ਮਨਮੋਹਨ ਬਾਵਾ
ਚੀਨ ਵਿਚ ‘ਲਾਓ ਤਸੂ’ ਨਾਮ ਦਾ ਇਕ ਮਹਾਨ ਦਾਰਸ਼ਨਕ ਹੋ ਗੁਜ਼ਰਿਆ ਹੈ, ਜਿਸ ਦੇ ਵਿਚਾਰ ‘ਤਾਓ-ਤੇ-ਚਿੰਗ’ ਨਾਮ ਦੀ ਪੁਸਤਕ ’ਚ ਵੇਖੇ ਪੜ੍ਹੇ ਜਾ ਸਕਦੇ ਹਨ। ਤਾਓ-ਤੇ-ਚਿੰਗ ਦਾ ਅੰਗਰੇਜ਼ੀ ’ਚ ਭਾਸ਼ਾਂਤਰ ਕਰਨ ਵਾਲਿਆਂ ਨੇ ਇਸ ਨੂੰ ‘ਠਹੲ ਘਰੲਅਟ ੱਅੇ’ (ਮਹਾਨ ਮਾਰਗ) ਦਾ ਨਾਮ ਦਿੱਤਾ ਹੈ। ਇਸ ਦੇ ਜਿੰਨੇ ਭਾਸ਼ਾਂਤਰ ਹੋਏ ਹਨ, ਓਨੇ ਬਾਈਬਲ ਦੇ ਸਿਵਾ ਦੁਨੀਆ ’ਚ ਹੋਰ ਕਿਸੇ ਗ੍ਰੰਥ ਦੇ ਨਹੀਂ ਹੋਏ। ਇਸ ਪੁਸਤਕ ਦਾ ਆਕਾਰ ਐਨਾ ਛੋਟਾ, ਭਾਸ਼ਾ ਬਹੁਤ ਸਰਲ ਪਰ ਐਨੀ ਜਟਿਲ ਅਤੇ ਰਹੱਸਮਈ ਕਿ ਨਾ ਤੇ ਇਸਦਾ ਭਾਸ਼ਾਂਤਰ ਵੀ ਸਹੀ ਤੌਰ ’ਤੇ ਕਰਨਾ ਸੰਭਵ ਹੈ ਅਤੇ ਨਾ ਹੀ ਵਿਆਖਿਆ।
ਦਿਲਚਸਪੀ ਦੀ ਇਕ ਗੱਲ ਇਹ ਕਿ ਲਾਓ-ਤਸੂ ਨੇ ਨਾ ਤੇ ਆਪਣੇ ਹੱਥੀਂ ਆਪਣੇ ਵਿਚਾਰ ਲਿਖੇ ਅਤੇ ਨਾ ਹੀ ਉਪਦੇਸ਼ਕਾਂ, ਪਰਚਾਰਕਾਂ ਵਾਂਗ ਪ੍ਰਵਚਨਾਂ ਦੇ ਰੂਪ ਵਿਚ ਕਦੇ ਕੁਝ ਆਖਿਆ। ਕਿਉਂਕਿ ਇਨ੍ਹਾਂ ਦਾ ਕਹਿਣਾ ਸੀ ਕਿ ਪਰਮ ਸੱਚ ਵਿਖਾਇਆ, ਦੱਸਿਆ ਜਾਂ ਬੋਲਿਆ ਨਹੀਂ ਜਾ ਸਕਦਾ। ਪਰਮ ਸੱਚ ਸ਼ਬਦਾਂ ਦੀ ਪਕੜ ਤੋਂ ਪਰੇ ਹੈ; ਗਿਆਨ ਤੋਂ ਵੀ ਪਰੇ ਹੈ, ਜਿਸ ਨੂੰੂ ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ। ਇਸਦੇ ਪਿਛੇ ਲਾਓ-ਤਸੂ ਦਾ ਤਰਕ ਹੈ ਕਿ ਜੋ ਅਸੀਂ ਆਪਣੀ ਦੁਨੀਆ ਜਾਂ ਬਾਹਰੀ ਦੁਨੀਆ ਨੂੰ ਮੰਨਦੇ ਹਾਂ, ਉਹ ਸਾਡਾ ਮੂਲ ਰੂਪ ਨਹੀਂ ਹੈ ਬਲਕਿ ਸਾਨੂੰ ਸਿਖਾਇਆ ਗਿਆ ਹੈ, ਪਰਿਵਾਰ ਵੱਲੋਂ, ਧਰਮ ਵੱਲੋਂ ਜਾਂ ਗ੍ਰਹਿਣ ਕੀਤਾ ਹੋਇਆ ਹੈ। ਆਸ ਪਾਸ ਦੇ ਮਾਹੌਲ ਤੋਂ, ਪੁਸ਼ਾਕਾਂ ਤੋਂ, ਸਾਧਾਂ ਮਹੰਤਾਂ ਤੋਂ। ਮੋਟੇ ਤੌਰ ’ਤੇ ਇਹ ਕਿ ਸੱਚ ਨੂੰ ਜਾਣ ਸਕਦੇ ਹਾਂ, ਵੇਖ ਸਕਦੇ ਹਾਂ, ਪਰ ਕਿਸੇ ਤਰਕ ਦੁਆਰਾ ਨਹੀਂ ਅਤੇ ਜੇ ਜਾਣ ਲਿਆ ਤਾਂ ਕਹਿ ਨਹੀਂ ਸਕਦੇ।
ਤਾਓ-ਤੇ-ਚਿੰਗ ਪੁਸਤਕ ਵਿਚ 81 ਅਧਿਆਇ, ਭਾਵ 81 ਕਵਿਤਾਵਾਂ ਹਨ। ਇਕ ਕਵਿਤਾ ਦਸ ਤੋਂ ਲੈ ਕੇ ਵੀਹ ਸਤਰਾਂ ਦੀ। ਕੁੱਲ ਮਿਲਾ ਕੇ 5000 ਸ਼ਬਦਾਂ ਤੋਂ ਵੱਧ ਨਹੀਂ ਪਰ ਇਨ੍ਹਾਂ 81 ਛੋਟੀਆਂ ਛੋਟੀਆਂ ਕਵਿਤਾਵਾਂ ’ਚ ਐਨੇ ਡੂੰਘੇ ਵਿਚਾਰ ਲੁਕੇ ਹੋਏ, ਜਿਸ ਦੀ ਵਿਆਖਿਆ ‘ਓਸ਼ੋ’ ਨੇ 450 ਪੰਨਿਆਂ ਦੇ ਛੇ ਗ੍ਰੰਥ-ਖੰਡਾਂ ਵਿਚ ਕੀਤੀ ਹੈ। ਇਹ ਵੀ ਅਤਿ-ਕਥਨੀ ਨਹੀਂ ਹੋਵੇਗੀ ਕਿ ਇਹ ਇਕ ਅਸਧਾਰਨ ਪੁਸਤਕ ਹੈ ਅਤੇ ਇਸ ਦਾ ਵਿਚਾਰਆਤਮਕ ਪੱਧਰ ਐਨਾ ਠੋਸ ਅਤੇ ਸੰਘਣਾ ਕਿ ਐਵੇਂ ਥੋੜ੍ਹੇ ਸ਼ਬਦਾਂ ਵਿਚ ਐਨੇ ਉੱਚੇ ਵਿਚਾਰ ਦੀ ਪੇਸ਼ਕਾਰੀ ਨਾ ਇਸ ਤੋਂ ਪਹਿਲਾਂ ਕਦੇ ਹੋਈ ਅਤੇ ਨਾ ਹੀ ਇਸ ਤੋਂ ਬਾਅਦ ਅੱਜ ਤੱਕ ਹੋਣੀ ਹੈ।
ਲਾਓ-ਤਸੂ ਨੂੰ ਸਮਝਣ ਲਈ ਉਸ ਦੇ ਵਿਪਰੀਤ ਦੇ ਫ਼ਲਾਸਫ਼ਰ ਅਰਸਤੂ ਦਾ ਸਹਾਰਾ ਲਿਆ ਜਾ ਸਕਦਾ ਹੈ। ਅਰਸਤੂ ਨੂੰ ਸਮਝਣਾ ਸਰਲ ਹੈ ਕਿਉਂਕਿ ਉਹ ਦੁਨਿਆਵੀ ਕੰਮ ਦਾ ਹੈ, ਚਾਹੇ ਜ਼ਰਾ ਕੁ ਡੂੰਘਿਆਂ ਵੇਖਦਿਆਂ ਅਰਸਤੂ ਦੇ ਵਿਚਾਰ ਆਦਮੀ ਦੇ ਆਪਣੇ ਲਈ ਅਤੇ ਦੁਨੀਆ ਲਈ ਖ਼ਤਰਨਾਕ ਸਿੱਧ ਹੋ ਸਕਦੇ ਹਨ। ਅਰਸਤੂ ‘ਤਾਕਤ’ ਕਿਵੇਂ ਮਿਲੇ, ਕਾਮਯਾਬੀ ਕਿਵੇਂ ਮਿਲੇ, ਇਸ ਦੀ ਗੱਲ ਕਰਦਾ ਹੈ ਅਤੇ ਲਾਓ-ਤਸੂ ‘ਸ਼ਾਂਤੀ’ ਕਿਵੇਂ ਮਿਲੇ, ਉਸ ਦਾ ਸੂਤਰ ਹੈ : ਚਾਹੇ ਸ਼ਾਂਤੀ ਦੇ ਅੰਤਮ ਰੂਪ ’ਚ ‘ਸ਼ਕਤੀ’ ਅਤੇ ਸ਼ਕਤੀ ਦੇ ਅੰਤਮ ਰੂਪ ’ਚ ਅਸ਼ਾਂਤੀ ਦੇ ਸਿਵਾ ਹੋਰ ਕੁਝ ਨਹੀਂ, ਅਸ਼ਾਂਤੀ ਆਪਣੇ ਲਈ ਅਤੇ ਦੂਜਿਆਂ ਲਈ। ਅਰਸਤੂ ਦੀ ਫ਼ਲਾਸਫ਼ੀ ਤੋਂ ਪ੍ਰਮਾਣੂ ਬੰਬ ਅਤੇ ਏ.ਕੇ. ਸੰਤਾਲੀ ਬਣਾਉਣ ਵਾਲਿਆਂ ਲਈ; ਸਾਡੇ ਭ੍ਰਿਸ਼ਟ ਨੇਤਾਵਾਂ ਅਤੇ ਸਾਡੇ ਆਪਣੇ ਸਾਰਿਆਂ ਲਈ, ਅਸੀਂ ਚਾਹੇ ਸਾਧਾਰਨ ਮਨੁੱਖ, ਚਾਹੇ ਬਾਦਸ਼ਾਹ, ਸਾਰਿਆਂ ’ਚ ਤਾਕਤ ਦੀ ਅਕਾਂਖਿਆ ਹੈ। ਅਕਾਂਖਿਆ ਦੇ ਕਈ ਰੂਪ ਹਨ : ਧਨ ਦੌਲਤ, ਪਦ, ਯਸ਼, ਅਹੰਕਾਰ ਦੀ ਪੂਰਤੀ। ਇਸੇ ਕਰਕੇ ਅਸੀਂ ਸਾਰੇ ਅਰਸਤੂ ਦੇ ਪਿੱਛੇ ਨੱਸਦੇ ਹਾਂ। ਅਰਸਤੂ ਦਾ ਸ਼ਾਸਤਰ ਖੋਹਣ ਦਾ ਸ਼ਾਸਤਰ ਹੈ। ਯੂਰਪੀ ਦੇਸ਼ਾਂ ਨੇ ਇਸੇ ਨੂੰ ਅਪਣਾਇਆ; ਸਾਰੀ ਦੁਨੀਆ ਨੂੰ ਆਪਣਾ ਗ਼ੁਲਾਮ ਬਣਾਉਣ, ਕਲੋਨੀਆਂ ਸਥਾਪਤ ਕਰਨ ’ਚ ਲੱਗਿਆ ਰਿਹਾ ਅਤੇ ਇਸ ਦਾ ਪਰਿਣਾਮ? ਦੋ ਵਿਸ਼ਵ ਯੁੱਧ, ਜੋ ਵਿਸ਼ਵ ਯੁੱਧ ਨਹੀਂ ਬਲਕਿ ਯੂਰਪ ਦੇ ਦੇਸ਼ਾਂ ਦੀ ਖਾਨਾਜੰਗੀ (ਸਿਵਲ ਵਾਰ) ਹੀ ਸੀ।
ਅਰਸਤੂ ਜਾਂ ਸੁਕਰਾਤ ਦਾ ਗਿਆਨ (ਵਿਗਿਆਨ) ਸਾਨੂੰ ਜਿੱਥੇ ਅਸੀਂ ਖੜ੍ਹੇ ਹਾਂ, ਉੱਥੇ ਖੜ੍ਹਿਆਂ ਨੂੰ ਮਿਲ ਸਕਦਾ ਹੈ; ਪਰ ਵਾਸਤਵ ਗਿਆਨ, ਚਾਹੇ ਉਹ ਲਾਓ-ਤਸੂ ਦਾ ਹੋਵੇ ਚਾਹੇ ਕਿਸੇ ਹੋਰ ਦਾ, ਸਾਨੂੰ ਅੱਗੇ ਵਧ ਕੇ, ਆਪ ਉੱਪਰ ਉੱਠ ਕੇ ਪ੍ਰਾਪਤ ਹੁੰਦਾ ਹੈ।
‘ਤਾਓ-ਤੇ-ਚਿੰਗ ਦੇ ਲਿਖੇ ਜਾਣ ਬਾਰੇ ਵੀ ਕਈ ਦਿਲਚਸਪ ਕਹਾਣੀਆਂ ਪ੍ਰਚਲਤ ਹਨ। ਉਹਨਾਂ ’ਚੋਂ ਇਕ ਇਹ ਕਿ ਇਕ ਵਾਰ ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿਚ ਉਹ ਆਪਣੀ ਰਿਆਸਤ ਛੱਡ ਕੇ ਚਲੇ ਜਾਣ ਦਾ ਨਿਸਚਾ ਕਰਕੇ ਅਤੇ ਆਪਣੇ ਇਕ ਨੌਕਰ ਨੂੰ ਲੈ ਕੇ ਤੁਰ ਪਿਆ। ਜਿਸ ਵੇਲੇ ਰਿਆਸਤ ਦੀ ਸੀਮਾ ’ਤੇ ਪਹੁੰਚਿਆ ਤਾਂ ਚੁੰਗੀ-ਮਹਿਸੂਲ ਉਗਰਾਹੁਣ ਵਾਲੇ ਦਰੋਗੇ ਨੇ ਪੁੱਛਿਆ ਕਿ ਤੂੰ ਕੋਈ ਐਸੀ-ਵੈਸੀ ਕੀਮਤੀ ਵਸਤੂ ਤਾਂ ਨਹੀਂ ਲੈ ਕੇ ਜਾ ਰਿਹਾ। ਜੇ ਜਾ ਰਿਹਾ ਏਂ ਤਾਂ ਦੱਸ ਦੇ। ਉਸ ਉੱਤਰ ’ਚ ਆਖਿਆ ਕਿ ਉਹ ਐਸੀ ਕੋਈ ਵਸਤੂ ਨਹੀਂ ਲੈ ਕੇ ਜਾ ਰਿਹਾ। ਪਰ ਉਸ ਦੇ ਨਾਲ ਜਾ ਰਹੇ ਦਾਸ ਨੇ ਦਰੋਗੇ ਨੂੰ ਦੱਸਿਆ ਕਿ ਉਹ ਆਪਣੇ ਨਾਲ ਇਕ ਬਹੁਮੁੱਲੀ ਵਸਤੂ ਲੈ ਕੇ ਜਾ ਰਿਹਾ ਹੈ ਅਤੇ ਉਹ ਇਸ ਦੇ ਮਸਤਕ ਵਿੱਚ ਹੈ। ਦਰੋਗੇ ਨੇ ਵੀ ਸ਼ਾਇਦ ਲਾਓ-ਤਸੂ ਦਾ ਨਾਮ ਸੁਣਿਆ ਹੋਇਆ ਸੀ। ਉਸ ਆਖਿਆ ਕਿ ਜਦ ਤੱਕ ਉਹ ਆਪਣੇ ਉੋਹਨਾਂ ਬਹੁਮੁੱਲੇ ਵਿਚਾਰਾਂ ਨੂੰ, ਜੋ ਉਸ ਦੇ ਮਸਤਕ ’ਚ ਹਨ, ਉਸ ਨੂੰ ਲਿਖਾ ਨਹੀਂ ਦੇਂਦਾ, ਤਦ ਤੱਕ ਉਸ ਨੂੰ ਜਾਣ ਦੀ ਆਗਿਆ ਨਹੀਂ ਮਿਲ ਸਕਦੀ। ਸੋ ਇਸ ਤਰ੍ਹਾਂ ‘ਤਾਓ-ਤੇ-ਚਿੰਗ’ ਲਿਖਤੀ ਸ਼ਕਲ ’ਚ ਦੁਨੀਆ ਤੱਕ ਪਹੁੰਚਿਆ।
ਇਕ ਦਿਲਚਸਪ ਗੱਲ ਇਹ ਹੈ ਕਿ ਦੁਨੀਆ ਦੇ ਵੱਡੇ-ਵੱਡੇ ਫ਼ਲਾਸਫ਼ਰ ਪਹਿਲੀ ਸ਼ਤਾਬਦੀ ਈਸਵੀ ਤੋਂ ਲੈ ਕੇ ਛੇ ਸੌ ਸ਼ਤਾਬਦੀ ਈਸਵੀ ਪੂਰਵ ਵਿਚਕਾਰ ਪੈਦਾ ਹੋਵੇ। ਪਲੈਟੋ (ਅਫਲਾਤੂਨ) ਅਰਸਤੂ, ਸੁਕਰਾਤ, ਲਾਓ-ਤਸੂ, ਕਨਫੀਊਸ਼ੀਅਨ (ਦੋਵੇਂ ਚੀਨ ਦੇ), ਪਤਾਂਜਲੀ, ਮਹਾਤਮਾ ਬੁੱਧ ਅਤੇ ਉਪਨਿਸ਼ਦਾਂ ਦੇ ਰਚੈਤਾ ਸਭ ਇਹਨਾਂ ਛੇ ਸੌ ਵਰਿ੍ਹਆਂ ਵਿਚਕਾਰ ਹੀ ਹੋਏ ਹਨ।
ਤਾਓ-ਤੇ-ਚਿੰਗ ਦੇ ਲਾਓ ਤਸੂ ਦੇ ਕੁਝ ਵਿਚਾਰ ਇਸ ਤਰ੍ਹਾਂ ਹਨ :
ਜੋ ਜਾਣਦਾ ਹੈ, ਉਹ ਨਹੀਂ ਬੋਲਦਾ
ਜੋ ਬੋਲਦਾ ਹੈ, ਉਹ ਨਹੀਂ ਜਾਣਦਾ
ਜੋ ਸੱਚਾ ਹੈ, ਉਹ ਵਖਾਵਾ ਨਹੀਂ ਕਰਦਾ
ਜੋ ਵਖਾਵਾ ਕਰਦਾ ਹੈ, ਉਹ ਨਹੀਂ ਸੱਚਾ
ਜੋ ਸਦਾਚਾਰੀ ਹੈ, ਉਹ ਝਗੜਾ ਨਹੀਂ ਕਰਦਾ
ਜੋ ਝਗੜਾ ਕਰਦਾ ਹੈ, ਉਹ ਨਹੀਂ ਸਦਾਚਾਰੀ
ਜੋ ਵਿਦਵਾਨ ਹੈ, ਉਹ ਨਹੀਂ ਸਿਆਣਾ
ਜੋ ਸਿਆਣਾ ਹੈ, ਉਹ ਨਹੀਂ ਵਿਦਵਾਨ
ਇਸ ਲਈ ਦਾਨਾ ਪੁਰਸ਼ ਆਪਣੇ ਗੁਣਾਂ ਦਾ ਪ੍ਰਦਰਸ਼ਨ ਨਹੀਂ ਕਰਦਾ। ਕੁਝ ਭਾਰਤੀ ਦਾਰਸ਼ਨਿਕਾਂ ਦੇ ਵਿਚਾਰ ਪੜ੍ਹਦਿਆਂ ਕਦੀ-ਕਦੀ ਉਨ੍ਹਾਂ ਦੇ ਵਿਚਾਰਾਂ ਅਤੇ ਲਾਓ-ਤਸੂ ਦੇ ਵਿਚਾਰਾਂ ਵਿਚ ਬੜੀ ਸਮਾਨਤਾ ਦਿਸਣ ਲੱਗਦੀ ਹੈ। ਤਾਓ-ਤੇ-ਚਿੰਗ ਵਰਗਾ ਹੀ ਇਕ ਬਹੁਤ ਛੋਟਾ ਉਪਨਿਸ਼ਦ ‘ਕੇਨੋਂ ਉਪਨਿਸ਼ਦ’ ਹੈ। ਉਸ ਦੀਆਂ ਸਤਰਾਂ ਹੇਠ ਲਿਖ ਰਿਹਾ ਹਾਂ :
”ਮੈਂ ਨਹੀਂ ਸੋਚਦਾ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ
ਨਾ ਹੀ ਐਸਾ ਸੋਚਦਾ ਹਾਂ ਕਿ ਉਸ ਨੂੰ ਜਾਣਦਾ ਹਾਂ
ਸਾਡੇ ’ਚੋਂ ਉਹੀ ਉਸ ਨੂੰ ਜਾਣਦਾ ਹੈ, ਜੋ ਜਾਣਦਾ ਹੈ ਕਿ
ਉਹ ਗਿਆਤ ਅਤੇ ਅਗਿਆਤ ਤੋਂ ਭਿੰਨ ਹੈ।’’
ਲਾਓ-ਤਸੂ ਦੀਆਂ ਕੁਝ ਹੋਰ ਸਤਰਾਂ :
ਮਹਾਨ ਸ਼ਾਸਕ ਉਹ
ਜੋ ਆਪਣੇ ਅਸਤਿਤਵ ਵੱਲ ਲੋਕਾਂ ਦਾ ਧਿਆਨ ਨਹੀਂ ਖਿੱਚਦਾ
ਉਸ ਤੋਂ ਨੀਵੀਂ ਪੱਧਰ ਦਾ ਸ਼ਾਸਕ ਉਹ
ਲੋਕੀਂ ਜਿਸ ਨੂੰ ਚਾਹੁੰਦੇ ਅਤੇ ਪ੍ਰਸੰਸਾ ਕਰਦੇ ਹਨ
ਉਹਨਾਂ ਤੋਂ ਨੀਵੀਂ ਪੱਧਰ ਦਾ ਸ਼ਾਸਕ ਉਹ
ਲੋਕ ਜਿਨ੍ਹਾਂ ਤੋਂ ਡਰਦੇ ਹਨ
ਅਤੇ ਉਹਨਾਂ ਤੋਂ ਵੀ ਨੀਵੀਂ ਪੱਧਰ ਦਾ ਸ਼ਾਸਕ ਉਹ
ਲੋਕ ਜਿਨ੍ਹਾਂ ਦਾ ਤ੍ਰਿਸਕਾਰ ਕਰਦੇ ਹਨ ।
ਇਕ ਹੋਰ :
ਜੋ ਦੂਜਿਆਂ ਨੂੰ ਜਾਣਦਾ ਹੈ, ਉਹ ਹੈ ਸਿਆਣਾ
ਜੋ ਆਪਣੇ ਆਪ ਨੂੰ ਜਾਣਦਾ ਹੈ, ਉਹ ਹੈ ਪ੍ਰਬੁੱਧ
ਜੋ ਦੂਜਿਆਂ ’ਤੇ ਜਿੱਤ ਪ੍ਰਾਪਤ ਕਰਦਾ ਹੈ, ਉਹ ਹੈ ਜ਼ੋਰਾਵਰ
ਜੋ ਆਪਣੇ ਆਪ ’ਤੇ ਜਿੱਤ ਪ੍ਰਾਪਤ ਕਰਦਾ ਹੈ, ਉਹ ਹੈ ਮਹਾਨ
ਜਿਸ ਨੇ ਸੰਤੋਖ ਪਾਇਆ, ਉਹ ਹੈ ਸਮ੍ਰਿਧ
ਜੋ ਆਪਣੇ ਉਚਿਤ ਸਥਾਨ ਤੋਂ ਵਿਚਲਿਤ ਨਾ ਹੋਵੇ
ਉਹ ਟਿਕੇਗਾ ਲੰਮੇ ਸਮੇਂ ਤੱਕ
ਜੋ ਮਰ ਸਕਦਾ ਹੋਵੇ, ਪਰ ਨਾਸ ਨਾ ਹੋਵੇ
ਉਹ ਹੈ ਚਿਰਜੀਵੀ
‘ਓਸ਼ੋ’ ਦੇ ਸ਼ਬਦਾਂ ਵਿਚ ਤਾਓ ਕੀ ਹੈ?
ਤਾਓ ਹੈ ਪ੍ਰਕਿਰਤੀ। ਤਾਓ ਹੈ ਸਹਿਜਤਾ। ਤਾਓ ਹੈ ਰੁੱਤ। ਜੀਵਨ ਨੂੰ ਸਹਿਜ ਸਵੀਕਾਰ ਕਰਨਾ। ਆਪਣੇ ’ਚ ਸਥਿਤ ਹੋਣਾ। ਸਵੈਅਮ ਹੋਣਾ। ਆਪਣੇ ਮੌਲਿਕ ਰੂਪ ’ਚ ਹੋਣਾ। ਇਹ ਤਾਓ ਹੈ।
ਲਾਓ ਤਸੂ ਦੇ ਪੈਰੋਕਾਰ ਵੀ ਚੀਨ, ਜਪਾਨ ’ਚ ਕਾਫੀ ਮਾਤਰਾ ’ਚ ਪੈਦਾ ਹੋਏ, ਜਿਹਨਾਂ ਨੇ ਅੱਗੇ ਜਾ ਕੇ ਜ਼ੈਨ ਕਥਾ ਜਾਂ ਜ਼ੈਨ ਕਵਿਤਾ ਨੂੰ ਜਨਮ ਦਿੱਤਾ। ਜਾਪਾਨ ’ਚ ਇਸ ਨੂੰ ‘ਜ਼ੈਨ’ ਅਤੇ ਚੀਨ ’ਚ ਇਸ ਨੂੰ ‘ਚਿੰਗ’ ਦਾ ਨਾਮ ਦਿੱਤਾ ਗਿਆ ਹੈ। ਕੁਝ ਭਾਰਤੀ ਵਿਦਵਾਨਾਂ ਦਾ ਵਿਚਾਰ ਹੈ ਕਿ ‘ਜ਼ੈਨ’ ਜਾਂ ‘ਚਿੰਗ’ ਸ਼ਬਦ ‘ਗਿਆਨ’ ਜਾਂ ‘ਧਿਆਨ’ ਸ਼ਬਦਾਂ ’ਚੋਂ ਨਿਕਲੇ ਹਨ।