ਠੋਡੀ ਤੇ ਹੱਥ ਰੱਖ
ਸਾਬੁਤ ਪੱਕੇ ਅਨਾਰ ਦੇ
ਦਾਣੇ ਗਿਣ ਰਹੀਆਂ ਹਨ ਕੁੜੀਆਂ
(ਅਨਾਰ / ਮਾਇਆਜਾਲ)
ਪੰਜਾਬੀ ਸਾਹਿਤ ’ਚ ਸ੍ਵੈ-ਜੀਵਨੀਆਂ ਲਿਖਣ ਦੀ ਰੁੱਤ ਹੈ। ਇਸ ਮੌਸਮ ’ਚ ਬੇ-ਮਲੂਮ ਜਿਹਾ ਬੂਰ ਮੈਨੂੰ ਵੀ ਪੈ ਗਿਆ ਜਾਪਦੈ। ਇਸ ਤੋਂ ਪਹਿਲਾਂ ਕਿ ਹਵਾ ਦਾ ਕੋਈ ਬੁੱਲ੍ਹਾ ਇਸ ਨੂੰ ਉੱਡਾ ਕੇ ਲੈ ਜਾਵੇ, ਸੋਚਿਆ, ਘੱਟੋ ਘੱਟ ਇਸ ਦੇ ਰੰਗਾਂ ਨੂੰ ਫੜਣ ਦੀ ਕੋਸ਼ਿਸ਼ ਕਰਾਂ।
ਪਾਠਕਾਂ ਨਾਲ ਆਪਣੇ ਪਹਿਲੇ ਰੁਮਾਂਸ ਦੀ ਗੱਲ ਕਰਾਂ। ਵਾਰਤਾ ਇਹ 60ਵਿਆਂ ਦੇ ਅਰੰਭ ਦੀ ਹੈ।
ਉਂਜ ਇਸ ਪਹਿਲੇ ਇਸ਼ਕ ਨੂੰ ਗਿਆਰਵਾਂ-ਤੇਰ੍ਹਵਾਂ ਇਸ਼ਕ ਹੀ ਸਮਝੋ। ਪਰ ਜ਼ਿਕਰ ਦੇ ਕਾਬਿਲ ਇਹੋ ਹੈ। ਅੱਜ ਇਸ ਨੂੰ ਯਾਦ ਕਰਕੇ ਹਾਸੀ ਆਉਂਦੀ ਹੈ। ਓਦੋਂ ਹਾਲਤ ਹੋਰ ਸੀ।
ਦਿੱਲੀ ਦੇ ਰਮੇਸ਼ ਨਗਰ ’ਚ ਸਾਡੀਆਂ ਛੱਤਾਂ ਸਾਂਝੀਆਂ ਸਨ। ਰਿਫਿਉਜੀਆਂ ਲਈ ਵਸਾਈ ਗਈ ਇਹ ਸਸਤੀ ਕੋਲੌਨੀ ਸਿਰ ਢਕਣ ਜੋਗੀ ਹੀ ਸੀ, ਇਹਦੀਆਂ ਪਤਲੀਆਂ ਕੰਧਾਂ ਕੁਦਰਤ ਦੇ ਕੋਪ ਹਨ੍ਹੇਰੀ ਅਤੇ ਧੁੱਪ ਤੋਂ ਬਚਣ ’ਚ ਇੰਨਾਂ ਸਹਾਈ ਨਹੀਂ ਸੀ ਹੁੰਦੀਆਂ। ਸਿਖ਼ਰ ਦੁਪਹਿਰੇ ਜਦੋਂ ਉਸ ਕੁੜੀ ਦੇ ਮਾਂ-ਬਾਪ ਤੇ ਭੈਣ ਭਰਾ ਫਰਸ਼ਾਂ ’ਤੇ ਪਾਣੀ ਰੋੜ੍ਹ ਤੇ ਬਿਜਲੀ ਦੇ ਪੱਖੇ ਚਲਾ ਕੇ ਠੰਢੇ ਹੋਏ ਕਮਰਿਆਂ ‘ਚ ਆਰਾਮ ਲਈ ਲਮਲੇਟ ਹੋ ਜਾਂਦੇ ਤਾਂ ਅੱਖ ਬਚਾ ਕੇ ਉਹ ਮੈਨੂੰ ਮਿਲਣ ਛੱਤ ‘ਤੇ ਆ ਜਾਂਦੀ। ਛੱਤ ਉੱਤੇ ਕਿਹੜਾ ਕੋਈ ਵਰਿੰਦਾਵਨ ਤੋਂ ਪੱਟ ਕੇ ਲਿਆਂਦਾ ਅੰਬਾਂ ਦਾ ਰੁੱਖ ਲੱਗਿਆ ਹੋਇਆ ਸੀ ਜਿਸ ਦੀ ਮਿੱਠੀ ਛਾਇਆ ਹੇਠ ਬਹਿ ਜਾਂਦੇ। ਕੋਰੀ ਅੱਗ ਵਰ੍ਹਦੀ ਸੀ। ਪਰ ਇਸ ਤੋਂ ਇਲਾਵਾ ਹੋਰ ਥਾਂ ਵੀ ਕੋਈ ਨਹੀਂ ਸੀ ਇਹਨਾਂ ਚੋਰ ਮੁਲਾਕਾਤਾਂ ਲਈ। ਗਰਮੀ ਦੀ ਪਰਵਾਹ ਕੀਤੇ ਬਿਨਾ ਅਸੀਂ ਛੱਤ ਦੀਆਂ ਤਪਦੀਆਂ ਇੱਟਾਂ ’ਤੇ ਬੈਠੇ ਇਕ ਦੂਜੇ ਦੀਆਂ ਅੱਖਾਂ ’ਚ ਬੌਰਿਆਂ ਵਾਂਗ ਝਾਕਦੇ ਰਹਿੰਦੇ। ਇਸ ਤਰ੍ਹਾਂ ਬੈਠੇ ਇਹ ਸਾਰਾ ਕੀਮਤੀ ਵਕਤ ਰੁਮਾਲ ਨਾਲ ਪਸੀਨਾ ਪੂੰਝਣ ’ਚ ਹੀ ਗੁਜ਼ਰ ਜਾਂਦਾ।ਅਗਲੀ ਗੱਲ ਸੁਣ ਕੇ ਸ਼ਾਇਦ ਤੁਸੀਂ ਹੱਸੋ। ਪਰ ਯਾਦਾਂ ਦੀ ਪਟਵਾਰਗੀ ਕਰਨ ਬੈਠਾਂ ਹਾਂ ਤਾਂ ਛੁਪਾਉਣਾ ਕੀ ਹੈ। ਜ਼ਿੰਦਗੀ ‘ਚ ਮੂਰਖਤਾ ਹਰ ਕੋਈ ਕਰਦਾ ਹੈ ਕਦੇ ਨਾ ਕਦੇ। ਰੱਬ ਦੀ ਕਿਰਪਾ ਨਾਲ ਜ਼ਿੰਦਗੀ ’ਚ ਮੈਂ ਵੀ ਇਸ ਜਿਣਸ ਤੋਂ ਵਾਂਝਾ ਨਹੀਂ ਰਿਹਾ।
ਧੁੱਪ ਤੋਂ ਬਚਣ ਲਈ ਮੈਂ ਆਪਣੇ ਨਾਲ ਇਕ ਛਤਰੀ ਲੈ ਜਾਂਦਾ ਅਤੇ ਉਹ ਆਪਣੇ ਨਾਲ ਇਕ ਹੱਥ-ਪੱਖੀ ਲੈ ਆਉਂਦੀ। ਇਹ ਦੋਵੇਂ ਸੁਝਾਓ ਮੇਰੇ ਸਨ। ਛਤਰੀ ਤਾਣ ਕੇ ਅਸੀਂ ਛੱਤ ਦੇ ਤੱਤੇ ਫਰਸ਼ ‘ਤੇ ਬਹਿ ਜਾਂਦੇ। ਮੇਰੇ ਹੱਥ ‘ਚ ਛਤਰੀ ਫੜੀ ਹੁµਦੀ ਤੇ ਉਹ ਪੱਬਾਂ ਭਾਰ ਬੈਠੀ ਪੱਖਾ ਝੱਲਦੀ ਮੈਨੂੰ ਇਸ ਤਰ੍ਹਾਂ ਲੱਗਦੀ ਜਿਵੇਂ ਕੋਈ ਸੁਪਨਾ ਲੈ ਰਹੀ ਹੋਵੇ। ਪਤਾ ਨਹੀਂ ਉਹ ਮੇਰੇ ਨਾਲ ਗੱਲਾਂ ਕਰਦੀ ਸੀ ਜਾਂ ਸੁਪਨੇ ’ਚ ਕਿਸੇ ਹੋਰ ਨਾਲ। ਉਸਦਾ ਬੋਲਿਆ ਮੈਨੂੰ ਅੱਧ-ਪੱਚੱਧ ਹੀ ਸਮਝ ਆਉਂਦਾ। ਬੋਲਦੇ ਬੋਲਦੇ ਰੁਕ ਕੇ ਕਦੇ ਪੁੱਛਦੀ ‘ਸਮਝ ਆਈ?’ ਮੈਂ ਬਿਨਾ ਸੋਚੇ ਹੀ ਉਸ ਨੂੰ ਹਾਂ ’ਚ ਸਿਰ ਹਿਲਾ ਦਿੰਦਾ। ਉਸ ਤੋਂ ਸੁਣੀਆਂ ਸੁਪਨਈ-ਬਾਤਾਂ ’ਚੋਂ ਮੈਨੂੰ ਉਸਦਾ ਚੁਨੌਤੀ ਭਰਿਆ ਵਾਕ ‘ਸਮਝ ਆਈ?’ ਹੀ ਅੱਜ ਚੇਤੇ ਹੈ। ਛੱਤ ’ਤੇ ਬੈਠੇ ਨੇ ਉਸ ਦੇ ਮੂਹਰੇ ਸਿਰ ਹਿਲਾ ਕੇ ਮੈਂ ਪਤਾ ਨਹੀਂ ਕਿੰਨਾ ਝੂਠ ਬੋਲਿਆ ਹੋਣੈਂ।
ਉਦੋਂ ਜੇ ਆਕਾਸ਼ ’ਚ ਉਡਦੀ ਕੋਈ ਸ਼ੈਅ ਸਾਨੂੰ ਛੱਤ ਤੇ ਸੂਰਜ ਦਾ ਤਪ ਕਰਦਿਆਂ ਵੇਖਦੀ ਤਾਂ ਕੀ ਸਮਝਦੀ? ਪਰ ਅਜਿਹੀ ਕੜਾਕੇ ਦੀ ਧੁੱਪ ‘ਚ ਕਿਹੜੀ ਸ਼ੈਅ ਨੇ ਉੱਡਣਾ ਸੀ। ਇਕੋ ਇਕ ਸ਼ੈਅ ਜੇ ਵਰ੍ਹਦੀ ਅੱਗ ’ਚ ਉਡਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਸੀ ਤਾਂ ਉਹ ਅਸੀਂ ਦੋ ਹੀ ਸਾਂ। ਸਿਖਰ ਦੁਪਹਿਰੇ ਹੇਠੋਂ ਕਮਰੇ ’ਚੋਂ ਟਪੂਸੀ ਮਾਰ ਕੇ ਛੱਤ ‘ਤੇ ਆ ਬੈਠਦੇ ਅਤੇ ਛੱਤ ਤੋਂ ਅਗਾਂਹ ਹੋਰ ਉੱਪਰ ਆਕਾਸ਼ ’ਚ ਉੱਡਣ ਦੇ ਸੁਪਨੇ ਲੈਂਦੇ।
ਦਿਲ ’ਚ ਉਬਾਲ ਜਿਹਾ ਆਉਂਦਾ। ਵੱਡੀਆਂ ਵੱਡੀਆਂ ਡੂੰਘੀਆਂ ਗੱਲਾਂ ਕਰਨ ਨੂੰ ਜੀ ਕਰਦਾ। ਪਰ ਦਿੱਲੀ ਦੀ ਧੁੱਪ ‘ਚ ਛਤਰੀ ਉਹਲੇ ਫੜੇ ਜਾਣ ਦੇ ਡਰ ਤੋਂ ਅਸੀੰਂ ਕਿੰਨੀਆਂ ਕੁ ਡੂੰਘੀਆਂ ਗੱਲਾਂ ਕਰ ਸਕਦੇ ਸੀ। ਜਿਵੇਂ ਕਿ ਆਖਿਆ, ਬਹੁਤਾ ਸਮਾਂ ਇਕ ਦੂਜੇ ਦੀਆਂ ਅੱਖਾਂ ’ਚ ਝਾਕਦਿਆਂ ਹੀ ਗੁਜ਼ਰ ਜਾਂਦਾ। ਡਰ ਇੰਨਾ ਕਿ ਜ਼ਰਾ ਜਿੰਨਾ ਵੀ ਖੜਾਕ ਸੁਣ ਕੇ ਅਸੀਂ ਭੱਜਣ ਲਈ ਤਿਆਰ ਹੋ ਜਾਂਦੇ। ਭਾਵੇਂ ਇਸਦੀ ਨੌਬਤ ਕਦੇ ਨਾ ਆਈ। ਕਦੇ ਕਦੇ ਕੋਈ ਇਲ੍ਹ ਭੁੱਖ ’ਚ ਕੁਰਲਾਉਂਦੀ ਤੇਜ਼ੀ ਨਾਲ ਸਿਰ ਉੱਤੋਂ ਦੀ ਗੁਜ਼ਰਦੀ ਤਾਂ ਉਹ ਤਸੱਲੀ ਦੇਣ ਲਈ ਆਖਦੀ ‘ਇਲ੍ਹ ਸੀ!’
‘ਹਾਂ! ਇਲ੍ਹ ਸੀ!’ ਮੈਂ ਜਵਾਬ ਦਿੰਦਾ।
ਇਸ ਤੋਂ ਡੂੰਘੀ ਗੱਲ ਨੰਗੇ ਆਕਾਸ਼ ਹੇਠ ਬੈਠਿਆਂ ਸਾਡੇ ਵਿਚਕਾਰ ਸ਼ਾਇਦ ਹੀ ਕਦੇ ਹੋਈ ਹੋਵੇ। ਪਿਆਰ ਦੇ ਤਿਹਾਏ ਦੋ ਜੀਵਾਂ ਦੇ ਸਿਰਾਂ ਉੱਤੋਂ ਦੀ ਇੱਕ ਭੁੱਖੀ ਇਲ੍ਹ ਦਾ ਉੱਡ ਕੇ ਗੁਜ਼ਰਨ ਦਾ ਮੈਟਾਫਰ ਕਾਫੀ ਦਿਲਚਸਪ ਹੈ। ਪਰ ਇਹ ਸਾਹਿਤਕ ਫੁਰਨੀ ਬਹੁਤ ਬਾਅਦ ਦੀ ਹੈ। ਉਦੋਂ ਇਲ੍ਹ ਮਹਜ਼ ਇਲ੍ਹ ਹੀ ਸੀ।
ਦਿੱਲੀ ਦੀ ਧੁੱਪ ਅਤੇ ਆਪਣੀ ਨੀਮ-ਸਮਝ ਦੇ ਬਾਵਜੂਦ ਉਸਦੀਆਂ ਆਖੀਆਂ ਕੁਝ ਗੱਲਾਂ ਮੈਨੂੰ ਫਿਰ ਵੀ ਨਹੀਂ ਭੁੱਲਦੀਆਂ।
‘ਕਪਿਲ ਡਾਰਲਿੰਗ ! ਤੁਸੀਂ ਕੇਸ ਰਖ ਲਵੋ” ਉਹ ਕਦੇ ਕਦੇ ਆਖਦੀ।
”ਉਹ ਕਿਉਂ ਪਰਮੀਏ?” ਮੈਂ ਪੁੱਛਦਾ। ਉਸ ਦਾ ਨਾਂ ਪਰਮ ਸੀ।
”ਤੁਹਾਨੂੰ ਪਤਾ ਜੇ ਮੈਂ ਸਿੱਖਾਂ ਦੀ ਕੁੜੀ ਹਾਂ। ਤੁਸੀਂ ਅਮ੍ਰਿਤ ਛਕ ਲਉ ਤਾਂ ਸਾਡਾ ਵਿਆਹ ਹੋ ਸਕਦੈ!” ਉਹ ਕਹਿੰਦੀ। ਇਹ ਕਹਿੰਦਿਆਂ ਉਸਦੀਆਂ ਅੱਖਾਂ ਹੱਸ ਰਹੀਆਂ ਹੁੰਦੀਆਂ ਪਰ ਚਿਹਰਾ ਗੰਭੀਰ ਹੁੰਦਾ। ਮੇਰੀ ਵਫਾ ਨੂੰ ਅਜਮਾਉਣ ਦਾ ਇਹ ਉਸਦਾ ਆਪਣਾ ਢੰਗ ਸੀ।
”ਮੈਂ ਦਿਲੋਂ ਨਿਹੰਗ ਹਾਂ। ਕੀ ਇਹ ਕਾਫ਼ੀ ਨਹੀਂ?” ਮੈਂ ਹੱਸ ਕੇ ਪੁੱਛਦਾ।
”ਨਹੀਂ ਜੀ” ਉਹ ਤੁਰਤ ਜਵਾਬ ਦਿੰਦੀ, ”ਦਿਲੋਂ ਭਾਵੇਂ ਤੁਸੀਂ ਮੋਨੇ ਹੀ ਰਹੋ। ਪਰ ਸਿਰ ਉੱਤੇ ਪੱਗ ਦੀ ਲੋੜ ਹੈ।”
ਕੀ ਇਸ ਨੂੰ ਨਹੀੰ ਪਤਾ ਕਿ ਮੈਂ ਚਾਣਕਯ ਦੇ ਖ਼ਾਨਦਾਨ ਦਾ ਗੁਸੈਲ ਬ੍ਰਾਹਮਣ ਸਾਂ? ਇਸ ਨਾਲ ਅਜੇਹਾ ਡਾਇਲਾਗ ਕੁਝ ਜ਼ਿਆਦਾ ਹੀ ਗੰਭੀਰ ਹੋ ਜਾਂਦਾ ਤਾਂ ਮੈਂ ਗੁੱਸੇ ’ਚ ਛਤਰੀ ਨੂੰ ਫ਼ੋਲਡ ਕਰ ਕੇ ਉੱਠ ਖਲੋਂਦਾ ਤੇ ਕਹਿੰਦਾ ”ਪਰਮੀਏ! ਪੱਗ ਦਾ ਬਹੁਤਾ ਹੀ ਸ਼ੌਕ ਹੈ ਤਾਂ ਇਸ ਨੂੰ ਤੂੰ ਆਪਣੇ ਸਿਰ ਬੰਨ੍ਹ ਲਾ! ਧਰਮ ਦੇ ਕੇ ਮੈਨੂੰ ਨਾਰੀ ਨਹੀਂ ਚਾਹੀਦੀ!”
ਉਹ ਮੇਰੇ ਇਸ ਬ੍ਰਾਹਮਣੀ-ਕੋਪ ਦਾ ਬੁਰਾ ਨਾ ਮਨਾਉਂਦੀ। ਹੱਥ ਫੜ ਕੇ ਮੈਨੂੰ ਫਿਰ ਬਿਠਾ ਲੈਂਦੀ ਤੇ ਉਸਦੀ ਪੱਖੀ ਦੀ ਝੱਲ ਕੁਝ ਹੋਰ ਤੇਜ਼ ਹੋ ਜਾਂਦੀ। ਇੰਨੇ ਨਾਲ ਹੀ ਮੇਰਾ ਗੁੱਸਾ ਠੰਡਾ ਹੋ ਜਾਂਦਾ।
‘ਤੁਸੀਂ ਮਜ਼ਾਕ ਨੂੰ ਸੀਰਿਅਸਲੀ ਲੈ ਲੈਂਦੇ ਹੋ’ ਆਖ ਕੇ ਉਹ ਮੇਰਾ ਪਸੀਨਾ ਪੂੰਝਣ ਲੱਗ ਪੈਂਦੀ।
ਉਸ ਦੀ ਕਿਹੜੀ ਗੱਲ ਸੀਰਿਅਸ ਹੁੰਦੀ ਸੀ ਤੇ ਕਿਹੜੀ ਮਜ਼ਾਕ, ਇਹ ਫੈਸਲਾ ਸੌਖਾ ਨਹੀਂ ਸੀ।
ਕੁਝ ਅਰਸੇ ਬਾਅਦ ਮੈਨੂੰ ਰਮੇਸ਼ ਨਗਰ ਛੱਡਣਾ ਪਿਆ।
ਦਿੱਲੀ ਯੂਨੀਵਰਸਿਟੀ ਦੇ ਨੇੜੇ ਰਹਿਣ ਲਈ ਅਤੇ ਦੋ ਘੰਟੇ ਦੀ ਬਸ-ਯਾਤਰਾ ਤੋਂ ਬਚਣ ਲਈ ਮੈਂ ਕੈਂਪਸ ਦੇ ਕੋਲ ਕਮਲਾ ਨਗਰ ਰਹਿਣ ਲੱਗ ਪਿਆ। ਰਮੇਸ਼ ਨਗਰ ਜਾ ਕੇ ਹੁਣ ਆਪਣੀ ਸਿੰਘਣੀ ਨਾਲ ਮੁਲਾਕਾਤ ਕਰਕੇ ਆਉਣਾ ਸੌਖਾ ਨਹੀਂ ਸੀ। ਪਰ ਉਸ ਨਾਲੋਂ ਸੋਹਣੀ ਕੁੜੀ ਸਾਰੀ ਦਿੱਲੀ ‘ਚ ਨਹੀਂ ਸੀ। ਜਿਹੜੇ ਸਫ਼ਰ ਤੋਂ ਬਚਣ ਲਈ ਮੈਂ ਕਮਲਾ ਨਗਰ ਆਇਆ ਸੀ ਉਹੋ ਸਫ਼ਰ ਹੁਣ ਹਫਤੇ ‘ਚ ਇਕ ਵਾਰੀ ਉਸ ਕੋਲ ਜਾਣ ਲਈ ਕਰਨ ਲੱਗਾ। ਪਰ ਰਮੇਸ਼ ਨਗਰ ’ਚ ਮੇਰੇ ਕੋਲ ਉਸ ਨਾਲ ਬੈਠ ਕੇ ਸੁਪਨੇ ਲੈਣ ਲਈ ਹੁਣ ਨਾ ਆਪਣਾ ਫਰਸ਼ ਸੀ ਨਾ ਅਰਸ਼। ਮੁਲਾਕਾਤਾਂ ਲਈ ਹੁਣ ਸਾਨੂੰ ਨਵੀਂ ਥਾਂ ਦੀ ਲੋੜ ਸੀ।
ਪਰਮ ਦੇ ਫਲੈਟ ਮੂਹਰੋਂ ਇਕ ਸੜਕ ਲੰਘਦੀ ਸੀ। ਸੜਕ ਪਾਰ ਉਥੇ ਨਵੇਂ ਫਲੈਟ ਬਣ ਰਹੇ ਸੀ। ਇਹਨਾਂ ਅੱਧ-ਉਸੱਰੇ ਫਲੈਟਾਂ ਵਿਚਕਾਰ ਪਾਣੀ ਦਾ ਇਕ ਪੰਪ ਲੱਗਾ ਹੋਇਆ ਸੀ। ਫ਼ਲੈਟ ਲਗਭਗ ਤਿਆਰ ਸਨ, ਪਰ ਉਹ ਅਜੇ ਕਿਸੇ ਨੂੰ ਅਲਾਟ ਨਹੀੰ ਸੀ ਹੋਏ। ਬਿਜਲੀ ਅਤੇ ਟੂਟੀਆਂ ਵੀ ਅਜੇ ਨਹੀਂ ਸੀ ਲੱਗੀਆਂ। ਰਮੇਸ਼ ਨਗਰ ਵਾਸੀ ਬਾਲਟੀਆਂ ਨਾਲ ਇਸ ਸੁੰਨੇ ਪਏ ਪµਪ ਤੋਂ ਪਾਣੀ ਭਰਨ ਆਉਦੇ ਸੀ। ਕੁਝ ਦੂਰ ਹੋਣ ਕਰ ਕੇ ਇਸ ਪੰਪ ’ਤੇ ਲਾਈਨਾਂ ਨਹੀਂ ਸੀ ਲੱਗੀਆਂ ਹੁੰਦੀਆਂ।
ਸੜਕ ਪਾਰਲੇ ਇਸ ਸੁਭਾਗੇ ਪੰਪ ਨੇ ਸਾਡੇ ਰੁਮਾਂਸ ਨੁੰ ਕੁਝ ਹੋਰ ਅਗਾਂਹਾਂ ਤੋਰ ਦਿਤਾ।
ਮੇਰੇ ਰਮੇਸ਼ ਨਗਰ ਜਾਣ ਦਾ ਇਕ ਖ਼ਾਸ ਦਿਨ ਨਿਸ਼ਚਿਤ ਹੁੰਦਾ। ਸੂਰਜ ਦੇਵਤਾ ਦੇ ਛਿਪਣ ਪਿੱਛੋਂ ਮੈਂ ਉੱਥੇ ਪਹੁੰਚਦਾ। ਇਸ ਮੁਲਾਕਾਤ ਨੂੰ ਸਿਰੇ ਚਾੜ੍ਹਣ ਲਈ ਰੋਸ਼ਨੀ ਦੀ ਬਜਾਏ ਆਥਣ ਦਾ ਸਹਾਰਾ ਜ਼ਰੂਰੀ ਸੀ।
ਹੁµਦਾ ਇਸ ਤਰ੍ਹਾਂ ਸੀ ਕਿ ਘੜੀ ਅਨੁਸਾਰ ਮੈਨੂੰ ਸੜਕ ਤੋਂ ਲੰਘਦਿਆਂ ਵੇਖ ਉਹ ਪਾਣੀ ਲਿਆਉਣ ਦੇ ਬਹਾਨੇ ਖਾਲੀ ਬਾਲਟੀ ਚੁੱਕ ਇਸ ਪµਪ ‘ਤੇ ਆ ਪੁੱਜਦੀ। ਪਹਿਲਾਂ ਉਹ ਬਾਲਟੀ ਨੂੰ ਪਾਣੀ ਨਾਲ ਭਰਦੀ ਤੇ ਫਿਰ ਬਾਲਟੀ ਨੂੰ ਪµਪ ਦੇ ਹੇਠੋਂ ਚੁੱਕ ਪੰਪ ਦੇ ਕੋਲ ਹੀ ਇਕ ਪਾਸੇ ਰੱਖ ਦਿµਦੀ। ਇਸ ਪਿੱਛੋਂ ਅਸੀਂ ਨਾਲ ਲੱਗਦੇ ਇਕ ਅੱਧ ਉੱਸਰੇ ਫਲੈਟ ਦੇ ਹਨੇਰੇ ’ਚ ਗ਼ਾਇਬ ਹੋ ਜਾਂਦੇ।
ਇਸ ਦਿਨ ਉਸ ਦੇ ਘਰ ਦੇ ਜੀਅ ਜ਼ਰੂਰ ਖ਼ੁਸ਼ ਹੁੰਦੇ ਹੋਣਗੇ ਕਿਉਂ ਕਿ ਉਹ ਕਿµਨੀਆਂ ਹੀ ਬਾਲਟੀਆਂ ਪਾਣੀ ਢੋ ਦੇਂਦੀ।। ਘਰ ਦੇ ਫਰਸ਼ ਵੀ ਧੋਤੇ ਜਾਂਦੇ ਤੇ ਸਾਰਿਆਂ ਦੇ ਪਿੰਡੇ ਵੀ। ਇਸ ਪੰਪ ਦੀ ਮਿਹਰਬਾਨੀ ਨਾਲ ਕੁਝ ਦਿਨਾਂ ਲਈ ਸਾਡੀ ਆਪਣੀ ਤੇਹ ਵੀ ਸਾਂਤ ਹੋ ਜਾਂਦੀ। ਉਸ ਨੂੰ ਮਿਲ ਕੇ ਮੈਂ ਇਕ ਖਾਲੀ ਬੱਦਲ ਵਾਂਗ ਹੌਲਾ ਹੋਇਆ ਕਮਲਾ ਨਗਰ ਵਾਪਿਸ ਪਹੁੰਚਦਾ।
ਪਰ ਇਕ ਦਿਨ -ਅਜਿਹਾ ਦਿਨ,ਪਾਠਕੋ, ਹਰ ਦਾਸਤਾਨ ‘ਚ ਆਉਂਦਾ ਹੈ-ਉਹ ਮੈਨੂੰ ਗੁੱਡ ਬਾਈ ਆਖ ਕੇ ਪਾਣੀ ਦੇ ਪੰਪ ਕੋਲੋਂ ਬਾਲਟੀ ਚੁੱਕਣ ਗਈ ਤਾਂ ਉਸ ਦੀ ਬਾਲਟੀ ਗਾਇਬ ਸੀ। ਪਾਣੀ ਦੀ ਭਰੀ ਹੋਈ ਉਸ ਦੀ ਬਾਲਟੀ ਪਤਾ ਨਹੀਂ ਕਦੋਂ ਕੋਈ ਚੁੱਕ ਕੇ ਲੈ ਗਿਆ ਸੀ।
ਉਹ ਸਹਿਮੀ ਹੋਈ ਹਿਰਨੀ ਵਾਂਗ ਦੁਬਾਰਾ ਮੇਰੀ ਹਿੱਕ ਨਾਲ ਆ ਚੰਬੜੀ।
”ਹਾਏ ਮੈਂ ਕੀ ਕਰਾਂ? ਕੋਈ ਮੇਰੀ ਬਾਲਟੀ ਚੁੱਕ ਕੇ ਲੈ ਗਿਆ ਜੇ।” ਉਹ ਘਬਰਾ ਕੇ ਬੋਲੀ।
ਮੈਂ ਉਸ ਨੂੰ ਧੀਰਜ ਦੇਣ ਲਈੇ ਆਖਿਆ ‘ਡਰ ਨਾ! ਤੂੰ ਘਰ ਜਾ ਕੇ ਸੱਚ-ਸੱਚ ਆਖ ਦੇ’
”ਤੁਹਾਡਾ ਮਤਲਬ ਹੈ ਮੈਂ ਆਖਾਂ ਕਿ ਜਦੋਂ ਮੈਂ ਤੁਹਾਡੇ ਨਾਲ ਪਿਆਰ ‘ਚ ਮਗਨ ਸੀ ਤਾਂ ਕੋਈ ਬਾਲਟੀ ਚੁੱਕ ਕੇ ਲੈ ਗਿਆ?” ਉਸ ਨੇ ਹੈਰਾਨੀ ਨਾਲ ਪੁੱਛਿਆ।
ਮੇਰਾ ਮਤਲਬ ਇਹ ਨਹੀਂ ਸੀ।
ਮੈਂ ਕੁਝ ਸੋਚ ਕੇ ਆਖਿਆ: ਫਿਲਹਾਲ ਅੱਧਾ ਸੱਚ ਬੋਲਣਾ ਹੀ ਕਾਫੀ ਹੈ!
ਜਮਦੂਤ ਵਰਗਾ ਉਹਦਾ ਵੱਡਾ ਭਰਾ ਮੇਰੀਆਂ ਅੱਖਾਂ ਮੂਹਰੇ ਘੁੰਮ ਗਿਆ। ਮੈਂ ਆਖਿਆ ”ਤੂੰ ਕਹੀਂ ਕਿ ਪਤਾ ਨਹੀਂ ਕੌਣ ਤੇਰੀ ਬਾਲਟੀ ਚੁੱਕ ਕੇ ਲੈ ਗਿਆ। ਹੋਰ ਪੁੱਛਣ ਤਾਂ ਇਹ ਕਹੀਂ ਕਿ ਤੂੰ ਨੇੜੇ ਹੀ ਕਿਸੇ ਸਹੇਲੀ ਨਾਲ ਗੱਲੀਂ ਲੱਗੀ ਹੋਈ ਸੀ’
ਇਸ ਫੈਸਲੇ ਪਿੱਛੋਂ ਉਹ ਖਾਲੀ ਹੱਥ ਘਰ ਚਲੀ ਗਈ। ਖੁਸ਼ਕਿਸਮਤੀ ਨੂੰ ਉਸ ਦਿਨ ਇਸ ਗੱਲ ਦਾ ਕਿਸੇ ਨੇ ਨੋਟਿਸ ਹੀ ਨਾ ਲਿਆ ਕਿ ਘਰ ਆਉਣ ਵੇਲੇ ਉਸ ਦੇ ਹੱਥ ’ਚ ਬਾਲਟੀ ਨਹੀਂ ਸੀ।
ਇਹ ਮੁਲਾਕਾਤਾਂ ਸ਼ਾਇਦ ਕੁਝ ਹੋਰ ਦੇਰ ਚੱਲਦੀਆਂ। ਪਰ ਕੁਝ ਮਹੀਨਿਆਂ ਬਾਅਦ ਉਹ ਫਲੈਟ ਵੀ ਅਲਾਟ ਹੋ ਗਏ।
ਟੁੱਟੀਆਂ-ਫੁੱਟੀਆਂ ਮੁਲਾਕਾਤਾਂ ‘ਚੋਂ ਲੰਘ-ਲੰਘਾ ਉਸ ਨੇ ਬੀ. ਏ. ਅਤੇ ਬੀ. ਐਡ. ਕਰ ਲਿਆ । ਕੁਝ ਦਿਨਾਂ ਬਾਅਦ ਰਮੇਸ਼ ਨਗਰ ਦੇ ਕੋਲ ਹੀ ਰਾਜੌਰੀ ਗਾਰਡਨ ਦੇ ਇਕ ਸਕੂਲ ’ਚ ਟੀਚਰ ਲੱਗ ਗਈ। ਭਾਰਤੀ ਰੀਤੀ ਰਿਵਾਜ਼ ਅਨੁਸਾਰ ਹੁਣ ਉਸ ਦਾ ਵਿਆਹ ਹੋ ਜਾਣਾ ਚਾਹੀਦਾ ਸੀ। ਪਰ ਉਸ ਦੇ ਮਾਂ-ਬਾਪ ਕਮਾਊ ਧੀ ਨੂੰ ਕੁਝ ਅਰਸਾ ਹੋਰ ਆਪਣੇ ਕੋਲ ਰੱਖਣਾ ਚਾਹੁੰਦੇ ਸਨ। ਟੀਚਰ ਲੱਗਣ ਕਾਰਨ ਉਸ ਨੂੰ ਏਧਰ ਉੱਧਰ ਜਾਣ ਆਉਣ ਦੀ ਕੁਝ ਖੁੱਲ੍ਹ ਵੀ ਮਿਲ ਗਈ।
ਦਿਮਾਗ਼ੀ ਤੌਰ ‘ਤੇ ਵੀ ਮੈਂ ਉਸ ਵਿਚ ਕੁਝ ਤਬਦੀਲੀਆਂ ਆਉਂਦੀਆਂ ਵੇਖੀਆਂ। ਉਸ ਦੇ ਅੰਦਰ ਕੁਝ ਅਜਿਹਾ ਘੁੰਮਣ-ਘੇਰੀਆਂ ਖਾਂਦਾ ਰਹਿੰਦਾ ਜੋ ਮੇਰੀ ਸਮਝ ਤੋਂ ਬਾਹਰ ਸੀ। ਸਮਝ ਤਾਂ ਉਸਦੀ ਮੈਨੂੰ ਪਹਿਲਾਂ ਵੀ ਬਹੁਤ ਨਹੀਂ ਸੀ ਪੈਂਦੀ, ਪਰ ਹੁਣ ਤਾਂ ਜਿਵੇਂ ਉਹ ਰਾਤ ਦਾ ਹੱਨੇਰਾ ਪੱਖ ਹੋਵੇ, ਜਿਸ ’ਚ ਟੋਹ ਕੇ ਹੀ ਰੂਪ-ਰੰਗ ਦਾ ਅੰਦਾਜ਼ਾ ਲੌਣਾ ਪੈਂਦਾ ਹੋਵੇ। ਉਸ ਨੂੰ ਕੀ ਹੋ ਗਿਆ ਸੀ? ਮੈਂ ਉਸ ਨੂੰ ਆਪਣੀਆਂ ਬਾਹਾਂ ‘ਚ ਘੁੱਟਿਆ ਹੁੰਦਾ, ਪਰ ਉਸ ਦੀ ਸੋਚ ਕਿਤੇ ਹੋਰ ਦਾ ਹੋਰ ਉਡਾਰੀਆਂ ਲਾਂਦੀ। ਕਦੇ ਕਦੇ ਅਸੀਂ ਰੀਗਲ ਸਿਨੇਮਾ ’ਚ ਫਿਲਮ ਦੇਖਣ ਚਲੇ ਜਾਂਦੇ। ਕਦੇ ਉਹ ਮੇਰੇ ਕਮਰੇ ‘ਚ ਆ ਜਾਂਦੀ। ਮਿਲਣਾ ਤਾਂ ਉਸ ਦੇ ਨੌਕਰੀ ਲੱਗਣ ਪਿੱਛੋਂ ਕੁਝ ਸੁਖਾਲਾ ਹੋ ਗਿਆ ਸੀ। ਪਰ ਸਾਡੀਆਂ ਮੁਲਾਕਾਤਾਂ ‘ਚ ਹੁਣ ਉਹ ਖਿੱਚ ਨਹੀਂ ਸੀ ਰਹੀ।
”ਡਾਰਲਿੰਗ ਤੁਸੀਂ ਕਸਰਤ ਕਿਉਂ ਨਹੀਂ ਕਰਦੇ?’ ਇਕ ਵਾਰ ਉਸ ਨੇ ਪੁਛਿੱਆ।
”ਕੀ ਮਤਲਬ?’ ਉਸ ਦਾ ਸਵਾਲ ਸੁਣ ਕੇ ਮੈਂ ਤ੍ਰਭਕਿਆ।
”ਸਾਡੇ ਗਵਾਂਢ , ਜਿਸ ਫਲੈਟ ’ਚ ਤੁਸੀਂ ਰਹਿµਦੇ ਸੋ ਨਾ, ਉੱਥੇ ਹੁਣ ਇਕ ਥਾਣੇਦਾਰ ਆ ਕੇ ਰਹਿਣ ਲੱਗ ਪਿਆ ਜੇ। ਹਰ ਸਵੇਰੇ ਛੱਤ ਉੱਤੇ ਡੰਡ ਪੇਲਦਾ ਹੈ। ਬੈਠਕਾਂ ਕੱਢਦਾ ਹੈ। ਛਾਤੀ ਵਧਾਣ ਲਈ ਸਪਰਿµਗ ਖਿਚੱਦਾ ਹੈ। ਬੜਾ ਗੱਠਿਆ ਹੋਇਆ ਸ਼ਰੀਰ ਹੈ ਉਸ ਦਾ। ਤੁਸੀਂ ਵੀ ਐਕਸਰਸਾਈਜ਼ ਕਿਉਂ ਨਹੀਂ ਕਰਦੇ?”
ਮੇਰੇ ਸ਼ਰੀਰ ਦੇ ਜੁਗਰਾਫੀਏ ’ਤੇ ਉਸਦਾ ਇਹ ਪਹਿਲਾ ਕੁਮੈਂਟ ਸੀ।
”ਮੈਂ ਕਿਸੇ ਨਾਲ ਕੁਸ਼ਤੀਆਂ ਨਹੀਂ ਲੜਨੀਆਂ ਪਰਮੀਏ” ਮੈਂ ਆਖਿਆ। ਅੰਦਰੋਂ ਕੁਝ ਸੋਚੀਂ ਵੀ ਪੈ ਗਿਆ। ਕਿੰਨਾ ਹੀ ਅਰਸਾ ਹਨੇਰੇ ‘ਚ ਟਟੋਲਦੇ ਰਹਿਣ ਮਗਰੋਂ ਮੈਨੂੰ ਉਸ ਦਾ ਕੋਈ ਥਹੁ-ਪਤਾ ਮਿਲ ਰਿਹਾ ਸੀ।
”ਉਸ ਦਾ ਪੇਸ਼ਾ ਭਾਵੇਂ ਬਦਨਾਮ ਹੈ, ਪਰ ਸੁਭਾਉ ਉਸ ਦਾ ਬੜਾ ਨਰਮ ਹੈ। ਮੇਰੇ ਬੀਜੀ ਨੂੰ ਉਹ ਬੜਾ ਪਸੰਦ ਹੈ। ਮੇਰੇ ਭਰਾ ਨਾਲ ਵੀ ਉਸ ਦੀ ਚੰਗੀ ਦੋਸਤੀ ਹੈ…” ਉਹ ਬੇ-ਧਿਆਨੀ ਚ ਬੋਲੀ ਜਾ ਰਹੀ ਸੀ। ਮੇਰੀ ਗੱਲ ਉਸਨੇ ਪਤਾ ਨਹੀੰ ਸੁਣੀ ਸੀ ਕਿ ਨਾ।
”ਉਹਦੀ ਗੱਲ ਛੱਡ, ਕੋਈ ਆਪਣੀ ਗੱਲ ਕਰ!” ਮੈਂ ਕੁਝ ਉਤਾਵਲੀ ’ਚ ਆਖਿਆ।
ਪਰ ਉਹ ਬਿਨਾ ਰੁਕੇ ਬੋਲਦੀ ਗਈ। ਜਿਵੇਂ ਕੋਈ ਸਿਨਮੇ ਦਾ ਸੀਨ ਚੱਲ ਰਿਹਾ ਹੋਵੇ ਤੇ ਉਹ ਇਕ ਅੰਨ੍ਹੇ ਨੂੰ ਸੀਨ ਦੀ ਡਿਟੇਲ ਸੁਣਾ ਰਹੀ ਹੋਵੇ।
”ਉਹ ਪੱਗ ਬੜੀ ਸੋਹਣੀ ਬੰਨ੍ਹਦਾ ਹੈ। ਉਹਦੇ ਕੋਲ ਕਈ ਪੱਗਾਂ ਹਨ। ਹਰ ਰੋਜ਼ ਸੂਟ ਬਦਲਦਾ ਹੈ ਤੇ ਸੂਟ ਨੂੰ ਮੈਚ ਕਰਦੀ ਪੱਗ ਸਿਰ ‘ਤੇ ਬੰਨ੍ਹਦਾ ਹੈ। ਸਵੇਰੇ ਸਵੇਰੇ ਬੂਟਾਂ ਨੂੰ ਪਾਲਿਸ਼ ਕਰਦੇ ਹੋਏ ਜਪੁ ਜੀ ਦਾ ਪਾਠ ਕਰਦਾ ਹੈ ਤਾਂ ਸੁਣ ਕੇ ਬੜਾ ਚੰਗਾ ਲੱਗਦਾ ਹੈ ” ਇਹ ਗੱਲ ਆਖਦੀ ਦੇ ਉਸ ਦੀਆਂ ਗੱਲ੍ਹਾਂ ‘ਤੇ ਤ੍ਰੇਲੀ ਆ ਗਈ।
ਉਸ ਨੂੰ ਅਜੇਹੀ ਮਦਹੋਸ਼ੀ ਦੀ ਅਵਸਥਾ ’ਚ ਪਹਿਲਾਂ ਮੈਂ ਕਦੇ ਨਹੀਂ ਸੀ ਵੇਖਿਆ। ਸਾਡੇ ਵਿਚਕਾਰ ਇਸ ਥਾਣੇਦਾਰ ਦਾ ਪਰਦਾਪਨ ਪਤਾ ਨਹੀਂ ਕਿੰਨਾਂ ਅਸਲੀਅਤ ਸੀ ਤੇ ਕਿੰਨਾ ਕਲਪਨਾ। ਉਸ ਦੇ ਸੁਪਨੇ ਲੈਣ ਦੀ ਆਦਤ ਮੇਰੇ ਲਈ ਇਕ ਅਜੂਬਾ ਬਣ ਗਈ ਸੀ।
ਉਸ ਦੀਆਂ ਅੱਧ ਮੀਚੀਆਂ ਸੁਪਨੀਲੀਤਾਂ ਅੱਖਾਂ ਮੈਥੋਂ ਪਾਰ ਪਤਾ ਨਹੀਂ ਕਿਧਰ ਵੇਖ ਰਹੀਆਂ ਸਨ। ਉਸ ਦੁਆਲੇ ਵਲੀਆਂ ਮੇਰੀਆਂ ਬਾਹਾਂ ਅਚਾਨਕ ਢਿੱਲੀਆਂ ਪੈ ਗਈਆਂ। ਮੈਨੂੰ ਜਾਪਿਆ ਜਿਵੇਂ ਮੇਰੀਆਂ ਬਾਹਾਂ ‘ਚ ਉਸ ਦੀ ਦੇਹ ਨਾ, ਬਲਕਿ ਮਾਵੇ ’ਚ ਆਕੜੀ ਹੋਈ ਇਕ ਪੱਗ ਹੋਵੇ। ਉਸ ਦੇ ਥਾਣੇਦਾਰ ਦੀ ਪੱਗ । ਇਹ ਜ਼ਰਾ ਜਿੰਨੇ ਦਬਾਅ ਨਾਲ ਹੀ ਢਹਿ ਸਕਦੀ ਸੀ। ਇਹ ਸੁਪਨਾ ਵੀ ਸੀ ਤਾਂ ਮੈਂ ਉਸ ਨੂੰ ਜਗਾ ਕੇ ਇਸ ਨੂੰ ਤੋੜਣਾ ਨਹੀਂ ਸੀ ਚਾਹੁੰਦਾ। ਉੰਜ ਜੋ ਜਾਗਦੇ ਹੋਏ ਵੀ ਸੁਪਨਾ ਵੇਖ ਰਿਹਾ ਹੋਵੇ ਉਸ ਨੂੰ ਕਿਵੇਂ ਜਗਾਇਆ ਜਾ ਸਕਦਾ ਹੈ?
ਉਸ ਦਿਨ ਮੈਂ ਉਸ ਨੂੰ ਸਕੂਟਰ ‘ਤੇ ਬਹਾਉਣ ਗਿਆ ਤਾਂ ਰਾਹ ਵਿਚ ਆਖਿਆ, ”ਤੈਨੂੰ ਪਤੈ ਮੈਂ ਵਾਹਿਗੁਰੂ ਮੂਹਰੇ ਤੇਰੇ ਲਈ ਕੀ ਅਰਦਾਸ ਕਰਦਾ ਹਾਂ?’
”ਕੀ ਅਰਦਾਸ ਕਰਦੇ ਹੋ?” ਉਹ ਤੁਰਦੀ-ਤੁਰਦੀ ਰੁਕ ਗਈ ਤੇ ਆਪਣੀਆਂ ਮਾਸੂਮ ਅੱਖਾਂ ਨਾਲ ਮੈਨੂੰ ਵੇਖਣ ਲੱਗੀ।
ਮੈਂ ਕੁਝ ਦੇਰ ਚੁੱਪ ਰਿਹਾ। ਗੋਡਿਆਂ ਤਾਈਂ ਲਮਕਦੇ ਉਸ ਦੇ ਕਾਲੇ ਵਾਲਾਂ ਨੂੰ ਹੱਥਾਂ ‘ਚ ਲੈ ਕੇ ਕੁਝ ਦੇਰ ਉਹਨਾਂ ਨਾਲ ਖੇਡਦਾ ਰਿਹਾ। ਮੈਨੂੰ ਲਫਜ਼ ਨਹੀਂ ਸੀ ਲੱਭ ਰਹੇ।
”ਮੇਰੀ ਅਰਦਾਸ ਹੈ ਕਿ ਤੇਰੇ ਬੇ-ਸ਼ੁਮਾਰ ਪੁੱਤਰ ਹੋਵਣ ਅਤੇ ਉਹਨਾਂ ਦੇ ਸਿਰਾਂ ਉੱਤੇ ਸੋਹਣੀਆਂ ਤੇ ਰੰਗ ਬਰੰਗੀਆਂ ਪੱਗਾਂ ਬੰਨ੍ਹੀਆਂ ਹੋਣ!” ਆਖਰ ਮੈਂ ਆਖਿਆ।
ਮੇਰੀ ਗੱਲ ਸੁਣ ਕੇ ਉਹ ਹੱਸ ਪਈ। ਬੋਲੀ ਕੁਝ ਨਾ। ਮੈਂ ਪੁੱਛਣਾ ਚਾਹੁੰਦਾ ਸੀ ਕਿ ਕੀ ਆਈ ਸਮਝ? ਪਰ ਚੁੱਪ । ਆਪਣੇ ਸੁਪਨੇ ਦੀ ਰੌ ’ਚ ਉਹ ਮੇਰੀ ਪਹੁੰਚ ਤੋਂ ਬਾਹਰ ਹੋ ਚੁੱਕੀ ਸੀ। ਸਿਰਫ ਮੈਨੂੰ ਹੀ ਇਹ ਪਤਾ ਸੀ ਕਿ ਸਾਡੇ ਰੋਮਾਂਸ ਦਾ ਇਹ ਆਖਰੀ ਦਿਨ ਸੀ।
ਕੀ ਪਿਰਾਮਿਡ ਹੁਣ ਵੀ ਢਾਏ ਜਾ ਰਹੇ ਨੇ?
ਜਿਹਨਾਂ ਲੇਖਕਾਂ ਦੀਆਂ ਅਸੀਂ ਕਿਤਾਬਾਂ ਪੜ੍ਹੀਆਂ ਹੋਣ, ਉਹਨਾਂ ਨੂੰ ਮਿਲਣ ਦੀ ਤਾਂਘ ਓਸ ਹੰਸ ਨੂੰ ਵੇਖਣ ਦੀ ਇੱਛਿਆ ਵਾਂਗ ਹੈ ਜਿਸ ਦੀ ਕਲੇਜੀ ਭੁੰਨ ਕੇ ਅਸੀਂ ਹੁਣੇ ਖਾਧੀ ਹੋਵੇ।
-ਇਹ ਆਰਥਰ ਕੋਸਲਰ ਅਨੁਸਾਰ।
ਉਹ ਗ਼ਲਤ ਨਹੀਂ। ਆਪਣੇ ਮਹਿਬੂਬ ਲੇਖਕ ਨੂੰੂ ਵੇਖ-ਮਿਲ ਕੇ ਖੁਸ਼ੀ ਦੀ ਥਾਵੇਂ ਨਿਰਾਸ਼ ਹੋਣ ਦੇ ਵਧੇਰੇ ਆਸਾਰ ਹੁੰਦੇ ਹਨ। ਪਾਠਕ ਦੇ ਜ਼ਿਹਨ ‘ਚ ਵਸੇ ਬਿੰਬ ਉੱਤੇ ਪੂਰਾ ਉਤਰਨ ਦੀ ਮਜਬੂਰੀ ਇਕ ਲੇਖਕ ਨੂੰ ਨਹੀਂ ਹੁµਦੀ ਤੇ ਨਾ ਹੀ ਇਸ ਗੱਲ ਦੀ ਮੰਗ ਉਸ ਕੋਲੋਂ ਹੋਣੀ ਚਾਹੀਦੀ ਹੈ। ਛਪਾਈ ‘ਚ ਆ ਜਾਣ ਪਿੱਛੋਂ ਰਚਨਾ ਲੇਖਕ ਨਾਲੋਂ ਟੁੱਟ ਕੇ ਸੁਤµਤਰ ਹੋ ਜਾਂਦੀ ਹੈ। ਦੂਜੇ ਪਾਸੇ ਲੇਖਕ ਵੀ ਕੁਝ ਹੱਦ ਤਾਈਂ ਉਸ ਤੋਂ ਮੁਕਤ ਹੋ ਜਾਂਦਾ ਹੈ। ਦੋਵੇਂ ਇਕ ਦੂਜੇ ਤੋਂ ਉਲਟੇ ਰਾਹ ਵੀ ਪੈ ਜਾਣ ਤਾਂ ਕੋਈ ਹੈਰਾਨੀ ਨਹੀਂ। ਕਿਤਾਬ ਪੜ੍ਹਕੇ ਮਨ ‘ਚ ਉਭਰਿਆ ਕਿਸੇ ਲੇਖਕ ਦਾ ਬਿੰਬ ਦਰਅਸਲ ਸਾਡੀ ਆਪਣੀ ਹੀ ਅਕਲ ਦਾ ਕਰਿਸ਼ਮਾ ਹੁੰਦਾ ਹੈ। ਨਿਰਾਸ਼ਾ ਤੋਂ ਬਚਣ ਦੀ ਇਕੋ ਗਰੰਟੀ ਹੈ ਕਿ ਅਸੀਂ ਹੰਸਾਂ ਦੀ ਭੁੰਨੀਂ ਕਲੇਜੀ ਖਾ ਕੇ ਹੀ ਸੰਤੁਸ਼ਟ ਹੋ ਲਈਏ।
ਇਹੋ ਜੇਹੀ ਨਿਰਾਸ਼ਾ ਦਾ ਇਕ ਉਦਾਹਰਣ ਆਪਣੀ ਜ਼ਿੰਦਗੀ ‘ਚੋਂ ਦਿਆਂ ਤਾਂ ਫਰਾਂਸ ਦਾ ਲੇਖਕ/ਫ਼ਿਲਾਸਫ਼ਰ ਜਾਂ ਪਾੱਲ ਸਾਰਤਰ ਹੈ। ਚੈਕੋਸਲੋਵਾਕੀਆ ‘ਚ ਰੂਸੀ ਟੈਂਕਾਂ ਦੇ ਧਸਣ ਪਿੱਛੋਂ, ਯੂਰਪ ਦੇ ਕੁਝ ਹੋਰ ਲੇਖਕਾਂ ਸਮੇਤ ਓਸ ਨਾਲ ਹੋਈ ਮੇਰੀ ਇਸ ਮੁਲਾਕਾਤ ਨੂੰ ਦਰਸ਼ਨ ਹੋਏ ਹੀ ਕਹਿਣਾ ਚਾਹੀਦਾ ਹੈ। (ਨਿਰਮਲ ਵਰਮਾ ਨੇ ਓਸੇ ਸਾਲ ਪਰਾਗ ਛੱਡਿਆ ਸੀ ਤੇ ਲੰਡਨ ਰਹਿ ਰਿਹਾ ਸੀ।) ਸਾਰਤਰ ਨੂੰ ਪੜ੍ਹਕੇ, ਉਸ ਨੂੰ ਨੋਬਲ ਪੁਰਸਕਾਰ ਮਿਲਣ ਅਤੇ ਫਿਰ ਉਸ ਵੱਲੋਂ ਨੋਬਲ ਪੁਰਸਕਾਰ ਨੂੰ ਠੁਕਰਾਉਣ ਆਦਿ ਘਟਨਾਵਾਂ ਨੇ ਸਾਰਤਰ ਦਾ ਕੱਦ ਸਾਡੀ ਨਜ਼ਰ ‘ਚ ਫਰਾਂਸ ਦੇ ਪ੍ਰੈਜ਼ੀਡੈਂਟ ਡੇਗਾਲ ਤੋਂ ਵੀ ਉੱਚਾ ਕਰ ਦਿੱਤਾ ਸੀ। ਇਹ ਗੱਲ ਦਿੱਲੀ ਯੂਨੀਵਰਸਿਟੀ ‘ਚ ਮੇਰੇ ਵਿਦਿਆਰਥੀ ਕਾਲ ਦੀ ਹੈ। ਦਿੱਲੀ ਦੇ ਉਭਰਦੇ ਲੇਖਕਾਂ ਦੇ ਉਤਸ਼ਾਹ ਦਾ ਕੁਝ ਅੰਦਾਜ਼ਾ ਇਸ ਘਟਨਾ ਤੋਂ ਲੱਗ ਸਕਦਾ ਹੈ:
ਸਾਰਤਰ ਨੂੰ ਨੋਬਲ ਪੁਰਸਕਾਰ ਮਿਲਿਆ ਤਾਂ ਉਰਦੂ ਦਾ ਕਹਾਣੀਕਾਰ ਬਲਰਾਜ ਮੇਨਰਾ ਟੀ-ਹਾਊਸ ਦੇ ਸਾਹਮਣੇ ਲਾਈਫ਼ ਦਾ ਅੰਕ ਹੱਥ ‘ਚ ਫੜੀ ਸਾਰਾ ਦਿਨ ਇਸ ਤਰ੍ਹਾਂ ਟਹਿਕਦਾ ਖੜ੍ਹਾ ਰਿਹਾ ਜਿਵੇਂ ਨੋਬਲ ਪੁਰਸਕਾਰ ਸਾਰਤਰ ਨੂੰ ਨਹੀਂ ਉਸ ਨੂੰ ਮਿਲਿਆ ਹੋਵੇ। ਸੱਚ ਬੋਲਾਂ ਤਾਂ ਸਾਨੂੰ ਵੀ ਇਹੋ ਲਗਿੱਆ ਜਿਵੇਂ ਇਹ ਅਹਿਮ ਪੁਰਸਕਾਰ ਸਾਨੂੰ ਹੀ ਮਿਲਿਆ ਹੋਵੇ। ਬਲਰਾਜ ਵਾਂਗ ਭਾਵੇਂ ਅਸੀਂ ਇਤਨਾ ਉਪਭਾਵਕ ਨਹੀਂ ਸਾਂ।
ਸੱਠਵਿਆਂ ‘ਚ ਜਿਸ ਜਾਂ ਪਾੱਲ ਸਾਰਤਰ ਨਾਲ ਚੈੱਕ ਰਾਈਟਰ ਯੁਨੀਅਨ ਦਫਤਰ ’ਚ ਹੱਥ ਮਿਲਾਉਣ ਦਾ ਸੁਭਾਗ ਹਾਸਿਲ ਹੋਇਆ, ਓਹ ਮੇਰੇ ਜਿਹਨ ਚ ਬੈਠੇ ਸਾਰਤਰ ਨਾਲੋਂ ਬਿਲਕੁੱਲ ਵੱਖਰਾ ਸੀ। ਕਾਫੀ ਮਧਰਾ, ਕੁਝ ਟੀਰਾ ਵੀ, ਅੰਦਰੋਂ-ਬਾਹਰੋਂ ਸਿਗਰਟਾਂ ਦਾ ਫੂਕਿਆ ਹੋਇਆ, ਗੰਜਾ ਤੇ ਕੁੱਬਾ। ਉਸਦੀ ਸਾਥਣ ਉਸ ਦੇ ਉਲਟ ਸਿੱਧੀ ਸਲੰਗ ਲੰਬੀ ਚੁਸਤ ਮੁਟਿਆਰ। ਫਿਲਮੀ ਗਾਣੇ ਬੂਢਾ ਹੈ ਘੋੜਾ ਲਾਲ ਲਗਾਮ ਵਾਲੀ ਗੱਲ। ਭਾਸ਼ਣ ਦੌਰਾਨ ਵੀ ਸਿਗਰਟ ਉਸਦੇ ਮੂੰਹ ‘ਚ ਰਹੀ। ਇਹ ਮੇਰਾ ਸਾਰਤਰ ਨਹੀਂ ਸੀ। ਉਂਜ ਵੀ ਸਾਰਤਰ ਇਸ ਵੇਲੇ ਤਕ ਸਿਖ਼ਰ ਛੋਹ ਚੁੱਕਿਆ ਸੀ ਅਤੇ ਉਸ ਦੀ ਥਾਂ ਹੌਲੀ ਹੌਲੀ ਫੂਕੋ ਅਤੇ ਡੇਰੀਡਾ ਵਰਗੀਆਂ ਹੋਰ ਹਸਤੀਆਂ ਲੈ ਰਹੀਆਂ ਸਨ।
ਆਰਥਰ ਕੋਸਲਰ ਦੇ ਉਪਰਲੇ ਕਥਨ ਨੂੰ ਪਰਤਾ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਇਸੇ ਸਦੀ ‘ਚ ਕਈ ਅਜਿਹੇ ਵੱਡੇ ਲੇਖਕ ਲੱਭੇ ਜਾ ਸਕਦੇ ਹਨ, ਜਿਹਨਾਂ ਨੂੰ ਅੱਜ ਕੋਈ ਪੜ੍ਹਦਾ ਹੀ ਨਹੀਂ। ਪਰ ਇਹਨਾਂ ਨੂੰ ਮਿਲਿਆ ਜਾ ਸਕਦਾ ਤਾਂ ਜ਼ਰੂਰ ਖੁਸ਼ੀ ਹੁੰਦੀ। ਉਹਨਾਂ ਦੀਆਂ ਕਿਤਾਬਾਂ ਕਰਕੇ ਨਹੀਂ, ਬਲਕਿ ਉਹਨਾਂ ਦੀ ਚੁੰਬਕੀ ਸ਼ਖ਼ਸੀਅਤ ਕਾਰਨ। ਇਕ ਅਜਿਹਾ ਉਦਾਹਰਣ ਹੋ ਸਕਦਾ ਹੈ ਪੈਰਿਸ ਦੀ ਲੇਖਿਆ ਸਰਟਰਿਉਡ।
ਮੈਂ ਉਸ ਬਾਰੇ ਤਾਂ ਪੜ੍ਹਿਆ ਹੈ ਹੋਰਨਾਂ ਲੇਖਕਾਂ ਦੀਆਂ ਕਿਤਾਬਾਂ ‘ਚ, ਪਰ ਖੁਦ ਉਸ ਨੂੰ ਕਦੇ ਨਹੀਂ ਪੜ੍ਹਿਆ। ਇਸਦੇ ਬਾਵਜੂਦ ਉਸ ਨੂੰ ਮਿਲ ਕੇ ਮੈਨੂੰ ਖੁਸ਼ੀ ਹੁੰਦੀ। ਪੈਰਿਸ ਦੀਆਂ ਗਲੀਆਂ ‘ਚ ਜਦੋਂ ਉਹ ਸਬਜ਼ੀਆਂ ਖਰੀਦਣ ਨਿਕਲਦੀ ਸੀ ਤਾਂ ਪਿਕਾਸੋ ਉਸਦਾ ਝੋਲਾ ਚੁੱਕੀ ਪਿੱਛੇ ਪਿੱਛੇ ਜਾ ਰਿਹਾ ਹੁµਦਾ। ਇਸ ਸਦੀ ਦੇ ਸਭ ਤੋਂ ਵੱਡੇ ਕਲਾਕਾਰਾਂ ਤੇ ਲੇਖਕਾਂ ਨੂੰ ਪਾਲਣ ਪੋਸ਼ਣ ‘ਚ ਇਸ ਗ੍ਰੈਂਡ ਅੋਲਡ ਲੇਡੀ ਦਾ ਬੜਾ ਹੱਥ ਸੀ। ਇਹ ਸੋਚੇ ਬਿਨਾਂ ਨਹੀਂ ਰਿਹਾ ਜਾਂਦਾ ਕਿ ਉਸਦੀ ਰਸੋਈ ‘ਚ ਵੀਹਵੀਂ ਸਦੀ ਦੇ ਮਹਾਨ ਲੇਖਕਾਂ ਅਤੇ ਕਲਾਕਾਰਾਂ ਦਾ ਢਿੱਡ ਭਰਨ ਲਈ ਕਿਹੜੀ ਖਿਚੜੀ ਪੱਕਦੀ ਹੋਵੇਗੀ? ਲੇਖਕ ਤੇ ਪੇਂਟਰ ਉਸ ਦੇ ਮੂਹਰੇ ਖਾਲੀ ਪਲੇਟਾਂ ਫੜੀ ਕਿਸ ਤਰ੍ਹਾਂ ਖੜ੍ਹੇ ਰਹਿµਦੇ ਸੀ? ਇਹ ਦ੍ਰਿਸ਼ ਵੇਖਣ ਵਾਲਾ ਹੀ ਹੋਵੇਗਾ।
ਪੰਜਾਬੀ ’ਚ ਅਜੇਹਾ ਸਟੇਟਸ ਕਦੇ ਕੁਝ ਹੱਦ ਤਕ ਪ੍ਰੀਤ ਲੜੀ ਵਾਲੇ ਗੁਰਬਖਸ਼ ਸਿੰਘ ਨੂੰ ਪ੍ਰਾਪਤ ਸੀ। ਅੱਜ ਉਸਨੂੰ ਇੰਨਾ ਨਹੀਂ ਪੜ੍ਹਿਆ ਜਾਂਦਾ। ਪਰ ਆਪਣੇ ਸਮੇਂ ਪੰਜਾਬੀ ਦੇ ਖੱਬੀਖਾਨ ਲੇਖਕਾਂ ਦਾ ਉਹ ਮੱਕਾ ਮਦੀਨਾ ਹੁੰਦਾ ਸੀ। ਇਸ ਹੱਜ ਤੋਂ ਮੁੜ ਕੇ ਸਿਤਾਰਿਆਂ ਵਾਂਗ ਗਗਨੀਂ ਚੜ੍ਹੇ ਲੇਖਕ ਹੁਣ ਹੌਲੀ ਹੌਲੀ ਬੁਝ ਚੱਲੇ ਨੇ। ਬਲਵੰਤ ਗਾਰਗੀ ਤੇ ਅਮ੍ਰਿਤਾ ਪ੍ਰੀਤਮ ਇਸ ਪੂਰ ਦੇ ਆਖਰੀ ਸੁਪਰ-ਸਟਾਰ ਸਨ। ਅਜੇਹਾ ਮਠਾਧੀਸ਼ ਬਣਨ ਦੀ ਆਕਾਂਖਿਆ ਤਾਂ ਬਹੁਤ ਲਈ ਫਿਰਦੇ ਨੇ। ਪਰ ਹੁਣ ਇਹ ਵਕਤ ਨਹੀਂ ਰਹੇ। ਲੇਖਕ ਪੱਗੜਧਾਰ ਸਾਹਿਤਕ ਏਜੰਟਾਂ ਤੋਂ ਮੁਕਤ ਹੋ ਗਏ ਜਾਪਦੇ ਨੇ। ਮੇਰਾ ਆਪਣਾ ਸਮਾਂ ਸਾਹਿਤ ਦੇ ਮੱਕਿਆਂ ਮਦੀਨਿਆਂ ਨੁੰ ਢਾਉਣ ਦਾ ਸਮਾਂ ਸੀ। 60ਵਿਆਂ ’ਚ ਲਿਖੀ ਮੇਰੀ ਇਕ ਕਵਿਤਾ ’ਚ ਇਹ ਸਤਰ ਆਉਂਦੀ ਹੈ ‘ਜੋ ਵੀ ਰੜਕਦਾ ਹੈ/ ਨਾਲੀ ਚ ਰੋੜ੍ਹ ਦਿਉ!’ ਕਵਿਤਾ ਦਾ ਨਾਂ ਵੀ ਇਹੋ ਹੈ ‘ਜੋ ਵੀ ਰੜਕਦਾ ਹੈ’। ਇਸੇ ਲਈ ਹੀ ਸ਼ਾਇਦ ਜਦੋਂ ਕੋਈ ਮੈਨੁੰ ਮਿਲਣਾ ਚਾਹੁੰਦਾ ਹੈ ਤਾਂ ਕੁਝ ਡਰ ਜਾਂਦਾ ਹਾਂ। ਕੀ ਪਿਰਾਮਿਡ ਹੁਣ ਵੀ ਢਾਹੇ ਜਾ ਰਹੇ ਨੇ?
ਸੈਮੁਏਲ ਬੈਕੇਟ ਦਾ ਦੱਲਾ
ਜ਼ਿੰਦਗੀ ‘ਚ ਇਕ ਅਵਸਰ ਰੱਬ ਸਭ ਨੂੰ ਦਿੰਦਾ ਹੈ!ਸੈਮੁਏਲ ਬੈਕੇਟ ਨੂੰ ਇਹ ਅਵਸਰ ਸੱਤ ਜਨਵਰੀ 1938 ‘ਚ ਪੈਰਿਸ ਦੀ ਇਕ ਸੜਕ ‘ਤੇ ਮਟਰਗਸ਼ਤੀ ਕਰਦਿਆਂ ਮਿਲਿਆ। ਇਸੇ ਵਰ੍ਹੇ ਅਗਸਤ ਮਹੀਨੇ ਮੇਰਾ ਜਨਮ ਹੋਇਆ ਸੀ। ਇਸ ਦਿਨ ਸੜਕ ‘ਤੇ ਉਹ ਵਕਤ ਕਟੀ ਲਈ ਘੁੰਮਣ ਨਿਕਲਿਆ ਸੀ। ਥਾਂ ਸੀ ਆਵੇਨਿਓੁ ‘ਦ ਔਰਲੀਅਨਜ਼। ਮੈਂ ਵੀ ਇਸ ਆਵੇਨਿਉ ਨੂੰ ਪੈਰਿਸ ਘੁੰਮਣ ਗਿਆ ਕਈ ਵਾਰ ਗਾਹ ਚੁੱਕਿਆ ਹਾਂ।
ਆਪਣੀ ਸਖਤ ਮਿਜਾਜ਼ ਮਾਂ ਨੂੰ ਬੈਕੇਟ ਡਬਲਿਨ ‘ਚ ਬਹੁਤ ਪਿਛਾਂਹ ਛੱਡ ਆਇਆ ਸੀ। ਉਸ ਦੀਆਂ ਲਾਹਨਤਾਂ ਤੇ ਗਾਲ੍ਹਾਂ ਨੇ ਬੈਕੇਟ ਦਾ ਜਿਊਣਾ ਹਰਾਮ ਕਰ ਦਿਤਾ ਸੀ। ਮਾਂ ਨੂੰ ਕਮਰੇ ‘ਚ ਵੜਦਿਆਂ ਵੇਖ ਕੇ ਹੀ ਡਰ ਨਾਲ ਬੈਕੇਟ ਨੂੰ ਗਸ਼ ਪੈ ਜਾਂਦੀ ਸੀ। ਨਤੀਜੇ ਵੱਜੋਂ ਚੜ੍ਹਦੀ ਜਵਾਨੀ ‘ਚ ਹੀ ਬੈਕੇਟ ਦੀ ਰੂਹ ਨੂੰ ਅਨੇਕਾਂ ਮਾਨਸਿਕ ਰੋਗਾਂ ਨੇ ਘੇਰ ਲਿਆ।
ਪੈਰਿਸ ਦੀਆਂ ਗਲੀਆਂ ’ਚ ਉਸ ਦੀ ਭਟਕਦੀ ਹੋਂਦ ਅਸਫਲਤਾ ਦਾ ਜਿਊਂਦਾ-ਜਾਗਦਾ ਪ੍ਰਤੀਕ ਸੀ। ਉਸ ਦੀ ਜ਼ਿੰਦਗੀ ਅਤੇ ਕਲਮ ਦੋਵਾਂ ਨੂੰ ਹਰ ਪਾਸਿਉਂ ਮਾਰ ਪੈ ਰਹੀ ਸੀ।
ਉਹ ਬੱਤੀ ਸਾਲ ਦਾ ਹੋ ਚੱਲਿਆ ਸੀ, ਪਰ ਕਲਮ ਰਾਹੀਂ ਉਹ ਅਜੇ ਇਕ ਧੇਲਾ ਵੀ ਨਹੀਂ ਸੀ ਕਮਾ ਸਕਿਆ। ਉਸ ਦਾ ਪਹਿਲਾ ਨਾਵਲ ‘Murphy’ ਲਗਭਗ 42 ਪ੍ਰਕਾਸ਼ਕਾਂ ਤੋਂ ਰੱਦ ਹੋ ਕੇ ਵਾਪਿਸ ਆ ਗਿਆ ਸੀ। ਸਿਰਜਣ ਦੀ ਥਾਂ ਹੌਲੀ-ਹੌਲੀ ਸ਼ਰਾਬ ਅਤੇ ਹੋਰ ਅਮਲਾਂ ਨੇ ਮੱਲ ਲਈ ਸੀ।
ਫਿਰ ਆ ਗਿਆ ਉਹ ਸੱਤ ਜਨਵਰੀ ਦਾ ਭਾਗਾਂ ਵਾਲਾ ਦਿਨ।
ਸੈਮੂਇਲ ਬੈਕੇਟ ਰੋਜ਼ ਵਾਂਗ ਆਰਲੀਅਨਜ਼ ਦੀ ਸੜਕ ‘ਤੇ ਆਵਾਰਾਗਰਦੀ ਕਰਨ ਨਿਕਲ ਜਾਂਦਾ ਹੈ। ਸੜਕ ’ਤੇ ਬੇ-ਧਿਆਨ ਤੁਰੇ ਜਾਂਦੇ ਬੈਕੇਟ ਨੂੰ ਪਰੂਡੈਂਟ ਨਾਂ ਦਾ ਇਕ ਦੱਲਾ ਜੇਬੀ ਚਾਕੂ ਨਾਲ ਜ਼ਖ਼ਮੀ ਕਰ ਦਿੰਦਾ ਹੈ। ਸੈਮੂਏਲ ਬੈਕੇਟ ਲਹੂ ਚ ਨ੍ਹਾਤਾ ਸੜਕ ‘ਤੇ ਢੇਰੀ ਹੋ ਗਿਆ। ਪਰ ਉਹ ਮਰਦਾ ਨਹੀਂ । ਬਲਕਿ ਇਸ ਹਮਲੇ ਪਿੱਛੋਂ ਸੈਮੂਇਲ ਬੈਕੇਟ ਦੇ ਭਾਗ ਜਾਗ ਪਏ। ਇਕ ਨਵਾਂ ਬੈਕੇਟ ਸਜੀਵ ਹੋਕੇ ਸੜਕ ਤੋਂ ਉੱਠ ਖੜ੍ਹਾ ਹੋਇਆ।
ਜ਼ਖਮੀ-ਪੁੱਤਰ ਦੇ ਮੋਹ ‘ਚ ਕੁਰਲਾਂਦੀ ਬੈਕੇਟ ਦੀ ਮਾਂ ਡਬਲਿਨ ਤੋਂ ਉੱਡੀ ਆਈ। ਉਸ ਨੂੰ ਕਮਰੇ ਅੰਦਰ ਆਉਂਦਿਆਂ ਵੇਖ ਬੈਕੇਟ ਨੂੰ ਇਸ ਵਾਰ ਗਸ਼ ਨਹੀਂ ਪੈਂਦਾ। ਆਖਰ ਮਾਂ ਪੁੱਤ ਨੇ ਇਕ ਦੂਜੇ ਨੂੰ ਲੱਭ ਲਿਆ।
42 ਥਾਵਾਂ ਤੋਂ ਇਨਕਾਰਿਆ ਹੋਇਆ ਉਸਦਾ ਨਾਵਲ ‘ਮਰਫੀ’ ਇਕ ਮੰਨੇ-ਪਰਮੰਨੇ ਪ੍ਰਕਾਸ਼ਕ ਕੋਲੋਂ ਛਪਦਾ ਹੈ।
ਜੇਮਜ਼ ਜਾਇਸ ਨੇ, ਜਿਸ ਦੀ ਕਲਮ ਦੀਆਂ ਉਦੋਂ ਧੁੰਮਾਂ ਪੈ ਰਹੀਆਂ ਸੀ, ਉਸਦੇ ਨਾਵਲ ਦੀ ਖੁਲ੍ਹ ਕੇ ਸਿਫਤ ਕੀਤੀ। ਸਾਹਿਤਕ ਦੁਨੀਆਂ ਚ ਬੈਕੇਟ ਦੀ ਵਾਹ-ਵਾਹ ਹੋ ਗਈ।
ਇਹੋ ਨਹੀਂ, ਸੜਕ ਉੱਤੇ ਜ਼ਖ਼ਮੀ ਪਏ ਬੈਕੇਟ ਨੂੰ ਮਹਿਬੂਬਾ ਵੀ ਮਿਲ ਜਾਂਦੀ ਹੈ। ਇਸੇ 7 ਜਨਵਰੀ ਨੂੰ ਇਕ ਪਿਆਨੋ-ਟੀਚਰ ਉਸੇ ਸੜਕ ਤੋਂ ਲੰਘਦੀ ਹੈ ਜਿਥੇ ਬੈਕੇਟ ਜ਼ਖਮੀ ਹੋਇਆ ਪਿਆ ਸੀ। ਉਸ ਨੂੰ ਲਹੂ-ਲੁਹਾਨ ਹੋਇਆ ਵੇਖ ਉਹ ਉੱਥੇ ਹੀ ਅਟਕ ਗਈ। ਅਟਕੀ ਤਾਂ ਉਸ ਕੋਲ ਜ਼ਿੰਦਗੀ ਭਰ ਲਈ ਹੀ ਅਟਕ ਗਈ।
ਰੱਬ ਦਿµਦਾ ਹੈ ਤਾਂ ਛੱਤ ਪਾੜ ਕੇ ਦਿµਦਾ ਹੈ। ਪਰ ਉਹ ਕਿਸੇ ਦੀ ਛੱਤ ਨੂੰ ਇੰਨਾਂ ਕਦੇ ਕਦੇ ਹੀ ਪਾੜਦਾ ਹੈ।
ਪਿਛਲੇ ਮਹੀਨੇ ਇਕ ਹਫਤੇ ਲਈ ਮੈਂ ਸਟੋਕਹੋਮ ਤੋਂ ਪੈਰਿਸ ਗਿਆ ਹੋਇਆ ਸਾਂ। ਸ਼ਾਮ ਵੇਲੇ ਸੇਂਟ ਡੈਨਿਸ ਦੀ ਸੜਕ ‘ਤੇ ਇਕ ਭਾਰਤੀ ਪੇਂਟਰ ਦਾ ਪਤਾ ਲੱਭਦਾ ਫਿਰ ਰਿਹਾ ਸੀ ਤਾਂ ਉਪਰੋਕਤ ਘਟਨਾ ਮੈਨੂੰ ਯਾਦ ਆ ਗਈ। ਇਹ ਇਲਾਕਾ ਵੀ ਲਾਲ ਬੱਤੀ ਕਰ ਕੇ ਪ੍ਰਸਿੱਧ ਹੈ। ਪੈਰਿਸ ਦੇ ਕੁਝ ਇਲਾਕਿਆਂ ‘ਚ ਬੈਕੇਟ ਦੇ ਸਮੇਂ ਦਾ ਮਾਹੌਲ ਅੱਜ ਵੀ ਕਾਇਮ ਹੈ। ਸੇਂਟ ਡੈਨਿਸ ਦੇ ਕੋਠਿਆਂ ’ਤੇ ਵੇਸਵਾਵਾਂ ਰਹਿੰਦੀਆਂ ਹਨ ਤੇ ਹੇਠਾਂ ਸੜਕ ‘ਤੇ ਫਿਰਦਾ ਹਰ ਬੰਦਾ ਬੈਕੇਟ ਵਾਲਾ ਉਹੋ ਪਰੂਡੈਂਟ ਜਾਪਦਾ ਹੈ ਜਿਸਨੇ ਉਸਨੂੰ ਜ਼ਖਮੀ ਕਰ ਦਿਤਾ ਸੀ। ਨਵੇਂ ਕਲਾਕਾਰ ਅਤੇ ਲੇਖਕ ਅਜਿਹੇ ਇਲਾਕਿਆਂ ਤੋਂ ਹੀ ਪੈਰਿਸ ਆ ਕੇ ਆਪਣੀ ਸਾਧਨਾ ਸ਼ੁਰੂ ਕਰਦੇ ਹਨ। ਇੱਥੇ ਉਹਨਾਂ ਨੂੰ ਘਰ ਵੀ ਸਸਤੇ ਮਿਲ ਜਾਂਦੇ ਨੇ ਤੇ ਮੌਡਲਿੰਗ ਲਈ ਕੁੜੀਆਂ ਵੀ।
‘ਤੁਹਾਡਾ ਫੇਵਰਿਟ ਰੰਗ ਕਿਹੜਾ ਹੈ?’ ਮੈਨੂੰ ਰੋਕ ਕੇ ਅਚਾਨਕ ਇਕ ਮੱਧਰੇ ਜਿਹੇ ਗਠੀਲੇ ਜਵਾਨ ਨੇ ਪੁੱਛਿਆ।
ਇਸ ਇਲਾਕੇ ਚ ਕਲਾਕਾਰ ਰਹਿੰਦੇ ਸਨ, ਇਸ ਲਈ ਸਵਾਲ ਵਾਜਿਬ ਹੀ ਸੀ।
”ਕਾਲਾ…” ਮੈਂ ਸਹਿਜ ਹੀ ਜਵਾਬ ਦਿੱਤਾ। ਯੋਰੁਪ ਦੇ ਅਰਟਿਸਟ ਇਸੇ ਰੰਗ ਦੇ ਵਸਤਰ ਪਾਉਂਦੇ ਹਨ। ਨਾਲ ਹੀ ਮੈਂ ਸੋਚਿਆ ਕਿ ਜੇ ਮੈਂ ਵਾਨ ਗਾੱਗ ਦਾ ਸੂਰਜਮੁਖੀਆਂ ਵਾਲਾ ਪੀਲਾ ਰੰਗ ਆਖਦਾ ਤਾਂ ਪ੍ਰਸ਼ਨਕਰਤਾ ’ਤੇ ਸ਼ਾਇਦ ਬਹੁਤਾ ਰੋਹਬ ਪੈਂਦਾ।
ਮੇਰਾ ਜਵਾਬ ਸੁਣ ਕੇ ਮੇਰੇ ਮੂਹਰੇ ਖੜ੍ਹਾ ਆਦਮੀ ਹੱਸ ਪਿਆ। ਉਸਦਾ ਸੋਨੇ ਦਾ ਦੰਦ ਵੇਖ ਕੇ ਮੈਂ ਕੁਝ ਤ੍ਰਭਕਿਆ।
ਕੁਝ ਹੋਰ ਨੇੜੇ ਆ ਕੇ ਦਬੀ ਜ਼ਬਾਨ ‘ਚ ਉਸ ਨੇ ਮੈਨੂੰ ਦੂਜਾ ਸਵਾਲ ਪੁੱਛਿਆ, ” ਅੋਕੇ ਮਿਸਟਰ! ਤੇ ਉਮਰ ਕਿਹੜੀ ਪਸµਦ ਹੈ?”
ਰੰਗ ਦੀ ਵੀ ਕੋਈ ਉਮਰ ਹੁੰਦੀ ਹੈ? ਉਸਦਾ ਸਵਾਲ ਸੁਣ ਕੇ ਮੈਨੂੰ ਕੁਝ ਹੈਰਾਨੀ ਹੋਈ।
ਜੇਬ ਚੋਂ ਉਹਨੇ ਇਕ ਤਾਸ਼ ਕੱਢ ਲਈ ਤੇ ਮੇਰੀਆਂ ਅੱਖਾਂ ਮੂਹਰੇ ਉਸ ਦੇ ਪੱਤੇ ਫੋਲਣ ਲੱਗ ਪਿਆ। ਇਹ ਹਰ ਰੰਗ ਦੀਆਂ ਜਵਾਨ ਕੁੜੀਆਂ ਦੇ ਨਗਨ ਚਿੱਤਰ ਸਨ।
ਮੈਂ ‘ਸਲੋ-ਥਿੰਕਰ’’ ਹਾਂ। ਚਲਾਕ ਬੰਦਿਆਂ ਦੀ ਕਰਨੀ ਹੌਲੀ ਹੌਲੀ ਸਮਝ ਆਉਂਦੀ ਹੈ। ਪਰ ਉਸ ਦੇ ਦੂਜੇ ਸਵਾਲ ਨੇ ਮੈਨੂੰ ਸੁੱਤਿੳਂ ਜਗਾ ਦਿਤਾ। ਇਹ ਬੈਕੇਟ ਵਾਲਾ ਦੱਲਾ ਪਰੂਡੈਂਟ ਸੀ। ਭੋਲੇ ਭਾਅ ਮੈਂ ਉਸ ਦੇ ਸੁੱਟੇ ਜਾਲ ‘ਚ ਫਸ ਚਲਿਆ ਸਾਂ। ਇਹ ਕੋਈ ਕਲਾ ਪ੍ਰੇਮੀ ਨਹੀੰਂ ਸੀ। ਉਹ ਸੜਕ ’ਤੇ ਫਿਰਦੇ ਇਕ ਮੁੰਡੇ ਦੀ ਸ਼ਾਮ ਨੂੰ ਰੰਗੀਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੇਂਟ ਡੈਨਿਸ ਦੇ ਹਰ ਬੂਹੇ ਮੂਹਰੇ ਹੱਥ ’ਚ ਚੁਬਾਰੇ ਦੀਆਂ ਚਾਬੀਆਂ ਫੜੀ ਮਿਨੀ ਸਕਰਟ ਚ ਇਕ ਖੁਬਸੂਰਤ ਕੁੜੀ ਖੜ੍ਹੀ ਹੁੰਦੀ ਹੈ। ਇਹ ਦੱਲਾ ਉਹਨਾਂ ਦੀ ਗਾਹਕੀ ਲਈ ਮੈਨੂੰ ਪਟਾ ਰਿਹਾ ਸੀ।
‘ਮੈਂ ਗਲਤ ਬੰਦਾ ਹਾਂ ਜਨਾਬ!’ ਮੈਂ ਨਿਮਰਤਾ ਨਾਲ ਆਖਿਆ ਤੇ ਆਪਣੇ ਮੋਢੇ ਤੋਂ ਉਸ ਦੇ ਭਾਰੇ ਹੱਥ ਨੂੰ ਪਰ੍ਹਾਂ ਹਟਾ ਦਿੱਤਾ।
ਸਿਰਫ਼ ਇਸੇ ਬਿੰਦੂ ਤੱਕ ਸੈਮੁਏਲ ਬੈਕੇਟ ਅਤੇ ਮੇਰੀ ਹੋਣੀ ਮਿਲਦੀ ਹੈ। ਮੇਰੇ ਰਾਹ ਚ ਆਏ ਪਰੂਡੈਂਟ ਨੇ ਚਾਕੂ ਨਾਲ ਮੈਨੂੰ ਜ਼ਖ਼ਮੀ ਨਹੀਂ ਸੀ ਕੀਤਾ, ਬਲਕਿ ਖਿਮਾ ਮµਗ ਕੇ ਅਲੋਪ ਹੋ ਗਿਆ ਸੀ।
Tough Guys Don’t Dance
ਅਮਰੀਕਨ ਲੇਖਕ ਨੌਰਮਨ ਮੇਲਰ ਸਦਾ ਲਈ ਵਿਦਾ ਹੋ ਗਿਆ। 84 ਸਾਲ ਭੋਗ ਕੇ। ਆਖਰੀ ਦਮ ਤਕ ਉਹ ਵਿਸ਼ਵ ਸਾਹਿਤ ਚ ਇਕ ਵਿਗੜੇ ਹੋੇਏ ਮੁੰਡੇ ਦਾ ਰੋਲ ਨਿਭਾਉਂਦਾ ਰਿਹਾ। ‘ਨੰਗੇ ਅਤੇ ਮਿਰਤ’ ਉਸਦਾ ਪਹਿਲਾ ਨਾਵਲ ਸੀ। 28 ਸਾਲ ਦੀ ਉਮਰ ’ਚ ਹੀ ਬੈਸਟ ਸੈੱਲਰ। ਉਸ ਪਿਛੋਂ ਪੁਲਿਟਜ਼ਰ ਪੁਰਸਕਾਰ ਵੀ, ਅਮਰੀਕਾ ਦਾ ਸਰਵੋਤਮ।
ਮੈਂ ਕਦੇ ਨਾ ਸਮਝ ਸਕਿਆ ਕਿ ਉਸ ਨੂੰ ਅਮਰੀਕਾ ਦੇ ਵੱਡੇ ਲੇਖਕਾਂ ’ਚ ਕਿਉਂ ਸਮਝਿਆ ਜਾਂਦਾ ਹੈ? ਹਜ਼ਾਰ ਤੋਂ ਉਪਰ ਸਫਿਆਂ ਦੀਆਂ ਕਿਤਾਬਾਂ ਲਿਖ ਕੇ ਉਹ ਪਤਾ ਨਹੀਂ ਕੁਝ ਵੀ ਨਾ ਕਹਿਣ ’ਚ ਕਿਵੇਂ ਸਫਲ ਹੋ ਜਾਂਦਾ ਸੀ। ਇੰਨੇ ਸਫਿਆਂ ’ਚ ਹੋਰ ਨਹੀਂ ਤਾਂ ਭੁੱਲ ਕੇ ਹੀ ਲੇਖਕ ਇਕ ਅੱਧ ਪਤੇ ਦੀ ਗੱਲ ਕਹਿ ਜਾਂਦਾ ਹੈ। ਪਰ ਜਿਸ ਦਿਲਚਸਪੀ ਅਤੇ ਉਤਸੁਕਤਾ ਨਾਲ ਦੁਨੀਆਂ ’ਚ ਉਸ ਨੂੰ ਪੜ੍ਹਿਆ ਜਾਂਦਾ ਰਿਹਾ, ਉਸ ਨੂੰ ਵੇਖਦਿਆਂ ਉਸ ਨੂੰ ਨਾ ਸਮਝ ਸਕਣਾ ਮੇਰੀ ਆਪਣੀ ਨਜ਼ਰ ਦਾ ਦੋਸ਼ ਹੋ ਸਕਦਾ ਸੀ। ਆਖਰ ’ਚ ਸਿੱਧ ਵੀ ਇਹੋ ਹੋਇਆ।
ਜਿਸ ਕਿਤਾਬ ਨੇ ਇਕੋ ਝਟਕੇ ’ਚ ਮੈਨੂੰ ਉਸਦਾ ਮੁਰੀਦ ਬਣਾ ਦਿਤਾ ਉਸਦਾ ਨਾਂ ਹੈ The Fight। ਇਹ ਨਾਵਲ ਨਹੀਂ, ਪੱਤਰਕਾਰਤਾ ਦੇ ਖੇਤਰ ’ਚ ਅੰਤਰਰਾਸ਼ਟਰੀ ਦਿਗ-ਵਿਜੇ ਦਾ ਆਹਲਾ ਨਮੂਨਾ ਹੈ। ਕਿਤਾਬ ਦਾ ਮੁੱਖ ਪਾਤਰ ਹੈ, ਮੇਲਰ ਵਾਂਗ ਹੀ ‘ਟਫ਼’ ਤੇ ਸੁਹਰਤ ਦੇ ਸਿਖ਼ਰ ਅੱਪੜਿਆ ਹੋਇਆ, ਮੁਹੱਮਦ ਅਲੀ।
1975, ਸਥਾਨ ਕਿਨਸ਼ਾਸਾ, ਜ਼ਾਇਰ ਦੀ ਰਾਜਧਾਨੀ। ਮੁਹਮੱਦ ਅਲੀ ਅਤੇ ਜਿਉਰਜ ਫੋਰਮੈਨ ਦਾ ਇਤੀਹਾਸਕ ਬੋਕਸਿੰਗ ਮੈਚ। ਇਸ ’ਚ ਅਲੀ ਦੀ ਹਾਰ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਨ ਲਈ ਗਈ ਸੀ। ‘ਦ ਫਾਈਟ’ 234 ਸਫਿਆਂ ’ਚ ਇਸ ਗਲੋਬਲ ਈਵੈਂਟ ਨੂੰ ਅਨੋਖੀ ਗੈਰਯਕੀਨੀ ਤੇ ਪਰੀਸਾਈਸ ਭਾਸ਼ਾ ’ਚ ਚਿਤ੍ਰਿਤ ਕਰਦੀ ਹੈ। ਅਲੀ ਦੀ ਬੋਕਸਿੰਗ ਟੈਕਨੀਕ ਵੀ ਇਹੋ ਹੈ। ਕਿਹਾ ਜਾ ਸਕਦਾ ਹੈ ਕਿ ਆਪਣੇ ਆਪਣੇ ਖੇਤਰ ’ਚ ਦੋਵੇਂ ਬੌਕਸਰ ਸਨ। ਇਸ ਮੈਚ ਵਿਚ ਅਲੀ ਦੀ ਹੀ ਜਿੱਤ ਨਹੀਂ ਹੁੰਦੀ, ਮੇਲਰ ਵੀ ਦੁਨੀਆਂ ਭਰ ਤੋਂ ਜ਼ਾਇਰ ਪਹੁੰਚੇ ਪੱਤਰਕਾਰਾਂ ਨੂੰ ਪਹਿਲੇ ਹੀ ਰੌਂਡ ’ਚ Knock Out ਕਰ ਦਿੰਦਾ ਹੈ। ਪੱਤਰਕਾਰਤਾ ਦੇ ਜੈਨਰ ਚ ਲਿਖੇ ਇਸ ਡਰਾਮੇ ਨੂੰ ਕਈ ਵਾਰ ਪੜ੍ਹਿਆ ਜਾ ਸਕਦਾ ਹੈ, ਇਸ ਦੇ ਬਾਵਜੂਦ ਕਿ ਇਸ ਡਰਾਮੇ ਦਾ ਅੰਤ ( ਮਾਸ ਦੇ ਪਹਾੜ ਫੋਰਮੈਨ ਮੂਹਰੇ ਤਿਤਲੀ ਵਾਂਗ ਨੱਚਦੇ ਮੁਹੱਮਦ ਅਲੀ ਦੀ ਜਿੱਤ) ਪਹਿਲੋਂ ਹੀ ਪਾਠਕ ਨੂੰ ਪਤਾ ਹੁੰਦਾ ਹੈ।
ਇਸ ਕਿਤਾਬ ’ਤੇ ਆਧਾਰਿਤ ਬਣੀ ਫਿਲਮ ‘When We Were Kings’ ’ਚ ਕਿੰਨੇ ਹੀ ਅਜੇਹੇ ਸੀਨ ਹਨ ਜੋ ਪਰਦੇ ’ਤੇ ਲਿਖੀ ਕਵਿਤਾ ਵਾਂਗ ਦਰਸ਼ਕ ਨੂੰ ਹਲ੍ਹੂਣ ਜਾਂਦੇ ਹਨ। ਅਜੇਹੇ ਹੀ ਇਕ ਸੀਨ ’ਚ 51 ਸਾਲ ਦੇ ਮੇਲਰ ਦਾ ਉਮਰਾਇਆ ਤੇ ਢਿਲੱ ਹੋਇਆ ਸ਼ਰੀਰ ਦੁਨੀਆਂ ਦੀ ਸਭ ਤੋਂ ਤਾਕਤਵਰ ਤੇ ਖੁਬਸੂਰਤ ਦੇਹੀ ਦੇ ਧਾਰਕ ਮੁਹੰਮਦ ਅਲੀ ਪਹੁ-ਫੁਟਾਲੇ ਦੀ ਲਾਲੀ ਚ ਜੌਗਿੰਗ ਕਰਦੇ ਵਿਖਾਈ ਦਿੰਦੇ ਹਨ। ਇਸ ਸੀਨ ਦੇ ਪਿਛੋਕੜ ’ਚ, ਦੂਰੋਂ ਕਿਤਿਉਂ, ਹੌਲੀ-ਹੌਲੀ ਇਕ ਸ਼ੇਰ ਦਾ ਦਹਾੜਣਾ ਸੁਣਾਈ ਦਿੰਦਾ ਹੈ।
ਇਹੋ ਜਿਹੇ ਪਰੋਖ ਸੰਕੇਤਾਂ ਦੇ ਭਾਸ਼ਾ-ਸੰਚਾਰ ’ਚ ਮੇਲਰ ਦਾ ਕੋਈ ਸਾਨੀ ਨਹੀਂ।
The Tough Guys Don’t Dance ਉਸ ਦੇ ਇਕ ਹੋਰ ਨਾਵਲ ਦਾ ਨਾਂ ਹੈ। ‘ਟਫ਼’ ਲਫਜ਼ ਦੇ ਸਮਾਂਨਾਂਤਰ ਪੰਜਾਬੀ ’ਚ ਕੋਈ ਚੰਗਾ ਲਫਜ਼ ਨਹੀਂ। ਅਮਰੀਕਨ ਮਾਫੀਆ ਨਾਲ ਜੁੜੇ ਹੋਏ ਗੁੰਡਿਆਂ ਅਤੇ ਬਦਮਾਸ਼ਾਂ ਲਈ ਇਹ ਲਫਜ਼ ਵਰਤਿਆ ਜਾਂਦਾ ਸੀ। ਮੈਂ ਵਿਗੜੇ ਲਫਜ਼ ਨਾਲ ਕੰਮ ਚਲਾ ਰਿਹਾਂ। ਯਾਨੀ ਵਿਗੜੇ ਮੁੰਡੇ ਕਦੇ ਨਾਚ ਨਹੀਂ ਕਰਦੇ। ਇਥੇ ਇਹ ਵੀ ਜੋੜਿਆ ਜਾ ਸਕਦਾ ਹੈ ਕਿ ਵਿਗੜੇ ਮੁੰਡੇ ਕਦੇ ਹੱਸਦੇ ਨਹੀਂ। ਇਹਨਾਂ ਦੋ ਗੱਲਾਂ ’ਚ ਨੌਰਮਨ ਮੇਲਰ ਦਾ ਵਿਅਕਤੀ-ਚਿਤਰ ਵੀ ਮੁਕੰਮਲ ਹੋ ਜਾਂਦਾ ਹੈ।
ਉਹ ਸਾਹਿਤਕ ਦੁਨੀਆਂ ’ਚ ਮੁਹਮੰਦ ਅਲੀ ਵਾਂਗ ਵਿਚਰਦਾ ਸੀ, ਜਿਵੇਂ ਉਹ ਵੀ ਹੈਵੀ ਵੇਟ ਦਾ ਵਰਲਡ ਚੈਂਪੀਅਨ ਹੋਵੇ। ਵੈਸੇ ਮਾਰ ਕੁਟਾਈ ਦਾ ਸ਼ੌਕ ਉਸ ਨੂੰ ਗੁੜ੍ਹਤੀ ਚ ਮਿਲਿਆ ਹੋਇਆ ਸੀ। ਇਕ ਵਾਰ ਟੀ. ਵੀ. ਤੇ ਲਾਈਵ ਇੰਟਰਵਿਊ ਦੌਰਾਨ ਉਸ ਨੇ ਆਪਣੇ ਸਮਕਾਲੀ ਨਾਵਲਕਾਰ ਤੇ ਆਲੋਚਕ ਗੋਰ ਵਿਡਾਲ ਨੂੰ ਕੁਰਸੀ ਤੋਂ ਉੱਠ ਕੇ ਘਸੁੰਨ ਜੜ ਦਿਤਾ ਸੀ। ਅਜੇਹੇ ਸਕੈਂਡਲਾਂ ਦੇ ਬਾਵਜੂਦ ਉਸ ਦੀ ਹਰ ਥਾਂ ਮੰਗ ਰਹਿੰਦੀ। ਹਰ ਥਾਵੇਂ ਉਸ ਨੂੰ ਰਿਸੀਵ ਵੀ ਨੰਬਰ ਇਕ ਵਾਂਗ ਕੀਤਾ ਜਾਂਦਾ ਸੀ। ਜਿਵੇਂ ਸਚਮੁਚ ਹੀ ਉਹ ਸਾਹਿਤ ਦਾ ਮੁਹਮੰਦ ਅਲੀ ਹੋਵੇ।
ਸਾਹਿਤ-ਕਰਮੀ ਦੇ ਰੂਪ ’ਚ ਮੇਲਰ ਆਪਣੀ ਹਰ ਕਿਤਾਬ ’ਚ ਅਮਰੀਕਨ ਮਿਥ ਨੂੰ ਪਕੜਣ ਦੀ ਕੋਸ਼ਿਸ਼ ਕਰਦਾ ਜਾਪਦਾ ਹੈ। ਇਕ ਮਹਾਨ ਅਮਰੀਕਨ ਨਾਵਲ ਲਿਖਣਾ ਉਸਦਾ ਸੁਪਨਾ ਸੀ। ਇਸ ਮੈਦਾਨ ’ਚ ਵਿਲਿਅਮ ਫਾਕਨਰ ਅਤੇ ਹੇਮਿੰਗਵੇ ਪਹਿਲਾਂ ਹੀ ਮੌਜ਼ੂਦ ਸਨ। ਮੇਲਰ ਨੂੰ ਇਸ ਗੱਲ ਦਾ ਅਹਿਸਾਸ ਹਮੇਸ਼ਾ ਮਾਰਦਾ ਰਿਹਾ ਕਿ ਇਹਨਾਂ ਨੂੰ ਉਹ ਕਿਸੇ ਵੀ ਤਰ੍ਹਾਂ ਨਹੀਂ ਸੀ ਟੱਪ ਸਕਦਾ।
ਨੌਰਮਨ ਮੇਲਰ ਤੁਰ ਗਿਆ। ਇਸ ਵਿਗੜੈਲ ਲੇਖਕ ਦੇ ਮਰ ਜਾਣ ਨਾਲ ਦੁਨੀਆਂ ਕੁਝ ਬੇਰੌਣਕ ਹੋ ਗਈ ਹੈ।