ਕਿਸੇ ਖੋਜੀ ਨੇ, ਜੋ ਕਿ ਛੇਤੀ ਹੀ ਰੂ-ਬ-ਰੂਆਂ, ਅਭਿਨੰਦਨ ਗ੍ਰੰਥਾਂ, ਲੋਈ ਸਨਮਾਨ ਸਮਾਗਮਾਂ ਆਦਿ ਵਿਚ ਵਰਤੇ ਜਾਂਦੇ ਵਿਸ਼ੇਸ਼ਣਾਂ ਦਾ ਸ਼ਬਦਕੋਸ਼ ਵੀ ਤਿਆਰ ਕਰ ਰਿਹਾ ਹੈ, ਸਾਨੂੰ ਪੰਜਾਬੀ ਵਿਚ ਛਪੀਆਂ ਕਿਤਾਬਾਂ ਦੇ ਹੋਏ ਜਾਂ ਹੋ ਰਹੇ ‘ਬੇਕਿਰਕ’ ਰੀਵੀਊਆਂ ਦੇ ਹੇਠ-ਲਿਖੇ ਨਮੂਨੇ ਭੇਜੇ ਹਨ। ਥੋੜ੍ਹੀ ਜਿਹੀ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਇਹ ਸਾਰੇ ਹੀ ਰੀਵੀਊ ਜਲੰਧਰ ਤੋਂ ਛਪਦੇ ਕਿਸੇ ਪੱਤਰ ਵਿੱਚੋਂ ਹਨ ਅਤੇ ਸ.ਹ. (ਸਾਡੇ ਅੰਦਾਜ਼ੇ ਮੁਤਾਬਿਕ ਸ਼ਾਇਦ ਸੁਜਾਖਾ ਸਿੰਘ ਹਾਜ਼ਰਜਵਾਬ) ਨਾਮ ਦੇ ਇੰਗਲੈਂਡ-ਰੀਟਰਨਡ ਆਲੋਚਕ ਦੇ ਕੀਤੇ ਹੋਏ ਹਨ।
ਸਾਨੂੰ ਇਹ ਥੋੜ੍ਹੇ ਜਹੇ ਰੀਵੀਊ ਪੜ੍ਹਕੇ ਹੀ ਪਤਾ ਲੱਗਾ ਹੈ ਕਿ ਇਹ ਕਿੰਨੇ ਵਿਦਵਤਾ-ਭਰਪੂਰ ਹਨ। ਜਿਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਦੇ ਰੀਵੀਊ ਕੀਤੇ ਗਏ ਉਹ ਤਾਂ ਧੰਨ ਧੰਨ ਹੋ ਹੀ ਗਏ ਹੋਣਗੇ ਤੇ ਪਾਠਕ ਤਾਂ ਸੁਣਿਆ ਹੈ ਪੰਜਾਬੀ ਵਿਚ ਹੈ ਈ ਨਹੀਂ। ਇਨ੍ਹਾਂ ਰੀਵੀਊਆਂ ਵਿਚ ਵਰਤੀ ਗਈ ਸਾਦੀ ਤੇ ਸਪਸ਼ਟ ਬੋਲੀ ਦੀ ਪ੍ਰਸੰਸਾ ਕਰਨੀ ਵੀ ਬਣਦੀ ਹੈ।
ਸਾਨੂੰ ਵੀ ਇਹ ਰੀਵੀਊ ਪੜ੍ਹਕੇ ਖ਼ਿਆਲ ਆਇਆ ਹੈ ਕਿ ਜਿਸ ਆਲੋਚਕ ਨੇ ਇਹ ਰੀਵੀਊ ਕੀਤੇ ਹਨ, ਉਸਨੇ ਵਾਕਿਆ ਹੀ ਰੀਵੀਊਕਾਰੀ ਦੀ ਕਲਾ ਨੂੰ ਬਹੁਤ ਬੁਲੰਦੀਆਂ ‘ਤੇ ਪੁਚਾ ਦਿੱਤਾ ਹੈ। ਨਾਲ਼ ਹੀ ਲਿਹਾਜ਼ਦਾਰੀ ਦੇ ਸਾਰੇ ਹੱਦਾਂ ਬੰਨੇ ਇਉਂ ਪੁੱਟਕੇ ਵਗਾਹ ਮਾਰੇ ਹਨ, ਜਿਵੇਂ ਤਾਜ਼ੇ ਸਿੰਜੇ ਹੋਏ ਖੇਤ ਵਿੱਚੋਂ ਮੂਲੀਆਂ ਗਾਜਰਾਂ ਪੁਟ ਲਈਦੀਆਂ ਹਨ। ਗੰਭੀਰ ਪਾਠਕਾਂ ਦੀ ਦਿਲਚਸਪੀ ਲਈ ਇਹ ਨਮੂਨੇ ਹੇਠਾਂ ਦੇ ਰਹੇ ਹਾਂ। – ਸੰਪਾਦਕ
ਜੋਤ ਬਿੰਦ (ਕਵਿਤਾ), ਅਜੈ ਕੁਮਾਰ ਸ਼ਰਮਾ, ਪ੍ਰਤੀਕ ਪ੍ਰਕਾਸ਼ਨ, ਲੁਧਿਆਣਾ, 2001, ਪੰਨੇ 96, ਰੁਪਏ 100.
ਅਜੈ ਕੁਮਾਰ ਸ਼ਰਮਾ ਅੱਛਾ ਸ਼ਾਇਰ ਹੈ ਜਿਸਨੂੰ ਕੁਝ ਹੋਰ ਉਤਸ਼ਾਹ ਦੇਣ ਦੀ ਲੋੜ ਨਹੀਂ।
ਇੰਤਹਾ ਤੋਂ ਪਹਿਲਾਂ, ਬਲਬੀਰ ਪਰਵਾਨਾ,ਜ਼ਿੰਦਗੀ ਪ੍ਰਕਾਸ਼ਨ, ਚਨੌਰ (ਹੁਸ਼ਿਆਰਪੁਰ, ਪੰਨੇ 80, ਰੁਪਏ 10.
ਪਰਵਾਨਾ ਜੀ ਪੰਜਾਬੀ ਦੇ ਸਿਰਮੌਰ ਨਿਰਪੱਖ ਕਵੀ ਹਨ। ਇਹ ਕਦੇ ਮਾੜੀ ਕਵਿਤਾ ਨਹੀਂ ਲਿਖਦੇ, ਕਦੇ ਚੰਗੀ ਕਵਿਤਾ ਨਹੀਂ ਲਿਖਦੇ। ਇਹਨਾਂ ਦੀ ਕਵਿਤਾ ਦਾ ਨਾ ਕੋਈ ਫਾਇਦਾ, ਨਾ ਕੋਈ ਨੁਕਸਾਨ। ਜਿਹੜਾ ਇਹਨਾਂ ਨੂੰ ਪੜ੍ਹੇ ਉਹਦਾ ਵੀ ਭਲਾ, ਜਿਹੜਾ ਨਾ ਪੜ੍ਹੇ ਉਹਦਾ ਵੀ ਭਲਾ।
ਜੇ ਪਰਵਾਨਾ ਹੋਰਾਂ ਚੰਗੀ ਕਵਿਤਾ ਲਿਖਣੀ ਹੈ ਤਾਂ ਸੌ ਪੰਜਾਹ ਮਾੜੀਆਂ ਲਿਖਣੀਆਂ ਪੈਣਗੀਆਂ ਜਿਸ ਗੱਲ ਤੋਂ ਇਹ ਡਰਦੇ ਹਨ। ਵੇਖੋ, ਅੱਗੇ ਨੂੰ ਹਿੰਮਤ ਵਖਾਉਂਦੇ ਹਨ ਕਿ ਨਹੀਂ।
‘ਗੁਆਚੇ ਸੁਪਨੇ ਦੀ ਭਾਲ’ ਜੇ ਕਿਸੇ ਹੋਰ ਸੰਗ੍ਰਹਿ ਵਿਚ ਹੁੰਦੀ ਤਾਂ ਕਾਫੀ ਚੰਗੀ ਮੰਨੀ ਜਾਣੀ ਸੀ।
ਅੰਦਰਸਪਤਕ, ਵਨੀਤਾ, ਅਮ੍ਰਿਤ ਪ੍ਰਕਾਸ਼ਨ, ਨਵੀਂ ਦਿੱਲੀ, ’97, ਪੰਨੇ 152, ਰੁਪਏ 150.
ਕਵੀ ਲਈ ਭਾਸ਼ਾ ਵਿਗਿਆਨ ਦੱਸਣ ਦੀ ਚੀਜ਼ ਨਹੀਂ ਸਗੋਂ, ਜੇ ਹੋ ਸਕੇ,ਇਹਦੇ ਕਾਰਨ ਆਪਣੀ ਕਾਵਿਕ ਭਾਸ਼ਾ ਨੂੰ ਵਧੇਰੇ ਪ੍ਰਗਟਾਉਸ਼ੀਲ ਬਣਾਉਣਾ ਚਾਹੀਦਾ ਹੈ। ਵਿਸ਼ਵ ਸਾਹਿਤ ਵਿਚ ਸ਼ਾਇਦ ਹੀ ਕੋਈ ਕਵਿਤਾ ਮਾਨਵੀਕਰਨ ਨਾਲ਼ ਸਿਰੇ ਚੜ੍ਹੀ ਹੋਵੇ। ਵਨੀਤਾ ’ਚ ਹਵਾ, ਨਦੀ, ਪਿੱਪਲ, ਕਬਰ, ਮੀਲ ਪੱਥਰ ਆਦਿ ਦਾ ਮਾਨਵੀਕਰਨ ਹੈ।
‘ਦਮ ਰੱਖ’ ਵਿਚ ਭੁੱਖ, ਮੱਖ, ਲੇਖ, ਲੱਖ, ਝੱਖ, ਰੱਖ ਦਾ ਤੁਕਾਂਤ ਕਾਇਮ ਰਹਿੰਦਾ ਤਾਂ ਕਮਾਲ ਦੀ ਰਚਨਾ ਹੋਣੀ ਸੀ। ‘ਤੇਰਾ ਬਿੰਬ’ ਵਿਚ ਕੋਰੇ ਸਫਿਆਂ ਦੀ ਕਿਤਾਬ ਨਾਲ਼ ਨਿਸਬਤ ਬਣੀ ਨਹੀਂ, ਕੋਰੇ ਹਾਸ਼ੀਏ ਨਾਲ਼ ਗੱਲ ਬਣ ਸਕਦੀ ਹੈ।
ਕਿਰਕ, ਬਲਬੀਰ ਬਗੀਚਾ ਸਿੰਘ ਧਾਲੀਵਾਲ, Asia Visions, 2001,ਪੰਨੇ 56,ਰੁਪਏ 100/-
ਮੈਨੂੰ ਬੇਕਿਰਕ ਹੋ ਕੇ ਕਹਿਣਾ ਬਣਦਾ ਹੈ ਕਿ ਮੁਫਤ ਦੀ ਸ਼ਰਾਬ ਵਾਂਗੂੰ ਸ਼ਿਵ ਕੁਮਾਰ ’ਚ ਕੱਢਣ ਪਾਉਣ ਲਈ ਕੁਝ ਨਹੀਂ। ਧਾਲੀਵਾਲ ਆਪਣੇ ਆਪ ਨੂੰ ਕਿਉਂ ਖਰਾਬ ਕਰਦਾ।
ਵਿਹੜਾ, ਸੁਖਵੰਤ ਕੌਰ ਮਾਨ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2002, ਪੰਨੇ 80, ਰੁਪਏ 50/-
ਮਾਨ ਵਰਗੀ ਨਿੱਗਰ ਕਵਿਤ੍ਰੀ ਨੂੰ ਸਰਟੀਫ਼ੀਕੇਟਾਂ ਦੀ ਕੀ ਲੋੜ ਸੀ।
ਆਲ੍ਹਣਾ ਨਾ ਪਾਈਂ, ਜੁਗਿੰਦਰ ਅਮਰ, ਆਰਸੀ ਪਬਲਿਸ਼ਰਜ਼, ਦਿੱਲੀ, 1992, ਪੰਨੇ112, ਮੁੱਲ 75 ਰੁਪੈ।
ਕਿਤਾਬ ਦੇ ਦੋ ਭੂਮਕੇ ਹਨ। ਸ. ਹਰਿਭਜਨ ਸਿੰਘ ਕਦੇ ਸਮੁੱਲ, ਕਦੇ ਮੁੱਲ ਦਾ ਲਿਖਦੇ ਹਨ। ਜੁਗਿੰਦਰ ਅਮਰ ਦੇ ਪਾਠਕ ਫੈਸਲਾ ਕਰ ਲੈਣਗੇ।
ਕਵੀ ਨੂੰ ਖਿਆਲ ਨਹੀਂ ਆਇਆ ਕਿ ‘ਰੂਬਰੂ’, ‘ਸਰਾਪ’, ‘ਸੰਵਾਦ’, ‘ਜੀਰਾਂਦਾ’, ‘ਚਣੌਤੀ’, ‘ਮਾਰੂਥਲ’, ‘ਹਸਤਾਖਸ਼ਰ’, ‘ਸਰੋਕਾਰ’, ‘ਸਰਨਾਮਾ’, ‘ਪ੍ਰਸ਼ਨ ਚਿੰਨ੍ਹ’, ‘ਤਿਪਤਿਪ’ ਦੀਆਂ ਚਰਖੜੀਆਂ ਘੁਮਾਉਣ ਨਾਲ਼ ਕਵਿਤਾ ਨਹੀਂ ਬਣ ਜਾਂਦੀ।
ਜੇ ਨਾਮੀ ਗਰਾਮੀ , ਪਰੋਗਰਾਮੀ ਆਲੋਚਕ ਨੇ ਲੰਮਾ ਬਿਢ ਨਾ ਬਿਢਿਆ ਹੁੰਦਾ, ਤਾਂ ਸ਼ਾਇਦ ਇੱਕ-ਅੱਧੀ ਕੰਮ ਦੀ ਕਵਿਤਾ ਲੱਭ ਜਾਂਦੀ।
ਪੰਜਾਬਨਾਮਾ, ਬਲਦੇਵ ਬਾਵਾ, ਰਵੀ ਸਾਹਿਤ ਪ੍ਰਕਾਸ਼ਨ, ਅਮ੍ਰਿਤਸਰ, ਪੰਨੇ 108, ਮੁੱਲ 70 ਰੁਪਏ।
ਸ਼ਾਇਦ ਤਾਹੀਊਂ ਚਾਨਣੀ ਰਾਤ
ਲਹੂ ਵਿਚ ਭਿੱਜੇ ਹੋਏ ਪੰਜਾਬ ਦਾ ਇਤਿਹਾਸ ਚੰਦ ਕੋਲੋਂ ਰੱਬ ਆਪ ਲਿਖਾਉਂਦਾ ਹੈ ਤੇ ਦਿਨ ਵੇਲੇ ਸੋਧਾਂ ਕਰਨ ਲਈ|
ਚੁੱਪ ਚਾਪ ਬੈਠਾ ਮੁਸਕ੍ਰਾਉਂਦਾ ਰੱਬ
ਸੂਰਜ ਨੂੰ ਆਪਣੇ ਘਰ ਬੁਲਾਉਂਦਾ ਹੈ।
ਇਹ ਰੱਬ ਨਾਲ਼ ਕੌਡਾਂ ਖੇਡਣ ਵਾਲੇ ਮੁੰਡੇ ਦੀਆਂ ਰਮਜ਼ਾਂ ਹਨ ਜਿਨ੍ਹਾਂ ਨੂੰ ਕੋਈ ਪਹੁੰਚਿਆ ਹੋਇਆ ਬੰਦਾ ਹੀ ਸਮਝ ਸਕਦਾ ਹੈ। ਭਾਵੇਂ ਪੱਲੇ ਨਾ ਵੀ ਪਏ ਪਰ ਮਾਰਫਤ ਦੀ ਗੱਲ ਨੇਕ ਜ਼ਰੂਰ ਹੁੰਦੀ ਹੈ।
ਹਲਫ਼ਨਾਮਾ, ਸਾਗਰ ਸਿੰਘ ਸਾਗਰ, ਅਲਕਾ ਸਾਹਿਤ ਸਦਨ, ਅਮ੍ਰਿਤਸਰ, ਪੰਨੇ 100, ਮੁੱਲ 40 ਰੁਪਏ।
ਸਾਗਰ ਦਿਲਚਸਪ ਸ਼ਾਇਰ ਹੈ। ਉਹ ਲਿਖਦਾ ਹੈ-
ਲੂਣ ਦੀ ਖਾਣ ਵਿਚੋਂ
ਅਸੀਂ ਮਿਸਰੀ ਦਾ ਸੁਆਦ ਲੱਭਦੇ ਹਾਂ,
ਅਹਿਮਕ ਹਾਂ ਅਸੀਂ, ਜੋ ਪਿਸ਼ਾਬ ਵਿਚੋਂ
ਇਨਕਲਾਬ ਦੇ ਅਰਥ ਕੱਢਦੇ ਹਾਂ!!
ਉਹਲੇ ਵਿਚ ਉਜਿਆਰਾ, ਮੋਹਨਜੀਤ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 1999, ਪੰਨੇ 111, ਮੁੱਲ 100/-
ਮੋਹਨਜੀਤ ਵਿਵੇਕਾਨੰਦ, ਫਰੀਦ ਨਾਲ਼ ਮੇਲ ਖਾਂਦਾ ਹੈ ਇਸ ਲਈ ਉਹਦੀ ਗੱਲ ਸੁਣੀ ਜਾ ਸਕਦੀ ਹੈ, ਉਹਨੂੰ ਕੁਝ ਨਹੀਂ ਕਿਹਾ ਜਾ ਸਕਦਾ। ਪਹੁੰਚੇ ਸ਼ਾਇਰ ਦਾ ਮਾਨਵੀਕਰਨ (ਕਿਸੇ ਭਾਵ, ਸੰਕਲਪ ਦਾ ਮਨੁੱਖ ਵਾਂਗੂੰ ਵਰਨਣ ਕਰਨਾ) ਅਤੇ ਗੱਦ ਵਾਲਾ ਸ਼ਬਦ ਕ੍ਰਮ ਪ੍ਰਸਿੱਧ ਹੈ।
ਕਾਲ ਅਕਾਲ, ਹਰਬਖਸ ਸਿੰਘ ਮਕਸੂਦਪੁਰੀ, ਨਵਯੁਗ, ਨਵੀਂ ਦਿੱਲੀ 2000, ਪੰਨੇ 93 ਰੁਪਏ 85/-
ਕੀਮਤੀ ਭਮੂਕੇ ਮਗਰੋਂ ਕੋਈ ਗੱਲ ਕਹਿਣ ਵਾਲੀ ਰਹਿ ਨਹੀਂ ਗਈ। ਬੱਸ ਏਨਾ ਕਿਹਾ ਜਾ ਸਕਦਾ, ਉਹ ਵੀ ਇਕਬਾਲ ਦੇ ਮਿਸਰੇ (ਅੱਧਾ ਸ਼ਿਅਰ) ਅਨੁਸਾਰ, ਖੁਦਾਬੰਦ ਤੇਰੇ ਯਿਹ ਸਾਦਾ ਦਿਲ ਬੰਦੇ ਕਿਧਰ ਜਾਏਂ। ਮਾਰਕਸਵਾਦੀ ਕਾਲ ਨੇ ਮਕਸੂਦਪੁਰੀ ਨਾਲ਼ ਵਫਾ ਨਾ ਕੀਤੀ, ਹੁਣ ਦੇਖੋ ਹਰਬਖ਼ਸ਼ ਅਕਾਲ ਦਾ ਕੀ ਸਾਰਦਾ ਹੈ।
ਧੁੱਪ ’ਚ ਸੁਲਗਦੇ ਬੋਲ, ਬਲਬੀਰ ਜਲਾਲਾਬਾਦੀ, ਜੀ.ਪੀ. ਪਬਲੀਕੇਸ਼ਨਜ਼, ਪਟਿਆਲਾ 1999, ਪੰਨੇ 80,ਰੁਪਏ 100/- 30/-
ਬਲਬੀਰ ’ਚ ਜ਼ੋਰੇ ਕਲਮ ਹੈ। ‘ਸ਼ਬਦ’, ‘ਕੁਝ ਰਿਸ਼ਤੇ ਹੋਣਹਾਰ ਨਜ਼ਮਾਂ ਹੋ ਸਕਦੀਆਂ ਸਨ। ਬਿਹਤਰ ਹੁੰਦਾ ਜੇ ਉਸਤਾਦ ਸ਼ਾਇਰ ਤੋਂ ਸਨਦ ਲੈਣ ਦੀ ਥਾਊਂ ਇਸਲਾਹ ਲਈ ਜਾਂਦੀ।
ਮੈਂ ਕਿਤੇ ਹੋਰ ਸੀ, ਵਰਿੰਦਰ ਪਰਿਹਾਰ, ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ, 1997, ਪੰਨੇ 160, ਰੁਪਏ 125/-
ਇਲਮ ਅਲੂਦਾ (92) ਅਰਥਾਤ ‘ਗਿਆਨ ਨਾਲ਼ ਲਿਬੜੇ’ ਸ਼ਾਇਰ ਬਾਰੇ ਕੋਈ ਕੀ ਕਹੇ। ਸੁਣਿਆ, ਅੱਜ ਕਲ ਗਿਆਨ ਦੀ ਕਵਿਤਾ ਦੀ ਕੇਵਲ ਬੱਲੇ ਬੱਲੇ ਹੁੰਦੀ ਹੈ।
ਖੜਾਵਾਂ, ਦਰਸ਼ਣ ਬੁੱਟਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2001, ਪੰਨੇ 95, ਰੁਪਏ 100/-
ਬੁੱਟਰ ਕੋਲ ਕੁਝ ਫਿਕਰੇ ਨੇ, ‘ਸ਼ਹਿਰ ਕੋਲ ਬਿਰਖ ਦੀ ਗੱਲ ਨਾ ਕਰੋ, ‘ ਬੂਹਿਆਂ ਤੇ ਲਟਕ ਰਹੀ ਹੈ/ਅਲਵਿਦਾ, ‘ਕੜਾਵਾਂ ਰਾਹਾਂ ਤੋਂ ਮੰਜ਼ਲ ਨਹੀਂ ਪੁੱਛਦੀਆਂ।
ਸ਼ਹਿਰ, ਅਲਵਿਦਾ, ਖੜਾਵਾਂ ਦਾ ਮਾਨਵੀ ਰੂਪ ਹੈ ਜਿਵੇਂ ਕਿਤੇ ਉਨ੍ਹਾਂ ਵਿਚ ਭਾਵ, ਵਿਚਾਰ ਜਾਂ ਅਨੁਭਵ ਸੰਭਵ ਹੈ। ਮਾਨਵਕਾਰੀ ਰਹੱਸ ਜ਼ਰੂਰ ਬਣਾ ਲੈਂਦੀ ਹੈ, ਅਰਥ ਨਹੀਂ ਸਿਰਜਦੀ ਹੁੰਦੀ। ਇਹੀ ਬੁੱਟਰ ਦੀ ਕਵਿਤਾ ਦਾ ਆਦਿ ਅੰਤ ਹੈ।
ਅਸੀਂ ਕਾਲੇ ਲੋਕ ਸਦੀਂਦੇ, ਅਵਤਾਰ, ਨਵਯੁਗ ਪਬਲਿਸ਼ਰਜ਼, ਦਿੱਲੀ, 2002, ਪੰਨੇ 82, ਮੁੱਲ 60/-
ਅਵਤਾਰ ਦਾ ਪ੍ਰਦੇਸਾਂ ਵਿਚ ਫਿਰਦੇ ਦਾ ਜੰਡਿਆਲਵੀ ਘਸ ਗਿਆ। ਹੁਣ ਉਹਦੀ ਕਵਿਤਾ ਦਾ ਪਾਠਕ ਆਪੇ ਨਿਰਨਾ ਕਰ ਲੈਣਗੇ।
ਪਲੰਘ ਪੰਘੂੜਾ, ਇਕਬਾਲ ਰਾਮੂਵਾਲੀਆ, ਅਜੰਤਾ ਬੁਕਸ ਇੰਟਰਨੈਸ਼ਨਲ, ਦਿੱਲੀ, 2000, ਪੰਨੇ 167, ਰੁਪਏ ?
ਖ਼ੁਸ਼ੀ ਭਰੀ ਹੈਰਾਨੀ ਹੋਈ ਕਿ ਇਕਬਾਲ ਫਾਰਸੀ ਵਜ਼ਨ ਇਸਤੇਮਾਲ ਕਰ ਲੈਂਦਾ ਹੈ। ਇਹਨਾਂ ਦਾ ਬਜ਼ੁਰਗ ਕਰਨੈਲ ਸਿੰਘ ਆਪਣੇ ਜ਼ਮਾਨੇ ਦਾ ਸਿਰਕੱਢ ਕਵੀਸ਼ਰ ਸੀ – ਦੇਵਣ ਆਇਆ ਮਿਸ਼ਨ ਆਜ਼ਾਦੀ, ਲੀਡਰ ਸੱਦੇ ਦੇਹ ਸੀ। ਮੈਨੂੰ ਤਾਂ ਇਕਬਾਲ ਦਾ ਵਿਸਥਾਰ ਰੜਕਿਆ ਬਾਕੀ ਪਾਠਕਾਂ ਦਾ ਪਤਾ ਨਹੀਂ। ਜੇ ਇਕਬਾਲ ਪਿਓ ਦੇ ਪਾਏ ਪੂਰਨਿਆਂ ਜੋਗਾ ਹੋ ਜਾਵੇ ਤਾਂ ਪੰਜਾਬੀ ਦੇ ਧੰਨ ਭਾਗ।
ਪੁਲਾਂ ਤੋਂ ਪਾਰ, ਹਰਭਜਨ ਹਲਵਾਰਵੀ, ਨਵਯੁਗ, 2000, ਪੰਨੇ 99, ਰੁਪਏ 80/-
ਭਲਾ ਨਦੀਆਂ ਤੋਂ ਪਾਰ ਤਾਂ ਹੋਇਆ, ਪੁਲਾਂ ਤੋਂ ਪਾਰ ਕੀ ਹੋਇਆ? ਅਰਧ-ਵਾਮਪੰਥੀ ਸਿਆਸੀ ਝਗੜਿਆਂ ਨੂੰ ਖਤਮ ਕਰਨ ਲਈ ਮਾਨਵਤਾ ਦਾ ਵਾਸਤਾ ਪਾਉਂਦਾ ਹੈ, ਪਰ ਵਾਮ-ਪੱਖੀ ਤੱਥ ਹੈ ਕਿ ਸਿਆਸੀ ਝਗੜੇ ਮਾਨਵਤਾ ਖਤਮ ਕਰ ਦਿੰਦੇ ਹਨ। ਪਹਿਲੀ ਗੱਲ ਵਿਚ ਨਿਰੀ ਭਾਵੁਕਤਾ ਹੈ ਕੇਵਲ ਦੂਸਰੀ ਕਹਿਣ ਵਾਲੀ ਹੈ ਜੇ ਪਾਠਕ ਆਪ ਕਿਸੇ ਕਿਸਮ ਦੀ ਵੰਗਾਰ ਕਬੂਲ ਕਰੇ।
ਸਾਧਾਰਨ ਬੰਦੇ ਕੋਲ ਗੱਲ ਹੁੰਦੀ ਹੈ ਪਰ ਉਹ ਬਣਾਉਣ ਨਹੀਂ ਜਾਣਦਾ ਹੁੰਦਾ। ਪੱਤਰਕਾਰ ਕੋਲ ਗੱਲ ਤਾਂ ਕੋਈ ਨਹੀਂ ਹੁੰਦੀ ਪਰ ਉਹਨੂੰ ਗੱਲ ਬਣਾਉਣ ਦੀ ਸਿਖਲਾਈ ਹੁੰਦੀ ਹੈ। ਪੱਤਰਕਾਰ ਨੂੰ ਸੰਕੋਚ ਦੀ ਸਿਆਣਪ ਵਿਚ ਯਕੀਨ ਨਹੀਂ ਹੁੰਦਾ।
ਕਿਹਾ ਤਾਂ ਕਿਸੇ ਹੋਰ ਸੰਦਰਭ ਵਿਚ ਸੀ ਪਰ ਗੱਲ ਸਹੀ ਹੈ-ਸ਼ਾਇਰ ਨਹੀਂ ਹੈ ਵੁਹ ਜੋ ਗ਼ਜ਼ਲ ਖ਼ਾਂ ਹੈ ਆਜ ਕਲ।
ਸਾਡੇ ਮੀਡੀਆ ਵਿਚ ਕੰਮ ਕਰਨ ਵਾਲੇ ਸ਼ਾਇਰ ਬਣ ਜਾਂਦੇ ਹਨ, ਵਲਾਇਤੀ ਤਜਰਬਾ ਹੈ ਕਿ ਮੀਡੀਆ ਦੇ ਕਲਾਕਾਰ ਮਰ ਜਾਂਦੇ ਹਨ।