1.
ਆਰਤੀ ਤੇਰੀ ਵਿਚ
ਸੱਜ ਗਏ
ਤਿਨੋਂ ਕਾਲ-ਮੇਰੇ ਨਾਲ-ਨਾਲ
ਮਾਲਾ ਦੇ ਮਣਕੇ ਕੰਬ ਰਹੇ
ਵੈਰਾਗ ਵਿਚ-
ਰਾਤ ਦਾ
ਆਖ਼ਰੀ ਤਾਰਾ ਵੀ
ਸੌਣ ਜਾ ਰਿਹਾ-
ਸਿੰਧੂਰੀ ਅੱਖੀਆਂ
ਦਵਾਰ ਤੇ ਖੜ੍ਹੀਆਂ
ਤਾਪਸੀ ਆਤਮਾ
ਨਿਰਵਸਤਰ ਹੋ ਤੈਨੂੰ ਉਡੀਕ ਰਹੀ
ਸ਼ਰੀਰ ਤੋਂ ਆਰ
ਸ਼ਰੀਰ ਤੋਂ ਪਾਰ…
ਆਰਤੀ ਵਿਚ ਤੇਰੀ…।
2.
ਤੂੰ ਮੇਰੀ
ਅੰਦਰਲੀ ਚੁੱਪ ਵਿਚ ਬੈਠਾ
ਸ਼ਬਦ!
ਨਿਸ਼ਬਦ!!
ਮਸਤਕ ਤਿਲਕ ਮੇਰਾ।
ਤੇਰੇ ਗੁੰਬਦੀ ਬੋਲ
ਲਹੂ ਵਿਚ ਰਚਦੇ,
ਸ਼ੋਰ ਕਰਦੇ।
ਅੱਖੀਆਂ ਮੀਟ
ਬੋਲ ਤੇਰੇ ਸੁਣਦੀ
ਆਪਣੇ ਲਹੂ ਦੇ ਪੈਰਾਂ ’ਚ
ਸੀਸ ਆਪਣਾ ਧਰਦੀ
ਆਪਣੇ ਹੀ ਮਸਤਕ ਨੂੰ
ਨਮਸਕਾਰ ਕਰ
ਸੁਣ ਰਹੀ
ਮੈਂ ਧੁਨੀ ਤੇਰੀ…।
3.
ਆਪਣੇ ਘਰ ਦਾ
ਹਰ ਖੱਲ-ਖੂੰਜਾ ਭੇਟਾਂ ਕਰ
ਰੱਖ ਲਈ
ਮੈਂ ਇਕ ਨੁੱਕਰ ਤੇਰੀ ਅਰਾਧਨਾ ਲਈ
ਚੜ੍ਹਦੇ ਵੱਲ।
ਸੂਰਜ ਦੇ ਮੁੜ ਕੇ-
ਰੋਸ਼ਨੀ ਭਰ ਆਉਣ ‘ਤੇ
ਇਸੇ ਨੁੱਕਰ ਦਾ ਅਰਘ ਕਰ
ਰੰਗਾਂ ਨਾਲ ਭਰੀਆਂ ਕਿਰਣਾਂ
ਆਪਣੇ ਅੰਦਰ ਕਰ
ਤੁਰ ਪੈਂਦੀ ਤੇਰੀ ਵੱਡੀ ਛਤਰੀ ਹੇਠ-
ਦਿਨ ਭਰ ਦੀ ਯਾਤਰਾ ‘ਤੇ-
ਆਪਣੇ ਘਰ ਦਾ ਹਰ ਖੱਲ-ਖੂੰਜਾ ਭੇਟਾਂ ਕਰ
ਰੱਖ ਲਈ ਮੈਂ
ਇਕ ਨੁੱਕਰ ਤੇਰੀ ਅਰਾਧਨਾ ਲਈ
ਚੜ੍ਹਦੇ ਵੱਲ।