ਮੁਹੱਬਤ ਦਾ ਸੱਸਾ – ਐੱਸ.ਤਰਸੇਮ

Date:

Share post:

ਮੇਰੇ ਅਪਣੇ ਪਿੰਡ ਦੇ ਪੰਡਤ ਕਪੂਰ ਚੰਦ ਦੇ ਬਣਾਏ ਟੇਵੇ ਵਿਚ ਮੇਰਾ ਨਾਮ ਬਿਸ਼ੰਭਰ ਦਾਸ ਸੀ। ਇਸ ਨਾਂ ਦੀ ਬੁਨਿਆਦ ਸੀ ਮੇਰੀ ਜਨਮ ਰਾਸ਼ੀ। ਮੈਥੋਂ ਵੱਡੀ ਤੇ ਮੇਰੇ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ ਤਾਰਾ ਨੇ ਮੇਰਾ ਨਾਮ ਬ੍ਰਿਜ ਮੋਹਨ ਰੱਖਿਆ। ਰਾਜਸਥਾਨ ਤੋਂ ਆ ਕੇ ਫੇਰੀ ਪਾਉਣ ਵਾਲਾ ਅਤੇ ਸਾਡੇ ਘਰ ਟਿਕਾਣਾ ਕਰਨ ਵਾਲਾ ਪੰਡਤ ਮਸੱਦੀ ਮੈਨੂੰ ਬੰਗਾਲੀ ਕਹਿ ਕੇ ਬੁਲਾਉਂਦਾ। ਭੈਣ ਸੀਤਾ ਦਾ ਸਹੁਰਾ ਮੈਨੂੰ ਮੌਲਵੀ ਕਹਿੰਦਾ। ਤਾਇਆ ਮਥਰਾ ਦਾਸ ਮੈਨੂੰ ਤੁਲਸੀ ਕਹਿ ਕੇ ਬੁਲਾਉਂਦਾ ਹੁੰਦਾ ਸੀ। ਪਰ ਨਾਨੀ ਦਾ ਜਨਮ ਵਾਲੇ ਦਿਨ ਹੀ ਰੱਖਿਆ ਨਾਂ ਤਰਸੇਮ ਮੇਰਾ ਪੱਕਾ ਨਾਂ ਬਣ ਗਿਆ।
ਮੈਂ ਸੱਤਵੀਂ ਵਿਚ ਸੀ ਜਦੋਂ ਮੇਰੀਆਂ ਕਵਿਤਾਵਾਂ ਅਖ਼ਬਾਰਾਂ ਵਿਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਮੈਂ ‘ਤਰਸੇਮ ਲਾਲ ਤੁਲਸੀ’ ਨਾਮ ਹੇਠ ਕਵਿਤਾਵਾਂ ਅਖ਼ਬਾਰਾਂ ਨੂੰ ਭੇਜਦਾ। ਤਾਏ ਦਾ ਰੱਖਿਆ ਨਾਂ ‘ਤੁਲਸੀ’ ਸਮਝੋ ਮੇਰਾ ਤਖੱਲੁਸ ਬਣ ਗਿਆ ਸੀ। ਤਪਾ ਮੰਡੀ ਵਿਚ ਸਭ ਮੈਨੂੰ ‘ਤੁਲਸੀ’ ਕਹਿ ਕੇ ਹੀ ਬੁਲਾਉਂਦੇ ਹੁੰਦੇ ਸਨ। ਕੋਈ ਮੈਨੂੰ ਸਾਡੇ ਗੋਤ ਕਾਰਨ ‘ਗੋਇਲ’ ਵੀ ਕਹਿੰਦਾ ਤੇ ਮਖੌਲ ਵਿਚ ਕੋਈ ਗੋਲ-ਮੋਲ ਵੀ ਕਹਿ ਦਿੰਦਾ ਪਰ ਸਰੀਰਕ ਪੱਖੋਂ ਮੈਂ ਬਿਲਕੁਲ ਪਤਲਾ ਲੰਬਾ ਸੀਖ-ਸਲਾਈ ਜਿਹਾ ਸੀ। ਮੇਰੇ ਭਰਾ ਨੂੰ ਤਾਂ ਕੋਈ ਹਰਬੰਸ ਲਾਲ ਕਹਿ ਕੇ ਬੁਲਾਉਂਦਾ ਹੀ ਨਹੀਂ ਸੀ। ਸਭ ਉਸ ਨੂੰ ‘ਗੋਇਲ ਸਾਹਿਬ’ ਕਹਿੰਦੇ। ਇਸ ਲਈ ਤਰਸੇਮ ਗੋਇਲ ਜਾਂ ਤਰਸੇਮ ਤੁਲਸੀ ਮੇਰੇ ਦੋ ਨਾਮ ਮੈਟ੍ਰਿਕ ਪਾਸ ਕਰਨ ਤੋਂ ਪਹਿਲਾਂ ਚਲਦੇ ਰਹੇ। ਨਵੰਬਰ 1958 ਵਿਚ ਮੈਂ ਗਿਆਨੀ ਪਾਸ ਕਰ ਲਈ। ਇਸ ਲਈ ਅਖ਼ਬਾਰਾਂ ਵਿਚ ਮੈਂ ਅਪਣਾ ਨਾਂ ਗਿਆਨੀ ਤਰਸੇਮ ਲਾਲ ਤੁਲਸੀ ਲਿਖ ਕੇ ਭੇਜਣ ਲੱਗ ਪਿਆ, ਜਿਸ ਕਾਰਨ ਸਾਡੇ ਇਲਾਕੇ ਵਿਚ ਕੁਝ ਲੋਕ ਮੈਨੂੰ ਗਿਆਨੀ ਜੀ ਵੀ ਕਹਿਣ ਲੱਗ ਪਏ। ਤਪਾ ਮੰਡੀ ਦੇ ਆਰੀਆ ਸਕੂਲ ਵਿਚ ਪੰਜਾਬੀ ਅਧਿਆਪਕ ਲੱਗਣ ਕਾਰਨ ਤੇ ਕੁਝ ਗਿਆਨੀ ਦੀਆਂ ਟਿਊਸ਼ਨਾਂ ਪੜ੍ਹਾਉਣ ਕਾਰਨ ਮੈਨੂੰ ਗਿਆਨੀ ਜੀ ਜਾਂ ਤੁਲਸੀ ਜੀ ਕਹਿ ਕੇ ਹੀ ਬੁਲਾਇਆ ਜਾਣ ਲੱਗਾ। ਮੈਂ ਇਸ ਤਰ੍ਹਾਂ ਅਖਵਾ ਕੇ ਕਦੇ ਖੁਸ਼ ਵੀ ਹੁੰਦਾ ਤੇ ਕਦੇ ਉਦਾਸ ਵੀ। ਗਿਆਨੀ ਸ਼ਬਦ ਤਾਂ ਮੈਂ ਉੱਕਾ ਹੀ ਅਪਣੇ ਨਾਂ ਨਾਲੋਂ ਮੇਟ ਦੇਣਾ ਚਾਹੁੰਦਾ ਸੀ ਪਰ ਕੀ ਕਰਾਂ। ਅੱਜ ਵੀ ਜੇ ਮੇਰੇ ਭਰਾ ਦਾ ਦੋਸਤ ਮਾਸਟਰ ਚਰਨ ਦਾਸ ਮਿਲ ਪਵੇ, ਉਹ ਗਿਆਨੀ ਜੀ ਕਹਿ ਕੇ ਹੀ ਬੁਲਾਉਂਦਾ ਹੈ। ਉਂਜ ਮੈਂ ਗਿਆਨੀ ਤੇ ਤੁਲਸੀ ਦੇ ਅਗੇਤਰ ਤੇ ਪਿਛੇਤਰ ਉਦੋਂ ਅਪਣੇ ਨਾਂ ਨਾਲੋਂ ਲਾਹ ਦਿੱਤੇ ਸਨ ਜਦੋਂ ਮੈਂ ਪਹਿਲੀ ਵਾਰ ਕਰਤਾਰ ਸਿੰਘ ਬਲੱਗਣ ਦੇ ਰਸਾਲੇ ਕਵਿਤਾ ਵਿਚ ਛਪਿਆ ਸੀ-ਸਿਰਫ਼ ‘ਤਰਸੇਮ’ ਨਾਂ ਹੇਠ। ਬੱਸ ਉਸ ਸਮੇਂ ਤੋਂ ਮੈਂ ਤਰਸੇਮ ਨਾਂ ਹੇਠ ਹੀ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ। ਉਦੋਂ ਮੈਂ ਕਵਿਤਾ ਵੀ ਲਿਖਦਾ ਹੁੰਦਾ ਸੀ ਤੇ ਕਹਾਣੀ ਵੀ।
ਅਚਾਨਕ ਤਰਸੇਮ ਸਿੰਘ ਨਾਂ ਹੇਠ ਛਪਣ ਵਾਲਾ ਇਕ ਕਹਾਣੀਕਾਰ ਵੀ ਆਪਣੀਆਂ ਕਹਾਣੀਆਂ ਨਾਲ ਸਿਰਫ਼ ‘ਤਰਸੇਮ’ ਲਿਖਣ ਲੱਗ ਪਿਆ। ਉਸ ਦਾ ਨਾ ਮੈਨੂੰ ਥਹੁ-ਪਤਾ ਸੀ ਅਤੇ ਨਾ ਹੀ ਉਦੋਂ ਮੈਨੂੰ ਇਹ ਸਮਝ ਸੀ ਕਿ ਉਸ ਦਾ ਕਿਤੋਂ ਸਿਰਨਾਵਾਂ ਲੈ ਕੇ ਉਸ ਨੂੰ ਪੱਤਰ ਲਿਖਾਂ ਕਿ ਉਹ ਅਪਣਾ ਨਾਂ ਬਦਲ ਲਵੇ, ਕਿਉਂਕਿ ਤਰਸੇਮ ਨਾਂ ਨਾਲ ਮੇਰੀਆਂ ਰਚਨਾਵਾਂ ਉਸ ਤੋਂ ਪਹਿਲਾਂ ਛਪੀਆਂ ਸਨ।

ਐੱਸ. ਤਰਸੇਮ (1970)

ਮੈਂ ਨਾ ਕਿਸੇ ਤੋਂ ਸਲਾਹ ਲਈ ਅਤੇ ਨਾ ਕਿਸੇ ਨੂੰ ਦੱਸਿਆ। ਹਾਂ, ਕੁਝ ਮਹੀਨੇ ਸੋਚਦਾ ਜ਼ਰੂਰ ਰਿਹਾ। ਅਖ਼ੀਰ ਮੈਂ ਅਪਣਾ ਕਲਮੀ ਨਾਂ ਸ.ਤਰਸੇਮ ਰੱਖ ਲਿਆ। ਤਰਸੇਮ ਨਾਂ ਨਾਲ ਕਹਾਣੀਆਂ ਲਿਖਣ ਵਾਲਾ ਲੇਖਕ ਵੀ ਪਤਾ ਨਹੀਂ ਕਿਧਰ ਤੁਰ ਗਿਆ। ਮੇਰੇ ਸ.ਤਰਸੇਮ ਨਾਂ ਰੱਖਣ ਦੇ ਛੇਤੀ ਪਿੱਛੋਂ ਪਤਾ ਲੱਗਾ ਕਿ ਉਹ ਵਿਦੇਸ਼ ਚਲਾ ਗਿਆ ਹੈ। ਇਹ ਕਨਸੋਅ ਵੀ ਮਿਲੀ ਕਿ ਉਹ ਅੱਜ ਕੱਲ੍ਹ ਇਕ ਮੈਗਜ਼ੀਨ ਕੱਢਦਾ ਹੈ-ਨੀਲਗਿਰੀ। ਇਸ ਲਈ ਉਸ ਦਾ ਨਾਂ ਵੀ ਤਰਸੇਮ ਨੀਲਗਿਰੀ ਪੈ ਗਿਆ। ਪਰ ਮੈਂ ਤਾਂ ਹੁਣ ਸ.ਤਰਸੇਮ ਬਣ ਚੁੱਕਾ ਸੀ। ਇਸ ‘ਸ’ ਸਬੰਧੀ ਮੈਨੂੰ ਮੇਰੇ ਲੇਖਕ ਦੋਸਤ ਅਕਸਰ ਪੁੱਛਦੇ ਰਹਿੰਦੇ, ਮੈਂ ਹੱਸ ਕੇ ਟਾਲ ਦਿੰਦਾ। ਜੇ ਕੋਈ ਮਗਰ ਹੀ ਪੈ ਜਾਂਦਾ ਤਾਂ ਮੈਂ ਕਹਿੰਦਾ ਕਿ ‘ਸ’ ਸੀਕਰਟ (Secret) ਹੈ ਅਰਥਾਤ ਗੁਪਤ।
ਮੇਰੇ ਵਿਚ ਉਦੋਂ ਹੌਸਲਾ ਨਹੀਂ ਸੀ ਕਿ ਇਸ ‘ਸ’ ਦੀ ਸਾਰੀ ਕਹਾਣੀ ਖੋਲ੍ਹ ਦਿਆਂ। ਇਹ ਕਹਾਣੀ ਤਾਂ ਮੈਂ ਉਦੋਂ ਵੀ ਨਹੀਂ ਖੋਲ੍ਹੀ ਜਦੋਂ 1988 ਵਿਚ ਮੇਰੀ ਬਚਪਨ ਦੀ ਸਵੈ-ਜੀਵਨੀ ‘ਕੱਚੀ ਮਿੱਟੀ ਪੱਕਾ ਰੰਗ’ ਵਿਚ ਮੇਰੇ ਨਾਵਾਂ ਉਤੇ ਇਕ ਪੂਰਾ ਅਧਿਆਇ ਛਪਿਆ ਹੋਇਆ ਸੀ, ਉਦੋਂ ਵੀ ਮੈਂ ਇਹ ਲਿਖ ਦਿੱਤਾ ਸੀ, “ਸ.ਤਰਸੇਮ” ਮੈਂ ਬੜਾ ਸੋਚ ਸਮਝ ਕੇ ਲਿਖਣ ਲੱਗਿਆ ਸੀ। ਇਸ ਪਿੱਛੇ ਤਿੰਨ ਕਹਾਣੀਆਂ ਹਨ। ਤਿੰਨ ਕੁੜੀਆਂ ਹਨ। ਕੁੜੀਆਂ ਨਾਲ ਹੋਈਆਂ ਮੁਹੱਬਤਾਂ ਹਨ। ਪਹਿਲੀ ਮੁਹੱਬਤ ਬਚਪਨ ਦੀ ਮੁਹੱਬਤ ਹੈ। ਇਸ ਲਈ ਹੁਣ ਵੀ ਮੈਂ ਇਹ ਗੀਤ ਅਕਸਰ ਗੁਣਗੁਣਾਉਂਦਾ ਰਹਿੰਦਾ ਹਾਂ :

ਬਚਪਨ ਕੀ ਮੁਹੱਬਤ ਕੋ
ਦਿਲ ਸੇ ਨਾ ਜੁਦਾ ਕਰਨਾ
ਜਬ ਯਾਦ ਮੇਰੀ ਆਏ
ਮਿਲਨੇ ਕੀ ਦੁਆ ਕਰਨਾ

ਮੁਹੱਬਤ ਦੀ ਸ਼ੁਰੂਆਤ ਮੇਰੇ ਤੋਂ ਹੋਈ ਸੀ। ਭਲਾ 12-13 ਸਾਲ ਦੇ ਮੁੰਡੇ ਨੂੰ ਵੀ ਮੁਹੱਬਤ ਕਰਨ ਦਾ ਪਤਾ ਹੁੰਦਾ ਹੈ-ਇਸ ਗੱਲ ਦੀ ਸਮਝ ਮੈਨੂੰ ਅਜੇ ਤੱਕ ਵੀ ਨਹੀਂ ਆਈ। ਪਰ ਮੈਂ ਉਸ ਨੂੰ ਪਿਆਰ ਕਰਦਾ ਸੀ। ਹੁਣ ਵੀ ਪਿਆਰ ਕਰਦਾ ਹਾਂ। ਹੁਣ ਉਹ ਮੇਰੇ ਵਾਂਗ ਸੇਵਾ ਮੁਕਤ ਜ਼ਿੰਦਗੀ ਭੋਗ ਰਹੀ ਹੈ। ਉਸ ਦੇ ਕੋਈ ਬੱਚਾ ਨਹੀਂ। ਸੁਣਿਆ ਹੈ ਕਿ ਉਸ ਨੇ ਇਕ ਬੇਟੀ ਗੋਦ ਲਈ ਹੋਈ ਹੈ। ਬੜੀ ਸੋਹਣੀ ਸੀ ਉਹ ਕੁੜੀ, ਮੂਰਤ ਵਰਗੀ, ਜਿਵੇਂ ਰੱਬ ਨੇ ਵਿਹਲੇ ਬੈਠ ਕੇ ਘੜੀ ਹੋਵੇ। ਮੇਰੀ ਵੱਡੀ ਭੈਣ ਸ਼ੀਲਾ ਨੇ ਜਦੋਂ ਇਕ ਦਿਨ ਉਸ ਨੂੰ ਦੇਖਿਆ ਸੀ, ਤਾਂ ਕਿਹਾ ਸੀ :
“ਭਾਈ ਇਹ ਕੁੜੀ ਤਾਂ ਮੋਰਨੀ ਵਰਗੀ ਐ, ਜਿਸ ਘਰ ਜਾਊ, ਘਰ ਨੂੰ ਸਜਾ ਕੇ ਰੱਖ ਦੂ।” ਭੈਣ ਨੂੰ ਕੀ ਪਤਾ ਸੀ ਕਿ ਮੈਂ ਉਸ ਕੁੜੀ ਨੂੰ ਪਿਆਰ ਕਰਦਾ ਹਾਂ। ਭੈਣ ਨੂੰ ਹੁਣ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਸਿਰਫ਼ ਮੇਰੇ ਮਿੱਤਰ ਕਵੀ ਗੁਰਦਰਸ਼ਨ (ਮਰਹੂਮ) ਨੂੰ ਪਤਾ ਸੀ। ਹੋਰ ਕਿਸੇ ਨੂੰ ਇਸ ਮੁਹੱਬਤ ਦੀ ਮੈਂ ਭਾਫ ਤੱਕ ਨਹੀਂ ਸੀ ਕੱਢੀ। ਉਸ ਕੁੜੀ ਨੂੰ ਗਲੀ ਵਿਚ ਪੀਚੋ-ਬੱਕਰੀ ਖੇਡਣ ਤੋਂ ਲੈ ਕੇ ਮੇਰੇ ਸਾਹਮਣੇ ਪੜ੍ਹਦੀ ਨੂੰ ਮੈਂ ਸੈਂਕੜੇ ਵਾਰ ਨਿਹਾਰਿਆ ਸੀ। ਉਹ ਇਕ ਪ੍ਰਾਇਮਰੀ ਅਧਿਆਪਕਾ ਦੀ ਧੀ ਸੀ। ਜਦੋਂ ਉਹ ਪ੍ਰਾਈਵੇਟ ਦਸਵੀਂ ਕਰਨ ਲੱਗੀ ਤਾਂ ਟਿਊਸ਼ਨ ਪੜ੍ਹਨ ਲਈ ਮੇਰੇ ਭਰਾ ਕੋਲ ਆੳਣ ਲੱਗੀ। ਸ਼ਾਮ ਪੰਜ ਵਜੇ ਤੋਂ ਪਿੱਛੋਂ ਉਹ ਪੜ੍ਹਨ ਆਉਂਦੀ। ਮੈਂ ਉਸ ਵੇਲੇ ਗਿਆਨੀ ਕਰਦਾ ਹੁੰਦਾ ਸੀ। ਗਿਆਨੀ ਗੁਰਬਚਨ ਸਿੰਘ ਤਾਂਘੀ ਦੇ ਮਾਲਵਾ ਗਿਆਨੀ ਕਾਲਜ, ਰਾਮਪੁਰਾਫੂਲ ਵਿਚ ਢਾਈ ਕੁ ਮਹੀਨੇ ਮੈਂ ਪੜ੍ਹਿਆ ਸੀ। 12 ਦੀ ਗੱਡੀ ਜਾਂਦਾ ਤੇ ਪੰਜ ਵਜੇ ਵਾਲੀ ਗੱਡੀ ਵਾਪਸ ਆ ਜਾਂਦਾ। ਜੇ ਗੱਡੀ ਖੁੰਝ ਜਾਂਦੀ ਤਾਂ ਮੈਂ ਪੈਦਲ ਚੱਲ ਪੈਂਦਾ। ਬਹੁਤ ਤੇਜ਼ ਚਲਦਾ ਹੁੰਦਾ ਸੀ ਮੈਂ ਉਦੋਂ। ਉਸ ਕੁੜੀ ਦੇ ਪੜ੍ਹ ਕੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਘਰ ਪਹੁੰਚ ਜਾਂਦਾ ਹੁੰਦਾ ਸੀ। ਉਦੋਂ ਤਾਂ ਮੇਰੇ ਅੰਦਰ ਮੁਹੱਬਤ ਦਾ ਚਸ਼ਮਾ ਬੇਓੜਕ ਫੁੱਟ ਰਿਹਾ ਸੀ, ਸਿਰਫ਼ ਉਸ ਦੇ ਦਰਸ਼ਨ ਦੀਦਾਰ ਲਈ ਮੈਂ ਤੇਜ਼ ਤੇਜ਼ ਤੁਰ ਕੇ ਰਾਮਪੁਰਾਫੂਲ ਤੋਂ ਘਰ ਪਹੁੰਚਦਾ। ਸਿੱਧਾ ਕੋਠੇ ’ਤੇ ਜਾਂਦਾ, ਜਿਥੇ ਭਰਾ ਦੋ ਕੁੜੀਆਂ ਨੂੰ ਪੜ੍ਹਾ ਰਿਹਾ ਹੁੰਦਾ। ਉਹਨਾਂ ਵਿਚ ਹੀ ਸੀ ਉਹ ਹੁਸੀਨ ਕੁੜੀ ਜੋ ‘ਸ’ ਦੀ ਬੁਨਿਆਦ ਸੀ। ਉਸ ਕੁੜੀ ਨੇ ਮਾਰਚ 1959 ਵਿਚ ਦਸਵੀਂ ਪਾਸ ਕੀਤੀ। ਮੈਂ ਉਹਨਾਂ ਦਿਨਾਂ ਵਿਚ ਤਪਾ ਮੰਡੀ ਦੇ ਆਰੀਆ ਹਾਈ ਸਕੂਲ ਵਿਚ ਪੰਜਾਬੀ ਅਧਿਆਪਕ ਲੱਗ ਚੁੱਕਾ ਸੀ। ਉਸ ਕੁੜੀ ਦਾ ਨਾਨਾ ਸਾਡੇ ਘਰ ਆਇਆ ਤੇ ਮੇਰੇ ਭਰਾ ਨੂੰ ਕਹਿਣ ਲੱਗਾ ਕਿ ਜੇ ਤਰਸੇਮ ਅਪਣੀ ਕੁੜੀ ਨੂੰ ਗਿਆਨੀ ਕਰਵਾ ਦੇਵੇ। ਮੈਂ ਕੋਲ ਬੈਠਾ ਸੀ। ਅੰਦਰੋਂ ਮੈਂ ਬੜਾ ਖੁਸ਼ ਸੀ। ਗਿਆਨੀ ਵਿਚ ਪੰਜਾਬ ਯੂਨੀਵਰਸਿਟੀ ਵਿਚੋਂ ਮੈਂ ਤੀਜੇ ਸਥਾਨ ’ਤੇ ਰਿਹਾ ਸੀ। ਤਾਂਘੀ ਸਾਹਿਬ ਨੇ ਆਪਣੇ ਮਾਲਵਾ ਕਾਲਜ ਨੂੰ ਹੋਰ ਚਮਕਾਉਣ ਲਈ ਜਿਹੜਾ ਇਸ਼ਤਿਹਾਰ ਛਾਪਿਆ, ਉਸ ਦਾ ਆਰੰਭ ਕੁਝ ਇਸ ਤਰ੍ਹਾਂ ਸੀ :
ਕੇਵਲ ਢਾਈ ਮਹੀਨੇ ਪੜ੍ਹ ਕੇ ਗਿਆਨੀ ਦਾ ਵਿਦਿਆਰਥੀ ਤਰਸੇਮ ਲਾਲ ਗੋਇਲ ਪੰਜਾਬ ਯੂਨੀਵਰਸਿਟੀ ਦੀ ਨਵੰਬਰ 1958 ਦੀ ਪ੍ਰੀਖਿਆ ਵਿਚੋਂ 367 ਨੰਬਰ ਲੈ ਕੇ ਤੀਜੇ ਥਾਂ ’ਤੇ ਰਿਹਾ ਅਤੇ ਫਸਟ ਆਉਣ ਵਾਲੇ ਵਿਦਿਆਰਥੀ ਨਾਲੋਂ ਸਿਰਫ਼ 10 ਨੰਬਰ ਘੱਟ। ਜਿਸ ਕਾਰਨ ਹੀ ਮੇਰੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਸੀ।
ਕੁਝ ਨਾਂਹ ਨਾਂਹ ਕਹਿ ਕੇ ਆਖਰ ਮੈਂ ਸਹਿਮਤ ਹੋ ਗਿਆ। ਇਹ ਨਾਂਹ ਨਾਂਹ ਤਾਂ ਐਵੇਂ ਡਰਾਮਾ ਸੀ। ਮੈਂ ਤਾਂ ਪੱਲਿਉਂ ਚਾਰ ਪੈਸੇ ਖਰਚ ਕੇ ਵੀ ਉਸ ਦੇ ਘਰ ਜਾਣ ਨੂੰ ਤਿਆਰ ਸੀ। ਮੈਂ ਅਗਲੇ ਹੀ ਦਿਨ ਬਾਕਾਇਦਾ ਉਹਨਾਂ ਦੇ ਘਰ ਪੜ੍ਹਾਉਣ ਜਾਣਾ ਸ਼ੁਰੂ ਕਰ ਦਿੱਤਾ। ਘੰਟਾ ਪੜ੍ਹਾਉਣ ਦੀ ਗੱਲ ਖੋਲ੍ਹੀ ਸੀ ਤੇ ਟਿਊਸ਼ਨ ਲੈਣੀ ਸੀ ਵੀਹ ਰੁਪਏ ਮਹੀਨਾ। ਘੰਟਾ ਕੀ, ਕਦੇ ਡੇਢ ਘੰਟਾ ਵੀ ਲੱਗ ਜਾਂਦਾ। ਦੋ ਘੰਟੇ ਵੀ ਲੱਗ ਜਾਂਦੇ। ਸਮਾਂ ਬੀਤਣ ਦਾ ਪਤਾ ਹੀ ਨਾ ਲਗਦਾ। ਪਰ ਇਕ ਦਿਨ ਉਸ ਦੀ ਮਾਂ ਨੇ ਕਿਹਾ ਕਿ ਮੈਂ ਚੁਬਾਰੇ ਦੀ ਥਾਂ ਉਸ ਨੂੰ ਡਿਉਢੀ ਵਿਚ ਪੜ੍ਹਾ ਦਿਆ ਕਰਾਂ। ਮੈਨੂੰ ਇਹ ਮੇਰੀ ਬੇਇੱਜ਼ਤੀ ਮਹਿਸੂਸ ਹੋਈ। ਲੱਗਿਆ ਜਿਵੇਂ ਉਸ ਦੀ ਮਾਂ ਮੇਰੀ ਨੀਅਤ ’ਤੇ ਸ਼ੱਕ ਕਰ ਰਹੀ ਹੋਵੇ। ਮੈਨੂੰ ਇਹ ਵੀ ਲੱਗਿਆ ਕਿ ਸ਼ਾਇਦ ਉਸ ਕੁੜੀ ਨੇ ਹੀ ਕੋਈ ਅਜਿਹੀ ਗੱਲ ਕਹਿ ਦਿੱਤੀ ਹੋਵੇ ਜਿਸ ਕਾਰਨ ਉਸ ਦੀ ਮਾਂ ਨੂੰ ਇਸ ਤਰ੍ਹਾਂ ਕਹਿਣਾ ਪਿਆ ਹੋਵੇ। ਮੈਂ ਅਗਲੇ ਦਿਨ ਪੜ੍ਹਾਉਣ ਨਾ ਗਿਆ, ਦੂਜੇ ਦਿਨ ਵੀ ਨਹੀਂ ਤੇ ਤੀਜੇ ਦਿਨ ਵੀ ਨਹੀਂ। ਕੁੜੀ ਦਾ ਨਾਨਾ ਸੋਟੀ ਖੜਕਾਉਂਦਾ ਫੇਰ ਮੇਰੇ ਘਰ ਆ ਗਿਆ। ਮੈਂ ਉਸ ਨੂੰ ਅੰਦਰਲੀ ਗੱਲ ਨਹੀਂ ਸੀ ਦੱਸੀ। ਕਹਿ ਦਿੱਤਾ ਸੀ ਬਈ ਮੇਰੇ ਕੋਲ ਸਮਾਂ ਨਹੀਂ। ਪਹਿਲੀ ਵਿਚ ਉਹ ਮੇਰਾ ਅਧਿਆਪਕ ਰਿਹਾ ਸੀ। ਉਸ ਨੇ ਮੈਨੂੰ ਬੜੇ ਅਪਣੱਤ ਨਾਲ ਕਿਹਾ, “ਬਈ ਤਰਸੇਮ ਬਚਾਲੇ ਬੇੜਾ ਨਾ ਡੋਬ ਕੁੜੀ ਦਾ।”
ਕੁਝ ਤਾਂ ਉਸ ਦੇ ਅਧਿਆਪਕ ਹੋਣ ਕਾਰਨ, ਕੁਝ ਨੇਤਰਹੀਣ ਹੋਣ ਕਾਰਨ ਤੇ ਕੁਝ ਮੇਰੇ ਆਪਣੇ ਮਨੀਰਾਮ ਦੇ ਪਹਿਲਾਂ ਹੀ ਧੁਰ ਅੰਦਰੋਂ ਉਸ ਕੁੜੀ ਪ੍ਰੀਤ ਖਿੱਚ ਕਾਰਨ, ਮੈਂ ਮੰਨ ਗਿਆ। ਪਰ ਸ਼ਰਤ ਇਹ ਰੱਖੀ ਕਿ ਮੈਂ ਡਿਉਢੀ ਵਿਚ ਨਹੀਂ ਪੜ੍ਹਾਵਾਂਗਾ।

ਐੱਸ. ਤਰਸੇਮ ਦੇ ਮਾਤਾ ਜੀ ਭਾਗਵੰਤੀ (1958)

“ਲੈ ਦੱਸ ! ਰੌਲਾ ਡਿਉਢੀ ਵਾਲਾ ਸੀ, ਤੂੰ ਪਹਿਲਾਂ ਕਿਉਂ ਨਾ ਦੱਸਿਆ ? ਬੀਬੀ ਐਵੇਂ ਵਹਿਮੀ ਐ। ਮੇਰੇ ਯਾਰ ਤੂੰ ਕਿਤੇ ਮਰਜ਼ੀ ਬਹਿ ਕੇ ਪੜ੍ਹਾ। ਬੱਸ ਕੱਲ੍ਹ ਨੂੰ ਆ ਜਾਈਂ ਮੇਰਾ ਵੀਰ।” ਮਾਸਟਰ ਦੇ ਬੋਲਾਂ ਵਿਚ ਅਪਣੱਤ ਵੀ ਸੀ ਤੇ ਤਰਲਾ ਵੀ। ਬੀਬੀ ਸ਼ਬਦ ਦੀ ਵਰਤੋਂ ਉਸ ਨੇ ਆਪਣੀ ਧੀ ਲਈ ਕੀਤੀ ਸੀ, ਦੋਹਤੀ ਲਈ ਨਹੀਂ। ਘਰ ਵਿਚ ਕੁੜੀ ਦੀ ਮਾਂ ਨੂੰ ਸਭ ਬੀਬੀ ਕਹਿੰਦੇ ਤੇ ਗੁਆਂਢ ਵਿਚ ਭੈਣ ਜੀ। ਅਗਲੇ ਦਿਨ ਦੁਪਹਿਰ ਪਿੱਛੋਂ ਗਿਆ। ਉਵੇਂ ਚੁਬਾਰਾ ਸੰਵਾਰਿਆ, ਪੂੰਝਿਆ, ਮੇਰੀ ਕੁਰਸੀ ਬਿਲਕੁਲ ਪਹਿਲੇ ਵਾਲੀ ਥਾਂ ’ਤੇ ਅਤੇ ਮੰਜਾ ਜਿਸ ਉਤੇ ਉਹ ਕੁੜੀ ਬਹਿੰਦੀ ਹੁੰਦੀ ਸੀ, ਬਿਲਕੁਲ ਉਸੇ ਥਾਂ।
ਕੁੜੀ ਇਸ ਗੱਲ ਦੀ ਜ਼ਿੱਦ ਕਰ ਰਹੀ ਸੀ ਕਿ ਮੈਂ ਉਸ ਨੂੰ ਤਿੰਨ ਦਿਨ ਨਾ ਆਉਣ ਦਾ ਅਸਲੀ ਕਾਰਨ ਦੱਸਾਂ। ਮੈਂ ਸਭ ਕੁਝ ਉਸ ਨੂੰ ਦੱਸ ਦਿੱਤਾ। ਪੀਚੋ-ਬੱਕਰੀ ਖੇਡਣ ਵਾਲੀ ਉਸ ਕੁੜੀ ਦੇ ਗਿਆਨੀ ਦੀ ਪੜ੍ਹਾਈ ਸ਼ੁਰੂ ਕਰਨ ਤੱਕ ਦੀਆਂ ਉਸ ਪ੍ਰੀਤ ਆਪਣੀਆਂ ਭਾਵਨਾਵਾਂ ਟੁਕੜਿਆਂ ਵਿਚ ਹੌਲੀ ਹੌਲੀ ਪ੍ਰਗਟ ਕਰ ਦਿੱਤੀਆਂ। ਕੁੜੀ ਦੇ ਚਿਹਰੇ ’ਤੇ ਕੁਝ ਘਬਰਾਹਟ ਆ ਗਈ ਸੀ ਅਤੇ ਮੈਂ ਵੀ ਕੁਝ ਡਰ ਗਿਆ ਸੀ। ਮੈਂ ਕਿਹੜਾ ਪੋਰਸ ਸੀ। ਗੱਲ ਹੋਈ ਮੁੱਕੀ ਤੇ ਅਸੀਂ ਪੜ੍ਹਾਈ ਸ਼ੁਰੂ ਕਰ ਦਿੱਤੀ।
ਪੜ੍ਹਾਈ ਤੋਂ ਕੁੜੀ ਦਾ ਨਾਨਾ, ਬੀਬੀ ਤੇ ਕੁੜੀ ਆਪ ਬਹੁਤ ਸੰਤੁਸ਼ਟ ਸਨ। ਢਾਈ-ਤਿੰਨ ਮਹੀਨੇ ਵਿਆਹ ਵਾਂਗ ਲੰਘ ਗਏ। ਚਾਹ ਤਾਂ ਉਹ ਰੋਜ਼ ਪਿਆਉਂਦੇ ਹੀ ਸਨ। ਕਦੇ-ਕਦਾਈਂ ਰੋਟੀ ਖੁਆਉਣ ਲਈ ਵੀ ਉਹ ਜ਼ਿੱਦ ਫੜ ਲੈਂਦੇ ਸਨ। ਮੈਂ ਰੋਟੀ ਵੀ ਖਾ ਲੈਂਦਾ। ਇਸ ਸਭ ਕੁਝ ਵਿਚ ਮੇਰੀ ਭਾਵੁਕ ਸਾਂਝ ਜੁੜੀ ਹੋਈ ਸੀ।
ਕੁੜੀ ਨੇ ਇਮਤਿਹਾਨ ਦਿੱਤਾ। ਪੇਪਰ ਚੰਗੇ ਹੋ ਗਏ। ਕੁੜੀ ਨਾਲੋਂ ਵੀ ਵੱਧ ਮੈਂ ਉਸ ਦੇ ਨਤੀਜੇ ਦੀ ਉਡੀਕ ਕਰਨ ਲੱਗਿਆ। ਜਿਸ ਦਿਨ ਉਸ ਦਾ ਨਤੀਜਾ ਅਖ਼ਬਾਰ ਵਿਚ ਛਪਿਆ, ਮੇਰਾ ਚਾਅ ਨਹੀਂ ਸੀ ਚੱਕਿਆ ਜਾਂਦਾ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮੈਂ ਵੀ ਪਾਸ ਹੋ ਗਿਆ ਹੋਵਾਂ। ਉਂਜ ਵੀ ਮੈਂ ਸੈਰ ਕਰਨ ਲਈ ਉਹਨਾਂ ਦੇ ਘਰ ਨਾਲ ਦੀ ਗਲੀ ਵਿਚ ਦੀ ਲੰਘਦਾ ਅਤੇ ਕਦੇ-ਕਦਾਈਂ ਸਿਰਫ਼ ਉਸ ਨੂੰ ਮਿਲਣ ਲਈ ਮੈਂ ਉਹਨਾਂ ਦੇ ਘਰ ਵੀ ਜਾਂਦਾ। ਇਹ ਪਿਆਰ ਦਾ ਸਿਲਸਿਲਾ ਮੈਨੂੰ ਇਕਪਾਸੜ ਜਾਪਿਆ। ਉਸ ਵੱਲੋਂ ਕੋਈ ਹੁੰਗਾਰਾ ਨਹੀਂ ਸੀ। ਭਾਵੇਂ ਐਫ.ਏ. ਅਤੇ ਬੀ.ਏ. ਦਾ ਇਮਤਿਹਾਨ ਉਸ ਨੇ ਮੇਰੇ ਵਾਂਗ ਪ੍ਰਾਈਵੇਟ ਹੀ ਦਿੱਤੇ ਸਨ ਅਤੇ ਅਕਸਰ ਪੜ੍ਹਾਈ ਵਿਚ ਵੀ ਮੇਰੀ ਸਲਾਹ ਲੈਂਦੀ ਰਹਿੰਦੀ ਸੀ, ਪਰ ਜੋ ਮੈਂ ਚਾਹੁੰਦਾ ਸਾਂ, ਉਸ ਵੱਲੋਂ ਉਸ ਦਾ ਇਨਕਾਰ ਹੀ ਸਮਝੋ।
ਬੀ.ਏ. ਕਰਨ ਉਤੇ ਤਾਂ ਉਹ ਬਹੁਤ ਚਲਾਕ ਬਣ ਗਈ ਸੀ। ਆਪਣੇ ਆਪ ਨੂੰ ਕੁਝ ਸਮਝਣ ਵੀ ਲੱਗ ਪਈ ਸੀ। ਮੈਂ ਉਸ ਨੂੰ ਇਕ ਲੰਬਾ ਪੰਜਾਬੀ ਵਿਚ ਪੱਤਰ ਲਿਖਿਆ। ਜ਼ਿੰਦਗੀ ਵਿਚ ਇਹ ਮੇਰਾ ਪਹਿਲਾ ਪ੍ਰੇਮ ਪੱਤਰ ਸੀ। ਮੈਂ ਆਪ ਉਸ ਪੱਤਰ ਨੂੰ ਲੈ ਕੇ ਉਸ ਦੇ ਘਰ ਗਿਆ। ਉਹ ਡਿਉਢੀ ਵਿਚ ਨਾਨੀ ਕੋਲ ਬੈਠੀ ਗਰਾਰੇ ਕਰ ਰਹੀ ਸੀ। ਮੈਨੂੰ ਵੇਖ ਕੇ ਉਸ ਨੇ ਗੜਬੀ ਰੱਖ ਦਿੱਤੀ ਤੇ ਪੂਰੇ ਅਦਬ ਨਾਲ ਨਮਸਤੇ ਬੁਲਾਈ। ਮੈਂ ਉਸ ਦੇ ਹੱਥ ’ਤੇ ਪੱਤਰ ਧਰ ਦਿੱਤਾ।
“ਕੀ ਹੈ ਇਹ ?” ਉਸ ਦੇ ਚਿਹਰੇ ’ਤੇ ਲਾਲੀ ਆ ਗਈ ਸੀ, ਜਿਵੇਂ ਉਸ ਦਾ ਗੋਰਾ ਨਿਛੋਹ ਰੰਗ ਗੁਲਾਬੀ ਹੋ ਗਿਆ ਹੋਵੇ।
“ਵੇਖ ਲੈ !” ਮੇਰੀ ਅਵਾਜ਼ ਵਿਚ ਕੰਬਣੀ ਜਿਹੀ ਜ਼ਰੂਰ ਹੋਵੇਗੀ। ਉਸ ਨੇ ਚਿੱਠੀ ਦੀਆਂ ਪਹਿਲੀਆਂ ਪੰਜ-ਸੱਤ ਸਤਰਾਂ ਹੀ ਪੜ੍ਹੀਆਂ ਹੋਣਗੀਆਂ। ਬੜੇ ਠਰ੍ਹੰਮੇ ਨਾਲ ਬੋਲੀ
“ਬੜੀ ਸੋਹਣੀ ਹੈ ਚਿੱਠੀ ਇਹ। ਮੈਂ ਇਹਨੂੰ ਅਕਾਲੀ ਪੱਤ੍ਰਕਾ ਵਿਚ ਭੇਜ ਦੇਵਾਂ।” ਉਹ ਮਜ਼ਾਕੀਆ ਲਹਿਜ਼ੇ ਦੇ ਵਿਚ ਬੋਲ ਰਹੀ ਸੀ। ਉਹਨਾਂ ਦਿਨਾਂ ਵਿਚ ਪੰਜਾਬ ਵਿਚ ਅਕਾਲੀ ਪੱਤ੍ਰਕਾ ਬਹੁਤ ਪ੍ਰਸਿੱਧ ਅਖ਼ਬਾਰ ਮੰਨਿਆ ਜਾਂਦਾ ਸੀ।
“ਭੇਜ ਦੇ। ਭਾਵੇਂ ਟ੍ਰਿਬਿਊਨ ਵਿਚ ਭੇਜ ਦੇ।” ਮੈਂ ਰਤਾ ਨਹੋਰੇ ਨਾਲ ਕਿਹਾ। (1960 ਵਿਚ ਟ੍ਰਿਬਿਊਨ ਸਿਰਫ਼ ਅੰਗਰੇਜ਼ੀ ਵਿਚ ਛਪਦਾ ਸੀ ਅਤੇ ਅੰਬਾਲੇ ਤੋਂ ਨਿਕਲਦਾ ਸੀ)
“ਤੁਸੀਂ ਨਰਾਜ਼ ਤਾਂ ਨਹੀਂ ਹੋਵੋਗੇ?” ਉਸ ਨੇ ਬੜੇ ਨਰਮ ਲਹਿਜ਼ੇ ਵਿਚ ਪੁੱਛਿਆ।
“ਨਹੀਂ।”
ਚਾਹ ਪਾਣੀ ਦੀ ਰਸਮੀ ਪੁੱਛ ਦੱਸ ਅਤੇ ਮੇਰੇ ਰਸਮੀ ਨਾਂਹ ਨੁੱਕਰ ਪਿੱਛੋਂ ਮੈਂ ਘਰ ਆ ਗਿਆ। ਬੱਸ ਇਹ ਉਸ ਨਾਲ ਅੰਤਮ ਮੁਲਾਕਾਤ ਸੀ, ਜਿਸ ਪਿੱਛੋਂ ਜੇ ਕੋਈ ਮਿਲਣੀ ਹੋਈ ਵੀ, ਉਸ ਵਿਚ ਨਾ ਮੇਰੇ ਵੱਲੋਂ ਕੋਈ ਗੱਲ ਚੱਲੀ ਤੇ ਨਾ ਉਸ ਵੱਲੋਂ।
1994 ਵਿਚ ਉਹ ਮਾਲੇਰਕੋਟਲੇ ਮੇਰੇ ਘਰ ਆਈ। ਉਸ ਦਾ ਪਤੀ ਉਸ ਦੇ ਨਾਲ ਸੀ। ਸ਼੍ਰਿਸ਼ਟਾਚਾਰ ਨਾਤੇ ਉਸ ਦੀ ਖਾਤਰ ਸੇਵਾ ਵੀ ਕੀਤੀ ਪਰ ਮੇਰੇ ਦਿਲ ਵਿਚੋਂ ਉਸ ਪ੍ਰੀਤ ਪਿਆਰ ਦਾ ਉਹ ਚਸ਼ਮਾ ਨਾ ਫੁੱਟਿਆ, ਜਿਸ ਦੀ ਸੀਤਲਤਾ ਵਰਿ੍ਹਆਂ ਬੱਧੀ ਮੇਰੀਆਂ ਯਾਦਾਂ ਵਿਚ ਰਸੀ ਵਸੀ ਰਹੀ ਸੀ। ਕਾਰਨ ਸਪਸ਼ੱਟ ਸੀ ਕਿ ਉਹ ਕਿਸੇ ਮੋਹ ਮੁਹੱਬਤ ਕਾਰਨ ਮੇਰੇ ਕੋਲ ਨਹੀਂ ਸੀ ਆਈ, ਇਥੇ ਇਕ ਦਫ਼ਤਰ ਵਿਚ ਉਸ ਦਾ ਕੋਈ ਕੰਮ ਸੀ ਤੇ ਮੈਨੂੰ ਬਾ-ਰਸੂਖ ਵਿਅਕਤੀ ਸਮਝ ਕੇ ਉਹ ਆਪਣੇ ਪਤੀ ਨਾਲ ਮੇਰੇ ਕੋਲ ਆ ਗਈ ਸੀ। ਇਹ ਉਹ ਕੁੜੀ ਸੀ ਜਿਸ ਦਾ ਨਾਮ ‘ਸ’ ਨਾਲ ਸ਼ੁਰੂ ਹੁੰਦਾ ਸੀ—ਸੁਖਜੀਤ। ਹੁਣ ਵੀ ਉਹ ਮੈਨੂੰ ਯਾਦ ਆਉਂਦੀ ਹੈ, ਉਸ ਦੇ ਢਿੱਡੋਂ ਨਾ ਫੁੱਟਣ ਦਾ ਦਰਦ ਮੇਰੇ ਕਲੇਜੇ ਵੀ ਕਸਕ ਮਾਰਦਾ ਹੈ। ਉਸ ਨੇ ਮੈਨੂੰ ਪਿਆਰ ਨਹੀਂ ਕੀਤਾ, ਨਾ ਸਹੀ। ਮੈਂ ਤਾਂ ਉਸ ਨੂੰ ਪਿਆਰ ਕੀਤਾ ਸੀ। ਹੁਣ ਵੀ ਮੈਂ ਉਸ ਨੂੰ ਪਿਆਰ ਕਰਦਾ ਹਾਂ।

– – –

ਮੈਂ ਆਪਣੇ ਕਲਮੀ ਨਾਮ ਸ.ਤਰਸੇਮ ਨਾਲ ਸਿਰਫ਼ ਇਕ ਕੁੜੀ ਦਾ ਨਾਂ ਨਹੀਂ ਸੀ ਜੋੜਿਆ; ਇਸ ਨਾਂ ਵਿਚ ਦੋ ਹੋਰ ਕੁੜੀਆਂ ਦੇ ਨਾਮ ਦਾ ਅਗਲਾ ਜਾਂ ਵਿਚਕਾਰਲਾ ਕੋਈ ਹਿੱਸਾ ਜ਼ਰੂਰ ਹੈ। ਭਾਰਤੀ ਸਮਾਜ ਨੂੰ ਮੈਂ ਸ਼ੁਰੂ ਵਿਚ ਬੜਾ ਕਠੋਰ ਸਮਝਦਾ ਰਿਹਾ ਸੀ, ਕਿਉਂਕਿ ਮੇਰੇ ਦਿਲ ਵਿਚ ਇਹ ਗੱਲ ਪੱਕ ਚੁੱਕੀ ਸੀ ਕਿ ਜੇ ਮੇਰਾ ਪਹਿਲਾ ਪਿਆਰ ਪੂਰ ਨਹੀਂ ਚੜ੍ਹਿਆ ਤਾਂ ਉਸ ਵਿਚ ਉਸ ਕੁੜੀ ਦਾ ਕੋਈ ਕਸੂਰ ਨਹੀਂ। ਉਹ ਜਾਤ-ਪਾਤ ਦੀ ਲਛਮਣ ਰੇਖਾ ਨਹੀਂ ਸੀ ਟੱਪ ਸਕਦੀ। ਸੰਭਵ ਹੈ ਇਸੇ ਲਈ ਉਸ ਨੇ ਮੇਰੇ ਪਿਆਰ ਪ੍ਰਤਿ ਹੁੰਗਾਰਾ ਭਰਨਾ ਮੁਨਾਸਬ ਨਾ ਸਮਝਿਆ ਹੋਵੇ ਪਰ ਮੇਰੇ ਭਰਾ ਦੀ ਸਾਲੀ ਦੇ ਰਾਹ ਵਿਚ ਤਾਂ ਇਹ ਕੋਈ ਅੜਿੱਕਾ ਨਹੀਂ ਸੀ। ਬਚਪਨ ਵਿਚ ਅਕਸਰ ਸਾਡੇ ਘਰ ਮੇਰੇ ਭਰਾ ਦੀ ਸਭ ਤੋਂ ਛੋਟੀ ਸਾਲੀ ਨਾਲ ਮੇਰੇ ਵਿਆਹ ਦੀ ਗੱਲ ਚਲਦੀ ਰਹਿੰਦੀ। ਜਦੋਂ ਭਰਾ ਦਾ ਵੱਡਾ ਸਾਲਾ ਆਉਂਦਾ ਤਾਂ ਉਹ ਅਕਸਰ ਹੀ ਇਹ ਗੱਲ ਕਰਦਾ। ਗੱਲ ਅਕਸਰ ਹਾਸੇ ਵਿਚ ਟਲ ਜਾਂਦੀ। ਮੇਰਾ ਵੀ ਭਰਾ ਦੀ ਸਾਲੀ ਵੱਲ ਪੂਰਾ ਝੁਕਾ ਨਾ ਹੋਣ ਕਾਰਨ ਮੇਰੀ ਦਿਲਚਸਪੀ ਉਹਨਾਂ ਗੱਲਾਂ ਵਿਚ ਬਹੁਤ ਘੱਟ ਹੁੰਦੀ ਪਰ ਜਦ ਮੈਂ ਵੱਡਾ ਹੋ ਗਿਆ ਅਤੇ ਮੇਰੇ ਪਹਿਲੇ ਪ੍ਰੇਮ ਦੀ ਕੇਂਦਰ ਬਿੰਦੂ ਮੈਥੋਂ ਦੂਰ ਹੋ ਗਈ ਤਾਂ ਮੇਰਾ ਝੁਕਾ ਮਾਲਾ ਵੱਲ ਹੋ ਗਿਆ ਸੀ। ਉਸ ਦਾ ਪੂਰਾ ਨਾਮ ਰਾਜ ਮਾਲਾ ਸੀ। ਹੁਣ ਜਦੋਂ ਵੀ ਰਾਜ ਮਾਲਾ ਦੇ ਮੇਰੇ ਨਾਲ ਵਿਆਹ ਦੀ ਗੱਲ ਚਲਦੀ, ਮੈਂ ਕੰਨ ਚੱਕ ਲੈਂਦਾ। ਉਸ ਨੂੰ ਸਿਰਫ਼ ਇਕ ਵਾਰ ਵੇਖਿਆ ਸੀ, ਉਦੋਂ ਮੈਂ ਦੂਜੀ ਵਿਚ ਪੜ੍ਹਦਾ ਸੀ ਤੇ ਦੁਸਹਿਰੇ ਦਾ ਦਿਨ ਸੀ। ਮੇਰਾ ਭਰਾ ਮੈਨੂੰ ਆਪਣੇ ਸਹੁਰੀਂ ਨਾਲ ਲੈ ਗਿਆ ਸੀ। ਛੋਟੀ ਰਾਜ ਮਾਲਾ ਨੂੰ ਹੁਣ ਮੈਂ 18-19 ਸਾਲ ਦੀ ਸਮਝ ਕੇ ਉਸ ਦੀ ਸ਼ਕਲ ਆਪਣੇ ਮਨ ਵਿਚ ਬਣਾਈ ਹੋਈ ਸੀ।
ਸਬੱਬ ਨਾਲ ਜਨਵਰੀ 1961 ਦੇ ਆਖਰੀ ਹਫ਼ਤੇ ਰਾਜ ਮਾਲਾ ਤਪੇ ਆ ਗਈ। ਉਸ ਨੇ ਐਫ.ਏ. ਅੰਗਰੇਜ਼ੀ ਦੀ ਪ੍ਰੀਖਿਆ ਦੇਣੀ ਸੀ। ਉਹਨਾਂ ਦਿਨਾਂ ਵਿਚ ਉਸ ਦੇ ਮਾਪੇ ਹਰਿਆਣੇ ਦੇ ਇਕ ਵੱਡੇ ਸ਼ਹਿਰ ਨੂੰ ਛੱਡ ਕੇ ਨੇੜੇ ਹੀ ਛੋਟੇ ਜਿਹੇ ਕਸਬੇ ਵਿਚ ਆ ਗਏ ਸਨ। ਇਥੇ ਉਹਨਾਂ ਦੀ ਨਾਲ ਦੇ ਕਿਸੇ ਪਿੰਡ ਵਿਚ ਕਾਫ਼ੀ ਜ਼ਮੀਨ ਸੀ। ਇਸ ਲਈ ਉਸ ਦੇ ਵੱਡੇ ਭਰਾ ਦੀ ਉਸ ਸ਼ਹਿਰ ਵਿਚ ਰਿਹਾਇਸ਼ ਦੇ ਬਾਵਜੂਦ ਉਸ ਦੇ ਮਾਤਾ ਪਿਤਾ ਅਤੇ ਛੋਟੇ ਭੈਣ ਭਰਾ ਉਸ ਛੋਟੇ ਕਸਬੇ ਵਿਚ ਆ ਟਿਕੇ ਸਨ। ਕਾਲਜ ਉਹਨਾਂ ਦਿਨਾਂ ਵਿਚ ਆਮ ਨਹੀਂ ਸਨ। ਇਸ ਲਈ ਦਸਵੀਂ ਅਤੇ ਪ੍ਰਭਾਕਰ ਪਾਸ ਕਰਨ ਪਿੱਛੋਂ ਮਾਲਾ ਅੰਗਰੇਜ਼ੀ ਐਫ.ਏ. ਦੀ ਤਿਆਰੀ ਕਰਨ ਲੱਗ ਪਈ ਸੀ। ਇਕ ਅਧਿਆਪਕ ਉਸ ਨੂੰ ਘਰ ਆ ਕੇ ਪੜ੍ਹਾ ਕੇ ਜਾਂਦਾ ਪਰ ਇਕ ਅਜਿਹੀ ਘਟਨਾ ਵਾਪਰੀ ਕਿ ਮਾਲਾ ਨੇ ਉਸ ਅਧਿਆਪਕ ਤੋਂ ਪੜ੍ਹਨੋਂ ਨਾਂਹ ਕਰ ਦਿੱਤੀ। ਕਾਰਨ ਉਸ ਨੇ ਸ਼ਾਇਦ ਅਪਣੇ ਮਾਪਿਆਂ ਨੂੰ ਦੱਸਿਆ ਹੋਵੇ। ਮੈਨੂੰ ਤਾਂ ਬੱਸ ਏਨਾ ਯਾਦ ਹੈ ਕਿ ਉਹ ਐਫ.ਏ. (ਅੱਜ ਕੱਲ੍ਹ +2) ਅੰਗਰੇਜ਼ੀ ਪੜ੍ਹਨ ਲਈ ਤਪੇ ਆ ਗਈ ਸੀ। ਭਰਾ ਉਹਨਾਂ ਦਿਨਾਂ ਵਿਚ ਮੋਗੇ ਬੀ.ਐੱਡ. ਵਿਚ ਪੜ੍ਹਦਾ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਦੇ ਮਾਪਿਆਂ ਨੇ ਕੀ ਸੋਚ ਕੇ ਉਸ ਨੂੰ ਤਪੇ ਪੜ੍ਹਨ ਲਈ ਭੇਜ ਦਿੱਤਾ ਸੀ। ਮੁੱਕਦੀ ਗੱਲ ਇਹ ਕਿ ਮਾਲਾ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਜ਼ਿੰਮੇਵਾਰੀ ਵੀ ਮੇਰੇ ’ਤੇ ਆ ਪਈ। ਸੱਚੀ ਗੱਲ ਇਹ ਕਿ ਮੈਂ ਉਤੋਂ ਉਤੋਂ ਦੁਖੀ ਤੇ ਵਿਚੋਂ ਬੜਾ ਖੁਸ਼ ਸੀ। ਜੇ ਇਹੋ ਕੰਮ ਕਿਸੇ ਹੋਰ ਦਾ ਕਰਨਾ ਹੁੰਦਾ ਤਾਂ ਮੈਂ ਕੋਰਾ ਜਵਾਬ ਦੇ ਦਿੰਦਾ।
ਤਪਾ ਮੰਡੀ ਦੇ ਆਰੀਆ ਸਕੂਲ ਦੇ ਸਾਰੇ ਪੀਰੀਅਡ ਪੜ੍ਹਾਉਣ, ਸਵੇਰ ਤੇ ਸ਼ਾਮ ਦੀਆਂ ਟਿਊਸ਼ਨਾਂ, ਭੈਣ ਤਾਰਾ ਦੀ ਪੜ੍ਹਾਈ ਤੋਂ ਪਿੱਛੋਂ ਰਾਜ ਮਾਲਾ ਨੂੰ ਪੜ੍ਹਾ ਕੇ ਮੈਂ ਥੱਕਦਾ ਨਹੀਂ ਸੀ, ਨਾ ਥੱਕਣ ਦਾ ਕਾਰਨ ਮਾਲਾ ਸੀ। ਉਸ ਨੂੰ ਪੜ੍ਹਾ ਕੇ ਮੈਂ ਜੀਂਦ ਬੀ.ਏ. ਇਤਿਹਾਸ ਦੀ ਪ੍ਰੀਖਿਆ ਦੀ ਤਿਆਰੀ ਲਈ ਇਕ-ਡੇਢ ਘੰਟਾ ਰਾਤ ਦੇ ਗਿਆਰਾਂ ਵਜੇ ਤੋਂ ਪਿੱਛੋਂ ਲਾਉਂਦਾ। ਉਸ ਸਮੇਂ ਤੱਕ ਦਿਨ ਸਮੇਂ ਤਾਂ ਮੈਨੂੰ ਪੜ੍ਹਨ ਵਿਚ ਕੋਈ ਔਖ ਨਹੀਂ ਸੀ ਆਉਂਦੀ ਪਰ ਰਾਤ ਵੇਲੇ ਮੈਂ ਕੰਧ ਜਾਂ ਛੱਤ ਨਾਲ ਲੱਗੀ ਟਿਊਬ ਦੀ ਰੌਸ਼ਨੀ ਵਿਚ ਵੀ ਨਹੀਂ ਸੀ ਪੜ੍ਹ ਸਕਦਾ, ਜਿਸ ਕਾਰਨ ਮੈਂ ਛੱਤ ਨਾਲ ਵਧਵੀਂ ਤਾਰ ਲਾ ਕੇ 60 ਵਾਟ ਦਾ ਦੁਧੀਆ ਬਲਬ ਲਾ ਲਿਆ ਸੀ ਜੋ ਮੇਰੇ ਸਿਰ ਤੋਂ ਤਿੰਨ ਕੁ ਫੁੱਟ ਤੇ ਮੇਜ਼ ਤੋਂ ਚਾਰ ਕੁ ਫੁੱਟ ਉਚਾ ਸੀ। ਇਸ ਤਰ੍ਹਾਂ ਪੜ੍ਹਨ ਲਿਖਣ ਨਾਲ ਅੱਖਾਂ ਨੂੰ ਥਕਾਵਟ ਤਾਂ ਹੋ ਜਾਂਦੀ ਪਰ ਕੋਈ ਮੁਸ਼ਕਲ ਨਹੀਂ ਸੀ ਆਉਂਦੀ। ਉਂਜ ਵੀ ਮੈਂ ਆਪਣੀ ਕਿਤਾਬ ਪੜ੍ਹਨ ਤੋਂ ਬਿਨਾਂ ਬਾਕੀ ਪੜ੍ਹਨ ਦਾ ਕੰਮ ਕਿਸੇ ਵਿਦਿਆਰਥੀ ਤੋਂ ਕਰਵਾਉਂਦਾ। ਇਸ ਜੁਗਤ ਨਾਲ ਵਿਦਿਆਰਥੀ ਦਾ ਉਚਾਰਨ ਵੀ ਸ਼ੁੱਧ ਹੋ ਜਾਂਦਾ ਤੇ ਮੇਰੀਆਂ ਅੱਖਾਂ ਨੂੰ ਵੀ ਅਰਾਮ ਮਿਲ ਜਾਂਦਾ। ਵਿਚਾਰੀ ਮਾਲਾ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਲੱਗਿਆ ਕਿ ਰਾਤ ਸਮੇਂ ਮੈਂ ਦੂਰ ਦੀ ਰੋਸ਼ਨੀ ਵਿਚ ਪੜ੍ਹ ਲਿਖ ਨਹੀਂ ਸਕਦਾ ਹਾਂ ਤੇ ਨਾ ਹੀ ਹਨੇਰੇ ਵਿਚ ਤੁਰ ਫਿਰ ਸਕਦਾ ਹਾਂ। ਇਕ ਦਿਨ ਝਿਜਕਦੇ ਝਿਜਕਦੇ ਮੈਂ ਮਾਲਾ ਨੂੰ ਪੁੱਛ ਹੀ ਲਿਆ, “ਜਿਹੜਾ ਟੀਚਰ ਉਥੇ ਤੈਨੂੰ ਪੜ੍ਹਾਉਂਦਾ ਸੀ, ਉਸ ਵਿਚ ਕੀ ਨੁਕਸ ਸੀ?”
ਪਹਿਲਾਂ ਤਾਂ ਉਹ ਚੁੱਪ ਰਹੀ ਪਰ ਮੇਰੇ ਵਾਰ ਵਾਰ ਪੁੱਛਣ ’ਤੇ ਉਸ ਨੇ ਦੱਸ ਹੀ ਦਿੱਤਾ : “ਉਸ ਨੇ ਏਕ ਬਾਰ ਮੇਰੀ ਕਾਪੀ ਪੇ ਲਿਖ ਦੀਆ “ਆਈ ਲਵ ਯੂ।”
“ਫੇਰ ?” ਮੈਂ ਅੱਗੋਂ ਕੁਝ ਜਾਣਨਾ ਚਾਹੁੰਦਾ ਸੀ।
ਉਹ ਚੁੱਪ ਰਹੀ ਤੇ ਕੁਝ ਨਾ ਬੋਲੀ।
“ਜੇ ਮੈਂ ਤੇਰੀ ਕਾਪੀ ’ਤੇ ਇਹ ਕੁਝ ਲਿਖ ਦੇਵਾਂ, ਫੇਰ ?”
“ਆਪ ਕੀ ਬਾਤ ਕੁੱਛ ਔਰ ਹੈ।”
“ਮੇਰੀ ਬਾਤ ਕੈਸੇ ਕੁੱਛ ਔਰ ਹੈ ?” ਮੈਂ ਵੀ ਹਿੰਦੀ ਵਿਚ ਪ੍ਰਸ਼ਨ ਕੀਤਾ ਤੇ ਪ੍ਰਸ਼ਨ ਕਰਨ ਵੇਲੇ ਮੇਰੇ ਅੰਦਰ ਕੋਈ ਝਿਜਕ ਵੀ ਨਹੀਂ ਸੀ, ਕਿਉਂਕਿ ਪਹਿਲ ਉਸ ਵੱਲੋਂ ਹੋਈ ਸੀ।
“ਮੈਨੇ ਬੋਲ ਦੀਆ ਹੈ ਕਿ ਆਪ ਕੀ ਬਾਤ ਕੁੱਛ ਔਰ ਹੈ।”
ਉਹ ਦਿਨ ਸੋ ਉਹ ਦਿਨ, ਉਸ ਪਿੱਛੋਂ ਮੈਂ ਉਸ ਦਾ ਹੀ ਹੋ ਕੇ ਰਹਿ ਗਿਆ ਸੀ। ਪਹਿਲਾਂ ਨਾਲੋਂ ਵੀ ਵੱਧ ਉਸ ਨੂੰ ਪੜ੍ਹਾਉਂਦਾ। ਕਈ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਸਾਡੇ ਜਿਹੜੇ ਚੁਬਾਰੇ ਵਿਚ ਮੈਂ ਟਿਊਸ਼ਨਾਂ ਪੜ੍ਹਾਉਂਦਾ, ਉਸੇ ਵਿਚ ਹੀ ਸੌਂਦਾ ਸੀ। ਜਿੰਨਾ ਚਿਰ ਮੈਂ ਨੌਂ ਸਾਢੇ-ਨੌਂ ਵਜੇ ਤੱਕ ਟਿਊਸ਼ਨਾਂ ਪੜ੍ਹਾਉਂਦਾ ਰਹਿੰਦਾ, ਮਾਂ ਹੇਠਾਂ ਕੰਮ ਕਾਰ ਵਿਚ ਰੁੱਝੀ ਰਹਿੰਦੀ ਅਤੇ ਮੇਰੀ ਭੈਣ ਤਾਰਾ ਤੇ ਮਾਲਾ ਹੇਠਾਂ ਪੜ੍ਹਦੀਆਂ ਰਹਿੰਦੀਆਂ। ਉਸ ਪਿੱਛੋਂ ਪਹਿਲਾਂ ਅੱਧਾ ਪੌਣਾ ਘੰਟਾ ਤਾਰਾ ਨੂੰ ਤੇ ਫੇਰ ਮਾਲਾ ਨੂੰ ਪੜ੍ਹਾਉਂਦਾ। ਮਾਂ ਦਾ ਮੰਜਾ ਵਿਚਾਲੇ ਹੁੰਦਾ। ਮਾਲਾ ਵੀ ਚੁਬਾਰੇ ਵਿਚ ਹੀ ਪੈਂਦੀ। ਮਾਂ ਦੇ ਦੂਜੇ ਪਾਸੇ ਮੇਰਾ ਮੰਜਾ ਹੁੰਦਾ। ਮਾਂ ਦਾ ਮੰਜਾ ਵਿਚਾਲੇ ਹੋਣ ਕਾਰਨ ਮੈਂ ਪੜ੍ਹਾਉਣ ਤੋਂ ਬਿਨਾਂ ਮਾਲਾ ਨਾਲ ਬਹੁਤ ਘੱਟ ਗੱਲ ਕਰਦਾ। ਉਹ ਵੀ ਕੋਈ ਗੱਲ ਨਹੀਂ ਸੀ ਕਰਦੀ। ਸਵੇਰ ਪੰਜ ਵਜੇ ਮਾਂ ਹੇਠਾਂ ਨਹਾਉਣ-ਧੋਣ ਤੇ ਪੂਜਾ-ਪਾਠ ਲਈ ਚਲੀ ਜਾਂਦੀ। ਮਾਲਾ ਉੱਠ ਕੇ ਪੜ੍ਹਨ ਲੱਗ ਪੈਂਦੀ ਤੇ ਮੈਂ ਵੀ।
ਅਸੀਂ ਦੋਵੇਂ ਇਕ ਦੂਜੇ ਵੱਲ ਪੂਰੀ ਤਰ੍ਹਾਂ ਖਿੱਚੇ ਗਏ ਸਾਂ ਪਰ ਨਿੱਕੀਆਂ ਨਿੱਕੀਆਂ, ਚੰਗੀਆਂ ਚੰਗੀਆਂ ਗੱਲਾਂ ਤੋਂ ਬਿਨਾਂ ਸਾਡੇ ਵਿਚਕਾਰ ਹੋਰ ਕੁਝ ਵੀ ਨਹੀਂ ਸੀ ਵਾਪਰਿਆ।
“ਸ਼ਾਦੀ ਸੇ ਪਹਿਲੇ ਕਭੀ ਕਿਸੀ ਕੋ ਛੂਹਨਾ ਨਹੀਂ ਚਾਹੀਏ। ਯਹ ਪਾਪ ਹੋਤਾ ਹੈ।” ਮਾਲਾ ਨੇ ਇਕ ਦਿਨ ਪਤਾ ਨਹੀਂ ਇਹ ਗੱਲ ਕਿਉਂ ਕਹਿ ਦਿੱਤੀ।
“ਮੈਨੇ ਤੋ ਆਪ ਕੋ ਕਭੀ ਕੁੱਛ ਨਹੀਂ ਕਹਾ। ਆਪ ਕੇ ਦਿਮਾਗ ਮੇਂ ਐਸੀ ਬਾਤ ਕਿਉਂ ਆਈ ?” ਮੈਂ ਰੋਸੇ ਤੇ ਮਿਠਾਸ ਦੇ ਮਿਲਵੇਂ-ਜੁਲਵੇਂ ਲਹਿਜ਼ੇ ਵਿਚ ਪੁੱਛਿਆ।
“ਆਪ ਤੋ ਮਹਿਸੂਸ ਕਰ ਗਏ। ਮੈਨੇ ਤੋਂ ਯੂੰ ਹੀ ਬਾਤ ਕੀ ਹੈ।” ਮਾਲਾ ਕਿਸੇ ਕਸੂਰਵਾਰ ਵਾਂਗ ਸਪਸ਼ਟੀਕਰਨ ਦੇ ਰਹੀ ਸੀ। ਨਾਲ ਹੀ ਉਹ ਰੋ ਪਈ ਸੀ। ਮੈਂ ਡਰ ਗਿਆ ਸੀ। ਗੱਲ ਨਹੀਂ, ਕੋਈ ਬਾਤ ਨਹੀਂ, ਐਵੇਂ ਵਿਆਹ ’ਚ ਬੀ ਦਾ ਲੇਖਾ ਨਾ ਪੈ ਜਾਏ। ਜੇ ਮਾਲਾ ਨੇ ਭਾਬੀ ਨੂੰ ਦੱਸ ਦਿੱਤਾ ਤਾਂ ਘਰ ਵਿਚ ਕੋਈ ਨਵਾਂ ਤੁਫ਼ਾਨ ਨਾ ਖੜ੍ਹਾ ਹੋ ਜਾਏ ਪਰ ਮਾਲਾ ਨੇ ਹੇਠਾਂ ਜਾਣ ਤੋਂ ਪਹਿਲਾਂ ਆਪਣੀ ਗ਼ਲਤੀ ਮੰਨ ਲਈ ਸੀ।
ਮੁਹੱਬਤ ਦਾ ਇਹ ਪਾਕ ਪਵਿੱਤਰ ਰਿਸ਼ਤਾ ਉਸ ਦੇ ਵਾਪਸ ਆਪਣੇ ਘਰ ਜਾਣ ਤੱਕ ਬਣਿਆ ਰਿਹਾ ਤੇ ਉਹ ਮੁਹੱਬਤ ਅਜੇ ਵੀ ਕਾਇਮ ਹੈ। ਜਾਣ ਤੋਂ ਇਕ ਰਾਤ ਪਹਿਲਾਂ ਉਹ ਫੇਰ ਫਿੱਸ ਪਈ ਸੀ। ਮੈਂ ਉਸ ਨੂੰ ਭਰੋਸਾ ਦਿਵਾਇਆ ਤੇ ਅੰਗਰੇਜ਼ੀ ਵਿਚ ਕਿਹਾ, ਜਿਸ ਦਾ ਪੰਜਾਬੀ ਰੂਪ ਹੈ : ‘ਜੇ ਵਿਆਹ ਕਰਵਾਇਆ ਤਾਂ ਬੱਸ ਮੈਂ ਤੇਰੇ ਨਾਲ ਹੀ ਕਰਵਾਵਾਂਗਾ।’ ਮੈਂ ਉਸ ਨੂੰ ਚੁੰਮਣਾ ਚਾਹੁੰਦਾ ਸੀ ਪਰੰਤੂ ਉਸ ਦੀ ਪਵਿੱਤਰਤਾ ਦੇ ਬਚਨ ਨੂੰ ਨਿਭਾਉਣ ਕਾਰਨ ਮੈਂ ਆਪ ਹੀ ਪਿੱਛੇ ਹਟ ਗਿਆ।
ਮਾਰਚ ਦਾ ਆਖਰੀ ਹਫ਼ਤਾ ਸੀ ਜਾਂ ਅਪ੍ਰੈਲ ਦਾ ਪਹਿਲਾ, ਭਾਬੀ ਮਾਲਾ ਨੂੰ ਪੇਕੇ ਛੱਡਣ ਗਈ। ਮਾਲਾ ਮੈਨੂੰ ਜਾਂਦੀ ਜਾਂਦੀ ਕਹਿ ਗਈ ਸੀ ਕਿ ਉਸ ਦੀ ਭੈਣ ਅਰਥਾਤ ਮੇਰੀ ਭਾਬੀ ਨੂੰ ਮੈਂ ਹੀ ਲੈਣ ਆਵਾਂ ਪਰ ਮੈਂ ਖੁਲ੍ਹ ਕੇ ਆਪਣੇ ਭਰਾ ਜਾਂ ਮਾਂ ਨੂੰ ਇਹ ਵੀ ਨਾ ਕਹਿ ਸਕਿਆ ਕਿ ਮੈਂ ਭਾਬੀ ਨੂੰ ਲੈਣ ਜਾਵਾਂਗਾ। ਸ਼ਾਇਦ ਭਾਬੀ ਖੋਟੇ ਪੈਸੇ ਵਾਂਗ ਆਪ ਹੀ ਆ ਗਈ ਸੀ।

– – –

ਮੇਰੇ ਕਲਮੀ ਨਾਮ ਵਿਚ ‘ਸ’ ਅੱਖਰ ਪਿੱਛੋਂ ਜਿਹੜੇ ਸ਼ਬਦ ਅਜੇ ਤੱਕ ਪਾਠਕਾਂ ਤੱਕ ਨਹੀਂ ਪੁੱਜੇ, ਉਹਨਾਂ ਵਿਚ ਆਰੰਭਲੇ ‘ਸ’ ਅਤੇ ਅੰਤਲੇ ਰਾਜ ਵਿਚਕਾਰ ਇਕ ਅੱਖਰ ‘ਵ’ ਹੈ, ਜੋ ‘ਸ’ ਦੇ ਪੈਰਾਂ ਵਿਚ ਪੈਂਦਾ ਹੈ। ਰੇਵਤੀ ਉਸੇ ਕੁੜੀ ਦੇ ਨਾਮ ਦੇ ਵਿਚਕਾਰਲਾ ‘ਵ’ ਹੈ। ਇਹ ਕੁੜੀ 1960-61 ਵਿਚ ਤਪਾ ਮੰਡੀ ਦੀ ਨਗਰ ਪਾਲਿਕਾ ਕੰਨਿਆ ਪਾਠਸ਼ਾਲਾ ਵਿਚ ਅਧਿਆਪਕਾ ਸੀ। ਜਦੋਂ ਉਸ ਨੇ ਮੇਰੇ ਕੋਲ ਗਿਆਨੀ ਦੀ ਟਿਊਸ਼ਨ ਲਈ ਪਹੁੰਚ ਕੀਤੀ, ਉਦੋਂ ਤੱਕ ਉਸ ਦੀਆਂ ਮੇਰੇ ਬਾਰੇ ਕੀਤੀਆਂ ਕਈ ਵਿਰੋਧੀ ਟਿੱਪਣੀਆਂ ਮੇਰੇ ਤੱਕ ਪਹੁੰਚ ਚੁੱਕੀਆਂ ਸਨ। ਮੈਂ 1959 ਤੋਂ ਹੀ ਗਿਆਨੀ ਕਲਾਸਾਂ ਨੂੰ ਪੜ੍ਹਾ ਰਿਹਾ ਸੀ। ਇਸ ਕੁੜੀ ਦੇ ਮੇਰੇ ਕੋਲ ਆਉਣ ਤੋਂ ਪਹਿਲਾਂ ਉਸ ਦੀ ਇਕ ਰਿਸ਼ਤੇਦਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥਾਣੇ ਤੋਂ ਆ ਕੇ ਮੇਰੇ ਕੋਲੋਂ ਗਿਆਨੀ ਪੜ੍ਹ ਕੇ ਪਾਸ ਹੋ ਚੁੱਕੀ ਸੀ। ਮੇਰੇ ਬਾਰੇ ਉਹ ਜੋ ਵੀ ਕਹਿ ਚੁੱਕੀ ਸੀ, ਉਸ ਸਬੰਧੀ ਮੈਂ ਉਸ ਨੂੰ ਅਹਿਸਾਸ ਕਰਵਾਉਣਾ ਚਾਹੁੰਦਾ ਸੀ।
“ਮੁੰਡਾ ਜਿਹਾ ਕੀ ਪੜ੍ਹਾਊਗਾ ਤੁਹਾਨੂੰ ?” ਮੈਂ ਉਸ ਨੂੰ ਕਹਿ ਕੇ ਜਿਤਲਾ ਦਿੱਤਾ ਸੀ ਕਿ ਉਸ ਨੇ ਜੋ ਮੇਰੇ ਵਿਰੁੱਧ ਪਹਿਲਾਂ ਟਿੱਪਣੀ ਕੀਤੀ ਹੈ, ਉਹ ਮੈਨੂੰ ਪਤਾ ਹੈ। ਉਹ ਪਹਿਲਾਂ ਬੜੀ ਸ਼ਰਮਿੰਦਾ ਸੀ ਅਤੇ ਵਾਰ ਵਾਰ ਹੱਥ ਜੋੜ ਕੇ ਟਿਊਸ਼ਨ ਲਈ ਕਹਿ ਰਹੀ ਸੀ। ਟਿਊਸ਼ਨ ਤਾਂ ਮੈਂ ਪੜ੍ਹਾਉਣੀ ਹੀ ਸੀ। ਮੈਂ ਤਾਂ ਉਸ ਦੀ ਮੜਕ ਭੰਨਣਾ ਚਾਹੁੰਦਾ ਸੀ, ਸੋ ਭੰਨ ਦਿੱਤੀ। ਤੈਅ ਇਹ ਹੋਇਆ ਕਿ ਮੈਂ ਉਸ ਦੇ ਕਿਰਾਏ ’ਤੇ ਲਏ ਚੁਬਾਰੇ ਵਿਚ ਇਕ ਘੰਟਾ ਪੜ੍ਹਾਉਣ ਆਵਾਂ। ਚੁਬਾਰੇ ਦੀਆਂ ਪੌੜੀਆਂ ਅਨਾਜ਼ ਮੰਡੀ ਵਿਚ ਹੋਣ ਕਾਰਨ ਉਹ ਸ਼ਾਮ ਵੇਲੇ ਆਉਣ-ਤੋਂ ਝਿਜਕਦੀ ਸੀ। ਮੈਂ ਵੀ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਘਰ ਪਹੁੰਚਣ ਦੇ ਹਿਸਾਬ ਨਾਲ ਜਾਣਾ ਸ਼ੁਰੂ ਕਰ ਦਿੱਤਾ। ਇਹ ਟਿਊਸ਼ਨ ਮੈਂ ਏਸ ਲਈ ਕੀਤੀ ਸੀ, ਕਿਉਂਕਿ ਉਸ ਸਮੇਂ ਮੇਰੇ ਕੋਲ ਹੋਰ ਕੋਈ ਟਿਊਸ਼ਨ ਨਹੀਂ ਸੀ।
ਉਧਰੋਂ ਗਿਆਨੀ ਦੇ ਇਮਤਿਹਾਨ ਸ਼ੁਰੂ ਹੋਏ ਤੇ ਉਧਰੋਂ ਮੈਨੂੰ ਜਨਤਾ ਹਾਈ ਸਕੂਲ ਜੁਆਰ (ਉਦੋਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਹੁਣ ਹਿਮਾਚਲ ਦੇ ਜ਼ਿਲ੍ਹਾ ਊਨਾ ਵਿਚ ਹੈ) ਦਾ ਨਿਯੁਕਤੀ ਪੱਤਰ ਮਿਲ ਗਿਆ। ਜਦੋਂ ਮੈਂ ਹਾਜ਼ਰ ਹੋਣ ਪਿੱਛੋਂ ਦੀਵਾਲੀ ਦੀਆਂ ਛੁੱਟੀਆਂ ਕਾਰਨ ਘਰ ਆਇਆ, ਤਾਂ ਪਤਾ ਨਹੀਂ ਕਿਵੇਂ ਉਸ ਨੂੰ ਮੇਰੇ ਘਰ ਆਉਣ ਦਾ ਪਤਾ ਲੱਗ ਗਿਆ। ਉਹ ਦੀਵਾਲੀ ਦੀ ਮਠਿਆਈ ਵੀ ਲੈ ਕੇ ਆਈ ਤੇ ਚੰਗੇ ਪਰਚੇ ਹੋਣ ਦੀ ਖੁਸ਼ਖ਼ਬਰੀ ਵੀ। ਮੇਰਾ ਨਵਾਂ ਸਿਰਨਾਵਾਂ ਵੀ ਲੈ ਗਈ।
ਜੁਆਰ ਪਹੁੰਚੇ ਨੂੰ ਇਕ ਹਫ਼ਤਾ ਹੀ ਹੋਇਆ ਸੀ ਕਿ ਰੇਵਤੀ ਦੀ ਚਿੱਠੀ ਮਿਲੀ। ਬੜਾ ਸਤਿਕਾਰ ਤੇ ਮੋਹ ਪਿਆਰ ਸੀ ਉਸ ਚਿੱਠੀ ਵਿਚ। ਕਿਸੇ ਕੁੜੀ ਦੀ ਮੇਰੇ ਵੱਲ ਇਹ ਪਹਿਲੀ ਚਿੱਠੀ ਸੀ ਪਰ ਪੋਸਟ ਕਾਰਡ ਹੋਣ ਕਾਰਨ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਹ ਇਕ ਆਦਰ ਸੂਚਕ ਚਿੱਠੀ ਸੀ, ਕੋਈ ਪ੍ਰੇਮ ਪੱਤਰ ਨਹੀਂ ਸੀ। ਮੈਂ ਚਿੱਠੀ ਦਾ ਜਵਾਬ ਦਿੱਤਾ। ਮੈਂ ਵੀ ਪੋਸਟ ਕਾਰਡ ਹੀ ਲਿਖਿਆ ਸੀ ਅਤੇ ਚਿੱਠੀ ਵਿਚ ਉਸ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਸੀ। ਹਾਂ, ਅੰਦਰੋ-ਅੰਦਰੀ ਮੈਂ ਉਸ ਵੱਲ ਕੁਝ ਕੁਝ ਖਿੱਚਿਆ ਗਿਆ ਸੀ। ਉਸ ਦੀ ਮਨਸ਼ਾ ਤਾਂ ਪਤਾ ਨਹੀਂ ਕੀ ਸੀ, ਪਰ ਮੇਰਾ ਝੁਕਾ ਉਸ ਵੱਲ ਹੋ ਗਿਆ ਸੀ।
ਮੈਂ ਕਿਸੇ ਭੁਲੇਖੇ ਦਾ ਸ਼ਿਕਾਰ ਵੀ ਨਹੀਂ ਸੀ ਹੋ ਸਕਦਾ। ਘੱਟੋ-ਘੱਟ ਮੈਂ ਸ਼ਬਦਾਂ ਵਿਚਲੇ ਅਰਥਾਂ ਦੀ ਡੂੰਘ ਤੱਕ ਕਿਸੇ ਹੱਦ ਤੱਕ ਤਾਂ ਅੱਪੜਨ ਜੋਗਾ ਹੋ ਹੀ ਗਿਆ ਸੀ।
ਰੇਵਤੀ ਦੀ ਇਕ ਹੋਰ ਚਿੱਠੀ ਆਈ। ਮੈਂ ਚਿੱਠੀ ਦਾ ਜਵਾਬ ਦੇ ਦਿੱਤਾ। ਇਸ ਤਰ੍ਹਾਂ ਚਿੱਠੀ ਪੱਤਰ ਦਾ ਸਿਲਸਿਲਾ ਚਲਦਾ ਰਿਹਾ। ਜਦੋਂ ਮਾਂ ਮੇਰੇ ਕੋਲ ਜੁਆਰ ਆ ਗਈ, ਮੈਂ ਰੇਵਤੀ ਦੀਆਂ ਚਿੱਠੀਆਂ ਮਾਂ ਨੂੰ ਪੜ੍ਹ ਕੇ ਸੁਣਾਉਂਦਾ। ਇਕ ਚਿੱਠੀ ਸੁਣ ਕੇ ਮਾਂ ਕਹਿਣ ਲੱਗੀ :
“ਤੂੰ ਇਸ ਕੁੜੀ ਨਾਲ ਵਿਆਹ ਈ ਕਰਾ ਲੈ।” ਮਾਂ ਦੀ ਗੱਲ ਵਿਚ ਜਿਹੜੀ ਫਰਾਖ਼ਦਿਲੀ ਸੀ, ਉਹ ਉਸ ਜ਼ਮਾਨੇ ਦੀਆਂ ਬੁੜ੍ਹੀਆਂ ਵਿਚ ਮੈਂ ਘੱਟ ਹੀ ਵੇਖੀ ਹੈ। ਕੁੜੀ, ਮਾਂ ਦੀ ਵੇਖੀ ਹੋਈ ਸੀ। ਰੰਗ ਕਾਲਾ ਤਾਂ ਨਹੀਂ ਸੀ, ਜ਼ਰਾ ਸਾਂਵਲਾ ਸੀ। ਅੱਖਾਂ ਮੋਟੀਆਂ ਸਨ ਤੇ ਬਾਕੀ ਨਕਸ਼ ਦਰਮਿਆਨੇ। ਉਂਜ ਉਹਦੇ ਚਿਹਰੇ ’ਤੇ ਰੋਅਬ-ਦਾਅਬ ਬੜਾ ਸੀ। ਮੈਂ ਤਾਂ ਪਹਿਲਾਂ ਹੀ ਉਸ ਵੱਲ ਝੁਕਾ ਰਖਦਾ ਸੀ, ਕਿਉਂਕਿ ਉਸ ਸਮੇਂ ਤੱਕ ਮਾਲਾ ਦੀ ਮੰਗਣੀ ਹੋ ਚੁੱਕੀ ਸੀ ਤੇ ਉਸ ਨੂੰ ਤੁੜਵਾਉਣ ਲਈ ਕਈ ਸਕੀਮਾਂ ਘੜਨ ਦੇ ਬਾਵਜੂਦ ਮੈਂ ਕੁਝ ਨਾ ਕੀਤਾ। ਬੱਸ ਦਿਲ ਵਾਲੀਆਂ ਦਿਲ ਵਿਚ ਹੀ ਰਹਿ ਗਈਆਂ ਸਨ। ਮਾਂ ਦੇ ਕਹਿਣ ਨਾਲ ਗੱਲ ਪੱਕੀ ਹੋਣ ਵਿਚ ਮਦਦ ਮਿਲਣੀ ਹੀ ਸੀ। ਪਰ ਭਰਾ ਦੀ ਮੋਹਰ ਲੱਗਣ ਬਿਨਾਂ ਤਾਂ ਕੁਝ ਵੀ ਨਹੀਂ ਸੀ ਹੋ ਸਕਦਾ। ਇਥੇ ਮੈਂ ਦੱਸ ਦੇਵਾਂ ਕਿ 10 ਦਸੰਬਰ 1961 ਨੂੰ ਰਾਜ ਮਾਲਾ ਦਾ ਵਿਆਹ ਹੋ ਚੁੱਕਾ ਸੀ। ਉਸ ਦਾ ਘਰਵਾਲਾ ਆਰ.ਬੀ.ਆਈ. ਦਿੱਲੀ ਵਿਖੇ ਕਲਰਕ ਸੀ। ਮੈਂ ਇਸ 10 ਦਸੰਬਰ ਵਾਲੇ ਦਿਨ ਭੁੱਖ ਹੜਤਾਲ ’ਤੇ ਰਿਹਾ, ਉੱਕਾ ਹੀ ਕੁਝ ਨਹੀਂ ਸੀ ਖਾਧਾ ਪੀਤਾ। ਲਗਦਾ ਸੀ ਜਿਵੇਂ ਮੇਰੀ ਦੁਨੀਆਂ ਹੀ ਉੱਜੜ ਗਈ ਹੋਵੇ। ਰਾਜ ਮਾਲਾ ਨੂੰ ਮੈਂ ਬੇਵਫ਼ਾ ਨਹੀਂ ਸੀ ਕਹਿ ਸਕਦਾ, ਕਿਉਂਕਿ ਮੈਨੂੰ ਮੇਰੇ ਭਰਾ ਦੀ ਲਿਖੀ ਕਾਂਤਾ ਭੈਣ ਦੇ ਵਿਆਹ ਉਤੇ ਪੜ੍ਹੀ ਸਿੱਖਿਆ ਦੀ ਅੰਤਮ ਪੰਕਤੀ ਚੰਗੀ ਤਰ੍ਹਾਂ ਯਾਦ ਸੀ :

ਗੋਇਲ ਗਊਆਂ ਤੇ ਧੀਆਂ ਦਾ ਮਾਣ ਕਾਹਦਾ,
ਜਿੱਧਰ ਤੋਰਨਾਂ, ਉਧਰ ਹੀ ਜਾਵਣਾ ਹੈ।

ਪਰ ਕਦੇ ਕਦੇ ਮਨ ਵਿਚ ਇੰਜ ਵੀ ਆਉਂਦਾ ਕਿ ਰਾਜ ਮਾਲਾ ਇਕ ਵਾਰ ਤਾਂ ਆਪਣੀ ਇੱਛਾ ਜ਼ਾਹਰ ਕਰਦੀ। ਆਖਰ ਮੈਂ ਉਸ ਨਾਲ ਵਾਅਦਾ ਕੀਤਾ ਸੀ। ਜੇ ਮੈਂ ਵਾਅਦਾ ਤੋੜ ਦਿੰਦਾ ਤਾਂ ਉਸ ਦੇ ਮਨ ’ਤੇ ਕੀ ਗੁਜ਼ਰਦੀ। ਬੱਸ ਇਹ ਘਟਨਾ ਸੀ ਜਿਸ ਕਾਰਨ ਰੇਵਤੀ ਦੀਆਂ ਚਿੱਠੀਆਂ ਨੇ ਮੈਨੂੰ ਉਸ ਵੱਲ ਉਲਾਰ ਦਿੱਤਾ। ਪਿੱਛੋਂ ਉਹ ਤਪਾ ਮੰਡੀ ਛੱਡ ਕੇ ਆਪਣੇ ਪਿੰਡ ਚਲੀ ਗਈ। ਚਿੱਠੀ ਪੱਤਰ ਦਾ ਸਿਲਸਿਲਾ ਖ਼ਤਮ ਹੋ ਗਿਆ।
ਮੇਰਾ ਰਾਜ ਮਾਲਾ ਤੋਂ ਵਿਆਹ ਪੂਰੇ ਪੰਜ ਸਾਲ ਪਿੱਛੋਂ ਹੋਇਆ ਅਤੇ ਰੇਵਤੀ ਦੇ ਚਾਰ ਸਾਲ ਪਿੱਛੋਂ। ਰਾਜ ਮਾਲਾ ਦੇ ਪਤੀ ਦੀ ਸ਼ੱਕਰ ਰੋਗ ਕਾਰਨ ਅੱਖਾਂ ਦੀ ਨਜ਼ਰ ਚਲੀ ਗਈ। ਮੇਰੀ ਨਜ਼ਰ ਪਹਿਲਾਂ ਹੀ ਜਾ ਚੁੱਕੀ ਸੀ।
ਸੁਖਜੀਤ, ਰੇਵਤੀ ਅਤੇ ਰਾਜ-ਇਹ ਤਿੰਨ ਕੁੜੀਆਂ ਮੇਰੀ ਜ਼ਿੰਦਗੀ ਵਿਚ ਆਈਆਂ ਅਤੇ ਅਜੇ ਵੀ ਮੇਰੇ ਚੇਤਿਆਂ ਵਿਚ ਖੁਣੀਆਂ ਪਈਆਂ ਹਨ। ਤਿੰਨਾਂ ਦਾ ਥਹੁ-ਟਿਕਾਣਾ ਮੈਨੂੰ ਪਤਾ ਹੈ। ਪਰ ਮੈਂ ਕਦੇ ਵੀ ਉਹਨਾਂ ਨੂੰ ਮਿਲਣ ਦਾ ਯਤਨ ਨਹੀਂ ਕੀਤਾ। ਬੱਸ ਕੀਤਾ ਹੈ, ਉਹ ਇਹ ਹੈ ਕਿ ਉਹਨਾਂ ਦੇ ਨਾਂ ਦਾ ਕੋਈ ਨਾ ਕੋਈ ਅੱਖਰ ਜਾਂ ਸ਼ਬਦਾਂਗ ਆਪਣੇ ਨਾਲ ਜੋੜ ਕੇ ਮੈਂ ‘ਸਵਰਾਜ’ ਬਣ ਗਿਆ। ਮੇਰਾ ਇਹ ਨਾਂ ਮੈਥੋਂ ਬਿਨਾਂ ਜਾਂ ਤਾਂ ਕਵੀ ਗੁਰਦਰਸ਼ਨ (ਮਰਹੂਮ) ਨੂੰ ਪਤਾ ਸੀ ਜਾਂ ਮੇਰੇ ਭਾਣਜੇ ਸੁਦਰਸ਼ਨ ਨੂੰ। 1982 ਵਿਚ ਜਦ ਐੱਸ. ਸਬੰਧੀ ਸਪਸ਼ਟੀਕਰਨ ਮੈਂ ਟ੍ਰਿਬਿਊਨ ਦੇ ਪੱਤਰਕਾਰ ਪਟਿਆਲਾ ਵਾਲੇ ਸ਼ੇਰ ਸਿੰਘ ਗੁਪਤਾ ਨੂੰ ਦਿੱਤਾ ਤਾਂ ਵੀ ਮੈਂ ਝੂਠ ਹੀ ਬੋਲਿਆ ਸੀ। ਉਸ ਨੇ ਮੇਰੇ ਦੱਸਣ ਅਨੁਸਾਰ ਟ੍ਰਿਬਿਊਨ ਵਿਚ ਮੇਰਾ ਜੋ ਫੀਚਰ ਲਿਖਿਆ, ਉਸ ਵਿਚ ਸਵਰਾਜ ਸ਼ਬਦ ਦਾ ਅਰਥ ਆਜ਼ਾਦੀ ਨਾਲ ਜੋੜਿਆ ਅਤੇ ਦੱਸਿਆ ਕਿ ਇਹ ਨਾਮ ਐੱਸ.ਤਰਸੇਮ ਦੇ 1942 ਵਿਚ ਜਨਮ ਕਾਰਨ ਰੱਖਿਆ ਗਿਆ ਹੈ। 1942 ਵਿਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਇਹ ਅੰਦੋਲਨ ਸਵਰਾਜ ਜਾਂ ਆਜ਼ਾਦੀ ਨਾਲ ਸਬੰਧਤ ਸੀ।
ਮੇਰੀ ਪਤਨੀ ਦਾ ਨਾਂ ਸੁਦਰਸ਼ਨਾ ਸੀ। ਇਸ ਲਈ ਮੇਰੇ ਕੁਝ ਲੇਖਕ ਮਿੱਤਰਾਂ ਨੇ ਇਹ ਸਮਝ ਲਿਆ ਕਿ ਮੈਂ ਆਪਣੀ ਪਤਨੀ ਦੇ ਨਾਉਂ ਵਾਲਾ ਪਹਿਲਾ ਅੱਖਰ ਆਪਣੇ ਨਾਉਂ ਨਾਲ ਜੋੜ ਲਿਆ ਹੈ। ਮੇਰੀ ਪਤਨੀ ਨੂੰ ਵੀ ਕਦੇ ਤਾਂ ਇਹ ਗੱਲ ਠੀਕ ਲਗਦੀ ਅਤੇ ਕਦੇ ਉਹ ਸੋਚਦੀ ਕਿ ਇਸ ‘ਸ’ ਜਾਂ ਐੱਸ. ਪਿੱਛੇ ਕੋਈ ਭੇਦ ਹੈ। ਉਸ ਨੂੰ ਵੀ ਸ਼ੱਕ ਸੀ ਕਿ ‘ਸ’ ਅੱਖਰ ਕਿਸੇ ਕੁੜੀ ਦੇ ਨਾਉਂ ਦਾ ਪਹਿਲਾ ਅੱਖਰ ਹੈ। ਪਰ ਮੈਂ ਅਪਣੇ ਮੂੰਹੋਂ ਕਦੇ ਇਹ ਭੇਦ ਨਹੀਂ ਸੀ ਖੋਲਿ੍ਹਆ। ਇਸ ਲਈ ਇਹ ਪਰਦਾ ਗ੍ਰਹਿਸਥੀ ਗੱਡੀ ਚਲਾਉਣ ਲਈ ਲਾਹੇਵੰਦ ਹੀ ਰਿਹਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ.ਤਰਸੇਮ ਤੋਂ ਐੱਸ.ਤਰਸੇਮ ਕਿਵੇਂ ਬਣਿਆ। ਇਸ ਨਾਲ ਵੀ ਇਕ ਛੋਟੀ ਜਿਹੀ ਘਟਨਾ ਜੁੜੀ ਹੋਈ ਹੈ।
ਮੈਂ ਆਪਣੀ ਇਕ ਕਹਾਣੀ ਅਕਾਲੀ ਪੱਤ੍ਰਕਾ ਨੂੰ ਭੇਜੀ। ਅਖ਼ਬਾਰ ਨੇ ਕਹਾਣੀ ਤਾਂ ਛਾਪ ਦਿੱਤੀ ਪਰ ਸ.ਤਰਸੇਮ ਦੀ ਥਾਂ ਮੇਰਾ ਨਾਂ ਐੱਸ.ਤਰਸੇਮ ਛਾਪ ਦਿੱਤਾ। ਮੈਂ ਅਕਾਲੀ ਪੱਤ੍ਰਕਾ ਦੇ ਸੰਪਾਦਕ ਗਿਆਨੀ ਸ਼ਾਦੀ ਸਿੰਘ ਨੂੰ ਪੱਤਰ ਲਿਖਿਆ। ਉਸ ਨੇ ਜਵਾਬ ਵਿਚ ਲਿਖਿਆ ਕਿ ਸ. ਨਾਲ ਆਮ ਅਰਥ ਸਰਦਾਰ ਲਿਆ ਜਾਂਦਾ ਹੈ ਅਤੇ ਕਿਸੇ ਗੁਰਸਿੱਖ ਦੇ ਨਾਉਂ ਤੋਂ ਪਹਿਲਾਂ ਸ. ਆਦਰ ਸੂਚਕ ਸ਼ਬਦ ਦਾ ਪਹਿਲਾ ਗੁਰਮੁਖੀ ਅੱਖਰ ਹੈ। ਭਲਾ ਕੋਈ ਲੇਖਕ ਅਪਣੇ ਨਾਉਂ ਤੋਂ ਅੱਗੇ ਇਹ ਭੁੱਲ ਕਿਵੇਂ ਕਰ ਸਕਦਾ ਹੈ। ਉਹਨਾਂ ਲਿਖਿਆ ਕਿ ਮੈਂ ਆਪਣੇ ਨਾਉਂ ਨਾਲ ਐੱਸ. ਲਿਖਿਆ ਕਰਾਂ। ਸੋ ਮੈਂ ਸ.ਤਰਸੇਮ ਤੋਂ ਐੱਸ.ਤਰਸੇਮ ਬਣ ਗਿਆ।
ਹੁਣ ਜਦੋਂ ਮੈਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਝੰਡੇ ਹੇਠ ਪੰਜਾਬੀ ਮਾਂ ਬੋਲੀ ਨੂੰ ਯੋਗ ਸਥਾਨ ਦਿਵਾਉਣ ਲਈ ਚਲਦੇ ਘੋਲ ਵਿਚ ਅੰਗਰੇਜ਼ੀ ਦੀ ਬੇਲੋੜੀ ਵਰਤੋਂ ਦੀ ਸਿਖਿਆ ਸੰਸਥਾਵਾਂ ਤੇ ਦਫ਼ਤਰਾਂ ਵਿਚ ਵਿਰੋਧਤਾ ਕਰਦਾ ਹਾਂ ਤਾਂ ਕਈ ਖਰੜ੍ਹ ਗਿਆਨੀ ਮੇਰੇ ਨਾਲ ਇਸ ਗੱਲੋਂ ਹੀ ਬਹਿਸ ਪੈਂਦੇ ਹਨ ਕਿ ਮੈਂ ਅੰਗਰੇਜ਼ੀ ਦਾ ਅੱਖਰ ‘ਐੱਸ.’ ਆਪਣੇ ਨਾਉਂ ਨਾਲ ਕਿਉਂ ਲਾਇਆ ਹੈ। ਕੁਝ ਤਾਂ ਮੇਰੇ ਸਪਸ਼ਟੀਕਰਨ ਦੇਣ ’ਤੇ ਸੰਤੁਸ਼ਟ ਹੋ ਜਾਂਦੇ ਹਨ ਪਰ ਕੁਝ ਮੇਰੇ ਸਪਸ਼ਟੀਕਰਨ ਨੂੰ ਡਰਾਮੇਬਾਜ਼ੀ ਵੀ ਕਹਿ ਦਿੰਦੇ ਹਨ। ਕੁਝ ਮਿੱਤਰ ਅਜੇ ਚਿੱਠੀ ਪੱਤਰ ਸਮੇਂ ਮੇਰਾ ਨਾਂ ਸ.ਤਰਸੇਮ ਲਿਖਦੇ ਹਨ। ਮੈਨੂੰ ਇਸ ’ਤੇ ਵੀ ਕੋਈ ਇਤਰਾਜ਼ ਨਹੀਂ। ਪਰ ਮੈਂ ਕਦੇ ਕਦੇ ਸੋਚਦਾ ਹਾਂ ਕਿ ਕਿਉਂ ਨਾ ਸਿਰਫ਼ ਤਰਸੇਮ ਹੀ ਲਿਖਿਆ ਕਰਾਂ। ਪਰ ਹੁਣ ਸੁਖਜੀਤ, ਰੇਵਤੀ ਤੇ ਰਾਜ ਦੇ ਚਿਹਰੇ ਮੇਰੇ ਸਾਹਮਣੇ ਆ ਖੜੋਂਦੇ ਹਨ। ਮੈਂ ਉਹਨਾਂ ਦੇ ਨਾਵਾਂ ਨਾਲ ਜ਼ਿੰਦਗੀ ਦੇ ਐਨੇ ਵਰ੍ਹੇ ਗੁਜ਼ਾਰੇ ਹਨ। ਅਪਣੀ ਪਤਨੀ ਦਾ ਨਾਉਂ ਵੀ ਸਬੱਬ ਨਾਲ ‘ਸ’ ਤੋਂ ਸ਼ੁਰੂ ਹੁੰਦਾ ਹੈ। ਉਸ ਦੀ ਯਾਦ ਵੀ ਇਸ ਨਾਉਂ ਨਾਲ ਜੁੜੀ ਹੋਈ ਹੈ। ਹੁਣ ਮੈਂ ਐੱਸ.ਤਰਸੇਮ ਨਾਉਂ ਨਾਲ ਦੂਰ ਦੂਰ ਤੱਕ ਜਾਣਿਆ ਜਾਂਦਾ ਹਾਂ। ਹੁਣ ਇਹ ਨਾਉਂ ਹੀ ਠੀਕ ਹੈ। ਜਿੰਨ੍ਹਾਂ ਨੂੰ ਇਸ ਨਾਉਂ ਵਿਚ ਕੁਝ ਵੀ ਗ਼ਲਤ ਲਗਦਾ ਹੈ, ਉਹ ਮੈਨੂੰ ਮਾਫ਼ ਕਰਨ। ਮਨੁੱਖ ਭੁੱਲਣਹਾਰ ਹੈ।

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!