ਉਹ ਵੀ ਖ਼ੂਬ ਦਿਹਾੜੇ ਸਨ
ਉਹ ਵੀ ਖ਼ੂਬ ਦਿਹਾੜੇ ਸਨ
ਭੁੱਖ ਲਗਦੀ ਸੀ
ਮੰਗ ਲੈਂਦੇ ਸਾਂ
ਮਿਲ਼ ਜਾਂਦਾ ਸੀ
ਖਾ ਲੈਂਦੇ ਸਾਂ
ਨਈਂ ਸੀ ਮਿਲ਼ਦਾ ਤੇ ਰੋ ਪੈਂਦੇ ਸਾਂ
ਰੋਂਦੇ ਹੋਂਦੇ ਸੌਂ ਰਹਿੰਦੇ ਸਾਂ
ਇਹ ਵੀ ਖ਼ੂਬ ਦਿਹਾੜੇ ਨੇ
ਭੁੱਖ ਲੱਗਦੀ ਏ
ਮੰਗ ਨਹੀਂ ਸਕਦੇ
ਮਿਲ਼ਦਾ ਏ ਤੇ ਖਾ ਨਹੀਂ ਸਕਦੇ
ਨਹੀਂ ਮਿਲ਼ਦਾ ਤੇ ਰੋ ਨਹੀਂ ਸਕਦੇ
ਨਾ ਰੋਈਏ ਤੇ ਸੌਂ ਨਈਂ ਸਕਦੇ
ਸੁਫ਼ਨੇ ਸੌਣ ਨਾ ਦੇਂਦੇ
ਸੁਫ਼ਨੇ ਸੌਣ ਨਾ ਦੇਂਦੇ
ਜਾਗਦੀਆਂ ਫ਼ਿਕਰਾਂ ਦੇ ਸੁਫ਼ਨੇ
ਸੁੱਤੀਆਂ ਅੱਖੀਆਂ ਦੇ ਜਗਰਾਤੇ
ਦਿਲ ਚਾਨਣ ਵਿਚ ਬੈਠ ਕੇ ਫੋਲਣ
ਦੁੱਖ ਦੀ ਪੋਥੀ ਗ਼ਮ ਦੇ ਖਾਤੇ
ਜਾਗਦੀਆਂ ਫ਼ਿਕਰਾਂ ਦੇ ਗ਼ਮ ਵਿਚ
ਸਦੀਆਂ ਪਹਿਲੇ ਮੋਇਆਂ ਦੇ ਗ਼ਮ
ਜੱਗ ਦੇ ਰੋਗ ਕਲ਼ੇਜੇ ਲਾ ਕੇ
ਸੂਲ਼ੀ ਨਾਲ਼ ਪਰੋਇਆਂ ਦੇ ਗ਼ਮ
ਫਾਂਡੇ ਮੋਈਆਂ ਚਿੜੀਆਂ ਦੇ ਦੁੱਖ
ਤੇ ਇਸ ਦੁੱਖ ਵਿਚ ਰੋਇਆਂ ਦੇ ਗ਼ਮ
ਬੇਫ਼ਿਕਰੀ ਦੀ ਚਾਦਰ ਤਾਣ ਕੇ
ਲੋਕਾਂ ਸੁੱਤਿਆਂ ਹੋਇਆਂ ਦੇ ਗ਼ਮ
ਵਰਕਾ ਵਰਕਾ ਫੋਲ਼ ਕੇ ਰੋਂਦੇ
ਰੋ ਰੋ ਹੰਝੂਆਂ ਹਾਰ ਪਰੋਂਦੇ
ਸਾਨੂੰ ਰੋਣ ਨਾ ਦੇਂਦੇ
ਸੁਫ਼ਨੇ ਸੌਣ ਨਾ ਦੇਂਦੇ
ਮੰਜ਼ਿਲਾਂ
ਗੁੜ੍ਹਤੀ ਲਈ ਖਜੂਰ ਦੀ
ਡਾਚੀ ਹੋਏ ਸਵਾਰ
ਹੇਠਾਂ ਰੇਤ ਅਸਮਾਨੀਂ ਤਾਰੇ
ਹੱਥ ਨੰਗੀ ਤਲਵਾਰ
ਡਾਹਢਿਆਂ ਦੇ ਨਾਲ਼ ਦੁਸ਼ਮਣੀ
ਮਾੜਿਆਂ ਦੇ ਨਾਲ਼ ਪਿਆਰ
ਰੋਟੀ ਖਾਧੀ ਕਣਕ ਦੀ
ਕੀਤੀ ਪਾਰ ਝਨਾਂ
ਜਿੱਥੇ ਕਬਰਾਂ ਬਹੁਤੀਆਂ
ਓਥੇ ਵੱਡੇ ਗਰਾਂ
ਜ਼ੁਲਮ ਕਮਾਏ ਕੁਹਜਿਆਂ
ਰੱਬ ਸੁਹਣੇ ਦਾ ਨਾਂ
ਵਿਸਕੀ ਪੀਤੀ ਰੱਜ ਕੇ
ਗਲ਼ੀਆਂ ਭੁੱਲ ਗਏ
ਦਿਲ ਦੇ ਬੂਹੇ ਨੂੰ ਖੜਕਾਇਆ
ਖੁੰਨੇ ਖੁੱਲ੍ਹ ਗਏ
ਮੋਤੀ ਢਲ਼ਕੇ ਅੱਖ ਚੋਂ
ਮਿੱਟੀ ਰੁਲ਼ ਗਏ
ਉੱਲੀ ਲਾ ਲਈ ਜੀਭ ਨੂੰ
ਮੂੰਹ ਵਿਚ ਰਹਿ ਗਏ ਦੰਦ
ਸੋਚ ਨੂੰ ਜੰਦਰਾ ਮਾਰਿਆ
ਅੱਖੀਆਂ ਕੀਤੀਆਂ ਬੰਦ
ਅੰਦਰ ਝਾੜੂ ਫੇਰਿਆ
ਬਾਹਰ ਸੁੱਟਿਆ ਗੰਦ
ਜ਼ਾਲਿਮ ਹੱਥ ਬੇਹਬੂਦ ਦੇ
ਕਾਤਿਲ ਕੋਲ਼ ਫ਼ਨਾਹ
ਡੁੱਬਦੇ ਕੰਢਿਆਂ ਕੋਲ਼ੋਂ ਪੁੱਛੇ
ਮੁਹੰਮਦ ਅਲੀ ਜਿਨਾਹ
ਕਿਧਰ ਗਈਆਂ ਬੇੜੀਆਂ
ਕਿਧਰ ਗਏ ਮੱਲਾਹ
ਮੁਸ਼ਕ ਬੂਟੀ
ਦੁੱਧ ਵਿੱਚੋਂ ਉਡ ਗਈ ਚਿਟੀਆਈ
ਚਟਣੀ ਚੋਂ ਖਟਿਆਈ
ਲੌਂਙਾਂ ਦੇ ਲਸ਼ਕਾਰੇ ਮੁੱਕੇ
ਵੰਙਾਂ ਦੀ ਛਣਕਾਰ
ਤੇ ਉੱਚਿਆਂ ਸ਼ਮਲਿਆਂ ਦੀ ਵਡਿਆਈ
ਯਾਦਾਂ ਵਿੱਚੋਂ ਚੇਤੇ ਭੁੱਲ ਗਏ
ਚੇਤਿਆਂ ਵਿੱਚੋਂ ਸੂਰਤ ਸ਼ਕਲ
ਤੇ ਅੱਖੀਆਂ ਚੋਂ ਅਸ਼ਨਾਈ
ਗੱਲਾਂ ਵਿੱਚੋਂ ਬਾਤਾਂ ਗਈਆਂ
ਬਾਤਾਂ ਵਿੱਚੋਂ ਮਾਅਨੀ ਮਤਲੱਬ
ਕਲਮਾਂ ਚੋਂ ਰੁਸ਼ਨਾਈ
ਮੁਆਫ਼ ਕਰੀਂ
ਮੇਰੇ ਝੂਠੇ ਮੂੰਹੋਂ ਨਿਕਲ਼ ਗਈ ਸਚਿਆਈ
ਇਹ ਗੱਲ ਖੱਬੀ ਤੇ ਉਹ ਗੱਲ ਸੱਜੀ
ਸਿਗਰਟ ਦੱਸ ਰੁਪੈ ਦੀ ਡੱਬੀ
ਖੋਤੇ ਕੋਹਣ ਕਸਾਈ
ਅੰਦਰ ਬੂਟੀ ਮੁਸ਼ਕ ਮਚਾਇਆ
ਜਾਂ ਫੁੱਲਣ ਪਰ ਆਈ
‘ਜੀਵੇ ਜੀਵੇ ਪਾਕਿਸਤਾਨ’
ਤੇ ‘ਸੁਹਣੀ ਧਰਤੀ ਅੱਲ੍ਹਾ ਰੱਖੇ’
ਵਾਹਵਾਹ ਤਰਜ਼ ਬਣਾਈ
ਰੰਗ-ਬਰੰਗੇ ਲੋਕੀਂ ਆਏ
ਵੰਨ-ਸੁਵੰਨੀਆਂ ਨਾਰਾਂ
ਬਾਹਰ ਕਤਾਰਾਂ ਦੇ ਵਿਚ ਕਾਰਾਂ
ਅੰਦਰ ਖ਼ਲਕ ਖ਼ੁਦਾਈ
ਇਕ ਗੱਲ ਮੇਰੀ ਪੱਲੇ ਬੰਨ੍ਹ ਲਓ
ਕਹਿਣ ਲੱਗਾ ਹਲਵਾਈ
ਮੱਖੀਆਂ ਵੀ ਉਡ ਜਾਣਗੀਆਂ
ਜਦੋਂ ਮੁੱਕ ਗਈ ਮਠਿਆਈ
ਅਜੇ ਕਿਆਮਤ ਨਹੀਂ ਆਈ
ਵਾਲ਼ ਵਧਾ ਲਏ ਰਾਂਝੇ ਨੇ ਤੇ ਟਿੰਡ ਕਰਾ ਲਈ ਹੀਰਾਂ ਨੇ
ਮਿਰਜ਼ੇ ਖ਼ਾਂ ਨਾਲ਼ ਧੋਖਾ ਕੀਤਾ ਉਹਦੇ ਅਪਣੇ ਤੀਰਾਂ ਨੇ
ਮੀਟਰ ਲਾ ਕੇ ਖ਼ੂਬ ਚਲਾਈ ਸਾਹਿਬਾਂ ਉਹਦਿਆਂ ਵੀਰਾਂ ਨੇ
ਪਰ ਅਜੇ ਕਿਆਮਤ ਨਹੀਂ ਆਈ
ਸੁੱਖ ਸਰ੍ਹਾਣੇ ਬਾਂਹ ਗੋਰੀ, ਦੁੱਖ ਸੂਟੇ ਚਰਸੀ ਚਿਲਮਾਂ ਦੇ
ਬੱਚੇ ਟੈਸਟ ਟਯੂਬਾਂ ਦੇ, ਲਵ ਲੈਟਰ ਫ਼ਿਕਰੇ ਫ਼ਿਲਮਾਂ ਦੇ
ਮੱਤ ਮਾਰੀ ਗਈ ਸਿਆਣਪ ਦੀ ਤੇ ਭੱਠੇ ਬਹਿ ਗਏ ਇਲਮਾਂ ਦੇ
ਪਰ ਅਜੇ ਕਿਆਮਤ ਨਹੀਂ ਆਈ
ਤਾਰੀਖ਼ ਤਮਾਸ਼ਾ ਭੁੱਖਾਂ ਦਾ, ਤਹਿਜ਼ੀਬ ਖਿਡੌਣਾ ਰੱਜਾਂ ਦਾ
ਤਨਕੀਦ ਜੁਗਾਲੀ ਲਫ਼ਜ਼ਾਂ ਦੀ, ਤਸ਼ਹੀਰ ਸਿਆਪਾ ਲੱਜਾਂ ਦਾ
ਮੌਸੀਕੀ ਰਾਤਬ ਕੁੱਤਿਆਂ ਦਾ ਤੇ ਅਦਬ ਗਤਾਵਾ ਮੱਝਾਂ ਦਾ
ਪਰ ਅਜੇ ਕਿਆਮਤ ਨਹੀਂ ਆਈ
ਧੀਆਂ ਤਿੰਨ ਬਸ਼ੀਰ ਦੇ ਘਰ, ਪੁੱਤਰ ਚਾਰ ਕਮਾਲੇ ਦੇ
ਪੌੜੀਆਂ ਦੇ ਵਿਚ ਕਿੱਸਾ ਮੁੱਕਾ, ਲੋਥ ਗਈ ਵਿਚ ਨਾਲ਼ੇ ਦੇ
ਲੋਕੀਂ ਬੈਠੇ ਰਿਸ਼ਤੇ ਜੋੜਨ ਪਿੱਪਲ਼ ਤੇ ਪਰਨਾਲ਼ੇ ਦੇ
ਪਰ ਅਜੇ ਕਿਆਮਤ ਨਹੀਂ ਆਈ
ਰੋਗ ਹਜ਼ਾਰਾਂ, ਇੱਕੋ ਨੁਸਖ਼ਾ, ਇੱਕੋ ਰਾਹ ਗੁਜ਼ਾਰੇ ਦੀ
ਮੱਖਣ ਤਾਂਦਲਿਆਂਵਾਲ਼ੇ[1] ਦਾ ਤੇ ਮੱਖੀ ਜ਼ਿਲਾ ਹਜ਼ਾਰੇ ਦੀ
ਤੀਰਾਂ ਅਗੇ ਸੀਨਾ ਤਾਣੇ ਜੁਰਅਤ ਝੂਠ ਗ਼ੁਬਾਰੇ ਦੀ
ਪਰ ਅਜੇ ਕਿਆਮਤ ਨਹੀਂ ਆਈ
ਬਾਂਦਰ ਬੈਠੇ ਜੂੰਆਂ ਕੱਢਣ, ਇਕ ਦੂਜੇ ਦੇ ਵਾਲ਼ਾਂ ਚੋਂ
ਦੁੱਧ ਪਿਆਂਦੀ ਕੁੜੀ ਨੂੰ ਵੇਖਣ, ਅਮ੍ਰਿਤ ਟਪਕੇ ਰਾਲ਼ਾਂ ਚੋਂ
ਬੜੇ ਸਿਆਸੀ ਨੁਕਤੇ ਲਭਣ ਮਾਂ ਭੈਣ ਦੀਆਂ ਗਾਲ਼੍ਹਾਂ ਚੋਂ
ਪਰ ਅਜੇ ਕਿਆਮਤ ਨਹੀਂ ਆਈ
ਢੱਕ-ਮਕੌੜੇ ਪੜ੍ਹਨ ਨਮਾਜ਼ਾਂ, ਦਾਅਵੇ ਕਰਨ ਖ਼ੁਦਾਈਆਂ ਦੇ
ਬੰਦ ਕਰਾਣ ਸ਼ਰਾਬਾਂ[2] ਨਾਲ਼ੇ ਪਰਮਿਟ ਲੈਣ ਈਸਾਈਆਂ ਦੇ
ਵਾਅਦੇ ਪੈਂਦੇ ਆਪੀਂ ਕਰਦੇ ਨਾਂ ਬਦਨਾਮ ਡਿਸਾਈਆਂ ਦੇ
ਪਰ ਅਜੇ ਕਿਆਮਤ ਨਹੀਂ ਆਈ
ਪਾਰਾ ਥਰਮਾਮੀਟਰ ਦਾ, ਸਿਆਸਤ ਚੌਧਰੀ ਤਾਲਿਬ[3] ਦੀ
ਹੀਰਾ ਮੰਡੀ ਸ਼ਾਹੀਏ[4] ਦੀ ਤੇ ਦਿੱਲੀ ਮਿਰਜ਼ਾ ਗ਼ਾਲਿਬ ਦੀ
ਚਾਦਰ ਜਨਰਲ ਰਾਣੀ[5] ਦੀ ਤੇ ਚਾਰ ਦੀਵਾਰੀ ਜਾਲਿਬ[6] ਦੀ
ਪਰ ਅਜੇ ਕਿਆਮਤ ਨਹੀਂ ਆਈ
ਜ਼ੇਰਾਂ ਦੀ ਪੱਟੀ ਦੇ ਮਤਲਬ ਨਿਕਲਣ ਲੱਗ ਪਏ ਜਬਰਾਂ ਚੋਂ
ਐਨਕ ਪਾ ਕੇ ਅੰਨ੍ਹੇ ਲਭਣ ਹੱਕ ਹਕੀਕਤ ਖ਼ਬਰਾਂ ’ਚੋਂ
ਟੀਵੀ ਦੀਆਂ ਕਵਾਲੀਆਂ ਸੁਣਕੇ ਮੁਰਦੇ ਜਾਗੇ ਕਬਰਾਂ ਚੋਂ
ਪਰ ਅਜੇ ਕਿਆਮਤ ਨਹੀਂ ਆਈ
ਰੋਜ਼ਗਾਰ ਦੀ ਸੂਲ਼ੀ ਟੰਗੇ[7] ਜਿਵੇਂ ਕਰੇਲੇ ਦੱਲਾਂ ਦੇ
ਲੋਕੀਂ ਬੱਕਰੇ, ਲੀਡਰ ਲੋਭੀ ਕੁਰਬਾਨੀ ਦੀਆਂ ਖੱਲਾਂ ਦੇ
ਫੁੱਲ ਖਿੜੇ ਕਬਰਾਂ ਦੇ ਉੱਤੇ ਸੁਹਣੀਆਂ-ਸੁਹਣੀਆਂ ਗੱਲਾਂ ਦੇ
ਪਰ ਅਜੇ ਕਿਆਮਤ ਨਹੀਂ ਆਈ
ਹਰਫ਼ ਸ਼ਿਕਾਇਤ, ਹੋਠ ਤਰੋਪੇ, ਕਾਫ਼ੀਏ ਤੰਗ ਰਦੀਫ਼ਾਂ ਦੇ
ਸੰਘੀ ਨਾਓਂ ਗ਼ਰੀਬਾਂ ਦੀ, ਹੱਥ ਕੱਟੇ ਗਏ ਸ਼ਰੀਫ਼ਾਂ ਦੇ
ਲੂਹਲੇ ਲੰਙੜੇ ਪਾਰ ਉਤਾਰਨ, ਪੁਲਸਰਾਤ ਤਰੀਫ਼ਾਂ ਦੇ
ਪਰ ਅਜੇ ਕਿਆਮਤ ਨਹੀਂ ਆਈ
ਚਿੱਟੇ ਵਰਕੇ ਦੇਣ ਸ਼ਹਾਦਤ ਕਾਲ਼ੀ ਸ਼ਾਹ ਜਹਾਲਤ ਦੀ
ਸੁੱਚਲ ਵਾਅਦਾ ਮੁਆਫ਼ ਗਵਾਹੀ, ਨਹੀਂ ਰਹੀ ਲੋੜ ਵਕਾਲਤ ਦੀ
ਗ਼ੁੱਸੇ ਦੇ ਨਾਲ਼ ਥਰ-ਥਰ ਕੰਬੇ ਕੁਰਸੀ ਅਰਸ਼ ਅਦਾਲਤ ਦੀ
ਪਰ ਅਜੇ ਕਿਆਮਤ ਨਹੀਂ ਆਈ
ਵੈਰੀ ਉੱਚਿਆਂ ਮਹਿਲਾਂ ਦੇ ਤੇ ਮੰਗਣ ਰਾਹ ਫ਼ਸੀਲਾਂ ਤੋਂ
ਮੰਗਣ ਰਹਿਮ ਕਸਾਈਆਂ ਕੋਲ਼ੋਂ ਤੇ ਖ਼ੈਰਾਤ ਬਖ਼ੀਲਾਂ ਤੋਂ
ਖ਼ਾਬਾਂ ਦੇ ਵਿਚ ਬੜ੍ਹਕਾਂ ਮਾਰਨ ਮੌਤ ਡਰਾਵੇ ਮੀਲਾਂ ਤੋਂ
ਪਰ ਅਜੇ ਕਿਆਮਤ ਨਹੀਂ ਆਈ
ਇਜ਼ਤ ਗਈ ਉਸਤਾਦਾਂ ਦੀ ਤੇ ਬਸਤਾ ਗ਼ੈਬ ਪੜ੍ਹਾਕੂ ਦਾ
ਸੇਰ ਘਿਓ ਦੇ ਮੁੱਲ ਵਿਚ ਲੱਭੇ ਹੁਣ ਇਕ ਪਾਨ ਤੰਬਾਕੂ ਦਾ
ਨ੍ਹੇਰੇ ਦੇ ਵਿਚ ਪਤਾ ਨਹੀਂ ਲੱਗਦਾ ਥਾਣੇਦਾਰ ਤੇ ਡਾਕੂ ਦਾ
ਪਰ ਅਜੇ ਕਿਆਮਤ ਨਹੀਂ ਆਈ
ਨਕਲੀ ਦੰਦਾਂ ਵਾਲ਼ੇ ਬੁੱਢੇ ਪੁੱਛਣ ਭਾਅ ਅਖ਼ਰੋਟਾਂ ਦੇ
ਸਭ ਤੋਂ ਬੁਹਤੀਆਂ ਪੜ੍ਹਨ ਕਿਤਾਬਾਂ ਬੋਝੇ ਓਵਰ ਕੋਟਾਂ ਦੇ
ਲੈਂਦੇ ਫਿਰਨ ਮੁਬਾਰਕਬਾਦਾਂ ਖ਼ਾਲੀ ਡੱਬੇ ਵੋਟਾਂ ਦੇ
ਪਰ ਅਜੇ ਕਿਆਮਤ ਨਹੀਂ ਆਈ
ਮਿੱਠੀਆਂ ਜੋਕਾਂ ਫੱਟ ਦੇ ਕੀੜੇ ਬਣ ਗਏ ਬਾਲ ਗ਼ਰੀਬਾਂ ਦੇ
ਰਿਸ਼ਵਤ ਰਬੜ ਮਟਾਂਦਾ ਜਾਵੇ ਲੇਖ ਲਿਖੇ ਨਸੀਬਾਂ ਦੇ
ਡੋਲ਼ੀਆਂ ਨਾਲ਼ ਹਬੀਬਾਂ ਦੇ ਮੁਕਲਾਵੇ ਨਾਲ਼ ਰਕੀਬਾਂ ਦੇ
ਪਰ ਅਜੇ ਕਿਆਮਤ ਨਹੀਂ ਆਈ
ਬੇੜੀ ਫਿਰਦੀ ਆਲ਼-ਦਵਾਲ਼ੇ ਰੇਤ ਚ ਖੁੱਭੇ ਚੱਪੂ ਦੇ
ਰੰਡੀਆਂ ਵਾਂਗੋਂ ਵਿਕਦੇ ਫ਼ਤਵੇ ਮੌਲਵੀ ਮਾਲ ਹੜੱਪੂ ਦੇ
ਫਾਂਸੀ ਮੇਲੇ ਵਿਚ ਭਠੂਰੇ ਵੇਚਣ ਕਾਤਲ ਪੱਪੂ ਦੇ
ਪਰ ਅਜੇ ਕਿਆਮਤ ਨਹੀਂ ਆਈ
ਲੋਕੀਂ ਘਰਾਂ ਤੇ ਮੋਰਚੇ ਲਾ ਕੇ ਕਰਨ ਹਿਫ਼ਾਜ਼ਤ ਫ਼ੌਜਾਂ ਦੀ
ਗੁਰਦਿਆਂ ਉੱਤੇ ਬੰਨ੍ਹ ਸਰਹਾਣੇ ਮਲ੍ਹਮ ਲਵਾਂਦੇ ਸੋਜਾਂ ਦੀ
ਸੈਂਸਰ ਲਾ ਕੇ ਕਰਨ ਨੁਮਾਇਸ਼ ਅਪਣੇ ਸਾਰੇ ਕੁਹਜਾਂ ਦੀ
ਪਰ ਅਜੇ ਕਿਆਮਤ ਨਹੀਂ ਆਈ
ਮਾਂ ਦਾ ਦੁੱਧ ਸਮਝ ਕੇ ਪੀ ਗਏ ਨੇਕ ਕਮਾਈ ਨਾਨੀ ਦੀ
ਮਲਕਾ ਦੇ ਦਰਬਾਰ ਚ ਦਾਦੇ ਦੀ ਤਸਵੀਰ ਜਵਾਨੀ ਦੀ
ਪੋਤਰਿਆਂ ਨੂੰ ਨਾ-ਮਨਜ਼ੂਰ ਹਕੂਮਤ ਕਿਸੇ ਜ਼ਨਾਨੀ ਦੀ
ਪਰ ਅਜੇ ਕਿਆਮਤ ਨਹੀਂ ਆਈ
ਜੁੱਮੇ ਬਜ਼ਾਰ ਸਿਆਸਤ ਵਿਕਦੀ ਵਧ ਗਈ ਕੀਮਤ ਗੱਡੂਆਂ ਦੀ
ਮੀਏਂ ਸ਼ਰੀਫ਼[8] ਦੇ ਪੁਤਰਾਂ ਨੇ ਵੀ ਢੇਰੀ ਲਾ ਲਈ ਲੱਡੂਆਂ ਦੀ
ਭੁੱਟੋ ਦੀ ਧੀ ਤੋਲਣ ਬੈਠੀ ਭਰ ਤ੍ਰੱਕੜੀ ਡੱਡੂਆਂ ਦੀ
ਪਰ ਅਜੇ ਕਿਆਮਤ ਨਹੀਂ ਆਈ
ਐਨੀ ਹੋਈ ਮਨਸੂਬਾਬੰਦੀ ਨੌਬਤ ਆ ਗਈ ਫ਼ਾਕੇ ਦੀ
ਹਰ ਇਕ ਚੀਜ਼ ਖਲੋਤੀ ਲੱਗੇ ਸਾਨੂੰ ਏਸ ਇਲਾਕੇ ਦੀ
ਧੋਖਾ ਚੱਲਦਾ ਏ ਯਾ ਫਿਰ ਚੱਲਦੀ ਏ ਮਰਜ਼ੀ ਬਾਬੇ ‘ਸਾਕੇ ਦੀ
ਪਰ ਅਜੇ ਕਿਆਮਤ ਨਹੀਂ ਆਈ
ਐਹਤਸਾਬ[9] ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦਰ
ਐਹਤਸਾਬ ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦਰ
ਚੋਰਾਂ, ਡਾਕੂਆਂ, ਕਾਤਲਾਂ ਕੋਲ਼ੋਂ
ਚੋਰਾਂ, ਡਾਕੂਆਂ, ਕਾਤਲਾਂ ਬਾਰੇ ਕੀਹ ਪੁੱਛਦੇ ਓ
ਇਹ ਤੁਹਾਨੂੰ ਕੀਹ ਦੱਸਣਗੇ, ਕਿਉਂ ਦੱਸਣਗੇ
ਦੱਸਣਗੇ ਤੇ ਜਿੰਜ ਦਿਸਦੇ ਨੇ ਕਿੰਜ ਦੱਸਣਗੇ
ਕੌਣ ਕਵ੍ਹੇ ਮੇਰਾ ਪੁੱਤਰ ਡਾਕੂ
ਕਤਲ ਦਾ ਮੁਜਰਮ ਮੇਰਾ ਭਾਈ
ਮੇਰੇ ਚਾਚੇ ਜਾਇਦਾਦਾਂ ‘ਤੇ ਕਬਜ਼ੇ ਕੀਤੇ
ਤੇ ਲੋਕਾਂ ਦੀ ਉਮਰ ਕਮਾਈ
ਲੁੱਟ ਕੇ ਖਾ ਗਈ ਮੇਰੀ ਤਾਈ
ਮੇਰੇ ਫੁੱਫੜ ਟੈਕਸ ਚੁਰਾਏ
ਮੇਰਾ ਮਾਮਾ ਚੋਰ ਸਪਾਹੀ
ਦਿੱਤੀ ਏ ਕਦੀ ਕਿਸੇ ਨੇ ਅਪਣੇ ਜੁਰਮ ਦੀ ਆਪ ਗਵਾਹੀ
ਕਿਹੜਾ ਪਾਂਦਾ ਏ ਅਪਣੇ ਹੱਥ ਨਾਲ਼
ਅਪਣੇ ਗੱਲ ਵਿਚ ਮੌਤ ਦੀ ਫਾਹੀ
ਖੋਜੀ ਰੱਸਾਗੀਰ ਨੇ ਸਾਰੇ ਕੀਹ ਪੁੱਛਦੇ ਓ
ਇਕ ਦੂਜੇ ਦੇ ਜੁਰਮ ਸਹਾਰੇ ਕੀਹ ਪੁੱਛਦੇ ਓ
ਡਾਕੂਆਂ ਕੋਲ਼ੋਂ ਡਾਕੂਆਂ ਬਾਰੇ ਕੀਹ ਪੁੱਛਦੇ ਓ
ਔਖਾ ਸੱਪ ਤੋਂ ਮਣਕਾ ਮੰਗਣਾ
ਸ਼ੇਰ ਦੇ ਮੂੰਹ ਚੋਂ ਬੋਟੀ ਖੋਹਣੀ
ਇੱਲਾਂ ਕੋਲ਼ੋਂ ਮਾਸ ਨਹੀਂ ਮਿਲ਼ਦਾ
ਹੋਣੀ ਨਹੀਂ ਹੋਂਦੀ ਅਣਹੋਣੀ
ਚੋਰਾਂ, ਡਾਕੂਆਂ, ਕਾਤਲਾਂ ਕੋਲ਼ੋਂ
ਮੰਗਿਆਂ ਕਦੀ ਸਬੂਤ ਨਹੀਂ ਲੱਭਦੇ
ਫ਼ਾਈਲਾਂ ਵਿਚ ਗਵਾਚੇ ਹੋਏ
ਬੜੇ ਬੜੇ ਕਰਤੂਤ ਨਹੀਂ ਲੱਭਦੇ
ਰਲ਼ ਕੇ ਮਾਰੇ, ਮਿਲ਼ ਕੇ ਖਾਧੇ ਹੋਏ ਲੋਕਾਂ ਦੀਆਂ
ਕਬਰਾਂ ਚੋਂ ਕਲਬੂਤ ਨਹੀਂ ਲੱਭਦੇ
ਐਹਤਸਾਬ ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦਰ
ਸਾਡੇ ਘਰ ਵਿਚ ਡਾਕੇ ਵੱਜੇ
ਸਾਡੀਆਂ ਨੀਹਾਂ ਪੁੱਟੀਆਂ ਗਈਆਂ
ਸਾਡੇ ਵੇਹੜੇ ਲਾਸ਼ਾਂ ਵਿਛੀਆਂ
ਸਾਡੀਆਂ ਇਜ਼ਤਾਂ ਲੁੱਟੀਆਂ ਗਈਆਂ
ਅਸੀ ਨਿਮਾਣੇ ਅਪਣੇ ਜ਼ਖ਼ਮੀ ਹੱਥਾਂ ਦੇ ਨਾਲ਼
ਇਨਸਾਫ਼ਾਂ ਦੇ ਬੂਹਿਆਂ ਨੂੰ ਖੜਕਾਂਦੇ ਰਹਿ ਗਏ
ਇੱਲਾਂ, ਕਾਂਵਾਂ, ਕੁੱਤਿਆਂ ਕੋਲ਼ੋਂ
ਅਪਣੇ ਜ਼ਖ਼ਮ ਛੁਪਾਂਦੇ ਰਹਿ ਗਏ
ਦਰਦਾਂ ਕੋਲ਼ੋਂ ਲਓ ਸ਼ਹਾਦਤ
ਜ਼ਖ਼ਮਾਂ ਤੋਂ ਤਸਦੀਕ ਕਰਾਓ
ਸਾਡੇ ਏਸ ਮੁਕੱਦਮੇ ਦੇ ਵਿਚ
ਸਾਨੂੰ ਵੀ ਤੇ ਗਵਾਹ ਬਣਾਓ
ਆਜ਼ਾਦੀ ਦੀ ਪਹਿਲੀ ਫ਼ਜਰ ਤੋਂ ਲੈ ਕੇ ਹੁਣ ਤਕ
ਇਸ ਧਰਤੀ ‘ਤੇ ਡੁੱਲ੍ਹੇ ਹੋਏ
ਸਾਰੇ ਲਹੂ ਦੀ ਕਸਮ ਚੁਕਾ ਲਓ
ਸੱਚ ਬੋਲਾਂਗੇ
ਸੱਚ ਖੋਲ੍ਹਾਂਗੇ
ਸੱਚ ਦੇ ਬਾਝ ਨਾ ਕੁਝ ਫੋਲਾਂਗੇ
ਲਾ ਇੱਲਾ ਇਲੱਲਾ ਨੂੰ ਮੰਨਣ ਵਾਲ਼ੇ
ਭੁੱਖੇ, ਨੰਗੇ, ਬੇਘਰ ਲੋਕੀਂ
ਫ਼ੁਟਪਾਥਾਂ ‘ਤੇ ਲੇਟੇ ਹੋਏ ਸੋਚ ਰਹੇ ਨੇ
ਪਾਕਿਸਤਾਨ ਦਾ ਮਤਲਬ ਕੀਹ ਸੀ
ਦੁੱਧ ਤੇ ਸ਼ਹਿਦ ਦੀਆਂ ਨਹਿਰਾਂ ਦੇ
ਵਾਅਦੇ ਉੱਤੇ ਜੀਵਣ ਵਾਲ਼ੇ
ਮੁੜ੍ਹਕਾ ਬੀਜ ਕੇ ਭੁੱਖ ਕੱਟਦੇ ਨੇ
ਗੁੱਲੀ, ਜੁੱਲੀ, ਕੁੱਲੀ ਦਾ ਹੱਕ ਮੰਗਣ ਵਾਲ਼ੇ
ਜੇਲਾਂ ਵਿਚ ਰੱਸੀਆਂ ਵੱਟਦੇ ਨੇ
ਭੁੱਖ ਛੱਤ ਨਾਲ਼ ਰੱਸੀਆਂ ਬੰਨ੍ਹਦੀ ਏ
ਛਾਤੀ ਦੇ ਵਿਚ ਬੰਬ ਫਟਦੇ ਨੇ
ਰਾਤੋ ਰਾਤ ਅਮੀਰ ਬਣਨ ਦੇ ਸੁਫ਼ਨੇ ਜੂਆ ਖੇਡ ਰਹੇ ਨੇ
ਖ਼੍ਵਾਬਾਂ ਦੇ ਸੌਦਾਗਰ ਸਾਡਾ ਅੱਜ ਤੇ ਕੱਲ ਵੀ ਵੇਚ ਗਏ ਨੇ
ਮੰਡੀ ਪੈਸਾ ਪੈਸਾ ਕਰਦੀ, ਸਾਰੇ ਰਿਸ਼ਤੇ ਤੋੜ ਰਹੀ ਏ
ਚਾਦਰ, ਚਾਰਦੀਵਾਰੀ ਅੰਦਰ, ਅਪਣੀਆਂ ਲੀਰਾਂ ਜੋੜ ਰਹੀ ਏ
ਰਾਹਦਾਰੀ ਦੇ ਟੂਲ ਪਲਾਜ਼ੇ, ਥਾਂ-ਥਾਂ ਲੱਗੇ ਪੁਲਸ ਦੇ ਨਾਕੇ
ਸਵਿਟਜ਼ਰਲੈਂਡ ਦੀ ਸੈਰ ਕਰਾਂਦੇ, ਬੈਂਕਾਂ ਤੇ ਅਸ਼ਰਾਫ਼ ਦੇ ਡਾਕੇ
ਸਭ ਤੋਂ ਵੱਡੀ ਦੁਸ਼ਮਣ ਸਾਡੀ
ਅਣਮੁੱਲ ਤੇ ਬੇਜੋੜ ਤਰੱਕੀ
ਮੋਟਰਵੇਅ ਤੋਂ ਪੰਜ ਕਦਮਾਂ ‘ਤੇ
ਪੰਜ ਸਦੀਆਂ ਪਹਿਲੇ ਦਾ ਚਰਖ਼ਾ
ਛੇ ਸਦੀਆਂ ਪਹਿਲੇ ਦੀ ਚੱਕੀ
ਕਿਹੜੀ ਹੋਰ ਸ਼ਹਾਦਤ ਲੱਭੀਏ
ਕਿਹੜੀ ਹੋਰ ਗਵਾਹੀ ਪਾਈਏ
ਐਸ ਤਬਾਹੀ, ਬਰਬਾਦੀ ਦਾ
ਕਿਹੜਾ ਹੋਰ ਸਬੂਤ ਲਿਆਈਏ
ਐਹਤਸਾਬ ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦਰ
ਵੈਸੇ ਤੁਹਾਨੂੰ ਵੀ ਪਤਾ ਤੇ ਹੋਣਾ ਏ
ਤਰੀਹ ਕਨਾਲ਼ਾਂ ਦੀ ਕੋਠੀ ਵਿਚ
ਸੱਤ ਪਜੈਰੋ, ਚਾਰ ਕਲਾਸ਼ਨਕੋਫ਼ਾਂ
ਚਾਲ੍ਹੀ ਕੁੱਤੇ, ਪੰਝੀ ਨੌਕਰ, ਵੀਹ ਕਨੀਜ਼ਾਂ ਕਿੱਥੋਂ ਆਈਆਂ
ਕਿੱਥੇ ਲੱਗੀਆਂ ਇਹ ਟਕਸਾਲਾਂ
ਦੇਸ ਪਰਾਏ ਬਣੀਆਂ ਚੀਜ਼ਾਂ ਕਿੱਥੋਂ ਆਈਆਂ
ਕਿੱਥੋਂ ਆਇਆ ਚਿੱਟਾ ਪੌਡਰ, ਕਾਲ਼ੀ ਦੌਲਤ ਕਿੱਥੋਂ ਆਈ
ਕਿੱਥੋਂ ਆਏ ਪਰਮਿਟ, ਲੀਜ਼ਾਂ ਕਿੱਥੋਂ ਆਈਆਂ
ਅਸੀ ਵਿਚਾਰੇ ਬੋਹੜਾਂ ਥੱਲੇ
ਉੱਗਣ ਵਾਲ਼ੀ ਘਾਹ ਦੇ ਤੀਲੇ
ਧੁੱਪ ਤੇ ਮੀਂਹ ਨੂੰ ਤਰਸ ਗਏ ਆਂ
ਲੱਖ ਕਰੋੜਾਂ ਦਾ ਕੀਹ ਕਹਿਣਾ
ਦਸ ਤੇ ਵੀਹ ਨੂੰ ਤਰਸ ਗਏ ਆਂ
ਪਹਿਲੇ ਪੰਝੀ ਸਾਲਾਂ ਦੇ ਵਿਚ
ਅੱਧਾ ਮੁਲਕ ਗਵਾ ਬੈਠੇ ਆਂ
ਛੱਬੀ ਸਾਲ ਦੇ ਮਾਰਸ਼ਲ ਲਾਅ ਵਿਚ
ਬਾਕੀ ਉਮਰ ਹੰਢਾ ਬੈਠੇ ਆਂ
ਜਿਨ੍ਹਾਂ ਸਾਨੂੰ ਧੋਖੇ ਦਿੱਤੇ
ਉਨ੍ਹਾਂ ਕੋਲ਼ੋਂ ਨਵੀਆਂ ਆਸਾਂ ਲਾਹ ਬੈਠੇ ਆਂ
ਡਰ ਏ ਕਿੱਧਰੇ ਆ ਨਾ ਜਾਵਣ
ਫ਼ਿਰਕੇ ਬੂਟ ਬੰਦੂਕਾਂ ਵਾਲ਼ੇ
ਡਰ ਏ ਸਾਨੂੰ ਖਾ ਨਾ ਜਾਵਣ
ਨੋਟਾਂ ਭਰੇ ਸੰਦੂਕਾਂ ਵਾਲ਼ੇ
ਐਹਤਸਾਬ ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦਰ
ਚਾਦਰ ਚਾਰਦੀਵਾਰੀ ਵਾਲ਼ੇ ਰਾਜ ਤੋਂ ਪਹਿਲਾਂ
ਰਾਤੀਂ ਸ਼ਹਿਰ ਦੀਆਂ ਗਲ਼ੀਆਂ ਵਿਚ
ਬੇਫ਼ਿਕਰੀ ਦੀ ਚਾਦਰ ਤਾਣ ਕੇ ਡੂੰਘੀ ਨੀਂਦਰ ਸੌਂਦੇ ਸਾਂ
ਹੁਣ ਬੂਹਿਆਂ ਨੂੰ ਅੰਦਰੋਂ ਜੰਦਰੇ ਮਾਰ ਕੇ
ਰਾਤੀਂ ਜਾਗਦੇ ਰਹਿਨੇ ਆਂ
ਐਹਤਸਾਬ ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦਰ
ਸਾਨੂੰ ਸਾਡੇ ਖ਼੍ਵਾਬ ਦਵਾ ਦਿਓ
ਓਨ੍ਹਾਂ ਕੋਲ਼ੋਂ ਜਾਨ ਛੁਡਾ ਦਿਓ
ਜਿਹੜੇ ਚਾਂਹਦੇ ਨੇ ਇਸ ਦੁਨੀਆ ‘ਤੇ
ਮਲਕੀਅਤ ਦੇ ਝੰਡੇ ਗੱਡ ਕੇ ਜਾਈਏ
ਲੋਕਾਂ ਦੀਆਂ ਸਾਰੀਆਂ ਖ਼ੁਸ਼ੀਆਂ
ਜੜ੍ਹਾਂ ਤੋਂ ਵੱਢ ਕੇ ਜਾਈਏ
ਜੇ ਕਰ ਸਾਨੂੰ ਸਾਡੇ ਖ਼੍ਵਾਬ ਦਵਾ ਨਹੀਂ ਸਕਦੇ
ਸਰਮਾਏ ਦੀ ਫਾਹੀ ਦੇ ਵਿਚ ਫੱਸੀ ਹੋਈ
ਸਾਡੀ ਜਾਨ ਛੁਡਾ ਨਹੀਂ ਸਕਦੇ
ਸਾਨੂੰ ਸਾਡੀ ਨੀਂਦਰ ਲੈ ਦਿਓ
ਅਸੀਂ ਵੀ ਅਪਣੇ ਬੱਚਿਆਂ ਦੇ ਲਈ
ਕੁਝ ਤੇ ਛਡ ਕੇ ਜਾਈਏ
ਐਹਤਸਾਬ ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦਰ
ਸਾਡੇ ਬੱਚੇ ਵੇਲੇ ਦੀ ਭੱਠੀ ਵਿਚ ਤਪ ਕੇ
ਕੁੰਦਨ ਬਣਕੇ ਨਿਕਲਣਗੇ
ਉਨ੍ਹਾਂ ਨੂੰ ਅਪਣੇ ਮਾਪਿਆਂ ਵਾਂਙੂੰ
ਅਜ਼ਮਾਇਸ਼ੋਂ ਨੱਸਣਾ ਨਹੀਂ ਪਏਗਾ
ਉਨ੍ਹਾਂ ਨੂੰ ਦੱਸਣਾ ਨਹੀਂ ਪਏਗਾ
ਜਿਹੜਾ ਥਾਂ ਤੋਂ ਹਿਲ ਨਹੀਂ ਸਕਦਾ
ਕਦੀ ਅਗਾਂਹ ਨੂੰ ਚਲ ਨਹੀਂ ਸਕਦਾ
ਜਿਹੜਾ ਅਪਣੇ ਵੇਲੇ ਕੋਲ਼ੋਂ ਡਰ ਜਾਂਦਾ ਏ
ਓਸੇ ਵੇਲੇ ਮਰ ਜਾਂਦਾ ਏ
ਜਿਹੜਾ ਜਿੱਥੇ ਰੁਕ ਜਾਂਦਾ ਏ
ਓਸੇ ਥਾਂ ‘ਤੇ ਮੁੱਕ ਜਾਂਦਾ ਏ
[1] ਲਾਇਲਪੁਰ ਕੋਲ਼ ਦਾ ਕਸਬਾ
[2] ਪਾਕਿਸਤਾਨ ਵਿਚ ਚ ਸ਼ਰ੍ਹਾ ਕਰਕੇ ਸ਼ਰਾਬਬੰਦੀ ਹੈ, ਪਰ ਪੀਣ ਵਾਲ਼ੇ ਮੁਸਲਮਾਨ ਈਸਾਈਆਂ ਨੂੰ ਮਿਲ਼ਦੀ ਸ਼ਰਾਬ ਦੀ ਪਰਮਿਟ ਨਾਲ਼ ਕੰਮ ਚਲਾਉਂਦੇ ਨੇ
[3] ਸੰਨ 71 ਵਿਚ ਪੀਪਲਜ਼ ਪਾਰਟੀ ਦੀ ਹਕੂਮਤ ਵੇਲੇ ਪੰਜਾਬ ਸਰਕਾਰ ਦਾ ਬਣਿਆ ਵਜ਼ੀਰ। ਦੋ ਸਾਲਾਂ ਮਗਰੋਂ ਘਪਲੇਬਾਜ਼ੀ ਕਰਕੇ ਲੱਥ ਗਿਆ ਸੀ; ਪਰ ਹੁਣ-ਦਿਆਂ ਸਿਆਸਤੀਆਂ ਦੇ ਮੁਕਾਬਿਲੇ ‘ਫ਼ਰਿਸ਼ਤਾ’ ਆਖਿਆ ਜਾ ਸਕਦਾ ਏ
[4] ਲਹੌਰ ਹੀਰਾ ਮੰਡੀ ਮੁਹੱਲੇ ਦਾ ਮੰਨਿਆਂ ਹੋਇਆ ਬਦਮਾਸ਼
[5] ਜਰਨੈਲ ਯਹੀਆ ਖ਼ਾਨ ਨੂੰ ਔਰਤਾਂ ਸਪਲਾਈ ਕਰਨ ਵਾਲ਼ੀ ‘ਮੈਡਮ’
[6] ਔਰਤਾਂ ਦੇ ਹਕੂਕ ਖੋਹਣ ਵਾਸਤੇ “ਚਾਦਰ ਔਰ ਚਾਰਦੀਵਾਰੀ” ਜ਼ਿਆ-ਉੱਲ-ਹੱਕ ਤੇ ਜਮਾਤ-ਏ-ਇਸਲਾਮੀ ਦਾ ਸਾਂਝਾ ਨਾਅਰਾ ਅਤੇ ਸ਼ਾਇਰ ਹਬੀਬ ਜਾਲਿਬ ਨੂੰ ਕੈਦ ਕਰਨ ਵਲ ਇਸ਼ਾਰਾ
[7] 1978 ਵਿਚ ਲਹੌਰ ਵਿਚ ਪੱਪੂ ਦੇ ਚਾਰ ਕਾਤਿਲਾਂ ਨੂੰ ਸਰੇਆਮ ਫਾਂਸੀ ਲੱਗੀ ਸੀ
[8] ਗ਼ੁਲਾਮ ਇਸਹਾਕ ਖ਼ਾਨ ਜ਼ਿਆ ਮਗਰੋਂ ਬਣਿਆ ਪਾਕਿਸਤਾਨ ਦਾ ਸਦਰ
[9] ਜਰਨੈਲ ਜ਼ਿਆ ਨੇ ਸਿਆਸੀ ਮੁਖ਼ਾਲਿਫ਼ਾਂ ਨੂੰ ਥੱਲੇ ਲਾਣ ਲਈ ਸੰਨ 1977 ਵਿਚ ਐਹਤਸਾਬ (ਜਵਾਬਦੇਹੀ) ਕਮਿਸ਼ਨ ਬਣਾਇਆ ਸੀ, ਜੋ ਬੇਨਜ਼ੀਰ ਭੁੱਟੋ ਅਤੇ ਨਵਾਜ਼ ਸ਼ਰੀਫ਼ ਵੇਲੇ ਵੀ ਚਲਦਾ ਰਿਹਾ। ਜਰਨੈਲ ਮੁਸ਼ੱਰਫ਼ ਨੇ ਇਹਦਾ ਨਵਾਂ ਨਾਂ ਨੈਬ (ਨੈਸ਼ਨਲ ਅਕਾਉਂਟਬਿਲਟੀ ਬੀਓਰੋ) ਰਖ ਦਿੱਤਾ ਏ
ਵਜ਼ੀਰਾਬਾਦ ਦੇ ਜੰਮਪਲ਼ ਮੁੰਨੂ ਭਾਈ (ਅਸਲ ਨਾਂ ਮੁਨੀਰ ਅਹਮਦ ਕੁਰੈਸ਼ੀ; ਜਨਮ 1938) ਲਹੌਰ ਦੇ ਮੰਨੇ-ਪਰਮੰਨੇ ਸਹਾਫ਼ੀ (ਪਤ੍ਰਕਾਰ) ਹਨ। ਪੰਜਾਬੀ ਵਿਚ ਛਪੀਆਂ ਕਿਤਾਬਾਂ, ਮੈਂ ਤੇ ਮੁਨੂੰ ਭਾਈ, ਅਜੇ ਕਿਆਮਤ ਨਹੀਂ ਆਈ। ਉਰਦੂ ਵਿਚ, ਫ਼ਲਸਤੀਨੀ ਕਵੀ ਮਹਮੂਦ ਦਰਵੇਸ਼ ਦੀ ਸ਼ਾਇਰੀ ਦਾ ਤਰਜਮਾ, ਕੱਲਰ ਕੋਟ (ਨਾਵਲ), ਜੰਗਲ ਉਦਾਸ ਹੈ (ਸੋਗਨਾਮੇ) ਅਤੇ ਆਧੇ ਚਿਹਰੇ (ਟੀ ਵੀ ਡਰਾਮਾ ਲੜੀ).