ਬੜਾ ਹੈਰਾਨ ਹੁੰਦਾ ਸਾਂ
ਕਈ ਵਾਰੀ ਕਥਾ ਸੁਣ ਕੇ
ਕਿਵੇਂ ਪੰਜਾਂ ਦੇ ਹੱਥੋਂ, ਮਰ ਗਏ
ਉਹ ਸੌ ਭਰਾ ਆਖ਼ਿਰ?
ਜਦੋਂ ਕਿ ਮਰਨ ਵਾਲੇ ਵੀ
ਨਹੀਂ ਸਨ ਘੱਟ ਬਲਕਾਰੀ|
ਤੇ ਖਾ ਬੈਠੇ ਕਿਵੇਂ ਸਨ ਹਾਰ,
ਭੀਸ਼ਮ ਜਿਹੇ ਬ੍ਰਹਮਚਾਰੀ?
ਤੇ ਕਿਸ ਕਾਰਨ ਸੀ ਹਰਿਆ ਦ੍ਰੋਣਾ
ਅਪਣੇ ਚੇਲਿਆਂ ਹੱਥੋਂ ?
ਤੇ ਕਿਉਂ ਦਲ ਦਲ ’ਚ ਫਸ ਕੇ ਰਹਿ ਗਿਆ,
ਰਥ ਕਰਨ ਦਾ ਆਖ਼ਿਰ?
ਉਹ ਸੌ ਪੁੱਤਰ ਨੇ ਸਮਝਣ ਵਾਸਤੇ
ਉਸ ਲੋਭ ਦਾ ਚੱਕਰ
ਜੋ ਬਹੁਤੇ ਬਲ ਦੇ ਸਿਰ ’ਤੇ ਲੋਚਦੈ,
ਸਭ ਕੁਝ ਹੜਪ ਕਰਨਾ
ਤੇ ਆਖ਼ਿਰ ਮੂੰਹ ਦੀ ਖਾਂਦਾ ਹੈ|
ਤੇ ਬ੍ਰਹਮਚਾਰੀ ਨੂੰ ਲੈ ਬਹਿੰਦਾ ਹੈ,
ਵਿਭਚਾਰੀ ਦੇ ਵੱਲ ਹੋਣਾ|
ਤੇ ਨਾਰੀ ਨਾਸ਼ ਕਰ ਸਕਦੀ ਏ
ਅੰਨੀ ਹਵਸ ਨੂੰ ਇਕ ਦਿਨ
ਤੇ ਦਲ ਦਲ ਹੈ, ਗੁਨਾਹਗਾਰਾਂ ’ਚ
ਘਿਰ ਕੇ ਬੋਲ ਨਾ ਸਕਣਾ|
ਤੇ ਅਪਣੀ ਥਾਂ ਗੁਆ ਬਹਿੰਦੀ ਏ,
ਗੂੰਗੀ ਹੋ ਕੇ ਗੁਰਿਆਈ|
ਇਹ ਸਭ ਕੁਝ ਹੈ ਮਹਾਂਭਾਰਤ ’ਚ
ਜੋ ਸਿਰਜਕ ਨੇ ਦੱਸਿਆ ਹੈ
ਕੋਈ ਸਮਝੇ ਜਾਂ ਨਾ ਸਮਝੇ
ਜਾਂ ਸਮਝੇ ਧਰਮ ਦੇ ਖਾਤੇ ’ਚ ਪਾ ਕੇ,
ਕ੍ਰਿਸ਼ਨ ਦੀ ਲੀਲਾ
ਮਗਰ ਇਹ ਇਕ ਹਕੀਕਤ ਹੈ
ਜੋ ਅੱਜ ਦੇ ਆਦਮੀ ਨੂੰ ਵੀ
ਬੜਾ ਕੁਝ ਦੱਸ ਜਾਂਦੀ ਏ|