ਇਹ ਸਾਲ (2006) ਦੋ ਮਹਾਨ ਸੰਗੀਤਕਾਰਾਂ ਦੀਆਂ ਜਨਮ ਸ਼ਤਾਬਦੀਆਂ ਦਾ ਸਾਲ ਹੈ ਮੋਜ਼ਾਰਤ ਨੂੰ ਹੋਏ ਨੂੰ 250 ਸਾਲ ਹੋ ਗਏੇ ਹਨ ਅਤੇ ਸ਼ੋਸਤਾਕੋਵਿਚ ਨੂੰ ਇਕ ਸੌ ਸਾਲ।
ਇਨ੍ਹਾਂ ਨੂੰ ਯਾਦ ਕਰਨ ਤੋਂ ਪਹਿਲਾਂ ਭਾਰਤੀ ਅਤੇ ਪੱਛਮੀ ਸੰਗੀਤ ਦਾ ਫ਼ਰਕ ਸਮਝ ਲੈਣਾ ਜ਼ਰੂਰੀ ਹੈ।
ਪੱਛਮੀ ਦੇਸਾਂ ਦਾ ਸ਼ਾਸਤ੍ਰੀ ਸੰਗੀਤ ਭਾਰਤੀ ਸੰਗੀਤ ਨਾਲ਼ੋਂ ਕਈ ਤਰ੍ਹਾਂ ਵੱਖਰਾ ਹੈ। ਭਾਰਤੀ ਸੰਗੀਤ ਚ ਧੁਨ (ਮੈਲੋਡੀ) ਭਾਰੂ ਹੁੰਦੀ ਹੈ। ਸੁਰਾਂ ਲੜੀਵਾਰ ਲੱਗਣ ਨਾਲ ਧੁਨ ਪੈਦਾ ਹੁੰਦੀ ਹੈ। ਧੁਨਾਂ ਨੂੰ ਸ਼ਾਸਤ੍ਰੀ ਰੂਪ ਦੇਣ ਨਾਲ਼ ਰਾਗ ਬਣਦਾ ਹੈ। ਗਾਇਕ ਦੀ ਸਾਜ਼ ‘ਤੇ ਸੰਗਤ ਕਰਨ ਵਾਲ਼ੇ ਵੀ ਉਹਦੀਆਂ ਸੁਰਾਂ ਹੀ ਵਜਾਉਂਦੇ ਹਨ।
ਪੱਛਮੀ ਸੰਗੀਤ ਵਿਚ ਹਾਰਮਨੀ (ਸੁਰਮੇਲ) ਪ੍ਰਧਾਨ ਹੁੰਦੀ ਹੈ। ਵੱਖ-ਵੱਖ ਸੁਰਾਂ ਨਾਲ਼ ਗਾਏ ਜਾਂ ਵਜਾਏ ਸੁਰਾਂ ਨਾਲ਼ ਹਾਰਮਨੀ ਬਣਦੀ ਹੈ। ਭਾਰਤੀ ਸੰਗੀਤ ਵਿਚ ਕੁਝ ਹੱਦ ਤਕ ਤਾਨਪੂਰੇ, ਵੀਣਾ, ਸਿਤਾਰ ਅਤੇ ਸਰੋਦ ਵਿਚ ਮਾਮੂਲੀ ਸੁਰਮੇਲ ਵਰਤੀਂਦੀ ਹੈ; ਇੱਕੋ ਸਾਜ਼ ‘ਤੇ ਕੁਝ ਵੱਖ-ਵੱਖ ਤਾਰਾਂ ‘ਤੇ ਕੁਝ ਸੁਰਾਂ ਇਕੱਠੀਆਂ ਕੱਢ ਕੇ। ਫ਼ਿਲਮਾਂ ਦੇ ਪਿਛੋਕੜੀ ਸੰਗੀਤ ਵਿਚ ਕੁਝ ਹੱਦ ਤਕ ਸੁਰਮੇਲ ਹੁੰਦੀ ਹੈ। ਉਂਜ ਪੱਛਮੀ ਸੰਗੀਤ ਵਿਚ ਵੀ ਧੁਨ (ਮੈਲੋਡੀ) ਵਰਤੀਂਦੀ ਹੈ।
ਗਾਉਣ ਜਾਂ ਵਜਾਉਣ ਲਈ ਭਾਰਤੀ ਸੰਗੀਤ ਦੀਆਂ ਸੁਰਾਂ ਲਿਖੀਆਂ ਨਹੀਂ ਜਾਂਦੀਆਂ; ਸਿਰਫ਼ ਸਿਖਾਉਣ ਵੇਲੇ ਹੀ ਸੁਰਲਿਪੀ ਵਰਤੀ ਜਾਂਦੀ ਹੈ। ਰਾਗੀ ਜਾਂ ਵਾਦਕ ਨੂੰ ਰਿਆਜ਼ ਨਾਲ਼ ਸੁਰਾ ਕੰਠ ਹੋ ਚੁੱਕੀਆਂ ਹੁੰਦੀਆਂ ਹਨ। ਸ਼ਾਸਤ੍ਰੀ ਗਾਇਕ ਰਾਗ ਦੇ ਨਿਯਮਾਂ ਅੰਦਰ ਹੀ ਰਹਿੰਦਿਆਂ ਉਹਦੀਆਂ ਸੁਰਾਂ ਨਿਆਰੇ ਢੰਗ ਨਾਲ਼ ਕਢਦਾ ਹੈ। ਜਿਵੇਂ ਕਹਿੰਦੇ ਹਨ; ਕੋਈ ਪੱਗ ਸਦਾ ਇੱਕੋ ਢੰਗ ਦੀ ਨਹੀਂ ਬੰਨ੍ਹਦਾ; ਨਾ ਰੋਟੀ ਸਦਾ ਇੱਕੋ ਜਿਹੀ ਪੱਕਦੀ ਹੈ ਅਤੇ ਨਾ ਹੀ ਰਾਗ ਸਦਾ ਇੱਕੋ ਤਰ੍ਹਾਂ ਗਾ ਹੁੰਦਾ ਹੈ।
ਪੱਛਮੀ ਸ਼ਾਸਤ੍ਰੀ ਸੰਗੀਤ ਵਿਚ ਧੁਨ ਜਾਂ ਰਾਗ ਦੇ ਕੋਈ ਅਸੂਲ ਨਹੀਂ ਹੁੰਦੇ। ਇਸ ਕਰਕੇ ਇਹਨੂੰ ਕੋਈ ਸੰਗੀਤਕ (ਕੰਪੋਜ਼ਰ) ਲਿਖਦਾ ਹੈ। ‘ਨੋਟੇਸ਼ਨਾਂ’ ਚ ਲਿਖੇ ਸੰਗੀਤ ਨੂੰ ਅੰਗਰੇਜ਼ੀ ਚ ‘ਸਕੋਰ’ ਆਖੀਦਾ ਹੈ। ਇਸ ਵਿਚ ਹਰ ਵਜੰਤਰੀ ਦੀ ਹਰ ਸੁਰ ਤੇ ਤਾਲ ਲਿਖੀ ਹੁੰਦੀ ਹੈ। ਜੇ ਨਾਲ਼ ਕੋਈ ਗਾਉਣ ਵਾਲ਼ਾ/ਵਾਲ਼ੀ ਹੋਵੇ, ਤਾਂ ਉਹਦੀਆਂ ਸੁਰਾਂ ਵੀ ਲਿਖੀਆਂ ਹੁੰਦੀਆਂ ਹਨ।
ਰਾਗੀ ਜਾਂ ਵਜੰਤਰੀ ਲਿਖੇ ਸੰਗੀਤ ਤੋਂ ਲਾਂਭੇ ਨਹੀਂ ਜਾ ਸਕਦਾ। (ਜਾਜ਼ ਸੰਗੀਤ ਵਿਚ ਪੂਰੀ ਖੁੱਲ੍ਹ ਹੁੰਦੀ ਹੈ, ਜਿਹਦਾ ਸੋਮਾ ਅਮਰੀਕਾ ਦੇ ਕਾਲ਼ੇ ਗ਼ੁਲਾਮਾਂ ਦਾ ਸੰਗੀਤ ਹੈ)।
ਵਜੰਤਰੀ ਸੰਗੀਤ ਕਈ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਸਿੰਫ਼ਨੀ (ਬਹੁਤ ਸਾਰੇ ਸਾਜ਼), ਕੁਆਰਟੈਟ (ਚਾਰ ਸਾਜ਼) ਵਗ਼ੈਰਾ। ਗੀਤਾਂ, ਭਜਨਾਂ ਵਾਸਤੇ ਗਾਇਕਾਂ ਤੇ ਸੰਗਤੀਆਂ ਦੇ ਸਕੋਰ ਲਿਖੇ ਜਾਂਦੇ ਹਨ। ਓਪੇਰਾ (ਸੰਗੀਤ ਨਾਟਕ) ਵੀ ਲਿਖਿਆ ਜਾਂਦਾ ਹੈ, ਜਿਸ ਵਿਚ ਪਾਤਰ ਅਪਣੀ ਗੱਲ ਗਾ ਕੇ ਕਰਦੇ ਹਨ। ਇਹ ਬੋਲ ਵੀ ਸੰਗੀਤਕ ਆਪ ਲਿਖਦਾ ਹੈ।
ਜਿਵੇਂ ਭਾਰਤੀ ਸ਼ਾਸਤ੍ਰੀ ਸੰਗੀਤ ਵਿਚ ਰਾਗ ਦੇ ਆਰੋਹ, ਅਵਰੋਹ, ਪਕੜ, ਵਾਦੀ, ਸੰਵਾਦੀ ਅਤੇ ਵਿਵਾਦੀ ਸੁਰਾਂ ਦੇ ਨਿਯਮ ਹਨ; ਓਸੇ ਤਰ੍ਹਾਂ ਪੱਛਮੀ ਸ਼ਾਸਤ੍ਰੀ ਸੰਗੀਤ ਵਿਚ ਹਾਰਮਨੀ, ਕਾਉਂਟਰ ਪੁਆਇੰਟ ਵਗ਼ੈਰਾ ਦੇ ਨਿਯਮ ਹੁੰਦੇ ਹਨ।
ਵਾਇਲਿਨ ਵਾਦਕ ਉਸਤਾਦ ਯਹੂਦੀ ਮੈਨੂਹਿਨ ਨੇ ਭਾਰਤੀ ਤੇ ਪੱਛਮੀ ਸੰਗੀਤ ਦਾ ਫ਼ਰਕ ਇੰਜ ਸਮਝਾਇਆ ਹੈ: ਭਾਰਤੀ ਸੰਗੀਤ ਦਰਿਆ ਹੈ, ਹਰ ਵੇਲੇ ਵਗਦਾ ਤੇ ਬਦਲਦਾ ਵਹਿਣ। ਯੂਰਪੀ ਸੰਗੀਤ ਕਿਸੇ ਇਮਾਰਤ ਵਾਂਙ ਹੈ, ਅਟੱਲ ਨਿਯਮਾਂ ਨਾਲ਼ ਧਿਆਨ ਲਾ ਕੇ ਉਸਾਰੀ ਹੋਈ ਇਮਾਰਤ।
ਮੋਜ਼ਾਰਤ
ਬਾਖ਼, ਮੋਤਸਾਰਤ (ਪੰਜਾਬੀ ਵਿਚ ਮੋਜ਼ਾਰਤ) ਅਤੇ ਬੀਟਹੋਫ਼ਨ (ਪੰਜਾਬੀ ਵਿਚ ਬੀਥੋਵਨ) ਦੁਨੀਆ ਦੇ ਸ਼ਾਸਤ੍ਰੀ ਸੰਗੀਤ ਦੀ ਤ੍ਰਿਮੂਰਤੀ ਹੈ।
ਜੋ ਥਾਂ ਸ਼ੈਕਸਪੀਅਰ ਦੀ ਸਾਹਿਤ ਵਿਚ ਹੈ, ਓਹੋ ਥਾਂ ਮੋਜ਼ਾਰਤ (27 ਜਨਵਰੀ 1756 ਦਸੰਬਰ 1791) ਦੀ ਸੰਗੀਤ ਵਿਚ ਹੈ। ਇਹਦਾ ਸੰਗੀਤ ਅਕਾਲ ਹੈ ਅਤੇ ਹਰ ਕਿਸੇ ਦੇ ਦਿਲ ਨੂੰ ਟੁੰਬਦਾ ਹੈ। ਇਸ ਵਿਚ ਇਨਸਾਨ ਦੇ ਜੰਮਣ ਤੋਂ ਲੈ ਕੇ ਮਰਨ ਤਕ ਦੇ ਦੁੱਖਾਂ-ਸੁੱਖਾਂ ਦੇ ਸਭ ਰੰਗ ਦਿਸਦੇ ਹਨ, ਜਿਵੇਂ ‘ਉਗਲ਼ਦੇ ਜਵਾਲਾਮੁਖੀ ਪਰਬਤ ਦੇ ਪੈਰਾਂ ਵਿਚ ਮੁਸਕਰਾਂਦੀਆਂ ਅੰਗੂਰਾਂ ਦੀਆਂ ਵੇਲਾਂ ਹੋਣ’। ਇਹ ਤਿੰਨ ਸਾਲ ਦੀ ਨਿੱਕੀ ਉਮਰੇ ਹੀ ਅਪਣੀ ਪ੍ਰਤਿਭਾ ਦੇ ਜੌਹਰ ਦਿਖਾਉਣ ਲਗ ਪਿਆ ਸੀ। ਪੰਜ ਸਾਲ ਦੀ ਉਮਰ ਚ ਇਹਨੇ ਸੋਨਾਟੇ ਲਿਖੇ, ਦਸ ਸਾਲ ਦੇ ਹੋਣ ਤੋਂ ਪਹਿਲਾਂ ਹੀ ਪਹਿਲੀ ਸਿੰਫ਼ਨੀ ਲਿਖ ਲਈ ਸੀ ਅਤੇ ਪਹਿਲ-ਪ੍ਰਥਮਾ ਓਪੇਰਾ ਬਾਰਾਂ ਸਾਲ ਦੀ ਉਮਰ ਚ ਲਿਖ ਲਿਆ ਸੀ। ਯਹੂਦੀ ਮੈਨੂਹਿਨ ਲਿਖਦਾ ਹੈ:’ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਮੋਜ਼ਾਰਤ ਜਦ ਵੀਹ ਸਾਲਾਂ ਦਾ ਸੀ, ਤਾਂ ਅਮਰੀਕੀ ਇਨਕਲਾਬ ਸ਼ੁਰੂ ਹੋਇਆ ਸੀ। ਜਦ ਇਹ 36 ਸਾਲਾਂ ਦਾ ਹੋਣ ਤੋਂ ਪਹਿਲਾਂ ਹੀ ਸੰਨ 1791 ਵਿਚ ਚਲਾਣਾ ਕਰ ਗਿਆ, ਤਾਂ ਓਦੋਂ ਫ਼ਰਾਂਸੀਸੀ ਇਨਕਲਾਬ ਸ਼ੁਰੂ ਹੋ ਚੁੱਕਾ ਸੀ। ਅਕLਲ ਤੇ ਸਿਆਸੀ ਲਹਿਰ ਦੀ ਸਦੀ ਨੇ ਇਨਸਾਨ ਦਾ ਜ਼ਿਹਨ ਬਦਲ ਕੇ ਰਖ ਦਿੱਤਾ ਸੀ। ਲੋਕ ਅਪਣੀ ਹੋਣੀ ਵਾਂਙ ਅਪਣੇ ਹੁਕਮਰਾਨ ਆਪ ਚੁਣਨ ਜੋਗੇ ਹੋ ਗਏ ਸਨ। ਮੋਜ਼ਾਰਤ ਨੇ ਵੀ ਘਟ ਨਹੀਂ ਕੀਤੀ। ਇਕੱਲੇ ਜਣੇ ਦੀ ਸੁਤੰਤਰ ਹੋਂਦ (ਦ’ ਏਜ ਆੱਵ ਦ’ ਇੰਡੀਵੀਜੂਅਲ) ਦਾ ਯੁੱਗ ਸ਼ੁਰੂ ਹੋਣ ਵਾਲ਼ਾ ਸੀ।’
ਤਲਤ ਮਹਿਮੂਦ ਦੇ ਗਾਏ ਅਪਣੇ ਵੇਲੇ ਦੇ ਹਰਮਨ-ਪਿਆਰੇ ਗੀਤ ‘ਇਤਨਾ ਨਾ ਮੁਝ ਸੇ ਤੂ ਪਿਆਰ ਬੜਾ੍ਹ ਕਿ ਮੈਂ ਇਕ ਬਾਦਲ ਅਵਾਰਾ’ ਦੀ ਸਲਿਲ ਚੌਧਰੀ ਦੀ ਬਣਾਈ ਤਰਜ਼ ਮੋਜ਼ਾਰਤ ਦੀ ਸਿੰਫ਼ਨੀ ਦੀ ਸਿੱਧੀ ਨਕਲ ਹੈ।
ਸ਼ੋਸਤਾਕੋਵਿਚ
ਦਮਿਤਰੀ ਸ਼ੋਸਤਾਕੋਵਿਚ (1906-1975) ਸੋਵੀਅਤ ਇਨਕਲਾਬ ਦਾ ਜਾਇਆ ਸੀ। ਇਹਨੇ ਸੇਂਟ ਪੀਟਰਸਬੁਰਗ ਸੰਗੀਤਾਲਯ ਤੋਂ ਪਿਆਨੋ ਵਾਦਨ ਤੇ ਸੰਗੀਤਕ ਦੀ ਤਾਲੀਮ ਲਈ ਅਤੇ ਇਹਨੇ 1925 ਅਪਣੀ ਸਿਰਜੀ ਪਹਿਲੀ ਸਿੰਫ਼ਨੀ ਨਾਲ਼ ਹੀ ਪੱਛਮ ਯੂਰਪ ਤੇ ਅਮਰੀਕਾ ਤਕ ਅਪਣਾ ਨਾਂ ਬਣਾ ਲਿਆ। ਇਸ ਤੋਂ ਬਾਅਦ ਰੂਸ ਦੇ ਹੋਰ ਪ੍ਰਤਿਭਾਵਾਨ ਸੰਗੀਤਕਾਰਾਂ, ਕਲਾਕਾਰਾਂ ਅਤੇ ਲੇਖਕਾਂ ਵਾਂਙ ਸ਼ੋਸਤਾਕੋਵਿਚ ਨੇ ਵੀ ਸਤਾਲਿਨਸ਼ਾਹੀ ਦੇ “ਸਮਾਜਵਾਦੀ ਯਥਾਰਥਵਾਦ” ਸਿਧਾਂਤ ਦਾ ਕਹਿਰ ਝੱਲਿਆ। ਸੰਨ 1934 ਵਿਚ 1920ਆਂ ਦੇ ‘ਅਵਾਂ ਗਾਰਦ’ ਕਲਾਕਾਰਾਂ, ਰੂਪਵਾਦੀਆਂ (ਫ਼ਾਰਮਲਿਸਟਾਂ) ਦੀ ‘ਕਾਸਮੋਪੋਲੀਟਨ’ ਆਖ ਕੇ ਭੰਡੀ ਹੋਣ ਲੱਗੀ। ਦਰਅਸਲ ਇਹ ਗਾਲ੍ਹ ਯਹੂਦੀ ਪਿਛੋਕੜ ਵਾਲ਼ੇ ਲੇਖਕਾਂ ਕਲਾਕਾਰਾਂ ਨੂੰ ਕੱਢੀ ਜਾਂਦੀ ਸੀ। ਸ਼ੋਸਤਾਕੋਵਿਚ ਅਤੇ ਪ੍ਰੋਕੋਫ਼ੀਏਫ਼ ਵਰਗੇ ਵੱਡੇ ਸੰਗੀਤਕਾਰ ਇਸ ਪੁੜ ਚ ਪੀਸੇ ਗਏ। ਸਤਾਲਿਨਵਾਦੀਆਂ ਦੀ ਇਸ ਦਲੀਲ ਮੂਜਬ ਤਾਂ ਸਾਰਾ ਭਾਰਤੀ ਸ਼ਾਸਤ੍ਰੀ ਸੰਗੀਤ ਹੀ ‘ਰੂਪਵਾਦੀ’ ਹੋਣ ਕਰਕੇ ਭੰਡਣਜੋਗ ਹੈ।
ਸ਼ੋਸਤਾਕੋਵਿਚ ਦਾ ਹਰਮਨ-ਪਿਆਰਾ ਓਪੇਰਾ ਲੇਡੀ ਮੈਕਬੈਥ ਦੋ ਸੌ ਵਾਰੀ ਖੇਡੇ ਜਾਣ ਮਗਰੋਂ ਸਤਾਲਿਨ ਦੇ ਹੁਕਮਾਂ ਨਾਲ਼ 1936 ਵਿਚ ਬੈਨ ਕਰ ਦਿੱਤਾ ਗਿਆ। ਇਹ ਹੁਕਮ ਸਤਾਲਿਨ ਨੇ ਓਪੇਰਾ ਦੇਖਦਿਆਂ ਹੀ ਦਾਗ ਦਿੱਤਾ ਸੀ। ਸ਼ੋਸਤਾਕੋਵਿਚ ਨੇ “ਵਾਜਿਬ ਨੁਕਤਾਚੀਨੀ” ਮੰਨਦਿਆਂ ਅਪਣੀ ਚੌਥੀ ਸਿੰਫ਼ਨੀ ਵੀ ਵਾਪਿਸ ਲੈ ਲਈ। ਦੋਸ਼ ਇਹ ਸੀ ਕਿ ਇਹ ‘ਬੁਰਯਵਾ ਰੂਪਵਾਦੀ’ ਹੈ। ਚੌਥੀ ਸਿੰਫ਼ਨੀ ਨਾਲ਼ ਹਾਕਮਾਂ ਦੀ ਨਜ਼ਰ ਸਵੱਲੀ ਹੋ ਗਈ। ਜਦ ਹਿਟਲਰ ਦੀਆਂ ਫ਼ੌਜਾਂ ਨੇ ਲੇਨਿਨਗਰਾਦ ਦਾ ਘੇਰਾ ਘੱਤਿਆ ਹੋਇਆ ਸੀ, ਓਦੋਂ ਸ਼ੋਸਤਾਕੋਵਿਚ ਨੇ ਤਹਿਖ਼ਾਨੇ ਵਿਚ ਸੱਤਵੀਂ ਲੇਨਿਨਗਰਾਦ ਸਿੰਫ਼ਨੀ ਪੇਸ਼ ਕੀਤੀ, ਜੋ ਬਦੀ ਦੇ ਖ਼ਿਲਾਫ਼ ਨੇਕੀ ਦਾ ਜੈਕਾਰਾ ਸੀ। ਸੰਨ 48 ਚ ਰੂਸੀ ਹਾਕਮਾਂ ਨੇ ਇਕ ਵਾਰੀ ਫੇਰ ਸ਼ੋਸਤਾਕੋਵਿਚ ਦਾ ਇਹਦੀ ਨੌਵੀਂ ਸਿੰਫ਼ਨੀ ਕਰਕੇ ਨਮਦਾ ਕੱਸ ਦਿੱਤਾ। ਸਤਾਲਿਨ ਦੀ ਮੌਤ ਪਿੱਛੋਂ ਸ਼ੋਸਤਾਕੋਵਿਚ ਨੂੰ ਵੀ ਸੰਗੀਤ ਸਿਰਜਣ ਦੀ ਪੂਰੀ ਖੁੱਲ੍ਹ ਮਿਲ਼ ਗਈ ਅਤੇ ਇਹਨੇ 1960 ਵਿਚ ਕਮਿਉਨਿਸਟ ਪਾਰਟੀ ਦਾ ਮੈਂਬਰ ਬਣ ਕੇ ਅਪਣੇ ਨਿੰਦਕਾਂ ਨੂੰ ਹੈਰਾਨ ਕਰ ਦਿੱਤਾ। ਪੂਰੇ ਹੋਣ ਤੋਂ ਇਕ ਸਾਲ ਪਹਿਲਾਂ ਇਹ ਪੰਦਰ੍ਹਵੀਂ ਸਿੰਫ਼ਨੀ ਸਿਰਜ ਚੁੱਕਾ ਸੀ।