ਪੰਜਾਬ ਦੇ ਉਜਾੜੇ ਤੋਂ ਪਹਿਲਾਂ ਲਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਕਿਤਾਬਾਂ ਦੀ ਬਹੁਤ ਵੱਡੀ ਮਸ਼ਹੂਰ ਦੁਕਾਨ ਹੁੰਦੀ ਸੀ ‘ਰਾਮਾ ਕ੍ਰਿਸ਼ਨਾ ਐਂਡ ਸਨਜ਼’। (ਉਜਾੜੇ ਮਗਰੋਂ ਇਹ ਦੁਕਾਨ ਜਲੰਧਰ ਤੇ ਦਿੱਲੀ ਚਲੇ ਗਈ ਸੀ)। ਮਾਲਕਾਂ ਦੇ ਤਿੰਨ ਪੁਤ ਸਨ ਰਾਜ ਕ੍ਰਿਸ਼ਣ, ਰੂਪ ਕ੍ਰਿਸ਼ਣ ਅਤੇ ਕੇਵਲ ਕ੍ਰਿਸ਼ਣ। ਇਨ੍ਹਾਂ ਚੋਂ ਰੂਪ ਕ੍ਰਿਸ਼ਣ ਕਲਾਕਾਰ ਬਣਿਆ ਅਤੇ ਇੰਗਲੈਂਡ ਤਕ ਅਪਣਾ ਨਾਮ ਬਣਾ ਕੇ ਓਥੇ ਹੀ ਸੰਨ 1969 ਵਿਚ ਪੂਰਾ ਹੋ ਗਿਆ।
ਰੂਪ ਨੇ ਕਲਾ ਸਾਧਨਾ ਲਹੌਰ ਦੇ ‘ਮੇਓ ਸਕੂਲ ਆੱਵ ਆਰਟ’, ਸ਼ਾਂਤੀਨਿਕੇਤਨ ਵਿਚ ਟੈਗੋਰ ਤੇ ਨੰਦ ਲਾਲ ਬੋਸ ਨਾਲ਼ ਅਤੇ ਲੰਡਨ ਦੇ ਰੌਇਲ ਕਾਲਜ ਆੱਵ ਆਰਟ ਵਿਚ ਕੀਤੀ ਸੀ। ਰੂਪ ਟੈਗੋਰ ਤੇ ਬੋਸ ਦਾ ਚਹੇਤਾ ਸੀ। ਇਹ ਲਹੌਰੋਂ ਨਿਕਲ਼ਦੇ ‘ਟ੍ਰਿਬਿਊਨ’ ਅਖ਼ਬਾਰ ਵਿਚ ਕਲਾ ਦੀ ਪਰਖ ਵੀ ਲਿਖਦਾ ਰਿਹਾ। ਚਿਤ੍ਰਕਾਰ ਸਤੀਸ਼ ਗੁਜਰਾਲ ਨੇ ਇਹਦੀ ਲਿਖੀ ਕਿਤਾਬ ਦਾ ਅਪਣੀ ਕਿਤਾਬ ‘ਏ ਬ੍ਰੱਸ਼ ਵਿਦ ਲਾਈਫ਼’ (1997) ਵਿਚ ਵੀ ਜ਼ਿਕਰ ਕੀਤਾ ਹੈ। ਰੂਪ ਦਾ ਵਿਆਹ ਅੰਗਰੇਜ਼ ਔਰਤ ਮੇਰੀ ਨਾਲ਼ ਹੋਇਆ, ਜੋ ਆਪ ਵੀ ਕਲਾਕਾਰ ਸੀ। ਇਹ ਅਪਣਾ ਪੂਰਾ ਨਾਂ ਇੰਜ ਲਿਖਦੀ ਸੀ ਮੇਰੀ ਰੂਪ ਕ੍ਰਿਸ਼ਣ। ਇਹ ਪੱਛਮੀ ਲੰਡਨ ਦੇ ਇਲਾਕੇ ਸਾਉਥ ਕੈਨਸਿੰਗਟਨ ਚ ਰਹਿੰਦੇ ਸਨ। ਦੋਹਵਾਂ ਦੀ ਇੰਗਲੈਂਡ ਦੇ ਵੱਡੇ ਕਲਾ ਪਾਰਖੂਆਂ ਰੌਜਰ ਫ਼ਰਾਈ ਅਤੇ ਕਲਾਈਵ ਬੈੱਲ ਨਾਲ਼ ਬੜੀ ਸਾਂਝ ਸੀ।
ਕੇ.ਸੀ.ਆਰਯਨ ਨੇ ਅਪਣੀ ਕਿਤਾਬ ‘ਹੰਡਰਡ ਯੀਅਰਜ਼ ਸਰਵੇ ਆੱਵ ਪੰਜਾਬ ਪੇਂਟਿੰਗ 1841-1941’ (ਪੰਜਾਬੀ ਯੂਨੀਵਰਸਟੀ. 1975) ਵਿਚ ਰੂਪ ਕ੍ਰਿਸ਼ਣ ਬਾਰੇ ਲਿਖਿਆ ਸੀ: “ਅਮ੍ਰਿਤਾ ਸ਼ੇਰਗਿੱਲ ਵਾਂਙ ਰੂਪ ਕ੍ਰਿਸ਼ਣ ਨੂੰ ਭਾਰਤੀ ਕਲਾ ਰੀਤਾਂ ਅਤੇ ਪੱਛਮੀ ਮੁਲਕਾਂ ਦੀਆਂ ਜੁਗਤਾਂ ਦੀ ਪੂਰੀ ਸਮਝ ਸੀ। ਇਹਨੇ ਦੋਹਵਾਂ ਨੂੰ ਮੇਲਣ ਦਾ ਜਤਨ ਕੀਤਾ। ਫੇਰ ਇਹਨੇ ਸ਼ਕਲਾਂ ਦੇ ਵਿਗਾੜ ਦੇ ਤਜਰਬੇ ਵੀ ਕੀਤੇ। ਮੰਦੇ ਭਾਗਾਂ ਨੂੰ ਸਾਡੇ ਕੋਲ਼ ਰੂਪ ਦੇ ਲਹੌਰ ਵੇਲੇ ਅਤੇ ਮਗਰੋਂ ਦੀ ਕਲਾ ਦੇ ਨਮੂਨੇ ਨਹੀਂ ਹਨ।”
ਆਰਯਨ ਨੇ ਰੂਪ ਦੇ ਗੁੰਮਨਾਮ ਰਹਿ ਜਾਣ ਦਾ ਮਿਹਣਾ ਪੰਜਾਬੀਆਂ ਦੀ ਸੁਹਜ-ਵਿਹੂਣੀ ਸੋਚ ਨੂੰ ਦਿੱਤਾ ਸੀ।
ਰੂਪ ਸਖ਼ਤ ਸੁਭਾਅ ਦਾ ਸੀ। ਉਹ ਮੂਰਖਾਂ ਨੂੰ ਝੱਲ ਨਹੀਂ ਸੀ ਸਕਦਾ। ਫ਼ਜ਼ੂਲ ਗੱਲਾਂ ਕਰਨ ਵਾਲ਼ੇ ਨੂੰ ਉਹਨੇ ਝੱਟ ਤਾੜ ਦੇਣਾ ‘ਯੂ ਆਰ ਏ ਫ਼ੂਲ, ਗੈੱਟ ਆਉਟ!’ – ਉਹਦੇ ਵੇਲੇ ਦੇ ਕਹਿੰਦੇ-ਕਹਾਉਂਦੇ ਚਿੱਤ੍ਰਕਾਰਾਂ ਅਮ੍ਰਿਤਾ ਸ਼ੇਰਗਿੱਲ, ਬੀ. ਸੀ. ਸਾਨਿਆਲ ਅਤੇ ਅਬਦੁਰ ਰਹਿਮਾਨ ਚੁਗ਼ਤਾਈ ਵਰਗਿਆਂ ਦਾ ਕੰਮ ਉਹਨੂੰ ਪਸੰਦ ਨਹੀਂ ਸੀ। ਸਤੀਸ਼ ਗੁਜਰਾਲ ਦੱਸਦਾ ਹੈ ਕਿ ਇਕ ਵਾਰੀ ਰੂਪ ਨੇ ਗ਼ੁੱਸੇ ਚ ਆ ਕੇ ਅਮ੍ਰਿਤਾ ਦਾ ਬਣਾਇਆ ਚਿਤ੍ਰ ਬਾਰੀ ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਕਾਰਣ ਵੀ ਰੂਪ ਦੇ ਬਹੁਤੇ ਸਮਕਾਲੀਆਂ ਨੇ ਉਹਦੇ ਬਾਰੇ ਚੁੱਪ ਹੀ ਧਾਰੀ ਰੱਖੀ। ਅੱਜ ਵੀ ਚੁੱਪ ਹਨ।
‘ਮੇਓ ਸਕੂਲ ਆੱਵ ਆਰਟ’ ਦੇ ਹਮਜਮਾਤੀ ਰਾਮ ਲਾਲ ਨਾਲ਼ ਰੂਪ ਦੀ ਬੜੀ ਦੋਸਤੀ ਸੀ। ਰਾਮ ਲਾਲ ਸੰਨ 77 ਵਿਚ ਪਚਾਸੀ ਵਰ੍ਹਿਆਂ ਦੇ ਹੋ ਕੇ ਦਿੱਲੀ ਚ ਪੂਰੇ ਹੋਏ ਸਨ। ਇਨ੍ਹਾਂ ਦਾ ਵਰ੍ਹਿਆਂ ਦਾ ਆਪਸੀ ਚਿੱਠੀ-ਪੱਤਰ ਲਭਣ ਦੀ ਲੋੜ ਹੈ। ਕਿਸੇ ਵੇਲੇ ਮੈਂ ਰੂਪ ਕ੍ਰਿਸ਼ਣ ਤੇ ਇਹਦੀ ਕਲਾ ਬਾਰੇ ਵੇਰਵੇ ਨਾਲ਼ ਲਿਖਾਂਗਾ।