ਸਫ਼ਰ
ਹੁਣ ਤਾਂ ਪੁਰੇ ਦੀ ’ਵਾ ਹੀ ਦਿਖਾਏਗੀ
ਸਾਨੂੰ ਰਸਤਾ
ਜਨਮਣ ਤੋਂ ਮੌਤ ਤੱਕ ਦੇ
ਸਫ਼ਰ ਦਾ
ਵੰਗਾਰਦੇ ਹੋ ਤਾਂ
ਅਸੀਂ ਤਿਆਰ ਹਾਂ
ਬਥੇਰਾ ਖੂਨ ਹੈ ਡੋਲਣ ਲਈ
ਹੌਸਲਾ ਹੈ ਸਭ ਕੁੱਝ
ਸਹਿ ਸਕਣ ਦਾ
ਤੁਹਾਡੀਆਂ
ਕੁਰੱਪਟ ਨਜ਼ਰਾਂ ਦੇ ਵਾਣ
ਛਲਣੀਂ ਕਰ ਦੇਣ
ਸਾਡਾ ਸੀਨਾ
ਪਰ.. ..
ਸਾਨੂੰ ਮਾਰ ਨਹੀਂ ਸਕਦੇ
ਬੇਸ਼ੱਕ.. ..
ਸਾਡੀਆਂ ਪਾਤਲੀਆਂ ‘ਤੇ
ਕੋੜੇ ਵਰਸਾਓ
ਜੋ ਮੁਨਕਰ ਹੋ ਗਈਆਂ
ਤੁਹਾਡੇ ਦੱਸੇ ਰਾਹਾਂ ’ਤੇ ਤੁਰਨੋਂ
ਤੇ.. ..
ਧਰ ਦਿਓ
ਸਾਡਿਆਂ ਹੱਥਾਂ ’ਤੇ ਅੰਗਿਆਰ
ਜੋ ਉੱਠੇ ਨਹੀਂ
ਤੁਹਾਡੇ ਨਪੁੰਸਕ ਨਾਅਰਿਆਂ ਦੇ ਨਾਲ
ਸਾਡਾ ਸਲਾਮ ਤਾਂ
ਅੱਜ ਵੀ
ਉਸ ਬੁੱਤ ਨੂੰ ਹੈ
ਜੋ.. ..
ਬਹੁਤ ਪਹਿਲਾਂ
ਤੁਸੀਂ ਸਜ਼ਾ ਆਏ ਸੀ
ਕ੍ਰਾਂਤੀ .. .. ਚੌਕ ’ਚ।
ਗਰਭਪਾਤ
ਕੁੱਝ ਨਮੂਨੇ
ਪਰਖ਼ ਲਈਂ
ਰਉ ਮਾਰੀ, ਕੱਲਰ ਪੈਲ਼ੀ ’ਚੋਂ
… ਬੁੱਕਾਂ ਭਰ ਸੁੱਟੀਂ
ਅੰਦਰ ਜਿਸਦੇ
ਉਪਜ ਦੀ ਮਿੱਟੀ
ਮੱਘਦੇ ਪੋਟੇ
ਕਣ–ਕਣ ਫਰੋਲਦੇ
ਦਾਗੀ ਕਰਦੇ
ਧੁਰ ਅੰਦਰੋਂ
ਤੇੜਾਂ ਛੱਡਦੀ
ਜਦ ਵੀ ਪੁੰਗਰਦੀ
ਵੱਢ ਛੱਡਿਆ
ਬਾਵਰੀਆਂ ਝਾੜੀਆਂ ਆਖ
ਹੁਣ ਤਾਂ ਕੁੱਝ
ਡਰਨੇ ਹੀ ਨੇ, ਇਸ ਦੀ ਛਾਤੀ
ਪਰ.. ..
ਤਲਾਸ਼ ਅੱਜ ਵੀ
ਕਰੀਰ ਦਾ ਇੱਕ ਫੁੱਲ.. ..
ਕੀ ਫ਼ਰਕ ਪੈਂਦਾ
ਪੈਰੀਂ ਛਾਲੇ ਤਕਦੀਰ ਸੀ
ਜਾਂ
ਦਰਦਾਂ ਨਾਲ ਉਹਦਾ ਮੋਹ
ਤਾਂ ਕੀ ਫ਼ਰਕ ਪੈਂਦਾ
ਤੁਰੇ ਹੋਣ ਬਲੋਚ
ਪੁਨੂੰ
ਜਾਂ ਡਾਚੀ
ਰੇਤ ਉਤਲੀਆਂ ਪੈੜਾਂ
ਕਦ ਬਣਦੀਆਂ ਨਿਸ਼ਾਨੀ
ਦਰਦ ਬਣ
ਕਿਰਦੀਆਂ.. .. ਰੱਤ ਦੀਆਂ ਬੂੰਦਾਂ
ਤੈਅ ਕਰਦੀਆਂ ਪੈਂਡਾ
ਜ਼ਖ਼ਮੀ ਪੈਰਾਂ ਨਾਲ
ਤਾਂ ਕੀ ਫ਼ਰਕ ਪੈਂਦਾ
ਖੈਰ .. ..
ਸਹਿਤੀ ਪਾਵੇ ਜਾਂ ਹੀਰ
ਕਾਸੇ ਦੀ ਨਜ਼ਰ
ਇਕ ਅੱਖ ਨਾਲ ਜਦ ਹੋਵੇ
ਦੇਖਦੀ ਕੁੱਲ ਨੂੰ
ਤਾਂ …
ਮੁੰਦਰਾਂ ਦੀ ਅਲਖ਼ ਦਾ
ਇੱਕ ਨਕਸ਼ ਹੀ
ਬਣ ਜਾਂਦਾ
ਸਿਰਨਾਵਾਂ
ਤਾਂ ਕੀ ਫ਼ਰਕ ਪੈਂਦਾ
ਘੜੇ ਕੱਚੇ ਹੋਣ
ਜਾਂ
ਜਾਗੋ ਕੱਢਦੀਆਂ ਵਲਟੋਹੀਆਂ
ਕੁਰਾਹੇ ਪੈ ਉੱਠਦੀਆਂ
ਛੱਲਾਂ.. ..
ਕਦ ਲੱਗੀਆਂ–ਪੱਤਣੀਂ
ਦਿਲ ਦਾ ਮਾਸ ਖਵਾ
ਆਪਾ ਗਵਾ ਗਏ ਰਿਸ਼ਤੇ
ਪਾਰ .. ..
ਨਾ ਲੱਗੇ
ਤਾਂ ਕੀ ਫ਼ਰਕ ਪੈਂਦਾ
ਸੀਨਾਂ ਪਿਟਦੀਆਂ ਬਾਹਵਾਂ ਦੇ ਵੈਣ
ਮਾਂ ਦੀਆਂ .. ..
ਆਂਦਰਾਂ ਲਈ ਹੋਣ
ਜਾਂ
ਆਪ ਸਹੇੜੇ ਯਾਰ ਲਈ
ਵੀਰਾਂ ਨੂੰ ਛੱਡ
ਫ਼ਤਵਾ ਹੀ ਪਾਇਆ
ਤੀਰ ਭੰਨ
ਭੱਜੀਆਂ.. ..
ਕਾਨੀਆਂ ’ਤੇ ਤੁਰਦੇ
ਲਹੂ–ਲੁਹਾਣ ਪੈਰ।