ਜ਼ਿੰਦਗੀ ਆਪਣੇ ਆਪ ਵਿਚ ਹੀ ਇਕ ਹੈਰਾਨੀਜਨਕ ਤੇ ਲੰਮੇਰਾ ਸਫ਼ਰ ਹੈ। ਇਸ ਸਫ਼ਰ ’ਤੇ ਤੁਰ ਰਹੇ ਯਾਤਰੀ ਨੂੰ ਹੋਰ ਵੀ ਬਹੁਤ ਸਾਰੇ ਸਹਿਯਾਤਰੀ ਨਿੱਤ ਨਵੇਂ ਦਿਨ ਮਿਲਦੇ ਤੇ ਪਲ ਪਲ ਵਿਛੜਦੇ ਰਹਿੰਦੇ ਹਨ। ਇਨ੍ਹਾਂ ਸਭਨਾਂ ਦੇ ਵੱਖੋ ਵੱਖਰੇ ਚਿਹਰੇ, ਵੱਖ ਵੱਖ ਸੁਭਾਅ, ਬੋਲ ਬਾਣੀ ਤੇ ਵਰਤੋਂ ਵਿਚਾਰ ਵੀ ਅੱਡਰੇ ਅੱਡਰੇ ਅੰਦਾਜ਼ ਦੇ ਹੁੰਦੇ ਹਨ ਜੋ ਰੰਗਾਂ ਰੰਗੀਂ ਲਸਰਾਂ ਮਾਰਦੇ ਹੋਏ ਹੈਯਾਤੀ ਦੇ ਯਾਤਰਾ ਕਾਰਵਾਂ ਦੇ ਨਾਲ ਨਾਲ ਚੱਲਦੇ ਰਹਿੰਦੇ ਹਨ।
ਸਫ਼ਰ ਤਾਂ ਅਸੀਂ ਕਿਤੇ ਰੇਲ ਜਾਂ ਬੱਸ ਦਾ ਹੀ ਕਰ ਲਈਏ ਤਾਂ ਦੋ ਚਾਰ ਘੰਟੇ ਦੋਰਾਨ ਹੀ ਕਈ ਵਾਰ ਅਜਿਹੇ ਕਮਾਲ ਦੇ ਸਹਿ ਯਾਤਰੀ ਟਕਰਾ ਜਾਂਦੇ ਹਨ ਕਿ ਉਨ੍ਹਾਂ ਨੂੰ ਛੱਡ ਕੇ ਰੇਲ ਜਾਂ ਬੱਸ ’ਚੋਂ ਉਤਰਨ ਨੂੰ ਮਨ ਨਹੀਂ ਕਰਦਾ ਪਰ ਕੀਤਾ ਕੀ ਜਾਵੇ, ਇਹ ਤਾਂ ਮਹਿਜ਼ ਸਫ਼ਰ ਹੈ ਤੇ ਹਰ ਸਫ਼ਰ ਦਾ ਧਰਮ ਹੀ ਇਸ ਸੂਰਤ ਦਾ ਹੁੰਦਾ ਹੈ ਕਿ ਜਿਸਦੀ ਜਦ ਵੀ ਮੰਜ਼ਿਲ ਆ ਗਈ, ਉਹ ਹਰ ਹਾਲਤ ’ਚ ਵਿਛੜੇਗਾ ਹੀ, ਅੱਡ ਹੋਵੇਗਾ ਹੀ ਤੇ ਕੁਝ ਸਮੇਂ ’ਚ ਕੋਈ ਹੋਰ ਦੂਜਾ ਉਸਦੀ ਜਗ੍ਹਾ ਆ ਮੱਲੇਗਾ। ਤੇ ਫਿਰ ਇਹ ਯਾਤਰਾ ਇਸੇ ਸੂਰਤ ਵਿਚ ਅਗਾਂਹ, ਹੋਰ ਅਗਾਂਹ ਨੂੰ ਤੁਰਦੀ ਰਹਿੰਦੀ ਹੈ ਮੁਸੱਲਸਲ। ਤੇ ਯਾਤਰੀ ਪਲ ਪਲ ਵਿਛੜਦੇ ਤੇ ਮਿਲਦੇ ਰਹਿੰਦੇ ਹਨ। ਸੱਚਮੁੱਚ, ਇਹ ਜ਼ਿੰਦਗੀ ਇਕ ਨਦੀ ਵਾਂਗ ਹੈ ਜੋ ਆਪਣੀ ਜੀਵਨ ਤੋਰ ’ਚ ਲਗਾਤਾਰ ਅਗਾਂਹ ਤੋਂ ਅਗਾਂਹ ਵਹਿੰਦੀ ਤੁਰੀ ਰਹਿੰਦੀ ਹੈ।
ਤੁਸੀਂ ਚਾਹੇ ਕਿਸੇ ਵੀ ਕਰਮ ਖੇਤਰ ’ਚ ਹੋਵੋ, ਤੁਹਾਨੂੰ ਆਪਣੇ ਭਾਂਤੋ ਭਾਂਤ ਦੇ ਹਮਪੇਸ਼ਾ ਹਮਸਫ਼ਰ ਸਾਥੀ ਸੰਗੀ ਮਿਲਦੇ ਰਹਿੰਦੇ ਹਨ। ਉਨ੍ਹਾਂ ’ਚੋਂ ਕਈ ਏਨੇ ਕੌੜੇ ਕਿ ਇਕ ਦਮ ਹੀ ਥੂ ਥੂ ਕਰਕੇ ਜਿਵੇਂ ਥੁੱਕ ਹੀ ਦੇਈਦੇ ਹਨ। ਤੇ ਕੁਝ ਇਕ ਐਹੋ ਜਿਹੇ ਮਿੱਠੇ ਖੰਡ ਮਿਸ਼ਰੀ ਕਿ ਸ਼ਰਬਤਾਂ ਦੀਆਂ ਮਿੱਠੀਆਂ ਘੁੱਟਾਂ ਵਾਂਗ ਬਹੁਤ ਬਚਾ ਬਚਾ ਕੇ ਅੰਦਰ ਲੰਘਾਈਂਦੇ ਹਨ। ਡਰ ਹੁੰਦਾ ਹੈ ਕਿ ਉਨ੍ਹਾਂ ਦਾ ਸ਼ਹਿਦ ਵਰਗਾ ਸੰਗ ਸਾਥ ਕਿਤੇ ਜਲਦੀ ਛੁਟਕ ਨਾ ਜਾਵੇ। ਅਜਿਹੇ ਅਜ਼ੀਜ਼ ਹਮਰਾਹੀ ਬਹੁਤ ਛੇਤੀ ਤੁਹਾਡੇ ਦਿਲਾਂ ਮਨਾਂ ਦੀ ਸਤਹ ਉਤੇ ਪਾਣੀ ਉਪਰ ਡਿੱਗੇ ਤੇਲ ਦੇ ਕਤਰੇ ਵਾਂਗ ਛਾ ਜਾਂਦੇ ਹਨ, ਪਸਰ ਜਾਂਦੇ ਹਨ। ਰੂਹਾਂ ’ਚ ਉਤਰ ਜਾਂਦੇ ਹਨ, ਧੁਰ ਅੰਦਰੀਂ ਵੱਸ ਜਾਂਦੇ ਹਨ ਹਿਯਾਤੀ ਦੇ ਮਹਿਮਾਨ ਬਣਕੇ। ਇਕ ਦਿਨ ਉਹ ਭਾਵੇਂ ਕਿਤੇ ਦੁੂਰ ਦੁਰੇਡੇ ਵੀ ਚਲੇ ਜਾਣ ਪਰ ਫਿਰ ਵੀ ਉਨ੍ਹਾਂ ਦੀ ਮਿੱਠੜੀ ਯਾਦ ਉਮਰਾਂ ਤਕ ਲਈ ਤੁਹਾਡੇ ਦਿਲਾਂ ਮਨਾਂ ਦੀ ਮਹਿਮਾਨ ਹੋ ਕੇ ਸੰਗ ਸੰਗ ਵਿਚਰਦੀ ਰਹਿੰਦੀ ਹੈ। ਇਨਸਾਨ ਬੱਸ ਫਿਰ ਤਾ ਉਮਰ ਉਨ੍ਹਾਂ ਦਿਲਦਾਰ ਤੇ ਹਮਦਰਦ ਸਿਤਾਰਿਆਂ ਦੀਆਂ ਹੀ ਗੱਲਾਂ ਕਰਦਾ, ਦੁਹਰਾਉਂਦਾ, ਸੋਚਦਾ ਤੇ ਚਿਤਵਦਾ ਹੈ, ਕਦੀ ਕਦੀ ਆਪਣੀ ਕਲਮ ਕੁਝ ਨਾ ਕੁਝ।
ਕਈ ਹਮਸਫ਼ਰ ਅਜਿਹੇ ਵੀ ਮਿਲਦੇ ਹਨ ਜੋ ਆਪਣੇ ਪੈਗੰਬਰੀ ਚਲਨ ਤੇ ਅਨੋਖੇ ਜਿਹੇ ਕਿਰਦਾਰ ਰਾਹੀਂ ਸਾਨੂੰ ਜ਼ਿੰਦਗੀ ਦੀ ਹੁਸੀਨ ਤੇ ਮੁਤਬਰਕ ਪੁਸਤਕ ਦੇ ਅਜਿਹੇ ਬੇਸ਼ਕੀਮਤੀ ਸਬਕ ਪੜ੍ਹਾ ਜਾਂਦੇ ਹਨ ਕਿ ਫਿਰ ਉਹੋ ਹੀ ਅਮੋਲਕ ਸਰਮਾਇਆ ਉਮਰਾਂ ਤਕ ਦਾ ‘ਕਾਰੂ -ਖ਼ਜ਼ਾਨਾ’ ਬਣਕੇ ਸਾਡੇ ਬੁੱਧੀ ਵਿਵੇਕ ’ਚ ਬੈਠ ਜਾਂਦਾ ਹੈ, ਜੋ ਫਿਰ ਰੁੱਗਾਂ ਭਰ ਭਰ ਵੀ ਵੰਡੀ ਦਾ ਮੁੱਕਦਾ ਨਹੀਂ, ਸਗੋਂ ਹੋਰ ਦੂਣ ਸਵਾਇਆ ਹੋਈ ਜਾਂਦਾ ਹੈ। ਫਿਰ ਐਹੋ ਜਿਹੇ ਸਹਿਯਾਤਰੀਆਂ ਦੀ ਯਾਦ (ਜੇ ਤੁਸੀਂ ਕੋਈ ਭਾਵੁਕ ਜਿਹੇ ਬਸ਼ਰ ਜਾਂ ਕੋਈ ਕਲਮਕਾਰ, ਕਲਾਕਾਰ ਹੋ ਤਾਂ) ਹੋਰ ਹੋਰ ਵੀ ਸਤਾਉਂਦੀ, ਤੰਗ ਕਰਦੀ ਤੇ ਪਲ ਪਲ ਮਜ਼ਬੂਰ ਕਰਦੀ ਹੈ ਕਿ ਕਲਮ ਰਾਹੀਂ ਉਨ੍ਹਾਂ ਦੀ ਕੋਈ ਰੂਪ ਰੇਖਾ ਚਿੱਤਰਕੇ ਜ਼ਮਾਨੇ ਦੀ ਵੀ ਉਸ ਖੂਬਸੂਰਤ ਤਸਵੀਰ ਉੱਤੇ ਝਾਤ ਪਵਾਈ ਜਾਵੇ।
ਸੋ, ਹਰ ਇਕ ਬਸ਼ਰ ਵਾਂਗ ਮੇਰੇ ਦਿਲ ਮਨ ਦੀ ਧਰਤੀ ’ਚ ਵੀ ਅਜਿਹੇ ਖੂਬਸੂਰਤ ਤੇ ਵਿਲੱਖਣ ਕਿਰਦਾਰਾਂ ਦੇ ਕੁਝ ਬੀਜ ਵਰਿ੍ਹਆਂ ਤੋਂ ਖਿੱਲਰੇ ਪਏ ਹਨ, ਜਿਨ੍ਹਾਂ ’ਚੋਂ ਮੈਂ ਕਦੀ ਕਦੀ ਇਕ ਅੱਧੇ ਬੀਜ ਨੂੰ ਪੌਦਾ ਬਣਦਾ, ਦਿਲ ਮਨ ਦੀ ਧਰਤੀ ਦਾ ਕੜ ਪਾੜ ਕੇ ਉਪਰ ਨੂੰ ਹੋਰ ਉਪਰ ਨੂੰ ਆਉਂਦਾ ਹੋਇਆ ਮਹਿਸੂਸ ਕਰਦਾ ਰਹਿੰਦਾ ਹਾਂ। ਫਿਰ ਕੋਸ਼ਿਸ਼ ਏ ਕਿ ਉਸਦੇ ਹੋਰ ਉਪਰ ਨੂੰ ਆ ਕੇ ਆਪਣੇ ਸੁਹੱਪਣ ਤੇ ਸੁਹਜ ਦੀ ਬੱਝਵੀਂ ਛਟਾ ਬਿਖੇਰ ਲੈਣ ’ਚ ਉਸਦੀ ਕੁਝ ਨਾ ਕੁਝ ਸ਼ਾਬਦਿਕ ਮੱਦਦ ਵੀ ਕਰਾਂ। ਇੰਝ ਮੈਂ ਕਲਮ ਦੇ ਬੁਰਸ਼ ਨਾਲ ਉਸ ਦਾ ਸ਼ਬਦ ਚਿਤਰਣ ਕਰਨ ਬੈਠ ਜਾਂਦਾ ਹਾਂ। ਤੇ ਦੋਸਤੋ, ਇਸ ਵਕਤ ਇਕ ਬੇਹੱਦ ਮਾਰਮਿਕ ਤੇ ਕਮਾਲ ਦਾ ਕਿਰਦਾਰ ਮੇਰੇ ਵਿਵੇਕ ਦੀ ਧਰਤੀ ’ਚੋਂ ਉਪਰ ਆਉਣ ਲਈ ਅਹੁਲ ਰਿਹਾ ਹੈ – ਆਓ ਜ਼ਰਾ ਅੱਖਰਾਂ ’ਚੋਂ ਤੱਕੀਏ ਕਿ ਉਹ ਕਿਹੋ ਜਿਹਾ ਕਿਰਦਾਰ ਹੈ, ਜ਼ਿੰਦਗਾਨੀ ਦੇ ਯਾਤਰਾ ਮਾਰਗ ਦਾ।
ਮੈਂ ਕੁਝ ਸਾਲਾਂ ਦੀ ਨੌਕਰੀ ਦੌਰਾਨ ਜਾਟ ਰਜਮੈਂਟ ਦਾ ਵੀ ਅੰਗ ਰਿਹਾ ਹਾਂ। ਸਾਡੀ ਬਟਾਲੀਅਨ ਵਿਚ ਮੇਰੇ ਇਕ ਸਾਥੀ ਸਹਿਯੋਗੀ ਸੂਬੇਦਾਰ ਹੁੰਦੇ ਸਨ ਰਘੁਵਰ ਦਇਆਲ ਜੀ, ਜੋ ਪਿਛੋਂ ਰਾਜਪੂਤ ਗਰੁੱਪ ’ਚੋਂ ਬਦਲੀ ਹੋ ਕੇ ਆਏ ਸਨ। ਜੇ.ਸੀ.ਓ. ਮੈੱਸ ’ਚ ਅਸੀਂ ਇਕੱਠੇ ਇਕ ਕਮਰੇ ’ਚ ਰਿਹਾ ਕਰਦੇ ਸਾਂ। ਰਘੁਵਰ ਦਿਆਲ ਸਾਹਿਬ ਜਦ ਗੱਲਾਂ ਕਰਦੇ ਤਾਂ ਹਰ ਕਾਬਲੇ ਤਾਰੀਫ਼ ਗੱਲ ਨੂੰ ‘ਦਾਣੇਦਾਰ’ ਕਹਿ ਕੇ ਵਿਸ਼ੇਸ਼ਣ ਦਿਆ ਕਰਦੇ ਸਨ, ਜਿਵੇਂ ‘ਵੋ ਆਦਮੀ ਤੋ ਬਹੁਤ ‘ਦਾਣੇਦਾਰ’ ਹੈ’! ‘ਉਸ ਕਾ ਕਾਮ ਵੀ ਬਹੁਤ ‘ਦਾਣੇਦਾਰ’ ਹੈ’! ‘ਜੀ ਹਾਂ! ਆਪ ਤੋ ਮੇਰੇ ‘ਦਾਣੇਦਾਰ’ ਦੋਸਤ ਹੈਂ! ਆਦਿ ਆਦਿ। ਪੂਰੀ ਰਜਮੈਂਟ ਹੀ ਉਨ੍ਹਾਂ ਨੂੰ ਹੁਣ ‘ਦਾਣੇਦਾਰ ਸਾਹਿਬ’ ਕਹਿਕੇ ਪੁਕਾਰਦੀ ਤੇ ਗੱਲ ਕਰਦੀ। ਅਫ਼ਸਰ ਵੀ ਕਈ ਵਾਰ ਅਚਾਨਕ ਹੀ ਉਨ੍ਹਾਂ ਦਾ ਇਹੋ ਮੂੰਹ ਚੜ੍ਹਿਆ ਨਾਮ ਹੀ ਪੁਕਾਰ ਲੈਂਦੇ ਤੇ ਉਨ੍ਹਾਂ ਨਾਲ ਗੱਲ ਕਰ ਲੈਂਦੇ। ਕਈ ਵਾਰ ਤਾਂ ਅਸੀਂ ਉਨ੍ਹਾਂ ਦਾ ਇਉਂ ਅਸਲੀ ਨਾਮ ਹੀ ਭੁੱਲ ਜਾਂਦੇ ਤੇ ‘ਦਾਣੇਦਾਰ ਸਾਹਿਬ’ ਕਹਿ ਕੇ ਸੰਬੋਧਿਤ ਹੋ ਲੈਂਦੇ। ਉਹ ਹੱਸ ਪੈਂਦੇ। ਉਸ ਮੇਰੇ ਨਿਵੇਕਲੀ ਸਾਥੀ ਵਿਚ ਹੋਰ ਵੀ ਕਈ ਅਜਿਹੇ ਨਿਵੇਕਲੇ ਗੁਣ ਹੋਣ ਦੇ ਨਾਲ ਨਾਲ ਇਕ ਬੜੀ ਪਿਆਰੀ ਤੇ ਖੂਬਸੂਰਤ ਆਦਤ ਵੀ ਸੀ ਜੋ ਅੱਜ ਵੀ ਮੇਰੇ ਦਿਲ ਅੰਦਰ ਡੂੰਘੀ ਇੱਜ਼ਤ ਦੇ ਕਦਰ ਸਹਿਤ ਖੁਣੀ ਪਈ ਹੈ।
ਸਾਡੀ ‘ਬੈੱਡ-ਟੀ’ ਬੜੇ ਸਾਹਜਰੇ ਯਾਨੀ ਪਹਿਰ ਦੇ ਤੜਕੇ ਹੀ ਆ ਜਾਂਦੀ। ਮੈੱਸ ਬੁਆਏ ਭਰ ਭਰ ਗਿਲਾਸ ਸਭ ਦੀ ਸਾਈਡ ਟੇਬਲ ’ਤੇ ਰੱਖਦਾ ਜਾਂਦਾ ਤੇ ਮੂੰਹੋਂ ‘ਚਾਏ ਸਾਬ੍ਹ, ਚਾਏ ਸਾਬ੍ਹ!’ ਪੁਕਾਰਦਾ ਹਰੇਕ ਨੂੰ ਜਗਾਉਂਦਾ ਜਾਂਦਾ। ਮੈਂ ਉਠਕੇ ਵਾਸ਼ ਵੇਸਨ ’ਤੇ ਜਾ ਕੇ ਹੱਥ ਮੂੰਹ ਧੋਂਦਾ, ਅੱਖਾਂ ’ਤੇ ਛੱਟੇ ਮਾਰਦਾ ਤੇ ਇਕ ਦੋ ਕੁਰਲੀਆਂ ਕਰਕੇ ਮੁੜਕੇ ਆਪਣਾ ਚਾਹ ਦਾ ਗਿਲਾਸ ਚੁੱਕਦਾ ਤੇ ਸੂਬੇਦਾਰ ਰਘੁਵਰ ਜੀ ਨੂੰ ਵੀ ਜਗਾਉਂਦਾ, ‘ਦਾਣੇਦਾਰ ਸਾਹਿਬ ਨਮਸਕਾਰ, ਉਠੋ ਭਾਈ, ਚਾਏ ਆ ਗਈ।’
ਤੇ ਉਹ ‘ਰਾਮ ਰਾਮ ਸਾਹਿਬ, ਸਤਿ ਸ੍ਰੀ ਅਕਾਲ’ ਕਹਿੰਦਾ ਕਹਿੰਦਾ ਅੱਖਾਂ ਮਲਦਾ ਹੋਇਆ ਉੱਠਦਾ ਤੇ ਚਾਰਪਾਈ ਤੋਂ ਪੈਰ ਥੱਲੇ ਰੱਖਣ ਤੋਂ ਪਹਿਲਾਂ ਆਪਣਾ ਸੱਜਾ ਹੱਥ ਹੇਠਾਂ ਝੁਕਕੇ ਧਰਤੀ ’ਤੇ ਲਾਉਂਦਾ ਤੇ ਮੂੰਹ ‘ਚ ਗੁਣਗੁਣਾਉਂਦਾ-
‘ਮਾਂ! ਮੇਰੇ ਗੁਨਾਹ ਮੁਆਫ਼ ਕਰ ਦੇਨਾ, ਮੈਂ ਤੁਮ੍ਹਾਰੀ ਛਾਤੀ ਪੇ ਆਪਨਾ ਪਾਉਂ ਰੱਖ ਰਹਾ ਹੂੰ, ਮੁਝ ਛਮਾ ਕਰਨਾ ਮਾਂ!’ ਤੇ ਫਿਰ ਕਈ ਵਾਰ ਉਹ ਆਪਣਾ ਹੱਥ ਧਰਤੀ ’ਤੇ ਲਾ ਕੇ ਵਾਰ ਵਾਰ ਆਪਣੇ ਮੱਥੇ ਨੂੰ ਛੁਹਾਉਂਦਾ। ਮੈਨੂੰ ਉਸਦੀ ਇਹ ਕ੍ਰਿਆ ਬੇਹੱਦ ਦਿਲ ਛੂਹਵੀਂ ਲੱਗਦੀ। ਕਈ ਵਾਰ ਤਾਂ ਉਸਦੀ ਇਹ ਅਰਦਾਸ ਸੁਣਕੇ ਮੇਰੀਆ ਵੀ ਅੱਖਾਂ ਛਲਕ ਪੈਂਦੀਆਂ। ਮੈਂ ਪੁੱਛਣਾ, ‘ਦਾਣੇਦਾਰ ਸਾਹਿਬ’! ਯੇ ਆਦਤ ਆਪਕੋ ਕੈਸੇ ਪੜੀ? ਉਸ ਨੇ ਦੱਸਣਾ, ”ਸਾਬ੍ਹ! ਯੇ ਸਭ ਮੇਰੀ ਅੰਮਾ ਨੇ ਸਿਖਾਇਆ ਹੈ, ਕਹਾ ਕਰਤੀ ਥੀ, ਬੇਟਾ! ਮੈਂ ਤੁਮ੍ਹਾਰੇ ਪਾਸ ਹਰ ਜਗ੍ਹਾ ਨਹੀਂ ਜਾ ਸਕੂੰਗੀ, ਸਦਾ ਸਾਥ ਭੀ ਤੋਂ ਨਹੀਂ ਰਹੂੰਗੀ। ਬੇਟਾ ਧਰਤੀ ਮਾਂ ਤੋ ਤੇਰੇ ਹਮੇਸ਼ਾ ਸਾਥ ਸਾਥ ਰਹੇਗੀ, ਸੁਬਹ ਉਠਤੇ ਵਕਤ ਧਰਤੀ ਪੇ ਪਾਉਂ ਰਖਨੇ ਸੇ ਪਹਿਲੇ ਯੂ ਕਹਿ ਕਰ ਨਮਸਕਾਰ ਕਰਤੇ ਰਹਿਨਾ, ਬੇਟਾ! ਵੋ ਨਮਸਕਾਰ ਮੁਝੇ ਮਿਲੇਗੀ, ਤੇਰੀ ਮਾਂ ਕੋ ਮਿਲੇਗੀ। ਭਗਵਾਨ ਹਮੇਸ਼ਾ ਤੇਰੀ ਰਖਸ਼ਾ ਕਰੇਗਾ, ਮੇਰਾ ਆਸ਼ੀਰਵਾਦ ਹੈ ਤੁਝੇ।’
ਮੈਂ ਉਸਦੀ ਇਹ ਗੱਲ ਸੁਣ ਕੇ ਇਕਦਮ ਹੀ ਕਿਸੇ ਵਿਸਮਾਦ ਵਿਚ ਉਤਰ ਜਾਂਦਾ ਸਾਂ। ਲਗਦਾ ਮੇਰੀ ਮਾਂ ਵੀ ਮੈਨੂੰ ਅਸ਼ੀਰਵਾਦ ਘੱਲ ਰਹੀ ਹੈ। ਤੇ ਬਰਬਸ ਹੀ ਮੇਰੇ ਮੁੂੰਹੋਂ ਨਿਕਲ ਜਾਂਦਾ ‘ਅਰੇ ਦਾਣੇਦਾਰ ਸਾਹਿਬ! ਵਾਕਈ ਆਪ ਤੋ ਦਾਣੇਦਾਰ ਸਖਸ਼ ਹੈਂ, ਆਪਕੀ ਅੰਮਾ ਬਹੁਤ ਪਿਆਰੀ ਔਚ ਊਚੀ ਅੰਮਾ ਹੈ, ਮੇਰਾ ਆਪਕੀ ਅਜਿਹੀ ਦੇਵੀ ਸਰੂਪ ਅੰਮਾ ਕੋ ਭੀ ਨਮਸਕਾਰ ਹੈ!’ ਸੁਣਦਿਆਂ ਹੀ ਰਘੁਵਰ ਸਾਹਿਬ ਡਾਢੇ ਮੋਹ ਨਾਲ ਦੋ ਪਲ ਲਈ ਮੇਰੇ ਨਾਲ ਲਿਪਟ ਜਾਂਦੇ ਤੇ ਮੈਨੂੰ ਇਉਂ ਲਗਦਾ ਜਿਵੇਂ ਅਸੀਂ ਇਕ ਮਾਂ ਦੇ ਹੀ ਪੁੱਤਰ ਹੋਈਏ। ਮਨ ਕਹਿ ਉਠਦਾ; ਮਾਂ ਮਿੱਟੀ ’ਚ ਅਨੇਕਾਂ ਹੀ ਉੱਚੇ, ਸੁੱਚੇ ਵਰਦਾਨ ਸਮਾਏ ਪਏ ਹਨ ਪਰ ਉਨ੍ਹਾਂ ਨੂੰ ਕੋਈ ਮਾਈ ਦਾ ਲਾਲ ਹੀ ਪ੍ਰਾਪਤ ਕਰਿਆ ਕਰਦਾ ਹੈ।
ਕੋਈ ਸਰਵਨ, ਮਾਂ ਦਾ ਕੋਈ ਰਘੁਵਰ ਤੇ ਜਾਂ ਫਿਰ ਅੰਮਾ ਦਾ ਪਿਆਰਾ ‘ਦਾਣੇਦਾਰ ਸਾਹਿਬ’। – ਤੇ ਅੱਜ ਏਨੇ ਵਰਿ੍ਹਆਂ ਬਾਅਦ ਮੈਂ ਜਦੋਂ ਵੀ ਦਾਣੇਦਾਰ ਸਾਹਿਬ ਨੂੰ ਖਿਆਲਾਂ ’ਚ ਮਿਲਦਾ ਹਾਂ ਤਾਂ ਅੰਦਰੋਂ ਜਿਵੇਂ ਸਾਰਾ ਹੀ ਆਪਾ ਸਰਸ਼ਾਰਿਆ ਜਾਂਦਾ ਹੈ, ਮੱਥਾ ਅੰਮਾ ਦੇ ਆਦਰ ’ਚ ਝੁਕ ਜਾਂਦਾ ਹੈ। ਅੰਦਰੋਂ ਆਵਾਜ਼ ਆਉਂਦੀ ਹੈ ‘ਮਿੱਠੜੀ ਅੰਮਾ ਕੋ ਨਮਸਕਾਰ!’