ਰੰਗਾਂ ਨਾਲ ਸੰਮੋਹਣ ਦੀ ਕਹਾਣੀ ਮੇਰੇ ਬਚਪਨ ਤੋਂ ਸ਼ੁਰੂ ਹੁੰਦੀ ਹੈ। ਨਿੱਕੇ ਹੁੰਦਿਆਂ ਮੈਨੂੰ ਬੁਲਬੁਲਾਂ ਦੀਆਂ ਪੂਛਲਾਂ ਥੱਲੜਾ ਲਾਲ ਰੰਗ ਦਾ ਵੱਡਾ ਸਾਰਾ ਧੱਬਾ ਬਹੁਤ ਮੋਂਹਦਾ। ਇਹਦੇ ’ਚ ਕੀ ਮੇਰੇ ਬਾਲ ਜਿਸਮ ’ਚ ਉਦੈ ਹੋ ਰਹੀ ਕਾਮੁਕਤਾ ਦਾ ਵੀ ਹੱਥ ਸੀ, ਮੈਂ ਭਰੋਸੇ ਨਾਲ ਨਹੀਂ ਕਹਿ ਸਕਦਾ। ਮੈਂ ਕਿੰਨਾ ਕਿੰਨਾ ਚਿਰ ਉਨ੍ਹਾਂ ਨੂੰ ਰੁੱਖਾਂ ’ਚ ਫੁਦਕਦਿਆਂ ਵੇਖਦਾ ਰਹਿੰਦਾ |
ਉਦੋਂ ਅਜੇ ਕਣਕ ਝੋਨੇ ਵਾਲਾ ਨਕਦ ਫਸਲਾਂ ਦਾ ਸਿਲਸਿਲਾ ਸੂਰੂ ਨਹੀਂ ਸੀ ਹੋਇਆ | ਪਿੰਡ ’ਚ ਕੁਝ ਖੇਤਾਂ ’ਚ ਲੋਕ ਮੱਕੀ ਬੀਜਦੇ | ਕਟਾਈ ਵੇਲੇ ਛੱਲੀਆਂ ਦੇ ਉੱਚੇ ਉੱਚੇ ਢੇਰ ਲੱਗ ਜਾਂਦੇ ਤੇ ਵੱਡਿਆਂ ਦੇ ਵਰਜਦਿਆਂ ਵੀ ਅਸੀਂ ਉਨ੍ਹਾਂ ’ਤੇ ਖੇਡਦੇ ਤੇ ਕਦੇ ਕਦੇ ਚਿੱਟੀਆਂ ਇਕਸਾਰ ਇਕ ਆਕਾਰ ਦਾਣਿਆਂ ਨਾਲ ਭਰੀਆਂ ਛੱਲੀਆਂ ’ਚੋਂ ਕੋਈ ਇਕ ਅਜਿਹੀ ਮਿਲ ਜਾਂਦੀ ਜਿਦ੍ਹਾ ਇਕ ਦਾਣਾ ਪੀਲਾ-ਸੁਨਹਿਰੀ, ਲਾਲ ਜਾਂ ਬੈਂਗਣੀ ਹੁੰਦਾ। ਉਹ ਦੂਰੋਂ ਹੀ ਦਗ ਦਗ ਕਰਦਾ। ਅਸੀਂ ਹੈਰਾਨ ਹੋਏ ਉਹ ਕ੍ਰਿਸ਼ਮਾ ਇਕ ਦੂਸਰੇ ਨੂੰ ਦਿਖਾਉਂਦੇ | ਦੂਰ ਬਚਪਨ ’ਚ ਵੇਖਿਆ ਇਹ ਰੰਗ ਅਚੰਭਾ ਅਜੇ ਤਾਈਂ ਮੇਰੀਆਂ ਕਵਿਤਾਵਾਂ ’ਚ ਮੱਲੋਮੱਲੀ ਆਪਣੀ ਥਾਂ ਲੱਭ ਲੈਂਦਾ| ਕੋਈ ਬਹੁਤ ਖੂਬਸੂਰਤ ਔਰਤ ਮੈਨੂੰ ਚਿੱਟੀਆਂ ਛੱਲੀਆਂ ਦੇ ਬੋਹਲ ’ਚੋਂ ਇਕ ਛੱਲੀ ’ਚ ਜੜੇ ਸ਼ੋਖ਼ ਰੰਗੇ ਦਾਣੇ ਵਾਂਗ ਹੀ ਮੋਂਹਦੀ |
ਮਾਝੇ ’ਚ ਉਦੋਂ ਲੋਕ ਕਦੇ ਕਦੇ ਕਪਾਹ ਵੀ ਬੀਜਦੇ। ਮੈਨੂੰ ਕਪਾਹ ਦੇ ਖੇਤਾਂ ਦੀ ਖੁਸ਼ਬੋ ਅਜੇ ਵੀ ਯਾਦ ਹੈ। ਖਾਸਕਰ ਕਪਾਹ ਦੇ ਫੁੱਲਾਂ ਦੇ ਰੰਗ ਸਫੇਦ, ਗੁਲਾਬੀ, ਕਦੇ ਹਲਕੇ ਜਾਮਣੀ ਤੇ ਫੁੱਟੀਆਂ ’ਚੋ ਫਟਦੇ ਬਾਹਰ ਔਂਦੇ ਦੁੱਧ ਚਿੱਟੇ ਰੂੰ ਦੇ ਫੇਹੇ |
ਪਿੰਡਾਂ ’ਚ ਬਹੁਤ ਸਾਰੇ ਟੋਏ, ਟੋਭੇ ਤੇ ਢਾਬਾਂ ਹੁੰਦੀਆਂ ਜਿਨ੍ਹਾਂ ’ਚ ਬਰਸਾਤਾਂ ਦੇ ਦਿਨਾਂ ’ਚ ਪਾਣੀ ਭਰ ਜਾਂਦਾ, ਚਿੱਟੀਆਂ ਕੰਮੀਆਂ ਖਿੜਦੀਆਂ, ਬੜੀ ਨਿੰਮੀ ਤੇ ਮਿੱਠੀ, ਪਣੀਲੀ ਤੇ ਮਿਟਿਆਲੀ ਮਹਿਕ ਵਾਲੀਆਂ। ਵਿਚ ਵਿਚ ਕੋਈ ਇਕ ਕਮਲ ਗੁਲਾਬੀ ਜਾਂ ਪੀਲਾ ਜਾਂ ਜਾਮਣੀ ਹੁੰਦਾ| ਹੁਣ ਤਾਂ ਸਭ ਟੋਭੇ ਢਾਬਾਂ ਖੇਤਾਂ ’ਚ ਮਿਲਾ ਲਏ ਗਏ ਹਨ। ਉਨ੍ਹਾਂ ਕਮਲ ਫੁੱਲਾਂ ਦਾ ਸਾਡੇ ਪਿੰਡ ’ਚੋਂ ਤਾਂ ਬੀਜਨਾਸ ਹੋ ਚੁੱਕਾ ਹੈ।
ਬੂਟੀਨਾਸ਼ਕ ਦਵਾਈਆਂ ਉਦੋਂ ਘੱਟ ਸਨ| ਕਣਕ ਖੇਤਾਂ ਦੇ ਬੰਨਿਆਂ ’ਤੇ ਮਟਰੀ ਦੇ ਨਿੱਕੇ ਨਿੱਕੇ ਗੂੜ੍ਹੇ ਪੀਲੇ ਫੁੱਲ ਖਿੜਦੇ| ਕੁਝ ਹੋਰ ਜਿਨ੍ਹਾਂ ਦੇ ਮੈਨੂੰ ਨਾਮ ਯਾਦ ਨਹੀਂ, ਗੁਲਾਬੀ ਜਾਂ ਗਾਜਰੀ ਜਾਂ ਸੁਨਿਹਰੀ ਹੁੰਦੇ| ਮੈਂ ਸੋਚਿਆ ਖੇਤੀਬਾੜੀ ਦੇ ਸੋਧੇ ਸਾਧਨਾਂ ਨੇ ਇਨ੍ਹਾਂ ਸਭ ਦਾ ਖ਼ਾਤਮਾ ਕਰ ਦਿੱਤਾ ਹੋਵੇਗਾ, ਪਰ ਪਿਛਲੇ ਦਿਨੀਂ ਕਣਕਾਂ ਦੇ ਮੌਸਮ ’ਚ ਪਿੰਡ ਗਿਆ ਤਾਂ ਬਹੁਤ ਖੁਸ਼-ਹੈਰਾਨ ਹੋਇਆ ਕਿ ਉਨ੍ਹਾਂ ਬੰਨਿਆਂ ਦੇ ਜੰਗਲੀ ਫੁੱਲਾਂ ’ਚੋ ਅਜੇ ਵੀ ਕੁਝ ਖਿੜੇ ਹੋਏ ਸੀ। ਜਾਪਿਆ ਬਚਪਨ ਦੇ ਦੋਸਤਾਂ ਨੂੰ ਦੋਬਾਰਾ ਮਿਲ ਰਿਹਾਂ| ਜੰਗਲੀ ਫੁੱਲ ਜੋਖ਼ਮਾਂ ਨਾਲ ਲੋਹਾ ਲੈਂਦੇ, ਮਰਜੀਵੜੇ ਹੁੰਦੇ। ਹੁਣ ਤਾਂ ਜ਼ਮੀਨ ਅੰਦਰਲਾ ਸਾਰਾ ਪਾਣੀ ਉੱਪਰ ਲੈ ਆਂਦਾ ਗਿਆ ਹੈ। ਮੈਰੇ ਮੁੱਕ ਚੁੱਕੇ, ਜਿੱਥੇ ਬਚਪਨ ’ਚ ਅਸੀਂ ਕੌਡੀ ਖੇਡਿਆ ਕਰਦੇ, ਕੁਸ਼ਤੀਆਂ ਕਰਦੇ ਤੇ ਲਾਲ ਸੁਰਖ ਸ਼ਨੀਲ ਦੀ ਭਾਹ ਮਾਰਦੀਆਂ ਚੀਚ ਵਹੁਟੀਆਂ ਨੂੰ ਕੀਲੇ ਹੋਏ ਵਿੰਹਦੇ| ਕੀ ਹੁਣ ਵੀ ਮੈਰੇ ਹੈਣ ਕਿਤੇ ਤੇ ਉਨ੍ਹਾਂ ’ਚ ਚੀਚ ਵਹੁਟੀਆਂ ਹੁੰਦੀਆਂ?
ਗੁਰਦਾਸਪੁਰ ਜਿਲੇ੍ਹ ’ਚ ਦੀਨਾਨਗਰ ਕੋਲ ਸਾਡੇ ਪਿੰਡ ਡਾਲੀਵੇ ਤੋਂ ਉਨ੍ਹੀਂ ਦਿਨੀਂ ਧੌਲਾਧਾਰ ਪਰਬਤ ਸਾਫ਼ ਦਿਸਦੇ | ਖਾਸਕਰ ਸਰਦੀਆਂ ’ਚ ਜਦੋਂ ਕਦੇ ਮੀਂਹ ਨਾਲ ਆਕਾਸ਼ ਧੁਪਿਆ ਤੇ ਪਾਰਦਰਸ਼ੀ ਹੁੰਦਾ | ਬਰਫ਼ ਲੱਦਿਆਂ ਧੌਲਾਧਾਰ ਪਹਾੜਾਂ ਨੇ ਸਾਰਾ ਉੱਤਰ ਪੂਰਬ ਮੱਲਿਆ ਹੁੰਦਾ। ਲਹਿਰਦਾਰ ਲੰਮੇ ਵਿਸ਼ਾਲ ਪਰਬਤ, ਤਿੱਖੀਆਂ ਅੱਧ ਆਸਮਾਨੀ ਅਪੜੀਆਂ ਚੋਟੀਆਂ ਵਾਲੇ | ਸੁਬ੍ਹਾ-ਸਵੇਰੇ ਤੇ ਸ਼ਾਮਾਂ ਨੂੰ ਉਨ੍ਹਾਂ ’ਤੇ ਪਈ ਬਰਫ਼ ਅਨੇਕ ਰੰਗ ਤੇ ਭਾਹਾਂ ਬਦਲਦੀ| ਪਰਬਤ ਕਦੇ ਚਾਂਦੀ ਵੰਨੇ, ਕਦੇ ਸੁਰਮਈ, ਹਲਕੇ ਜਾਮਣੀ, ਕਦੇ ਚੁੱਲਿ੍ਹਆਂ ’ਚੋਂ ਉੱਠਕੇ ਧੂੰਏ ਦੇ ਰੰਗ ਦੇ, ਲਾਲ ਸੁਰਖ, ਕਦੇ ਸੁਨਹਿਰੀ ਭਾਹ ਮਾਰਦੇ| ਹੁਣ ਪਿੰਡ ਜਾਂਦਾ ਤਾਂ ਹੈਰਾਨ ਹੁੰਨਾਂ, ਕਿਤੇ ਉਹ ਸੁਫ਼ਨਾ ਤਾਂ ਨਹੀਂ ਸਨ| ਪਹਾੜ ਉਹ ਭੌਤਿਕ ਸੰਸਾਰ ’ਚੋਂ ਵਿਲੁਪਤ ਹੋ ਮੈਂਨੂੰ ਹੁਣ ਕਈ ਵਾਰ ਸੁਫ਼ਨਿਆਂ ’ਚ ਵਿਖਾਲੀ ਦੇਂਦੇ|
ਪਿਛਲੇ ਦਿਨੀ ਮੈਂ ਨਿਕੋਲਾਈ ਰੋਰਿਕ ਦੇ ਬਣਾਏ ਹਿਮਾਲਿਆ ਦੇ ਚਿੱਤਰ ਦੋਬਾਰਾ ਵੇਖੇ | ਹਰ ਤਸਵੀਰ ’ਚ ਵੱਖਰੇ, ਜਿਉਂ ਅੰਦਰੂਨੀ ਰੋਸ਼ਨੀ ਨਾਲ ਜਗਦੇ ਰੰਗ| ਉਸ ਤਰਾਂ੍ਹ ਦੇ ਰੰਗ ਸਿਰਜਣ ਲਈ ,ਬਰਫ਼, ਪਹਾੜ, ਝੀਲਾਂ ਦਿਖਾਉਣ ਲਈ ਬੰਦੇ ਨੂੰ ਖੁਦ ਉਹ ਰੰਗ, ਪਰਬਤ ਝੀਲਾਂ, ਬੱਦਲ ਹੋ ਜਾਣਾ ਪੈਂਦਾ, ਜਿਉਂ ਰੋਰਿਕ ਹੋ ਗਿਆ ਸੀ | ਚਿੱਤਰ ਵੇਖਦਾ ਮੈਂ ਹੈਰਾਨ ਹੋਇਆ, ਕਿਸੇ ਝੀਲ ਦਾ ਪਾਣੀ ਇੰਜ ਦਾ ਕੰਜਕ ਕਣਕ ਹਰਾ ਵੀ ਹੋ ਸਕਦਾ? ਤੇ ਆਸਮਾਨ ਇਸ ਤਰਾਂ੍ਹ ਦਾ ਪੀਲਾ ਸੰਗਤਰੀ ਸੰਧੂਰੀ ? ਭਰਖਿੜੇ ਨੀਲਮ ਦੇ ਰੰਗ ਵਰਗੇ ਤੇ ਕਦੇ ਇਟ ਰੰਗੇ, ਪਹਾੜਾਂ ਦੇ ਇਹ ਰੰਗ ਵੀ ਹੁੰਦੇ ਕਦੇ? ਕਿਤੇ ਚੋਟੀਆਂ ਅਤੇ ਢਲਾਣਾਂ ’ਤੇ ਵਹਿੰਦੀਆਂ ਬਰਫ਼ ਨਦੀਆਂ ਤੇ ਹਿਮਨਦ ਇਸ ਤਰ੍ਹਾਂ ਜਗਦੇ, ਜੂਨ ਦੀ ਤਿੱਖੜ ਦੁਪਿਹਰ ’ਚ ਜਿਵੇਂ ਗੁਲਮੋਹਰਾਂ ਦੇ ਲਾਲ ਸੁਰਖ ਗੁੱਛੇ| ਕਿਤੇ ਜਾਪਦਾ ਹਰੀ ਭਾਹ ਮਾਰਦੀਆਂ ਪਿਘਲੀ ਚਾਂਦੀ ਦੀਆਂ ਨਦੀਆਂ ਵਹਿੰਦੀਆਂ| ਰੋਰਿਕ ਨੇ ਕਿੱਥੋਂ ਕਸ਼ੀਦ ਕੀਤੇ ਹੋਣਗੇ ਇਹ ਰੰਗ ਸਾਰੇ ? ਕਿੱਥੋਂ ਲਿਆਂਦੇ ਹੋਣਗੇ ਖਣਿਜ ਪੱਥਰ, ਫੁੱਲ, ਬਨਸਪਤੀਆਂ, ਅਬਰਕ ਤੇ ਗੇਰੂਆ ਮਿੱਟੀ ? ਆਪਣੇ ਅੰਦਰਲੀਆਂ ਕਿਹੜੀਆਂ ਤੇ ਹਿਮਾਲਾ ’ਚ ਡੂੰਘੀਆਂ ਲੱਥੀਆਂ ਕਿਨ੍ਹਾਂ ਪਗਡੰਡੀਆਂ ’ਤੇ ਤੁਰਿਆ ਹੋਵੇਗਾ ? ਕੱਲੇ ਨੇ ਕਿੰਨੇ ਗੁਫ਼ਾਵਾਂ ਤੇ ਸੰਘਣੇ ਜੰਗਲਾਂ ਨੂੰ ਗਾਹਿਆ ਹੋਵੇਗਾ ? ਤੇ ਮੈਨੂੰ ਸਭ ਤੋਂ ਪ੍ਰਭਾਵਿਤ ਕੀਤਾ ਇਕ ਤਸਵੀਰ ਵਿਚਲੇ ਉਹਦੇ ਚੰਨ ਨੇ। ਦਗਦੇ ਜਗਦੇ ਗੂੜੇ ਪੀਲੇ ਸੰਗਤਰੀ ਸੁਨਹਿਰੀ ਰੰਗ ਦੀ ਪੂਰੀ ਗੋਲ ਟਿੱਕੀ, ਕੀ ਉਹਦੇ ਅੰਦਰ ਵਸੇ ਕਿਸੇ ਚਿਹਰੇ ਦਾ ਪਰਤੌਅ ਸੀ ? ਇਸ ਤਰਾਂ੍ਹ ਦੇ ਚੰਨ ਨੂੰ ਵੇਖਕੇ ਹੀ ਕਿਸੇ ਕਵੀ ਨੇ ਪਹਿਲੀ ਵਾਰੇ ਸੋਹਣੀ ਔਰਤ ਦੇ ਚਿਹਰੇ ਨੂੰ ਚੰਨ ਦੀ ਤਸ਼ਬੀਹ ਦਿੱਤੀ ਹੋਵੇਗੀ |
ਰੰਗਾਂ ਦੀ ਗੱਲ ਚੱਲੀ ਹੈ ਤਾਂ ਅਚਾਨਕ ਮੈਨੂੰ ਅਜੀਤ ਕੌਰ ਦੀ ਰੇਖਾ-ਚਿੱਤਰਾਂ ਦੀ ਕਿਤਾਬ ‘ਤਕੀਏ ਦਾ ਪੀਰ’ ਦੇ ਨੀਲਾ ਘੁਮਿਆਰ ਵਿਚੋਂ ਇਕ ਦ੍ਰਿਸ਼ ਯਾਦ ਆਇਆ ਹੈ| ਵੱਖ ਵੱਖ ਰੰਗਾਂ ਆਕਾਰਾਂ ਦੇ ਕਲਾਤਮਕ ਭਾਂਡੇ ਬਣਾਉਣ ਵਾਲਾ ‘ਆਰਟ ਪਾਟਰੀ ਵਾਲਾ’ ‘ਨੀਲਾ ਘੁਮਿਆਰ’ ਗੁਰਚਰਨ ਸਿੰਘ, ਜਗਨਨਾਥ ਪੁਰੀ ਦੇ ਅਤਿਅੰਤ ਖੂਬਸੂਰਤ ਬੀਚ ’ਤੇ ਹੋਇਆ ਆਪਣਾ ਇਕ ਅਨੁਭਵ ਅਜੀਤ ਕੌਰ ਨਾਲ ਸਾਂਝਾ ਕਰਦਾ, ਮੁੜ੍ਹ ਉਨ੍ਹਾਂ ਪਲਾਂ ਦੀ ਵਿਸਮਦੀ ਅਵਸਥਾ ’ਚ ਪੁੱਜਿਆ ਜਾਪਦਾ ਏ:-
‘ਉਹ (ਗਾਈਡ) ਮੇਰਾ ਹੱਥ ਫੜ ਕੇ ਪਾਣੀ ਵਿਚ ਤੁਰਨ ਲੱਗਾ, ਸਮੁੰਦਰ ਦੇ ਨੀਲੇ ਵਿਸਥਾਰ ਵੱਲ ਮੇਰਾ ਮੂੰਹ ਸੀ, ਤੇ ਪਰਾਂ੍ਹ ਸੂਰਜ ਸੀ| ਧੁੱਪ ਨਾਲ ਰਕਸ ਕਰਦੀਆਂ ਲਹਿਰਾਂ ਦੇ ਪਿੰਡੇ ਥਰ ਥਰ ਕੰਬ ਰਹੇ ਸਨ | ਅਸੀਂ ਲੱਕ ਲੱਕ ਪਾਣੀ ਵਿਚ ਚਲੇ ਗਏ, ਤਾਂ ਦੂਰੋਂ ਇਕ ਉੱਚੀ ਲਹਿਰ ਉੱਠੀ ਤੇ ਧਾਅ ਕੇ ਸਾਡੇ ਵੱਲ ਆਈ | ਕੋਈ ਪੰਦਰਾਂ ਵੀਹ ਫੁੱਟ ਉੱਚੀ ਲਹਿਰ| ਉਸ ਲਹਿਰ ਦੇ ਪਾਰ ਸੂਰਜ ਸੀ ਤੇ ਲਹਿਰ ਵਿਚ ਲਿਸ਼ ਲਿਸ਼ ਕਰਦੀਆਂ ਮੱਛੀਆਂ, ਸਾਰੇ ਰੰਗਾਂ ਨੂੰ ਇਕ ਅਜੀਬ ਚਿਲਕੋਰ ਵਿਚ ਰੰਗ ਰਿਹਾ ਸੀ | ਮੇਰੇ ਸਿਰ ਤੋਂ ਕਿੰਨੀ ਹੀ ਉੱਚੀ ਉੱਠੀ ਪਾਣੀ ਦੀ ਇਕ ਦੀਵਾਰ, ਤੇ ਉਹਦੇ ਵਿਚ ਰਕਸ ਕਰਦੀਆਂ ਮੱਛੀਆਂ ਦੇ ਰੰਗ, ਤੇ ਮੱਛੀਆਂ ਉੱਤੇ ਤੇ ਪਾਣੀ ਵਿਚ ਸੂਰਜ ਦਾ ਲਿਸ਼ਕਾਰ ਜਿਵੇਂ ਰੱਬ ਦੇ ਕੈਨਵਸ ’ਤੇ ਕਿਸੇ ਨੇ ਉਹ ਲਹਿਰ ਸੁੱਟੀ ਹੋਵੇ, ਤੇ ਉਸ ਲਹਿਰ ਵਿਚ ਸੂਰਜ ਵੀ ਪੇਂਟ ਹੋ ਗਿਆ, ਮੱਛੀਆਂ ਵੀ| ਬੱਸ ਉਹ ਖੁਦ ਰੱਬ ਨਾਲ ਸਾਖ਼ਸ਼ਾਤਕਾਰ ਸੀ| ਕਾਦਰ ਦੀ ਰੂਬਰੂਈ”…।
ਚਿੱਤਰਕਾਰਾਂ ’ਚੋਂ ਰੰਗਾਂ ਰਾਹੀ ਤਸਵੀਰਕਾਰੀ ਨੁੰੂ ਬਿਲਕੁਲ ਨਵਾਂ ਆਯਾਮ ਦੇਣ ਵਾਲਾ ਵਾਨ ਗੌਗ Lਸੀ। ਉਹਦੇ ਰੰਗ ਅਤਿਅੰਤ ਸ਼ੋਖ ਹੁੰਦੇ, ਜਿਉਂ ਬੁਖਾਰ ਨਾਲ ਤਪਦੇ ਹੋਏ| ਸ਼ਹਿਰੋਂ ਬਾਹਰ ਜਾਂਦਾ ਮੈਂ ਕਦੇ ਸੂਰਜ ਪੁਜਾਰੀਆਂ ਵਾਂਗ ਪੂਰਬ ਨੂੰ ਨਤਮਸਤਕ ਹੋਏ ਖੇਤਾਂ ਦੇ ਖੇਤ ਸੂਰਜਮੁਖੀਏ ਦੇਖਦਾ ਤਾਂ ਮੈਂਨੂੰ ਵਾਨ ਗੌਗ ਦੀ ਗੂੜੇ ਪੀਲੇ ਫੁੱਲਾਂ ਵਾਲੀ ਉਹ ਸੂਰਜਮੁਖੀਆਂ ਦੀ ਪੇਂਟਿੰਗ ਯਾਦ ਔਂਦੀ|
ਬਹੁਤ ਚਿਰ ਪਹਿਲਾਂ ਵੇਖਿਆ ਇਕ ਸੁਫ਼ਨਾ ਮੇਰੇ ਅੰਦਰ ਸਦਾ ਲਈ ਸਾਂਭਿਆ ਪਿਆ। ਦੂਰ ਉੱਚਿਆਂ ਪਹਾੜਾਂ ਵੱਲ ਇਕ ਨਦੀ ਆ ਰਹੀ, ਉਹਦੇ ’ਤੇ ਬਣੇ ਇਕ ਬੰਨ੍ਹ ’ਤੇ ਖੜ੍ਹਾ ਮੈਂ ਥੱਲੇ ਦੇਖਦਾ ਹਾਂ। ਬੰਨ੍ਹ ’ਤੇ ਪਾਣੀ ਰੁਕਿਆ ਜਾਪਦਾ ਤੇ ਉਹਦੀ ਸਤਾ੍ਹ ’ਤੇ ਪਹਾੜਾਂ ਤੋਂ ਵਹਿ ਆਏ ਰੰਗ ਬਿਰੰਗੇ ਫੁੱਲਾਂ ਦਾ ਕੋਲਾਜ ਬਣਿਆ| ਮੈਨੂੰ ਸੁਫ਼ਨਿਆਂ ’ਚ ਰੰਗ ਬਿਰੰਗੇ ਫੁੱਲ ਦਿਖਦੇ, ਕਦੇ ਪੰਛੀ। ਜਾਗਣ ’ਤੇ ਉਨ੍ਹਾਂ ਦੇ ਰੰਗ ਤਾਂ ਭੁੱਲ ਜਾਂਦੇ, ਪਰ ਕਿੰਨ੍ਹਾਂ ਕਿੰਨ੍ਹਾਂ ਚਿਰ ਉਨ੍ਹਾਂ ਦੀ ਸੁਖਮਈ ਤਾਸੀਰ ਜ਼ਿਹਨ ’ਚ ਬਣੀ ਰਹਿੰਦੀ। ਮੈਂ ਹੈਰਾਨ ਹੁੰਨਾਂ ਕਿ ਅਸਲ ਸੰਸਾਰ ਦੇ ਅਸਲ ਜੰਗਲਾਂ ’ਚ, ਮਸਲਨ ‘ਨਿਊ ਗਿਨੀ’ ਤੇ ਦੱਖਣੀ ਅਮਰੀਕਾ ਦੇ ਵਰਖਾ-ਵਣਾਂ ’ਚ ਮੈਨੂੰ ਸੁਫ਼ਨਿਆਂ ’ਚ ਦਿਸਦੇ ਪੰਛੀਆਂ ਤੇ ਫੁੱਲਾਂ ਨਾਲੋਂ ਵੀ ਸੋਹਣੇ ਅਦਭੁਤ ਤੇ ਰਾਂਗਲੇ, ਪੰਛੀ ਤੇ ਫੁੱਲ ਹੁੰਦੇ ਹੋਣਗੇ| ਇੰਨੇ ਸੋਹਣੇ ਕਿ ਉਨ੍ਹਾਂ ਨੂੰ ਕਿਹਾ ਹੀ ‘ਸਵਰਗ ਦੇ ਪੰਛੀ’ ਤੇ ‘ਸਵਰਗ ਦੇ ਫੁੱਲ’ ਜਾਂਦਾ ਹੋਵੇਗਾ|
ਸੁਰਖ ਲਾਲ, ਗੁਲਾਬੀ, ਗੁਲਾਨਾਰੀ, ਬੈਂਗਣੀ, ਕਿਰਮਚੀ, ਪੀਲੇ, ਸਫੇਦ ਸੁਨਹਿਰੀ ਫੁੱਲ ਅਨੇਕ ਰੰਗਾਂ ਦੇ ਹੁੰਦੇ ਹਨ। ਪਰ ਹਰੇ ਰੰਗ ਦੇ ਫੁੱਲ, ਪਹਿਲੀ ਵੇਰ ਫੁੱਲਾਂ ਲਈ ਅਦਭੁਤ ਇਸ ਰੰਗ ਦੇ ਫੁੱਲ ਵੇਖ ,ਚਿਰਾਂ ਪਹਿਲਾਂ ਲਿਖੀ ਇਕ ਕਵਿਤਾ ਨੂੰ ਏਥੇ ਪੇਸ਼ ਕਰਨ ਦੇ ਮੋਹ ਤੋਂ ਮੈਂ ਖੁਦ ਨੂੰ ਮੁਕਤ ਨਹੀਂ ਕਰ ਪਾ ਰਿਹਾ|
ਖ਼ਿਆਲ ਸੀ ਸਗੋਂ ਵਿਸ਼ਵਾਸ਼ ਮੇਰਾ
ਹਰ ਰੰਗ ਦੇ ਹੁੰਦੇ ਨੇ ਫੁੱਲ
ਸਫੇਦ ਪੀਲੇ ਕਾਲੇ ਗੁਲਾਬੀ…
ਬਹੁਤ ਰੰਗਾਂ ਦੇ ਹੋ ਸਕਦੇ ਨੇ ਫੁੱਲ
ਇਕ ਰੰਗ ਤੋਂ ਸਿਵਾਇ
ਇਕ ਰੰਗ ਹਰੇ ਤੋਂ ਸਿਵਾਇ
ਕਿਉਂਜੁ ਇਹ ਤਾਂ ਪੱਤਿਆਂ ਹਰਿਆਉਲ
ਕਲੋਰੋਫਿਲ ਦਾ ਰੰਗ
ਅਣਜਾਣੀਆਂ ਕਿਹੜੀਆਂ ਤਾਕਤਾਂ
ਸਮਿਆਂ ਥਾਵਾਂ ਘਟਨਾਵਾਂ ਦੇ ਕਿਹੜੇ ਚੱਕਰਾਂ
ਕਰ ਦਿੱਤਾ ਏਨਾ ਹਰਾ ਉਨ੍ਹਾਂ ਫੁੱਲਾਂ ਦਾ ਰੰਗ
ਕਿ ਨਿਗੂਣ ਉਨ੍ਹਾਂ ਵਿਚਲੇ ਰੰਗ ਸਾਰੇ ?
ਤੇ ਦਿਸਦੇ ਈ ਨਾ ਉਹ ਫੁੱਲ ਹਰੇ
ਪੱਤਿਆਂ ਰੰਗੀਲ ਦੂਜੇ ਫੁੱਲਾਂ ’ਚ ਖਿੜੇ
ਬੇਸ਼ੱਕ ਅਚੁਕ ਹੋਵੇਗਾ ਹਰੇ
ਉਨ੍ਹਾਂ ਫੁੱਲਾਂ ਦਾ ਤਰਕ
ਕਿ ਰੰਗਾਂ ਬਾਰੇ ਤਮਾਮ
ਪੂਰਵ ਆਗ੍ਰਿਹਾਂ ਦੇ ਹੁੰਦਿਆਂ ਵੀ ਮੈਂ
ਤਸਲੀਮ ਕਰਦਾ ਹਾਂ ਉਹ
ਹਰੇ ਰੰਗ ਦੇ ਫੁੱਲ
ਇਕ ਹੋਰ ਫੁੱਲ ਮੇਰੇ ਮਨ ’ਚ ਅਮਿਟ ਉਕਰਿਆ ਹੈ| ਉਦੋਂ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਪੜ੍ਹਦਾ ਸਾਂ।ਪਿੰਡ ਜਾਣ ਲਈ ਦੀਨਾਨਗਰ ਨੇੜੇ ਸ਼ਾਹ ਸਿੰਕਦਰ ਬੱਸ ਅੱਡੇ ’ਤੇ ਉਤਰਿਆ ਤਾਂ ਰਾਤ ਕਾਫ਼ੀ ਹੋ ਚੁੱਕੀ ਸੀ| ਪਿੰਡ ’ਚ ਉਂਜ ਵੀ ਰਾਤ ਚੋਖੀ ਪਹਿਲਾਂ ਪੈ ਜਾਂਦੀ ਹੈ| ਕੁਝ ਕੁਝ ਡਰਦਾ, ਖਾਸ ਕਰ ਪੱਕੀਆਂ ਥਾਵਾਂ ਤੇ ਮਸਾਣਾਂ ਕੋਲੋਂ ਲੰਘਦਾ, ਮੈਂ ਸੂਏ ਸੂਏ ਥੱਲੇ ਧਿਆਨ ਕੀਤੀ, ਛੋਹਲਾ ਛੋਹਲਾ ਤੁਰੀ ਜਾ ਰਿਹਾ, ਕਿਉਂਕਿ ਉਹ ਬਰਸਾਤਾਂ ਦੇ ਦਿਨ ਸਨ। ਆਸਪਾਸ ਸੰਘਣੇ ਘਾਹ ਬੂਟੇ ਉੱਗੇ ਤੇ ਮੈਂਨੂੰ ਸੱਪਾਂ ਤੋਂ ਵੀ ਡਰ ਆ ਰਿਹਾ ਸੀ। ਇਕ ਦਮ ਕਿਸੇ ਚੀਜ਼ ਨੇ ਮੇਰਾ ਧਿਆਨ ਖਿੱਚਿਆ। ਮੰਤਰ ਮੁਗਧ ਹੋਇਆ ਮੈਂ ਥਾਏਂ ਖਲੋ ਗਿਆ| ਸੂਏ ਦੇ ਨਾਲ ਦੇ ਟੋਭੇ ਤੇ ਟੋਭਿਆਂ ਨਾਲ ਹੀ ਰਲ ਗਏ ਪਾਣੀ ਨਾਲ ਲਬਾਲਬ ਝੋਨੇ ਦੇ ਖੇਤ, ਭਰਖਿੜੇ ਕਮਲ ਫੁੱਲਾਂ ਨਾਲ ਟਹਿਕਦੇ ਪਏ ਸੀ। ਮੈਂ ਹੈਰਾਨ,ਕਮਲ ਤਾਂ ਸੁਬਾ੍ਹ ਧੁੱਪ ’ਚ ਖਿੜਦੇ ! ਫਿਰ ਧਿਆਨ ਹੋਇਆ ਕਿ ਉਹ ਪੂਰੀ ਤਰਾਂ੍ਹ ਨਿੰਮਲ ਪੂਰੇ ਚੰਨ ਦੀ ਰਾਤ ਸੀ ਤੇ ਚਾਨਣ ਏਨਾ ਕਿ ਕਮਲ ਟਪਲਾ ਖਾ ਗਏ ਸਨ ਤੇ ਗਈ ਰਾਤ ਟੋਭਿਆਂ ’ਚ ਤੇ ਮਹਿਕੀਲੇ ਹਰੇ ਝੋਨੇ ਦੇ ਬੂਝਿਆਂ ’ਚ ਦੁੱਧ ਚਿੱਟੇ ਦਗਦੇ ਪਏ ਸਨ| ਇਹ ‘ਕਮਲ ਚਾਨਣੀ’ ਸੀ, ਜਿਵੇਂ ਸੁਨਹਿਰੀ ਗੁਲਾਬ ਵਾਲੇ ਰੂਸੀ ਲੇਖਕ ਪਾਸਤੋਵਸਕੀ ਨੇ ਸ਼ਬਦ ‘ਕਾਗ ਚਾਨਣੀ’ ਵਰਤਿਆ ਹੈ। ਮਤਲਬ ਕਿ ਪੂਰੇ ਚੰਨ ਦੀ ਰੋਸ਼ਨੀ ਏਨੀ ਸਾਫ਼ ਤੇ ਪ੍ਰਬਲ ਸੀ ਕਿ ਕਾਵਾਂ ਨੂੰ ਦਿਨ ਹੋਣ ਦਾ ਭੁਲੇਖਾ ਪੈ ਗਿਆ, ਉਹ ਆਲ੍ਹਣਿਆਂ ’ਚੋ ਨਿਕਲ ਬਾਹਰ ਉੜਣ ਲੱਗੇ | ਉਸ ਦ੍ਰਿਸ਼ ਨੂੰ ਮੈਂ ਕਿੰਨੀ ਵਾਰ ਆਪਣੀਆਂ ਕਵਿਤਾਵਾਂ ’ਚ ਵਰਤ ਚੁੱਕਾਂ, ਪਰ ਉਹ ਮੇਰੇ ਅੰਦਰੋਂ ਮੁੱਕਦਾ ਨਹੀਂ|ਬਾਅਦ ’ਚ ਇਹ ਜਾਣ ਕੇ ਵੀ, ਕਿ ਭਰ ਚਾਨਣੀ ’ਚ ਖਿੜੇ ਕਮਲਾਂ ਨੂੰ ਕੋਈ ਭੁਲੇਖਾ ਨਾ ਪਿਆ ਸੀ, ਉਹ ਤਾਂ ਸਹਿਜੇ ਭਰ ਚਾਨਣੀ (ਕੌਮਿਦੀ)’ਚ ਖਿੜੀਆਂ (ਕੌਮਿਦਿਨੀਆਂ) ਕੰਮੀਆਂ ਸਨ|
………
ਕਾਲਾ ਰੰਗ ਸੋਗ ,ਉਦਾਸੀ ਤੇ ਨਿਰਾਸ਼ਾ ਦਾ ਹੀ ਨਹੀਂ ਹੁੰਦਾ, ਕਦੇ ਕਦੇ ਕਾਲੇ ਰੰਗ ਦੀ ਹਨੇਰੇ ’ਚ ਵੀ ਅਕਿਹ ਸੁੰਦਰਤਾ ਹੁੰਦੀ ਹੈ।
ਇਕ ਵਾਰ ਇਕ ਪਹਾੜੀ ਪਰਦੇਸ ਦੇ ਮਹਿਮਾਨ ਘਰ ’ਚ ਬੈਠੇ ਸਾਂ। ਰਾਤ ਦਾ ਸਮਾਂ, ਕ੍ਰਿਸ਼ਨ ਪੱਖ। ਸਾਹਮਣੇ ਨਦੀ ਤੇ ਘਾਟੀ ਤੋਂ ਪਾਰ, ਸੰਘਣੇ ਸਉਲੇ ਦੇਓਦਾਰ ਧਾਰੀ ਬੁਲੰਦ ਪਰਬਤ ਸਨ, ਤੇ ਸਭ ਕੁਝ ’ਤੇ ਛਾ ਰਹੀ, ਨਦੀ ਦੀ ੳੁੱਚੀ ਇਕਸਾਰ ਲਗਾਤਾਰ ਆਵਾਜ਼ | ਵਾਦੀ ’ਚ ਦੂਰ ਦੂਰ ਤਾਈਂ, ਬਸਤੀ ਦੇ ਘਰ ਮਕਾਨ ਜਗਮਗ ਕਰਦੇ ਪਏ, ਜਿਉਂ ਰੰਗ ਬਿਰੰਗੇ ਤਾਰਿਆਂ ਭਰਿਆਂ ਆਸਮਾਨ ਧਰਤੀ ’ਤੇ ੳੁੱਤਰ ਆਇਆ ਹੋਵੇ| ਇਕਦਮ ਚੌਫੇਰੀ, ਨਜ਼ਰ ਦੀ ਹੱਦ ਤਾਈਂ, ਰੋਸ਼ਨੀ ਗੁਲ ਹੋ ਗਈ,ਵਾਹ ! ਕਿੰਨਾ ਸੁਖਮਈ ਸ਼ਾਂਤ ਸਭ ! ਮੁਕਤੀ ਰੋਸ਼ਨੀਆਂ ਤੋਂ ! ਸਭ ਕਾਸੇ ’ਤੇ ਛਾਉਂਦਾ ਨਰਮ, ਸ਼ਾਹ-ਕਾਲਾ ਹਨੇਰਾ, ਏਨਾ ਗੂੜਾ ਕਿ ਸਾਹਮਣੇ ਫੈਲਾਇਆ ਆਪਣਾ ਹੱਥ ਨਾ ਦਿਸੇ। ਜਿਸ ਤਰਾਂ੍ਹ ਦਾ ਮਾਂ ਦੇ ਗਰਭ ਅੰਦਰ ਜਾਂ ਕਬਰ ਦੇ ਅੰਦਰ ਹੋਵੇਗਾ। ਜਿਸ ਤਰਾਂ੍ਹ ਦਾ ਬ੍ਰਹਿਮੰਡ ਦੀਆਂ ਅੰਤਲੀਆਂ, ਐਨ ਅੰਤਿਮ, ਸਮਾਂ ਸਪੇਸ ਦੀਆਂ ਵਲਗਣਾਂ ਤੋਂ ਪਾਰ ਹੋਵੇਗਾ| ਜਿਸ ਤਰਾਂ੍ਹ ਦਾ ਆਪਣੇ ਪਿਆਰੇ ਦੀ ਗੋਦ ’ਚ ਸਿਰ ਛੁਪਾਉਣ ’ਤੇ ਹੁੰਦਾ |
ਅਕਾਸ਼ ਗੂੜੀ ਸਿਆਹੀ ਰੰਗਾ ਸੀ ਤੇ ਵਿਚ ਸਪਤਰਿਖੀ, ਵਹਿੰਗੀਆਂ ਤੇ ਦੂਧੀਆ ਰਾਹ ਜਗਦੇ ਪਏ, ਤੇ ਸਭ ਤੋਂ ਜਿਆਦਾ ਜਗਦਾ ਇਕ ਤਾਰਾ ਮੀਂਹ ਧੁਪੇ ਅਸਮਾਨ ’ਚ ਮੋਟਾ ਗੋਲ ਪੀਲਾ,ਲਗਪਗ ਚੰਨ ਜਿੱਡਾ, ਜਿਉਂ ਚਿਹਰਾ ਸੀ ਉਹਦਾ। ਘਾਹ ’ਚ ਜ਼ਮੀਨ ਦੇ ਕੋਲ ਕੋਲ, ਅਣਗਿਣਤ ਜੁਗਨੂੰ ਟਿਮਟਿਮਾੳਂੁਦੇ ਪਏ, ਸਾਰੇ ਪਹਾੜ੍ਹ ਨੇ੍ਹਰੇ ’ਚ ਡੁੱਬੇ ਤੇ ਜਾਪਿਆ, ਰੁੱਖਾਂ ਦੇ ਸਉਲੇ ਸਾਏ ਜਗ ਰਹੇ, ਕਿ ਚਾਨਚੱਕ ਬਿਜਲੀ ਆ ਜਾਣ ਨਾਲ ਚੁਧਿਆੳਂੁਦਾ ਚਾਨਣ ਹੋਇਆ, ਸਭ ਕੁਝ ਜੋ ਜਗਦਾ ਸੀ ਬੁੱਝ ਗਿਆ|
ਸ਼ਾਇਰ ਜਸਵੰਤ ਦੀਦ ਦੱਸਦਾ ਹੈ ਕਿ ਹਨੇਰੇ/ਰੋਸ਼ਨੀ ਬਾਰੇ ਲਿਖੀਆਂ ਉਹਦੀਆਂ ਇਹ ਦੋ ਸਤਰਾਂ ਪੰਜਾਬੀ ਦੀ ਇਕ ਉਭਰਦੀ ਕਵਿਤਰੀ ਨੇ ਪੜ੍ਹਾਈ ਸਮੇਂ ਆਪਣੇ ਹੋਸਟਲ ਦੇ ਕਮਰੇ ’ਚ ਲਾਈਆਂ ਹੁੰਦੀਆਂ ਸੀ|
ਹਨੇਰਾ ਰਹਿਣ ਦੇ
ਰੌਸ਼ਨੀ ਦਾ ਸ਼ੋਰ ਹੁੰਦਾ ਹੈ
ਮੇਰਾ ਇਕ ਦੋਸਤ ਹੈ, ਮਿਲਟਰੀ ’ਚ ਕਰਨਲ। ਉਹਦੀ ਪਤਨੀ ਉੱਚੀ, ਲੰਮੀ, ਗੋਰੀ, ਗੋਲ ਚਿਹਰੇ ਤੇ ਪਾਰਦੀਪਤ ਜਿਲਦ ਵਾਲੀ| ਉਹਦਾ ਚਿਹਰਾ ਵੇਖ ਹਮੇਸ਼ਾ ਜਾਪਦਾ ਸ਼ਾਹ ਕਾਲੀ ਰਾਤ ’ਚ ਪਹਾੜ੍ਹੀ ਪਿੱਛਿਉਂ ਹੁਣੇ ਹੁਣੇ ਪੂਰਾ ਗੋਲ ਲਿਸ਼ਕਦਾ ਚੰਨ ਚੜ੍ਹਿਆ| ਚੁਲਬੁਲੀ, ਛੋਹਲੀ, ਬਹੁਤ ਬੋਲਦੀ, ਸ਼ੋਰੀਲੀ ਪਹਾੜੀ ਨਦੀ, ਜਦੋਂ ਹੱਸਦੀ (ਉਹ ਹੱਸਦੀ ਹੀ ਰਹਿੰਦੀ) ਤਾਂ ਉਹਦੇ ਇਕਸਾਰ ਸਫੇLਦ ਦੰਦਾਂ ’ਚੋਂ ਹਲਕੇ ਗੁਲਾਬੀ (ਸਿਹਤ ਦੇ ਰੰਗ ਦੇ) ਚਿਹਰੇ ’ਤੇ ਬਹੁਤ ਜਚਦੇ, ਜ਼ਰਾ ਜ਼ਰਾ ਐਵੇਂ ਝਲਕਈ ਮਸੂੜ੍ਹੇ ਦਿਸਦੇ| ਏਨੇ ਸੋਹਣੇ ਦੰਦ ਤੇ ਮਸੂੜ੍ਹੇ ਮੈਂ ਕਦੇ ਕਿਸੇ ਹੋਰ ਔਰਤ ਦੇ ਨਾ ਦੇਖੇ| ਗਲ ਦੀ ਜਿਲਦ ਏਨੀ ਪਤਲੀ ਨਾਜ਼ੁਕ ਕਿ ਥੱਲਿਉਂ ਹਲਕੀਆਂ ਨੀਲੀਆਂ ਨਾੜਾਂ ਦਿਸਦੀਆਂ| ਉਹ ਸਾਡੇ ਪਰਿਵਾਰਕ ਦੋਸਤ ਸਨ। ਉਹਦੇ ਨਾਲ ਹਲਕੀ ਫੁਲਕੀ ਚੁਹਲਬਾਜ਼ੀ ਕਰਦਿਆਂ ਮੈਂ ਸੰਗਦਾ ਨਾ। ਏਨੀ ਸੋਹਣੀ ਔਰਤ ਨਾਲ ਗੱਲਬਾਤ ਕਰਨੀ ਹੀ ਪਰਮਾਨੰਦ ਹੁੰਦਾ ਹੈ।
ਸ਼ਰਬਤੀ-ਮੈਨੂੰ ਉਤਸੁਕਤਾ ਹੁੰਦੀ, ਕੇਹਾ ਹੁੰਦਾ ਰੰਗ ਸ਼ਰਬਤੀ। ਕਿਉਂਕਿ ਪੰਜਾਬੀ ਗੀਤਾਂ, ਲੋਕਗੀਤਾਂ ਤੇ ਬੋਲੀਆਂ ’ਚ ਇਸ ਰੰਗ ਦਾ ਜ਼ਿਕਰ ਬਾਰ ਬਾਰ ਹੁੰਦਾ| ਇਕ ਬਾਰ ਆਪਣੇ ਇਕ ਸ਼ਾਇਰ ਦੋਸਤ ਤੋਂ ਪੁੱਛਿਆ ਕਿਹੋ, ‘ਜਿਹੀਆਂ ਹੁੰਦੀਆਂ ਸ਼ਰਬਤੀ ਅੱਖਾਂ|’ ਕਹਿੰਦਾ, ‘ਅਜੀਬ ਆਦਮੀ ਏਂ, ਕਦੇ ਧੁੱਪ ’ਚ ਆਪਣੀ ਘਰਵਾਲੀ ਦੀਆਂ ਅੱਖਾਂ ਵੇਖੀਂ|’ ਹਲਕੀ ਬਦਾਮੀ ਭਾਹ ਮਾਰਦੀਆਂ, ਪਤਨੀ ਦੀਆਂ ਅੱਖਾਂ ਵਾਕਈ, ਪਾਣੀ ’ਚ ਘੁਲੀ ਸ਼ੱਕਰ ਦੇ ਰੰਗ ਵਾਲੀਆਂ, ਸ਼ਰਬਤੀ ਦਿਸਦੀਆਂ|
ਮੇਰਾ ਪਹਿਲਾ ਪਿਆਰ ਕੇਰਲਾ ਦੀ ਇਕ ਕੁੜੀ ਸੀ| ਉਹ ਬਹੁਤ ਸੋਹਣਾ ਗਾਉਂਦੀ ਸੀ| ਉਹਦੀਆਂ ਅੱਖਾਂ ਮੋਟੀਆਂ ਕਾਲੀਆਂ, ਬੁੱਲ੍ਹ ’ਤੇ ਤਿਲ, ਤੇ ਸਾਂਵਲਾ ਰੰਗ| ਮੁਸ਼ਕੀ, ਭੁੂਰੇ ਨਾਲ ਮਿਲਿਆ ਕਾਲਾ ਰੰਗ। ਮੁਸ਼ਕ(ਕਸਤੂਰੀ) ਦੇ ਰੰਗ ਜੇਹਾ |
ਸੰਘਣੇ ਜੰਗਲ ਵੀ ਸਾਂਵਲੇ ਹੁੰਦੇ| ਕਿਸੇ ਸੰਘਣੇ ਜੰਗਲ ਦਾ ਗੂੜ੍ਹਾ ਸਾਉਲਾ ਹਨੇਰਾ, ਆਪਣੀ ਭੇਦ ਭਰੀ ਗਹਿਰਾਈ ਤੇ ਅਦਿੱਖ ਖ਼ਤਰਿਆਂ ਨਾਲ ਭਰਿਆ, ਇਕੋ ਵੇਲੇ ਮੈਂਨੂੰ ਭੈਭੀਤ ਤੇ ਆਕਰਸ਼ਿਤ ਕਰਦਾ, ਮੇਰੇ ਅੰਦਰ ਕਾਮੁਕਤਾ ਜਗਾਂਦਾ| ਕੇਰਲਾ ਦੀ ਉਸ ਕੁੜੀ ਕਰਕੇ ?ਕੁਝ ਹੋਰ ਕਰਕੇ ?
ਚੰਡੀਗੜ੍ਹ ਦੀ ਸੁਖਨਾ ਝੀਲ ’ਚ ਇਕ ਵਾਰੀ ਮੈਂ ਚੱਪੂਆਂ ਵਾਲੀ ਬੇੜੀ ਚਲਾਉਂਦਾ ਐਨ ਪਾਰਲੇ ਕਿਨਾਰੇ ਪੁੱਜ ਗਿਆ| ਕਿਨਾਰੇ ਦੇ ਕੋਲ, ਜਿੱਥੋਂ ਨਾਲ ਹੀ ਸੰਘਣੀ ਬਨਸਪਤੀ ਸ਼ੁਰੂ ਹੋ ਜਾਂਦੀ, ਇੱਕਲਾ ਇਕ ਵੱਡਾ ਸਾਰਾ, ਗੂੜ੍ਹਾ ਪੀਲਾ ਕਮਲ ਦਾ ਫੁੱਲ ਟਹਿਕਦਾ ਸੀ| ਦਹਾਕੇ ਬੀਤ ਗਏ, ਉਹ ਕਮਲ ਫੁੱਲ ਅਜੇ ਵੀ ਮੇਰੇ ਅੰਦਰ ਉਂਜ ਹੀ ਖਿੜਿਆ ਹੈ।
ਪੀਲਾ ਰੰਗ ਮੇਰੇ ਇਕ ਹੋਰ ਸ਼ਾਇਰ ਦੋਸਤ ਦਾ ਵੀ ਪਸੰਦੀਦਾ ਰੰਗ ਹੈ। ਪੀਲਾ ਲਿਬਾਸ ਪਹਿਨੀ ਕਿਸੇ ਖ਼ੂਬਸੂਰਤ ਔਰਤ ਨਾਲ ਉਹਦਾ ਜ਼ਰਾ ਸੰਪਰਕ ਹੋ ਜਾਵੇ ਤਾਂ ਉਹ ਸਵਿਤੋਜ ਵੱਲੋਂ ਅਕਸਰ ਸੁਣਾਇਆ ਜਾਂਦਾ, ਸ਼ਾਇਰ ਦੇਵਿੰਦਰ ਜੋਸ਼ ਦਾ ਇਹ ਸ਼ਿਅਰ ਬ੍ਰਹਮਅਸਤਰ ਵਾਂਗ ਵਰਤਣੋਂ ਬਾਜ਼ ਨਾ ਆਂਉਂਦਾ|
ਪੀਲੇ ਰੰਗ ਦੀ ਸਾੜ੍ਹੀ ਹੀ ਉਹ ਪਾਉਂਦੀ ਹੈ
ਪੀਲਾ ਰੰਗ ਹੀ ਸਾਨੂੰ ਚੰਗਾ ਲੱਗਦਾ ਹੈ
ਪੀਲਾ ਰੰਗ ਸਾਡੇ ਅਵਚੇਤਨ ਦਾ ਹਿੱਸਾ ਹੈ| ਇਹ ਖਿੜੀ ਸਰੋ੍ਹਂ ਦਾ, ਸ਼ਗਨਾਂ ਦਾ, ਖਾਲਸੇ ਦਾ, ਕ੍ਰਿਸ਼ਨ ਦੇ ਵਸਤਰਾਂ ਦਾ ਰੰਗ ਹੈ| ਮੇਰੇ ਸ਼ਹਿਰ ਅੰਮ੍ਰਿਤਸਰ ਜਦੋਂ ਅਮਲਤਾਸ ਖਿੜਦੇ ਤਾਂ ਪੀਲੇ ਰੰਗਾਂ ਦਾ ਮੇਲਾ ਲੱਗ ਜਾਂਦਾ| ਪਰ ਲੋਕ ਵੇਖਦੇ ਨਹੀਂ, ਕੀ ਸਭ ਦੇ ਸਭ ਰੰਗ-ਨਾਦੀਦ ਹੋ ਗਏ? ਕੋਈ ਵੀ ਰੁਕਦਾ ਨਹੀਂ, ਨਜ਼ਰ ਭਰ ਵੇਖਦਾ ਨਹੀਂ, ਸੜਕਾਂ ਦੇ ਕੰਢਿਆਂ ’ਤੇ ,ਬਾਗ਼ਾਂ ’ਚ, ਘਰਾਂ ਦੇ ਵਿਹੜਿਆਂ ’ਚ ਕਿੰਨਾ ਕੱਠ ਹੁੰਦਾ ਹਰਾ-ਪੀਲਾ, ਸਰ੍ਹੋਂ ਪੀਲਾ, ਧੁਪਿਆ-ਪੀਲਾ, ਤਾਂਬਈ ਪੀਲਾ, ਜਗ ਰਿਹਾ ਪੀਲਾ, ਬੁਝ ਰਿਹਾ ਪੀਲਾ।…
ਸ਼ਹਿਰ ’ਚ ਸੁਰਖ ਲਾਲ ਗੂੜੇ੍ਹ ਗਾਜਰੀ ਤੇ ਨਵੀਆਂ ਧੁਪੀਆਂ ਇੱਟਾਂ ਦੇ ਰੰਗ ਦੇ ਗੁਲਮੋਹਰ ਵੀ ਖਿੜਦੇ | ਨੀਲਮ ਸਿੰਮਲ, ਭਾਰਤੀ ਸੰਧੂਰ ਬਿਰਖ ਤੇ ਨਿੱਕੇ ਪਿਆਜ਼ੀ ਜਾਮਣੀ ਫੁੱਲਾਂ ਦੇ ਗੁੱਛਿਆਂ ਵਾਲੀਆਂ ਧਰੇਕਾਂ (ਫਾਰਸੀ ਲਿੱਲੀਆਂ) ਵੀ ਸਮੇਂ ਸਮੇਂ ਸਿਰ ਆਪਣੀਆਂ ਰੰਗ ਨੁਮਾਇਸ਼ਾਂ ਲਾਉਂਦੇ ਰਹਿੰਦੇ,ਪਰ ਕਿਸੇ ਕੋਲ ਉਨ੍ਹਾਂ ਲਈ ਵਕਤ ਨਾ ਹੁੰਦਾ, ਸ਼ਹਿਰੀ ਸਦਾ ਕਾਹਲ ’ਚ ਹੁੰਦੇ |
ਇਸ ਦ੍ਰਿਸ਼ਟਮਾਨ ਸੰਸਾਰ ’ਚ ਰੰਗਾਂ ਦੀਆਂ ਲੱਖਾਂ ਭਾਹਾਂ ਨੇ। ਕਿੰਨੇ ਹੀ ਰੰਗ ਨੇ ਜਿਨ੍ਹਾਂ ਨੂੰ ਵੇਖਣ ਵਾਸਤੇ ਸਾਡੀਆਂ ਅੱਖਾਂ ਅਸਮਰਥ ਹਨ। ਮਸਲਨ ਪਰਾਬੈਂਗਣੀ ਤੇ ਨਿਮਨ ਲਾਲ| ਹੋਰ ਜੰਤੂਆਂ ਜਿਵੇਂ ਭੌਰਿਆਂ, ਰਸਚੂਸਣੇ ਪੰਛੀਆਂ, ਸੱਪਾਂ ਤੇ ਕੁੱਤਿਆਂ ਨੂੰ ਰੰਗ ਸਾਡੇ ਨਾਲੋਂ ਹੋਰ ਰੰਗ ਦੇ ਦਿਸਦੇ |
ਰੰਗਾਂ ਦੀ ਗੱਲ ਇਸ ਕੁਦਰਤੀ ਸੰਸਾਰ ਦੀ ਬਾਤ ਵਾਂਗ ਹੀ ਸਦਾ ਚਲਾਇਮਾਨ, ਅਮੁੱਕ ਹੈ| ਬੱਦਲਾਂ ਦੇ ਕਪਾਹੀ, ਸੁਰਮਈ, ਗੁਲਾਬੀ ਤੇ ਜਾਮਣੀ, ਝੀਲਾਂ ਦਰਿਆਵਾਂ ਦੇ ਹਰੇ ਤੇ ਨੀਲੇ, ਕਦੇ ਕਦੇ ਬੱਦਲਾਂ ’ਚ ਘਿਰੇ ਆਸਮਾਨ ’ਚੋਂ ਦਿੱਸਦਾ ਹਰੇ ਰੰਗ ਦਾ, ਹਾਂ ਹਰੇ ਰੰਗ ਦਾ ਆਸਮਾਨੀ ਟੁਕੜਾ, ਅੰਬਾਂ ਦੇ ਸੰਧੂਰੀ, ਰਸੇ ਜਾਮਣਾਂ ਦਾ ਜਾਮਣੀ, ਪਹਾੜੀ ਢੱਕੀਆਂ ’ਤੇ ਖਿੜੀ ਡੇਜ਼ੀ ਦਾ ਸਫੇLਦ, ਪਹਾੜਾਂ ’ਚ ਲਾਲੀਗੁਰਨ ਫੁੱਲਾਂ ਦੇ ਲਾਲ, ਪੁਲਾੜ ’ਚੋਂ ਵੇਖਿਆਂ ਸਾਡੇ ਇਸ ਸੋਹਣੇ ਗ੍ਰਹਿ ਦਾ ਨੀਲਾ-ਹਰਾ…ਰੰਗ ਅਨੰਤ ਨੇ| ਬੇਸ਼ਕ ਮੁੱਢਲੇ ਰੰਗ ਨੀਲਾ, ਪੀਲਾ, ਤੇ ਲਾਲ ਤਿੰਨ ਹੀ ਨੇ ਤੇ ਸਭ ਰੰਗ ਇਨ੍ਹਾਂ ਦੇ ਆਪਸੀ ਮੇਲ ’ਚੋਂ ਹੀ ਉਦੈ ਹੁੰਦੇ ਹਨ | (ਤੇ ਜਿੰਨ੍ਹਾਂ ਨੂੰ ਅਸੀ ਸਫ਼ੇਦ ਅਤੇ ਕਾਲਾ ਰੰਗ ਕਹਿੰਦੇ ਹਾਂ ਅਸਲ ’ਚ ਰੰਗ ਹੀ ਨਾ ਹੁੰਦੇ ) ਤਾਂ ਮਨੁੱਖੀ ਜਿਲਦ ਦੇ ਸਾਰੇ ਰੰਗ, ਰੰਗ ਕਾਲੇ ’ਚੋਂ ਬਣੇ | ਇਹ ਸਾਇੰਸੀ ਸੱਚ ਹੈ ਕਿ ਅਜੋਕਾ ਮਨੁੱਖ, ਭਾਵੇਂ ਉਹ ਨੀਲੀਆਂ ਅੱਖਾਂ ਵਾਲਾ ਗੋਰਾ ਕਾਕੇਸ਼ੀਆਵੀ ਹੋਏ, ਚੁੰਨ੍ਹੀਆਂ ਅੱਖਾਂ ਤੋਂ ਪੀਲੀ ਜਿਲਦ ਵਾਲਾ ਚੀਨੀ ਜਾਂ ਪੁੱਠੇ ਤਵੇ ਦੇ ਰੰਗ ਵਾਲਾ ਅਫਰੀਕੀ, ਜਾਂ ਕਣਕ ਵੰਨਾ ਭਾਰਤੀ ਇਸ ਧਰਤੀ ਦੇ ਸਾਰੇ ਮਨੁੱਖ, ਤਕਰੀਬਨ ਇਕ ਲੱਖ ਵਰਾ੍ਹ ਪਹਿਲਾਂ, ਅਫਰੀਕਾ ਦੀ ‘ਰਿਫਟ ਵੈਲੀ’ ’ਚ ਹੋਈ ਕਾਲੀ ਆਦਿ-ਮਾਂ ਦੀ ਸੰਤਾਨ ਹਨ| ਸਾਡੇ ਸਭਨਾ ਦਾ ਡੀ. ਐਨ. ਏ. ਇਹ ਸਿੱਧ ਕਰਦਾ ਹੈ। ਫਿਰ ਜਿਉਂ ਜਿਉਂ ਮਨੁੱਖ ਸਮੂਹ ‘ਰਿਫਟ ਵੈਲੀ’’ਚੋਂ ਪਰਵਾਸ ਕਰਦੇ, ਉੱਤਰੀ ਅਫਰੀਕਾ ’ਚੋਂ ਹੁੰਦੇ, ਯੋਰਪ ਦੇ ਅਤਿ ਠੰਢੇ ਜਾਂ ਏਸ਼ੀਆ ਦੇ ਗਰਮ ਇਲਾਕਿਆਂ ’ਚ ਪੁੱਜਦੇ ਗਏ, ਉਨ੍ਹਾਂ ਦੇ ਨਕਸ਼ ਤੇ ਚਮੜੀ ਦੇ ਰੰਗ ਬਦਲਦੇ ਗਏ| ਮੈਂ ਅਕਸਰ ਹੈਰਾਨ ਹੁੰਨਾਂ।
ਜੇਕਰ ਭਾਰਤ ਅਤੇ ਬਹੁਤੀ ਬਾਕੀ ਦੁਨੀਆ ’ਤੇ ਸਦੀਆਂ ਤਾਈਂ ਅਫਰੀਕੀਆਂ ਦਾ ਰਾਜ ਹੁੰਦਾ, ਤਾਂ ਵੀ ਕੀ ਗੋਰਾ ਰੰਗ, ਨੀਲੀਆਂ ਅੱਖਾਂ ਤੇ ਪਤਲੇ ਨੈਣ-ਨਕਸ਼ ਹੀ ਸੁੰਦਰਤਾ ਦੇ ਮਾਪਦੰਡ ਹੁੰਦੇ ? ਗੋਰਾ ਗੋਲ ਚਿਹਰਾ ਤੇ ‘ਮੁੱਖੜਾ ਚੰਨ ਵਰਗਾ’ ਹੀ ਸੁਹੱਪਣ ਦੇ ਸਿਖ਼ਰ ਹੁੰਦੇ ? ਰੰਗ ਭੇਦ ਮਾਨਵ ਜਾਤੀ ਦੀ ਕੌੜੀ ਸੱਚਾਈ ਤੇ ਵੱਡਾ ਦੁਖਾਂਤ ਹੈ|
ਵਿਡੰਬਣਾ ਵੇਖੋ ,ਗਲੋਬ ਦੇ ਇਸ ਅੱਧ-ਗੋਲੇ ’ਚ ਰਹਿੰਦਾ ਮੈਂ ,ਕਿਉ ਜੁ ਰਤਾ ਗੋਰਿਆਂ ’ਚੋਂ ਹਾਂ, ਸੁਸੁਹਣਿਆਂ ’ਚ ਹਾਂ ਤੇ ਸਉਲਿਆਂ ਨੂੰ ਆਪਣੇ ਤੋਂ ਰਤਾ ਹੇਠਾਂ ਜਾਣਦਾਂ | ਪਰ ਕੁਝ ਘੰਟਿਆਂ ਦਾ ਸਫ਼ਰ ਕਰਦਾ, ਇਕ ਨਿੱਕਾ ਜਿਹਾ ਗੇੜ ਖਾਂਦਾ, ਧਰਤ ਦੇ ਦੂਜੇ ਅਰਧ ਗੋਲੇ ’ਚ ਪੁੱਜਦਾਂ ਤਾਂ ਰਾਤੋ ਰਾਤ ਕਾਲਾ, ਕੁਸੁਹਣਾ ਹੋ ਜਾਂਦਾ ਹਾਂ |
ਰੰਗਾਂ ਨੂੰ, ਜਿਹੜਾ ਕਿ ਅਸਲ ’ਚ ਇਕ ਜ਼ਾਵੀਏ ਤੋਂ ਵੇਖਿਆਂ ਨਜ਼ਰ ਭੁਲੇਖਾ ਹੀ ਹੈ ਤੇ ਚਮੜੀ ਤੋਂ ਡੂੰਘਾ ਨਹੀਂ, ਏਨਾ ਮਹੱਤਵ!