ਸਿਮਰਤੀ ਦੀ ਪੁਨਰਸਿਰਜਣਾ ਕਰਦੀ ਸਥਾਪਤ ਯਾਨਰ ਤੋੜਦੀ ਇਕੋਤਰ ਸੌ ਨਵੇਂ ਪੰਜਾਬੀ ਕਵੀਆਂ ਦੀ ਇਸ ਵੀਹ ਸਾਲ ਲੰਮੀ ਮਾਨਵੀ ਅਵਚੇਤਨ, ਅਹਿਸਾਸਾਂ ਤੇ ਸਰੋਕਾਰਾਂ ਦੇ ਪੈਰਾਡਾਈਮ ਦੀ ਕਵਿਤਾ ਦੀ ਟੈਕਸਟ ਇਕ ਨਵਾਂ ਬਹੁਆਯਾਮੀ ਮਾਨਵੀ ਸਪੇਸ ਸਿਰਜਦੀ ਜਾਂਦੀ ਹੈ। ਇਹ ਕਵਿਤਾ ਵਿਚਾਰਧਾਰਾਈ ਆਧਾਰਾਂ ਅਤੇ ਕਾਵਿ-ਜੁਗਤਾਂ ਦੇ ਸੁਮੇਲ ਦੀ ਇਕਸੁਰਤਾ ਦੂਰ-ਦੁਮੇਲ ਤਕ ਪਰਵਾਜ਼ ਦੀਆਂ ਪੈੜਾਂ ਦੀ ਇਕ ਇਬਾਰਤ ਗ੍ਰਹਿਣ ਕਰਦੀ ਦਿਸਦੀ ਪ੍ਰਤੀਤ ਹੁੰਦੀ ਹੈ।
ਕੁਝ ਪਲ ਅਜਿਹੇ ਵੀ ਹੁੰਦੇ ਹਨ, ਜਦੋਂ ਮਨੁੱਖ ਸਿਰਫ਼ ਅਪਣੇ ਰੂਬਰੂ ਹੁੰਦਾ ਹੈ ਤੇ ਅਪਣੇ ਰੂਬਰੂ ਜੀਊਣ ਦੇ ਇਹ ਪਲ ਕਦੀ ਵੀ ਸ਼ਾਂਤ ਨਹੀਂ ਹੁੰਦੇ। ਇਹ ਬੇਚੈਨ ਉਤਸੁਕਤਾ, ਉਦਾਸੀ ਤੇ ਜਾਂ ਫਿਰ ਯਾਦਾਂ ਨਾਲ਼ ਸਰਸ਼ਾਰ ਹੁੰਦੇ ਹਨ। ਇਹ ਪਲ ਸਿਰਜਣਾਤਮਕ ਵੀ ਹੁੰਦੇ ਹਨ ਤੇ ਸੁਪਨਿਆਂ ਦੇ ਨਕਸ਼ਾਂ ਵਿਚ ਗੁਆਚੇ ਹੋਏ ਵੀ। ਅਜਿਹੇ ਹੀ ਸਭਿਆਚਾਰ ਦੇ ਚਿਹਨਾਂ ਦੇ ਤਲਾਸ਼ਗੀਰ ਪਲਾਂ ਦੇ ਰੂਬਰੂ ਕਿਤੇ ਉਗਮਦੀ ਹੈ, ਡਾ:ਅਰਥੀਸ਼ ਦੀ ਇਹ ਇਕ ਉਤਰ-ਆਧੁਨਿਕ ਕਵਿਤਾ।
ਡਾ:ਜਾਗਿੰਦਰ ਸਿੰਘ ਤੂਰ
ਮੈਨੂੰ ਯਾਦ ਹੈ ਜਦ ਤੇਰੇ ਜਾਣ ਤੋਂ ਬਾਅਦ
ਮੇਰੇ ਮਨ ਦੀਆਂ ਸਹਿਕਦੀਆਂ ਬਰੂਹਾਂ “ਉੱਤੇ” ਹੋਣ ਲੱਗੀ ਹਰ ਪਲ ਘੁਸਮੁਸੇ ਦੀ ਤਹਿਰੀਕ
ਮੱਖਣਈ ਹਨੇਰੇ ਵਿਚ “ਅੰਬਰੀ” ਪਰਵਾਜ਼ਾਂ ਸੰਗ ਘਾਇਲ ਪਰਿੰਦਿਆਂ ਦੀ ਇਕ ਭਾਸ਼ਾ
ਮੇਰੀ ਰੂਹ ਵਿਚਕਾਰਲੀ ਚੁਪ ਅੰਦਰ ਕਿਰਨ “ਲੱਗਾ” ਲਟਬੌਰੇ ਰੰਗਾਂ ਦਾ ਇਕ ਕਾਫਲਾ
ਬਣ ਗਿਆ ਹਰੀਆਂ ਧੁੱਪਾਂ “ਦਾ” ਇਕ ਮੁਜੱਸਮਾ
ਜ਼ਿੰਗਦੀ “ਦੇ” ਅਰਥਾਂ ਦੀ ਖ਼ਾਮੋਸ਼ੀ ਦੇ ਅੰਗਸੰਗ ਕਾਲ਼ੇ ਕੋਹਾਂ ‘ਤੇ ਕੰਦੀਲਾਂ ਦੀਆਂ ਉਮੀਦਾਂ ‘ਤੇ
ਹੁਣ ਧੁੰਦ “ਨੂੰ” ਧੁਪਿਆਉਣ ਦੀ ਦਸਤਕ ਦੇ ਰਿਹਾ ਕੌਣ
ਕਰਦਾ ਚਾਰਦੀਵਾਰੀ ਦੀ ਬੁੱਤਸ਼ਿਕਨੀ ਖਾਉਪੀਏ
ਸ਼ਬਦਾਂ ਦੇ ਹੰਝੂਆਂ ਦੇ ਵਸਤਰ ਪਹਿਨ ਕੇ ਸ਼ੁਰੂਆਤੀ ਸਿਲਸਿਲੇ
ਗੂੰਜ ਰਹੇ ਬ੍ਰਹਿਮੰਡੀ ਘੰਟੇ
ਕੋਈ ਸਿਰਜ “ਰਿਹਾ” ਇਕ ਨਵੀਂ ਕਾਇਨਾਤ
ਪਰਦੇਸੀ ਪੌਣਾਂ “ਦਾ” ਇਕ ਜੁਗਰਾਫ਼ੀਆ
ਤੇ ਸ਼ਿੰਗਰਫ਼ੀ ਸੰਵੇਦਨਾਵਾਂ
ਮੌਲ਼ ਪਏ ਤਾਬੂਤ ਤੇ ਹੋਂਦ “ਦੇ” ਜਸ਼ਨ ਦੇ ਅਹਿਸਾਨਮੰਦ ਝਰਨੇ
ਰਗ਼ਾਂ ਚ ਤੈਰਦੀ ਰੱਤ ਲਭਦੀ “ਹੋਵੇਗੀ”
ਸਭਾਓਕੀ ਰਸਾਇਣ ਚੋਂ ਰਿਸ਼ਤਗੀ ਦੇ ਰਾਬਤੇ
ਰਵਾਨਗੀ ਦੇ ਅਕਸ ਜਗਣ ਲੱਗੇ ਕਹਿਕਸ਼ਾਂ ‘ਤੇ ਖੜਤਾਲਾਂ ਦੇ ਖੰਡਰ ਲੈ ਕੇ ਜ਼ਿਆਰਤ ਦੀ ਇਕ ਨਿਗਾਹ
ਅੱਖਾਂ ਦੇ ਬੀਆਬਾਨ ਵਿਚ ਲਰਜ਼ ਗਈ ਅਚਾਨਕ ਸ਼ਬਦਾਂ “ਦੀ” ਇਕ ਝੁਲ਼ਸੀ ਹਰਿਆਵਲ
ਲਿਖਦੀ ਅੰਬਰਾਂ ਦੇ ਸਿਰਲੇਖ
ਤੇ ਆਵਾਜ਼ਾਂ ਚ ਛਿਲਤਰਾਂ ਉਗ ਆਈਆਂ
ਕਦੇ ਕਦੇ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਗ਼ੈਰਜ਼ਰੂਰੀ “ਹੋ” ਜਾਣਾ
ਪਰ ਹਨੇਰੇ ਦੇ ਹੱਥ ਚ ਫੜੀ ਪਾਕੀਜ਼ਗੀ
ਸਿਰਫ਼ ਇਕ ਧੁੱਪ ਹੁੰਦੀ ਹੈ
ਉਦਾਸ ਤਿਤਲੀ ਦੀਆਂ ਤਲੀਆਂ ‘ਤੇ ਲਗਣ ਤੋਂ ਕਿੰਜ ਬਾਅਦ ਬੇਪਰਵਾਹ ਚੁੰਨੀ “ਦਾ” ਬਾਦਬਾਂ
ਇੰਜ ਹੱਸਿਆ “ਨਾ” ਕਰ
ਜੋਗੀਆਂ ਤੇ ਤਰੱਨਮੀ ਜ਼ਖ਼ਮ
ਪੀਰਾਂ ਦੀ ਦਰਗਾਹ ਜਿਹੇ ਹੁੰਦੇ “ਨੇ”
ਪਿੰਡਿਆਂ ਦੀ ਚਾਂਦੀ ਚੋਂ ਨਿਕਲ਼ੀ
ਸੁਫ਼ਨਿਆਂ “ਦੀ” ਹਲ਼ਦੀ ਤੇ ਲਹੂ ਦੀ ਕਣਕ
ਪਸੀਨੇ ਦਾ ਪੀਹਣ ਤੇ ਬਰਫ਼ ਦੀਆਂ ਲਾਲਟੈਣਾਂ
ਵਾਵਰੋਲੇ ਹਮਸਫ਼ਰ ਹੁੰਦੇ ਗਏ ਜਿਸਮਾਂ ਦੀ ਬਾਰਾਂਦਰੀ ਚ
ਰੇਸ਼ਮੀ ਇਬਾਰਤਾਂ “ਦੇ” ਅੰਗਸੰਗ
ਵਿਰਲਾਪ ਨੇ “ਪਾ” ਲਿਆ ਮੇਰਾ ਲਿਬਾਸ
ਰਾਸ ਆ ਗਈ ਮੈਨੂੰ ਅਪਣੀ ਬੇਪਰਦਗੀ
ਤੇ ਚੜ੍ਹਦੀ ਕਲਾ ਦੀ ਉਦਾਸੀ
“ਉਹ” ਕਾਲ਼ੇ ਮੋਮ ਦੀ ਕੁੜੀ ਪਾ “ਕੇ” ਹਾਦਸਿਆਂ ਦੀਆਂ ਝਾਂਜਰਾਂ ਨੱਚਦੀ ਸੀ ਦਿਸਹੱਦਿਆਂ ਦੇ ਆਰਪਾਰ ਦੇਖਦੀ ਨਜ਼ਰ ਦੀ ਦੂਰਬੀਨ ਨਾਲ਼ ਕਰਦੀ ਨਕਸ਼ਾਂ “ਦੀ” ਨਿਸ਼ਾਨਦੇਹੀ
ਹਿਣਕਦਾ ਮੇਰੇ ਅੰਗਾਂ ਦਾ ਅਰਬੀ ਘੋੜਾ
ਪੜ੍ਹਦਾ ਅੰਬਰ “ਦਾ” ਇਕ ਸਿਰਲੇਖ
ਮੈਂ ਬਹੁਤ ਕੁਝ ਅਜੇਹਾ ਹੀ ਸਾਂ
ਰੰਗਾਂ ਦੀ ਇਬਾਰਤ ਜਿਹਾ ਗ਼ਾਮਜ਼ਨ ਰਾਹਾਂ ਦੇ ਰੂਬਰੂ
ਚੀਕਾਂ ਦਾ ਤਲਬਗਾਰ
ਲਾਸ਼ਾਂ ਦੀ ਖੇਤੀ ਦਾ ਪਹਿਰੇਦਾਰ
ਲੰਘਦਾ ਧਰਤੀ ਦੀਆਂ ਕਤਲਗਾਹਾਂ ਚੋਂ
ਉਦਰੇਵਿਆਂ ਦੇ ਤਹਿਖ਼ਾਨਿਆਂ ਚ ਹੌਕਿਆਂ ਦੀ ਨੀਂਦ ਸੌਂਦਾ