ਕੋਈ ਦੋਸਤ/ਕੁਲੀਗ ਆ ਜਾਵੇ ਤਾਂ ਵੀ ਇੱਥੇ ਬਹਿ ਕੇ ਹੀ ਚਾਹ ਪੀਂਦੇ ਹਾਂ। ਇੱਥੇ ਪ੍ਰਾਈਵੇਸੀ ਦੀ ਪ੍ਰਾਈਵੇਸੀ ਹੈ, ਪਰ ਨਾਲ ਦੀ ਨਾਲ ਤੁਸੀਂ ਸਾਹਮਣੇ ਗਲੀ, ਪਾਰਕ ਦਾ ਨਜ਼ਾਰਾ ਵੀ ਮਾਣ ਸਕਦੇ ਹੋ। ਗਲੀ ’ਚ ਦੂਸਰੇ ਪਾਸੇ ਪਾਰਕ ਹੋਣ ਕਰਕੇ, ਬਾਲਕੋਨੀ ’ਚ ਜਿਵੇਂ ਮਰਜ਼ੀ ਬੈਠੇ ਰਹੋ। ਜੇ ਦੂਸਰੇ ਪਾਸੇ ਮੁੜ ਕੋਠੀਆਂ ਦੀ ਕਤਾਰ ਹੋਵੇ ਤਾਂ ਬਾਲਕੋਨੀ ’ਚ ਬਹਿਣ ਲੱਗਿਆਂ ਬਹੁਤ ਕੁਝ ਵਿਚਾਰਨਾ ਪੈਂਦਾ ਹੈ…ਪਰ ਇੱਥੇ ਉੱਪਰੋਂ ਜਿਵੇਂ ਮਰਜ਼ੀ ਗਲੀ ’ਚ ਝਾਕੀ ਜਾਓ। ਕਈ ਵਾਰ ਤਾਂ ਹਨੇਰਾ ਪਏ ਤੋਂ, ਉੱਪਰੋਂ ਖੜਿਆਂ ਅਜਬ ਅਜਬ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਬਾਂਹ ’ਚ ਬਾਂਹ ਪਾਈ ਮੁੰਡੇ-ਕੁੜੀਆਂ ਲੰਘਣਗੇ, ਇੱਕ ਦੂਸਰੇ ’ਚ ਗੁਆਚੇ-ਗੁਆਚੇ ਜਿਹੇ। ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉੱਪਰੋਂ ਕੋਈ ਉਹਨਾਂ ਨੂੰ ਦੇਖ ਰਿਹਾ ਹੈ। ਉਹਨਾਂ ਨੂੰ ਬੇਧਿਆਨਿਆਂ ਨੂੰ ਤਕਣਾ ਉਤੇਜਿਕ ਹੁੰਦਾ। ਇੱਕ ਜੋੜਾ ਅੱਠ ਕੁ ਵਜੇ ਦੇ ਆਸਪਾਸ ਆਉਂਦਾ ਹੈ ਗੜ੍ਹਾ ਰੋਡ ਵੱਲੋਂ। ਦੋਵੇਂ ਪੰਦਰਾਂ-ਸੋਲਾਂ ਸਾਲਾਂ ਦੇ ਆਸਪਾਸ। ਕੁੜੀ ਦੇ ਹੱਥ ’ਚ ਕਿਤਾਬਾਂ ਹੁੰਦੀਆਂ ਹਨ ਸ਼ਾਇਦ ਟਿਊਸ਼ਨ ਪੜ੍ਹ ਕੇ ਮੁੜਦੀ ਹੈ। ਮੁੰਡਾ ਉਂਜ ਹੀ। ਇੱਕ ਦੂਸਰੇ ਦੇ ਹੱਥ ’ਚ ਹੱਥ ਪਾਈ ਤੁਰੇ, ਪਰੇ ਕੋਨੇ ਕੋਲ ਗੁਲਮੋਹਰ ਦੇ ਰੁੱਖ ਹੇਠਾਂ ਜਾ ਕੇ, ਉਹ ਪਾਰਕ ਦੀ ਕੰਧ ਨਾਲ ਜਾ ਕੇ ਖੜੋ ਜਾਂਦੇ ਹਨ। ਗੁਲਮੋਹਰ ਦਾ ਸੌਰ੍ਹਾ ਹੋਣ ਕਰਕੇ, ਉੱਥੇ ਸਟਰੀਟ ਲਾਇਟ ਦੇ ਬਲਬ ਦੀ ਰੌਸ਼ਨੀ ਨਹੀਂ ਪੁੱਜਦੀ। ਆਸ-ਪਾਸ ਦੇਖ ਕੇ ਉੱਥੇ ਉਹ ਇੱਕ ਦੂਸਰੇ ਨੂੰ ਚੁੰਮਦੇ ਹਨ। ਫਿਰ ਚੌਂਕ ’ਚੋਂ ਕੁੜੀ ਖੱਬੇ ਪਾਸੇ ਦੀ ਗਲੀ ਵੱਲ ਮੁੜ ਜਾਂਦੀ ਹੈ ਤੇ ਮੁੰਡਾ ਸੱਜੇ ਪਾਸੇ ਵੱਲ। ਸਾਡੀ ਮਕਾਨ ਮਾਲਕਣ ਕਦੀ-ਕਦੀ ਕੁੜ੍ਹਦੀ ਹੈ : ”ਜਦੋਂ ਦਾ ਇੱਥੇ ਪੀ ਜੀ ’ਤੇ ਮੁੰਡੇ-ਕੁੜੀਆਂ ਰੱਖਣ ਦਾ ਰੁਝਾਨ ਵਧਿਆ ਹੈ ਨਾ, ਇੱਥੇ ਗੰਦ ਹੀ ਪੈ ਗਿਆ ਹੈ! ਸ਼ਾਮ ਨੂੰ ਪਾਰਕ ਦੇ ਬੈਚਾਂ ’ਤੇ ਇੰਜ ਇੱਕ ਦੂਸਰੇ ਨਾਲ ਫਸ ਕੇ ਬੈਠੇ ਹੋਣਗੇ ਕਿ ਹਨੀਮੂਨ ’ਤੇ ਆਏ ਜੋੜੇ ਵੀ ਨਹੀਂ ਬਹਿੰਦੇ!’’
ਕਦੀ-ਕਦੀ ਮੈਨੂੰ ਲੱਗਦਾ ਹੈ ਕਿ ਅਸੀਂ ਕਿਹੋ ਜਿਹੀ ਦੰਭੀ ਪੀੜ੍ਹੀ ਹਾਂ! ਗੱਲਾਂ ਬਾਤਾਂ, ਸਮਾਜਕ-ਵਿਹਾਰ ’ਚ ਮਰੀਆਂ ਹੋਈਆਂ ਨੈਤਿਕ-ਕਦਰਾਂ ਨੂੰ ਚੁੰਬੜੀ ਹੋਈ, ਪਰ ਅਸਲ ’ਚ ਲੋਚਦੇ ਹਾਂ ਨਵੀਂ ਚਮਕ-ਦਮਕ, ਨਵੀਂ ਤਰ੍ਹਾਂ ਦੀ ਜ਼ਿੰਦਗੀ! ਬੱਚਿਆਂ ਤੋਂ ਚੋਰੀ ਬਲਿਊ ਫਿਲਮਾਂ ਦੇਖਣੀਆਂ, ਓਹਲੇ ’ਚ ਵਿਆਹ-ਬਾਹਰੇ ਸੰਬੰਧ ਬਣਾਉਣੇ, ਬੱਚਿਆਂ ਨੂੰ ਉਹਨਾਂ ਦੀ ਪ੍ਰਤਿਭਾ ਅਨੁਸਾਰ ਵਿਕਸਤ ਕਰਨ ਦੇ ਮੌਕੇ ਦੇਣ ਦੀਆਂ ਗੱਲਾਂ ਪਰ ਅਸਲ ’ਚ ਉਹਨਾਂ ਨੂੰ ਟਿਊਸ਼ਨਾਂ, ਡਾਕਟਰ-ਇੰਜੀਨੀਅਰ ਬਣਾਉਣ ਦੀ ਅੰਨੀ ਦੌੜ ’ਚ ਝੋਕਣਾ..ਹੋਰ ਤਾਂ ਹੋਰ, ਜਿੱਥੇ ਲੋੜ ਨਹੀਂ ਹੁੰਦੀ, ਉੱਥੇ ਵੀ ਵਾਹਿਯਾਤ ਸਮਝੌਤੇ ਕਰਦੇ ਹਾਂ, ਸਿਰਫ ਸਮਾਜਕ ਪ੍ਰਤਿਸ਼ਠਾ ਖਾਤਰ!
ਸੁਖਦੇਵ ਸਿੰਘ ਬਰਾੜ ਦਾ ਧੱਕੇ ਨਾਲ ਸਰਕਾਰੀ ਥਾਂ ਮੱਲਣ ਦਾ ਸਕੈਂਡਲ ਸਾਰੇ ਸ਼ਹਿਰ ’ਚ ਚਰਚਾ ਦਾ ਵਿਸ਼ਾ ਹੈ। ਵਧ ਰਹੇ ਰਾਜਨੀਤਕ ਨਿਘਾਰ ਦੀ ਗੱਲ ਚੱਲਦੀ ਤਾਂ ਇਹ ਉਦਾਹਰਣ ਆਮ ਦਿੱਤੀ ਜਾਂਦੀ ਹੈ.. ਇਹਨਾਂ ਗੱਲਾਂ ਕਰਨ ਵਾਲਿਆਂ ’ਚੋਂ, ਮੈਂ ਵੀ ਉਹਨਾਂ ’ਚੋਂ ਇੱਕ ਹਾਂ, ਪਰ ਕਿਹੜਾ ਖੜਿਆ ਦ੍ਰਿੜ੍ਹਤਾ ਨਾਲ ਉਸ ਦੇ ਖਿਲਾਫ? ਰਾਤ ਵਾਲੀ ਪਾਰਟੀ ’ਚ ਕਿੰਨੇ ਹੀ ਵਕੀਲ ਹਾਜ਼ਰ ਸਨ। ਫਿਰ ਮੇਅਰ, ਕੌਂਸਲਰ, ਸਭ ਤਰ੍ਹਾਂ ਦੀ ਰਾਜਨੀਤਕ ਸੁਰ ਵਾਲੇ ਸ਼ਹਿਰ ਦੇ ਨਿੱਕੇ ਵੱਡੇ ਆਗੂ, ਪੁਲਸ ਅਫਸਰ, ਸਿਵਲ ਦੇ ਅਫਸਰ, ਬਿਜਨੈਸਮੈਨ…
”ਤੁਸੀਂ ਉੱਠੇ ਨਹੀਂ ਅਜੇ ਤੱਕ? ’’ ਆਦਿੱਤੀ ਦੀ ਆਵਾਜ਼ ਮੁੜ ਸੁਣੀ ਤਾਂ ਮੈਂ ਆਪਣੀ ਸੁਪਨ-ਤੰਦਰਾਂ ’ਚੋਂ ਮੁੜ ਪੈਂਦਾ ਹਾਂ। ਮੈਂ ਬਚਾ ਕਰਦਿਆਂ ਕਹਿੰਦਾ ਹਾਂ, ”ਮੈਂ ਸੋਚਿਆ ਸ਼ਾਇਦ ਤੂੰ ਨਹਾਉਣ ਲਈ ਜਾ ਰਹੀ ਹੋਵੇਂ!’’
”ਤੁਹਾਨੂੰ ਪਤਾ ਤਾਂ ਹੈ ਐਤਵਾਰ ਨੂੰ ਮੇਰਾ ਕੰਮ ਗਿਆਰਾਂ-ਬਾਰਾਂ ਤੋਂ ਪਹਿਲਾਂ ਨਹੀਂ ਮੁਕੱਦਾ। ਝਾੜ-ਪੂੰਝ, ਸਾਫ-ਸਫਾਈ ਕਰੌਣ ਤੋਂ ਪਹਿਲਾਂ, ਮੈਂ ਕਿਵੇਂ ਨਹਾ ਸਕਦੀ ਹਾਂ..? ’’ ਮਹਿੰਦੀ ਲਾ ਕੇ ਵਾਲਾਂ ਨੂੰ ਉਸ ਨੇ ’ਕੱਠੇ ਕਰਕੇ, ਉੱਪਰ ਵਲੇਟਿਆ ਹੋਇਆ ਹੈ।
”ਮੈਂ ਰਤਾ ਅਖਬਾਰ ਦੇਖ ਲਵਾਂ? ’’
”ਨਹਾ ਲਓ ਪਹਿਲਾਂ। ਕੀ ਪਤਾ ਲੱਗਦਾ ਕਦੋਂ ਬਿਜਲੀ ਚਲੀ ਜਾਵੇ? … ਫਿਰ ਮੇਰੇ ਲਈ ਗਰਮ ਪਾਣੀ ਨਹੀਂ ਬਚਣਾ।’’ ਉਸ ਦਾ ਆਪਣਾ ਤਰਕ ਹੈ। ਨਾ ਚਾਹੁੰਦਿਆਂ ਵੀ ਮੈਂ ਉੱਠ ਪੈਂਦਾ ਹਾਂ। ਭਾਵੇਂ ਸਾਢੇ ਨੌ ਹੋਣ ਵਾਲੇ ਹੋ ਗਏ ਹਨ ਪਰ ਧੁੰਦ ਘਟਣ ਦੀ ਬਜਾਏ ਸਗੋਂ ਹੋਰ ਸੰਘਣੀ ਹੁੰਦੀ ਜਾ ਰਹੀ ਹੈ। ਸਾਹਮਣੇ ਸਾਗਵਾਨ ਦੇ ਪੱਤਿਆਂ ਤੋਂ ਪਾਣੀ ਦੀਆਂ ਬੂੰਦਾਂ ਟਪਕ ਰਹੀਆਂ ਹਨ, ਜਿਨ੍ਹਾਂ ਨਾਲ ਉਹਨਾਂ ਹੇਠਲੀ ਸੜਕ ਗਿੱਲੀ ਹੋਈ ਪਈ ਹੈ। ਟਾਹਲੀ ਦੇ ਥੱਲੇ ਵੀ। ਪਾਰਕ ਦੀ ਬਾਊਂਡਰੀ ਦੇ ਨਾਲ-ਨਾਲ ਸਜਾਵਟੀ ਰੁੱਖਾਂ ਦੀ ਕਤਾਰ ਹੈ। ਸਾਰੇ ਰੁੱਖ ਪੈਂਤੀ-ਪੈਂਤੀ, ਚਾਲੀ-ਚਾਲੀ ਫੁੱਟ ਉੱਚੇ ਹਨ, ਝਾਂਟਲੇ ਜਿਹੇ। ਇੰਨੀ ਕੁ ਹੀ ਉਮਰ ਦੇ ਵੀ। ਸਿਰਫ਼ ਟਾਹਲੀ ਮੈਨੂੰ ਪੁਰਾਣੀ ਲੱਗਦੀ ਹੈ। ਉਂਜ ਉੱਚੀ ਇਹ ਵੀ ਦੂਸਰਿਆਂ ਰੁੱਖਾਂ ਜਿੰਨੀ ਹੀ ਹੈ, ਪਰ ਇਸ ਦਾ ਮੁੱਢ ਪੁਰਾਣਾ ਲੱਗਦਾ ਹੈ। ਸੱਤ-ਅੱਠ ਫੁੱਟ ਤੋਂ ਇਸ ਨੂੰ ਟੇਢ ਹੈ, ਜਿੱਥੋਂ ਦੋ ਡਾਹਣੇ ਉਤਾਂਹ ਨਿਕਲੇ ਹੋਏ ਹਨ। ਸਾਹਮਣਿਓਂ ਇੰਝ ਖੋਹੜ ਹੈ ਕਿ ਜਾਂ ਤਾਂ ਉੱਥੋਂ ਵੱਢੀ ਗਈ ਹੋਵੇਗੀ ਜਾਂ ਕਿਤੇ ਹਨੇਰੀ-ਝੱਖੜ ਨਾਲ ਟੁੱਟੀ। ਦੋਵੇਂ ਡਾਹਣੇ ਦਸ-ਦਸ ਫੁੱਟ ਦੇ ਲੱਗਭੱਗ ਅੱਗਿਓਂ ਜਾ ਕੇ ਫਿਰ ਵੱਢੇ ਹੋਏ ਹਨ ਕਿ ਉਹਨਾਂ ਦੇ ਆਸਿਓਂ-ਪਾਸਿਓਂ ਟਾਹਣੀਆਂ ਨਿਕਲਕੇ ਵਧੀਆ ਹੋਈਆਂ। ਸ਼ਾਇਦ ਇਹ ਟਾਹਲੀ ਪਹਿਲਾਂ ਦੀ ਹੋਵੇ, ਇਹ ਕਾਲੋਨੀ ਕੱਟਣ ਤੋਂ ਵੀ ਪਹਿਲਾਂ ਦੀ, ਜਦੋਂ ਇੱਥੇ ਖੇਤ ਹੁੰਦੇ ਹੋਣਗੇ! ਖੇਤਾਂ ’ਚ ਫਸਲਾਂ ਤੇ ਇਹ ਕਿਸੇ ਖੇਤ ਦੀ ਵੱਟ ਜਾਂ ਖੂੰਜੇ ਤੇ ਹੁੰਦੀ ਹੋਵੇਗੀ ਆਪਣੇ ਆਪ ਉਗੀ ਹੋਈ ਜਾਂ ਕਿਸੇ ਦੀ ਲਾਈ ਹੋਈ ਵੀ! ਬਾਕੀ ਸਾਰੇ ਸਜਾਵਟੀ ਰੁੱਖ ਤਾਂ ਪਾਰਕ ਕੱਟਣ ਤੋਂ ਬਾਅਦ ਦੇ ਹਨ, ਵੱਖ-ਵੱਖ ਕਿਸਮਾਂ ਦੇ। ਚੁਫੇਰੇ ਰੁੱਖ ਹਨ ਤੇ ਵਿਚਾਲੇ ਫੁੱਲਾਂ ਦੀਆਂ ਕਿਆਰੀਆਂ। ਕਿਤੇ ਬੱਚਿਆਂ ਲਈ ਝੂਲੇ। ਬਹਿਣ ਲਈ ਸੀਮੈਂਟਿਡ ਬੈਂਚ। ਬਾਥਰੂਮ ’ਚ ਨਹਾਉਂਦਿਆਂ ਵੀ ਮੇਰੇ ਮਨ ’ਚ ਪਾਰਕ ਹੀ ਘੁੰਮਦੀ ਰਹੀ। ਮੈਨੂੰ ਲੱਗਦਾ ਰਿਹਾ, ਕਿਤੇ ਉਹ ਜੋੜਾ ਪਾਰਕ ’ਚੋਂ ਸੈਰ ਕਰਕੇ ਮੁੜ ਨਾ ਜਾਵੇ, ਭਾਵੇਂ ਜਦੋਂ ਉਹ ਆਉਂਦੇ ਹਨ ਤਾਂ ਘੰਟਾ, ਡੇਢ ਘੰਟਾ ਬਾਊਂਡਰੀ ਦੇ ਨਾਲ-ਨਾਲ ਅੰਦਰਲੇ ਪਾਸੇ ਬਣਾਏ ਪੈਸਿਜ ’ਤੇ ਘੁੰਮਦੇ ਰਹਿੰਦੇ ਹਨ।
ਤੌਲੀਏ ਨਾਲ ਪਿੰਡਾ ਪੁੂੰਝਦਿਆਂ ਸ਼ੀਸ਼ੇ ’ਚੋਂ ਸਰੀਰ ’ਤੇ ਧਿਆਨ ਮਾਰਿਆ ਤਾਂ ਡੌਲਿਆਂ ਦੇ ਢਿੱਲਕੇ ਪੱਠਿਆਂ ਨੂੰ ਦੇਖ ਅਫਸੋਸ ਜਿਹਾ ਹੋਇਆ। ਉਮਰ ਹੁਣ ਢਲ ਪਈ ਹੈ। ਪੱਠਿਆਂ ’ਚ ਉਹ ਸਖਤੀ, ਉਹ ਲਚਕ ਨਹੀਂ ਰਹੀ। ਇਸ ਦਾ ਪਹਿਲਾ ਅਹਿਸਾਸ ਦੋ ਕੁ ਸਾਲ ਪਹਿਲਾਂ ਮੈਨੂੰ ਇੱਕ ਝਟਕੇ ਨਾਲ ਹੋਇਆ ਸੀ ਤ੍ਰਿਪਤਾ ਵਾਲੇ ਕਾਂਡ ਵੇਲੇ। ਉਦੋਂ ਅਜੇ ਅਠਤਾਲੀਵੇਂ ’ਚ ਸਾਂ…
ਤ੍ਰਿਪਤਾ ਨੂੰ ਮੇਰੇ ਇੱਕ ਜਾਣੂ ਵਕੀਲ ਨੇ ਮੇਰੇ ਕੋਲ ਭੇਜਿਆ ਸੀ। ਉਸ ਨੇ ਮੈਨੂੰ ਫੋਨ ਕਰਦਿਆਂ ਕਿਹਾ ਸੀ, ”ਮੇਰੇ ਇੱਕ ਕਲਾਇੰਟ ਦੀ ਜਾਣੂੰ ਹੈ। ਫੀਸ ਪੂਰੀ ਠੋਕ ਕੇ ਲਵੀਂ ਮੇਰੇ ਹਿੱਸੇ ਸਮੇਤ… ਉੱਤੋਂ ਕੁਝ ‘ਹੋਰ’ ਗੱਫੇ ਵੀ ਲੈ ਲਵੇਂ, ਇਹ ਤੇਰੀ ਹਿੰਮਤ!’’ ਉਸ ਨੇ ‘ਹੋਰ’ ਲਫਜ਼ ਨੂੰ ਬੜਾ ਘਰੋੜ ਕੇ ਕਿਹਾ। ਫੋਨ ਦੇ ਘੰਟੇ ਕੁ ਬਾਅਦ ਹੀ ਉਹ ਮੇਰੇ ਕੈਬਿਨ ਦੇ ਮੂਹਰੇ ਖੜੀ ਸੀ। ਸਬੱਬੀਂ ਉਸ ਵੇਲੇ ਮੈਂ ’ਕੱਲਾ ਹੀ ਕੁਰਸੀ ’ਤੇ ਬੈਠਾ ਸਾਂ। ਦੋ-ਤਿੰਨ ਕੇਸਾਂ ਦੀਆਂ ਤਰੀਕਾਂ ਸਵੇਰੇ-ਸਵੇਰੇ ਹੀ ਭੁਗਤ ਗਈਆਂ ਸਨ ਤੇ ਮੁਣਸ਼ੀ ਤਸੀਲ ’ਚੋਂ ਕੁਝ ਨਕਲਾਂ ਲੈਣ ਗਿਆ ਹੋਇਆ ਸੀ। ਮੈਂ ਸੋਚ ਰਿਹਾ ਸਾਂ ਕਿ ਚਾਹ ’ਕੱਲਾ ਹੀ ਪੀਵਾਂ ਜਾ ਕਿਸੇ ਕੋਲ ਜਾ ਬੈਠਾਂ ਕਿ ਇੱਕ ਅਠਾਈਆਂ ਤੀਹਾਂ ਦੇ ਆਸਪਾਸ ਬਣੀ-ਫੱਬੀ ਔਰਤ ਨੇ ਆ ਕੇ ਪੁੱਛਿਆ, ”ਐਡਵੋਕੇਟ ਪਰੇਸ਼ ਸ਼ਰਮਾ ਜੀ ਨੂੰ ਮਿਲਣਾ? ’’ ਉਂਜ ਉਸਨੇ ਕੈਬਿਨ ਮੂਹਰੇ ਬੋਰਡ ਤਾਂ ਪੜ੍ਹ ਲਿਆ ਸੀ, ਪਰ ਸ਼ਾਇਦ ਫਿਰ ਵੀ ਤਸਦੀਕ ਕਰਨਾ ਚਾਹੁੰਦੀ ਹੋਵੇ ਕਿ ਮੈਂ ਹੀ ਹਾਂ। ਮੇਰੇ ‘ਹਾਂ’ ਕਹਿਣ ’ਤੇ ਉਸ ਨੇ ਅੱਗੇ ਕਿਹਾ, ”ਸ਼ਾਇਦ ਤੁਹਾਨੂੰ ਐਡਵੋਕੇਟ ਸ਼ਰਨਜੀਤ ਸਿੱਧੂ ਹੁਰਾਂ ਨੇ ਫੋਨ ਕੀਤਾ ਹੋਵੇ! ਮੈਂ ਤ੍ਰਿਪਤਾ ਹਾਂ।’’
”ਹਾਂ, ਹਾਂ…ਆਓ, ਬੈਠੋ! ਹੁਣੇ ਕੁਝ ਦੇਰ ਪਹਿਲਾਂ ਹੀ ਗੱਲ ਹੋਈ ਹੈ।’’ ਮੈਂ ਉਸ ਨੂੰ ਸਾਹਮਣੇ ਕੁਰਸੀ ਵੱਲ ਇਸ਼ਾਰਾ ਕੀਤਾ। ਕੁਰਸੀ ’ਤੇ ਬਹਿੰਦਿਆਂ ਹੀ ਉਸ ਨੇ ਆਪਣੇ ਪਰਵਾਰਕ ਝਗੜੇ ਦੀ ਰਾਮ-ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਪੰਦਰਾਂ-ਵੀਹ ਮਿੰਟਾਂ ’ਚ ਆਪਣੀ ਗੱਲ ਮੁਕਾ ਹਟੀ ਤਾਂ ਮੈਂ ਉਸ ਨੂੰ ਓਪਰੇ-ਮਨੋ ਇੱਕ ਸਮਝਾਉਣੀ ਦਿੱਤੀ, ”ਜੇ ਤੁਹਾਡਾ ਪੈਚਅੱਪ ਹੋ ਸਕਦਾ ਹੈ ਤਾਂ ਅਜੇ ਵੀ ਦੇਖ ਲਓ, ਤ੍ਰਿਪਤਾ ਜੀ। ਅਦਾਲਤਾਂ ’ਚ ਤਲਾਕ ਦੇ ਕੇਸ ਤਾਂ ਦਸ-ਦਸ ਸਾਲ ਕਿਸੇ ਪਾਸੇ ਨਹੀਂ ਲੱਗਦੇ… ਐਵੇਂ ਜ਼ਿੰਦਗੀ ਰੋਲਣ ਵਾਲੀ ਗੱਲ ਹੁੰਦੀ ਐ ਇਹਨਾਂ ’ਚ ਉਲਝਣਾ।’’
”ਤਲਾਕ ਦਾ ਕੇਸ ਪਾਓ ਤੁਸੀਂ… ਉਸ ਨਾਮਰਦ ਬੰਦੇ ਨਾਲ ਤਾਂ ਮੈਂ ਹੁਣ ਇੱਕ ਪਲ ਵੀ ਨਹੀਂ ਰਹਿ ਸਕਦੀ! ਜਿਹੜੇ ਪੰਜ-ਛੇ ਸਾਲ ਪਹਿਲਾਂ ਰੋਲ ਲਏ, ਸਗੋਂ ਉਹਨਾਂ ਦਾ ਹੀ ਹੁਣ ਪਛਤਾਵਾ ਹੋ ਰਿਹਾ… ਜਦੋਂ ਪਤਾ ਸੀ ਬੰਦੇ ਦੇ ਪੱਲੇ ਕੁਝ ਨਹੀਂ, ਕਿਉਂ ਉਸ ਦੀਆਂ ਵਧੀਕੀਆਂ ਸਹਿੰਦੀ ਰਹੀ!’’
”ਜੇ ਕੋਈ ਫਿਜੀਕਲ ਸਮੱਸਿਆ ਹੈ ਤਾਂ ਤੁਸੀਂ ਡਾਕਟਰ ਨਾਲ ਕੰਸਲਟ ਕਰ ਲਓ।’’
”ਫਿਜੀਕਲ ਹੀ ਨਹੀਂ ਮਾਨਸਿਕ ਵੀ ਹੈ! ਉਸ ਨੂੰ ਲੱਗਦਾ ਹੀ ਨਹੀਂ ਕਿ ਉਸ ’ਚ ਕੋਈ ਕਮਜ਼ੋਰੀ ਹੈ, ਸਗੋਂ ਉਲਟਾ ਮੈਨੂੰ ਗਸ਼ਤੀ ਦੱਸਦਾ : ‘ਵਿਆਹ ਤੋਂ ਪਹਿਲਾਂ ਪਤਾ ਨਹੀਂ ਕੀਹਦੇ-ਕੀਹਦੇ ਨਾਲ ਧੱਕੇ ਖਾਂਦੀ ਫਿਰਦੀ ਰਹੀ ਹੋਵੇਂਗੀ ਤਾਂ ਹੀ ਸਬਰ ਨਹੀਂ ਆਉਂਦਾ!’ ਹੁੰਦਾ-ਹਵਾਂਦਾ ਆਪਣੇ ਤੋਂ ਕੁਝ ਨਹੀਂ ਤੇ ਦੂਸ਼ਣ ਮੇਰੇ ’ਤੇ ਲਾਈ ਜਾਊ-’’ ਉਸ ਦੀ ਬਿਨਾਂ ਝਿਜਕ ਗੱਲਬਾਤ ਮੈਨੂੰ ਉਕਸਾਉਂਦੀ ਲੱਗੀ। ਸ਼ਾਇਦ ਉਸ ਦੇ ਇਸ ਅੰਦਾਜ ਦਾ ਹੀ ਭੁਲੇਖਾ ਖਾ ਬੈਠਾ ਸਾਂ ਜਾਂ ਬਹੁਤ ਵਾਰ ਉਸ ਦੇ ’ਕੱਲੀ ਤੁਰਨ-ਫਿਰਨ, ਬੇਬਾਕ ਗੱਲਬਾਤ ਦਾ, ਕਿ ਇੱਕ ਵਾਰ ਆਈ ਨੂੰ ਮੈਂ ਮੌਕਾ ਦੇਖ ਕੇ ਕਿਹਾ, ”ਤ੍ਰਿਪਤਾ ਜੀ, ਛੁੱਟੀਆਂ ਆ ਰਹੀਆਂ ਐ। ਚਲੋਂ ਕਿਤੇ ਘੁੰਮ-ਫਿਰ ਆਈਏ।’’
ਕੇਸ ਕਰਨ ਤੋਂ ਲੈ ਕੇ ਵਿਚਾਲੇ ਦੇ ਮੇਲ-ਜੋਲ ’ਚ, ਮੈਨੂੰ ਉਸ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਰਿਹਾ ਸੀ ਮਸਲਨ ਉਹ ਇੱਥੇ ਸ਼ਹਿਰ ਦੇ ਨੇੜੇ ਇੱਕ ਪਿੰਡ ’ਚ ਸਕੂਲ ਅਧਿਆਪਕਾ ਹੈ ਪਰ ਰਹਿੰਦੀ ਸ਼ਹਿਰ ’ਚ ਕਿਰਾਏ ਦਾ ਮਕਾਨ ਲੈ ਕੇ ’ਕੱਲੀ ਹੀ ਹੈ। ਉਸ ਦੀ ਵੱਡੀ ਭੈਣ ਅਮਰੀਕਾ ’ਚ ਰਹਿੰਦੀ ਹੈ ਤੇ ਉਸ ਨੇ ਮਾਂ-ਬਾਪ ਨੂੰ ਵੀ ਉਥੇ ਸੱਦ ਲਿਆ ਹੋਇਆ। ਉਹ ਵੀ ਦੋ ਚਾਰ ਮਹੀਨਿਆਂ ਲਈ ਉੱਥੇ ਘੁੰਮ ਆਈ ਹੈ, ਪਰ ਉਸ ਦਾ ਬਾਹਰ ਜਾ ਕੇ ਵਸਣ ਦਾ ਕੋਈ ਇਰਾਦਾ ਨਹੀਂ। ਸਕੂਲ ਦੇ ਹੀ ਇੱਕ ਕੁਲੀਗ ਨਾਲ ਉਸ ਦਾ ਅਫੇਅਰ ਵੀ ਚੱਲ ਰਿਹਾ ਹੈ ਪਰ ਬੱਚੀ ਕਰਕੇ ਉਹ ਦੂਸਰਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ… ”ਜਿੰਨਾ ਚਿਰ ਇਹ ਚੱਲਦਾ ਹੈ, ਇਹ…ਫਿਰ ਕੋਈ ਹੋਰ ਸਹੀ।’’ ਉਸ ਨੇ ਮਜ਼ਾਕ ਦੇ ਲਹਿਜ਼ੇ ’ਚ ਕਿਹਾ ਤਾਂ ਮੈਂ ਇਸ ਦੇ ਪਿਛੋਕੜ ’ਚੋਂ ਹੋਰ ਹੀ ਅਰਥ ਗ੍ਰਹਿਣ ਕਰ ਗਿਆ ਸਾਂ।
”ਆਪਣੀ ਬੀਵੀ ਨੂੰ ਕੀ ਕਹੋਗੇ?’’ ਉਸ ਨੇ ਸਿੱਧਾ ਮੇਰੀਆਂ ਅੱਖਾਂ ’ਚ ਝਾਕਿਆ।
”ਕੋਈ ਵੀ ਬਹਾਨਾ ਬਣਾ ਲਵਾਂਗਾ… ਇਹਦਾ ਕੀ ਹੈ।’’ ਮੈਂ ਖੁਸ਼ੀ ਨਾਲ ਮਚਲ ਉਠਿਆ ਸਾਂ।
”ਵਕੀਲ ਸਾਹਬ!’’ ਉਹ ਲਫਜ਼ਾਂ ’ਤੇ ਜ਼ੋਰ ਦਿੰਦਿਆਂ ਇੱਕ ਪਲ ਰੁੱਕੀ, ਫਿਰ ਸਿੱਧਾ ਮੇਰੀਆਂ ਅੱਖਾਂ ’ਚ ਝਾਕਦਿਆਂ ਕਿਹਾ, ”ਤੁਹਾਡੇ ਕੋਲ ਤਲਾਕ ਦਾ ਕੇਸ ਲੜਨ ਆਈ ਹਾਂ, ਬੈੱਡ ਦਾ ਸਾਥੀ ਢੂੰਡਣ ਨਹੀਂ…ਨਾਲੇ ਜੇ ਮੈਂ ਇਹ ਢੂੰਡਣਾ ਹੋਇਆ ਤਾਂ ਆਪਣੇ ਹਾਣ ਦਾ ਢੂੰਡਾਂਗੀ, ਜਿਹੜਾ ਮੇਰੇ ਸਰੀਰ ਨੂੰ ਵੀ ਤ੍ਰਿਪਤੀ ਦੇ ਸਕੇ ਤੇ ਮੇਰੇ ਮਨ ਨੂੰ ਵੀ…ਤੁਹਾਡੇ ਵਰਗੇ ਅਧਖੜ ਨਾਲ ਹੀ ਜੇ ਸੌਣਾ ਸੀ ਤਾਂ ਫਿਰ ਘਰਵਾਲਾ ਕੀ ਮਾੜਾ ਸੀ…? …ਸ਼ੀਸ਼ੇ ’ਚੋਂ ਆਪਣੇ ਡਾਈ ਕੀਤੇ ਵਾਲ ਹੀ ਨਾ ਦੇਖਿਆ ਕਰੋ, ਆਪਣੀਆਂ ਢਿਲਕੀਆਂ ਗੱਲਾਂ ਵੀ ਦੇਖ ਲਿਆ ਕਰੋ!’’ ਮੈਨੂੰ ਬਰਫ ’ਚ ਲਾ ਦਿੱਤਾ ਸੀ ਉਸ ਨੇ। ਮੁੜ ਮੈਂ ਕਦੀ ਅੱਖ ਉੱਚੀ ਕਰਕੇ, ਉਸ ਨਾਲ ਗੱਲ ਨਾ ਕਰ ਸਕਿਆ।…
ਬਾਥਰੂਮ ’ਚੋਂ ਨਿਕਲਿਆ ਤਾਂ ਕੰਮ ਵਾਲੀ ਪੋਚੇ ਲਾ ਰਹੀ ਸੀ। ਗਿੱਲੇ ਵਾਲਾਂ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਝਾੜ ਕੇ ਮੈਂ ਮੁੜ ਉੱਪਰ ਗਾਊਨ ਪਾ ਲਿਆ ਤੇ ਅਖਬਾਰ ਫੜ ਬਾਹਰ ਬਾਲਕੋਨੀ ’ਚ ਆ ਬੈਠਾ। ਜੇ ਕੰਮ ਵਾਲੀ ਪੋਚੇ ਨਾ ਲਾ ਰਹੀ ਹੁੰਦੀ ਤਾਂ ਆਦਿੱਤੀ ਨੇ ਬਾਹਰ ਬੈਠਣ ਤੋਂ ਮੁੜ ਟੋਕਣਾ ਸੀ, ”ਆਪਣੇ ਆਪ ਨੂੰ ਐਵੇਂ ਨਾ ਬਹੁਤੇ ਜਵਾਨ ਸਮਝੀ ਜਾਇਆ ਕਰੋ। ਠੰਢ ਲੱਗ ਗਈ ਤਾਂ ਦਸ ਦਿਨ ਛਿੱਕਾਂ ਮਾਰੀ ਜਾਓਗੇ।’’ ਪਰ ਸਫਾਈ ਹੋ ਰਹੀ ਹੋਣ ਕਰਕੇ ਉਸ ਨੇ ਟੋਕਿਆ ਨਾ। ਬਾਹਰ ਆਉਂਦਿਆਂ ਹੀ ਸਭ ਤੋਂ ਪਹਿਲਾਂ ਪਾਰਕ ’ਚ ਦੇਖਿਆ। ਉਹ ਜੋੜਾ ਅਜੇ ਵੀ ਨਹੀਂ ਸੀ ਆਇਆ।
ਮੈਂ ਉਸ ਕੁੜੀ ਨੂੰ ਕਈ ਵਾਰ ਸ਼ਾਮ ਨੂੰ ਵੀ ਦੇਖਿਆ ਹੈ, ਪੂਰੀ ਤਰ੍ਹਾਂ ਬਣੀ-ਸੰਵਰੀ ਨੂੰ। ਪਰ ਪਤਾ ਨਹੀਂ ਕਿਉਂ, ਮੈਨੂੰ ਉਹ ਸਵੇਰ ਵੇਲੇ ਸੈਰ ਕਰਦੀ ਹੋਈ ਵਧ ਆਕਰਸ਼ਕ ਲੱਗਦੀ ਹੈ। ਅਣਸੰਵਾਰੇ ਵਾਲ, ਰਾਤ ਵਾਲੇ ਵੱਟੋ-ਵੱਟ ਕਪੜਿਆਂ ’ਚ ਥਿਰਕਦੇ ਅੰਗ, ਕਰਵਜ਼। ਪਾਰਕ ’ਚ ਦੋ ਬੁੱਢਿਆਂ ਤੋਂ ਬਿਨਾਂ ਹੋਰ ਕੋਈ ਘੁੰਮਦਾ ਹੋਇਆ ਨਹੀਂ ਦਿੱਸਦਾ। ਦੋ ਕੁੜੀਆਂ ਚੜ੍ਹਦੀ ਵਲ ਦੇ ਚੌਕ ’ਚੋਂ ਮੋੜ ਮੁੜਕੇ ਇਸ ਗਲੀ ’ਤੇ ਪਈਆਂ ਹਨ। ਦੋਹਾਂ ਨੇ ਹੱਥ ਅਗਾਂਹ ਕਰਕੇ, ਇੰਜ ਬੁੱਕ ਜਿਹਾ ਬਣਾ ਜੋੜੇ ਹੋਏ ਹਨ ਕਿ ਲੱਗਦਾ ਹੈ ਮੰਦਰ ’ਚੋਂ ਆਈਆਂ ਹਨ ਮੱਥਾ ਟੇਕ ਕੇ। ਹੱਥਾਂ ’ਚ ਪ੍ਰਸ਼ਾਦ ਹੋਵੇਗਾ! ਐਤਵਾਰ ਨੂੰ ਸਵੇਰੇ-ਸਵੇਰੇ ਮੰਦਰ ’ਚ ਬਹੁਤ ਭੀੜ ਹੁੰਦੀ ਹੈ ਮੁੰਡੇ-ਕੁੜੀਆਂ ਦੀ। ਭੀੜ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ ਜਿਵੇਂ ਇਸ ਪੀੜ੍ਹੀ ’ਚ ਸਚਮੁੱਚ ਹੀ ਬਹੁਤ ਸ਼ਰਧਾ ਭਾਵ ਉਮੜ ਆਇਆ ਹੋਵੇ! ਪਰ ਸਤਹਿ ਦੇ ਹੇਠਾਂ ਕੁਝ ਹੋਰ ਹੀ ਉੱਬਲ ਰਿਹਾ ਹੈ। ਮੰਦਰ ਨਾਲ ਐੱਸ ਟੀ ਡੀ ਵਾਲਾ ਇਸ਼ਾਂਤ ਉਸ ਦਿਨ ਦਸ ਰਿਹਾ ਸੀ : ”ਇਹ ਸ਼ਰਧਾ ਨਹੀਂ, ਇਹ ਤਾਂ ਅੱਖਾਂ ਸੇਕਣ ਦਾ ਅੱਡਾ ਹੈ। ਰਾਤ ਨੂੰ ਅੱਧੀ-ਅੱਧੀ ਰਾਤ ਤੱਕ ਮੋਬਾਇਲਾਂ ’ਤੇ ਠਰਕ ਭੋਰੀ ਜਾਣਗੇ…ਇੱਕ ਦੂਜੇ ਨੂੰ ਬਲਿਊ ਫਿਲਮਾਂ ਦੇ ਐੱਮ ਐੱਮ ਐੱਸ ਭੇਜਣਗੇ…ਉਠਦਿਆਂ ਇੱਕ-ਦੂਸਰੇ ਨੂੰ ਤੱਕਣ ਦੀ ਲਲਕ… ਸਵੇਰੇ-ਸਵੇਰੇ ਮੰਦਰ, ਫਿਰ ਮਾਰਕਿਟ ਤੇ ਸ਼ਾਮ ਨੂੰ ਰੈਸਟੋਰੈਂਟ, ਕਾਫ਼ੀ ਹਾਊਸ, ਡਿਨਰ ਪਾਰਟੀਆਂ… ਬੈੱਡ ਦੀ ਸਾਂਝ ਇਸ ਪੀੜ੍ਹੀ ਲਈ ਰੋਟੀ ਖਾਣ, ਪਾਣੀ ਪੀਣ ਵਾਂਗ ਹੀ ਰੂਟੀਨ ਹੈ, ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ।
ਗਲੀ-ਗਲੀ ਸਬਜ਼ੀ ਦੀ ਰੇੜੀ ਵਾਲਾ ਲੰਘਿਆ ਹੈ ਹੋਕਾ ਦਿੰਦਾ ਹੋਇਆ। ਸਬਜ਼ੀਆਂ ਦੇ ਨਾਵਾਂ ਦਾ ਹਿੰਦੀਨੁਮਾ ਉਚਾਰਣ, ਉਸ ਦੇ ਯੂ ਪੀ ਜਾਂ ਬਿਹਾਰ ਦਾ ਭਈਆ ਹੋਣ ਦੀ ਦੱਸ ਪਾਉਂਦਾ ਹੈ। ਸਵੇਰੇ-ਸਵੇਰੇ ਇਹ ਭਈਏ ਬਹੁਤ ਸਾਰੇ ਛੋਟੇ-ਮੋਟੇ ਕੰਮਾਂ ਲਈ ਸਾਈਕਲਾਂ ’ਤੇ ਫੇਰੀ ਲਾਉਂਦੇ ਦਿਸ ਜਾਣਗੇ। ਰੱਦੀ ਖਰੀਦਣ ਵਾਲੇ, ਮੰਜੇ ਬੁਣਨ ਵਾਲੇ, ਗੈਸ ਚੁੱਲਿ੍ਹਆਂ ਦੀ ਰਿਪੇਅਰ, ਛੋਟੇ-ਮੋਟੇ ਪਲੰਬਰ ਦੇ ਕੰਮ … ਕਦੀ-ਕਦੀ ਤਾਂ ਇੰਜ ਲੱਗਦਾ ਹੈ ਪੰਜਾਬੀਆਂ ਨੇ ਮਜ਼ਦੂਰੀ ਕਰਨੀ ਜਿਵੇਂ ਬੰਦ ਕਰ ਦਿੱਤੀ ਹੋਵੇ। ਛੋਟੇ-ਮੋਟੇ ਹਰ ਕੰਮ ਲਈ ਹਰ ਵੇਲੇ ਭਈਏ ਹਾਜ਼ਰ… ਕੰਮ ਵੀ ਪੂਰੀ ਇਮਾਨਦਾਰੀ ਨਾਲ ਕਰਨਗੇ, ਨਿਮਰਤਾ ਨਾਲ ਵੀ। ਸਾਹਮਣੇ ਮੇਜ਼ ’ਤੇ ਪਈ ਅਖਬਾਰ, ਗਲੀ ਦਾ ਦ੍ਰਿਸ਼, ਪਾਰਕ ’ਚ ਘੁੰਮਦੇ ਹੋਏ ਦੋ ਬੁੱਢੇ, ਧੁੰਦ ’ਚ ਧੁੰਦਲਾ-ਧੁੰਦਲਾ ਹੋਇਆ ਸਭ ਕੁਝ। ਸਮਾਂ ਲੰਘੀ ਜਾ ਰਿਹਾ ਹੈ, ਪਰ ਉਹ ਜੋੜਾ ਪਤਾ ਨਹੀਂ ਕਿਉਂ ਨਹੀਂ ਆ ਰਿਹਾ!
”ਕੱਲ੍ਹ ਸ਼ਾਮੀਂ ਇੱਥੇ ਬੜਾ ਡਰਾਮਾ ਹੋਇਆ।’’ ਟਰੇਅ ’ਚ ਚਾਹ ਦੇ ਕੱਪ ਰੱਖੀ ਆਉਂਦੀ ਆਦਿੱਤੀ ਦੱਸਦੀ ਹੈ।
”ਕਾਹਦਾ?’’
”ਉਹ, ਆਹ ਪਾਰਕ ’ਚ ਨਵ-ਵਿਆਹਿਆ ਜੋੜਾ ਘੁੰਮਦਾ ਹੁੰਦਾ ਸੀ ਨਾ!’’ ਆਦਿੱਤੀ ਰਸ ਲੈ-ਲੈ ਕੇ ਦੱਸਣ ਲੱਗੀ, ”ਉਹ ਵਿਆਹੇ ਹੋਏ ਨਹੀਂ ਸੀ…ਬਸ ਉਵੇਂ ਹੀ ਰਹੀ ਜਾਂਦੇ ਸਨ।’’
”ਹੈਂ!’’ ਮੈਂ ਅਚੰਭਿਤ ਹੋਇਆ ਪਰ ਫਿਰ ਹੈਰਾਨੀ ’ਤੇ ਕਿੱਤੇ ਦੀ ਮੁਹਾਰਤ ਹਾਵੀ ਹੋਣ ਲੱਗੀ, ”ਤਾਂ ਕੀ ਹੈ! ਦੋਵੇਂ ਬਾਲਗ ਤਾਂ ਹਨ।’’
”ਬਾਲਗ ਤਾਂ ਹਨ! ਪਰ ਕੋਈ ਮਰਿਆਦਾ ਵੀ ਹੁੰਦੀ ਹੈ।’’ ਬੀਵੀ ਦੇ ਬੋਲਾਂ ’ਚੋਂ ਲੱਗਦਾ ਸੀ ਕਿ ਜੋ ਕੁਝ ਹੋਇਆ, ਉਸ ’ਚੋਂ ਉਸ ਨੂੰ ਮਜ਼ਾ ਆਇਆ ਸੀ। ਮੈਨੂੰ ਜਾਨਣ ਦੀ ਉਤਸੁਕਤਾ ਵਧ ਸੀ, ”ਪਰ ਹੋਇਆ ਕੀ?’’
”ਕੁੜੀ ਦੇ ਘਰ ਦੇ ਪੁਲਸ ਲੈ ਕੇ ਆਏ ਸੀ… ਕੁੜੀ ਨੂੰ ਤਾਂ ਉਹ ਲੈ ਗਏ ਆਪਣੇ ਨਾਲ ਤੇ ਮੁੰਡੇ ਨੂੰ ਪੁਲਸ ਵਾਲੇ,’’ ਉਹ ਕੁਝ ਰੁਕ ਕੇ ਫਿਰ ਦੱਸਣ ਲੱਗੀ, ”ਕੋਈ ਕੀ ਕਿਸੇ ’ਤੇ ਯਕੀਨ ਕਰੇ! ਲੱਗਦਾ ਹੀ ਨਹੀਂ ਸੀ ਕਿ ਉਹ ਵਿਆਹੀ ਹੋਈ ਨਹੀਂ ਸੀ। ਇੰਝ ਸ਼ਾਮ ਨੂੰ ਹਾਰ-ਸ਼ਿੰਗਾਰ ਕਰ, ਚੂੜਾ ਪਾ ਤਿਆਰ ਹੋ ਕੇ ਨਿਕਲਦੀ ਸੀ।’’ ਉਸ ਨੂੰ ਭੋਰਾ ਮਲਾਲ ਨਹੀਂ ਕਿ ਉਹ ਫੜੇ ਗਏ, ਉਹਨਾਂ ਨਾਲ ਕੀ ਬੀਤੀ ਹੋਵੇਗੀ? ਮੇਰੇ ਮਨ ’ਚ ਕਈ ਕਾਨੂੰਨੀ ਧਾਰਾਵਾਂ ਆ ਰਹੀਆਂ ਹਨ ਕਿ ਪੁਲਸ ਉਨ੍ਹਾਂ ਨੂੰ ਫੜ ਕਿਵੇਂ ਸਕਦੀ ਹੈ? ਦੋਵੇਂ ’ਕੱਠੇ ਰਹਿਣਾ ਚਾਹੁੰਦੇ ਹਨ, ਇਹ ਉਹਨਾਂ ਦੀ ਆਜ਼ਾਦੀ ਹੈ। ਹੁਣ ਤਾਂ ਲਿਵ-ਇੰਨ-ਰਿਲੇਸ਼ਨਸ਼ਿਪ ਨੂੰ ਕਾਨੂੰਨੀ ਮਾਨਤਾ ਵੀ ਹੈ। ਪਰ ਕਾਨੂੰਨ?… ਇਹ ਸਵਾਲ ਤਾਂ ਰਾਤੀਂ ਵੀ ਮੇਰੇ ਮਨ ’ਚ ਘੁੰਮਦਾ ਰਿਹਾ ਸੀ…
ਸ਼ਰੇਆਮ ਦੋ ਸਰਕਾਰੀ ਕੰਪਲੈਕਸਾਂ ਦੇ ਵਿਚਾਲੇ, ਇੱਕ ਸ਼ਾਪਿੰਗ ਮਾਲ ਸਰਕਾਰੀ ਥਾਂ ’ਤੇ ਕਬਜ਼ਾ ਕਰਕੇ ਉਸਰਦਾ ਰਹਿੰਦਾ ਹੈ, ਪਰ ਕੀ ਕਰ ਸਕਿਆ ਕਾਨੂੰਨ? ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕੇਸ ਤਾਂ ਅਜੇ ਵੀ ਚਲ ਰਿਹਾ ਹੈ, ਪਰ ਕੀ ਭਵਿੱਖ ਹੋਵੇਗਾ ਉਸ ਦਾ? ਉਂਜ ਸੰਜੀਦਗੀ ਨਾਲ ਸੋਚਿਆ ਜਾਵੇ ਤਾਂ ਭਵਿੱਖ ਹੋ ਵੀ ਕੀ ਸਕਦਾ? ਕੌਣ ਹਨ ਜਿਹੜੇ ਅਜਿਹੇ ਸਰਕਾਰੀ ਥਾਵਾਂ ਦੀ ਦਸ ਲੈਂਡ- ਮਾਫੀਆ ਨੂੰ ਪਾਉਂਦੇ ਹਨ! ਨਿਸ਼ਚੇ ਹੀ ਪਟਵਾਰੀ, ਗਰਦਾਵਰ, ਤਹਿਸੀਲਦਾਰ ਜਾਂ ਮਾਲ ਵਿਭਾਗ ਦੇ ਹੋਰ ਕਰਮਚਾਰੀ। ਫਿਰ ਪੁਲਸ ਕਿਉਂ ਕੋਈ ਕਾਰਵਾਈ ਨਹੀਂ ਕਰਦੀ? ਤੇ ਕਿਵੇਂ ਅਸੀਂ ਲੋਕ ਕਾਨੂੰਨ ਦੀਆਂ ਚੋਰ-ਮੋਰੀਆਂ ਲੱਭ-ਲੱਭ ਕੇ ਉਸ ਨੂੰ ਹਰ ਮੋੜ ’ਤੇ ਰਾਹਤ ਦੁਆਉਂਦੇ ਰਹੇ ਹਾਂ। ਪਤਾ ਸਾਨੂੰ ਵੀ ਹੁੰਦਾ ਹੈ ਕੀ ਗਲਤ ਹੈ, ਕੀ ਠੀਕ, ਪਰ ਆੜ ‘ਨਿਆਂ’ ਦੀ ਲਈ ਜਾਂਦੀ ਹੈ! ਕੀ ਨਿਆਂ ਸਿਰਫ਼ ਕੁਝ ਲਿਖਤ ਧਾਰਾਵਾਂ ਹੀ ਹੁੰਦੀਆਂ ਹਨ? ਉਸ ਦਾ ਕੋਈ ਸਮਾਜਕ ਅਸਤਿਤਵ ਨਹੀਂ ਹੁੰਦਾ? ਫਿਰ ਇੱਕ ਗੈਰ-ਕਾਨੂੰਨੀ ਕੰਮ ਕਰਨ ਵਾਲਾ ਜਦੋਂ ਸਮਾਜਕ ਤੌਰ ’ਤੇ ਤ੍ਰਿਸਕਾਰਿਆ ਜਾਣਾ ਚਾਹੀਦਾ ਹੈ, ਉਹ ਪੰਜ ਚਾਰ ਲੱਖ ਰੁਪਏ ਡਿਨਰ ਪਾਰਟੀ ’ਤੇ ਖਰਚ ਕਰਕੇ ਕਿਵੇਂ ਸਮਾਜਕ ਸ਼ਾਨ ਖਰੀਦ ਲੈਂਦਾ ਹੈ। ਤੇ ਸੁਹਿਰਦਤਾ, ਈਮਾਨਦਾਰੀ, ਲਗਨ…ਅਜਿਹੇ ਤਗਮੇ ਫਾਲਤੂ ਬਣ ਕੇ ਰਹਿ ਗਏ ਹਨ ਜਿਨ੍ਹਾਂ ਦੀ ਅਸਲ ’ਚ ਕੋਈ ਸਮਾਜੀ ਅਹਿਮੀਅਤ ਨਹੀਂ ਰਹਿ ਗਈ। ਜਿਵੇਂ ਮਰਜ਼ੀ ਹਿੱਕ ’ਤੇ ਸਜ਼ਾ ਕੇ ਤੁਰੇ ਫਿਰੋ, ਕੋਈ ਖਰੀਦਦਾਰ ਨਹੀਂ, ਕੋਈ ਸਲੂਟ ਕਰਨ ਵਾਲਾ ਨਹੀਂ। ਐਡਵੋਕੇਟ ਚੌਧਰੀ ਦੀਆਂ ਗੱਲਾਂ ਕਦੀ-ਕਦੀ ਤਾਂ ਸੱਚੀਆਂ ਲੱਗਦੀਆਂ ਹਨ : ”ਅਧੋਰਾਣੇ ਸਕੂਟਰ ’ਤੇ ਭਾਵੇਂ ਜਿੰਨਾ ਮਰਜ਼ੀ ਈਮਾਨਦਾਰ, ਵਿਦਵਾਨ ਬੰਦਾ ਜਾਂਦਾ ਹੋਵੇ, ਪੁਲਸ ਵਾਲੇ ਰੋਕਣ ਲਗੇ ਕੁਨੱਖਾ ਜਿਹਾ ਝਾਕ ਕੇ ਨਾਲ ਕੋਈ ਨਾ ਕੋਈ ਗਾਲ ਵੀ ਜ਼ਰੂਰ ਕੱਢਣਗੇ…ਪਰ ਕਿਸੇ ਲਗਜ਼ਰੀ ਗੱਡੀ ’ਚ, ਉਹਨਾਂ ਨੂੰ ਭਾਵੇਂ ਪਤਾ ਵੀ ਹੋਵੇ, ਸਮੱਗਲਰ ਜਾ ਰਿਹਾ ਜਾਂ ਕਿਸੇ ਮਾਫੀਆ ਗੈਂਗ ਦਾ ਸਰਗਣਾ, ਪਰ ਉਸ ਵੱਲ ਝਾਕਣਗੇ ਵੀ ਨਹੀਂ… ਜੇ ਫਸੀ ਨੂੰ ਰੋਕਣਾ ਪੈ ਜਾਵੇ ਤਾਂ ‘ਜੀ’ ਤੋਂ ਅਗਾਂਹ ਜ਼ਬਾਨ ਥਿੜਕਣ ਲੱਗਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਉਹ ਕਿਸੇ ਨਾ ਕਿਸੇ ਨੇਤਾ, ਮੰਤਰੀ ਜਾਂ ਅਧਿਕਾਰੀ ਦਾ ਬੰਦਾ ਜਾਂ ਫਿਰ ਉਸ ਦੇ ਕਿਸੇ ਬੰਦੇ ਦਾ ਬੰਦਾ ਤਾਂ ਜ਼ਰੂਰ ਹੀ ਹੋਵੇਗਾ, ਕਿ ਅਜਿਹੇ ਕੰਮ ਸੱਤਾ ਨਾਲ ਸਾਂਝ ਤੋਂ ਬਿਨਾਂ ਹੁੰਦੇ ਨਹੀਂ…।’’
”ਤੁਸੀਂ ਕਿਥੇ ਗੁਆਚ ਗਏ?’’ ਮੈਨੂੰ ਚੁਪ ਦੇਖ ਕੇ ਪਤਨੀ ਨੇ ਚੁੱਪ ਤੋੜੀ।
”ਕੁਝ ਨਹੀਂ..ਮੈਂ ਸੋਚ ਰਿਹਾ ਸਾਂ ਐਡਵੋਕੇਟ ਚੌਧਰੀ ਨੂੰ ਕਿਸੇ ਦਿਨ ਡਿਨਰ ’ਤੇ ਸੱਦ ਲਈਏ। ਰਾਤੀਂ ਪਾਰਟੀ ’ਚ ਦੇਖਿਆ, ਉਸ ਦੀ ਤਾਂ ਚਾਹੇ ਰਾਜਸੀ ਆਗੂ ਹੋਣ, ਪੁਲਸ ਜਾਂ ਸਿਵਲ ਦੇ ਅਫਸਰ, ਹਰ ਪਾਸੇ ਵੱਡੀ ਪਹੁੰਚ ਐ..ਕਿਤੇ ਕੰਮ ਹੀ ਪੈ ਜਾਂਦਾ!’’ ਮੈਂ ਆਪਣੇ ਮਨ ਦੀ ਅਸਲ ਗੱਲ ਨੂੰ ਦਬਾ ਕੇ ਕਿਹਾ। ਉਂਜ ਇਹ ਗੱਲ ਰਾਤੀਂ ਵੀ, ਤੇ ਅੱਜ ਸਵੇਰੇ ਵੀ ਮੇਰੇ ਮਨ ’ਚ ਆਈ ਸੀ। ਪਹਿਲਾਂ ਤਾਂ ਮੈਂ ਸੋਚਦਾ ਸਾਂ ਉਸ ਦੀ ਜੁਡੀਸ਼ਰੀ ’ਚ ਹੀ ਵੱਡੀ ਪਹੁੰਚ ਐ, ਪਰ ਰਾਤੀਂ ਉਸ ਦਾ ਬਹੁਤ ਵਿਰਾਟ ਰੂਪ ਦੇਖਣ ਨੂੰ ਮਿਲਿਆ।
”ਸ਼ੁਕਰ ਐ, ਕੋਈ ਕੰਮ ਦੀ ਗੱਲ ਤੁਹਾਡੀ ਬੁੱਧੀ ’ਚ ਵੀ ਆਈ ਹੈ!’’ ਆਦਿੱਤੀ ਨੇ ਮੁਸਕਰਾ ਕੇ ਇੱਕ ਪਲ ਮੇਰੀਆਂ ਅੱਖਾਂ ’ਚ ਤੱਕਿਆ ਤੇ ਅਗਲੇ ਪਲ ਚੁਫੇਰੇ ਫੈਲੀ ਸੰਘਣੀ ਧੁੰਦ ਨੂੰ ਤੱਕਦੀ ਆਖਣ ਲੱਗੀ, ”ਲੱਗਦਾ, ਅੱਜ ਫੇਰ ਸੂਰਜ ਨਹੀਂ ਚੜੇਗਾ!’’

ਬਲਵੀਰ ਪਰਵਾਨਾ
ਬਲਵੀਰ ਪਰਵਾਨਾ ਪੰਜਾਬੀ ਦਾ ਸਰਬਪੱਖੀ ਲੇਖਕ ਹੈ। ਪੰਜਾਬੀ ਕਹਾਣੀ, ਨਾਵਲ ਅਤੇ ਕਵਿਤਾ ਵਿਚ ਇਕੋ ਜਿੰਨੀ ਮੁਹਾਰਤ ਰੱਖਣ ਵਾਲਾ ਬਲਵੀਰ ਪਰਵਾਨਾ ਅਨੁਵਾਦ ਅਤੇ ਸੰਪਾਦਨ ਵਿਚ ਵੀ ਜ਼ਿਕਰਯੋਗ ਕਾਰਜ ਕਰ ਰਿਹਾ ਹੈ। ਪਰਵਾਨਾ ਦੀਆਂ ਕਹਾਣੀਆਂ ਸਮਾਜਕ, ਆਰਥਕ ਅਤੇ ਰਾਜਨੀਤਕ ਵਰਤਾਰੇ ਦੀ ਸੂਖ਼ਮ ਤੋਂ ਸੂਖ਼ਮ ਹਲਚਲ ਨੂੰ ਪਕੜਨ ਦੀ ਸਮਰੱਥਾ ਰੱਖਦੀਆਂ ਹਨ। ਰੋਜ਼ਾਨਾ ਨਵਾਂ ਜਮਾਨਾ ਵਿਚ ਉਹ ਪਿਛਲੇ ਦੋ ਦਹਾਕਿਆਂ ਤੋਂ ਸੰਪਾਦਕ ਵਜੋਂ ਸੇਵਾ ਨਿਭਾ ਰਿਹਾ ਹੈ।

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!