ਸਨੋ ਫੌਲ
ਸਕੂਲੀ ਬੱਚੇ
ਰਾਤ ਭਰ ਦੀ ਸਨੋ ਨੇ
ਧਰਤ ’ਤੇ ਚਿੱਟੀ ਚਾਦਰ ਵਿਛਾ ਦਿੱਤੀ
ਟੀ ਵੀ ’ਤੇ ਸਕੂਲ ਬੰਦ ਹੋਣ ਦਾ
ਐਲਾਨ ਸੁਣ ਕੇ
ਬੱਚੇ ਮਾਰਦੇ ਹਨ ਕਿਲਕਾਰੀਆਂ
ਦਿਨ ਭਰ ਖੇਡਣਗੇ
ਖੇਡਾਂ ਉਹ ਸਾਰੀਆਂ
ਬਰਫ਼ ਦੀਆਂ ਗੇਂਦਾਂ ਬਣਾ ਕੇ
ਇਕ ਦੂਜੇ ’ਤੇ ਸੁੱਟ ਰਹੇ ਨੇ
ਸਨੋ-ਮੈਨ ਬਣਾ ਕੇ
ਲੰਘਦੇ ਵੜ੍ਹਦਿਆਂ ਨੂੰ ਦਿਖਾ ਕੇ
ਨੱਚ ਰਹੇ ਨੇ, ਹੱਸ ਰਹੇ ਨੇ
ਸਨੋ ਸਾਫ਼ ਕਰਨ ਵਾਲੇ
ਆਪੋ ਆਪਣੇ ਟਰੱਕਾਂ ਵਿਚ
ਗੈਸ ਭਰਾ ਕੇ
ਟਰੱਕਾਂ ਮੂਹਰੇ ਕਰਾਹ ਲਗਾ ਕੇ
ਨਿਕਲ ਪਏ ਹਨ
ਆਪੋ ਆਪਣੇ ਸੰਪਰਕਾਂ ਵੱਲ
ਦਿਨ ਰਾਤ ਧੱਕਣਗੇ ਸਨੋ ਨੂੰ
ਪਾਰਕਿੰਗ ਲਾਟਾਂ ’ਤੇ ਸੜਕਾਂ ਤੋਂ ਬਾਹਰ
ਅੰਤਾਂ ਦੀ ਥਕਾਵਟ ਹੋਣ ’ਤੇ ਵੀ
ਬੁੱਲਾਂ੍ਹ ’ਤੇ ਮੁਸਕਾਨ ਟੱਪੇਗੀ
ਅੱਜ ਜੇਬਾਂ ਵਿਚ
ਡਾਲਰ ਹੀ ਡਾਲਰ ਹੋਣਗੇ
ਘਰੀਂ ਪਰਤ ਕੇ
ਸੰਨੋਵੇਅਰ ਲਾਹ ਕੇ
ਰੱਜ ਰੱਜ ਕੇ ਸੌਣਗੇ
ਬੇਘਰੇ
ਫਟੀਆਂ ਹੋਈਆਂ ਮੈਲੀਆਂ ਜਿਹੀਆਂ
ਜੈਕਟਾਂ ਤੋਂ ਬਰਫ਼ ਝਾੜਦੇ
ਸਿਰ ਢੱਕਣ ਲਈ ਰਾਤ ਕੱਟਣ ਲਈ
ਛੱਤ ਵਾਲੀ ਕੋਈ ਥਾਂ ਤਾੜਦੇ
ਡੌਰ ਭੌਰ ਜਿਹੇ ਘੰੁਮ ਰਹੇ ਹਨ
ਰਾਤ ਨੂੰ ਤਾਪਮਾਨ ਹੋਰ ਵੀ ਡਿੱਗ ਜਾਏਗਾ
ਚਰਚ ਤੇ ਹੋਮਲੈਸ ਸੈਂਟਰ ਤੰੁਨੇ ਜਾਣਗੇ
ਤੂੜੀ ਵਾਲੇ ਕੁੱਪ ਦੇ ਵਾਂਗੂੰ
ਬੇਘਰਾ ਰੌਬਰਟ ਕਹਿੰਦਾ ਹੈ-
“ਆਈ ਹੇਟ ਦਿਸ ਸਨੋ
ਆਈ ਐਮ ਸਿਕ ਔਫ਼ ਇਟ”
ਕਵੀ
ਲਿਵਿੰਗ ਰੂਮ’ਚ ਬੈਠਾ
ਚਾਹ ਦੀਆਂ ਚੁਸਕੀਆਂ ਭਰਦਾ
ਖਿੜਕੀ ’ਚੋਂ ਸਨੋ ਡਿੱਗਦੀ ਦੇਖ ਰਿਹਾ
ਕਵੀ ਲਿਖ ਰਿਹਾ ਹੈ ਕਵਿਤਾ
ਸਨੋ ਜੋ ਖੁਸ਼ੀ ਵੀ ਦੇ ਰਹੀ ਹੈ
ਤੇ ਉਦਾਸ ਵੀ ਕਰ ਰਹੀ ਹੈ