ਇਸ ਸਾਲ ਪੜ੍ਹੀ ਵਧੀਆ ਲਿਖਤ Blindness ਹੈ ਜੋ ਪੁਰਤਗਾਲੀ ਜ਼ਬਾਨ ਦੇ ਨਾਵਲ ਦਾ ਅੰਗਰੇਜ਼ੀ ਅਨੁਵਾਦ ਹੈ। ਪੁਰਤਗਾਲੀ ਜ਼ਬਾਨ ਵਿਚ ਤਾਂ ਇਹ ਗਿਆਰਾਂ ਸਾਲ ਪਹਿਲਾਂ ਛਪਿਆ ਸੀ। ਦੋ ਸਾਲ ਬਾਅਦ ਜਦ ਇਹਦਾ ਅੰਗਰੇਜ਼ੀ ਅਨੁਵਾਦ ਛਪਿਆ ਤਾਂ ਯੂਰਪ ਦੇ ਅਦਬੀ ਅਦਾਰਿਆਂ ਵਿਚ ਤਰਥੱਲੀ ਮੱਚ ਗਈ। ਅਗਲੇ ਸਾਲ ਹੀ ਇਹਦੇ ਲੇਖਕ ਜੋਸਿ ਸੈਰਾਮੈਗੋ ਨੂੰ ਨੋਬਲ ਇਨਾਮ ਨਾਲ ਨਿਵਾਜਿਆ ਗਿਆ। ਉਦੋਂ ਤੱਕ ਉਸਦੀ ਉਮਰ 77 ਸਾਲ ਹੋ ਚੁੱਕੀ ਸੀ। ਵੀਹ ਤੋਂ ਵੱਧ ਲਿਖਤਾਂ ਵੀ ਉਹ ਲਿਖ ਚੁੱਕਾ ਸੀ। ਪਰ ਮਾਰਕਸੀ ਚਿੰਤਨ ਚੇਤਨਾ ਨਾਲ ਪ੍ਰਤੀਬੱਧ ਹੋਣ ਕਾਰਨ ਉਸ ਨੂੰ ਇਸ ਇਨਾਮ ਤੋਂ ਮਹਿਰੂਮ ਹੀ ਰੱਖਿਆ ਗਿਆ ਸੀ। ਇਸ ਨਾਵਲ ਨੇ ਮਹਿਰੂਮੀਅਤ ਦੇ ਸੱਭ ਹੱਦਾਂ ਬੰਨੇ ਖੋਰ ਕੇ ਰੱਖ ਦਿੱਤੇ। ਲੇਖਕ ਜੋ ਆਪਣੀ ਪ੍ਰਥਮ ਲਿਖਤ ਦੇ ਛਾਪੇ ਜਾਣ ਵੇਲੇ ਚਾਲੀ ਸਾਲ ਤੋਂ ਉੱਪਰ ਹੋ ਚੁੱਕਾ ਸੀ, ਹੁਣ ਪਚਾਸੀ ਸਾਲ ਪਾਰ ਕਰਕੇ ਵੀ ਲਗਾਤਾਰ ਲਿਖਣ ਵਿਚ ਲੱਗਾ ਹੋਇਆ ਹੈ। ਉਸਦਾ ਅਜੋਕਾ ਨਾਵਲ ਜੋ ਅਜੇ ਅੰਗਰੇਜ਼ੀ ਵਿਚ ਅਨੁਵਾਦ ਨਹੀਂ ਹੋਇਆ, ਮੌਤ ਦੇ ਮੁਲਤਵੀ ਹੋਣ ਨਾਲ ਸਬੰਧਤ ਹੈ। ਇਸ ਕਾਰਨ ਸੰਸਾਰ ਕਿਸ ਤਰ੍ਹਾਂ ਦਾ ਹੋ ਨਿਬੜੇਗਾ, ਸੱਤਾ, ਸ਼ਾਸਨ, ਸੋਸ਼ਣ ਅਤੇ ਸਜ਼ਾ ਦੇ ਦਾਅਵੇਦਾਰਾਂ ਨੂੰ ਫ਼ਿਕਰ ਵੱਢ-ਵੱਢ ਖਾਵੇਗਾ, ਜਨ ਸਮੂਹ ਨੂੰ ਹੁਲਾਸ ਉਪਰੰਤ ਬੇਹਿਸ ਹੋ ਜਾਣ ਦਾ ਭੈਅ ਆ ਦਬੋਚੇਗਾ, ਪਾਦਰੀਆਂ, ਸਮਾਜ ਸੁਧਾਰਕਾਂ, ਵਿਗਿਆਨੀਆਂ ਅਤੇ ਡਾਕਟਰਾਂ ਨੂੰ ਆਪਣਾ-ਆਪਣਾ ਹਿੱਤ ਡੋਲਦਾ ਨਜ਼ਰ ਆਏਗਾ, ਇਹ ਸਭ ਇਸ ਨਾਵਲ ਵਿਚ ਵਿਸ਼ਾ ਵਸਤੂ ਵਜੋਂ ਸਮਾਇਆ ਹੋਇਆ ਹੈ।
ਕਿਹਾ ਜਾ ਸਕਦਾ ਹੈ ਕਿ ਇਹ ਅਜੋਕਾ ਨਾਵਲ ਲੇਖਕ ਦੇ ‘ਮੋਤੀਆ’ ਨਾਮੀਂ ਸ਼ਾਹਕਾਰ ਦੀ ਅੰਤਿਮ ਕੜੀ ਹੈ ਜਿਸ ਵਿਚ ਦੇਹ ਦੀ ਨਹੀਂ ਤਾਂ ਦਿਲ ਮੌਤ ਦਾ ਹੀ ਪਾਰਾਵਾਰ ਹੈ। ਮੋਤੀਏ ਕਾਰਨ ਜੋਤ ਦਾ ਚਲੇ ਜਾਣਾ ਤਾਂ ਇਕ ਬਹਾਨਾ ਹੈ। ਦਿਲ ਵਿਚ ਘਰ ਕਰ ਗਏ ਮੋਤੀਏ ਕਾਰਨ ਸੰਸਾਰ ਵਿਚ ਜੋ ਛਾ ਜਾਂਦਾ ਹੈ, ਜ਼ਿੰਦਗੀ ਆਪਣਾ ਭਾਵਾਰਥ ਹੀ ਗੁਆ ਬੈਠਦੀ ਹੈ, ਵਾਤਾਵਰਣ ਗੰਦਗੀ ਦਾ ਅਡੰਬਰ ਬਣ ਜਾਂਦਾ ਹੈ, ਜਬਰ ਇਕੋ ਇਕ ਵਰਤਾਰਾ ਬਣ ਕੇ ਰਹਿ ਜਾਂਦਾ ਹੈ, ਇਸ ਸਭ ਦਾਂ ਨਾਵਲ ਵਿਚ ਹੌਲਨਾਕ ਅਤੇ ਖੌਫ਼ਨਾਕ ਵਿਸਥਾਰ ਹੈ। ਪੰਜ ਛੇ ਸਾਲ ਹੋਏ ਪਹਿਲੀ ਵਾਰ ਜਦ ਇਸ ਨੂੰ ਪੜ੍ਹਣ ਦਾ ਅਵਸਰ ਬਣਿਆ ਤਾਂ ਮੈਨੂੰ ਲੱਗਿਆ ਸੀ ਕਿ ਇਹ ਕਾਫ਼ਕਾ ਦੇ ‘ਦ ਕਾਸਲ’ ਅਤੇ ਕਾਮੂ ਦੇ ‘ਪਲੇਗ’ ਵਰਗਾ ਹੀ ਇਹ ਤਮਸੀਲੀ ਨਾਵਲ ਹੈ ਜਿਸ ਵਿਚ ਇਨਸਾਨੀ ਹੋਣੀ ਨੂੰ ਦਰਪੇਸ਼ ਮਾਰੂ ਖ਼ਤਰਿਆਂ ’ਤੇ ਗਹਿਰ-ਗੰਭੀਰ ਪ੍ਰਕਾਸ਼ ਪਾਇਆ ਗਿਆ ਹੈ। ਪੰਜਾਬੀ ਵਿਚ ਇਸ ਨੂੰ ਅਨੁਵਾਦਣ ਦੇ ਇਰਾਦੇ ਨਾਲ ਹੁਣ ਜਦ ਮੈਂ ਦੁਬਾਰਾ ਪੜ੍ਹਿਆ ਤਾਂ ਅਹਿਸਾਸ ਹੋਇਆ ਕਿ ਕਾਫ਼ਕਾ ਅਤੇ ਕਾਮੂ ਦੀਆਂ ਕਿਰਤਾਂ ਦਾ ਦੇਣਦਾਰ ਹੋਣ ਦੇ ਬਾਵਜੂਦ, ਇਸ ਨਾਵਲ ਵਿਚ ਕਿਤੇ ਅਗਾਂਹ ਦੀ ਬਾਤ ਪਾਈ ਗਈ ਹੈ।
ਨਾਵਲ ਦਾ ਆਰੰਭ ਬੜੇ ਹੀ ਸਰਲ ਢੰਗ ਨਾਲ ਹੁੰਦਾ ਹੈ। ਮੁੱਖ ਮਰਦ ਪਾਤਰ, ਜੋ ਪੇਸ਼ੇ ਵਜੋਂ ਡਾਕਟਰ ਹੈ, ਕਾਰ ਵਿਚ ਘਰ ਮੁੜਦਾ ਹੋਇਆ, ਲਾਲ ਬੱਤੀ ਹੋ ਜਾਣ ਕਾਰਨ ਰੁਕ ਜਾਂਦਾ ਹੈ। ਜਦੋਂ ਦੁਬਾਰਾ ਕਾਰ ਚਲਾਉਣ ਲੱਗਦਾ ਹੈ ਤਾਂ ਉਸਨੂੰ ਮਹਿਸੂਸ ਹੁੰਦਾ ਹੈ ਕਿ ਇਕ ਦਮ ਉਸਦੀਆਂ ਅੱਖਾਂ ਦੀ ਜੋਤ ਲੋਪ ਹੋ ਗਈ ਹੈ। ਹਮਦਰਦੀ ਵਜੋਂ ਉੱਥੇ ਖੜੋਤਾ ਅਣਜਾਣ ਬੰਦਾ ਉਸ ਨੂੰ ਘਰ ਪਹੁੰਚਾਣ ਦੀ ਖੇਚਲ ਕਰਦਾ ਹੈ। ਅਜਿਹਾ ਕਰਦਿਆਂ ਉਹ ਆਪ ਲੋਭੀ ਬਣ ਜਾਂਦਾ ਹੈ ਅਤੇ ਉਸਦੀ ਕਾਰ ਚੋਰੀ ਕਰ ਲੈਣ ਦਾ ਮਨ ਬਣਾ ਲੈਂਦਾ ਹੈ। ਇਕ ਦੋ ਮੋੜ ਹੀ ਕੱਟੇ ਹੋਣੇ ਹਨ ਕਿ ਉਹ ਆਪ ਵੀ ਅੰਨ੍ਹਾ ਹੋ ਜਾਂਦਾ ਹੈ। ਫੇਰ ਤਾਂ ਲੋਕਾਂ ਦੇ ਅੰਨ੍ਹੇ ਹੋ ਜਾਣ ਦਾ ਤਾਂਤਾ ਹੀ ਬੱਝ ਜਾਂਦਾ ਹੈ। ਹਰ ਕੋਈ ਜੋ ਕਿਸੇ ਨਾ ਕਿਸੇ ਖਾਮੀ ਦਾ ਸ਼ਿਕਾਰ ਹੈ, ਅੰਨਿ੍ਹਆਂ ਦੀ ਕੋਟੀ ਵਿਚ ਸ਼ਾਮਿਲ ਹੁੰਦਾ ਚਲਾ ਜਾਂਦਾ ਹੈ। ਨੌਬਤ ਇਹ ਆ ਬਣਦੀ ਹੈ ਕਿ ਦੇਸ਼ ਦੀ ਕੁੱਲ ਵਸੋਂ ਹੀ ਅੰਨ੍ਹੀ ਹੋ ਜਾਂਦੀ ਹੈ। ਹਰੇਕ ਦੀਆਂ ਅੱਖਾਂ ਠੀਕ ਠਾਕ ਹਨ, ਦੇਖਣ ਨੂੰ ਹਰ ਤਰ੍ਹਾਂ ਦੇ ਨੁਕਸ ਤੋਂ ਮੁਕਤ, ਬਸ ਨਜ਼ਰ ਹੀ ਨਹੀਂ ਆਉਂਦਾ।
ਆਖ਼ਰ ਅਨਾਮ ਦੇਸ਼ ਦੀ ਸਰਕਾਰ ਹਰਕਤ ਵਿਚ ਆਉਂਦੀ ਹੈ। ਉਹਨਾਂ ਨੂੰ ਇਕੱਠਿਆਂ ਰੱਖਣ ਦੇ ਵਾੜੇ ਉੱਸਰ ਆਉਂਦੇ ਹਨ। ਨਿਗਰਾਨੀ ਲਈ ਜੋ ਅਹਿਲਕਾਰ, ਮੁਲਾਜ਼ਮ, ਨੌਕਰ ਚਾਕਰ ਨਿਯੁਕਤ ਹਨ, ਉਹਨਾਂ ਵਿਚ ਇਨਸਾਨੀ ਹਮਦਰਦੀ ਦਾ ਨਾਂ ਨਿਸ਼ਾਨ ਨਹੀਂ। ਉਹ ਦੇਖ ਜ਼ਰੂਰ ਸਕਦੇ ਹਨ ਪਰ ਇਸਦਾ ਮੰਤਵ ਵਾੜੇ ਵਿਚ ਬੰਦ ਮਰੀਜ਼ਾਂ ਨੂੰ ਲੁੱਟਣ, ਖੁਆਰ ਕਰਨ ਦੇ ਨਵੇਂ ਤੋਂ ਨਵੇਂ ਢੰਗ ਲੱਭਣਾ ਹੀ ਹੈ। ਇਸ ਪ੍ਰਕਾਰ ਉਹਨਾਂ ਦੀ ਜੋਤ ਕਿਤੇ ਬਦਤਰ ਹੈ ਮਰੀਜ਼ਾਂ ਦੇ ਮੋਤੀਏ ਨਾਲੋਂ, ਜੋ ਦੇਖਣ ਤੋਂ ਨਕਾਰਾ ਹੋਣ ਦੇ ਬਾਵਜੂਦ ਇਕ ਦੂਜੇ ਪ੍ਰਤੀ ਥੋੜ੍ਹੀ ਬਹੁਤ ਸਦਭਾਵਨਾ ਤਾਂ ਰੱਖਦੇ ਹਨ। ਸਿੱਧ ਹੈ ਕਿ ਮਰੀਜ਼ਾਂ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ, ਅਜਿਹਾ ਪ੍ਰਬੰਧ ਕਰਨਾ ਉਹਨਾਂ ਦੀ ਕਹਿਣੀ ਅਤੇ ਕਰਨੀ ਵਿਚ ਸ਼ਾਮਲ ਹੀ ਨਹੀਂ। ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਨੂੰ ਇਹਨਾਂ ਦੁਖਿਆਰਿਆਂ ਤੋਂ ਮਹਿਫੂਜ਼ ਰੱਖਣਾ ਹੀ ਉਪਰੋਕਤ ਅਹਿਲਕਾਰਾਂ, ਮੁਲਾਜ਼ਮਾਂ, ਨੌਕਰਾਂ ਚਾਕਰਾਂ ਦੇ ਜਿੰਮੇ ਆਇਆ ਹੈ।
ਜਿਸ ਵਾੜੇ ਵਿਚ ਨਾਵਲ ਦੇ ਮੁੱਖ ਮਰਦ ਪਾਤਰ, ਡਾਕਟਰ ਨੂੰ ਰੱਖਿਆ ਗਿਆ ਹੈ ਉਸ ਵਿਚ ਹੋਰ ਵੀ ਅਨੇਕ ਮਰੀਜ਼ ਹਨ। ਪਰ ਕੁਝ ਹਨ, ਜਿਹਨਾਂ ਨਾਲ ਸਹਿਜ ਸੁਭਾ ਹੀ ਉਸਦਾ ਸਹਿਚਾਰ ਬਣ ਜਾਂਦਾ ਹੈ। ਇਹਨਾਂ ਵਿਚ ਕਾਲੇ ਚਸ਼ਮਿਆਂ ਵਾਲੀ ਮੁਟਿਆਰ ਵੀ ਹੈ ਜੋ ਵੇਸਵਾ ਬਣ ਕੇ ਗੁਜ਼ਾਰਾ ਕਰਦੀ ਹੈ। ਕਾਰ ਚੁਰਾਉਣ ਵਾਲੇ ਤੋਂ ਬਿਨਾਂ ਇਕ ਟੀਰੀ ਅੱਖ ਵਾਲਾ ਬਾਲਕ, ਇਕ ਬਿਰਧ ਔਰਤ ਵੀ ਉਸਦੇ ਜਾਣਕਾਰ ਬਣ ਜਾਂਦੇ ਹਨ। ਇਹਨਾਂ ਵਿਚ ਸਭ ਤੋਂ ਜ਼ਿਕਰਯੋਗ ਹੈ ਡਾਕਟਰ ਦੀ ਬੀਵੀ, ਜੋ ਸੁਜਾਖੀ ਹੋਣ ਦੇ ਬਾਵਜੂਦ, ਆਪਣੇ ਖਾਵੰਦ ਦਾ ਸਾਥ ਨਿਭਾਉਂਦੀ ਹੈ। ਜੋ ਕੋਈ ਵੀ ਸੁਜਾਖਾ ਹੈ ਉਸ ਨੂੰ ਇਹਨਾਂ ਵਾੜਿਆਂ ਵਿਚ ਜਾਣ ਦੀ ਮਨਾਹੀ ਹੈ। ਆਪਣੇ ਖਾਵੰਦ ਦੀ ਦੇਖਭਾਲ ਖਾਤਰ, ਉਹ ਜੋਤਹੀਣ ਹੋਣ ਦਾ ਬਹਾਨਾ ਕਰਦੀ ਹੈ ਤਾਂ ਜੋ ਉਸਦਾ ਸਾਥ ਸੰਭਵ ਹੋ ਸਕੇ। ਵਾੜੇ ਦੇ ਵਿਚ ਵੀ ਉਹ ਅੰਨਿ੍ਹਆਂ ਵਾਂਗ ਵਿਚਰਦੀ ਹੈ, ਡਿੱਗਣ ਢਹਿਣ ਦਾ ਸਵਾਂਗ ਰਚਦੀ ਹੈ ਤਾਂ ਜੋ ਅਹਿਲਕਾਰਾਂ ਆਦਿ ਨੂੰ ਉਸਦੇ ਸੁਜਾਖਾ ਹੋਣ ਦਾ ਸ਼ੰਕਾ ਨਾ ਹੋਵੇ।
ਜਿਸ ਮਲ ਮੂਤਰ ਦੇ ਅੰਬਾਰ, ਸੜਾਂਦ ਮਾਰਦੀ ਗੰਦਗੀ ਦੇ ਵਿਚ ਵਿਚਾਲੇ ਉਹਨਾਂ ਨੂੰ ਰਹਿਣਾ ਪੈਂਦਾ ਹੈ ਉਹ ਬਿਆਨ ਤੋਂ ਇਕ ਦਮ ਬਾਹਰ ਹੈ। ਏਥੇ ਰਹਿਣਾ ਉਹਨਾਂ ਨੂੰ ਬੇਹੱਦ ਮੁਹਾਲ ਲੱਗਦਾ ਹੈ ਪਰ ਅਹਿਲਕਾਰਾਂ ਨੂੰ ਬਿਲਕੁਲ ਨਹੀਂ ਕਿਉਂਕਿ ਉਹਨਾਂ ਦੇ ਤਾਂ ਅੰਦਰਵਾਰ ਇਹਨਾਂ ਦਾ ਹੀ ਵਾਸਾ ਹੈ। ਉਹ ਤਾਂ ਇਹਨਾਂ ਦਾ ਹੀ ਸਾਕਾਰ ਰੂਪ ਹਨ, ਜਿਸ ਕਾਰਨ ਉਹ ਮਰੀਜ਼ਾਂ, ਖਾਸ ਕਰਕੇ ਔਰਤਾਂ ਨੂੰ ਖੁਆਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ। ਦੇਹ ਦੀ ਕਿਹੜੀ ਮੋਰੀ ਹੈ, ਜਿਸ ਵਿਚ ਉਹਨਾਂ ਨਾਲ ਉਹ ਭੋਗ ਵਿਲਾਸ ਨਹੀਂ ਕਰਦੇ। ਲਿੰਗਾਂ ਨੂੰ ਚਟਾਉਣ ਤੋਂ ਲੱਗ ਕੇ, ਚੂਸਣ ਤੱਕ ਦਾ ਕਿਹੜਾ ਢੰਗ ਹੈ ਜੋ ਆਪਣੀ ਹਵਸ ਪੂਰੀ ਕਰਨ ਖਾਤਰ ਉਹ ਇਹਨਾਂ ਅਬਲਾ ਔਰਤਾਂ ਤੋਂ ਨਹੀਂ ਕਰਵਾਉਂਦੇ। ਢਿੱਡ ਭਰਨ ਖ਼ਾਤਰ ਡਾਕਟਰ ਦੀ ਬੀਵੀ ਦੀ ਅਗਵਾਈ ਵਿਚ ਉਹ ਇਹ ਕੁੱਲ ਨਮੋਸ਼ੀ ਬਰਦਾਸ਼ਤ ਕਰਦੀਆਂ ਹਨ। ਪਰ ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ ਜਿਸ ਕਾਰਨ ਉਹ ਅਹਿਲਕਾਰਾਂ ਦੇ ਨੇਤਾ ਦੀ ਹੱਤਿਆ ਕਰ ਦਿੰਦੀ ਹੈ।
ਇਸ ਡਰੋਂ ਕਿ ਉਹਨਾਂ ’ਤੇ ਜੋ ਕਹਿਰ ਵਾਪਰੇਗਾ, ਉਸਦੀ ਕੋਈ ਸੀਮਾ ਹੀ ਨਹੀਂ, ਪ੍ਰਸਪਰ ਸਹਿਚਾਰ ਰੱਖਣ ਵਾਲੇ ਸਭ ਜਨ, ਔਰਤਾਂ ਮਰਦ, ਵਾੜੇ ਵਿਚੋਂ ਨਿਕਲ ਤੁਰਦੇ ਹਨ। ਡਿੱਗਦੇ ਢਹਿੰਦੇ, ਭੁੱਖ ਤ੍ਰੇਹ ਸਹਿੰਦੇ, ਥਕਾਣ ਨਾਲ ਨਿਢਾਲ ਹੋਏ ਉਹ ਅੱਗੇ ਹੀ ਵਧਦੇ ਜਾਂਦੇ ਹਨ। ਸੁੰਘਣ ਅਤੇ ਛੂਹਣ ਤੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਕੁੱਲ ਮਹਾਂਨਗਰ ਹੀ ਵਾੜੇ ਵਾਂਗ ਬਣਿਆ ਹੋਇਆ ਹੈ। ਉਹਨਾਂ ਵਿਚਲੇ ਸਹਿਚਾਰ ਨੇ ਪਰ ਹੁਣ ਤੱਕ ਪ੍ਰਤੀਬੱਧਤਾ ਦਾ ਰੂਪ ਧਾਰ ਲਿਆ ਹੈ। ਇਸ ਲਈ ਸਾਰਿਆਂ ਨੂੰ ਡਾਕਟਰ ਦੇ ਘਰ ਚੱਲਣ ਦਾ ਖੁੱਲ੍ਹਾ ਸੱਦਾ ਹੈ। ਉੱਥੇ ਪਹੁੰਚ ਕੇ ਉਹ ਵਾਰੀ ਵਾਰੀ ਅਨੁਭਵ ਕਰਨ ਲੱਗ ਪੈਂਦੇ ਹਨ ਕਿ ਉਹ ਨਿਰੋਗ ਹੋ ਚੱਲੇ ਹਨ। ਉਹਨਾਂ ਦੀ ਨਿਗਾਹ ਵਾਪਸ ਆ ਜਾਂਦੀ ਹੈ, ਜਿਸਦਾ ਵਾਸਤਾ ਦੇਹ ਸਮੇਤ ਉਹਨਾਂ ਦੇ ਦਿਲ ਨਾਲ ਬਣਦਾ ਹੈ। ਉਹ ਖਾਮੀ ਜਿਸਨੇ ਉਹਨਾਂ ਦੇ ਮਨਾਂ ਵਿਚ ਅਚੇਤ ਹੀ ਘਰ ਕਰਕੇ ਮੋਤੀਏ ਦਾ ਕਹਿਰ ਵਰਤਾ ਦਿੱਤਾ ਸੀ, ਉਸ ਤੋਂ ਉਹ ਮੁਕਤ ਮਹਿਸੂਸ ਕਰਨ ਲੱਗ ਪੈਂਦੇ ਹਨ।
ਡਾਕਟਰ ਦੀ ਬੀਵੀ ਲਈ, ਜਿਸ ਨੇ ਸੁਜਾਖੀ ਹੁੰਦਿਆਂ ਸਹੁੰਦਿਆਂ ਸਾਰਾ ਸਵਾਂਗ ਰਚਿਆ, ਰਸਾਤਲ ਨਾਲੋਂ ਕਿਤੇ ਵਧੇਰੇ ਸੜਾਂਦ ਮਾਰਦੇ ਵਾਤਾਵਰਣ ਵਿਚ ਉਹਨਾਂ ਨੂੰ ਸਾਹ ਸੱਤ ਹੀਣ ਨਾ ਹੋਣ ਦਿੱਤਾ, ਉਹ ਆਪ ਅੱਤ ਦੀ ਥਕਾਣ ਕਾਰਨ ਢਹਿ ਢੇਰੀ ਹੋ ਗਈ ਜਾਪਣ ਲੱਗ ਪੈਂਦੀ ਹੈ। ਉਸ ਨੂੰ ਅਨੁਭਵ ਹੋਣ ਲੱਗ ਪੈਂਦਾ ਹੈ ਕਿ ਬਾਕੀਆਂ ਦੇ ਸੁਜਾਖਾ ਬਣ ਜਾਣ ਦੀ ਦੇਰ ਹੈ ਕਿ ਉਸਦੀਆਂ ਅੱਖਾਂ ਵਿਚ ਮੋਤੀਆ ਉਤਰਣ ਲੱਗ ਪਿਆ ਹੈ। ਉਦਾਰਤਾ ਵਿਚ ਉਸਦੀ ਨਿਗਾਹ ਧਰਤੀ ਵੱਲ ਮੁੜ ਜਾਂਦੀ ਹੈ। ਕੀ ਜਨਸਮੂਹ ਨੂੰ ਨਿਰੋਗ ਕਰਨ ਦੀ ਇਹ ਸਜ਼ਾ ਹੈ ਜਾਂ ਥਕਾਣ ਦਾ ਮਾਰੂ ਪ੍ਰਭਾਵ, ਇਸ ਬਾਰੇ ਲੇਖਕ ਕੁਝ ਨਹੀਂ ਕਹਿੰਦਾ। ਦੇਵਨੇਤ ਨਾਲ ਉਸਦੇ ਅਗਲੇ ਨਾਵਲ ‘ਸੁਜਾਖ ਰਹਿਣੀ’ ਦੀ ਵੀ ਉਹ ਮੁੱਖ ਪਾਤਰ ਹੈ। ਵਧੇਰੇ ਪ੍ਰਬਲ ਰਹਿ ਕੇ ਉਹ ਇਸ ਵਿਚ ਸਰਕਾਰ ਤੋਂ ਮੁਨਕਰ ਹੋਏ ਜਨਸਮੂਹ ਦੀ ਅਗਵਾਈ ਕਰਦੀ ਹੈ। ਉਸਦੀ ਆਸ ਨਿਰਾਸ਼ ਹੋ ਕੇ ਖ਼ਤਮ ਨਹੀਂ ਹੁੰਦੀ। ਕਾਫਕਾ ਅਤੇ ਕਾਮੂ ਦੇ ਨਾਵਲਾਂ ਦੇ ਉਲਟ ਆਸ ਦਾ ਦੁਆਰ ਬੰਦ ਨਹੀਂ ਹੁੰਦਾ। ਭਵਿੱਖ ਵਿਚ ਸਨਮੁੱਖ ਹੋਣ ਵਾਲੀਆਂ ਔਕੜਾਂ, ਦੁਸ਼ਵਾਰੀਆਂ ਅਤੇ ਸਰਗੋਸ਼ੀਆਂ ਤੋਂ ਪਾਰ ਜਾਣ ਦਾ ਸੰਦੇਸ਼ ਕਾਇਮ ਰਹਿੰਦਾ ਹੈ।