ਮਹਾਨ ਭਾਸ਼ਾ ਵਿਗਿਆਨੀ ਭਰਤ੍ਰਹਰੀ – ਮੰਗਤ ਰਾਏ ਭਾਰਦਵਾਜ

Date:

Share post:

ਪ੍ਰਾਚੀਨ ਭਾਰਤ ਦੀਆਂ ਵਿਗਿਆਨ ਅਤੇ ਗਣਿਤ ਦੇ ਕਈ ਖੇਤਰਾਂ ਵਿਚ ਉਪਲਬਧੀਆਂ ਸਭ ਤੋਂ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ। ਪਰ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਹਦੀਆਂ ਉਪਲਧੀਆਂ ਇੰਨੀਆਂ ਵੱਡੀਆਂ ਹਨ ਕਿ ਪੱਛਮੀ ਦੇਸ਼ ਓਥੋਂ ਤੱਕ ਵੀਹਵੀਂ ਸਦੀ ਵਿਚ ਪਹੁੰਚੇ ਹਨ ਜਾਂ ਹੁਣ ਦੀ ਸਦੀ ਵਿਚ ਪਹੁੰਚ ਰਹੇ ਹਨ।
ਢਾਈ ਹਜ਼ਾਰ ਤੋਂ ਵੀ ਵੱਧ ਸਾਲ ਪਹਿਲਾਂ ਰਚੇ ਗਏ ਪਾਣਿਨੀ ਦੇ ਸੰਸਕ੍ਰਿਤ ਭਾਸ਼ਾ ਦੇ ਵਿਆਕਰਣ ਅਸ਼ਟਾਧਿਆਈ ਦੇ ਮੁਕਾਬਲੇ ਦਾ ਕਿਸੇ ਵੀ ਹੋਰ ਭਾਸ਼ਾ ਦਾ ਵਿਆਕਰਣ ਹਾਲੇ ਤੱਕ ਨਹੀਂ ਲਿਖਿਆ ਜਾ ਸਕਿਆ। ਇਸ ਵਿਆਕਰਣ ਦੇ ਨਿਯਮ ਅੱਜਕੱਲ੍ਹ ਭਾਸ਼ਾ ਦੇ ਕੰਪਿਊਟਰ ਰਾਹੀਂ ਵਿਸ਼ਲੇਸ਼ਣ ਕਰਨ ਲਈ ਬਣਾਏ ਜਾ ਰਹੇ ਪ੍ਰੋਗਰਾਮਾਂ ਅਤੇ ਨੋਟੇਸ਼ਨਾਂ ਨਾਲ i ਇੰਨੇ ਜ਼ਿਆਦਾ ਮਿਲਦੇ ਜੁਲਦੇ ਹਨ ਕਿ ਇਹਨਾਂ ਨੂੰ ਸੌਖੀ ਤਰ੍ਹਾਂ ਕੰਪਿਊਟਰ ਨੋਟੇਸ਼ਨ ਵਿਚ ਬਦਲਿਆ ਜਾ ਸਕਦਾ ਹੈ ਅਤੇ ਇਹ ਕੰਮ ਕੀਤਾ ਵੀ ਜਾ ਰਿਹਾ ਹੈ। ਪਾਣਿਨੀ ਦੇ ਕੋਲ ਕੋਈ ਕੰਪਿਊਟਰ ਨਹੀਂ ਸੀ, ਪਰ ਉਹਨਾਂ ਦੀ ਸੋਚ ਦਾ ਗਣਿਤ ਇੰਨਾ ਸਪੱਸ਼ਟ ਅਤੇ ਸਹੀ ਹੈ ਕਿ ਨਿਰੋਲ ਬਾਈਨਰੀ ਗਣਿਤ ਦੇ ਆਧਾਰ ’ਤੇ ਕੰਮ ਕਰਨ ਵਾਲੇ ਕੰਪਿਊਟਰ ਦੇ ਐਲਗੋਰਿਦਮਾਂ ਵਿਚ ਵੀ ਪਾਣਿਨੀ ਦੇ ਵਿਆਕਰਣ ਦੇ ਨਿਯਮਾਂ ਦੀ ਵਰਤੋਂ ਹੋ ਰਹੀ ਹੈ। ਪੱਛਮ ਵਿਚ ਬਹੁਤ ਸਾਰੇ ਕੰਪਿਊਟਰ ਵਿਗਿਆਨੀਆਂ ਨੇ ਪਾਣਿਨੀ ਨੂੰ ਸਮਝਣ ਲਈ ਸੰਸਕ੍ਰਿਤ ਸਿੱਖਣੀ ਸ਼ੁਰੂ ਕਰ ਦਿੱਤੀ ਹੈ।
ਭਾਸ਼ਾ ਵਿਗਿਆਨੀ ਨੂੰ ਸੰਸਕ੍ਰਿਤ ਵਿਚ ‘ਵੈਯਾਕਰਣਿਕ’ ਜਾਂ ‘ਵੈਯਾਕਰਣ’ (ਉਚਾਰਣ ‘ਵਈਆਕਰਣ’) ਆਖਿਆ ਜਾਂਦਾ ਹੈ। ਕੋਈ ਵਈਆਕਰਣ ਆਮ ਤੌਰ ’ਤੇ ਦੋ ਕੰਮਾਂ ਵਿਚੋਂ ਕੋਈ ਇਕ ਕੰਮ ਜ਼ਿਆਦਾ ਕਰਦਾ ਹੈ-ਕਿਸੇ ਭਾਸ਼ਾ ਦੀ ਵਿਆਕਰਣ ਲਿਖਣਾ ਜਾਂ ਵਿਆਕਰਣ ਲਿਖਣ ਦੇ ਮੂਲ ਸਿਧਾਂਤਾਂ ਦਾ ਸਪੱਸ਼ਟੀਕਰਣ ਕਰਨਾ। ਪਹਿਲਾ ਕੰਮ ਕਰਨ ਵਾਲੇ ਨੂੰ ਅੰਗਰੇਜ਼ੀ ਵਿਚ ‘ਗਰੈਮੇਰੀਅਨ’ ਅਤੇ ਦੂਸਰਾ ਕੰਮ ਕਰਨ ਵਾਲੇ ਨੂੰ ‘ਥਿਉਰੈਟੀਕਲ ਲਿੰਗੁਇਸਟ’ ਆਖਿਆ ਜਾਂਦਾ ਹੈ। ਹਰ ਗਰੈਮੇਰੀਅਨ ਦਾ ਕੰਮ ਕੁਝ ਸਿਧਾਂਤਾਂ ਅਨੁਸਾਰ ਕੀਤਾ ਜਾਂਦਾ ਹੈ, ਭਾਵੇਂ ਉਹ ਉਹਨਾਂ ਸਿਧਾਂਤਾਂ ਨੂੰ ਸਪੱਸ਼ਟ ਰੂਪ ਵਿਚ ਪੇਸ਼ ਨਾ ਵੀ ਕਰੇ। ਪਾਣਿਨੀ ਮਹਾਨ ਗਰੈਮਰੀਅਨ ਸਨ, ਉਹਨਾਂ ਨੇ ਆਪਣੇ ਭਾਸ਼ਾ ਵਿਗਿਆਨਕ ਸਿਧਾਂਤਾਂ ਬਾਰੇ ਕੁਝ ਨਹੀਂ ਲਿਖਿਆ (ਜਾਂ ਜੇ ਲਿਖਿਆ ਵੀ ਤਾਂ ਉਹ ਲੁਪਤ ਹੋ ਗਿਆ)। ਪਾਣਿਨੀ ਤੋਂ ਹਜ਼ਾਰ ਸਾਲ ਮਗਰੋਂ ਉਹਨਾਂ ਦੇ ਸਿਧਾਂਤਾਂ ਦੀ ਵਿਆਖਿਆ ਮਹਾਨ ਥਿਉਰੈਟੀਕਲ ਲਿੰਗੁਇਸਟ ਭਰਤ੍ਰਹਰੀ ਨੇ ਕੀਤੀ, ਜਿਹਤੋਂ ਅੱਜ ਵੀ ਸੰਸਾਰ ਦੇ ਭਾਸ਼ਾ ਵਿਗਿਆਨੀ ਬਹੁਤ ਕੁਝ ਸਿੱਖ ਸਕਦੇ ਹਨ।

ਭਰਤ੍ਰਹਰੀ ਕੌਣ ਸਨ?

ਭਰਤ੍ਰਹਰੀ ਦਾ ਤਦਭਵ ਰੂਪ ‘ਭਰਥਰੀ’ ਹੈ। ਕੀ ਲੋਕ ਗਾਥਾਵਾਂ ਦੇ ਨਾਇਕ ਜੋਗੀ ਭਰਥਰੀ ਹੀ ਭਾਸ਼ਾ ਵਿਗਿਆਨੀ ਭਰਤ੍ਰਹਰੀ ਸਨ? ਲੋਕ ਗਾਥਾ ਇਹ ਹੈ ਕਿ ਰਾਜਾ ਭਰਥਰੀ ਆਪਣੀ ਰਾਣੀ ਪਿੰਗਲਾ ਨੂੰ ਬਹੁਤ ਪਿਆਰ ਕਰਦੇ ਸਨ, ਜਦ ਉਹਨਾਂ ਨੂੰ ਪਤਾ ਲੱਗਿਆ ਕਿ ਪਿੰਗਲਾ ਦੇ ਅਵੈਧ ਸਬੰਧ ਕਿਸੇ ਹੋਰ ਨਾਲ ਸਨ, ਤਾਂ ਉਹ ਸੰਸਾਰ ਤੋਂ ਵਿਰੱਕਤ ਹੋ ਕੇ ਸੰਨਿਆਸੀ ਬਣ ਗਏ। ਭਰਤ੍ਰਹਰੀ ਨਾਂ ਦੇ ਸੰਸਕ੍ਰਿਤ ਦੇ ਮਹਾਨ ਕਵੀ ਵੀ ਹੋਏ ਹਨ, ਜਿਹਨਾਂ ਨੇ ਸੌ-ਸੌ ਸ਼ਲੋਕਾਂ ਦੀਆਂ ਤਿੰਨ ਪੁਸਤਕਾਂ ਸ਼ਿ੍ਰੰਗਾਰ ਸ਼ਤਕ, ਨੀਤੀ ਸ਼ਤਕ ਅਤੇ ਵੈਰਾਗਯ ਸ਼ਤਕ ਦੀ ਰਚਨਾ ਕੀਤੀ। ਮੰਨਿਆ ਜਾਂਦਾ ਹੈ ਕਿ ਕਵੀ ਭਰਤ੍ਰਹਰੀ ਹੀ ਜੋਗੀ ਭਰਤ੍ਰਹਰੀ (ਭਰਥਰੀ) ਬਣੇ। ਤਿੰਨਾਂ ਸ਼ਤਕਾਂ ਦੀ ਕਵਿਤਾ ਬਹੁਤ ਉੱਚ ਕੋਟੀ ਦੀ ਹੈ। ਸ਼੍ਰਿੰਗਾਰ ਸ਼ਤਕ ਵਿਚ ਸ਼ਿੰਗਾਰ ਰਸ ਇੰਨਾ ਜ਼ਿਆਦਾ ਹੈ ਕਿ ਕਈ ਲੋਕ ਹੋਰਨਾਂ ਨੂੰ ਇਹ ਕਾਵਿ ਨਾ ਪੜ੍ਹਨ ਦੀ ਸਲਾਹ ਦਿੰਦੇ ਹਨ। ਲਾਲਾ ਹਰਦਿਆਲ ਨੇ ਆਪਣੀ ਕਿਤਾਬ Hints for Self Culture ਵਿਚ ਇਹੋ ਸਲਾਹ ਦਿੱਤੀ ਹੈ-ਖ਼ੁਦ ਇਹਨੂੰ ਪੜ੍ਹਨ ਮਗਰੋਂ…! ਮੈਂ ਗੁਨਾਹਗਾਰ ਹਾਂ ਕਿਉਂਕਿ ਮੈਂ ਹਰਦਿਆਲ ਦੀ ਕਿਤਾਬ ਪੜ੍ਹਨ ਮਗਰੋਂ ਇਹ ਸਲਾਹ ਨਹੀਂ ਮੰਨੀ।
ਜ਼ਿਆਦਾਤਰ ਵਿਦਵਾਨ ਇਹ ਮੰਨਦੇ ਹਨ ਕਿ ਭਾਸ਼ਾ ਵਿਗਿਆਨੀ ਭਰਤ੍ਰਹਰੀ ਕਵੀ ਭਰਤ੍ਰਹਰੀ ਤੋਂ ਕੋਈ ਸੌ ਕੁ ਸਾਲ ਮਗਰੋਂ ਪੰਜਵੀਂ ਸਦੀ ਈਸਵੀ ਵਿਚ ਹੋਏ ਹਨ। ਪਰ ਇਸ ਮੱਤ ਦੇ ਹੱਕ ਵਿਚ ਇਤਿਹਾਸਕ ਸਬੂਤਾਂ ਦੀ ਘਾਟ ਹੈ। ਕੋਈ ਕਾਰਣ ਨਹੀਂ ਕਿ ਇੱਕੋ ਵਿਅਕਤੀ ਰਾਜਾ, ਕਵੀ ਅਤੇ ਭਾਸ਼ਾ ਵਿਗਿਆਨੀ ਅਤੇ ਬਾਅਦ ਵਿਚ ਸੰਨਿਆਸੀ ਨਹੀਂ ਹੋ ਸਕਦਾ। ਰਬਿੰਦਰਨਾਥ ਟੈਗੋਰ ਵੀ ਤਾਂ ਕਵੀ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਫਿਲਾਸਫ਼ਰ, ਚਿਤ੍ਰਕਾਰ, ਸੰਗੀਤਕਾਰ, ਸੰਗੀਤ ਸ਼ਾਸਤ੍ਰੀ ਅਤੇ ਹੋਰ ਵੀ ਬਹੁਤ ਕੁਝ ਸਨ।
ਭਾਸ਼ਾਵਿਗਿਆਨੀ ਭਰਤ੍ਰਹਰੀ ਬਾਰੇ ਵੀ ਕਈ ਸਦੀਆਂ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਹ ਭਾਸ਼ਾਵਿਗਿਆਨੀ ਸਨ ਜਾਂ ਫ਼ਿਲਾਸਫ਼ਰ। ਉਹਨਾਂ ਨੇ ਖ਼ੁਦ ਬੜੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਹੈ ਕਿ ਉਹ ਭਾਸ਼ਾਵਿਗਿਆਨੀ ਹਨ, ਫ਼ਿਲਾਸਫ਼ਰ ਨਹੀਂ। ਪਰ ਉਹਨਾਂ ਨੇ ਭਾਸ਼ਾ ਵਿਗਿਆਨ ਦੇ ਸਿਧਾਂਤ ਇਸ ਢੰਗ ਨਾਲ ਪੇਸ਼ ਕੀਤੇ ਕਿ ਉਹ ਫਿਲਾਸਫ਼ੀ ਜਾਪਦੇ ਹਨ। ਇਹ ਗੱਲ ਨਾ ਤਾਂ ਵਈਆਕਰਣਾਂ ਨੂੰ ਚੰਗੀ ਲੱਗੀ ਅਤੇ ਨਾ ਹੀ ਫ਼ਿਲਾਸਫ਼ਰਾਂ ਨੂੰ ਹਜ਼ਮ ਹੋਈ। ਫ਼ਿਲਾਸਫ਼ਰ ਭਰਤ੍ਰਹਰੀ ਦਾ ਖਹਿੜਾ ਛੱਡਣ ਲਈ ਤਿਆਰ ਹੀ ਨਹੀਂ ਸਨ ਅਤੇ ਉਹਨਾਂ ਦੇ ਵਿਚਾਰਾਂ ਦਾ ਖੰਡਨ ਕਰਨਾ ਜ਼ਰੂਰੀ ਸਮਝਦੇ ਰਹੇ। ਭਰਤ੍ਰਹਰੀ ਖ਼ੁਦ ਵੇਦਾਂਤੀ ਸਨ, ਪਰ ਉਹਨਾਂ ਤੋਂ ਉਮਰ ਵਿਚ ਛੋਟੇ ਸਮਕਾਲੀ ਬੌਧ ਫ਼ਿਲਾਸਫ਼ਰ ਦਿਗਨਾਗ ਨੇ ਉਹਨਾਂ ਦੇ ਵਿਚਾਰਾਂ ਦਾ ਸਤਿਕਾਰ ਸਹਿਤ ਹਵਾਲਾ ਦੇ ਕੇ ਉਹਨਾਂ ਵਿਚੋਂ ਬੁੱਧ ਧਰਮ ਦੇ ਫ਼ਲਸਫ਼ੇ ਦੀਆਂ ਗੱਲਾਂ ਕੱਢੀਆਂ। ਭਰਤ੍ਰਹਰੀ ਦਾ ਭਾਸ਼ਾ ਵਿਗਿਆਨਕ ਸਿਧਾਂਤਕ ਗ੍ਰੰਥ ਵਾਕਯਪਦੀਯ ਬੌਧ ਮੱਠਾਂ ਵਿਚ ਪੜ੍ਹਾਇਆ ਜਾਂਦਾ ਰਿਹਾ। ਇਹ ਸੱਤਵੀਂ ਸਦੀ ਵਿਚ ਭਾਰਤ ਦੀ ਯਾਤਰਾ ’ਤੇ ਆਏ ਚੀਨੀ ਬੌਧ ਭਿਕਸ਼ੂ ਯੀ-ਜਿੰਗ ਨੇ ਦੇਖਿਆ ਅਤੇ ਉਹਨੇ ਭਰਤ੍ਰਹਰੀ ਨੂੰ ਬੌਧ ਲਿਖਿਆ ਹੈ। ਨੌਵੀਂ ਸਦੀ ਵਿਚ ਸੋਮਾਨੰਦ ਅਤੇ ਉਤਪਲਾਚਾਰਯ ਨੇ ਭਰਤ੍ਰਹਰੀ ਦੀ ਆਲੋਚਨਾ ਕੀਤੀ ਕਿ ਭਰਤ੍ਰਹਰੀ ਨੇ ਆਪਣੇ ਵਈਆਕਰਣ ਵਾਲੇ ਕੰਮ ਦੀ ਹੱਦ ਪਾਰ ਕਰਕੇ ਫ਼ਿਲਾਸਫ਼ੀ ਦੇ ਖੇਤਰ ਵਿਚ ਅਸਫਲ ਪ੍ਰਵੇਸ਼ ਕਿਉਂ ਕੀਤਾ। ਇਹਤੋਂ ਬਾਅਦ ਲਗਭਗ ਇਕ ਹਜ਼ਾਰ ਸਾਲਾਂ ਤੱਕ ਭਰਤ੍ਰਹਰੀ ਨੂੰ ਜ਼ਿਆਦਾ ਲੋਕਾਂ ਨੇ ਨਾ ਗੌਲਿਆ। ਵਈਆਕਰਣ ਭਰਤ੍ਰਹਰੀ ਨੂੰ ਫ਼ਿਲਾਸਫ਼ਰ ਸਮਦੇ ਰਹੇ, ਫ਼ਿਲਾਸਫ਼ਰ ਇਹਨਾਂ ਨੂੰ ਵਈਆਕਰਣ ਸਮਝਦੇ ਰਹੇ ਅਤੇ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਭਰਤ੍ਰਹਰੀ ਦੇ ਵਿਚਾਰਾਂ ਨੂੰ ਸਮਝਣਾ ਬਹੁਤ ਔਖਾ ਜਾਪਿਆ। ਜਦ ਵੀਹਵੀਂ ਸਦੀ ਵਿਚ ਭਾਰਤੀ ਅਤੇ ਪੱਛਮੀ ਸੰਸਕ੍ਰਿਤ ਵਿਦਵਾਨਾਂ ਨੇ ਭਰਤ੍ਰਹਰੀ ਦਾ ਫਿਰ ਤੋਂ ਅਧਿਐਨ ਕਰਨਾ ਸ਼ੁਰੂ ਕੀਤਾ, ਤਾਂ ਉਹਨਾਂ ਨੇ ਭਰਤ੍ਰਹਰੀ ਦਾ ਫ਼ਿਲਾਸਫ਼ਰ ਦੇ ਤੌਰ ’ਤੇ ਹੀ ਅਧਿਐਨ ਕੀਤਾ। ਭਰਤ੍ਰਹਰੀ ਦੀਆਂ ਨਿਰੋਲ ਭਾਸ਼ਾਵਿਗਿਆਨ ਦੇ ਖੇਤਰ ਵਿਚ ਪ੍ਰਾਪਤੀਆਂ ਬਾਰੇ ਨਾ ਹੋਣ ਬਰਾਬਰ ਲਿਖਿਆ ਗਿਆ ਹੈ।
ਭਰਤ੍ਰਹਰੀ ਖ਼ੁਦ ਨੂੰ ਫ਼ਿਲਾਸਫ਼ਰ ਨਹੀਂ ਮੰਨਦੇ ਸਨ, ਉਹਨਾਂ ਨੇ ਖ਼ੁਦ ਕਿਹਾ ਹੈ ਕਿ ਉਹਨਾਂ ਦਾ ਕੰਮ ‘ਸ਼ਬਦਾਰਥ’ ਦਾ ਅਧਿਐਨ ਕਰਨਾ ਹੈ, ‘ਵਸਤਵਰਥ’ (ਵਸਤਾਂ ਦੇ ਅਰਥ) ਦਾ ਅਧਿਐਨ ਕਰਨਾ ਨਹੀਂ, ਪਰ ਜਾਪਦਾ ਹੈ ਕਿ ਉਹਨਾਂ ਦੀ ਇਸ ਗੱਲ ਨਾਲ ਲੋਕ ਸਹਿਮਤ ਹੋਣ ਲਈ ਤਿਆਰ ਹੀ ਨਹੀਂ। ਇਹਦਾ ਖ਼ਾਸ ਕਾਰਣ ਹੈ, ਜਿਹਨੂੰ ਸਮਝਣ ਲਈ ਸਾਨੂੰ ਪਾਣਿਨੀ ਦੇ ਭਾਸ਼ਾਵਿਗਿਆਨ ਦੀਆਂ ਵੈਦਿਕ ਸਮੇਂ ਤੱਕ ਜਾਂਦੀਆਂ ਜੜ੍ਹਾਂ ਬਾਰੇ ਵਿਚਾਰ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਵਿਗਿਆਨਕਾਂ ਅਤੇ ਫ਼ਿਲਾਸਫ਼ਰਾਂ ਦੇ ਕੰਮ ਕਰਨ ਦੇ ਢੰਗਾਂ ਬਾਰੇ ਫ਼ਰਕ ਸਮਝ ਲੈਣਾ ਜ਼ਰੂਰੀ ਹੈ।

ਵਿਗਿਆਨ ਅਤੇ ਫ਼ਿਲਾਸਫ਼ੀ

ਵਿਗਿਆਨ ਅਤੇ ਫ਼ਿਲਾਸਫ਼ੀ ਦੋਹਾਂ ਦਾ ਮੰਤਵ ਬ੍ਰਹਿਮੰਡ ਅਤੇ ਸੰਸਾਰ ਨੂੰ ਸਮਝਣਾ ਹੈ। ਪਰ ਦੋਹਾਂ ਦਾ ਮੋਟਾ ਫ਼ਰਕ ਇਹ ਹੈ ਕਿ ਵਿਗਿਆਨ ਦਾ ਆਧਾਰ ‘ਅਨੁਭਵਸਿੱਧ’ (empirical) ਹੁੰਦਾ ਹੈ। ਗਿਆਨ ਇੰਦਰੀਆਂ ਅਤੇ ਇਹਨਾਂ ਸ਼ਕਤੀ ਵਿਚ ਵਾਧਾ ਕਰਨ ਵਾਲੇ ਯੰਤ੍ਰਾਂ ਅਤੇ ਉਪਕਰਣਾਂ ਦੀ ਮਦਦ ਨਾਲ ਤੱਥਾਂ ਦਾ ਨਿਰਮਾਣ ਅਤੇ ਅਧਿਐਨ ਕਰਕੇ ਇਹਨਾਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਹੀ ਕਿਸੇ ਖੇਤਰ ਦੇ ਨਿਯਮਾਂ ਨੂੰ ਲੱਭਦਾ ਹੈ। ਫ਼ਿਲਾਸਫ਼ੀ ਦੇ ਕੰਮ ਕਰਨ ਦਾ ਢੰਗ ‘ਨਿਗਮਨਕ’ (a priori) ਹੁੰਦਾ ਹੈ। ਜਾਣੀਆਂ ਪਛਾਣੀਆਂ ‘ਸਵੈ-ਸਿੱਧ’ ਗੱਲਾਂ ਦੇ ਆਧਾਰ ਤੋਂ ਤਰਕ (logic) ਦੀ ਮਦਦ ਨਾਲ ਹੋਰ ਗੱਲਾਂ ਤੱਕ ਪਹੁੰਚਿਆ ਜਾਂਦਾ ਹੈ। ਤਰਕ ਅਤੇ ਗਣਿਤ ਦੀ ਵਰਤੋਂ ਵਿਗਿਆਨ ਵਿਚ ਬਹੁਤ ਹੁੰਦੀ ਹੈ (ਅਤੇ ਅਕਸਰ ਤਰਕ ਅਤੇ ਗਣਿਤ ਨਾਲ ਕੱਢੇ ਸਿੱਟਿਆਂ ਦੀ ਪੁਸ਼ਟੀ ਲਈ ਤਜਰਬੇ ਵੀ ਕੀਤੇ ਜਾਂਦੇ ਹਨ ਅਤੇ ਹੋਰ ਤੱਥਾਂ ਦੇ ਵਿਸ਼ਲੇਸ਼ਣ ਮਗਰੋਂ ਲੋੜ ਅਨੁਸਾਰ ਇਹਨਾਂ ਸਿੱØਟਿਆਂ ਵਿਚ ਤਬਦੀਲੀ ਕੀਤੀ ਜਾਂਦੀ ਹੈ ਜਾਂ ਇਹ ਰੱਦ ਕਰ ਦਿੱਤੇ ਜਾਂਦੇ ਹਨ)। ਫ਼ਿਲਾਸਫ਼ਰ ਵੀ ਗਿਆਨ ਇੰਦਰੀਆਂ ਨਾਲ ਜਾਣੇ ਜਾਣ ਵਾਲੇ ਤੱਥਾਂ ਵੱਲ ਧਿਆਨ ਦਿੰਦੇ ਹਨ, ਪਰ ਦੋਹਾਂ ਦੇ ਦ੍ਰਿਸ਼ਟੀਕੋਣ ਵੱਖ ਰਹਿੰਦੇ ਹਨ। ਵਿਗਿਆਨ ਦਾ ‘ਅਨੁਭਵਸਿੱਧ’ ਆਧਾਰ ਅਤੇ ਫ਼ਿਲਾਸਫ਼ੀ ਦਾ ‘ਨਿਗਮਨਕ’ ਆਧਾਰ ਸਦਾ ਕਾਇਮ ਰਹਿੰਦਾ ਹੈ।
ਸੰਸਾਰ ਬਾਰੇ ਹਰ ਵਿਅਕਤੀ ਅਤੇ ਸੰਸਕ੍ਰਿਤੀ (ਕਲਚਰ) ਦੇ ਵੀ ਕੁਝ ਵਿਚਾਰ ਹੁੰਦੇ ਹਨ, ਜੋ ਥੋੜ੍ਹੇ ਬਹੁਤੇ ਤਰਕ ਦੀ ਮਦਦ ਨਾਲ ਆਪਸ ਵਿਚ ਜੁੜੇ ਹੁੰਦੇ ਹਨ। ਇਹਨਾਂ ਨੂੰ ਕਿਸੇ ਵਿਅਕਤੀ ਜਾਂ ਸੰਸਕ੍ਰਿਤੀ ਦਾ ਜੀਵਨ ਦਰਸ਼ਨ ਜਾਂ ਫ਼ਲਸਫ਼ਾ ਆਖਿਆ ਜਾਂਦਾ ਹੈ, ਜਿਸ ਵਿਚ ਮੁੱਢਲੇ ਵਿਗਿਆਨ ਅਤੇ ਫ਼ਿਲਾਸਫ਼ੀ ਦੋਹਾਂ ਦੇ ਅੰਸ਼ ਹੁੰਦੇ ਹਨ। ਵਿਗਿਆਨ ਅਤੇ ਫ਼ਿਲਾਸਫ਼ੀ ਦੋਵੇਂ ਇਸ ਜੀਵਨ ਦ੍ਰਿਸ਼ਟੀ ਤੋਂ ਸ਼ੁਰੂ ਹੁੰਦੇ ਹਨ, ਪਰ ਕੁਝ ਅੱਗੇ ਚੱਲ ਕੇ ਦੋਹਾਂ ਦੇ ਰਾਹ ਵੱਖ-ਵੱਖ ਹੋ ਜਾਂਦੇ ਹਨ। ਪਾਣਿਨੀ ਸੰਪ੍ਰਦਾਇ ਦੇ ਭਾਸ਼ਾਵਿਗਿਆਨੀ ਭਰਤ੍ਰਹਰੀ ਦਾ ਮੰਤਵ ਪਾਣਿਨੀ ਦੇ ਸੰਸਕ੍ਰਿਤ ਵਿਆਕਰਣ ਰਚਣ ਦੇ ਮੂਲ ਸਿਧਾਂਤਾਂ ਦੀ ਜੀਵਨ ਦ੍ਰਿਸ਼ਟੀ ਨੂੰ ਪੇਸ਼ ਕਰਨਾ ਸੀ। ਪਾਣਿਨੀ ਨੇ ਸੰਸਕ੍ਰਿਤ ਦਾ ਵਿਆਕਰਣ ਰਚਣ ਵੇਲੇ ਉਸ ਭਾਸ਼ਾ ਦੇ ਪਦਾਂ ਦੇ ਅਰਥ ਵੱਲ ਪੂਰਾ ਧਿਆਨ ਦਿੱਤਾ। ਭਰਤ੍ਰਹਰੀ ਨੇ ਸਪੱਸ਼ਟ ਕੀਤਾ ਕਿ ਪਦਾਂ ਦੀ ਬਣਤਰ ਅਤੇ ਵਰਤੋਂ ਦੇ ਜਿਹੜੇ ਨਿਯਮ ਪਾਣਿਨੀ ਨੇ ਸਪੱਸ਼ਟ ਕੀਤੇ ਉਹਨਾਂ ਦੇ ਪਿੱਛੇ ‘ਸ਼ਬਦਾਰਥ’ ਜਾਂ ਜੀਵਨ-ਦ੍ਰਿਸ਼ਟੀ ਕੀ ਸੀ। ਇਹ ਕੰਮ ਭਰਤ੍ਰਹਰੀ ਨੇ ਤਰਕ ਦੀ ਮਦਦ ਨਾਲ ਇੰਨੀ ਡੂੰਘਾਈ ਵਿਚ ਕੀਤਾ ਕਿ ਇਹ ਫ਼ਿਲਾਸਫ਼ੀ ਹੀ ਜਾਪਣ ਲੱਗ ਪਿਆ। ਕਿਸੇ ਵੀ ਕੁਦਰਤੀ ਭਾਸ਼ਾ ਦਾ ਜੀਵਨ ਦਰਸ਼ਨ ਤਰਕ ਜਾਂ ਲੌਜਿਕ ਦੇ ਅਸੂਲਾਂ ’ਤੇ ਸੌ ਫ਼ੀਸਦੀ ਪੂਰਾ ਨਹੀਂ ਉਤਰਦਾ। ਇਸ ਕਰਕੇ ਫ਼ਿਲਾਸਫ਼ਰਾਂ ਨੂੰ ਜਾਪਿਆ ਕਿ ਭਰਤ੍ਰਹਰੀ ਨੇ ਜੋ ਕਿਹਾ ਹੈ ਕਿ ਉਹ ਗ਼ਲਤ ਕਿਸਮ ਦੀ ਜਾਂ ਖ਼ਰਾਬ ਫ਼ਿਲਾਸਫ਼ੀ ਹੈ ਅਤੇ ਉਹ ਇਹਦਾ ਖੰਡਨ ਕਰਨ ਨਿਕਲ ਪਏ। ਭਰਤ੍ਰਹਰੀ ’ਤੇ ਉਹ ਕੰਮ ਗ਼ਲਤ ਢੰਗ ਨਾਲ ਕਰਨ ਦਾ ਦੋਸ਼ ਲਾਇਆ ਗਿਆ, ਜੋ ਕੰਮ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਹੀ ਨਹੀਂ ਸੀ। ਦਿਗਨਾਗ ਅਤੇ ਹੋਰ ਬੌਧ ਫ਼ਿਲਾਸਫ਼ਰਾਂ ਨੂੰ ਜੇ ਭਰਤ੍ਰਹਰੀ ਦੇ ਵਿਚਾਰ ਬੌਧ ਫ਼ਲਸਫ਼ੇ ਵਰਗੇ ਜਾਪੇ ਤਾਂ ਇਹਦਾ ਕਾਰਣ ਇਹ ਹੈ ਕਿ ਭਰਤ੍ਰਹਰੀ ਦੇ ਸਮੇਂ ਸੰਸਕ੍ਰਿਤ ਜਿਸ ਢੰਗ ਨਾਲ ਬੋਲੀ ਅਤੇ ਲਿਖੀ ਜਾਂਦੀ ਸੀ, ਉਹਦੇ ਵਿਚ ਸ਼ਬਦਾਂ ਅਤੇ ਪਦਾਂ ਦੇ ਰੂਪ ਤਾਂ ਪਾਣਿਨੀ ਦੇ ਵਿਆਕਰਣ ਦੇ ਅਨੁਸਾਰ ਠੀਕ ਸਨ, ਪਰ ਉਹਨਾਂ ਦੀ ਵਾਕਾਂ ਵਿਚ ਵਰਤੋਂ ਇਸ ਢੰਗ ਨਾਲ ਹੁੰਦੀ ਸੀ (ਖ਼ਾਸ ਤੌਰ ’ਤੇ ਕ੍ਰਿਆ ਦੇ ਕਾਲ ਜਾਂ ਟੈਂਸ ਵਾਲੇ ਰੂਪਾਂ ਦੀ ਥਾਂ ਕਾਰਦੰਤਕਾਂ ਅਤੇ ਕ੍ਰਿਆ-ਲੜੀਆਂ ਦੀ ਵਰਤੋਂ) ਜੋ ਉਸ ਵੇਲੇ ਬੋਲੀਆਂ ਜਾਣ ਵਾਲੀਆਂ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਭਾਸ਼ਾਵਾਂ ਦੀ ਵਾਕ ਬਣਤਰ ਤੋਂ ਪ੍ਰਭਾਵਿਤ ਸਨ। ਭਰਤ੍ਰਹਰੀ ਨੇ ਸੰਸਕ੍ਰਿਤ ਦੇ ਉਸ ਵੇਲੇ ਵਰਤੇ ਜਾਣ ਵਾਲੇ ਕ੍ਰਿਆ ਰੂਪਾਂ ਦਾ ਜੋ ਅਰਥ ਸਮਝਿਆ, ਉਹ ਲਿਖ ਦਿੱਤਾ। ਇਹ ਦ੍ਰਿਸ਼ਟੀਕੋਣ ਸਮੇਂ ਦੇ ਬਾਰੇ ਬੌਧ ਦ੍ਰਿਸ਼ਟੀਕੋਣ ਦੇ ਬਹੁਤ ਨੇੜੇ ਹੈ।

ਭਾਸ਼ਾ ਬਾਰੇ ਪ੍ਰਾਚੀਨ ਭਾਰਤੀ ਦ੍ਰਿਸ਼ਟੀਕੋਣ

ਰਿਗਵੇਦ ਦੇ ਸਮੇਂ ਤੋਂ ਹੀ ਭਾਰਤੀ ਲੋਕਾਂ ਨੇ ਭਾਸ਼ਾ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਭਾਸ਼ਾ ਨੂੰ ਵਾਚ ਦੇਵੀ ਆਖਿਆ ਜਾਂਦਾ ਸੀ। ਵਾਚ ਦੇਵੀ ਬਾਰੇ ਰਿਗਵੇਦ ਦਾ ਮੰਤ੍ਰ ਹੈ – ”ਕਈ ਲੋਕ ਦੇਖ ਸਕਦੇ ਹਨ, ਪਰ ਤਦ ਵੀ ਇਹਨੂੰ ਨਹੀਂ ਦੇਖ ਸਕਦੇ। ਕਈ ਲੋਕ ਸੁਣ ਸਕਦੇ ਹਨ, ਪਰ ਤਦ ਵੀ ਇਹਨੂੰ ਨਹੀਂ ਸੁਣ ਸਕਦੇ। ਪਰ ਵਾਚ ਖ਼ੁਦ ਨੂੰ ਕਈ ਲੋਕਾਂ ਦੇ ਹਵਾਲੇ ਇਸ ਤਰ੍ਹਾਂ ਕਰ ਦਿੰਦੀ ਹੈ, ਜਿਵੇਂ ਸੁਹਣੇ ਕੱਪੜਿਆਂ ਨਾਲ ਸਜੀ ਕੋਈ ਲਾੜੀ ਖ਼ੁਦ ਨੂੰ ਆਪਣੇ ਲਾੜੇ ਦੇ ਹਵਾਲੇ ਕਰ ਦਿੰਦੀ ਹੈ।” (10.71.4)। ਰਿਗਦੇਵ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਾਚ ਦੇ ਚਾਰ ‘ਚਰਣ’ ਹੁੰਦੇ ਹਨ, ਜਿਹਨਾਂ ਵਿਚੋਂ ਸਿਰਫ਼ ਇਕ ਚਰਣ ਦਾ ਹੀ ਅਨੁਭਵ ਅਸੀਂ ਕਰ ਸਕਦੇ ਹਾਂ। ‘ਚਰਣ’ ਦੇ ਕਈ ਅਰਥ ਹਨ, ਜਿਹਨਾਂ ਵਿਚੋਂ ਇਕ ਅਰਥ ‘ਪ੍ਰਗਤੀ ਦਾ ਪੜਾਓ’ ਵੀ ਹੈ, ਜਿਸ ਅਰਥ ਦੀ ਬਾਅਦ ਵਿਚ ਭਾਰਤੀ ਭਾਸ਼ਾਵਿਗਿਆਨੀਆਂ ਨੇ ਵਿਆਖਿਆ ਕੀਤੀ।
ਇਸ ਉਪਮਾ ਅਲੰਕਾਰ ਦਾ ਅਰਥ ਇੰਨਾ ਸਪੱਸ਼ਟ ਹੈ ਕਿ ਇਹਦੀ ਵਿਆਖਿਆ ਕਰਨ ਦੀ ਲੋੜ ਨਹੀਂ। ਪਰ ਇਸ ਵਿਚ ਸੁਹਣੇ ਕੱਪੜਿਆਂ ਦਾ ਜ਼ਿਕਰ ਬਿਨਾਂ ਵਜ੍ਹਾ ਨਹੀਂ ਕੀਤਾ ਗਿਆ। ਚੰਗਾ ਭਾਸ਼ਾਵਿਗਿਆਨੀ ਉਹ ਹੈ, ਜੋ ਭਾਸ਼ਾ ਦੇ ਬਾਹਰੀ ਆਵਰਣ ਦੇ ਹੇਠਾਂ ਇਹਦੇ ਅੰਗ-ਅੰਗ ਵਿਚ ਧੜਕਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨਾਲ ਜੋੜ ਕੇ ਮਹਿਸੂਸ ਕਰ ਸਕੇ। ਭਾਸ਼ਾ ਦੇ ਇਕ-ਇਕ ਸ਼ਬਦ, ਇਕ-ਇਕ ਵਾਕਾਂਸ਼ ਅਤੇ ਵਾਕ ਵਿਚ ਅਰਥ ਧੜਕਦੇ ਹਨ, ਜੋ ਅਰਥ ਉਸ ਭਾਸ਼ਾ ਨੇ ਆਪਣੇ ਸਮਾਜ ਵਿਚ ਕੰਮ ਕਰਦਿਆਂ ਗ੍ਰਹਿਣ ਕੀਤੇ ਹੁੰਦੇ ਹਨ। ਭਾਸ਼ਾ ਦੇ ਸਬੰਧ ਵਿਚ ਬੌਧਿਕ ਨਪੁੰਸਕ ਉਹ ਲੋਕ ਹੁੰਦੇ ਹਨ, ਜੋ ਆਪਣੀਆਂ ਅੱਖਾਂ ਅਤੇ ਕੰਨਾਂ ’ਤੇ ਗ਼ਲਤ ਧਾਰਨਾਵਾਂ ਦੇ ਖੋਪੇ ਚੜ੍ਹਾ ਲੈਂਦੇ ਹਨ ਅਤੇ ਅੱਖਾਂ ਦੇ ਪਿੱਛੇ ਅਤੇ ਕੰਨਾਂ ਦੇ ਵਿਚਾਲੇ ਖੋਪੜੀ ਦੇ ਅੰਦਰ ਕੁਦਰਤ ਵਲੋਂ ਬਖ਼ਸ਼ੇ ਸਲੇਟੀ ਰੰਗ ਦੇ ਮਾਦੇ ਦੀ ਵਰਤੋਂ ਨਹੀਂ ਕਰਦੇ। ਇਕ ਮਿਸਾਲ ਹਾਜ਼ਿਰ ਹੈ। ਉਨੀਂਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ ਵਿਚ ਪੰਜਾਬ ਵਿਚ ਕੁਝ ਬਦਕਿਸਮਤ ਫ਼ਿਰਕੂ ਲਹਿਰਾਂ ਚੱਲੀਆਂ, ਜਿਹਨਾਂ ਦੇ ਲੀਡਰਾਂ ਦੇ ਕੁਬੋਲਾਂ, ਕੁਲੇਖਾਂ ਅਤੇ ਕੁਕਰਮਾਂ ਸਦਕਾ ਪੰਜਾਬ ਵਿਚ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਸਿੱਖਾਂ ਨਾਲ ਬੱਝ ਗਈ, ਹਿੰਦੀ ਬੋਲੀ ਅਤੇ ਇਹਦੀ ਦੇਵਨਾਗਰੀ ਲਿਪੀ ਹਿੰਦੂਆਂ ਨਾਲ ਅਤੇ ਉਰਦੂ ਬੋਲੀ ਅਤੇ ਇਹਦੀ ਫ਼ਾਰਸੀ ਲਿਪੀ ਮੁਸਲਮਾਨਾਂ ਨਾਲ। ਕਿਸੇ ਅਗਿਆਨੀ ਅਤੇ ਸ਼ਾਵਨਵਾਦੀ ਸਿੱਖ ਨੇ ਇਹ ਪ੍ਰਚਾਰ ਸ਼ੁਰੂ ਕੀਤਾ ਕਿ ”ਪੰਜਾਬੀ ਫ਼ੋਨੈਟਿਕ ਭਾਸ਼ਾ ਹੈ, ਇਸ ਵਿਚ ਜਿੰਨੀਆਂ ਆਵਾਜ਼ਾਂ ਹਨ ਉਨੇ ਹੀ ਅੱਖਰ ਹਨ, ਇਸ ਵਿਚ ਜਿਵੇਂ ਬੋਲੋ ਤਿਵੇਂ ਲਿਖੋ ਅਤੇ ਜਿਵੇਂ ਲਿਖੋ ਤਿਵੇਂ ਪੜ੍ਹੋ।” ਭਾਸ਼ਾਵਿਗਿਆਨ ਦਾ ਹਲਕਾ ਜਿਹਾ ਗਿਆਨ ਰੱਖਣ ਵਾਲਾ ਵੀ ਕਹੇਗਾ ਕਿ ਇਹ ਸਭ ਸਰਾਸਰ ਬੱਕੜਵਾਹ ਹੈ। ਪਰ ਜਿਹਨਾਂ ਦੇ ਦਿਮਾਗ਼ ਵਿਚ ਇਹ ਗ਼ਲਤ ਧਾਰਨਾ ਘਰ ਕਰ ਚੁੱਕੀ ਹੈ, ਉਹ ਪੰਜਾਬੀ ਬੋਲੀ ਦੇ ਅਸਲ ਰੂਪ ਨੂੰ ਕਦੇ ਵੀ ਨਹੀਂ ਸੁਣਦੇ, ਸਗੋਂ ਇਹਨਾਂ ਆਵਾਜ਼ਾਂ ਨੂੰ ਗੁਰਮੁਖੀ ਲਿਪੀ ਦੇ ਅੱਖਰਾਂ ਦੇ ਰੂਪ ਵਿਚ ਦੇਖਦੇ ਹਨ। ਟੋਨ ਜਾਂ ਸ਼ਬਦਾਂ ਦੀ ਸੁਰ ਪੰਜਾਬੀ ਬੋਲੀ ਦੀ ਸ਼ਖ਼ਸੀਅਤ ਹੈ, ਜੋ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦਾ ਪ੍ਰਚਲਨ ਸ਼ੁਰੂ ਹੋਣ ਤੋਂ ਬਾਅਦ ਪੰਜਾਬੀ ਵਿਚ ਆਈ। ਇਸ ਕਰਕੇ ਗੁਰਮੁਖੀ ਲਿਪੀ ਵਿਚ ਟੋਨ ਨਹੀਂ ਲਿਖੀ ਜਾ ਸਕਦੀ। ਅਜਿਹੇ ਲੋਕਾਂ ਦੇ ਕੰਨ ਤਾਂ ਕੰਮ ਕਰਦੇ ਹਨ, ਪਰ ਉਹ ਪੰਜਾਬੀ ਦੀ ਟੋਨ ਨਹੀਂ ਸੁਣ ਸਕਦੇ ਅਤੇ ਟੋਨ ਦੀ ਥਾਂ ਉਹਨਾਂ ਨੂੰ ਗੁਰਮੁਖੀ ਦੇ ਉਹਨਾਂ ਅੱਖਰਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਜੋ ਕੇਂਦਰੀ ਪੰਜਾਬੀ ਵਿਚੋਂ ਕੋਈ ਤਿੰਨ ਚਾਰ ਸਦੀਆਂ ਪਹਿਲਾਂ ਲੁਪਤ ਹੋ ਗਈਆਂ। ਅਕਸਰ ਦੇਖਿਆ ਗਿਆ ਹੈ ਕਿ ਇਹ ਲੋਕ ਪੰਜਾਬੀ ਬਾਰੇ ਆਪਣੇ ਇਸ ਬੇਹੂਦਾ ਵਿਚਾਰ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੁੰਦੇ। ਅਜਿਹੇ ਲੋਕਾਂ ਬਾਰੇ (ਕਵੀ) ਭਰਤ੍ਰਹਰੀ ਨੇ ਕਿਹਾ ਹੈ –
”ਤੁਸੀਂ ਮਗਰਮੱਛ ਦੇ ਜਬਾੜ੍ਹੇ ਵਿਚੋਂ ਮੋਤੀ ਕੱਢ ਸਕਦੇ ਹੋ,
ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਵਿਚ ਤਰ ਸਕਦੇ ਹੋ, ਫੁੰਕਾਰਦੇ ਨਾਗ ਨੂੰ ਫੁੱਲਾਂ ਵਾਂਗ ਵਾਲਾਂ ਵਿਚ ਸਜਾ ਸਕਦੇ ਹੋ, ਪਰ ਕਿਸੇ ਅੜੀਅਲ ਮੂਰਖ ਨੂੰ ਸੱਚ ਦੱਸ ਕੇ ਉਹਦੇ ਵਿਚਾਰਾਂ ਨੂੰ ਨਹੀਂ ਬਦਲ ਸਕਦੇ।’’
ਅਜਿਹੇ ਅਖਾਉਤੀ ਭਾਸ਼ਾਵਿਗਿਆਨੀ ਵੀ ਮਿਲਦੇ ਹਨ, ਜਿਹਨਾਂ ਦੀ ਆਪਣੀ ਕੋਈ ਸੁਤੰਤਰ ਸੋਚ ਹੁੰਦੀ ਹੀ ਨਹੀਂ ਅਤੇ ਜਿਹਨਾਂ ਵਿਚ ਦਾਸ-ਬਿਰਤੀ ਇੰਨੀ ਜ਼ਿਆਦਾ ਭਰੀ ਹੁੰਦੀ ਹੈ ਕਿ ਉਹ ਪੱਛਮ ਤੋਂ ਮੰਗੀਆਂ ਹੋਈਆਂ ਐਨਕਾਂ ਲਾਏ ਬਿਨਾਂ ਕਿਸੇ ਭਾਸ਼ਾ ਨੂੰ ਦੇਖ ਹੀ ਨਹੀਂ ਸਕਦੇ ਅਤੇ ਉਧਾਰ ਲਈਆਂ ਸਿਧਾਂਤਕ ਬੈਸਾਖੀਆਂ ਤੋਂ ਬਿਨਾਂ ਆਪਣੇ ਪੈਰਾਂ ’ਤੇ ਖੜ੍ਹੇ ਹੀ ਨਹੀਂ ਹੋ ਸਕਦੇ। ਜੀਉਂਦੀ ਜਾਗਦੀ ਪੰਜਾਬੀ ਭਾਸ਼ਾ ਨੂੰ ਉਹਦੇ ਕਲਚਰਲ ਜਾਂ ਸਾਂਸਕ੍ਰਿਤਿਕ ਅਤੇ ਸਮਾਜਿਕ ਸੰਦਰਭ ਵਿਚ ਰੱਖ ਕੇ ਉਹਦਾ ਅਧਿਐਨ ਕਰਨ ਦੀ ਬਜਾਇ ਮੰਗੇ ਹੋਏ ਪੱਛਮੀ ਢਾਂਚਿਆਂ ਵਿਚ ਇਹਨੂੰ ਜ਼ਬਰਦਸਤੀ ਫ਼ਿਟ ਕਰੀ ਜਾਂਦੇ ਹਨ। (‘ਹੁਣ ਦੇ ਜਨਵਰੀ-ਅਪ੍ਰੈਲ 2006 ਵਾਲੇ ਅੰਕ ਵਿਚ ਇਹਦੇ ਬਾਰੇ ਲੇਖ ਮੈਂ ਛਪਵਾ ਚੁੱਕਿਆ ਹਾਂ) ।
ਸਾਨੂੰ ਵੱਧ ਤੋਂ ਵੱਧ ਫ਼ਿਲਾਸਫ਼ਰਾਂ, ਮਨੋਵਿਗਿਆਨੀਆਂ ਅਤੇ ਭਾਸ਼ਾਵਿਗਿਆਨੀਆਂ ਅਤੇ ਹੋਰ ਵਿਦਵਾਨਾਂ ਦੀਆਂ ਲਿਖਤਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਜਾਨਣਾ ਚਾਹੀਦਾ ਹੈ ਕਿ ਭਾਸ਼ਾਵਿਗਿਆਨ ਦੇ ਖੇਤਰ ਵਿਚ ਕੀ ਹੋ ਰਿਹਾ ਹੈ, ਇਹਨਾਂ ਦੇ ਵਿਚਾਰਾਂ ਤੋਂ ਅਸੀਂ ਕੀ ਲਾਭ ਉਠਾ ਸਕਦੇ ਹਾਂ। ਸੰਸਾਰ ਦੀਆਂ ਸਭ ਭਾਸ਼ਾਵਾਂ ਵਿਚ ਕੁਝ ਸਾਂਝੀਆਂ ਖ਼ਾਸੀਅਤਾਂ ਵੀ ਹਨ। ਸਾਨੂੰ ਦੇਖਣਾ ਚਾਹੀਦਾ ਹੈ ਕਿ ਹੋਰ ਭਾਸ਼ਾਵਿਗਿਆਨੀਆਂ ਦੇ ਕੀਤੇ ਹੋਰ ਭਾਸ਼ਾਵਾਂ ਦੇ ਅਧਿਐਨ ਤੋਂ ਅਸੀਂ ਆਪਣੀ ਭਾਸ਼ਾ ਬਾਰੇ ਵੀ ਸਿੱਖ ਸਕਦੇ ਹਾਂ। ਪਰ ਹਰ ਭਾਸ਼ਾ ਦੀ ਆਪਣੀ ਵੱਖਰੀ ਸ਼ਖ਼ਸੀਅਤ ਵੀ ਹੁੰਦੀ ਹੈ, ਜਿਹਦਾ ਸਤਿਕਾਰ ਹਰ ਭਾਸ਼ਾਵਿਗਿਆਨੀ ਨੂੰ ਲਾਜ਼ਮੀ ਤੌਰ ’ਤੇ ਕਰਨਾ ਚਾਹੀਦਾ ਹੈ। ਕਿਸੇ ਵੀ ਭਾਸ਼ਾ ਨੂੰ ਅੰਨ੍ਹੇਵਾਹ ਕਿਸੇ ਬਣੇ ਬਣਾਏ ਢਾਂਚੇ ਵਿਚ ਜ਼ਬਰਦਸਤੀ ਫ਼ਿਟ ਨਹੀਂ ਕਰਨਾ ਚਾਹੀਦਾ।
ਪਾਣਿਨੀ ਨੇ ਸੰਸਕ੍ਰਿਤ ਭਾਸ਼ਾ ਦਾ ਅਧਿਐਨ ਇਸ ਤਰ੍ਹਾਂ ਨਹੀਂ ਕੀਤਾ, ਕਿਸ ਤਰ੍ਹਾਂ ਬਾਇਓਲੋਜੀ ਦੇ ਵਿਦਿਆਰਥੀ ਮਰੇ ਹੋਏ ਡੱਡੂ ਦੀ ਚੀਰਫਾੜ ਕਰਦੇ ਹਨ। ਕਿਸੇ ਭਾਸ਼ਾ ਦੀ ਜ਼ਿੰਦਗੀ ਜਾਂ ਆਤਮਾ ਉਹ ਅਰਥ ਹੁੰਦੇ ਹਨ, ਜਿਹਨਾਂ ਦਾ ਪ੍ਰਗਟਾਵਾ ਅਤੇ ਸੰਚਾਰ ਕਰਨ ਦਾ ਕੰਮ ਉਹ ਭਾਸ਼ਾ ਆਪਣੇ ਸਮਾਜ ਅਤੇ ਸੰਸਕ੍ਰਿਤੀ ਵਿਚ ਕਰਦੀ ਹੈ। ਜੀਉਂਦੀ ਭਾਸ਼ਾ ਦਾ ਵਿਆਕਰਣਕ ਅਧਿਐਨ ਉਹਦੇ ਜੀਉਂਦੇ ਜਾਗਦੇ ਸਰੀਰ (living physiology) ਦੀ ਪ੍ਰਕਿਰਿਆ ਅਧਿਐਨ ਹੁੰਦਾ ਹੈ, ਉਹਦੇ ਬੇਜਾਨ ਸਰੀਰ ਦੀ ਬਣਤਰ (dead anatomy) ਦਾ ਨਹੀਂ। ਪਾਣਿਨੀ ਦੇ ਵਿਆਕਰਣ ਦਾ ਪਹਿਲਾ ਅਧਿਆਇ ਸੰਸਕ੍ਰਿਤ ਦੀ ਫ਼ੋਨੋਲੋਜੀ ਬਾਰੇ ਹੈ। ਅਸਲ ਵਿਆਕਰਣ ਦੂਸਰੇ ਅਧਿਆਇ ਤੋਂ ਸ਼ੁਰੂ ਹੁੰਦਾ ਹੈ, ਜਿਹਦਾ ਪਹਿਲਾ ਸੂਤ੍ਰ ਇਹ ਹੈ – ”ਇਹਤੋਂ ਬਾਅਦ ਦੇ ਜਿਹੜੇ ਨਿਯਮ ਪੂਰੇ ਸ਼ਬਦਾਂ (ਪਦਾਂ) ਬਾਰੇ ਹਨ, ਉਹ ਨਿਯਮ ਸਮਰਥ ਪਦਾਂ ਬਾਰੇ ਹਨ।’’ ‘ਸਮਰਥ’ ਸ਼ਬਦ ‘ਸਮ’ (ਇਕੱਠੇ) ਅਤੇ ‘ਅਰਥ’ (ਯੋਗਤਾ, ਸਰਮਾਇਆ, ਇਰਾਦਾ ਵਗ਼ੈਰਾ) ਮਿਲ ਕੇ ਬਣਿਆ ਹੈ। ਸਮਰਥ ਸ਼ਬਦ ਉਹ ਹਨ, ਜੋ ਸ਼ਬਦਾਂ ਨਾਲ ਮਿਲ ਕੇ ਵਾਕਾਂ ਦੀ ਸਿਰਜਣਾ ਕਰਨ ਦੇ ਯੋਗ ਹਨ, ਜੋ ਹੋਰ ਸ਼ਬਦਾਂ ਨਾਲ ਮਿਲ ਕੇ ਵਾਕ ਰਚਨਾ ਕਰਨ ਦੇ ਸਮਰੱਥ ਹਨ। ਸ਼ਬਦਾਂ ਵਿਚ ਇਹ ਸਮਰੱਥਾ ਇਸ ਕਰਕੇ ਆਉਂਦੀ ਹੈ ਕਿ ਬੀਤੇ ਸਮੇਂ ਵਿਚ ਇਹਨਾਂ ਦੀ ਵਰਤੋਂ ਸਮਾਜਿਕ ਜ਼ਿੰਦਗੀ ਵਿਚ ਹੋਰ ਸ਼ਬਦਾਂ ਨਾਲ ਮਿਲ ਕੇ ਅਰਥਾਂ ਦਾ ਪ੍ਰਗਟਾਵਾ ਕਰਨ ਲਈ ਕੀਤੀ ਗਈ ਸੀ। ਪਾਣਿਨੀ ਨੇ ਸਮਾਜ ਵਿਚ ਵਰਤੀਂਦੀ ਜੀਉਂਦੀ ਜਾਗਦੀ ਭਾਸ਼ਾ ਦਾ ਵਿਆਕਰਣ ਰਚਿਆ। ਇਸ ਵਿਆਕਰਣ ਦੇ ਮਹਾਨ ਹੋਣ ਦਾ ਇਕ ਕਾਰਣ ਇਹ ਵੀ ਹੈ।
ਪਾਣਿਨੀ ਤੋਂ ਤਿੰਨ ਜਾਂ ਚਾਰ ਸਦੀਆਂ ਬਾਅਦ ਪਤੰਜਲੀ ਨੇ ਪਾਣਿਨੀ ਦੇ ਵਿਆਕਰਣ ਦੀ ਟੀਕਾ ਮਹਾਭਾਸ਼ਯ ਲਿਖੀ, ਜਿਹਦੇ ਵਿਚ ਵਾਰਤਾਲਾਪ ਦੇ ਰੂਪ ਵਿਚ ਲਿਖਿਆ ਹੈ :
”ਆਚਰਯ ਪਾਣਿਨੀ ਨੇ ਕਿਸ ਮਾਨਤਾ ਦੇ ਅਧਾਰ ਅਤੇ ਆਪਣਾ ਵਿਆਕਰਣ ਰਚਿਆ?’’
”(ਇਸ ਮਾਨਤਾ ਦੇ ਆਧਾਰ ’ਤੇ) ਕਿ ਸ਼ਬਦਾਂ ਅਤੇ ਅਰਥਾਂ ਦਾ ਸਬੰਧ ਸਿੱਧ (ਪੱਕੇ ਤੌਰ ‘ਤੇ ਸਥਾਪਿਤ ਹੋਇਆ) ਹੈ।’’
(ਸਿੱਧੇ ਸ਼ਬਦਾਰਥਸੰਬੰਧੇ)
ਸਭ ਤੋਂ ਪਹਿਲਾਂ ਪਤੰਜਲੀ ਨੇ ਹੀ ਸਪੱਸ਼ਟ ਰੂਪ ਵਿਚ ਕਿਹਾ ਸੀ ਕਿ ਭਾਸ਼ਾਵਿਗਿਆਨੀ ਨੂੰ ਫ਼ਿਲਾਸਫ਼ਰ ਬਨਣ ਦਾ ਯਤਨ ਨਹੀਂ ਕਰਨਾ ਚਾਹੀਦਾ। ”ਦੁਨਿਆਵੀ ਵਸਤਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਸਾਨੂੰ ਕੀ ਲਾਭ?” ਭਰਤ੍ਰਹਰੀ ਨੇ ਪਤੰਜਲੀ ਦੇ ਮਹਾਭਾਸ਼ਯ ’ਤੇ ਮਹਾਭਾਸ਼ਯ ਦੀਪਿਕਾ ਲਿਖੀ ਜਿਸ ਵਿਚ ਉਹਨਾਂ ਨੇ ਲਿਖਿਆ-”ਸ਼ਬਦ ਜੋ ਕੁਝ ਕਹਿੰਦਾ ਹੈ ਉਹੀ ਵਈਆਕਰਣ ਲਈ ਵਿਸ਼ੇ-ਵਸਤੂ ਹੈ।’’ (16-18)

ਸਿਧਾਂਤਕ ਭਾਸ਼ਾਵਿਗਿਆਨੀ ਭਰਤ੍ਰਹਰੀ

ਇਹ ਤਾਂ ਪੱਕਾ ਪਤਾ ਹੈ ਕਿ ਭਰਤ੍ਰਹਰੀ ਨੇ ਮਾਹਾਭਾਸ਼ਯ ਦੀਪਿਕਾ ਅਤੇ ਵਾਕਯਪਦੀਯ ਗ੍ਰੰਥ ਲਿਖੇ। ਵਾਕਯਪਦੀਯ ਦੇ ਕੁਝ ਹਿੱਸਿਆਂ ਦੀ ਵਿ੍ਰੱਤਿ ਨਾਂ ਦੀ ਵਿਆਖਿਆ ਅਤੇ ਸ਼ਬਦਧਾਤੁਸਮੀਕਸ਼ਾ ਵੀ ਸ਼ਾਇਦ ਉਹਨਾਂ ਦੀਆਂ ਰਚਨਾਵਾਂ ਹੋ ਸਕਦੀਆਂ ਹਨ। ਇਹਨਾਂ ਤੋਂ ਇਲਾਵਾ ਤਿੰਨ ਕਾਵਿ ਸ਼ਤਕ ਅਤੇ ਭੱਟਿ ਨਾਂ ਦੇ ਕਵੀ ਦਾ ਲਿਖਿਆ ਵਿਆਕਰਣ ਦੀ ਸਿੱਖਿਆ ਦੇਣ ਵਾਲਾ ਭੱਟਿਕਾਵਯ ਵੀ ਭਰਤ੍ਰਹਰੀ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਭਰਤ੍ਰਹਰੀ ਦਾ ਹੀ ਛੋਟਾ ਨਾਂ ਭੱਟਿ ਸੀ। ਇਹ ਵਿਵਾਦ ਦੇ ਵਿਸ਼ੇ ਹਨ, ਪਰ ਭਰਤ੍ਰਹਰੀ ਦੇ ਸਮੁੱਚੇ ਭਾਸ਼ਾਵਿਗਿਆਨਕ ਸਿਧਾਂਤਾਂ ਦਾ ਪਤਾ ਵਾਕਯਪਦੀਯ ਤੋਂ ਹੀ ਲਗ ਜਾਂਦਾ ਹੈ। ਵੇਦਾਂਤੀ ਫ਼ਲਸਫ਼ੇ ਨੂੰ ਮੰਨਣ ਵਾਲੇ ਭਰਤ੍ਰਹਰੀ ਵਾਕਯਪਦੀਯ ਗ੍ਰੰਥ ਦਾ ਆਰੰਭ ਸ਼ਬਦਬ੍ਰਹਮ ਦੀ ਆਰਾਧਨਾ ਨਾਲ ਕਰਦੇ ਹਨ ਅਤੇ ਸ਼ੁਰੂ ਵਿਚ ਹੀ ਕਹਿੰਦੇ ਹਨ ਕਿ ਵਿਆਕਰਣ ਦਾ ਅਧਿਐਨ ਕਰਨ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਪਰ ਨਾਲ ਹੀ ਭਰਤ੍ਰਹਰੀ ਦਾ ਇਹ ਮੱਤ ਵੀ ਸੀ ਕਿ ਵਿਆਕਰਣ ਸ਼ਾਸਤ੍ਰ ਕਿਸੇ ਇਕ ਫ਼ਿਲਾਸਫ਼ੀ ਦੇ ਅਨੁਸਾਰ ਨਹੀਂ ਲਿਖਿਆ ਜਾਣਾ ਚਾਹੀਦਾ, ਸਗੋਂ ਇਹ ਸਭ ਫ਼ਿਲਾਸਫ਼ੀਆਂ ਦੇ ਧਾਰਨੀਆਂ ਨੂੰ ਮਾਨਯ ਹੋਣਾ ਚਾਹੀਦਾ ਹੈ। ਦੂਸਰੇ ਸ਼ਬਦਾਂ ਵਿਚ, ਭਾਸ਼ਾਵਿਗਿਆਨੀ ਨੂੰ ਕਿਸੇ ਇਕ ਫ਼ਿਲਾਸਫ਼ੀ ਦਾ ਦਾਸ ਨਹੀਂ ਬਣਨਾ ਚਾਹੀਦਾ। ਭਾਰਤ ਵਿਚ ਬੌਧ ਵਿਹਾਰਾਂ ਵਿਚ ਵੇਦਾਂਤੀ ਭਰਤ੍ਰਹਰੀ ਦਾ ਗ੍ਰੰਥ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਰਿਹਾ। ਜਿਵੇਂ ਅਸੀਂ ਅੱਗੇ ਚੱਲ ਕੇ ਦੇਖਾਂਗੇ, ਪੱਛਮੀ ਭਾਸ਼ਾਵਿਗਿਆਨੀਆਂ ਨੂੰ ਇਹ ਗੱਲ ਬੜੀ ਦੇਰ ਨਾਲ ਸਮਝ ਆਈ (ਅਤੇ ਕਈਆਂ ਨੂੰ ਹਾਲੇ ਵੀ ਸਮਝ ਨਹੀਂ ਆਈ) ਕਿ ਭਾਸ਼ਾਵਿਗਿਆਨੀ ਨੂੰ ਕਿਸੇ ਖ਼ਾਸ ਰਸਮੀ ਕਿਸਮ ਦੇ ਫ਼ਿਲਾਸਫ਼ੀ ਸਕੂਲ ਦਾ ਦਾਸ ਨਹੀਂ ਬਣ ਜਾਣਾ ਚਾਹੀਦਾ।
ਸੰਸਾਰ ਅਤੇ ਸੰਸਾਰਕ ਵਸਤੂਆਂ ਦੀ ਅਸਲੀਅਤ ਜਾਨਣ ਦਾ ਯਤਨ ਕਰਨਾ ਭਾਸ਼ਾਵਿਗਿਆਨੀ ਦਾ ਕੰਮ ਨਹੀਂ। ਉਹਦਾ ਮਤਲਬ ‘ਸ਼ਬਦਾਰਥ’ ਯਾਨਿ ਸ਼ਬਦਾਂ ਦੇ ਰੂਪਾਂ ਅਤੇ ਉਹਨਾਂ ਦੇ ਅਰਥਾਂ ਦੇ ਨਾਲ ਹੈ, ‘ਵਸਤਵਰਥ’ (ਵਸਤੂਆਂ ਦੇ ਅਰਥ) ਨਾਲ ਨਹੀਂ। ਸੰਸਾਰਕ ਵਸਤਾਂ ਦੇ ਇੰਨੇ ਜ਼ਿਆਦਾ ਪਹਿਲੂ ਜਾਂ ਪੱਖ ਹੁੰਦੇ ਹਨ ਕਿ ਉਹਨਾਂ ਸਭਨਾਂ ਦੀਆਂ ਖ਼ਾਸੀਅਤਾਂ ਹਾਲਾਤ, ਸਮੇਂ ਅਤੇ ਸਥਾਨ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ। ਵਈਆਕਰਣ ਦੇ ਕੰਮ ਦਾ ਸਬੰਧ ਉਹਨਾਂ ਅਰਥਾਂ ਨਾਲ ਹੈ, ਜਿਹਨਾਂ ਦਾ ਪ੍ਰਗਟਾਵਾ ਸ਼ਬਦ ਕਰਦੇ ਹਨ। ਸ਼ਬਦਾਂ ਤੋਂ ਸੁਤੰਤਰ ਜੇ ਕੋਈ ਸੱਚ ਹੈ, ਤਾਂ ਉਹਦਾ ਵਈਆਕਰਣ ਦੇ ਕੰਮ ਲਈ ਕੋਈ ਮਹੱਤਵ ਨਹੀਂ। ਵਈਆਕਰਣ ਦਾ ਕੰਮ ਵਿਗਿਆਨ ਦੇ ‘ਅਨੁਭਵਸਿੱਧ’ (empirical) ਖੇਤਰ ਵਿਚ ਆਉਂਦਾ ਹੈ, ਫ਼ਿਲਾਸਫ਼ੀ ਦੇ ‘ਨਿਗਮਨਕ’ (a priori) ਖੇਤਰ ਵਿਚ ਨਹੀਂ। ਭਰਤ੍ਰਹਰੀ ਦੇ ਗ੍ਰੰਥ ਦਾ ਧਿਆਨ ਨਾਲ ਅਧਿਐਨ ਕਰਨ ਤੋਂ ਪਤਾ ਲੱਗਦਾ ਹੈ, ਉਹਨਾਂ ਦੇ ਵਿਚਾਰਾਂ ਦੇ ਤਰਕ ਦਾ ਅਧਾਰ ਸੰਸਕ੍ਰਿਤ ਭਾਸ਼ਾ ਦੇ ਪਦਾਂ ਤੇ ਸੰਸਾਰਿਕ ਅਰਥ ਹਨ, ਕੋਈ ਕਲਪਿਤ ‘ਸਵੈ-ਸਿੱਧ’ ਮਾਨਤਾਵਾਂ ਨਹੀਂ।

‘ਸੰਸਾਰਿਕ ਪੱਧਰ’

ਭਰਤ੍ਰਹਰੀ ਨੇ ਸਪੱਸ਼ਟ ਕਿਹਾ ਹੈ ਕਿ ਉਹ ਭਾਸ਼ਾ ਦੀ ਸੰਸਾਰਿਕ ਪੱਧਰ ’ਤੇ ਵਰਤੋਂ ਦਾ ਅਧਿਐਨ ਕਰਦੇ ਹਨ। ”ਜਦ ਕੋਈ ਵਿਦਵਾਨ ਅਤੇ ਕੋਈ ਬੱਚਾ ਸੰਸਾਰਿਕ ਪੱਧਰ ’ਤੇ ਗੱਲਬਾਤ ਕਰਦੇ ਹਨ ਤਾਂ ਉਹ ਚੀਜ਼ਾਂ ਨੂੰ ਦੇਖਦੇ ਹਨ ਅਤੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ। ਇਸ ਕਰਕੇ ਜਿਥੋਂ ਤੱਕ ਚੀਜ਼ਾਂ ਨੂੰ ਸਮਝਣ ਅਤੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਹੈ, ਉਹ ਦੋਵੇਂ ਇਕੋ ਸਥਿਤੀ ਵਿਚ ਹੁੰਦੇ ਹਨ।’’ (ਵਾਕਯਪਦੀਯ 3.3.55)। ਉਹਨਾਂ ਨੇ ਕਦੇ ਵੀ ਭਾਸ਼ਾ ਦੇ ਅਰਥਾਂ ਨੂੰ ”ਲੋਕ ਵਿਵਹਾਰ” ਤੋਂ ਨਿਖੇੜ ਕੇ ਨਹੀਂ ਵਿਚਾਰਿਆ। ਜਦ ਕਿਸੇ ਬੱਚੇ ਨੂੰ ਇੰਜ ਕਹੀਏ ਕਿ ”ਰੋਣ ਵਾਲੇ ਨਿਆਣੇ ਨੂੰ ਸ਼ੇਰ ਖਾ ਜਾਂਦਾ ਹੈ’’, ਤਾਂ ਇਹਦਾ ਅਸਲ ਅਰਥ ਇਹ ਹੁੰਦਾ ਹੈ ”ਰੋ ਨਾ”। ”ਸੂਰਜ ਵੱਲ ਦੇਖ’’ ਕਹਿਣ ਦਾ ਅਸਲ ਅਰਥ ਇਹ ਹੋ ਸਕਦਾ ਹੈ – ”ਦੇਰ ਹੋ ਗਈ ਹੈ”।
ਸੰਸਾਰਿਕ ਪੱਧਰ ’ਤੇ ਭਾਸ਼ਾ ਦੀ ਵਰਤੋਂ ਬਹੁਤ ਜ਼ਿਆਦਾ ਅਤੇ ਨਿੱਤ ਨਵੇਂ ਸਮਾਜਿਕ ਅਤੇ ਸਾਂਸਕ੍ਰਿਤਿਕ ਸੰਦਰਭਾਂ ਵਿਚ ਹੁੰਦੀ ਹੈ ਅਤੇ ਜਿਹਨਾਂ ਸੰਸਾਰਿਕ ਵਸਤੂਆਂ ਬਾਰੇ ਭਾਸ਼ਾ ਰਾਹੀਂ ਗੱਲਬਾਤ ਕੀਤੀ ਜਾਂਦੀ ਹੈ, ਉਹਨਾਂ ਦੇ ਅਨੇਕ ਪਹਿਲੂ ਹੁੰਦੇ ਹਨ। ਇਸ ਕਰਕੇ ਕਿਸੇ ਇਕ ਸਮੇਂ ਵਰਤਣ ਵੇਲੇ ਸ਼ਬਦ ਇਹਨਾਂ ਸਭ ਪਹਿਲੂਆਂ ਬਾਰੇ ਨਹੀਂ ਦੱਸ ਸਕਦੇ ਅਤੇ ਸ਼ਬਦਾਂ, ਪਦਾਂ (ਵਿਆਕਰਣ ਦੇ ਨਿਯਮਾਂ ਅਨੁਸਾਰ ਬਣੇ ਸ਼ਬਦਾਂ ਦੇ ਰੂਪਾਂ) ਵਾਕਾਂਸ਼ਾਂ ਅਤੇ ਵਿਆਕਰਣਕ ਢਾਂਚਿਆਂ ਦੀਆਂ ਸਿਰਫ਼ ਅਰਥ ਸੰਭਾਵਨਾਵਾਂ ਹੁੰਦੀਆਂ ਹਨ। ਇਹਨਾਂ ਵਿਚੋਂ ਕਿਹੜੀਆਂ ਸੰਭਾਵਨਾਵਾਂ ਉਜਾਗਰ ਹੋਣਗੀਆਂ, ਇਹ ਸੰਦਰਭ ਅਤੇ ਗੱਲ ਕਰਨ ਵਾਲੇ ਦੀਆਂ ਇਛਾਵਾਂ ਅਤੇ ਭਾਸ਼ਾ ਦੀ ਲੋਕ ਵਿਵਹਾਰ ਲਈ ਵਰਤੋਂ ਕਰਨ ਦੇ ਨਿਯਮਾਂ ’ਤੇ ਨਿਰਭਰ ਹੁੰਦਾ ਹੈ। ”ਜਿਵੇਂ ਦੇਖਣ ਦਾ ਕੰਮ ਅੱਖ ਤਦ ਹੀ ਕਰਦੀ ਹੈ ਜਦ ਇਹਨੂੰ ਕਿਸੇ ਚੀਜ਼ ਵੱਲ ਕੀਤਾ ਜਾਏ, ਉਸੇ ਤਰ੍ਹਾਂ ਕਿਸੇ ਸ਼ਬਦ ਦਾ ਅਰਥ ਤਦ ਹੀ ਪ੍ਰਗਟ ਹੁੰਦਾ ਹੈ, ਜਦ ਇਸ ਸ਼ਬਦ ਦੀ ਵਾਕ ਵਿਚ ਵਰਤੋਂ ਕੀਤੀ ਜਾਏ।” (2.400)
ਭਾਸ਼ਾਵਿਗਿਆਨ ਭਾਸ਼ਾ ਦੀ ਲੋਕ ਵਿਵਹਾਰ ਲਈ ਸੰਸਾਰਿਕ ਪੱਧਰ ’ਤੇ ਵਰਤੋਂ ਦਾ ਅਧਿਐਨ ਅਤੇ ਇਹਨੂੰ ਕਿਸੇ ਰਸਮੀ ਕਿਸਮ ਦੀ ਫ਼ਿਲਾਸਫ਼ੀ ਦਾ ਦਾਸ ਨਹੀਂ ਬਣਨਾ ਚਾਹੀਦਾ -ਇਹ ਹੈ ਭਰਤ੍ਰਹਰੀ ਦੇ ਭਾਸ਼ਾਵਿਗਿਆਨ ਦਾ ਮੂਲ ਆਧਾਰ। ਸੰਸਕ੍ਰਿਤ ਵਿਆਕਰਣ ਅਤੇ ਪਦਾਂ ਦੀਆਂ ਜਿਹੜੀਆਂ ਅਰਥ ਸੰਭਾਵਨਾ ਦਾ ਵਿਸ਼ਲੇਸ਼ਣ ਭਰਤ੍ਰਹਰੀ ਨੇ ਕੀਤਾ, ਉਸ ਵਿਚ ਉਹਨਾਂ ਨੇ ਉਸ ਸੰਸਕ੍ਰਿਤੀ ਦੀ ਜੀਵਨ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਜਿਸ ਸੰਸਕ੍ਰਿਤੀ ਦਾ ਅੰਗ ਇਹ ਭਾਸ਼ਾ ਹੈ। ਇਹ ਜੀਵਨ ਦ੍ਰਿਸ਼ਟੀ ਲੋਕ ਵਿਵਹਾਰਕ ਹੁੰਦੀ ਹੈ, ਇਹਦੀ ਉਸਾਰੀ ਕਿਸੇ ਫ਼ਿਲਾਸਫ਼ਰ ਦੇ ਤਰਕ ਜਾਂ ਲੌਜਿਕ ਦੇ ਅਨੁਸਾਰ ਨਹੀਂ ਕੀਤੀ ਗਈ ਹੁੰਦੀ। ਕਿਸੇ ਭਾਸ਼ਾ ਦੇ ਵਿਆਕਰਣ ਦਾ ਆਧਾਰ ਉਹਦੇ ਸਮਰਥ ਪਦ ਜਾਂ ਵਾਕਾਂਸ਼ ਹੋਣੇ ਚਾਹੀਦੇ ਹਨ। ਇਹ ਸਮਰਥ ਇਸ ਕਰਕੇ ਹੁੰਦੇ ਹਨ ਕਿ ਇਹਨਾਂ ਦੇ ਅਰਥ ਹੁੰਦੇ ਹਨ ਅਤੇ ਇਹ ਹੋਰ ਪਦਾਂ ਅਤੇ ਵਾਕਾਂਸ਼ਾਂ ਨਾਲ ਮਿਲ ਕੇ ਲੋਕ-ਵਿਵਹਾਰ ਵਿਚ ਵਰਤੀਂਦੇ ਵਾਕਾਂ ਦੀ ਸਿਰਜਣਾ ਕਰ ਸਕਦੇ ਹਨ। ਜੇ ਇਹਨਾਂ ਦਾ ਅਰਥ ਕਿਸੇ ਰਵਾਇਤੀ ਤਰਕ ਜਾਂ ਲੌਜਿਕ ਅਨੁਸਾਰ ਨਹੀਂ (ਅਤੇ ਅਜਿਹਾ ਹੋ ਵੀ ਨਹੀਂ ਸਕਦਾ!), ਤਾਂ ਖਸਮਾਂ ਨੂੰ ਖਾਏ ਰਸਮੀ ਲੌਜਿਕ ਅਤੇ ਫ਼ਿਲਾਸਫ਼ੀ!
ਸ਼ਾਇਦ ਇਹ ਗੱਲ ਅਜੀਬ ਜਾਪੇ, ਪਰ ਸੱਚ ਹੈ ਕਿ ਪਾਣਿਨੀ ਦੇ ਮਹਾਨ ਅਤੇ ਵਿਆਕਰਣ ਦੀ ਉਸਾਰੀ ਇਸੇ ਢੰਗ ਨਾਲ ਕੀਤੀ ਗਈ ਹੈ। ਉਨੀਂਵੀ ਸਦੀ ਵਿਚ ਵਿ੍ਹਟਨੀ ਨਾਂ ਦੇ ਅਮਰੀਕਨ ਸੰਸਕ੍ਰਿਤ ਵਿਦਵਾਨ ਹੋਏ ਹਨ, ਉਹਨਾਂ ਦੀਆਂ ਲਿਖਤਾਂ ਤੋਂ ਜ਼ਾਹਿਰ ਹੁੰਦਾ ਹੈ ਜਿੰਨੇ ਵੱਡੇ ਉਹ ਵਿਦਵਾਨ ਸਨ, ਉਨੇ ਵੱਡੇ ਹੈਂਕੜਬਾਜ਼ ਵੀ ਸਨ। ਪਾਣਿਨੀ ਨੂੰ ਉਹਨਾਂ ਨੇ ਬੁਰੀ ਤਰ੍ਹਾਂ ਪੁਣਿਆ ਹੈ ਕਿ ਪਾਣਿਨੀ ਨੇ ਆਪਣੇ ਵਿਆਕਰਣ ਵਿਚ ਕਾਰਕਾਂ ਦੀ ਸਥਾਪਨਾ ”ਸਾਡੇ ਵਾਲੇ ਢੰਗ” ਨਾਲ ਨਹੀਂ ਕੀਤੀ – ਯਾਨੀ ਕਿ ਕਾਰਕਾਂ ਦੀਆਂ ਭਾਸ਼ਾ ਤੋਂ ਸੁਤੰਤਰ ਸੰਭਾਵਨਾਵਾਂ ਸੋਚ ਕੇ ਉਹਨਾਂ ਦੀ ਵਰਤੋਂ ਆਪਣੇ ਵਿਆਕਰਣ ਵਿਚ ਨਹੀ ਕੀਤੀ, ਸਗੋਂਂ ਸੰਸਕ੍ਰਿਤ ਵਿਚ ਨਾਂਵਾਂ ਅਤੇ ਪੜਨਾਵਾਂ ਦੇ ਜਿਹੜੇ ਵਿਭਕਤੀ ਰੂਪ ਮਿਲਦੇ ਸਨ, ਉਹਨਾਂ ਨੂੰ ਹੀ ਆਧਾਰ ਬਣਾ ਕੇ ਉਸੇ ਗਿਣਤੀ ਵਾਲੇ ਕਾਰਕ ਸਥਾਪਿਤ ਕਰ ਦਿੱਤੇ ਅਤੇ ਸਿੱਟੇ ਵਜੋਂ ਇਕ ਇਕ ਕਾਰਕ ਦੇ ਕਈ ਕਈ ਅਰਥ ਬਣ ਜਾਂਦੇ ਹਨ। ਵਿ੍ਹਟਨੀ ਦੇ ਅਨੁਸਾਰ, ”ਇਹਤੋਂ ਵੱਧ ਫੂਹੜ ਅਤੇ ਬੇਹੂਦਾ ਹੋਰ ਗੱਲ ਸੋਚੀ ਵੀ ਨਹੀਂ ਜਾ ਸਕਦੀ।” ਅਸ਼ਟਾਧਿਆਈ ਰਚਣ ਵਾਲੇ ਪਾਣਿਨੀ ਵਰਗੇ ਵਿਦਵਾਨ ’ਤੇ ਬੇਹੂਦਗੀ ਦਾ ਦੋਸ਼ ਸਿਰਫ਼ ਉਹਨਾਂ ਦੀ ਕਾਰਜਸ਼ੈਲੀ ਨੂੰ ਨਾ ਸਮਝ ਸਕਣ ਵਾਲਾ ਹੀ ਲਾ ਸਕਦਾ ਹੈ। ਵੀਹਵੀਂ ਸਦੀ ਵਿਚ ”ਸਾਡੇ ਵਾਲੇ ਢੰਗ” ਨਾਲ ਬਣਾਈ ਗਈ ਚਾਰਲਸ ਫ਼ਿਲਮੋਰ ਦੀ ‘ਕੇਸ ਗਰਾਮਰ’ ਦਾ ਕੀ ਬਣਿਆ, ਇਹ ਅਸੀਂ ਅੱਗੇ ਚੱਲ ਕੇ ਦੇਖਾਂਗੇ। ਭਾਸ਼ਾ ਵਿਚ ਵਰਤੀਂਦੇ ਸਮਰਥ ਪਦਾਂ ਦੀਆਂ ਅਰਥ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਉਹਨਾਂ ਦੇ ਰੂਪ ਅਤੇ ਵਰਤੋਂ ਦੇ ਨਿਯਮਾਂ ਦੀ ਖੋਜ ਕਰਨਾ, ਇਹੋ ਪਾਣਿਨੀ ਦੀ ਕਾਰਜ ਸ਼ੈਲੀ ਦਾ ਆਧਾਰ ਹੈ। ਪਾਣਿਨੀ ਦੇ ਵਿਆਕਰਣ ਦੇ ਕਾਰਕ ਪਦਾਂ ਦੀਆਂ ਪ੍ਰਤੀਕਾਤਮਕ ਅਰਥ ਸੰਭਾਵਨਾਵਾਂ ਦਾ ਬਹੁਤ ਹੀ ਵਿਸਤ੍ਰਿਤ ਵਿਸ਼ਲੇਸ਼ਣ ਭਰਤ੍ਰਹਰੀ ਨੇ ਕੀਤਾ ਹੈ। ਉਹਨਾਂ ਦੀ ਦਲੀਲ ਆਧੁਨਿਕ ਪੰਜਾਬੀ ਰੂਪ ਵਿਚ ਹਾਜ਼ਰ ਹੈ। ਜੇ ਅਪਾਦਾਨ ਕਾਰਕ (‘ਤੋਂ’ ਦਾ ਵੱਖ ਹੋਣ ਵਾਲਾ ਦਾ ਅਰਥ ਦਰਸਾਉਣ ਵਾਲੇ ਕਾਰਕ) ਦੀ ਵਰਤੋਂ ਤੁਲਨਾ ਕਰਨ ਲਈ ਵੀ ਕੀਤੀ ਜਾਂਦੀ ਹੈ-ਜਿਵੇਂ “ਚੰਡੀਗੜ੍ਹ ਜਲੰਧਰ ਤੋਂ ਵੱਧ ਸਾਫ਼ ਸੁਥਰਾ ਹੈ” – ਤਾਂ ਇਹਦਾ ਕਾਰਣ ਇਹ ਹੈ ਕਿ ਬੋਲਣ ਵਾਲਾ ਮਾਨਸਿਕ ਤੌਰ ’ਤੇ ਪਹਿਲਾਂ ਚੰਡੀਗੜ੍ਹ ਅਤੇ ਜਲੰਧਰ ਨੂੰ ਇਕੱਠੇ ਕਰਦਾ ਹੈ ਅਤੇ ਬਾਅਦ ਵਿਚ ਉਹਨਾਂ ਦਾ ਫ਼ਰਕ ਦੱਸਣ ਲਈ ਉਹਨਾਂ ਨੂੰ ਵੱਖਰੇ ਕਰਦਾ ਹੈ। ਹਰ ਕਾਰਕ ਜਾਂ ਕਿਸੇ ਵੀ ਹੋਰ ਪਦ ਦੇ ਅਰਥ ਕਈ ਕਈ ਹੋ ਸਕਦੇ ਹਨ, ਪਰ ਇਹਨਾਂ ਦਾ ਆਪਸ ਵਿਚ ਸਬੰਧ ਹੁੰਦਾ ਹੈ। ਕਿਸੇ ਸ਼ਬਦ, ਪਦ ਜਾਂ ਵਾਕਾਂਸ਼ ਦੇ ਕੇਂਦਰੀ ਅਰਥ ਦੇ ਇਸ ਢੰਗ ਨਾਲ ਵਿਸਥਾਰ ਕਰਨ ਨੂੰ ਮੈਟਾਫ਼ਰ ਜਾਂ ਰੂਪਕ ਆਖਿਆ ਜਾਂਦਾ ਹੈ। ਅਸੀਂ ਅੱਗੇ ਚੱਲ ਕੇ ਦੇਖਾਂਗੇ ਕਿ ਹੁਣ ਬਹੁਤ ਸਾਰੇ ਭਾਸ਼ਾਵਿਗਿਆਨੀ ਇਹ ਆਖਣ ਲੱਗ ਪਏ ਹਨ ਕਿ ਕਿਸੇ ਭਾਸ਼ਾ ਦੇ ਪੂਰੇ ਦਾ ਪੂਰਾ ਵਿਆਕਰਣ ਹੀ ਪ੍ਰਤੀਕਾਤਮਕ ਜਾਂ ਰੂਪਕ-ਆਧਾਰਿਤ ਹੁੰਦਾ ਹੈ ਅਤੇ ਮੈਟਾਫ਼ਰ ਜਾਂ ਰੂਪਕ ਸਿਰਫ਼ ਵਿਆਕਰਣ ਦੀ ਹੀ ਨਹੀਂ, ਸਗੋਂ ਹਰ ਕਿਸਮ ਦੀ ਮਨੁੱਖੀ ਸੋਚ ਦੀ ਜਾਨ ਹੈ। ਫੂਹੜ ਪਾਣਿਨੀ ਨਹੀਂ, ਸਗੋਂ ਭਾਸ਼ਾ ਅਤੇ ਵਿਆਕਰਣ ਬਾਰੇ ਇਸ ਬੁਨਿਆਦੀ ਗੱਲ ਨੂੰ ਨਾ ਸਮਝ ਸਕਣ ਕਰਕੇ ਵਿ੍ਹਟਨੀ ਸਨ।
ਭਾਸ਼ਾ ਬੋਲਣ ਵੇਲੇ ਕਾਰਕ ਦੀ ਚੋਣ ਕਰਨਾ ਇਸ ਗੱਲ ’ਤੇ ਨਿਰਭਰ ਹੁੰਦਾ ਹੈ ਕਿ ਬੋਲਣ ਵਾਲਾ ਸਥਿਤੀ ਦਾ ਪ੍ਰਤੀਕੀਕਰਣ ਕਿਵੇਂ ਕਰਦਾ ਹੈ, ਇਸ ਗੱਲ ’ਤੇ ਨਹੀਂ ਕਿ ਸੰਸਾਰਕ ਅਸਲੀਅਤ ਕੀ ਹੈ (3.7.3) ”ਤਲਵਾਰ ਆਪਣੀ ਧਾਰ ਨਾਲ ਕੱਟਦੀ ਹੈ” ਵਾਕ ਤਲਵਾਰ ਦੇ ਕੰਮ ਜਾਂ ਖ਼ਾਸੀਅਤ ਬਾਰੇ ਹੈ, ਇਹਦਾ ਤਲਵਾਰ ਕਰਤਾ ਕਾਰਕ ਹੈ ਅਤੇ ਧਾਰ ਕਰਣ ਕਾਰਣ, ਪਰ ”ਤਲਵਾਰ ਦੀ ਧਾਰ ਕੱਟਦੀ ਹੈ” ਵਿਚ ਧਾਰ ਕਰਤਾ ਕਾਰਕ ਹੈ ਅਤੇ ਤਲਵਾਰ ਸਬੰਧ ਕਾਰਕ (3.7.3)। ਬੱਚਾ ਪੈਦਾ ਕਰਨ ਦੇ ਕੰਮ ਦੇ ਸਰੀਰਕ ਕਰਤਾ ਮਾਂ ਅਤੇ ਬਾਪ ਦੋਵੇਂ ਹੁੰਦੇ ਹਨ। ਪਰ ਬੋਲਣ ਵੇਲੇ ਭਾਸ਼ਾਈ ਕਰਤਾ ਚੁਣਨ ਵੇਲੇ ਅਸੀਂ ਬਾਪ ਨੂੰ ਵੀਰਜਦਾਤਾ ਕਰਤਾ ਅਤੇ ਮਾਂ ਨੂੰ ਉਹਦੀ ਕ੍ਰਿਆ ਦਾ ਨਿਸ਼ਾਨਾ ਆਖ ਸਕਦੇ ਹਾਂ, ਜਾਂ ਅਸੀਂ ਮਾਂ ਨੂੰ ਵੀਰਜਗ੍ਰਹਿਣੀ ਕਰਤਾ ਮੰਨ ਕੇ ਬਾਪ ਨੂੰ ਉਹਦੀ ਕ੍ਰਿਆ ਦਾ ਸਰੋਤ ਮੰਨ ਸਕਦੇ ਹਾਂ (3.7.3)। ਕਾਰਕ ਦੀ ਚੋਣ ਬਹੁਤ ਹਦ ਤੱਕ ਬੋਲਣ ਵਾਲੇ ਦੀ ਇੱਛਾ ’ਤੇ ਨਿਰਭਰ ਹੁੰਦੀ ਹੈ, ਸੰਸਾਰਕ ਅਸਲੀਅਤ ’ਤੇ ਨਹੀਂ।
ਸੰਨ 1968 ਵਿਚ ਅਮਰੀਕੀ ਭਾਸ਼ਾਵਿਗਿਆਨੀ ਚਾਰਲਸ ਫ਼ਿਲਮੋਰ ਨੇ ‘ਕੇਸ ਗਰਾਮਰ’ (ਕਾਰਕ ਵਿਆਕਰਣ) ਨਾਂ ਦਾ ਭਾਸ਼ਾਵਿਗਿਆਨਕ ਢਾਂਚਾ ਪੇਸ਼ ਕੀਤਾ, ਜੋ ਕਾਫ਼ੀ ਮਕਬੂਲ ਵੀ ਹੋਇਆ। ਪਰ ਫ਼ਿਲਮੋਰ ਨੇ ਵਿ੍ਹਟਨੀ ਦੇ ”ਸਾਡੇ ਵਾਲੇ ਢੰਗ” ਨਾਲ ਕਾਰਕਾਂ ਦੀ ਚੋਣ ਭਾਸ਼ਾ ਤੋਂ ਸੁਤੰਤਰ ਅਸਲੀਅਤ ਦੇ ਅਧਾਰ ’ਤੇ ਕੀਤੀ। ਫ਼ਿਲਮੋਰ ਦੇ ਅਨੁਸਾਰ ”ਜੌਨ੍ਹ ਜੰਦਰਾ ਖੋਲ੍ਹਦਾ ਹੈ’’ ਵਿਚ ਜੌਨ੍ਹ ਕਰਤਾ ਹੈ, ਪਰ ”ਚਾਬੀ ਜੰਦਰਾ ਖੋਲ੍ਹਦੀ ਹੈ” ਵਿਚ ਚਾਬੀ ਕਰਤਾ ਕਾਰਕ ਨਹੀਂ, ਕਰਣ ਕਾਰਕ ਹੈ ਕਿਉਂਕਿ ਕਰਤਾ ਵਿਚ ਚੇਤਨਾ ਅਤੇ ਇਰਾਦਾ ਹੋਣਾ ਜ਼ਰੂਰੀ ਹੈ। ਇਸ ਸਿਧਾਂਤਕ ਢਾਂਚੇ ਦੇ ਆਲੋਚਕਾਂ ਨੇ ਛੇਤੀ ਹੀ ਇਹ ਸਾਬਤ ਕਰ ਦਿੱਤਾ ਕਿ ਜੇ ਇਸ ਢੰਗ ਨਾਲ ਕਾਰਕਾਂ ਦੀ ਸਥਾਪਨਾ ਕਰਨ ਲੱਗੇ ਤਾਂ ਕਾਰਕਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਜਾਏਗੀ। ਮਿਸਾਲ ਵਜੋਂ, ”ਗੱਡੀ ਆਈ”, ”ਨੀਂਦ ਆਈ” ਅਤੇ ”ਬਸੰਤ ਰੁੱਤ ਆਈ” ਵਾਕਾਂ ਵਿਚ ”ਆਉਣ” ਦੇ ਕੰਮ ਵੱਖ-ਵੱਖ ਕਿਸਮ ਦੇ ਹਨ ਅਤੇ ਜੇ ਇਹਨਾਂ ਵਿਚ ਕੋਈ ਸਾਂਝੀ ਗੱਲ ਹੈ ਤਾਂ ਉਹ ”ਆਉਣਾ” ਕ੍ਰਿਆ ਹੈ। ਇਸ ਕ੍ਰਿਆ ਦੀ ਵਰਤੋਂ ਸੈਂਕੜੇ ਹੋਰ ਢੰਗਾਂ ਨਾਲ ਵੀ ਹੁੰਦੀ ਹੈ। ਅਸੀਂ ਇਹਦੇ ਕਿੰਨੇ ਕੁ ਕਾਰਕ ਮਿੱਥਾਂਗੇ? ਭਾਸ਼ਾਵਿਗਿਆਨੀ ਦਾ ਕੰਮ ਭਾਸ਼ਾ ਦੀ ਲੋਕਵਿਵਹਾਰ ਵਿਚ ਹੁੰਦੀ ਵਰਤੋਂ ਦੇ ਨਿਯਮਾਂ ਦਾ ਅਧਿਐਨ ਕਰਨਾ ਹੈ, ਫ਼ਿਲਾਸਫ਼ਰਾਂ ਅਤੇ ਹੋਰ ਵਿਗਿਆਨੀਆਂ ਵਾਂਗ ਭੌਤਿਕ ਸੰਸਾਰ ਦਾ ਅਧਿਐਨ ਕਰਨਾ ਨਹੀਂ। ਜੇ ਬੋਲਣ ਵਾਲਾ ਆਪਣੀ ਚਾਬੀ ਦੀ ਪ੍ਰਸੰਸਾ ਕਰਨ ਲਈ ”ਆਖ਼ਿਰ ਮੇਰੀ ਹੀ ਚਾਬੀ ਨੇ ਜੰਦਰਾ ਖੋਲਿ੍ਹਆ” ਕਹਿੰਦਾ ਹੈ ਅਤੇ ਚਾਬੀ ਨੂੰ ਕਰਤਾ ਕਾਰਕ ਬਣਾਉਂਦਾ ਹੈ, ਤਾਂ ਠੀਕ ਹੈ। ਜੇ ਉਹ ਬੱਚੇ ਦੇ ਜਲਮ ਦੀ ਪ੍ਰਕਿਰਿਆ ਦਾ ਕਰਤਾ ਮਾਂ ਨੂੰ ਜਾਂ ਬਾਪ ਨੂੰ ਬਣਾਉਂਦਾ ਹੈ, ਤਾਂ ਉਹਦੀ ਮਰਜ਼ੀ। ਜਿਵੇਂ ਹੋਣਾ ਹੀ ਸੀ, ਭਾਸ਼ਾ ਵਿਚ ਸ਼ਬਦਾਂ ਦੀ ਵਰਤੋਂ ਦੀ ਬਜਾਇ ਭੌਤਿਕ ਹਕੀਕਤ ਨੂੰ ਅਧਾਰ ਬਣਾਉਣ ਵਾਲੀ ਕੇਸ ਗਰਾਮਰ ਦਾ ਕੁਝ ਹੀ ਸਾਲਾਂ ਵਿਚ ਹੀ ਭੋਗ ਪੈ ਗਿਆ। ਕਾਸ਼ ਕਿ ਫ਼ਿਲਮੋਰ ਨੇ ਭਰਤ੍ਰਹਰੀ ਨੂੰ ਪੜ੍ਹਿਆ ਹੁੰਦਾ!
ਵਿਆਕਰਣ ਵਿਚ ਕ੍ਰਿਆ ਦਾ ਜੋ ਅਰਥ ਭਰਤ੍ਰਹਰੀ ਨੇ ਦੱਸਿਆ ਹੈ, ਉਹ ਅੱਜ ਦੀਆਂ ਭਾਰਤੀ ਭਾਸ਼ਾਵਾਂ ਦੇ ਵਿਆਕਰਣ ਦੇ ਅਧਿਐਨ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ”ਕ੍ਰਿਆ ਦਾ ਅਰਥ ਹੈ ਕਈ ਕੰਮਾਂ ਦੀ ਲੜੀ ਜਿਹਨੂੰ ਸਾਡਾ ਮਨ ਇਕ ਕੰਮ ਮੰਨ ਲਏ।” (3.8.4)। ਅੱਜ ਦੀਆਂ ਭਾਰਤੀ ਭਾਸ਼ਾਵਾਂ ਵਿਚ ਮਿਲਣ ਵਾਲੀਆਂ ਕ੍ਰਿਆ ਲੜੀਆਂ ਦਾ ਇਹਤੋਂ ਚੰਗਾ ਅਰਥ ਕਿਸੇ ਹੋਰ ਭਾਸ਼ਾਵਿਗਿਆਨੀ ਨੇ ਨਹੀਂ ਦੱਸਿਆ। ਕਾਰਣ ਇਹ ਹੈ ਭਰਤ੍ਰਹਰੀ ਦੇ ਸਮੇਂ ਜਿਹੜੀਆਂ ਅਪਭ੍ਰੰਸ਼ ਭਾਸ਼ਾਵਾਂ ਬੋਲੀਆਂ ਜਾਣ ਲੱਗ ਪਈਆਂ ਸਨ, ਉਹਨਾਂ ਵਿਚ ਵੀ ਅਜਿਹੀਆਂ ਲੜੀਆਂ ਮਿਲਦੀਆਂ ਸਨ, ਅਤੇ ਉਸ ਵੇਲੇ ਬੋਲੀ ਅਤੇ ਲਿਖੀ ਜਾਣ ਵਾਲੀ ਸੰਸਕ੍ਰਿਤ ਦੀ ਵਾਕ ਬਣਤਰ ਬਹੁਤ ਹੱਦ ਤੱਕ ਉਸ ਵੇਲੇ ਦੀਆਂ ਪ੍ਰਾਕ੍ਰਿਤ ਜਾਂ ਅਪਭ੍ਰੰਸ਼ ਬੋਲੀਆਂ ਵਰਗੀ ਸੀ, ਭਾਵੇਂ ਸ਼ਬਦਾਂ ਦੇ ਰੂਪ ਪਾਣਿਨੀ ਦੇ ਵਿਆਕਰਣ ਅਨੁਸਾਰ ਸਹੀ ਸਨ। ਅੱਜ ਦੀਆਂ ਭਾਰਤੀ ਭਾਸ਼ਾਵਾਂ ਵਿਚ ਕੀ ਕੋਈ ਕ੍ਰਿਆ ਲੜੀ ਆਮ ਤੌਰ ’ਤੇ ਕਿਸੇ ਕੰਮ ਜਾਂ ਸਥਿਤੀ ਦੇ ਵੱਖ ਵੱਖ ਪਹਿਲੂਆਂ ਨੂੰ ਪ੍ਰਗਟਾਉਂਦੀ ਹੈ।
ਰਿਗਵੇਦ ਵਿਚ ਵਾਚ ਦੇਵੀ ਦੇ ਜਿਹੜੇ ਚਾਰ ਚਰਣਾਂ ਦਾ ਜ਼ਿਕਰ ਹੈ, ਉਹਨਾਂ ਚਾਰ ਚਰਣਾਂ ਨੂੰ ਭਾਰਤੀ ਭਾਸ਼ਾਵਿਗਿਆਨੀਆਂ ਨੇ ਪਰਾ, ਪਸ਼ਯੰਤੀ, ਮਧਯਮਾ ਅਤੇ ਵੈਖਰੀ ਦੇ ਨਾਂ ਦਿੱਤੇ। ਪਰਾ ਚਰਣ ਤੱਕ ਤਾਂ ਸਾਡੀ ਪਹੁੰਚ ਨਹੀਂ (ਅਸੀਂ ਇਹਨੂੰ ਮਨੁੱਖੀ ਦਿਮਾਗ਼ ਜਾਂ ਮਨ ਦੇ ਅੰਦਰ ਛਿਪੀ ਭਾਸ਼ਾ ਬੋਲਣ ਅਤੇ ਸਮਝਣ ਦੀ ਯੋਗਤਾ ਮੰਨ ਸਕਦੇ ਹਾਂ, ਜਿਹਦੇ ਬਾਰੇ ਅੱਜ ਦੇ ਮਨੋਵਿਗਿਆਨ ਦੀ ਜਾਣਕਾਰੀ ਹਾਲੇ ਵੀ ਬਹੁਤ ਘੱਟ ਹੈ), ਪਰ ਬਾਕੀ ਤਿੰਨਾਂ ਦਾ ਅਨੁਭਵ ਅਸੀਂ ਕਰ ਸਕਦੇ ਹਾਂ। ਪਸ਼ਯੰਤੀ ਪੜਾਅ ’ਤੇ ਭਾਸ਼ਾ ਰਾਹੀਂ ਸੰਸਾਰਿਕ ਸਥਿਤੀ ਨੂੰ ਦੇਖ ਕੇ ਸਮਝਿਆ ਜਾਂਦਾ ਹੈ, ਮਧਯਮਾ ਪੜਾਅ ’ਤੇ ਮਨ ਵਿਚ ਵਿਚਾਰਾਂ ਨੂੰ ਸ਼ਬਦਾਂ ਦਾ ਰੂਪ ਦਿੱਤਾ ਜਾਂਦਾ ਹੈ ਅਤੇ ਵੈਖਰੀ ਪੜਾਅ ਵਾਕ ਨੂੰ ਬੋਲੇ ਜਾਣ ਦਾ ਪੜਾਅ ਹੈ। ਗੱਲ ਇਥੋਂ ਤੱਕ ਰਹਿੰਦੀ ਤਾਂ ਠੀਕ ਸੀ, ਪਰ ਭਰਤ੍ਰਹਰੀ ਨੇ ਕੁਝ ਹੋਰ ਵੀ ਕਹਿ ਦਿੱਤਾ, ਜਿਹਤੋਂ ਬਹੁਤ ਸਾਰੇ ਫ਼ਿਲਾਸਫ਼ਰਾਂ, ਖ਼ਾਸ ਤੌਰ ’ਤੇ ਪੱਛਮੀ ਫ਼ਿਲਾਸਫ਼ਰਾਂ ਨੂੰ ਸਖ਼ਤ ਅਲੱਰਜ਼ੀ ਹੈ। ਉਹਨਾਂ ਨੇ ਕਹਿ ਦਿੱਤਾ ਕਿ ”ਭਾਸ਼ਾ ਦੀ ਮਦਦ ਤੋਂ ਬਿਨਾਂ ਅਸੀਂ ਸੰਸਾਰ ਨੂੰੂ ਸਮਝ ਨਹੀਂ ਸਕਦੇ, ਸਾਡੀ ਸਾਰੀ ਸੂਝ-ਬੂਝ ਅਤੇ ਸੋਚ ਵਿਚ ਭਾਸ਼ਾ ਸਮਾਈ ਹੁੰਦੀ ਹੈ।” (1.110)।
ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਅਮਰੀਕਨ ਭਾਸ਼ਾਵਿਗਿਆਨੀ ਐਡਵਰਡ ਸੇਪੀਅਰ ਅਤੇ ਉਹਨਾਂ ਦੇ ਸ਼ਿੱਸ਼ ਬੈਂਜਾਮਿਨ ਲੀ ਵ੍ਹੋਰਫ਼ ਨੇ ਵੀ ਇਹੋ ਜਿਹੇ ਵਿਚਾਰ ਪ੍ਰਗਟ ਕੀਤੇ। ਪੱਛਮੀ ਫ਼ਿਲਾਸਫ਼ਰ, ਜਿਹਨਾਂ ਨੇ ਸੰਸਾਰ ਨੂੰ ਸਮਝਣ ਦੀ ਖ਼ਾਤਿਰ ਭਾਸ਼ਾ ਦੀ ”ਅਪਸ਼ਟਪਤਾ” ਤੋਂ ਛੁਟਕਾਰਾ ਪਾਉਣ ਲਈ ਲੌਜਿਕ (ਖ਼ਾਸ ਤੌਰ ’ਤੇ ਮੈਥੇਮੈਟੀਕਲ ਲੌਜਿਕ) ਦੀ ਸਿਰਜਣਾ ਕੀਤੀ ਸੀ, ਉਹਨਾਂ ਨੂੰ ਇਹ ਗੱਲ ਗਵਾਰਾ ਨਹੀਂ ਸੀ। ਉਹ ਡੰਡਾ ਲੈ ਕੇ ਵ੍ਹੋਰਫ਼ ਦੇ ਪਿੱਛੇ ਪੈ ਗਏ ਅਤੇ ਵ੍ਹੋਰਫ਼ ਨੂੰ ਪੜ੍ਹੇ ਅਤੇ ਸਮਝੇ ਬਿਨਾਂ ਹੀ ਅਤੇ ਅਕਸਰ ਉਹਨਾਂ ਦੇ ਵਿਚਾਰਾਂ ਤੋਂ ਤੋੜ-ਮਰੋੜ ਕੇ ਅਤੇ ਸੰਦਰਭ ਤੋਂ ਵੱਖ ਕਰਕੇ ਫ਼ਿਲਾਸਫ਼ਰਾਂ ਅਤੇ ਉਹਨਾਂ ਤੋਂ ਪ੍ਰਭਾਵਿਤ ਭਾਸ਼ਾਵਿਗਿਆਨੀਆਂ ਨੇ ਵ੍ਹੋਰਫ਼ ਨੂੰ ਪਾਣੀ ਪੀ-ਪੀ ਕੇ ਕੋਸਿਆ ਹੈ। ਵੈਸੇ ਵ੍ਹੋਰਫ਼ ਤੋਂ ਪਹਿਲਾਂ ਇਹ ਗੱਲ ਉਨੀਂਵੀ ਸਦੀ ਵਿਚ ਜਰਮਨ ਭਾਸ਼ਾਵਿਗਿਆਨੀ ਵਿਲਹਮ ਹੰਬੋਲਟ ਨੇ ਵੀ ਕਹੀ ਸੀ ਅਤੇ ਹੰਬੋਲਟ ਤੋਂ ਡੇਢ ਹਜ਼ਾਰ ਸਾਲ ਪਹਿਲਾਂ ਭਰਤ੍ਰਹਰੀ ਨੇ। (ਭਾਸ਼ਾ ਦੇ ਚਰਣਾਂ ਵਾਲਾ ਵਿਚਾਰ ਭਰਤ੍ਰਹਰੀ ਤੋਂ ਵੀ ਕਈ ਸਦੀਆਂ ਪੁਰਾਣਾ ਹੈ, ਇਸ ਕਰਕੇ ਹੋ ਸਕਦਾ ਹੈ ਕਿ ਭਰਤ੍ਰਹਰੀ ਤੋਂ ਪਹਿਲਾਂ ਭਾਸ਼ਾ ਦੇ ਪਸ਼ਯੰਤੀ ਚਰਣ ਵਿਚ ਯਕੀਨ ਰੱਖਣ ਵਾਲੇ ਕਈ ਹੋਰ ਵਿਦਵਾਨਾਂ ਦਾ ਵੀ ਇਹੋ ਵਿਚਾਰ ਰਿਹਾ ਹੋਵੇ)। ਬਹੁਤ ਸਾਰੇ ਫ਼ਿਲਾਸਫ਼ਰਾਂ ਨੂੰ ਇਹ ਗੱਲ ਹਜ਼ਮ ਨਾ ਹੋਣ ਦਾ ਕਾਰਣ ਉਹਨਾਂ ਦੀ ਔਬਜੈਕਟਿਵਿਸਟ (objectivist) ਫ਼ਿਲਾਸਫ਼ੀ ਹੈ, ਜਿਹਦਾ ਜ਼ਿਕਰ ਅੱਗੇ ਕੀਤਾ ਜਾਏਗਾ। ਆਖ਼ਿਰ ਵੀਹਵੀਂ ਸਦੀ ਦੇ ਮਹਾਨ ਫ਼ਿਲਾਸਫ਼ਰ ਵਿਟਗਨਸ਼ਟਾਈਨ ਨੇ ‘ਭਾਸ਼ਾਈ ਖੇਡਾਂ’ ਬਾਰੇ ਦੱਸ ਕੇ ਅਤੇ ਇਹ ਕਹਿ ਕੇ ਫ਼ਿਲਾਸਫ਼ਰਾਂ ਦੇ ‘ਨਿਗਮਨਕ’ (a priori) ਢੰਗ ਨਾਲ ਸੰਸਾਰ ਨੂੰ ਸਮਝਣ ਦੇ ਮਨਸੂਬਿਆਂ ’ਤੇ ਠੰਢਾ ਪਾਣੀ ਪਾ ਦਿੱਤਾ ਕਿ ਗਰਾਮਰ ਅਸਲੀਅਤ ਦਾ ਪਰਛਾਵਾਂ ਨਹੀਂ, ਸਗੋਂ ਅਸਲੀਅਤ ਗਰਾਮਰ ਦਾ ਪਰਛਾਵਾਂ ਹੈ। ਵਿਟਗਨਸ਼ਟਾਈਨ ਦੇ ਵਿਚਾਰ ਭਰਤ੍ਰਹਰੀ ਦੇ ਵਿਚਾਰਾਂ ਨਾਲ ਬਹੁਤ ਜ਼ਿਆਦਾ ਮਿਲਦੇ-ਜੁਲਦੇ ਹਨ।
ਭਰਤ੍ਰਹਰੀ ਦੇ ਭਾਸ਼ਾਵਿਗਿਆਨਕ ਸਿਧਾਂਤਾਂ ਬਾਰੇ ਲਿਖਣ ਲਈ ਪੂਰੀ ਕਿਤਾਬ ਦੀ ਲੋੜ ਹੈ। ਇੱਥੇ ਇਹਨਾਂ ਵਿਚੋਂ ਦੋ ਹੋਰ ਅਹਿਮ ਗੱੱਲਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।

ਸ਼ਬਦ ਭਾਵਨਾ

ਭਾਸ਼ਾ ਬਾਰੇ ਭਰਤ੍ਰਹਰੀ ਦੀ ਸੂਝ ਅਤੇ ਸਮਾਜਕ ਚੇਤਨਾ ਇੰਨੀ ਤੀਖਣ ਸੀ ਕਿ ਉਹਨਾਂ ਨੇ ਇਹ ਵੀ ਦੇਖਿਆ ਕਿ ਬੱਚੇ ਕਿੰਨੀ ਸੌਖ ਨਾਲ ਭਾਸ਼ਾ ਬੋਲਣਾ ਸਿੱਖ ਜਾਂਦੇ ਹਨ। ਉਹਨਾਂ ਦਾ ਵਿਚਾਰ ਇਹ ਸੀ ਕਿ ਹਰ ਬੱਚੇ ਵਿਚ ‘ਸ਼ਬਦ ਭਾਵਨਾ’ ਪੈਦਾਇਸ਼ੀ ਹੁੰਦੀ ਹੈ (1.121), ਜੋ ਭਾਸ਼ਾ ਬੋਲਣਾ ਸਿੱਖਣ ਵਿਚ ਉਹਦੀ ਮਦਦ ਕਰਦੀ ਹੈ। ਆਪਣੇ ਸਮੇਂ ਦੀ ਸੁੂਝ ਅਨੁਸਾਰ ਉਹਨਾਂ ਨੇ ਇਹਦਾ ਕਾਰਨ ਇਹ ਸਮਝਿਆ ਕਿ ਬੱਚੇ ਦੇ ਪਿਛਲੇ ਜਨਮ ਦੇ ਸੰਸਕਾਰਾਂ ਕਾਰਨ ਉਹਦੇ ਵਿਚ ਸ਼ਬਦ ਭਾਵਨਾ ਹੁੰਦੀ ਹੈ। ਵੀਹਵੀਂ ਸਦੀ ਵਿਚ ਚੌਮਸਕੀ ਨੇ ਬੱਚੇ ਦੇ ਸੌਖੀ ਤਰ੍ਹਾਂ ਭਾਸ਼ਾ ਸਿੱਖਣ ਨੂੰ ਆਪਣੇ ਭਾਸ਼ਾਵਿਗਿਆਨ ਦਾ ਅਧਾਰ ਬਣਾਇਆ ਅਤੇ ਇਹਦੀ ਰੱਜ ਕੇ ਦੁਰਵਰਤੋਂ ਕੀਤੀ।

‘ਅਖੰਡ ਵਾਕਯ ਸਫੋਟ’

ਭਰਤ੍ਰਹਰੀ ਦਾ ਵਿਚਾਰ ਸੀ ਕਿ ਭਾਸ਼ਾ ਵਿਚ ਵਾਕ ਹੀ ਅਸਲੀ ਅਰਥਵਾਨ ਢਾਂਚਾ ਹੁੰਦਾ ਹੈ, ਵਾਕ ਵਿਚ ਵਰਤੇ ਜਾਂਦੇ ਸ਼ਬਦ ਨਹੀਂ। ”ਪਦ ਵਿਚ ਕੋਈ ਵਰਣ ਨਹੀਂ ਹੁੰਦੇ, ਵਾਕ ਵਿਚ ਕੋਈ ਪਦ ਨਹੀਂ ਹੁੰਦੇ।” (1.74) (ਵਾਕ ਵਿਚ ਵਰਤੇ ਗਏ ਸ਼ਬਦਾਂ ਨੂੰ ਪਦ ਅਤੇ ਸ੍ਵਰ ਅਤੇ ਵਿਅੰਜਨ ਆਵਾਜ਼ਾਂ ਨੂੰ ਵਰਣ ਆਖਿਆ ਜਾਂਦਾ ਹੈ)। ਵਾਕ ਦਾ ਅਰਥ ‘ਅਖੰਡ ਸਫੋਟ’ ਹੁੰਦਾ। ਸਫੋਟ ਦਾ ਅਰਥ ਹੈ ਫੁੱਟ ਪੈਣ ਵਾਲਾ, ਤੁਰੰਤ ਪ੍ਰਗਟ ਹੋ ਜਾਣ ਵਾਲਾ, ਖਿੜ ਜਾਣ ਵਾਲਾ ਵਗ਼ੈਰਾ। ਲੋਕ ਵਿਵਹਾਰ ਵਿਚ ਵਾਕ ਦਾ ਅਰਥ ਸ਼ਬਦਾਂ ਨੂੰ ਜੋੜ ਜੋੜ ਕੇ ਨਹੀਂ ਸਮਝਿਆ ਜਾਂਦਾ, ਸਗੋਂ ਮਾਨਵੀ ਪ੍ਰਤਿਭਾ ਇਹਨੂੰ ਇਕਦਮ ਗ੍ਰਹਿਣ ਕਰ ਲੈਂਦੀ ਹੈ। ਵਾਕ ਨੂੰ ਸ਼ਬਦਾਂ ਵਿਚ ਵੰਡਣ ਦਾ ਕੰਮ ਸਿਰਫ਼ ਵਿਆਕਰਣਕ ਵਿਸ਼ਲੇਸ਼ਣ ਲਈ ਅਤੇ ਭਾਸ਼ਾ ਸਿਖਾਉਣ ਲਈ ਕੀਤਾ ਜਾਂਦਾ ਹੈ।
ਇਹ ਗੱਲ ਸੱਚ ਵੀ ਹੈ। ਵਾਕ ਦੀ ਕਿਸੇ ਖ਼ਾਸ ਸੰਦਰਭ ਵਿਚ ਵਰਤੋਂ ਹੀ ਇਹ ਨਿਸ਼ਚਿਤ ਕਰਦੀ ਹੈ ਕਿ ਉਹਦੇ ਵਿਚਲੇ ਕਿਸੇ ਸ਼ਬਦ ਜਾਂ ਵਾਕਾਂਸ਼ ਦੀਆਂ ਅਰਥ ਸੰਭਾਵਨਾਵਾਂ ਵਿਚੋਂ ਕਿਹੜੀਆਂ ਉਜਾਗਰ ਹੋਣਗੀਆਂ। ਇਹ ਠੀਕ ਹੈ ਕਿ ਅੰਸ਼ ਮਿਲਣ ਨਾਲ ਹੀ ਸਮੁੱਚਤਾ ਬਣਦੀ ਹੈ, ਪਰ ਸਮੁੱਚਤਾ ਵੀ ਅੰਸ਼ਾਂ ਦੇ ਰੂਪ ਜਾਂ ਅਰਥ ਨੂੰ ਨਿਰਧਾਰਿਤ ਕਰਦੀ ਹੈ। ਸ਼ਬਦ ਜਾਂ ਪਦ ਇਸੇ ਤਰ੍ਹਾਂ ਸਮਰਥ ਬਣਦੇ ਹਨ। ਇਕ ਵਾਰ ਮੈਂ ਕਿਸੇ ਕਿਤਾਬ ਵਿਚ ਇਕ ਔਰਤ ਦੀ ਤਸਵੀਰ ਦੇਖੀ, ਜਿਹਦਾ ਚਿਹਰਾ ਮੈਨੂੰ ਬਹੁਤ ਹੀ ਦਿਲਕਸ਼ ਜਾਪਿਆ -ਚਾਨਣੀ ਰਾਤ ਵਿਚ ਦਸ ਪੰਦਰਾਂ ਫੁੱਟ ਤੋਂ ਦੇਖੇ ਕਿਸੇ ਚਿਹਰੇ ਵਾਂਗ। ਆਮ ਧੁੰਦਲੀ ਅਤੇ ਫ਼ੋਕਸਹੀਣ ਤਸਵੀਰ ਇਹੋ ਜਿਹੀ ਨਹੀਂ ਜਾਪਦੀ ਹੁੰਦੀ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਉਹ ਤਸਵੀਰ ਬਣਾਉਣ ਲਈ ਇਕ ਫ਼ੋਟੋ ਪਲੇਟ ’ਤੇ ਵੱਖ-ਵੱਖ ਔਰਤਾਂ ਦੀਆਂ ਤਸਵੀਰਾਂ ਦੇ ਤੀਹ ਕੁ ਨੈਗੇਟਿਵਾਂ ਦੀ ਵਰਤੋਂ ਕੀਤੀ ਗਈ ਸੀ। ਇਹ ਤਸਵੀਰ ਕਿਸੇ ਇਸਤ੍ਰੀ ਦੀ ਨਹੀਂ, ਸਗੋਂ ਇਸਤ੍ਰਿਤਵ ਜਾਂ ਔਰਤ ਜ਼ਾਤ ਦੀ ਸੀ। ਸ਼ਬਦਾਂ ਦੀਆਂ ਅਰਥ ਸੰਭਾਵਨਾਵਾਂ ਦੀ ਇਸੇ ਤਰ੍ਹਾਂ ਅਨੇਕ ਸਮਾਜਕ ਅਤੇ ਸਾਂਸਕ੍ਰਿਤਿਕ ਸੰਦਰਭਾਂ ਵਿਚ ਉਹਨਾਂ ਦੀ ਵਰਤੋਂ ਹੋਣ ਨਾਲ ਵਿਕਸਿਤ ਹੁੰਦੀਆਂ ਹਨ। ਇਸ ਕਰਕੇ ਸ਼ਬਦਾਂ ਦੀ ਵਰਤੋਂ ਨਾਲ ਮਹਾਨ ਸਾਹਿਤ ਦੀ ਸਿਰਜਣਾ ਹੁੰਦੀ ਹੈ। ਪੰਜਾਬੀ ਦੀਆਂ ਸਭ ਤੋਂ ਮਹਾਨ ਕਵਿਤਾਵਾਂ ਵਿਚੋਂ ਇਕ ਕਵਿਤਾ ਸਿਰਫ਼ ਅੱਠ ਸ਼ਬਦਾਂ ਦੀ ਹੈ-
”ਨਹੀਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ”
ਵੱਖ-ਵੱਖ ਸ਼ਬਦਾਂ ਦੀ ਅਰਥ ਸੰਭਾਵਨਾਵਾਂ ਕੋਈ ਖ਼ਾਸ ਕਾਵਿਮਈ ਜਾਪਦੀਆਂ ਵੀ ਨਹੀਂ। ਪਰ ਪੰਜਾਬ ਦੀਆਂ ਕਈ ਸਦੀਆਂ ਦੀ ਤ੍ਰਾਸਦੀ ਦੀ ਜੋ ਤਸਵੀਰ ਇਹਦੇ ਵਿਚੋਂ ਫੁੱਟ ਨਿਕਲਦੀ ਹੈ, ਉਹਨੂੰ ਇੰਨੀ ਤੀਖਣਤਾ ਨਾਲ ਸ਼ਾਇਦ ਕਿਸੇ ਹੋਰ ਢੰਗ ਨਾਲ ਉਲੀਕਿਆ ਹੀ ਨਹੀਂ ਜਾ ਸਕਦਾ। ਇਕ-ਇਕ ਸ਼ਬਦ ਵਿਚ ਪੂਰੇ ਵਾਕ ਦੀ ਸਮੁੱਚਤਾ ਸਮਾਈ ਹੋਈ ਹੈ। ਭਾਰਤੀ ਸ਼ਾਸਤ੍ਰੀ ਸੰਗੀਤ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ। ਸੁਰ ਮਿਲਣ ਨਾਲ ਰਾਗ ਬਣਦਾ ਹੈ, ਪਰ ਸਮੁੱਚੇ ਰਾਗ ਦੀ ਰੂਹ ਇਕ-ਇਕ ਸੁਰ ਵਿਚ ਸਮਾਈ ਹੁੰਦੀ ਹੈ। ਦਰਬਾਰੀ ਅਤੇ ਜੌਨਪੁਰੀ ਰਾਗਾਂ ਦੇ ਸੁਰ ਬਿਲਕੁਲ ਇੱਕੋ ਹਨ – ਆਸਾਵਰੀ ਠਾਟ ਦੇ ਸੁਰ। ਪਰ ਹਰ ਰਾਗ ਵਿਚ ਹਰ ਸੁਰ ਦਾ ਆਪਣਾ ਹੀ ਸਰੂਪ ਹੁੰਦਾ ਹੈ। ਦਰਬਾਰੀ ਰਾਗ ਦਾ ਸਮੁੱਚਾ ਸਰੂਪ ਅਜਿਹਾ ਹੈ ਕਿ ਆਰੋਹ ਵੇਲੇ ਕੋਮਲ ਗੰਧਾਰ ਰਿਸ਼ਭ ਵੱਲ ਨੂੰ ਝੁਕਿਆ ਹੁੰਦਾ ਹੈ ਅਤੇ ਅਵਰੋਹ ਵੇਲੇ ਮੱਧਮ ਵਲ ਨੂੰ। ਅਜਿਹਾ ਨਾ ਹੋਵੇ, ਤਾਂ ਪੂਰੇ ਰਾਗ ਦਾ ਸੱਤਿਆਨਾਸ ਹੋ ਜਾਂਦਾ ਹੈ। ਇਸਦੇ ਉਲਟ, ਜੌਨਪੁਰੀ ਵਿਚ ਅਜਿਹਾ ਕਰਨ ਨਾਲ ਗੱਲ ਵਿਗੜ ਜਾਂਦੀ ਹੈ। ਅਮੀਰ ਖ਼ਾਨ ਜਾਂ ਰਵੀਸ਼ੰਕਰ ਵਰਗੇ ਕਿਸੇ ਮਹਾਨ ਸੰਗੀਤਕਾਰ ਨੂੰ ਸੁਣੋ, ਪਹਿਲਾ ‘ਸਾ’ ਸੁਰ ਲੱਗਣ ਤੋਂ ਹੀ ਪਤਾ ਲਗ ਜਾਂਦਾ ਹੈ ਕਿ ਕਿਹੜਾ ਰਾਗ ਗਾਇਆ ਜਾਂ ਵਜਾਇਆ ਜਾਣਾ ਹੈ। ਪ੍ਰਭਾਵ ਪੂਰੀ ਇਮਾਰਤ ਦਾ ਪੈਂਦਾ ਹੈ, ਕੋਈ ਵੀ ਦਰਸ਼ਕ ਇਕ-ਇਕ ਇੱਟ ਦੀ ਸ਼ਕਲ ਨੂੰ ਜਮ੍ਹਾਂ ਕਰਕੇ ਇਮਾਰਤ ਦੀ ਸਮੁੱਚੀ ਸ਼ਕਲ ਨਹੀਂ ਬਣਾੳਂੁਦਾ।

ਪੱਛਮੀ ਭਾਸ਼ਾ ਵਿਗਿਆਨ ਦੇ ਰੁਹਜਾਨ

ਪੱਛਮੀ ਭਾਸ਼ਾ ਵਿਗਿਆਨ ਦੇ ਅਨੇਕ ਸਕੂਲ ਹਨ, ਯੂਰਪੀਅਨ ਅਤੇ ਅਮਰੀਕਨ। ਭਰਤ੍ਰਹਰੀ ਦੇ ਭਾਸ਼ਾ ਵਿਗਿਆਨ ਨਾਲ ਇਹਨਾਂ ਸਭਨਾਂ ਦੀ ਵਿਸਥਾਰ ਸਹਿਤ ਤੁਲਨਾ ਇੱਥੇ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਅਸੀਂ ਸਿਰਫ਼ ਅਮਰੀਕਨ ਸਕੂਲ ਦੀ ਹੀ ਗੱਲ ਕਰਦੇ ਹਾਂ। ਅਮਰੀਕਨ ਭਾਸ਼ਾ ਵਿਗਿਆਨ ਵੀਹਵੀਂ ਸਦੀ ਦੇ ਸ਼ੁਰੂ ਵਿਚ ਫ਼੍ਰੈਂਜ਼ ਬੋਅਸ ਦੇ ਮਾਨਵਵਿਗਿਆਨੀ ਭਾਸ਼ਾਵਿਗਿਆਨ (ਐਂਥਰੋਪਲੋਜੀਕਲ ਲਿੰਗੁਇਸਟਿਕਸ) ਨਾਲ ਸ਼ੁਰੂ ਹੋਇਆ, ਜਿਹਦਾ ਮੁੱਖ ਮੰਤਵ ਅਮਰੀਕਾ ਅਤੇ ਕੈਨੇਡਾ ਦੇ ਅਦਿਵਾਸੀਆਂ ਲੁਪਤ ਹੋ ਰਹੀਆਂ ਭਾਸ਼ਾਵਾਂ ਦਾ ਅਧਿਐਨ ਕਰਨਾ ਸੀ। ਸੇਪੀਅਰ, ਵ੍ਹੋਰਫ਼ ਤੇ ਸ਼ੁਰੂ ਬਲੂਮਫ਼ੀਲਡ ਇਸੇ ਬੋਅਸ ਪਰੰਪਰਾ ਦੇ ਭਾਸ਼ਾਵਿਗਿਆਨੀ ਸਨ। ਸੇਪੀਅਰ ਤੇ ਵ੍ਹੋਰਫ਼ ਦਾ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਿਆ ਹੈ। ਇਹ ਵਿਦਵਾਨ ਭਾਸ਼ਾ ਦਾ ਅਧਿਐਨ ਉਹਦੀ ਮਨੁੱਖੀ ਜੀਵਨ ਵਿਚ ਵਰਤੋਂ ਅਤੇ ਉਹਦੇ ਸਮਾਜਕ ਅਰਥਾਂ ਤੋਂ ਨਿਖੇੜ ਕੇ ਨਹੀਂ ਕਰਦੇ ਸਨ।
ਉਸ ਵੇਲੇ ਲੌਜੀਕਲ ਪੌਜ਼ਿਟਿਵਿਜ਼ਮ ਤੇ ਇਹਦੇ ਅਸਰ ਹੇਠ ਸਥਾਪਿਤ ਹੋਏ ਬੀਹੇਵੀਅਰਿਸਟਿਕ ਮਨੋਵਿਗਿਆਨ ਲੋਕਾਂ ਦੇ ਦਿਮਾਗ਼ਾਂ ’ਤੇ ਛਾ ਰਹੇ ਸਨ ਅਤੇ ਬਲੂਮਫ਼ੀਲਡ ਵੀ ਇਹਨਾਂ ਦੇ ਅਸਰ ਤੋਂ ਨਾ ਬਚ ਸਕੇ। ਭਾਸ਼ਾ ਵਿਗਿਆਨ ਨੂੰ ਲੌਜੀਕਲ ਪੌਜ਼ਿਟਿਵਿਸਟ ਅਰਥਾਂ ਵਿਚ ਸੱਚਮੁੱਚ ‘ਵਿਗਿਆਨਕ’ ਬਣਾਉਣ ਲਈ ਉਹਨਾਂ ਗੱਲਾਂ ਦਾ ਤਿਆਗ ਜ਼ਰੂਰੀ ਸੀ, ਜੋ ਪ੍ਰਤੱਖ ਦਿਖਾਈ ਨਹੀਂ ਦਿੰਦੀਆਂ। ਯਾਦ ਰੱਖਣ ਵਾਲੀ ਗੱਲ ਹੈ ਕਿ ਬੀਹੇਵੀਅਰਿਸਟਿਕ ਮਨੋਵਿਗਿਆਨ ਮਨ ਦੀ ਹੋਂਦ ਤੋਂ ਇਨਕਾਰੀ ਹੈ ਅਤੇ ਬਾਹਰੀ ਵਤੀਰੇ (ਬੀਹੇਵੀਅਰ) ਨੂੰ ਹੀ ਅਧਾਰ ਬਣਾ ਕੇ ਚੱਲਦਾ ਹੈ। ਕਿਉਂਕਿ ਅਰਥ ‘ਮਾਨਸਿਕ’ ਹੁੰਦਾ ਹੈ, ਇਸ ਕਰਕੇ ਬਲੂਮਫ਼ੀਲਡ ਅਤੇ ਉਹਨਾਂ ਦੀ ਪਰੰਪਰਾ ਵਿਚ ਅਰਥ ਦਾ ਭਾਸ਼ਾਵਿਗਿਆਨਕ ਵਿਸ਼ਲੇਸ਼ਣ ਕਰਨ ਦੀ ਸਖ਼ਤ ਮਨਾਹੀ ਹੋ ਗਈ। ਬਲੂਮਫ਼ੀਲਡ ਦੀ ਪਰੰਪਰਾ ਨੂੰ ਅਮਰੀਕਨ ਸੰਰਚਨਾਵਾਦ ਆਖਿਆ ਜਾਂਦਾ ਹੈ। ਇਸ ਵਿਚ ਕਿਸੇ ਭਾਸ਼ਾ ਦੇ ਅਧਿਐਨ ਲਈ ਸਿਰਫ਼ ਸ਼ਬਦਾਂ ਅਤੇ ਸ਼ਬਦਾਂਸ਼ਾਂ (ਮੌਰਫ਼ੀਮਾਂ) ਦੀ ਵੰਡ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ। ਪਰ ਹਰ ਭਾਸ਼ਾ ਦੀ ਵਿਲੱਖਣਤਾ ਦਾ ਸਤਿਕਾਰ ਕਰਨ ਅਤੇ ਕਿਸੇ ਵੀ ਭਾਸ਼ਾ ਨੂੰ ਹੋਰ ਭਾਸ਼ਾ ਲਈ ਤਿਆਰ ਕੀਤੇ ਢਾਂਚੇ ਵਿਚ ਫਿਟ ਨਾ ਕਰਨ ਦੇ ਅਸੂਲ ਦਾ ਪਾਲਣ ਕੀਤਾ ਜਾਂਦਾ ਸੀ। ਭਾਸ਼ਾਵਿਗਿਆਨ ਦਾ ਪ੍ਰੇਰਣਾ ਸਰੋਤ ਹਾਲੇ ਵੀ ਮਾਨਵਵਿਗਿਆਨ ਸੀ।
ਇਸ ਪਰੰਪਰਾ ਵਿਚ ਜ਼ੈਲਿੱਗ ਹੈਰਿਸ ਨਾਂ ਦੇ ਭਾਸ਼ਾਵਿਗਿਆਨੀ ਹੋਏ ਹਨ, ਜਿਹਨਾਂ ਨੇ ਮਾਨਵਵਿਗਿਆਨ ਵਲੋਂ ਧਿਆਨ ਹਟਾ ਕੇ ਆਪਣਾ ਪ੍ਰੇਰਣਾ ਸਰੋਤ ਗਣਿਤ (ਅਲਜਬਰੇ) ਨੂੰ ਬਣਾਇਆ। ਹੈਰਿਸ ਦੇ ਸ਼ਿੱਸ ਨੋਅਮ ਚੌਮਸਕੀ ਨੇ ਗਣਿਤ ਅਤੇ ਲੌਜਿਕ ਦਾ ਕਾਫ਼ੀ ਅਧਿਐਨ ਕੀਤਾ ਹੋਇਆ ਸੀ। ਇਸ ਕਰਕੇ ਉਹਨਾਂ ਨੇ ਹੈਰਿਸ ਦੇ ਕੰਮ ਨੂੰ ਹੋਰ ਅੱਗੇ ਵਧਾਇਆ। ਬਾਈਨਰੀ ਗਣਿਤ ਜਾਂ ਅਲਜਬਰੇ ਦੀ ਵਰਤੋਂ ਕਰਨ ਵਾਲੇ ਕੰਪਿਊਟਰ ਵੀ ਉਹਨਾਂ ਦਿਨਾਂ ਵਿਚ ਆਉਣੇ ਸ਼ੁਰੂ ਹੋ ਗਏ ਸਨ। ਅਲਜਬਰੇ ਅਤੇ ਮੈਥੇਮੈਟੀਕਲ ਲੌਜਿਕ ਵਿਚ ਸਿਰਫ਼ ਅਰਥਹੀਣ ਚਿੰਨ੍ਹਾਂ ਦਾ ਹੀ ਜੋੜ-ਤੋੜ ਕੀਤਾ ਜਾਂਦਾ ਹੈ, ਚਿੰਨ੍ਹਾਂ ਦੇ ਅਰਥ ਇਸ ਕੰਮ ਵਿਚ ਸ਼ਾਮਿਲ ਨਹੀਂ ਹੁੰਦੇ। ਮਿਸਾਲ ਵਜੋਂ, a+b=c ਦਾ ਅਰਥ ‘ਮਾਤਾ+ਪਿਤਾ=ਮਾਪੇ’, ‘ਪਰੌਂਠਾ+ਚਾਹ=ਨਾਸ਼ਤਾ’, ‘ਕੁਰਸੀ+ਮੇਜ਼=ਫਰਨੀਚਰ’ ਜਾਂ ਕੁਝ ਵੀ ਹੋਰ ਹੋ ਸਕਦਾ ਹੈ। ਚੌਮਸਕੀ ਅਤੇ ਉਹਨਾਂ ਦੇ ਚੇਲਿਆਂ ਨੇ ਆਪਣੇ ਭਾਸ਼ਾਵਿਗਿਆਨ ਦੇ ”ਕ੍ਰਾਂਤੀਕਾਰੀ” ਅਤੇ ਬਲੂਮਫ਼ੀਲਡ ਦੀ ਸੰਰਚਨਾਵਾਦੀ ਪਰੰਪਰਾ ਅਤੇ ਸਕਿੱਨਰ ਦੇ ਬੀਹੇਵੀਅਰਿਜ਼ਮ ਦੇ ਵਿਰੋਧੀ ਹੋਣ ਦਾ ਧੂੰਆਂਧਾਰ ਪ੍ਰਾਪੇਗੰਡਾ ਰੱਜ ਕੇ ਕੀਤਾ। (ਧੂੰਆਂਧਾਰ ਇਸ ਕਰਕੇ ਕਿ ਇਸ ਵਿਚ ਨਿਰਾ ਧੂੰਆਂ ਹੀ ਸੀ, ਰੋਸ਼ਨੀ ਕੋਈ ਨਹੀਂ)। ‘ਵਾਕ-ਬਣਤਰ’ (syntax) ਨੂੰ ਆਪਣੇ ਭਾਸ਼ਾ ਵਿਗਿਆਨ ਵਿਚ ਮਾਨਵ ਦਾ ਸੰਬੋਧ ਸਮਾਜ ਤੋਂ ਨਿਖੜੇ ਹੋਏ ਬੇਜਾਨ ਕੰਪਿਊਟਰ ਵਰਗਾ ਹੀ ਹੈ, ਜੋ ਸਿਰਫ਼ ਅਰਥਹੀਣ ਚਿੰਨ੍ਹਾਂ ਦਾ ਜੋੜ-ਤੋੜ ਹੀ ਕਰਦਾ ਹੈ। ਸਮਾਜ ਵਿਚ ਭਾਵਨਾਵਾਂ ਅਤੇ ਵਿਚਾਰਾਂ ਦਾ ਵਟਾਂਦਰਾ ਕਰਨ ਵਾਲਾ ਜੀਉਂਦਾ ਜਾਗਦਾ ਮਾਨਵ ਨਹੀਂ। ਬੇਜਾਨ ਚਿੰਨ੍ਹਾਂ ਦੇ ਜੋੜ-ਤੋੜ ਨਾਲ ਵਾਕ ‘ਜੈਨਰੇਟ’ ਕੀਤੇ ਜਾਂਦੇ ਹਨ ਅਤੇ ਫਿਰ ਇਹਨਾਂ ਵਾਕਾਂ ਨੂੰ ਅਰਥ ਅਤੇ ਬੋਲੀ ਰੂਪ ਦਿੱਤਾ ਜਾਂਦਾ ਹੈ।
ਚੌਮਸਕੀ ਨੇ ਸਪੱਸ਼ਟ ਤੌਰ ’ਤੇ ਫ਼੍ਰੈਂਚ ਫ਼ਿਲਾਸਫ਼ਰ ਦੇਕਾਰਤ ਦੀ ‘ਰੈਸ਼ਨਲਿਜ਼ਮ’ ਨਾਂ ਦੀ ਫ਼ਿਲਾਸਫ਼ੀ ਨੂੰ ਅਪਣਾਇਆ, ਜਿਹਦੇ ਅਨੁਸਾਰ ਮਨੁੱਖ ਦਾ ਸਰੀਰ ਅਤੇ ਮਨ ਵੱਖ-ਵੱਖ ਵਸਤਾਂ ਹਨ, ਮਨੁੱਖੀ ਮਨ ਵਿਚ ਰੱਬ ਨੇ ਕੁਝ ਧਾਰਨਾਵਾਂ, ਸੋਚ ਵਿਚਾਰ ਅਤੇ ਸੰਬੋਧ ਪਹਿਲਾਂ ਹੀ ਭਰੇ ਹੁੰਦੇ ਹਨ, ਜਿਹੜੇ ਸੰਸਾਰਕ ਦੇ ਤਜਰਬੇ ਤੋਂ ਹਾਸਿਲ ਨਹੀਂ ਕੀਤੇ ਜਾ ਸਕਦੇ। ਚੌਮਸਕੀ ਦੇ ਕਹਿਣ ਅਨੁਸਾਰ, ਭਾਸ਼ਾ ਦੇ ਨਿਯਮ ਇੰਨੇ ਗੁੰਝਲਦਾਰ ਹੁੰਦੇ ਹਨ ਕਿ ਬੱਚੇ ਭਾਸ਼ਾ ਨੂੰ ਸਿਰਫ਼ ਸੁਣ ਕੇ ਹੀ ਇਹਨਾਂ ਨਿਯਮਾਂ ਨੂੰ ਨਹੀਂ ਸਿੱਖ ਸਕਦੇ। ਪਰ ਉਹ ਬੜੀ ਆਸਾਨੀ ਅਤੇ ਤੇਜ਼ੀ ਨਾਲ ਭਾਸ਼ਾ ਦੇ ਗੁੰਝਲਦਾਰ ਨਿਯਮਾਂ ਨੂੰ ਸਮਝ ਕੇ ਭਾਸ਼ਾ ਬੋਲਣ ਲੱਗ ਜਾਂਦੇ ਹਨ, ਇਹਤੋਂ ਸਾਬਿਤ ਹੁੰਦਾ ਹੈ ਕਿ ਉਹਨਾਂ ਦੇ ਦਿਮਾਗ਼ ਵਿਚ ਭਾਸ਼ਾ ਦੇ ਸੂਖ਼ਮ ਨਿਯਮ ਮਨੁੱਖੀ ਵਿਕਾਸ ਦੌਰਾਨ ਕੁਦਰਤ ਨੇ ਪਹਿਲਾਂ ਹੀ ਭਰੇ ਹੁੰਦੇ ਹਨ, ਜਿਵੇਂ ਕੰਪਿਊਟਰ ਵਿਚ ਸਿਲੀਕੋਨ ਚਿਪ। (ਇਸ ਵਿਗਿਆਨਕ ਯੁਗ ਵਿਚ ਦੇਕਾਰਤ ਵਾਲੇ ਰੱਬ ਦੀ ਕੋਈ ਥਾਂ ਨਹੀਂ)। ਇਹਨਾਂ ਨਿਯਮਾਂ ਨੂੰ ‘ਕੋਰ’ (ਕੇਂਦਰੀ) ਗਰਾਮਰ ਜਾਂ ‘ਯੂਨੀਵਰਸਲ’ (ਸਰਬ-ਭਾਸ਼ੀ) ਗਰਾਮਰ ਦਾ ਨਾਂ ਦਿੱਤਾ ਗਿਆ। ਦੁਨੀਆ ਦੀਆਂ ਸਭ ਭਾਸ਼ਾਵਾਂ ਦੇ ਵਿਆਕਰਣਕ ਨਿਯਮਾਂ ਦਾ ਆਧਾਰ ਇਹ ਨਿਯਮ ਹੁੰਦੇ ਹਨ। ਕਿਸੇ ਇਕ ਭਾਸ਼ਾ ਦਾ ”ਡੂੰਘਾ” ਅਧਿਐਨ ਕਰਨ ਨਾਲ ਅਸੀਂ ਸਭ ਭਾਸ਼ਾਵਾਂ ਦੇ ਵਿਆਕਰਣਾਂ ਦੇ ਅਸਲ ਨਿਯਮਾਂ ਨੂੰ ਜਾਣ ਸਕਦੇ ਹਾਂ। (ਕਹਿਣ ਦੀ ਲੋੜ ਨਹੀਂ ਇਹ ‘ਇਕ’ ਭਾਸ਼ਾ ਅੰਗਰੇਜ਼ੀ ਸੀ)। ਸਿਰਫ਼ ‘ਯੂਨੀਵਰਸਲ ਗਰਾਮਰ’ ਦਾ ਅਧਿਐਨ ਹੀ ਅਸਲ ਭਾਸ਼ਾਵਿਗਿਆਨ ਹੈ, ਹੋਰ ਸਭ ਕੁਝ ਭਾਸ਼ਾਵਿਗਿਆਨ ਲਈ ”ਦਿਲਚਸਪੀ ਵਾਲੀ ਗੱਲ ਨਹੀਂ।” ਕੋਈ ਵੀ ਸਿਆਣਾ ਬੰਦਾ ਸਮਝ ਸਕਦਾ ਹੈ ਕਿ ਇਹ ਦਲੀਲ ਕੋਈ ਵਿਗਿਆਨਕ ‘ਅਨੁਭਵਸਿੱਧ’ (empirical) ਦਲੀਲ ਨਹੀਂ, ਸਗੋਂ ਫ਼ਿਲਾਸਫ਼ਰਾਂ ਵਾਲੀ ‘ਨਿਗਮਨਕ’ (a prior) ਦਲੀਲ ਹੈ। ਚੌਮਸਕੀ ਅਤੇ ਉਹਨਾਂ ਦੇ ਚੇਲਿਆਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਗੱਲ ਵਿਗਿਆਨਕ ਤੌਰ ’ਤੇ ਸਾਬਿਤ ਨਹੀਂ ਕੀਤੀ ਜਾ ਸਕੀ ਕਿਉਂਕਿ ਇਹ ਵਿਗਿਆਨ ਦਾ ਮਸਲਾ ਹੈ ਹੀ ਨਹੀਂ, ਫ਼ਿਲਾਸਫ਼ੀ ਦਾ ਮਸਲਾ ਹੈ। ਵਿਟਗਨਸ਼ਟਾਈਨ ਦੇ ਕਹਿਣ ਅਨੁਸਾਰ ਫ਼ਿਲਾਸਫ਼ੀ ਦੇ ਮਸਲੇ ਕਦੇ ਹੱਲ ਨਹੀਂ ਹੁੰਦੇ, ਸਗੋਂ ਅਖ਼ੀਰ ਵਿਚ ਅਸੀਂ ਖ਼ੁਦ ਹੀ ਆਪਣੀ ਅਕਲ ਨਾਲ ਇਹਨਾਂ ਰੋਗਾਂ ਤੋਂ ਛੁਟਕਾਰਾ ਪਾ ਲੈਂਦੇ ਹਾਂ। ਬਹੁਤ ਸਾਰੇ ਸਿਰਕੱਢ ਭਾਸ਼ਾ ਵਿਗਿਆਨੀਆਂ ਨੇ ਚੌਮਸਕੀਨੁਮਾ ਭਾਸ਼ਾਵਿਗਿਆਨ ਦੀ ਹਰ ਮਾਨਤਾ ’ਤੇ ਸਵਾਲੀਆ ਨਿਸ਼ਾਨ ਲਾਏ ਹਨ ਅਤੇ ਇਹਦਾ ਪੂਰੀ ਤਰ੍ਹਾਂ ਤਿਆਗ ਕਰ ਦਿੱਤਾ ਹੈ। ਉਹ ਉਸ ਕਿਸਮ ਦੇ ਭਾਸ਼ਾਵਿਗਿਆਨ ਨੂੰ ਅਪਣਾਅ ਰਹੇ ਹਨ, ਜੋ ਡੇਢ ਹਜ਼ਾਰ ਸਾਲ ਪਹਿਲਾਂ ਭਰਤ੍ਰਹਰੀ ਦਾ ਸੀ।
ਅੱਜ ਅਮਰੀਕਨ ਸਮਾਰਾਜਵਾਦ ਦੇ ਸਭ ਤੋਂ ਵੱਡੇ ਵਿਰੋਧੀ ਹੋਣ ਦਾ ਦਾਅਵਾ ਕਰਨ ਵਾਲੇ ਚੌਮਸਕੀ ਦੇ ਅਸਰ ਹੇਠ ਦੁਨੀਆ ਦੀਆਂ ਹੋਰ ਸਭ ਭਾਸ਼ਾਵਾਂ ਨੂੰ ਲੱਗਭਗ ਪੰਜਾਹ ਸਾਲ ਅੰਗਰੇਜ਼ੀ ਦੇ ਢਾਂਚੇ ਵਿਚ ਫ਼ਿਟ ਕੀਤਾ ਜਾਂਦਾ ਰਿਹਾ ਹੈ, ਯਾਨੀ ਚੌਮਸਕੀ ਅਤੇ ਉਹਨਾਂ ਦੇ ਵਿਚਾਰ ਭਾਸ਼ਾਵਿਗਿਆਨ ਵਿਚ ਕਈ ਦਹਾਕੇ ਬੌਧਿਕ ਸਾਮਰਾਜਵਾਦ ਦੇ ਫੈਲਾਅ ਦਾ ਕਾਰਨ ਬਣੇ। 1957 ਵਿਚ ਪਹਿਲੀ ਵਾਰ ਚੌਮਸਕੀ ਨੇ Syntactic Structures ਨਾਂ ਦੀ ਕਿਤਾਬ ਨਾਲ ਭਾਸ਼ਾਵਿਆਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ। ਤਦ ਤੋਂ ਹੁਣ ਤੱਕ ਚੌਮਸਕੀ ਹਰ ਸੱਤ ਅੱਠ ਸਾਲਾਂ ਮਗਰੋਂ ਆਪਣੇ ਭਾਸ਼ਾਵਿਗਿਆਨ ਸਿਧਾਂਤਾਂ ਦੇ ਢਾਂਚੇ ਨੂੰ ਬਦਲਦੇ ਰਹੇ, ਹਰ ਨਵਾਂ ਢਾਂਚਾ ਲਿਆਉਣ ਤੋਂ ਪਹਿਲਾਂ ਪੁਰਾਣੇ ’ਤੇ ਅਸਫਲ ਢੰਗ ਨਾਲ ਟਾਕੀਆਂ ਲਾਉਂਦੇ ਰਹੇ, ਕਿਉਂਕਿ ਸਰਬ-ਭਾਸ਼ੀ ਸਿਧਾਂਤ ਹੋਣ ਦਾ ਦਾਅਵਾ ਕਰਨ ਵਾਲੇ ਇਹ ਸਿਧਾਂਤ ਹੋਰ ਭਾਸ਼ਾਵਾਂ ਤਾਂ ਕੀ ਅੰਗਰੇਜ਼ੀ ਭਾਸ਼ਾ ਦੀ ਸਮੁੱਚੀ ਵਿਆਕਰਣਕ ਬਣਤਰ ਦੀ ਵੀ ਸਹੀ ਵਿਆਖਿਆ ਨਹੀਂ ਕਰ ਸਕਦੇ ਸਨ। ਭਾਸ਼ਾ ਦੀ ਸੰਸਾਰਿਕ ਪੱਧਰ ’ਤੇ ਲੋਕ ਵਿਵਹਾਰ ਦੀ ਵਰਤੋਂ ਨਾਲੋਂ ਭਾਸ਼ਾ ਨੂੰ ਨਿਖੇੜ ਕੇ ਅਤੇ ਸ਼ਬਦਾਂ ਨੂੰ ਉਹਨਾਂ ਦੇ ਸਮਾਜਕ ਅਤੇ ਸਾਂਸਕ੍ਰਿਤਕ ਅਰਥਾਂ ਨਾਲੋਂ ਨਿਖੇੜ ਕੇ ਅਤੇ ਸ਼ਬਦਾਂ ਨੂੰ ਉਹਨਾਂ ਦੇ ਸਮਾਜਿਕ ਅਤੇ ਸਾਂਸਕ੍ਰਿਤਕ ਅਰਥਾਂ ਨਾਲੋਂ ਨਿਖੇੜ ਕੇ ਵਿਆਕਰਣ ਨੂੰ ਸਿਰਫ਼ ਅਲਜਬਰਾਈ ਚਿੰਨ੍ਹਾਂ ਦਾ ਜੋੜ-ਤੋੜ ਸਮਝਣ ਵਾਲੇ ਚੌਮਸਕੀ ਦੇ ਭਾਸ਼ਾ ਵਿਗਿਆਨ ਨੇ ਪਿਛਲੇ ਪੰਜਾਹ ਸਾਲਾਂ ਵਿਚ ਕਿੰਨੀ ਕੁ ਪ੍ਰਗਤੀ ਕੀਤੀ ਹੈ? ਇਸ ਸਵਾਲ ਦਾ ਜਵਾਬ ਤਾਂ ਸਮਾਂ ਹੀ ਦੇਵੇਗਾ। ਪਰ ਉਹਨਾਂ ਭਾਰਤੀ ਭਾਸ਼ਾਵਿਗਿਆਨੀਆਂ ਬਾਰੇ ਕੀ ਕਰੀਏ ਜਿਹਨਾਂ ਨੇ ਪੂਰੀ ਦਾਸ-ਬਿਰਤੀ ਨਾਲ ਚੌਮਸਕੀ ਦੇ ਅਨੇਕ ਢਾਂਚਿਆਂ ਵਿਚੋਂ ਕਿਸੇ ਇਕ ਵਿਚ ਪੰਜਾਬੀ ਨੂੰ ਜ਼ਬਰਦਸਤੀ ਧੱਕ ਕੇ ਪੁਸਤਕਾਂ ਛਪਵਾਈਆਂ ਜਾਂ ਇਸ ਵਿਚ ਹਿੰਦੀ ਨੂੰ ਫ਼ਿਟ ਕਰਕੇ ਡਾਕਟਰੀਆਂ ਲਈਆਂ?
ਲੌਜੀਕਲ ਪੌਜ਼ਿਟਿਵਜ਼ਮ ਤੇ ਕਾਰਟੀਜ਼ੀਅਨ (ਦੇਕਾਰਟ ਵਾਲਾ) ਰੈਸ਼ਨਲਿਜ਼ਮ ਦੋਵੇਂ ਫ਼ਿਲਾਸਫ਼ੀਆਂ ਔਬਜੈਕਟਿਵਿਸਟ ਹਨ, ਜਿਹਦੇ ਅਨੁਸਾਰ ਸੰਸਾਰ ਅਤੇ ਇਹਦੀਆਂ ਵਸਤਾਂ ਤੇ ਕੈਟੇਗਰੀਆਂ ਅਤੇ ਉਹਨਾਂ ਦੇ ਗੁਣ-ਧਰਮ ਸਪੱਸ਼ਟ, ਨਿਸ਼ਚਿਤ ਅਤੇ ਸਾਰੀ ਮਨੁੱਖਤਾ ਲਈ ਇਕੋ ਜਿਹੇ ਹਨ। ਇਹਨਾਂ ਵਸਤਾਂ, ਕੈਟੇਗਰੀਆਂ ਅਤੇ ਇਹਨਾਂ ਦੇ ਗੁਣਾਂ ਧਰਮਾਂ ਦੀ ਸਥਾਪਨਾ ਵਿਚ ਮਨੁੱਖੀ ਮਨ, ਭਾਸ਼ਾ, ਕਲਪਨਾ, ਕਲਚਰ ਵਗੈਰਾ ਦਾ ਕੋਈ ਯੋਗਦਾਨ ਨਹੀਂ ਹੁੰਦਾ। ਇਹਨਾਂ ਦਾ ਅਧਿਐਨ ਕਰਨਾ ਵਿਗਿਆਨ ਅਤੇ ਫ਼ਿਲਾਸਫ਼ੀ ਦਾ ਕੰਮ ਹੈ।
ਇਸ ਕਿਸਮ ਦੀ ਸੋਚਣੀ ਦਾ ਤਕੜਾ ਵਿਰੋਧ ਹੁਣ ਭਾਸ਼ਾ ਵਿਗਿਆਨੀਆਂ ਨੇ ਸ਼ੁਰੂ ਕੀਤਾ ਹੈ। 1999 ਵਿਚ ਛਪੀ ਭਾਸ਼ਾਵਿਗਿਆਨੀ ਜਾਰਜ ਲੈਕੋਫ਼ ਤੇ ਫ਼ਿਲਾਸਫ਼ਰ ਮਾਰਕ ਜਾਹਨਸਨ ਦੀ ਕਿਤਾਬ Philosophy in the Flesh ਨੇ ਨਾ ਸਿਰਫ਼ ਔਬਜੈਕਟਿਵਿਸਟ ਫ਼ਿਲਾਸਫ਼ੀ ਨੂੰ ਹੀ ਚੈਲੰਜ ਕੀਤਾ ਹੈ, ਸਗੋਂ ਪਿਛਲੇ ਢਾਈ ਹਜ਼ਾਰ ਸਾਲਾਂ ਦੀ ਪੱਛਮੀ ‘ਨਿਗਮਨਕ’ (a priori) ਕਿਸਮ ਦੀ ਫ਼ਿਲਾਸਫ਼ੀ ਨੂੰ ਵੀ। ਇਹਨਾਂ ਦੀ ਦਲੀਲ ਹੈ ਕਿ ਫ਼ਿਲਾਸਫ਼ੀ ਦਾ ਆਧਾਰ ਮਨੁੱਖੀ ਦਿਮਾਗ਼ ਦੇ ਕੰਮ ਕਰਨ ਦੇ ਢੰਗਾਂ ਦੇ ਅਧਿਐਨ (Cognitive Science) ਤੋਂ ਸਾਹਮਣੇ ਆਈਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ। ਸਿਰਫ਼ ਸਵੈ-ਸਿੱਧ ਗੱਲਾਂ ਤੋਂ ਲੌਜਿਕ ਦੀ ਮਦਦ ਨਾਲ ਉਸਾਰੀ ਗਈ ਫ਼ਿਲਾਸਫ਼ੀ ‘ਗ਼ੈਰ-ਜਿੰਮੇਦਾਰਾਨਾ’ ਫ਼ਿਲਾਸਫ਼ੀ ਹੈ। ਮਨੁੱਖੀ ਮਨ ਦੀ ਸੋਚਣੀ ਪੂਰੀ ਤਰ੍ਹਾਂ ਰੂਪਕ-ਅਧਾਰਿਤ (ਮੈਟਾਫ਼ੌਰੀਕਲ) ਹੁੰਦੀ ਹੈ, ਅਰਥਾਤ ਰੂਪਕ ਜਾਂ ਮੈਟਾਫ਼ਰ ਇਹਦਾ ਆਧਾਰ ਹੁੰਦੇ ਹਨ। ਮੈਟਾਫ਼ਰਾਂ ਦਾ ਆਧਾਰ ਮਨੁੱਖ ਦਾ ਆਪਣਾ ਸਰੀਰ ਹੈ। ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਜਿਹੜੀਆਂ ਸਮਾਨਤਾਵਾਂ ਦਿਸਦੀਆਂ ਹਨ, ਉਹਨਾਂ ਦਾ ਕਾਰਨ ਇਹ ਹੈ ਕਿ ਮੈਟਾਫ਼ਰਾਂ ਦਾ ਅਧਾਰ ਮਨੁੱਖੀ ਦਿਮਾਗ਼ ਦੀ ਬਣਤਰ ਅਤੇ ਕੰਮ ਕਰਨ ਦਾ ਢੰਗ ਹੈ। 1987 ਵਿਚ ਪ੍ਰਕਾਸ਼ਿਤ ਹੋਈ Women, Fire and Dangerous Things ਵਿਚ ਲੈਕੋਫ਼ ਨੇ ਮੈਟਾਫ਼ਰਾਂ ਦੀ ਬਣਤਰ ਦਾ ਵਿਸਤ੍ਰਿਤ ਅਧਿਐਨ ਕਰਕੇ ਸਾਬਤ ਕੀਤਾ ਕਿ ਸੰਸਾਰ ਨੂੰ ਸਮਝਣ ਲਈ ਕੈਟੇਗਰੀਆਂ ਮਨੁੱਖੀ ਸੋਚ ਬਣਾਉਂਦੀ ਹੈ, ਸੋਚ ਮੁੱਖ ਰੂਪ ਵਿਚ ਮੈਟਾਫ਼ੋਰੀਕਲ ਹੈ, ਵੱਖ-ਵੱਖ ਕਲਚਰਾਂ ਵਿਚ ਮੈਟਾਫ਼ਰ ਵੱਖ-ਵੱਖ ਹੋ ਸਕਦੇ ਹਨ, ਪਰ ਇਹਨਾਂ ਵਿਚ ਡੂੰਘੀ ਸਾਂਝ ਵੀ ਹੁੰਦੀ ਹੈ। ਲੈਕੋਫ਼ ਨੇ ਇਹ ਵੀ ਕਿਹਾ ਵ੍ਹੋਰਫ਼ ਦੀਆਂ ਬਹੁਤ ਸਾਰੀਆਂ ਗੱਲਾਂ ਸਹੀ ਸਨ। ਕੌਗਨੀਟਿਵ ਸੀਮੈਂਟਿਕਸ (ਅਰਥ-ਵਿਚਾਰ) ਦਾ ਆਧਾਰ ਮੈਟਾਫ਼ਰ ਅਤੇ ਸ਼ਬਦਾਂ, ਵਾਕਾਂਸ਼ਾਂ ਅਤੇ ਮੁਹਾਵਰਿਆਂ ਦਾ ਕੇਂਦਰੀ ਅਰਥ ਅਤੇ ਵੱਖ-ਵੱਖ ਸੰਦਰਭਾਂ ਵਿਚ ਇਹਨਾਂ ਦਾ ਮੈਟਾਫ਼ੋਰੀਕਲ ਫੈਲਾਓ ਹੈ। ਲੈਂਗੈਕਰ ਨੇ Foundations of Cognitive Grammar ਅਤੇ ਹੋਰ ਕਿਤਾਬਾਂ ਵਿਚ ਸਾਬਤ ਕੀਤਾ ਹੈ ਕਿ ਵਿਆਕਰਣ ਸੰਸਾਰਕ ਪਦਾਰਥਾਂ ਅਤੇ ਪ੍ਰਕਿਰਿਆਵਾਂ ਦਾ ਅਰਥ ਸਮਝਣ ਦਾ ਯਤਨ ਹੈ। ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਹਨਾਂ ਨੂੰ ਇਕੱਠਿਆਂ ਨੂੰ ਲੈ ਕੇ ਹੀ ਕਿਸੇ ਭਾਸ਼ਾ ਦਾ ਵਿਆਕਰਣਕ ਅਧਿਐਨ ਕੀਤਾ ਜਾਂਦਾ ਹੈ। ਮਾਈਕਲ ਟੋਮਾਸੈੱਲੋ ਨੇ ਆਪਣੀਆਂ ਕਈ ਪੁਸਤਕਾਂ (ਜਿਵੇਂ Human Cognition ਅਤੇ Constructing a Language ਵਿਚ ਬੱਚਿਆਂ ਦੇ ਭਾਸ਼ਾ ਸਿੱਖਣ ਬਾਰੇ ਹੋਏ ਅਨੇਕਾਂ ਅਧਿਐਨਾਂ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ਬੱਚਿਆਂ ਵਿਚ ਭਾਸ਼ਾ ਸਿੱਖਣ ਦੀ ਯੋਗਤਾ ਪੈਦਾਇਸ਼ੀ ਹੁੰਦੀ ਹੈ (ਜਿਹਨੂੰ ਭਰਤ੍ਰਹਰੀ ਨੇ ‘ਸ਼ਬਦ ਭਾਵਨਾ’ ਆਖਿਆ ਸੀ), ਪਰ ਹਰ ਬੱਚੇ ਦਾ ਭਾਸ਼ਾ ਸਿੱਖਣ ਦਾ ਕੰਮ ਉਹਦੀ ਸਮਾਜਿਕ ਅਤੇ ਸਾਂਸਕ੍ਰਿਤਕ ਚੇਤਨਾ ਦੇ ਵਿਕਾਸ ਦੇ ਨਾਲ ਨਾਲ ਚੱਲਦਾ ਹੈ ਅਤੇ ਬੱਚੇ ਦੀ ਇਹ ਮਾਨਸਿਕ ਪ੍ਰਗਤੀ ਸੰਸਾਰਿਕ ਪੱਧਰ ‘ਤੇ ਉਸ ਕੰਮ ਰਾਹੀਂ ਹੁੰਦੀ ਹੈ ਜਿਹਨੂੰ ਭਰਤ੍ਰਹਰੀ ਨੇ ਲੋਕ ਵਿਵਹਾਰ ਦਾ ਨਾਂ ਦਿੱਤਾ ਹੈ। ਇਹਨੂੰ ਸਮਝਣ ਲਈ ਚੌਮਸਕੀ ਦੀ ਸੋਚਣੀ ਵਾਲੀ ਕਿਸੇ ਵੀ ‘ਯੂਨੀਵਰਸਲ ਗਰਾਮਰ’ ਜਾਂ ‘ਕੋਰ ਗਰਾਮਰ’ ਦੀ ਕੋਈ ਲੋੜ ਨਹੀਂ।
‘ਕੰਸਟ੍ਰੱਕਸ਼ਨ ਗਰਾਮਰ’ ਵਿਚ ਵਿਸ਼ਲੇਸ਼ਣ ਦਾ ਆਧਾਰ ਵਾਕਾਂ ਨੂੰ ਬਣਾ ਕੇ ਉਹਨਾਂ ਵਿਚ ਸ਼ਬਦਾਂ ਦੇ ਯੋਗਦਾਨ ਦਾ ਅਧਿਐਨ ਕੀਤਾ ਜਾਣ ਲੱਗ ਪਿਆ ਹੈ। ਕਈ ਕਿਸਮ ਦੀਆਂ ਕੰਸਟ੍ਰੱਕਸ਼ਨ ਗਰਾਮਰਾਂ ਬਣੀਆਂ ਹਨ ਜੋ ਵਾਕ ਨੂੰ ਮੂਲ ਅਰਥਵਾਨ ਢਾਂਚਾ ਸਮਝ ਕੇ ਇਹਦੇ ਵਿਚ ਸ਼ਬਦਾਂ ਦੀ ਦੇਣ ਦਾ ਅਧਿਐਨ ਕਰਦੀਆਂ ਹਨ। ਇਹਨਾਂ ਵਿਚ ਸਭ ਤੋਂ ਵੱਧ ਧੜੱਲੇਦਾਰ ਅਤੇ ਵਿਵਾਦਾਂ ਵਿਚ ਘਿਰੀ ਵਿਲੀਅਮ ਕ੍ਰੋਫ਼ਟ ਦੀ 2001 ਵਿਚ ਛਪੀ Radical Construction Grammar ਹੈ, ਜਿਹਦੇ ਸਿਧਾਂਤ ਭਰਤ੍ਰਹਰੀ ਦੇ ‘ਅਖੰਡ ਵਾਕਯ ਸਫੋਟ’ ਵਰਗੇ ਹਨ। ਵਾਕ ਜਾਂ ਕੰਸਟ੍ਰੱਕਸ਼ਨ ਹੀ ਸਭ ਕੁਝ ਹੈ, ਵਾਕ ਅਤੇ ਉਹਦੇ ਵਿਚ ਵਰਤੇ ਗਏ ਸ਼ਬਦਾਂ ਵਿਚ ਸਮੁੱਚਤਾ ਅਤੇ ਅੰਸ਼ਾਂ ਵਾਲੇ ਸਬੰਧ ਹੁੰਦੇ ਹਨ – ਹੋਰ ਕੋਈ ਵਿਆਕਰਣਕ ਸਬੰਧ ਨਹੀਂ ਹੁੰਦੇ।
ਇੱਥੇ ਆਪਣੇ ਆਪਣੇ ਖੇਤਰ ਦੇ ਕੁਝ ਸਿਰਕੱਢ ਵਿਦਵਾਨਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ, ਜੋ ਪਾਣਿਨੀ ਵਾਂਗ ਭਾਸ਼ਾ ਦੇ ਅਧਿਐਨ ਲਈ ਸ਼ਬਦਾਂ ਅਤੇ ਵਾਕਾਂ ਨੂੰ ਉਹਨਾਂ ਦੇ ਅਰਥਾਂ ਨਾਲੋਂ ਨਹੀਂ ਨਿਖੇੜਦੇ ਸਗੋਂ ਇਹਨਾਂ ਨੂੰ ਇਕੱਠਿਆਂ ਨੂੰ ਹੀ ਲੈ ਕੇ ਚੱਲਦੇ ਹਨ।
ਹੈਰਾਨੀ ਹੁੰਦੀ ਹੈ ਕਿ ਭਰਤ੍ਰਹਰੀ ਦੀ ਭਾਸ਼ਾਵਿਗਿਆਨਕ ਸੋਚਣੀ ਡੇਢ ਹਜ਼ਾਰ ਸਾਲ ਪਹਿਲਾਂ ਉੱਥੇ ਸੀ, ਜਿੱਥੇ ਅੱਜ ਦੇ ਭਾਸ਼ਾਵਿਗਿਆਨ ਦੀ ਸੋਚਣੀ ਪਹੁੰਚ ਰਹੀ ਹੈ। ਅਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ ਕਿ ਜੇ ਭਰਤ੍ਰਹਰੀ ਅੱਜ ਸੰਸਾਰ ਵਿਚ ਵਾਪਸ ਆ ਸਕਦੇ ਤਾਂ ਉਹ ਕੀ ਸੋਚਦੇ ਤੇ ਕਹਿੰਦੇ। ਸ਼ਾਇਦ ਉਹ ਅੱਜ ਦੇ ਭਾਸ਼ਾ ਵਿਗਿਆਨੀਆਂ ਨੂੰ ਇਹ ਕਹਿੰਦੇ-”ਬੱਚਿਓ! ਤੁਹਾਡੇ ਕਰਮ ਖੇਤਰ ਦਾ ਮੈਂ ਅਤੀਤ ਹਾਂ ਅਤੇ ਤੁਸੀਂ ਵਰਤਮਾਨ ਤੇ ਭਵਿੱਖ। ਤੁਸੀਂ ਖ਼ੁਸ਼ਕਿਸਮਤ ਹੋ ਕਿ ਤੁਸੀਂ ਅੱਜ ਵਿਸ਼ਵੀਕਰਣ ਦੇ ਯੁਗ ਵਿਚ ਹਜ਼ਾਰਾਂ ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ ਕਰ ਸਕਦੇ ਹੋ। ਮੇਰੇ ਲਈ ਇਹ ਮੁਮਕਿਨ ਨਹੀਂ ਸੀ। ਆਪਣੀਆਂ ਸ਼ੁਭ ਇੱਛਾਵਾਂ ਅਤੇ ਅਸ਼ੀਰਵਾਦ ਦੇ ਨਾਲ-ਨਾਲ ਮੈਂ ਤੁਹਾਨੂੰ ਉਹ ਗੁਰੂ ਮੰਤ੍ਰ ਵੀ ਦੇਣਾ ਚਾਹੁੰਦਾ ਹਾਂ, ਜੋ ਮੇਰੇ ਗੁਰੂ ਨੇ ਮੈਨੂੰ ਦਿੱਤਾ ਸੀ। ਇਹਨੂੰ ਸਦਾ ਯਾਦ ਰੱਖਣਾ – ਸਿੱਧੇ ਸ਼ਬਦਾਰਥ ਸੰਬੰਧੇ ।”
(ਇਸ ਲੇਖ ਵਿਚ ਪੇਸ਼ ਕੀਤੇ ਤੱਥਾਂ ਅਤੇ ਦਲੀਲਾਂ ਦੇ ਹੱਕ ਵਿਚ ਦਿੱਤੇ ਹਵਾਲਿਆਂ ਵਿਚ ਆਮ ਪਾਠਕਾਂ ਦੀ ਕੋਈ ਦਿਲਚਸਪੀ ਨਹੀਂ ਹੋਏਗੀ ਅਤੇ ਇਹਨਾਂ ਨੂੰ ਛਾਪਣ ਲਈ ਜ਼ਿਆਦਾ ਸਫ਼ਿਆਂ ਦੀ ਲੋੜ ਪੈਣੀ ਸੀ। ਇਸ ਕਰਕੇ ਜਿਹੜੇ ਪਾਠਕਾਂ ਦੀ ਇਹਨਾਂ ਵਿਚ ਦਿਲਚਸਪੀ ਹੈ, ਉਹ ਮੈਨੂੰ ਈਮੇਲ ਭੇਜ ਕੇ ਇਹਨਾਂ ਦੀ ਲਿਸਟ ਮੰਗਵਾ ਸਕਦੇ ਹਨ। ਮੇਰਾ ਈਮੇਲ ਪਤਾ ਇਹ ਹੈ : BhardwajMangat@aol.com

ਮੰਗਤ ਰਾਏ ਭਾਰਦਵਾਜ

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!