ਕੱਤੇਂ ਚੜ੍ਹ ਗਿਆ ਏ
ਏਸ ਬਹਾਰੇ ਸੁਣਿਆ ਏ ਕੂੰਜਾਂ ਆਂਵਦੀਆਂ ਸਨ
ਮੱਠੀ ਮੱਠੀ ‘ਨੇਰ੍ਹੀ ਪਈ ਝੁੱਲਦੀ ਏ ਬੇ-ਮਲੂਮੀ
ਠਾਰ ਜਿਹੀ ‘ਵਾ ਦੇ ਅੰਦਰ ਘੁਲ਼ਦੀ ਏ।
ਲਗਦਾ ਏ ਇਹ ਸ਼ਹਿਰ ਪੁਰਾਣਾ
ਸਹਿਜੋ-ਸਹਿਜ ਕੋਈ ਲੰਮਾ ਪੰਧ ਕਰੇਂਦਾ
ਮਲਕੜੇ ਕਿਸੇ ਨਵੇਂ ਜਹਾਨ ਦੀ ਹੱਦ ‘ਤੇ ਆਣ ਖਲੋਤਾ ਏ।
ਓਹੋ ਘਰ ਨੇ, ਓਹੋ ਸੜਕਾਂ
ਫੇਰ ਵੀ ਕੋਈ ਗੱਲ ਹੋਰ ਜਿਹੀ ਹੋਈ ਲੱਭਦੀ ਏ
ਓਹੋ ਲੋਕ ਨੇ
ਕੋਈ ਅੱਖਾਂ ਵਿਚ ਪਰ ਤ੍ਰੇਲ਼ ਜਿਹੀ ਏ
ਨਿਤ ਦੇ ਵਿਛੋੜੇ, ਨਿਤ ਦੇ ਨਰਾਸੇ ਕੋਲ਼ੋਂ
ਜਿਹੜੀ ਬੇਪਰਵਾਹ ਹੋਈ ਲਗਦੀ ਏ
ਕੱਤੇਂ ਚੜ੍ਹ ਗਿਆ ਏ
ਸੁਣਿਆ ਏ ਏਸ ਬਹਾਰੇ ਪੱਤਰ ਝੜਦੇ ਨੇ
ਤਾਕੀ ‘ਤੇ ਦੋ ਕਣੀਆਂ ਪਈਆਂ
ਹੌਲ਼ੀ-ਹੌਲ਼ੀ ਝਕਦੀਆਂ ਜੁੜ ਗਈਆਂ
ਤਿਲਕਦੀਆਂ ਮੁੜ ਹੇਠਾਂ ਟੁਰੀਆਂ
ਜਿਵੇਂ ਗ੍ਰਹਿਸਤਨਾਂ ਆਹਰ ਕਰੇਂਦੀਆਂ
ਅਚਨਚੇਤ ਉਲਾਰ-ਜਿਹੀਆਂ ਹੋ ਵੈਂਦੀਆਂ ਨੇ
ਤੇ ਮੁੜ ਅੱਖੀਆਂ ਪੂੰਝ ਕੇ ਤ੍ਰਿੱਖੀਆਂ-ਤ੍ਰਿੱਖੀਆਂ
ਕੰਮੀਂ ਲੱਗੀਆਂ ਰਹਿੰਦੀਆਂ ਨੇ
ਪੰਜਾਬੀ ਵਿਚ ਸਹਿਜਮਤੀ ਕਵਿਤਾ ਦੁਰਲਭ ਹੈ। ਨਜਮ ਹੁਸੈਨ ਸੱਯਦ ਦੀ ਇਹ ਕਵਿਤਾ ਕੱਤੇਂ ਚੜ੍ਹ ਗਿਆ ਏ ਕਾਗਤ ‘ਤੇ ਟਿਕੀ ਸ਼ਾਂਤ ਇਬਾਰਤ ਏ। ਇਹ ਸਾਹ ਰੋਕ ਕੇ ਪੜ੍ਹਨ ਵਾਲ਼ੀ ਕਵਿਤਾ ਹੈ। ਮੱਠੀ-ਮੱਠੀ ਝੁੱਲਦੀ ‘ਨੇਰ੍ਹੀ, ਵਗਦੀਆਂ ਸੜਕਾਂ, ਝੜਦੇ ਪੱਤੇ, ਤਾਕੀ ‘ਤੇ ਡਿਗਦੀਆਂ ਦੋ ਕਣੀਆਂ ਅਤੇ ਗੱਲੋੜੀਆਂ ਕਰਦੀਆਂ ਗ੍ਰਹਿਸਤਨਾਂ ਦੀ ਸੋਅ ਆਉਂਦੀ ਏ ਅਤੇ ਰਤਾ ਕੁ ਤੀਬਰ ਸੁਰ ਵੰਝਲ਼ੀ ਦੀ ਏ। ਅੱਖਰਾਂ ਦੀ ਜੂਨੇ ਪੈ ਗਿਆ ਖ਼ਿਆਲ ਨਿਰਾਪੁਰਾ ਚੁੱਪ ਤਾਂ ਨਹੀਂ ਹੋ ਸਕਦਾ। ਸੰਸਕ੍ਰਿਤ ਵਿਚ ਸ਼ਬਦ ਦਾ ਅਰਥ ਹੀ ਸ਼ੋਰ ਹੈ। ਇਹ ਸ਼ੋਰ ਪਿੰਡੇ ਚੋਂ ਵਿਜੋਗ ਦੀਆਂ ਸੂਲ਼ਾਂ ਪਿਆ ਕੱਢਦਾ ਏ।
ਇਹ ਕਵਿਤਾ ਕੱਤਕ ਦੇ ਸਾਵੇ, ਨੀਲੇ ਤੇ ਖਿੜੀ ਕਪਾਹ ਦੇ ਰੰਗਾਂ ਚ ਰੱਤੀ ਫ਼ਿਲਮ ਦੇ ਪਿਛੋਕੇ ਵਿਚ ਬੋਲਦੀ ਆਵਾਜ਼ ਹੈ। ਨਾਲ਼-ਨਾਲ਼ ਕੋਈ ਵੰਝਲ਼ੀ ਵਿਚ ਰਾਗ ਪੀਲੂ ਵਿਚ ਸਾਹ ਭਰਦਾ ਏ। ਅੱਖ ਪੰਜਾਬ ਦੇ ਲੈਂਡਸਕੇਪ ‘ਤੇ ਫਿਰਦੀ ਉੜਦੀਆਂ ਤੇ ਅਲੋਪ ਹੁੰਦੀਆਂ ਕੂੰਜਾਂ ਤੋਂ ਲੈ ਕੇ ਵਗਦੇ ਰਾਹਵਾਂ ਅਤੇ ਫਿਰ ਘਰ ਦੀ ਤਾਕੀ ‘ਤੇ ਹੇਠਾਂ ਟੁਰਦੀਆਂ ਦੋ ਕਣੀਆਂ ‘ਤੇ ਆ ਕੇ ਅਟਕ ਜਾਂਦੀ ਏ।
ਔਰਤ ਨਾਲ਼ ਹਮਦਰਦੀ ਦੀ ਇਹ ਲਾਸਾਨੀ ਕਵਿਤਾ ਏ। ਨਜਮ ਹੁਸੈਨ ਨੇ ਕੱਤੇਂ ਦਾ ਨਾਂ ਲੈ ਕੇ ਡਾਰੋਂ ਵਿਛੜੀਆਂ ਕੂੰਜਾਂ ਦੀਆਂ ਕੂਕਾਂ ਨੂੰ ਹਰਫ਼ਾਂ ਵਿਚ ਭਰਿਆ ਏ; ਪਹਿਲਾਂ ਲੋਕਗੀਤਾਂ ਵਿਚ ਗੁੰਮਨਾਮ ਤ੍ਰੀਮਤਾਂ ਭਰਦੀਆਂ ਹੁੰਦੀਆਂ ਸਨ। ਮਝੈਲਣ ਆਖਦੀ ਏ ਮੈਂ ਪਰਦੇਸਣ ਹੋ ਰਹੀ ਆਂ। ਫੇਰ ਆਖਦੀ ਏ ਮੈਂ ਬੜੀ ਉਦਾਸਣ ਰਹਿੰਦੀ ਆਂ। ਤੇ ਫੇਰ ਬਾਬਲ ਸੁਧਰਮੀ ਦਾ ਦੇਸ ਹੌਲ਼ੀ-ਹੌਲ਼ੀ ਵਿਸਰ ਗਿਆ। – ਨਿਤ ਦਾ ਆਹਰ ਕਰੇਂਦੀਆਂ ਅਚਨਚੇਤ ਉਲਾਰ-ਜਿਹੀਆਂ ਹੋ ਵੈਂਦੀਆਂ ਗ੍ਰਹਿਸਤਨਾਂ ਨੈਣ-ਪਰਾਣ ਤਿਆਗਣ ਤਕ ਬਾਬਲ ਦਾ ਦੇਸ ਹੌਲ਼ੀ-ਹੌਲ਼ੀ ਵਿਸਾਰੀ ਜਾਂਦੀਆਂ ਨੇ। ਔਰਤ ਤਾਂ ਜੰਮਦੀ ਹੀ ਪਰਦੇਸਣ ਹੈ।
ਦੋਹਰਾ ਕਹੁ ਕੱਤਕ ਅਬ ਕਿਆ ਕਰਉਂ, ਬਨਿਓ ਜੁ ਕਠਿਨ ਬਿਓਗ।
ਸੀਸ ਨਿਵਾ, ਕਰ ਜੋਰ ਕੈ, ਮਾਗਉਂ ਭੀਖ ਸੰਜੋਗ॥
ਚੜ੍ਹਦੇ ਕੱਤਕ ਸਈਆਂ ਕੱਤਣ, ਕੇਹਾ ਚੇਟਕ ਲੱਗਾ ਅਵੱਤਣ।
ਦਰ ਦਰ ਬਹਿੰਦੀ ਧੁੰਮਾਂ ਘੱਤਣ, ਅਉਖੇ ਘਾਟ ਪੁੱਛਾਏ ਪੱਤਣ ਸਾਈਂ ਵਾਸਤੇ।
ਵੇ ਮੈਂ ਮੂਈ ਬਿਦਰਦੀ ਲੋਕਾ, ਉੱਚੇ ਚੜ ਕੇ ਦੇਨੀ ਆਂ ਹੋਕਾ।
ਮੇਰਾ ਉਨ ਸੰਗ ਨੇਹੁੰ ਚਿਰੋਕਾ, ਬੁੱਲ੍ਹਾ ਸ਼ਹੁ ਬਿਨ ਜੀਵਣ ਫੋਕਾ ਜਾਂਦਾ ਪਾਸ ਤੇ॥੨॥ – ਬੁੱਲ੍ਹੇ ਸ਼ਾਹ
ਕਠਿਨ ਬਿਓਗ (ਵਿਜੋਗ) ਨੂੰ ਬਾਬੇ ਨਾਨਕ ਨੇ ਕਲੇਜੇ ਦੀ ਕਰਕ ਆਖਿਆ ਸੀ। ਔਰਤ ਜਾਂ ਮਰਦ, ਪੇਕਾ ਜਾਂ ਸਹੁਰਾ, ਇਹ ਤਾਂ ਬੰਦੇ ਨੇ ਅਪਣੇ ਆਪ ਨੂੰ ਦਿਲਾਸਾ ਦੇਣ ਲਈ ਵੰਡੀਆਂ ਪਾਈਆਂ ਹੋਈਆਂ ਨੇ। ਇਸ ਨਾਲ਼ ਜੀਉਣ ਦੀ ਕਰਕ ਖੌਰੇ ਘਟ ਜਾਂਦੀ ਏ ਜਾਂ ਰਤਾ ਸਮਝ ਆ ਜਾਣ ਦਾ ਵਹਿਮ ਹੋ ਜਾਂਦਾ ਏ।
ਕੱਤਕ ਸ਼ਿਵ ਤੇ ਪਾਰਵਤੀ ਦੇ ਪੁਤਰ ਸਕੰਦ ਦਾ ਨਾਉਂ ਏ। ਚੰਦ੍ਰਮਾ ਦੇ ਘਰੋਂ ਕ੍ਰਿਤਿਕਾ ਕੱਤਕ ਦੀ ਦੁੱਧ-ਚੁੰਘਾਵੀ ਮਾਂ ਸੀ। ਕੱਤਕ ਦੇਵਤਿਆਂ ਦਾ ਜਰਨੈਲ ਹੈ; ਤਾਰਕ ਦੈਤ ਦਾ ਸੰਘਾਰ ਕਰਨ ਵਾਲ਼ਾ। ਇਸ ਦਂੈਤ ਦੇ ਨਾਲ਼-ਦੇ ਹਾਲੇ ਵੀ ਨਹੀਂ ਮੁੱਕੇ।
ਚਿੱਲੀ ਦੇਸ ਦੇ ਕਵੀ ਪਾਬਲੋ ਨਰੂਦਾ ਨੇ ਲਿਖਿਆ ਸੀ ਇਕ ਦਿਨ ਵਿਚ ਕਿੰਨੇ ਹਫ਼ਤੇ ਹੁੰਦੇ? ਤੇ ਇਕ ਮਹੀਨੇ ਵਿਚ ਕਿਤਨੇ ਸਾਲ? ਨਵੰਬਰ ਦਾ ਮਹੀਨਾ ਭਲਾ ਕਿਤਨਾ ਪੁਰਾਣਾ ਹੈ? ਇਸ ਨਾਲ਼ ਇਹ ਸਵਾਲ ਵੀ ਜੋੜਿਆ ਜਾ ਸਕਦਾ ਏ ਕਿ ਕੱਤਕ ਦਾ ਮਹੀਨਾ ਭਲਾ ਕਿਤਨਾ ਪੁਰਾਣਾ ਹੈ? ਜਦ ਸ਼ਿਵ ਪਾਰਵਤੀ ਦਾ ਪੁੱਤ ਕੱਤਕ ਨਹੀਂ ਸੀ ਜਨਮਿਆ, ਓਦੋਂ ਇਸ ਮਹੀਨੇ ਦਾ ਕੀ ਨਾਉਂ ਹੁੰਦਾ ਸੀ? ਨਜਮ ਹੁਸੈਨ ਦੀ ਕਿਸੇ ਕਵਿਤਾ ਦਾ ਸਰਨਾਮਾ ਏ ਆਮ ਦਿਨਾਂ ਦੇ ਨਾਂ ਨਹੀਂ ਹੁੰਦੇ।
ਕੱਤੇਂ ਚੜ੍ਹ ਗਿਆ ਏ ਦਾ ਆਖ਼ਿਰੀ ਬੰਦ ਚੇਤੇ ਵਿਚ ਟਿਕ ਜਾਣ ਵਾਲ਼ਾ ਬੰਦ ਏ।
ਤਾਕੀ ‘ਤੇ ਦੋ ਕਣੀਆਂ ਪਈਆਂ
ਹੌਲ਼ੀ-ਹੌਲ਼ੀ ਝਕਦੀਆਂ ਜੁੜ ਗਈਆਂ
ਤਿਲਕਦੀਆਂ ਮੁੜ ਹੇਠਾਂ ਟੁਰੀਆ
ਨਿਤ ਦੇ ਵਿਛੋੜੇ, ਨਿਤ ਦੇ ਨਰਾਸੇ ‘ਤੇ ਕੁਦਰਤ ਵੀ ਪਸੀਜ ਗਈ। ਲੋਕਾਈ ਤਾਂ ਅਪਣੇ ਦੁੱਖੋਂ ਬੇਪਰਵਾਹੀ ਹੋਈ ਪਈ ਏ।
ਇਹ ਕਵਿਤਾ ਪੜ੍ਹਦਿਆਂ ਮੈਨੂੰ ਅਪਣੀ ਮਾਂ ਦਿਸ ਪਈ। ਅੱਜ ਕੱਤੇਂ ਦੀ ਸੰਗਰਾਂਦ ਏ। ਮਾਂ ਸਵੇਰੇ-ਸਵੇਰੇ ਗੁਰਦੁਆਰੇ ਮੱਥਾ ਟੇਕਣ ਤੇ ਭਾਈ ਜੀ ਤੋਂ ਮਹੀਨੇ ਦਾ ਨਾਂ ਸੁਣਨ ਗਈ ਸੀ। ਪਤਾ ਨਹੀਂ, ਮਾਂ ਗੁਰਦੁਆਰੇ ਇਕੱਲੀ ਕਿਉਂ ਜਾਂਦੀ ਸੀ? ਘਰ ਆ ਕੇ ਇਹ ਸੰਦੂਕ ਖੋਲ੍ਹਦਿਆਂ ਮਲਕੜੇ ਜਿਹੇ ਆਖਦੀ ਏ ਅੱਜ ਕੱਤੇਂ ਚੜ੍ਹ ਗਿਆ ਏ। ਲੀੜੇ ਫੋਲ਼ਦੀ ਕੀ ਲੱਭਦੀ ਏ ਜਾਂ ਹਵਾ ਪਈ ਲੁਆਉਂਦੀ ਏ। ਕੀ ਕਿਸੇ ਹੋਏ ਬੀਤੇ ਕੱਤੇਂ ਦਾ ਸੋਚਦੀ ਏ? ਓਦੋਂ ਕੀ ਹੋਇਆ ਸੀ? ਕੋਈ ਚੰਗੀ ਜਾਂ ਮਾੜੀ ਗੱਲ ਹੋਈ ਸੀ?
ਪੱਕੀ ਗੱਲ ਏ, ਜਦ ਬਾਬੇ ਫ਼ਰੀਦ ਤੇ ਬਾਬੇ ਬੁੱਲ੍ਹੇ ਨੂੰ ਡਾਰੋਂ ਵਿਛੜੀ ਅਪਣੀ ਮਾਂ ਦੇ ਦਰਸ਼ਨ ਹੋਏ ਹੋਣਗੇ, ਤਾਂ ਉਨ੍ਹਾਂ ਨੂੰ ਬਾਣੀ ਹੋਈ ਹੋਵੇਗੀ।
ਕੱਤੇਂ ਚੜ੍ਹ ਗਿਆ ਏ ਨਜਮ ਹੁਸੈਨ ਨੇ ਕਿਹੜੇ ਮਹੀਨੇ ਲਿਖੀ ਹੋਵੇਗੀ? ਕੱਤੇਂ ਦੀ ਸੰਗਰਾਂਦ ਵਾਲ਼ੇ ਦਿਨ? ਜਾਂ ਕਿਸੇ ਕੱਤੇਂ ਨੂੰ ਚੇਤੇ ਕਰਦਿਆਂ? ਜਾਂ ਓਦੋਂ ਲਿਖੀ ਸੀ, ਜਦੋਂ ਅੰਦਰੇ-ਅੰਦਰ ਕੱਤੇ ਦੀ ਤਿਆਰੀ ਪਈ ਹੁੰਦੀ ਸੀ?
ਸਉਣ ਗਿਆ
ਹੁਣ ਕੱਤੇਂ ਦੀ ਵਾਰੀ ਏ
ਅੰਦਰੇ-ਅੰਦਰ ਸਮਝੋ ਚੇਤਰ ਤਿਆਰੀ ਏ
ਨਿੱਕੀ-ਜਿਹੀ ਗੱਲ ਦੱਸਣ ਲਈ ਵੀ ਬੰਦੇ ਕੋਲ਼ ਸ਼ਬਦ ਬਹੁਤ ਥੋਹੜੇ ਨੇ। ਹਯਾਤੀ ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਨਾਲ਼ੋਂ ਕਿਤੇ ਵੱਡੀ ਏ। ਇਸੇ ਲਈ ਬੰਦੇ ਸ਼ਾਇਰੀ ਦਾ ਕੰਮ ਫੜ ਲਿਆ ਤੇ ਆਸਮਾਨ ਨੂੰ ਟਾਕੀ ਲਾ ਛੱਡੀ। ਇੱਕੋ ਸ਼ਬਦ ਦਿਲ ਨਾਲ਼ ਜੁੜੇ ਕਿੰਨੇ ਮੈਟਾਫ਼ਰ ਰੂਪਕ, ਇਸਤਿਆਰੇ- ਨੇ। ਹਰ ਬੋਲੀ ਵਿਚ ਰੂਪਕ ਬਣਦੇ ਤੇ ਖਿਰਦੇ ਰਹਿੰਦੇ ਨੇ। ਹੁਣ ਵੀ ਸਾਡੀਆਂ ਅੱਖਾਂ ਅੱਗੇ ਮੁੱਕਦੇ ਜਾਂਦੇ ਨੇ। ਵੱਡੀ ਬੋਲੀ ਛੋਟੀ ਬੋਲੀ ਨੂੰ ਖਾਈ ਜਾਂਦੀ ਏ।
ਪੁਰਾਣਾ ਸਵਾਲ ਏ ਸ਼ਾਇਰੀ ਕਿਸੇ ਦਾ ਕੀ ਸਵਾਰਦੀ ਏ? ਇਹ ਗ਼ਰੀਬ ਦਰਜ਼ੀ ਦੇ ਪੁਤ ਅਲਾਦੀਨ ਦਾ ਚਿਰਾਗ਼ ਤਾਂ ਕਤੱਈ ਨਹੀਂ ਕਿ ਜਿਸ ਚੋਂ ਨਿਕਲ਼ੇ ਭਲੇ ਜਿੰਨ ਪਾਸੋਂ ਸ਼ਾਇਰ ਜੋ ਚਾਹਵੇ, ਕਰਵਾ ਲਵੇ ਵਿਛੜਿਆਂ ਨੂੰ ਮਿਲ਼ ਲਵੇ; ਮੌਤ ਨੂੰ ਮਾਰ ਦਏ ਜਾਂ ਮੁਲਖੱਈਏ ਨੂੰ ਤਖ਼ਤ ਉੱਤੇ ਬਠਾਲ਼ ਦਏ। ਸ਼ਾਇਰੀ ਨਿਮਾਣੀ ਏ। ਇਹ ਇੰਨੇ ਕੁ ਜੋਗੀ ਤਾਂ ਹੈ ਕਿ ਇਹ ਬੰਦੇ ਦੀ ਬਾਂਹ ਫੜਦੀ ਏ; ਦੱਬੇ ਹਉਕੇ ਨੂੰ ਜਗਾਉਂਦੀ ਏ; ਅੱਖਾਂ ਸੇਜਲ ਕਰਦੀ ਏ। ਨਜਮ ਹੁਸੈਨ ਦੀ ਕਵਿਤਾ ਨੇ ਮੈਨੂੰ ਕਿੰਨਿਆਂ ਨਾਲ਼ ਮਿਲ਼ਾਇਆ ਏ। ਜੁੜੀ ਸੰਗਤ ਵਿਚ ਇਹ ਆਪ ਵੀ ਬੈਠਾ ਏ। ਰੱਬ ਸੱਚੇ ਦਾ ਦਰਬਾਰ ਲੱਗਾ ਹੋਇਆ ਏ।
ਲੋਕਬਾਣੀ ਬੋਲਦੀ ਏ ਦੋ ਕੰਮ ਦੁਨੀਆ ‘ਤੇ ਜੰਮਣਾ ਤੇ ਮਰ ਜਾਣਾ। ਜੀਉਣ ਦਾ ਕੰਮ ਡਾਢਾ ਔਖਾ ਏ; ਮਰ ਜਾਣਾ ਵੀ ਕਿਹੜਾ ਸੌਖਾ ਏੇ। ਮੂਸੇ ਨੂੰ ਭੱਜ ਕੇ ਜਾਣ ਨੂੰ ਕੋਈ ਰਾਹ ਨਹੀਂ। ਇਸੇ ਜੀਉਣ ਚ ਹੀ ਸਿਹਰ ਮੇਲਾ* ਜੁੜਿਆ ਹੋਇਆ ਏ; ਇਸੇ ਚ ਸਈਆਂ ਦਾ ਕੱਤਣ ਹੈ; ਇਸੇ ਚ ਕਰਮ ਕਮਾਵਣ ਹੈ। ਕੱਤਕ ਕਣਕ ਬੀਜਣ ਦਾ ਵੇਲਾ ਏ। ਜੇ ਖੁੰਝ ਗਏ, ਤਾਂ ਰੋਟੀ ਕਿੱਥੋਂ ਖਾਵਾਂਗੇ?
ਕਤਕਿ ਕਿਰਤੁ ਪਇਆ ਜੋ ਪ੍ਰਭ ਪਾਇਆ॥
ਦੀਪਕ ਸਹਜਿ ਬਲੈ ਤਤਿ ਜਲਾਇਆ॥੧੨॥
– ਤੁਖਾਰੀ ਛੰਤ ਮਹਲਾ ੧
ਕਤਿਕਿ ਕਰਮ ਕਮਾਵਣੇ…॥੯॥ ਮਹਲਾ ੫
ਧਰਤੀ ਧੰਨ ਹੈ ਜਰਦੀ ਰਹਿੰਦੀ, ਪੋਹ ਦੇ ਕੱਕਰ, ਹਾੜ ਦੁਪਹਿਰੇ, ਸਾਵਣ ਝੜੀਆਂ, ਜੇਠ ਹਨੇਰੀ; ਪਰ ਢਿੱਡ ਦੀ ਗੱਲ ਨਾ ਦਸਦੀ। ਅਪਣੇ ਢਿੱਡ ਦੀ ਗੱਲ ਤਾਂ ਸ਼ਾਇਰ ਨੇ ਵੀ ਨਹੀਂ ਕੀਤੀ। ਖੋਰੇ ਸੋਚਦਾ ਏ, ਬੜੇ ਪੀਰ-ਪਕੰਬਰ ਦਸਦੇ ਚਲੇ ਗਏ। ਕੋਈ ਭਲਾ ਦਸ ਸਕਿਆ ਏ?
ਲੱਗਦਾ ਏ, ਸ਼ਾਇਰ ਕਿਤੇ ਉੱਚੇ ਚੜ੍ਹ ਕੇ ਖਲੋਤਾ ਜਗ-ਤਮਾਸ਼ਾ ਤੱਕਦਾ ਏ। ਇਹ ਰੱਬ ਦਾ ਮੁਣਸ਼ੀ ਚਿਤ੍ਰਗੁਪਤ ਏ; ਕਿਰਾਮਿਨ ਕਾਤਿਬ; ਮੁਨਕਿਰ ਜਾਂ ਨਕੀਰ।
ਵੇਲਾ ਉੱਖੜ ਚੁੱਕਾ ਏ। ਹਰ ਗੱਲ ਹੋਰ ਜਿਹੀ ਹੋ ਗਈ ਏ। ਕੂੰਜਾਂ ਇਸ ਸਾਲ ਵੀ ਨਹੀਂ ਆਈਆਂ ਕੂੰਜੇ ਪਹਾੜ ਦੀਏ ਪਾ ਵਤਨਾਂ ਵਲ ਫੇਰੀ। ਹੁਣ ਤਾਂ ਹਰ ਮਹੀਨਾ ਹੀ ਕੱਤਕ ਏ। ਸੰਜੋਗ ਦੀ ਭੀਖ ਦੇਣ ਵਾਲ਼ਾ ਦਾਤਾਰ ਡਾਢਾ ਏ। ਵੇਖੋ, ਕਦੋਂ ਮਿਹਰਬਾਨ ਹੁੰਦਾ ਏ?
22 ਮਾਰਚ 2006
*ਬੰਦੇ ਦਿਲ ਖੋਜ ਹਰ ਰੋਜ ਨ ਫਿਰ ਪਰੇਸਾਨੀ ਮਾਹਿ। ਇਹੁ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥ –ਤਿਲੰਗ – ਕਬੀਰ॥