ਸਿਆਚੀਨ
ਅਸੀਂ ਕੈਦੀ ਬਰਫ਼ ਮਕਾਨਾਂ ਦੇ
ਅਸੀਂ ਜਦ ਕਦ
ਬਾਰੀ ਰਾਹੀਂ ਬਾਹਿਰ ਝਾਤੀ ਪਾਉਨੇ ਆਂ
ਸਾਨੂੰ ਦੂਰ-ਦੂਰ ਤਕ
ਠੰਢੇ-ਠਾਰ ਵਿਛੋੜੇ ਬਾਝੋਂ
ਕੁਝ ਨਜ਼ਰੀਂ ਨਹੀਂ ਆਉਂਦਾ
ਚਾਰ ਦਿਹਾੜਿਆਂ ਪਿੱਛੋ ਪੁੱਜੀਆਂ
ਖ਼ਬਰਾਂ ਵਿਚ ਕੋਈ ਖ਼ਬਰ ਨਹੀਂ ਹੋਂਦੀ
ਐਥੇ ਸਭ ਖ਼ਬਰਾਂ ਨੇ ਦੂਰ ਦੀਆਂ
ਹੋਣ ਜਿਹੀਆਂ ਨਾ ਹੋਣ ਜਿਹੀਆਂ
ਕੱਤੀਂ ਚੜ੍ਹਿਆਂ ਕਈ ਦਿਹਾੜੇ ਹੋਏ
ਵਾਢੀ ਲਗ ਪਈ ਹੋਣ
ਫੰਡ ਛੱਡਣੀ ਏ ਇਸ ਵਾਰ ਵੀ
ਭਰ ਛੱਡਣੇ ਨੇਂ ਢਿੱਡ ਭੜੋਲੇ ਲੋਕਾਂ ਦੇ
ਅਸੀਂ ਤਕਨੇ ਆਂ
ਜਦੋਂ ਪਿੜ ਬੱਝਣੇ
ਅਸਾਂ ਸੰਗ ਹੋਣਾ
ਅਸਾਂ ਸੰਗ ਨੱਚਣਾ ਜਦੋਂ ਨਾਚਿਆਂ ਝੁਮਰ ਪਾਉਣੇ
ਧੂੜ ਧੁਮਾਣੀ ਏ…
ਸੱਚ ਕਹਿਨਾਂ ਐਥੇ ਧੂੜ ਨਹੀਂ ਹੋਂਦੀ
ਐਥੇ ਪੋਹ ਮਾਘ ਤੇ ਜੇਠ ਹਾੜ ਵਿਚ ਫ਼ਰਕ ਨਹੀਂ ਹੋਂਦਾ ਕੋਈ
ਐਥੇ ਚੇਤਰ ਚੜ੍ਹਿਆ ਨਾ ਚੜ੍ਹਿਆ ਕਿਸੇ ਤੱਕਿਆ ਨਹੀਂ
ਐਥੇ ਫੁੱਲ ਨਹੀਂ ਉੱਗਦੇ
ਯਾਂ ਬਕਸੇ ਵਿਚ ਬੰਦ ਬੰਦਿਆਂ ਨੂੰ ਫੁੱਲਾਂ ਦੀ ਕੋਈ ਲੋੜ ਨਹੀਂ ਹੋਂਦੀ
ਐਥੇ ਠੰਢੀ ਠਾਰ ਹਵਾ ਦੀ
ਸ਼ੂਕਦੀ ਏ ਤਲਵਾਰ ਜਿਹੀ
ਐਥੇ ਡਰ ਵਸਦਾ
ਐਥੇ ਡਰ ਵਸਦਾ, ਓਸ ਪਹਾੜਾਂ ਪਾਰ ਵਸੀਂਦੇ ਵੈਰੀ ਦਾ
ਜਿਹੜਾਂ ਸਾਥੋਂ ਡਰਿਆ, ਬਹੁਤਾ ਠਰਿਆ ਸੋਚ ਰਹਿਆ ਏ
ਹਾੜ ਦੀ ਕਿਹੜੀ ਸ਼ਾਮੀਂ ਮੁੜ੍ਹਕਾ ਆਉਣਾ
ਪੋਹ ਦੀ ਕਿਹੜੀ ਰਾਤੀਂ ਜਾ ਖੜਕਾਣੀ ਕੁੰਡੀ
ਕਿਹੜੀ ਰੁੱਤ ਮੁੜ ਮੱਥਾ ਚੁੰਮਣਾ ਚੰਨ ਵਰਗੀ ਧੀ ਰਾਣੀ ਦਾ
ਕਿਹੜੀ ਸਿਖਰ ਦੁਪਿਹਰੇ ਲਭਣੀ ਛਾਂ ਮਾਂ ਵਰਗੀ ਟਾਲ੍ਹੀਆਂ ਦੀ
ਕਿਹੜੇ ਮੌਸਮ ਝੁੰਮਰ ਪਾਉਣੇ ਧੂੜ ਧੁਮਾਣੀ ਸੰਗੀਆਂ ਨੇ
ਅਸਾਂ ਸੰਗ ਨੱਚਣਾ, ਅਸਾਂ ਸੰਗ ਨੱਚਣਾ
ਅਸੀਂ ਕੈਦੀ ਬਰਫ਼ ਮਕਾਨਾਂ ਦੇ
ਨਜ਼ਮ
ਸਾਰੇ ਕਾਰੇ ਕੀਕਣ ਭਰੀਏ ਭਲਿਆ
ਦੋ ਦੀਂਹ ਖੇਡੇ
ਖੇਡ ਖੇਡ ਵਿਚ ਧੌਲ਼ੇ ਆਏ
ਚਾਰ ਕਿਤਾਬਾਂ ਪੜ੍ਹੀਆਂ
ਭੈੜਾ ਚੰਗਾ ਲਿਖਿਆ
ਹੱਥੀਂ ਰਿਜ਼ਕ ਕਮਾਇਆ
ਪਿੱਛਲਗ ਕੁੱਛੜ ਚੜ੍ਹਿਆ ਭਾਵੇਂ
ਨਖਰੇ ਚਾਏ ਬਾਲਾਂ ਦੇ ਅਸਾਂ ਹੱਥੀਂ ਆਪ ਵੰਞਾਇਆ
ਰੰਗ ਰੰਗ ਕੁੰਜ ਵਟਾਏ ਭਲਿਆ
ਸਭ ਰੰਗ ਸੁਰਮੇ ਪਾਏ
ਅੱਖੀਆਂ ਲੱਗੀਆਂ ਚਾਰ ਚੁਫੇਰੇ
ਭੈੜੀ ਰੜਕ ਨਾ ਜਾਏ
ਸੰਗੀਆਂ ਨਾਲ ਰੁਸੀਪੇ ਕੱਟੇ ਗ਼ੈਰਾਂ ਨਾਲ ਯਾਰਾਨੇ
ਨੀਵੀਂ ਪਾਈ ਔਖੀ ਜਰ ਲਈ
ਨਿੱਤ ਚੰਗੀਆਂ ਸਦਵਾਏ,
ਖ਼ਬਰੇ ਕਿਹੜੀ ਜ਼ਹਿਰ ਕੁੜਿਤਣ,
ਜਿਹੜੀ ਤਾਲ਼ੂ ਨਾਲ਼ ਚਿਮੱਟੀ
ਕਾਵੜ ਕਾਹਦੀ ਏ, ਜਿਹੜੀ ਅੰਦਰੋਂ ਬਾਹਿਰ ਨਾ ਆਏ
ਭਲਿਆ ਬੇਸੁਆਦੀ ਜਿਹੀ ਏ
ਕੋਈ ਹੋਰ ਜਿਹੀ ਸ਼ਾਮ
ਸ਼ਾਮ ਸਗਵੀਂ
ਕਿਸੇ ਹੋਰ ਸ਼ਾਮ ਦਾ ਪਰਛਾਵਾਂ ਲੱਗੀ
ਤਾਂ ਸਵੇਰ ਕਿਸੇ ਹੋਰ ਦਿਨ ਦੀ ਤਰੇਲ ਨਾਲ ਜੰਮ ਪਈ
ਚੰਨ ਨਾ ਹੋਵੇ ਤਾਂ ਨਿੰਮ੍ਹੀ ਜਿਹੀ ਚਾਨਣੀ ਰਹਿੰਦੀ ਏ
ਤੇ ਕਈ ਦਿਨਾਂ ਵਿਚ ਰਾਤ ਕੁਵੇਲੀ ਹੀ ਜਾਗ ਪੈਂਦੀ ਏ
ਜਦੋਂ ਫੁੱਲ ਮੋਤੀਏ ਨਾਲ਼ ਹੀ ਲੱਗੇ ਰਹਿ ਜਾਣ ਤੇ ਸਮਝੋ
ਮੇਲ ਸਮੇਂ ਦੀ ਰੁੱਤ ਵਿਚ ਕਿਧਰੇ
ਬਿਰਹੋਂ ਪੋਲੀ ਪੈਰੀਂ ਆਣ ਰਚੀ ਏ
ਆਉਣ ਵਾਲ਼ਾ ਜਾਂਦੇ ਦੀ ਖ਼ਸ਼ਬੋ ਏ
ਤੇ ਧੁਰੋਂ ਜਾਂਦਾ ਸਾਹ ਵੀ ਹੋਰ ਕਿਸੇ ਦੀ ਗੋਹ ਏ
ਧੁੱਪ ਛਾਂ ਦੀ ਮਿਲਣੀ ਅੰਦਰ
ਡੁੱਬਦੇ ਦਿਨ ਦੀ ਲਾਲੀ ਏ
ਸ਼ਾਮ ਅਜਿਹੀ ਸਗਵੀਂ ਵੇਖੋ ਕਿਤਨੀ ਕਰਮਾਂ ਵਾਲੀ ਏ
ਓਸ ਸ਼ਾਮ ਦੇ ਆਉਣ ਤੋਂ ਪਹਿਲਾਂ ਵਾਰੋ ਵਾਰੀ ਆਉਂਦੀ ਏ
ਅੱਖੀਆਂ ਵਿਚ ਪਰਤਾਵੇ ਝਿਲਮਿਲ ਨਿੱਤ ਪਈ ਹੋਰ ਵਖਾਉਂਦੀ ਏ
ਪਿਛਲੇ ਅੰਦਰ ਕੰਧੀਂ ਲੱਗੀਆਂ ਸ਼ਕਲਾਂ ਨੂੰ ਪਰਚਾਵਣ ਕਾਣ
ਸਗਵੇਂ ਰੂਪ ਵਟਾਉਂਦੀ ਏ
ਵਾਹਗਾ ਢਾਬਾ
(ਸੇਵਾ ਸੰਘ ਦੇ ਸੰਗੀਆਂ ਨੂੰ ਵਿਦਿਆ ਕਰਨ ਮਗਰੋਂ)
ਕਿੱਕਰ ਛਾਂ ਤੇ ਵਿਰਲੀ ਦੇਂਦਾ
ਪਰ ਗੱਲ ਨਖੇੜ ਕੇ ਰੱਖ ਦੇਂਦਾ ਇਨ੍ਹਾਂ ਸੂਲ਼ ਸੁਆਲਾਂ ਉੱਤੇ
ਫੀਤੀ ਫੀਤੀ ਵਾਅ ਲੰਘਦੀ ਏ ਪਾਰ ਸਮੁੰਦਰ ਕਣਕਾਂ ਨੂੰ
ਕਿਸੇ ਕਿਸੇ ਨੂੰ ਨਜ਼ਰੀਂ ਆਉਂਦਾ
ਕੱਲਾ ਰੁੱਖ ਖਲੋਤਾ
ਲੀਕ ਜਿਹੀ ਇੱਕ ਰਹਿ ਜਾਂਦੀ ਏ ਨੀਲੇ ਅੰਬਰ ਉੱਤੇ
ਪਰਬਤ ਜਾਂਦਿਆਂ ਪੱਖੂਆਂ ਦੀ
ਧੀਰਜ ਨਾਲ ਉਹ ਗਾਉਂਦਾ
ਸਭ ਨਾਲ਼ ਵਾਜ ਮਿਲਾਉਂਦਾ
ਅੱਖ ਵਿਚ ਹੰਝੂ ਤਰਦਾ
ਰਾਹ ਲੱਭਦਾ ਇਨ੍ਹਾਂ ਅੱਖੀਆਂ ਵਿੱਚੋਂ
ਅੱਖੀਆਂ ਜਿਹੜੀਆਂ ਟੱਡੀਆਂ
ਅੱਧ ਸੋ ਵਰ੍ਹਿਆਂ ਮਗਰੋਂ ਅੱਜ ਵੀ ਨਿੱਤ ਅੱਡੀਆਂ ਦੀਆਂ ਅੱਡੀਆਂ
ਬਾਪੂ ਤੇਰੇ ਪੁਰਖਾਂ ਦੀ ਇਹ ਮਿੱਟੀ ਪੈਰਾਂ ਥੱਲੇ
”ਖ਼ਾਕੂ ਜੇਡ ਨਾ ਕੋਈ’’
ਇਕ ਦੋ ਮੁੱਠ ਸੁਆਹ ਹੋਂਦੀ ਤੇ ਛੱਟਾ ਮਾਰ ਵਗਾਉਂਦੀ
ਧਰਤੀ ਮਾਂ ਦੇ ਨੈਣਾਂ ਅੰਦਰ ਸੁੱਖ ਦਾ ਸੁਰਮਾ ਪਾਉਂਦੀ
ਅੱਜ ਵੀ ਗਾਉਂਦੀ ਪਈ ਆਂ ਫਿਰ ਮੈਂ ਹੋਰ ਤਰ੍ਹਾਂ ਨਾਲ ਗਾਉਂਦੀ
ਤੇਰੇ ਦਰਦ ਵੰਡਾਉਂਦੀ
ਰਾਜਾ ਸਾਦਿਕ ਉੱਲਾ (ਜਨਮ 1954 ਵਜ਼ੀਰਾਬਾਦ) ਦੇ ਬਾਪ ਦਾਦਾ ਵੀ ਸ਼ਾਇਰ ਸਨ। ਰਾਜੇ ਨੇ ਸੰਨ 74 ਵਿਚ ਗੌਰਮਿੰਟ ਕਾਲਜ ਲਹੌਰੋਂ ਬੀ.ਏ. ਕਰਦਿਆਂ ਜ਼ਿਆ ਹਕੂਮਤ ਦੇ ਖ਼ਿਲਾਫ਼ ਸਿਆਸੀ ਸਰਗਰਮੀ ਵੀ ਕੀਤੀ। ਕਿੱਤੇ ਵਜੋਂ ਬੈਂਕਰ ਰਾਜੇ ਦੀ ਸ਼ਾਇਰੀ ਦੀ ਕਿਤਾਬ 'ਪਹਿਲਾ ਪੂਰ' (1998) ਛਪ ਚੁੱਕੀ ਏ