ਕਲਿੰਗਾ
ਯਾਰ ਅਸ਼ੋਕ
ਐਹ ਤਾਂ ਕੋਈ ਗੱਲ ਨਾ ਹੋਈ
ਕਿ ਕਲਿੰਗਾ ਦੇ ਕੋਹਰਾਮ ਨੂੰ ਦੇਖ
ਬੁਧਅੱਮ ਸ਼ਰਣੱਮ ਗੱਛਾਮੀ ਗੁਣਗੁਣਾਕੇ
ਨਿਰਵਾਣ ਦੀ ਭਟਕਣਾ ’ਚ
ਕਿਸੇ ਬੋਧ ਮੱਠ ਨੂੰ
ਕਿਸੇ ਭਗੌੜੇ ਦੀ ਠਾਹਰ ਵਾਂਗ ਵਰਤ ਲੈਣਾ
ਤਾਂ ਕੋਈ ਸੂਰਮਗਤੀ ਨਹੀਂ ਹੁੰਦੀ
ਸੂਰਮਗਤੀ ਤਾਂ ਹੁੰਦੀ ਹੈ
ਤਲਵਾਰ ਦੀ ਧਾਰ ਨੂੰ ਸਾਣ ’ਤੇ ਲਾਉਣਾ
ਤੇ ਨੇਜੇ ਦੀ ਨੋਕ ਨੂੰ
ਜ਼ਰਾ ਬਖਤਰ ਦੇ ਆਰ ਪਾਰ ਕਰਨਾ
ਯਾਰ ਅਸ਼ੋਕ
ਕਿਥੇ ਨਹੀਂ ਹੈ ਕਲਿੰਗਾ
ਬਲਖ ਬੁਖਾਰੇ ਦੀਆਂ ਗਲੀਆਂ ’ਚ
ਕਾਬਲੀ ਵਾਲੇ ਦੀ ਹਿੰਗ ਸਲਾਜੀਤ
ਤੇ ਮੇਵਿਆਂ ਦੀ ਸੌਦਾਗਰੀ ’ਤੇ ਛਾਪਾ ਮਾਰਨਾ ਵੀ ਕਲਿੰਗਾ ਹੈ
ਯਾਰ ਅਸ਼ੋਕ
ਨੰਗ ਧੜੰਗੇ ਬੱਚਿਆਂ ਦਾ
ਹੋਟਲ ਦੇ ਪਿਛਵਾੜੇ ਪਏ ਢੋਲ ’ਚੋਂ
ਟੁੱਭੀ ਮਾਰ ਕੇ
ਰੋਟੀ ਦਾ ਟੁਕੜਾ ਲੱਭਣਾ ਵੀ ਕਲਿੰਗਾ ਹੈ
ਬਸਰੇ ਦੀਆਂ ਹੂਰਾਂ ਦੇ ਨੌ ਲੱਖੇ ਹਾਰ ਨੂੰ
ਬਾਰੂਦ ਨਾਲ ਲੂਹ ਦੇਣਾ ਵੀ ਕਲਿੰਗਾ ਹੈ
ਤੇ ਅਸਾਡੀਆਂ ਕਾੜ੍ਹਨੀਆਂ ਨੂੰ
ਬਾਹਰ ਬਿੱਲਿਆਂ ਦਾ ਝਾਤ ਲਾਉਣਾ ਵੀ ਕਲਿੰਗਾ ਹੈ
ਤੇ ਆਪਣੇ ਹੀ ਦੇਸ਼ ’ਚ ਪਰਾਏ ਹੋਏ
ਤਿਖੜ ਦੁਪਹਿਰੇ ਬੱਸ ਦੀ ਛੱਤ ‘ਤੇ ਰੜ੍ਹਦੇ
ਬਿਹਾਰੀ ਭਈਆਂ ਦਾ ਤਿਰਸਕਾਰ ਵੀ ਕਲਿੰਗਾ ਹੈ
ਚੰਗਾ ਅਸ਼ੋਕ
ਬੈਠਾ ਰਹਿ ਤੂੰ ਅਪਣੇ ਨਿਰਵਾਣ ਦੀ ਸੁਰੰਗ ਅੰਦਰ
ਅਸੀਂ ਤਾਂ ਵੱਢੇ ਟੁੱਕੇ ਸਿਪਾਹੀ
ਅਖਰੀ ਦਮ ਤੱਕ ਆਪਣੀ ਕਲਿੰਗਾ ’ਚ ਜੂਝਾਂਗੇ
ਅਪਣੇ ਜ਼ਖਮਾਂ ਚੋਂ ਵਹਿੰਦੇ ਲਹੂ ਦਾ ਰੋਹ ਜਗਾਵਾਂਗੇ
ਤੇ ਅੱਜ ਨਹੀਂ ਤਾਂ ਕੱਲ੍ਹ
ਗੋਲ ਗੁੰਬਦ ਨੂੰ ਜਾਂਦੀਆਂ ਸਾਰੀਆਂ ਸੜਕਾਂ ’ਤੇ
ਅਪਣੀ ਜਿੱਤ ਦੇ ਪਰਚਮ ਲਹਿਰਾਵਾਂਗੇ
ਫਲਾਈ ਓਵਰ ਹੇਠਲਾ ਭਾਰਤ
ਮੈਂ ਫਲਾਈ ਓਵਰ ਹੇਠਲਾ ਭਾਰਤ
ਮੈਰਿਜ ਪੈਲਿਸ ਦੇ ਗੇਟ ’ਤੇ
ਰਬੜ ਦੇ ਬਾਵਿਆਂ ਵਰਗੇ ਬੱਚਿਆਂ ਨੂੰ
ਰਬੜ ਦੇ ਗੁਬਾਰੇ ਵੇਚਦਾ ਹਾਂ
ਗਹਿਣੇ ਗੱਟੇ ਨਾਲ ਸਜੀਆਂ ਸੰਵਰੀਆਂ
ਪਰੀਆਂ ਵਰਗੀਆਂ ਮਾਵਾਂ
ਜਦ ਅਪਣੇ ਬੱਚਿਆਂ ਨੂੰ ਝੂਲੇ ਝੁਲਾਉਂਦੀਆਂ ਦੇਖਦਾ ਹਾਂ
ਤਾਂ ਮੇਰੇ ਸੁਪਨਿਆਂ ਦਾ ਉਡਣ ਖਟੋਲਾ
ਬੜਾ ਹੀ ਉਡੂੰ ਉਡੂੰ ਕਰਦਾ ਹੈ
ਝੂਲਾ ਝੂਲਣ ਨੂੰ ਲਲਚਾਉਂਦਾ ਹੈ
ਪਰ ਗੇਟ ’ਤੇ ਖੜ੍ਹਾ ਦਰਬਾਨ
ਪਰੇ ਹਟ ਦਾ ਚਾਬਕ ਮਾਰਦਾ ਹੈ
ਤਾਂ ਇਹ ਚੀਕਣੀ ਮਿੱਟੀ ਦਾ ਪੁਰਜਾ
ਠੀਕਰ ਠੀਕਰ ਹੋ ਜਾਂਦਾ ਹੈ
ਰਿਬਨਾਂ ਵਾਲੀਆਂ ਤੇ ਫੁੱਲਾਂ ਨਾਲ ਗਂੁੰਦੀਆਂ ਕਾਰਾਂ
ਪਿਤਲੀਏ ਵਾਜੇ ਦੀ ਤਾਨ ’ਤੇ
ਇਕ ਸ਼ਹਿਜ਼ਾਦੀ ਵਿਆਹ ਕੇ
ਜਦ ਫਲਾਈ ਓਵਰ ਉਤੋਂ ਦੀ
ਸ਼ੂਕਦੀਆਂ ਗੁਜ਼ਰਦੀਆਂ ਨੇ
ਤਾਂ ਇਹ ਮੈਲਾ ਕੁਚੈਲਾ ਈਸਾ
ਫੇਰ ਫਲਾਈ ਓਵਰ ਹੇਠ
ਮੈਲੀ ਕੁਚੈਲੀ ਮਰੀਅਮ ਦੀ
ਖੁਰਲੀ ਜਿਨੀ ਖੁੱਲੀ ਗੋਦ ’ਚ
ਉਨੀਂਦਰੇ ਦਾ ਓਢਣ ਓਢ ਕੇ
ਸੌਂ ਜਾਂਦਾ ਹੈ
ਤੇ ਸੁਪਨੇ ’ਚ
ਰੰਗ ਬਰੰਗੇ ਗੁਬਾਰਿਆਂ ਨਾਲ
ਹਵਾ ’ਚ ਉਡਣ ਲੱਗਦਾ ਹੈ