ਮਨ ਹੁੰਦੈ…
ਪੁੱਛਦੇ ਨੇ ਦੋਸਤ ਯਾਰ
ਕਿਵੇਂ ਐਂ…..?
ਮਨ ਹੁੰਦੈ…. ਕਹਿ ਦਿਆਂ
ਠੀਕ ਹੀ ਆਂ ਉਂਝ ਤਾਂ ਮੈਂ
ਤਿਤਲੀ ਜੀਕੁਰ ਬੇਰੰਗ
ਮਹਿਕ ਵਿਛੁੰਨਾ ਫੁੱਲ
ਦਰਿਆ ਵਹਿਣ ਵਿਹੂਣਾ
ਪਹਾੜ ਉਚਾਈਓਂ ਖੁਣਾ
ਸਿਮਰਤੀਆਂ ’ਚ
ਮਿੰਜਰਾਂ ਜਿਹੀ ਤੇਰੇ ਵਾਲਾਂ ਦੀ ਗੰਧ
ਜੰਗਲੀ ਫੁੱਲਾਂ ਜਿਹਾ ਤੇਰੀ ਦੇਹ ਦਾ ਦ੍ਰਿਸ਼
ਨਾਭੀ ਦਾ ਤਿਲਿਸਮ ਜਿਵੇਂ ਨਰਮਕੋਈ ਖ਼ਰਗੋਸ਼
ਬੁੱਲ੍ਹਾਂ ਦੀਆਂ ਪੰਖੜੀਆਂ ’ਚ
ਉਤਰ ਜਾਣਾਂ ਤੇਰੇ ਅਥਾਹ ’ਚ ਵਾਂਗ ਮਲਾਹਾਂ
ਅਕਾਸ਼ ’ਚ ਤੈਰ ਜਾਣਾਂ ਵਾਂਗ ਪਰਿੰਦਿਆਂ
ਡੁੱਬ ਤੈਰ ਜਾਣਾ ਲੱਥਦੇ ਚੜ੍ਹਦੇ ਸਾਹਾਂ ਨਾਲ
ਵੱਖੀ ਮੇਰੀ ’ਚ ਤੇਰੇ ਪੈਰਾਂ ਦਾ ਸੰਕੋਚ
ਧੜਕਣ ਦੀ ਲੈਅ ’ਚ ਵਾਰ ਵਾਰ ਕਹਿੰਦੈ
ਤੇਰੀ ਦੇਹ ਕੋਲ ਰਹਿ ਗਿਆ ਕੁਝ ਮੇਰਾ
ਆਤਮਾ ਕੋਲ ਆਤਮਾ
ਪੂਰੇਪਨ ’ਚ ਅਪੂਰਨਤਾ
ਤੇਰੇ ਵੇਗ ’ਚ ਮੇਰਾ ਧੀਰਜ
ਚੰਗਾ ਹੁੰਦਾ
ਰਹਿ ਲੈਂਦੀ ਜੇ ਤੇਰੀ ਝਿਜਕ ਕੋਲ ਮੇਰੀ ਆਜ਼ਾਦੀ
ਗੋਰੀ ਭਾਅ ਕੋਲ ਮੇਰਾ ਰੰਗ ਸ਼ਿਆਮ
ਤੇਰੀ ਮੈਂ ’ਚ ਮੇਰਾ ਧਿਆਨ
ਠੀਕ ਹੀ ਆਂ ਉਂਝ ਤਾਂ…. ਮੈਂ
ਭਾਵਨਾ
ਉਦੋਂ ਕੋਈ ਦੌੜ ਨਹੀਂ ਹੁੰਦੀ
ਨਾ ਹੀ ਕੋਈ ਸ਼ਰਤ ਮਿੱਥੀ ਹੁੰਦੀ ਏ ਅਸਾਂ
ਭਿੰਨ ਹੋਣ ਦੀ
ਚਾਹ ਰਿਹਾ ਹੁੰਨਾਂ ਜਦੋਂ ਮੈਂ
ਸਾਲਮ ਸਬੂਤਾ ਹੋ ਜਾਵਾਂ ਐਸੀ ਸ਼ੈਅ
ਸਵੀਕਾਰ ਲਵੇਂ ਜੋ ਤੂੰ
ਆਪਣੀ ਦੇਹ ’ਚ ਪੂਰੇ ਦੀ ਪੂਰੀ
ਬਸ ਵਰਤ ਜਾਵੇ ਚਿਲਕੋਰ ਜਿਹੀ
ਹੋ ਜਾਈਏ ਅਸੀਂ
ਚੁੱਪ ਜਜ਼ੀਰੇ
ਸ਼ਾਂਤ ਪਾਣੀ
ਉੱਠਿਆ ਸੀ ਜਿਹਨਾਂ ’ਚ ਕਦੇ ਕੁਹਰਾਮ
ਤੇ ਤੂੰ ਕਹਿ ਰਹੀ ਹੁੰਨੀ ਏਂ
ਦੇਖ ਜਿਵੇਂ ਸਮਾਂ ਨਹੀਂ ਹੁੰਦਾ ਘੜੀ ਅੰਦਰ
ਪ੍ਰੇਮ ਦੇਹਾਂ ’ਚ ਨਹੀਂ ਹੁੰਦਾ
ਦੇਹ ਤਾਂ ਸਿਰਫ਼ ਪਰਦਰਸ਼ਿਤ ਕਰੇ ਪ੍ਰੇਮ
ਦਰਅਸਲ ਅਸੀਂ
ਸੋਚ ਰਹੇ ਹੁੰਨੇ ਆਂ ਇਕੋ ਤਰ੍ਹਾਂ
ਸਿਆਣ
ਜੇ ਤੂੰ ਨਾ ਹੁੰਦੀ
ਸ਼ਬਦ ਜੋ ਮੈਂ ਲਿਖਦਾ
ਬਦਲ ਜਾਂਦੇ ਅਸਪਸ਼ਟ ਨਕਸ਼ਾਂ
ਧੱਬਿਆਂ ’ਚ
ਤੇਰੀ ਰੋਸ਼ਨਾਈ ਨਾਲ
ਤੇਰੀ ਰੋਸ਼ਨੀ ’ਚ
ਮੈਂ ਪੜ੍ਹ ਸਕਾਂ
ਆਪਣੀ ਲਿਖਤ।